GurmaiBiroke7ਮੇਰੀਆਂ ਹੱਡੀਆਂ ਦੀ ਰਾਖ,   ਪਾ ਦੇਣੀ ਖੇਤਾਂ ਵਿੱਚ,   ਮੈਂ ਬਣਨਾ ਹੈ ਕਣਕ,  ਭੁੱਖੇ ਢਿੱਡਾਂ ਲਈ ...
(ਅਪਰੈਲ 7, 2016)


       1

ਟਿੱਲੇ ਦਾ ਯੋਗੀ

ਜੰਗ ਲੱਗੇ ਜਦ ਵੀ
ਕਿਤੇ ਦੁਨੀਆਂ ਵਿੱਚ
ਸਭ ਤੋਂ ਪਹਿਲਾਂ
ਔਰਤ ਦਰਦ ਹੰਢਾਉਂਦੀ
ਲੁੱਟੀਂਦੀ, ਵਿਕਦੀ
ਉਧਾਲ਼ੀ ਜਾਂਦੀ
ਕਿਉਂ?
ਮੈਂ ਟਿੱਲਿਉਂ ਯੋਗੀ ਬੋਲਦਾ

ਰਾਂਝਿਆ ਤੇਰੇ ਕੰਨੀਂ ਮੁੰਦਰਾਂ
ਮੈਂ ਨਹੀਂ ਪਾਉਣੀਆਂ
ਹੀਰ ਲੱਭਣ ਵਾਸਤੇ
ਅੱਜ ਚੂਚਕ ਦੀਆਂ ਧੀਆਂ
ਲੁੱਟੀਦੀਆਂ ਨਿੱਤ ਇੱਥੇ
ਜੇ ਕੰਨ ਪੜਵਾਉਣੇ ਤੈਂ
ਤਾਂ ਸੱਚ ਦੀ ਭਾਲ਼ ਕਰੀਂ,
ਮੈਂ ਟਿੱਲਿਉਂ ਯੋਗੀ ਬੋਲਦਾ

ਪਹਿਲਾਂ ਸੀ ਡਾਕੂ ਜੰਗਲੀਂ ਰਹਿੰਦੇ
ਹੁਣ ਦੇਸ਼ ਦੀ ਰਾਜਧਾਨੀ ਬਹਿੰਦੇ
ਪਹਿਲਾਂ ਡਾਕੂ ਨੂੰ ਡਾਕੂ ਕਹਿੰਦੇ
ਅੱਜ ਡਾਕੂ ਨੂੰ ਨੇਤਾ ਕਹਿੰਦੇ
ਇਹ ਕਿੱਡੀ ਵੱਡੀ ਗੋਲ਼-ਗੰਢ,
ਮੈਂ ਟਿੱਲਿਉਂ ਯੋਗੀ ਬੋਲਦਾ

ਅਮੀਰ ਸਰਕਾਰਾਂ ਦੇ
ਸਰਕਾਰਾਂ ਅਮੀਰਾਂ ਦੀਆਂ
ਦੋਨੋਂ ਹੱਥੀਂ ਲੁੱਟਣ ਪੌਂ-ਵਾਰਾਂ ਨੇ
ਮਣਾਂ ਮੂੰਹੀਂ ਪੈਸੇ ਸਿਆਸਤ ਵਿੱਚੋਂ ਕਿਰਦੇ
ਦੇਸ਼ ਮਹਾਨ
ਤਾਹੀਂ ਸਾਰੇ ਲੀਡਰ ਬਣਨ ਨੂੰ ਫਿਰਦੇ
ਇਹ ਵੀ ਵੱਡੀ ਗੋਲ਼-ਗੰਢ,
ਮੈਂ ਟਿੱਲਿਉਂ ਯੋਗੀ ਬੋਲਦਾ

ਕਦੇ ਸੋਚ ਉਏ ਬੰਦੇ
ਮਨੁੱਖ ਨੂੰ ਮਨੁੱਖ ਕਿਉਂ ਖਾਵੇ
ਆਸਤਿਕ ਬਣ ਭਾਵੇਂ ਨਾਸਤਿਕ
ਨਾ ਬਣ ਦਰਿੰਦਾ ਨਾ ਰਾਖਸ਼
ਤੇਰੇ ਕੋਲ ਜੇ ਤਾਕਤ ਆ ਗਈ
ਡਾਕੂ ਗੁੰਡਾ ਨਾ ਬਣ
ਮਾੜੇ ਪਾਸੇ ਜਾਂਦੀ ਢਲ਼ਕ ਬੋਚ ਉਏ ਬੰਦੇ
ਨਹੀਂ ਤਾਂ ਮਜ਼ਲੂਮ ਲੋਕ ’ਕੱਠੇ ਹੋ
ਲਾਵਣਗੇ ਚੋਟਾਂ ਨਗਾਰੇ ’ਤੇ
ਮੈਂ ਟਿੱਲਿਉਂ ਯੋਗੀ ਬੋਲਦਾ

ਓੁਏ ਲੋਕੋ ! ਮੈਂ ਟਿੱਲਿਉਂ ਯੋਗੀ ਬੋਲਦਾ

              **

       2.

  ਵਿਧ ਮਾਤਾ

ਕੱਚਿਆਂ ਘਰਾਂ ਵਾਲ਼ੇ
ਸਾਡੇ ਲੋਕਾਂ ਦੇ ਲੇਖ
ਮਾੜੇ ਹੀ ਕਿਉਂ ਲਿਖਦੀ
ਵਿਧ ਮਾਤਾ?

ਸ਼ਾਹੀ ਮਹਿਲਾਂ ਵਾਲ਼ਿਆਂ ਨੇ
ਖਰੀਦ ਲਈ
ਸਟਾਕ-ਐਕਸਚੇਂਜਦੇ ਸ਼ੇਅਰਾਂ ਵਾਂਗੂੰ
ਜਾਪਦਾ ਏ
ਵਿਧ ਮਾਤਾ

ਮੁੜ੍ਹਕਾ ਡੁੱਲ੍ਹੇ ਜਦ ਸਾਡੇ ਲੋਕਾਂ ਦਾ
ਉਏ, ਸ਼ਾਹੀ ਮਹਿਲਾਂ ਵਾਲ਼ੀਓ
ਥੋਡੇ ਡਾਇਨਿੰਗ ਟੇਬਲਉੱਤੇ
ਫਲ਼ ਤੇ ਸਬਜ਼ੀਆਂ ਸਜਦੇ

ਸ਼ਾਇਨਿੰਗ ਇੰਡੀਆ
ਥੋਨੂੰ ਮੁਬਾਰਕ
ਸ਼ਾਹੀ ਮਹਿਲਾਂ ਵਾਲਿ਼ਓ
ਵਧਦੀ ਜੀ ਡੀ ਪੀ
ਥੋਨੂੰ ਮੁਬਾਰਕ

ਉਹਨਾਂ ਨੂੰ ਕੀ ਵਧਦੀ ਜੀ ਡੀ ਪੀ ਦਾ
ਜਿੱਥੇ ਸਰਦਾਰਾਂ ਦਾ ਚੁਬਾਰਾ
ਕੱਚੀ ਕੰਧ ਉੱਤੇ ਡਿਗਿਆ
ਥੱਲੇ ਆਕੇ
ਵਿਹੜੇ ਵਾਲ਼ਾ ਬਚਨਾ ਮਰ ਗਿਆ

ਵੱਡੀ ਕੰਪਨੀ ਦੀ ਮਾੜੀ ਸਪਰੇ ਨੇ
ਫਸਲ ਮਾਰ ’ਤੀ ਭਾਨੇ ਦੀ
ਕਰਜ਼ਾ ਸਿਰ ਮਣਾਂ-ਮੂੰਹੀਂ ਚੜ੍ਹ ਗਿਆ
ਉਹੀ ਮਾੜੀ ਸਪਰੇ ਪੀ ਕੇ
ਉਹ ‘ਆਤਮ-ਹੱਤਿਆ’ ਕਰ ਗਿਆ

‘ਸਟਾਕ-ਐਕਸਚੇਂਜ’ਦੇ ਉਤਰਾ-ਚੜ੍ਹਾ ਦਾ
ਪਤਾ ਨਹੀਂ ਸਾਡੇ ਲੋਕਾਂ ਨੂੰ
ਪਰ ਸਾਡੇ ਲੋਕਾਂ ਨੂੰ
ਤੁਸੀਂ ‘ਸਟਾਕ-ਐਕਸਚੇਂਜ’ ਦੇ ਹਿਸਾਬ ਨਾਲ਼
ਲੁੱਟਦੇ ਹੋ
ਸਾਡੇ ਲੋਕ ਵੀ ਨਿਕਲਣਗੇ ਘਰਾਂ ’ਚੋਂ
ਜਰੂਰ
ਵਿਧ ਮਾਤਾ ਦੀ ਕਲਮ ’ਤੇ ਕਬਜ਼ਾ ਕਰਨ ਵਾਸਤੇ

                       **

        3.

      ਸੁਰਗ

ਮਸੀਹੇ ਆਏ ਬਹੁਤ ਇੱਥੇ
ਕਰਨ ਗੱਲਾਂ ਸੁਰਗ ਦੀਆਂ

ਬਣਾਉਂਦੇ ਰਹੇ ਅਕਾਸ਼ ਵਿੱਚ
ਸੁਰਗ ਉਹ
ਧਰਤੀ ਨੂੰ ਬਣਾਕੇ ਤੁਰਗੇ
ਨਰਕ ਉਹ

ਕਾਰਪੋਰੇਟਵਾਦ ਵਿੱਚੋਂ ਨਿਕਲੇ
ਕਿਸਮਤਵਾਦ,
ਜਨਮ ਲਵੇ
ਨਿਰਾਸ਼ਾਵਾਦ

ਨਵੇਂ ਯੁੱਗ
ਧਰਤ ਨੂੰ ਬਣਾਉਣਾ
ਸੁਰਗ ਕਿਰਤੀ ਲੋਕਾਂ
ਹੋਕੇ ਆਸ਼ਾਵਾਦੀ

ਫੁੱਲ ਖਿੜਨੇ
ਖੁਸ਼ੀਆਂ ਦੇ
ਚਾਵਾਂ ਦੇ

ਫਿਰ ਕਹੇਗਾ ਹਰ ਮਨੁੱਖ ਧਰਤ ਦਾ,
- ਮੇਰੀਆਂ ਹੱਡੀਆਂ ਦੀ ਰਾਖ
ਪਾ ਦੇਣੀ ਖੇਤਾਂ ਵਿੱਚ
ਮੈਂ ਬਣਨਾ ਹੈ ਕਣਕ
ਭੁੱਖੇ ਢਿੱਡਾਂ ਲਈ
ਮੇਰੇ ‘ਫੁੱਲਾਂ’ ਨਾਲ
ਦਰਿਆ ਨਾ ਦੂਸ਼ਿਤ ਕਰਿਓ

           **

      4.

ਬਾਪੂ ਦਾ ਫੋਨ

ਘੰਟੀ ਖੜ੍ਹਕੀ
ਪਿੰਡੋਂ ਫੋਨ ਆਇਆ

ਬਾਪੂ ਲੱਗਿਆ ਦੱਸਣ-
ਬਿਜਲੀ ਆਉਂਦੀ ਨ੍ਹੀਂ
ਮੀਂਹ ਪੈਂਦਾ ਨ੍ਹੀਂ
ਰੋਹੀ ਆਲਾ ਬੋਰ ਬਹਿ ਗਿਆ
ਫਸਲ ਸੁੱਕਗੀ ...
ਰੱਬ ਦੀ ਮਰਜ਼ੀ ਐ,

ਸਰਪੰਚੀ ਪਿੱਛੇ
ਲੜਾਈ ਹੋਗੀ
ਕਤਲ ਹੋ ਗਿਆ ...
ਰੱਬ ਦੀ ਮਰਜ਼ੀ ਐ,

ਤੇਰਾ ਤਾਇਆ
ਹਲ਼ਕੇ ਕੁੱਤੇ ਨੇ ਵੱਢ ਲਿਆ
ਚਾਚੀ ਤੇਰੀ ਦੇ
ਭੀਸਰੀ ਗਾਂ ਨੇ ਸਿੰਗ ਮਾਰਿਆ
ਕਈ ਮੁੰਡੇ ਨਸ਼ਾ ਖਾਕੇ ਮਰਗੇ
ਰੇਤਾ ਬਜਰੀ ਮਿਲਦਾ ਨ੍ਹੀਂ
ਕੋਠਾ ਛੱਤਣ ਨੂੰ
ਰੱਬ ਦੀ ਮਰਜ਼ੀ ਐ ਪੁੱਤ,

ਮੈਂ ਕਿਹਾ-

ਨਹੀਂ ਬਾਪੂ
ਕਿਸੇ ਰੱਬ- ਰੁੱਬ ਦੀ ਮਰਜ਼ੀ ਨ੍ਹੀਂ
ਸਭ ਲੀਡਰਾਂ ਦਾ ਬੇੜਾ ਬਹਿ ਗਿਆ
ਪੀ. ਐੱਚ. ਡੀ. ਕਰ ਕੇ ਵੀ
ਕਨੇਡਾ ’ਚ ਟਰੱਕ ਚਲਾਉਣ ਮੇਰੇ ਵਰਗੇ
ਉਏ ਬਾਪੂ, ਲੀਡਰਾਂ ਦਾ ਬੇੜਾ ਬਹਿ ਗਿਆ
ਉਏ, ਸਭ ਲੀਡਰਾਂ ਦਾ ਬੇੜਾ ਬਹਿ ਗਿਆ

...

ਉਏ, ਦੁਸ਼ਟਾ
ਤੂੰ ਨ੍ਹੀਂ ਕਦੇ ਰੱਬ ਨੂੰ ਮੰਨਦਾ ...
ਕਹਿ ਕੇ ਬਾਪੂ ਫੋਨ ਕੱਟ ਗਿਆ

*****

(246)

ਆਪਣੇ ਵਿਚਾਰ ਲਿਖੋ: (This email address is being protected from spambots. You need JavaScript enabled to view it.)

About the Author

ਗੁਰਮੇਲ ਬੀਰੋਕੇ

ਗੁਰਮੇਲ ਬੀਰੋਕੇ

Surrey, British Columbia, Canada.
Email: (gurmailbiroke@gmail.com)