AmarjeetKaunke7ਮੇਰੇ ਮਨ ਵਿੱਚ ... ਜੁਗਾਂ ਜੁਗਾਂ ਤੋਂ ਦੱਬੀ ਹੋਈ ... ਜਾਗੀ ਹਸਰਤ ...
(10 ਜੂਨ 2021)

 

ਡਾ. ਅਮਰਜੀਤ ਕੌਂਕੇ ਦਾ ਜਨਮ 1964 ਵਿਚ ਲੁਧਿਆਣਾ ਵਿਖੇ ਹੋਇਆ। ਪੰਜਾਬੀ ਸਾਹਿਤ ਵਿਚ ਐੱਮ.ਏ., ਪੀਐੱਚ.ਡੀ. ਦੀ ਡਿਗਰੀ ਹਾਸਲ ਕਰਨ ਉਪਰੰਤ ਲੈਕਚਰਾਰ ਵਜੋਂ ਅਧਿਆਪਨ। ਪੰਜਾਬੀ ਵਿਚ ਛੇ ਕਾਵਿ-ਸੰਗ੍ਰਿਹ, ਨਿਰਵਾਣ ਦੀ ਤਲਾਸ਼ ’ਚ, ਦਵੰਦ ਕਥਾ, ਯਕੀਨ, ਸ਼ਬਦ ਰਹਿਣਗੇ ਕੋਲ, ਸਿਮਰਤੀਆਂ ਦੀ ਲਾਲਟੈਨ ਅਤੇ ਪਿਆਸ ਪ੍ਰਕਾਸ਼ਿਤ। ਹਿੰਦੀ ਵਿਚ ਮੁੱਠੀ ਭਰ ਰੌਸ਼ਨੀ, ਅੰਧੇਰੇ ਮੇਂ ਆਵਾਜ਼, ਅੰਤਹੀਣ ਦੌੜ, ਬਨ ਰਹੀ ਹੈ ਨਈ ਦੁਨੀਆ, ਚਾਰ ਕਾਵਿ-ਸੰਗ੍ਰਿਹ ਪ੍ਰਕਾਸ਼ਤ। ਡਾ. ਕੇਦਾਰਨਾਥ ਸਿੰਘ, ਨਰੇਸ਼ ਮਹਿਤਾ, ਕੁੰਵਰ ਨਾਰਾਇਣ, ਅਰੁਣ ਕਮਲ, ਰਾਜੇਸ਼ ਜੋਸ਼ੀ, ਵਿਪਨ ਚੰਦਰਾ, ਹਿਮਾਂਸ਼ੂ ਜੋਸ਼ੀ, ਪਵਨ ਕਰਨ, ਊਸ਼ਾ ਯਾਦਵ, ਬਲਭੱਦਰ ਠਾਕੁਰ, ਮਣੀ ਮੋਹਨ,ਆਤਮਾ ਰੰਜਨ, ਡਾ. ਹੰਸਾ ਦੀਪ ਜਿਹੇ ਦਿੱਗਜ ਲੇਖਕਾਂ ਸਮੇਤ ਹਿੰਦੀ ਤੋਂ ਪੰਜਾਬੀ ਅਤੇ ਪੰਜਾਬੀ ਤੋਂ ਹਿੰਦੀ ਵਿਚ 40 ਦੇ ਕਰੀਬ ਪੁਸਤਕਾਂ ਦਾ ਅਨੁਵਾਦ। ਬਾਲ ਸਾਹਿਤ ਦੀਆਂ ਪੰਜ ਪੁਸਤਕਾਂ ਵੀ ਪ੍ਰਕਾਸ਼ਿਤ। ਵੱਖੋ ਵੱਖ ਯੂਨੀਵਰਸਿਟੀਆਂ ਵਿਚ ਅਮਰਜੀਤ ਕੌਂਕੇ ਦੀ ਕਵਿਤਾ ਤੇ ਐੱਮ.ਫਿਲ. ਅਤੇ ਪੀਐੱਚ.ਡੀ. ਲਈ 12 ਤੋਂ ਵੱਧ ਸ਼ੋਧ ਕਾਰਜ। ਸਾਹਿਤ ਅਕਾਦਮੀ, ਦਿੱਲੀ ਵੱਲੋਂ ਸਾਹਿਤ ਅਕਾਦਮੀ ਅਨੁਵਾਦ ਪੁਰਸਕਾਰ, ਭਾਸ਼ਾ ਵਿਭਾਗ ਪੰਜਾਬ, ਗੁਰੂ ਨਾਨਕ ਯੂਨੀਵਰਸਿਟੀ ਅੰਮ੍ਰਿਤਸਰ, ਇਆਪਾ ਕੈਨੇਡਾ ਅਤੇ ਹੋਰ ਅਨੇਕ ਸੰਸਥਾਵਾਂ ਵੱਲੋਂ ਸਨਮਾਨਿਤ। ਸਾਹਿਤਕ ਮੈਗਜ਼ੀਨ ‘ਪ੍ਰਤਿਮਾਨ’ ਦਾ 2003 ਤੋਂ ਨਿਰੰਤਰ ਪ੍ਰਕਾਸ਼ਨ

**

1. ਕਵਿਤਾ ਦੀ ਰੁੱਤ

ਜਦੋਂ ਵੀ
ਕਵਿਤਾ ਦੀ ਰੁੱਤ ਆਈ
ਤੇਰੀਆਂ ਯਾਦਾਂ ਦੇ ਕਿੰਨੇ ਮੌਸਮ
ਆਪਣੇ ਨਾਲ ਲਿਆਈ

ਮੈਂ ਕਵਿਤਾ ਨਹੀਂ
ਜਿਵੇਂ ਤੈਨੂੰ ਹੀ ਲਿਖਦਾ ਹਾਂ
ਮੇਰੇ ਪੋਟਿਆਂ
ਮੇਰੇ ਨੈਣਾਂ
ਮੇਰੇ ਲਹੂ ਵਿੱਚ
ਤੇਰਾ ਅਜਬ ਜਿਹਾ ਸਰੂਰ ਤੁਰਦਾ ਹੈ
ਅਜੀਬ ਜਿਹਾ ਖ਼ਿਆਲ
ਹੈਰਾਨ ਕਰਨ ਵਾਲਾ
ਪਤਾ ਨਹੀਂ ਕਿੱਥੋਂ ਫੁਰਦਾ ਹੈ

ਤੂੰ ਅਛੋਪਲੇ ਜਿਹੇ
ਮੇਰੇ ਕੋਲ ਆ ਬਹਿੰਦੀ
ਤੇਰੀ ਨਜ਼ਰ
ਮੇਰੀ ਕਵਿਤਾ ਦਾ
ਇਕੱਲਾ-ਇਕੱਲਾ ਸ਼ਬਦ
ਕਿਸੇ ਪਾਰਖੂ ਵਾਂਗ
ਟੁਣਕਾ ਕੇ ਵੇਖਦੀ

ਮੇਰੇ ਨੈਣਾਂ ’ਚ
ਤੇਰਾ ਮੁਸਕਰਾਉਂਦਾ ਚਿਹਰਾ ਆਉਂਦਾ
ਮੇਰੇ ਦੁਆਲੇ ਸ਼ਬਦਾਂ ਦਾ
ਮੀਂਹ ਵਰ੍ਹਦਾ
ਤੇ ਮੈਂ ਕਿਸੇ ਬੱਚੇ ਵਾਂਗ
ਸ਼ਬਦਾਂ ਨੂੰ ਚੁੱਕ ਚੁੱਕ
ਕਤਾਰਾਂ ’ਚ ਸਜਾਉਂਦਾ

ਕਿਤੇ ਵੀ ਹੋਵੇਂ ਭਾਵੇਂ
ਕਿੰਨੀ ਵੀ ਦੂਰ
ਅਸੀਮ ਅਨੰਤ ਦੂਰੀ ’ਤੇ
ਪਰ ਕਵਿਤਾ ਦੀ ਰੁੱਤ ਵਿੱਚ
ਤੂੰ ਸਦਾ
ਮੇਰੇ ਕੋਲ ਕੋਲ ਹੁੰਦੀ ...।

        ***

2.  ਕੋਹਾਂ ਤੀਕ ਹਨ੍ਹੇਰਾ

ਮੈਂ ਜਿਸ ਰੌਸ਼ਨੀ ’ਚ ਬੈਠਾ ਹਾਂ
ਮੈਨੂੰ ਇਹ ਰੌਸ਼ਨੀ
ਮੇਰੀ ਨਹੀਂ ਲੱਗਦੀ

ਇਸ ਮਸਨੂਈ ਜਿਹੇ ਚਾਨਣ ਦੀ
ਕੋਈ ਵੀ ਕਿਰਨ
ਪਤਾ ਨਹੀਂ ਕਿਉਂ
ਮੇਰੀ ਰੂਹ ’ਚ
ਨਹੀਂ ਜਗਦੀ

ਜਗਮਗ ਕਰਦਾ
ਅੱਖਾਂ ਚੰਧਿਆਉਂਦਾ
ਇਹ ਜੋ ਚਾਨਣ ਚੁਫ਼ੇਰਾ ਹੈ
ਅੰਦਰ ਝਾਕ ਕੇ ਵੇਖਾਂ
ਤਾਂ ਕੋਹਾਂ ਤੀਕ ’ਨ੍ਹੇਰਾ ਹੈ

ਕਦੇ ਜਦ ਸੋਚਦਾ ਹਾਂ ਬੈਠ ਕੇ
ਤਾਂ ਮਹਿਸੂਸ ਇਉਂ ਹੁੰਦਾ
ਕਿ ਅਸਲ ਵਿਚ
ਧੁਰ ਅੰਦਰ ਤੱਕ ਪਸਰਿਆ
ਹਨ੍ਹੇਰਾ ਹੀ ਮੇਰਾ ਹੈ

ਮੇਰੇ ਅੰਦਰ
ਹਨ੍ਹੇਰੇ ਵਿੱਚ
ਮੈਨੂੰ ਸੁਣਦਾ
ਅਕਸਰ ਹੁੰਦਾ ਵਿਰਲਾਪ ਜਿਹਾ
ਮੇਰੇ ਸੁਪਨਿਆਂ ਨੂੰ ਲਿਪਟਿਆ
ਜਿਹੜਾ ਸੰਤਾਪ ਜਿਹਾ
ਇਹ ਚਾਨਣ ਨੂੰ ਬਣਾ ਦਿੰਦਾ
ਮੇਰੇ ਲਈ ਇੱਕ ਪਾਪ ਜਿਹਾ

ਇਹ ਜਗਮਗਾਉਂਦੀ ਰੌਸ਼ਨੀ
ਇਹ ਜੋ ਚਾਨਣ ਚੁਫੇਰਾ ਹੈ
ਅੰਦਰ ਝਾਕ ਕੇ ਦੇਖਾਂ
ਤਾਂ ਕੋਹਾਂ ਤੀਕ ’ਨ੍ਹੇਰਾ ਹੈ ...।

        ***

3.   ਉਦਾਸੀ

ਛੂਹ ਕੇ ਨਹੀਂ ਵੇਖਿਆ
ਉਸ ਨੂੰ ਕਦੇ
ਪਰ ਸਦਾ ਰਹਿੰਦੀ ਉਹ
ਮੇਰੇ ਨੇੜੇ-ਤੇੜੇ
ਉਸਦਾ ਪਰਛਾਵਾਂ

ਸਦਾ ਦਿਸਦਾ ਰਹਿੰਦਾ ਮੈਨੂੰ
ਆਸ ਪਾਸ

ਜਦੋਂ ਵੀ
ਮੈਂ ਆਪਣੇ ਦੁਆਲੇ ਕੱਸਿਆ
ਜ਼ਰਾਬਕਤਰ ਜ਼ਰਾ ਕੁ
ਢਿੱਲਾ ਕਰਦਾ
ਆਪਣਾ ਪੱਥਰ ਦਾ ਸਰੀਰ
ਥੋੜ੍ਹਾ ਜਿਹਾ ਗਿੱਲਾ ਕਰਦਾ
ਉਹ ਅਛੋਪਲੇ ਜਿਹੇ
ਮੇਰੇ ਜਿਸਮ ਵਿੱਚ ਵੜ ਵਹਿੰਦੀ
ਮੈਨੂੰ ਕਹਿੰਦੀ-
ਕਿਉਂ ਰਹਿੰਦਾ ਹੈ ਦੂਰ ਮੈਥੋਂ
ਕਿਉਂ ਭੱਜਦਾ ਹੈਂ ਡਰ ਕੇ
ਮੈਂ ਤਾਂ ਅਜ਼ਲਾਂ ਤੋਂ ਤੇਰੇ ਨਾਲ
ਮੈਂ ਸਦਾ ਤੇਰੇ ਅੰਗ ਸੰਗ ਰਹਿਣਾ

ਉਹ ਮੇਰੇ ਜਿਸਮ ਵਿੱਚ ਫੈਲਦੀ
ਤੁਰਨ ਲੱਗਦੀ ਮੇਰੇ ਅੰਦਰ
ਮੇਰੇ ਅੰਦਰੋਂ
ਸੁੱਤੀਆਂ ਸੁਰਾਂ ਨੂੰ ਜਗਾਉਂਦੀ
ਅਤੀਤ ਦੀ ਹਨ੍ਹੇਰੀ ਉਠਾਉਂਦੀ
ਮੈਨੂੰ ਅਜਬ-ਸੰਸਾਰ ’ਚ
ਲੈ ਜਾਂਦੀ
ਜਿੱਥੋਂ ਕਿੰਨੇ-ਕਿੰਨੇ ਦਿਨ
ਮੁੜ ਪਰਤਣ ਲਈ
ਕੋਈ ਰਾਹ ਨਾ ਲੱਭਦਾ

ਮੈਂ ਫਿਰ ਪਰਤਦਾ ਆਖ਼ਿਰ
ਵਰਤਮਾਨ ਦੇ
ਭੂਲ-ਭੁਲੱਈਏ ’ਚ ਗੁਆਚਦਾ
ਪਰ ਉਸ ਦਾ ਪਰਛਾਵਾਂ
ਸਦਾ ਦਿਸਦਾ ਰਹਿੰਦਾ ਮੈਨੂੰ
ਕੋਲ-ਕੋਲ

ਸਦਾ ਰਹਿੰਦੀ ਉਹ
ਮੇਰੇ ਆਸ-ਪਾਸ ...।

     ***

4.  ਬਚਪਨ-ਉਮਰਾ

ਸਕੂਲ ਦੀ ਇੱਕ ਨੁੱਕਰ ਦੇ ਵਿੱਚ
ਕੁਰਸੀ ਡਾਹੀ
ਅੱਧੀ ਛੁੱਟੀ
ਨਿੱਕੇ ਨਿੱਕੇ ਬੱਚੇ ਭੱਜਦੇ
ਤੱਕ ਰਿਹਾ ਹਾਂ

ਨੱਚਦੇ ਟੱਪਦੇ
ਭੱਜ ਭੱਜ
ਇੱਕ ਦੂਜੇ ਨੂੰ ਫੜਦੇ
ਫਿਰ ਇੱਕ ਦੂਜੇ ਦੇ ਨਾਲ ਲੜਦੇ

ਰੱਬ ਜਿਹੇ ਚਿਹਰੇ ਇਹਨਾਂ ਦੇ
ਬੇਖ਼ਬਰ ਦੀਨ ਦੁਨੀਆਂ ਤੋਂ
ਆਪਣੀ ਅਜਬ ਜਿਹੀ
ਦੁਨੀਆਂ ਦੇ ਵਿਚ
ਵਿਚਰ ਰਹੇ ਨੇ

ਏਹਨਾਂ ਨੂੰ ਤੱਕ
ਅਚਨਚੇਤ ਮੈਂ
ਆਪਣੇ ਅੰਦਰ ਲੱਥ ਜਾਵਾਂ
ਨਿੱਕੀ ਉਮਰੇ
ਆਲੇ ਭੋਲੇ ਬਚਪਨ ਦਾ
ਬੂਹਾ ਖੜਕਾਵਾਂ

ਪਰ ਮੇਰਾ ਬਚਪਨ
ਜਿਵੇਂ ਕੋਈ ਕੰਡਿਆਲੀ ਝਾੜੀ
ਜਿੱਥੇ ਕਿਤੇ ਵੀ ਹੱਥ ਲਾਵਾਂ
ਕੰਡੇ ਹੀ ਕੰਡੇ
ਕੰਡਿਆਂ ਨਾਲ
ਮਾਸੂਮ ਜਿਹੇ ਪੋਟੇ ਵਿੰਨ੍ਹੇ ਜਾਂਦੇ
ਬਚਪਨ ਜਿਵੇਂ ਕੋਈ ਸ਼ੈਅ ਡਰਾਉਣੀ
ਡਰਦਾ ਡਰਦਾ ਮੁੜ ਆਵਾਂ

ਸਾਹਵੇਂ ਖੇਡਦੇ
ਨੱਚਦੇ ਟੱਪਦੇ
ਬੱਚਿਆਂ ਵੱਲ ਤੱਕਾਂ
ਪਰ ਮੈਨੂੰ ਕਿਤੇ ਵੀ
ਏਹੋ ਜਿਹਾ ਬਚਪਨ ਮੇਰਾ
ਯਾਦ ਨਾ ਆਵੇ
ਬਚਪਨ ਦੀ ਕੋਈ ਯਾਦ ਮਿਠੇਰੀ
ਮੇਰੇ ਮਨ ਦੇ ਚਿਤਰਪਟ ’ਤੇ
ਬਣ ਨਾ ਪਾਵੇ

ਮੇਰਾ ਬਚਪਨ
ਇਵੇਂ ਜਿਵੇਂ ਕੋਈ ਸ਼ੈਅ ਡਰਾਉਣੀ

ਤੇ ਲੋਕੀ ਆਖਣ
ਬਚਪਨ ਦੀ ਇਹ ਉਮਰਾ
ਮੁੜ ਕਦੇ ਨਾ ਆਉਣੀ।

        ***

5. ਬੱਸ ਦੇ ਸਫ਼ਰ ’ਚ

ਬੱਸ ਦੇ ਸਫ਼ਰ ’ਚ
ਮੇਰੇ ਤੋਂ ਅਗਲੀ ਸੀਟ ’ਤੇ
ਬੈਠੀ ਹੋਈ ਸੀ ਔਰਤ ਇੱਕ
ਨਾਲ ਪਤੀ ਓਸਦਾ
ਗੋਦ ’ਚ ਬੱਚਾ ਖੇਡਦਾ
ਛੋਟਾ ਜਿਹਾ

ਮਮਤਾ ਦੇ ਨਾਲ ਭਰੀ ਉਹ ਔਰਤ
ਉਸ ਨਿੱਕੇ ਜਿਹੇ ਬੱਚੇ ਨੂੰ
ਚੁੰਮ ਰਹੀ ਸੀ ਵਾਰ ਵਾਰ
ਮਾਸੂਮ ਉਸਦੇ ਚਿਹਰੇ ਨਾਲ
ਛੁਹਾ ਰਹੀ ਠੋਡੀ ਸੀ ਆਪਣੀ
ਉਸ ਦੇ ਅੰਦਰੋਂ ਡੁੱਲ੍ਹ ਰਹੀ ਸੀ
ਭਰ ਭਰ ਮਮਤਾ
ਡੁੱਲ੍ਹ ਰਿਹਾ ਸੀ ਉਸ ਦੇ ਅੰਦਰੋਂ
ਮਮਤਾ ਦਾ ਪਿਆਰ

ਮੇਰੇ ਮਨ ਵਿੱਚ
ਜੁਗਾਂ ਜੁਗਾਂ ਤੋਂ ਦੱਬੀ ਹੋਈ
ਜਾਗੀ ਹਸਰਤ
ਮੇਰੇ ਮਨ ਵਿੱਚ ਸਦੀਆਂ ਤੋਂ ਸੁੱਤਾ
ਆਇਆ ਖ਼ਿਆਲ

ਕਾਸ਼ ਕਿ ਇਸ ਔਰਤ ਦੀ
ਗੋਦ ’ਚ ਲੇਟਿਆ
ਨਿੱਕਾ ਜਿਹਾ ਬੱਚਾ ਮੈਂ ਹੁੰਦਾ
ਕਾਸ਼ ਕਿ ਇਹ ਔਰਤ
ਮੇਰੀ ਮਾਂ ਹੁੰਦੀ।

   *****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2835)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਡਾ. ਅਮਰਜੀਤ ਕੌਂਕੇ

ਡਾ. ਅਮਰਜੀਤ ਕੌਂਕੇ

Phone: (91 - 98142 - 31698)
Email: (pratimaan@yahoo.co.in)