OmkarSoodBahona7ਚਾਨਣ ਦੇ ਹੁਣ ਸਿੱਟੇ ਉੱਗਣੇ, ਪੈਂਦਾ ਜਾਪੇ ਬੂਰ ...!
(26 ਨਵੰਬਰ 2020)

 

1.      ਹੱਕਾਂ ਖਾਤਰ ਟੱਕਰ ਲੈਣੀ

ਸਰਕਾਰਾਂ ਸੰਗ ਟੱਕਰ ਲੈਣੀ ਹੁਣ ਤਾਂ ਯਾਰੋ ਪੈਣੀ ਹੈ,
ਕਾਲੀ-ਬੋਲੀ ਰਾਤ ਮੁਕਾਉਣੀ ਹੁਣ ਤਾਂ ਯਾਰੋ ਪੈਣੀ ਹੈ

ਸਾਡਾ ਅੰਨ ਉਗਾਇਆ ਸਾਥੋਂ ਚਾਲਾਂ ਦੇ ਨਾਲ ਖੋਹ ਲੈਂਦੇ,
ਮਿੱਠੀਆਂ ਗੱਲਾਂ ਮਿੱਠੇ ਲਾਰੇ ਦੇ ਕੇ ਸਾਨੂੰ ਮੋਹ ਲੈਂਦੇ

ਪੀੜਾਂ ਥੋਡੀਆਂ ਦੂਰ ਕਰਾਂਗੇ ਕਹਿ-ਕਹਿ ਸਾਨੂੰ ਟੋਹ ਲੈਂਦੇ,
ਕਰਕੇ ਮਿੱਠੀਆਂ, ਝੂਠੀਆਂ ਗੱਲਾਂ ਹਿਰਦੇ ਸਾਡੇ ਕੋਹ ਲੈਂਦੇ

ਝੂਠ-ਫਰੇਬਾਂ ਦੇ ਵਿੱਚ ਆ ਕੇ ਮਿਹਨਤ ਅਸੀਂ ਲੁਟਾ ਬਹਿੰਦੇ,
ਬਾਲਾਂ ਦੇ ਲਈ ਖਾਬ ਸਜਾਏ ਮਿੱਟੀ ਵਿੱਚ ਮਿਲਾ ਬਹਿੰਦੇ

ਹੱਕਾਂ ਖਾਤਰ ਟੱਕਰ ਲੈਣੀ ਹੁਣ ਤਾਂ ਸਾਨੂੰ ਪੈਣੀ ਹੈ,
ਬਹੁਤ ਸਹਿ ਲਏ ਦੁੱਖੜੇ ਯਾਰੋ ਹੁਣ ਨਹੀਂ ਜ਼ਹਿਮਤ ਸਹਿਣੀ ਹੈ!

ਲੋਟੂ ਢਾਣੀ ਅੱਤ ਮਚਾਈ, ਰਲਕੇ ਸਾਨੂੰ ਜਾਣ ਖਾਈ,
ਝੂਠ ਬੋਲ ਕੇ ਵੋਟਾਂ ਲੈਂਦੇ ਸਾਨੂੰ ਮੂਰਖ ਜਾਣ ਬਣਾਈ

ਪਿੰਡੇ ਸਾਡੇ ਲੂਹ ਜਾਂਦੇ ਨੇ ਧੁੱਪਾਂ ਦੇ ਵਿੱਚ ਕੰਮ ਕਰਦਿਆਂ,
ਠੰਢਾਂ ਦੇ ਵਿੱਚ ਬਰਫਾਂ ਵਾਂਗ ਹੱਥ ਮੁੜ ਜਾਂਦੇ ਦਮ ਭਰਦਿਆਂ

ਸਬਰਾਂ ਦਾ ਹੁਣ ਬੰਨ੍ਹ ਟੁੱਟਿਆ ਹੈ ਬਦਲੀ ਰਹਿਣੀ-ਬਹਿਣੀ ਹੈ,
ਜ਼ੁਲਮਾਂ ਦੀ ਸਾਨੂੰ ਅੱਤ ਮੁਕਾਉਣੀ ਹੁਣ ਤਾਂ ਯਾਰੋ ਪੈਣੀ ਹੈ

ਖਟਮਲ ਪਿੱਸੂ ਸਮਝ ਰਹੇ ਨੇ ਮਿਹਨਤ ਕਿਰਤੀ ਲੋਕਾਂ ਨੂੰ,
ਕੌਡੀਆਂ ਬਦਲੇ ਜਿਣਸ ਲੁਟਾਈਏ ਲਹੂ ਪੀਣੀਆਂ ਜੋਕਾਂ ਨੂੰ

ਇਨ੍ਹਾਂ ਦੇ ਸਿੰਗਾਂ ਤੋਂ ਡਰਕੇ ਹੁਣ ਨਹੀਂ ਪਿੱਠ ਵਿਖਾਉਣੀ ਹੈ,
ਇਕੱਠਿਆਂ ਹੋ ਕੇ ਟੱਕਰ ਲੈਣੀ, ਤਾਕਤ ਅਸੀਂ ਵਿਖਾਉਣੀ ਹੈ

ਰੁੱਖੀ-ਸੁੱਖੀ ਖਾ ਕੇ ਹਰ ਦਿਨ ਕੰਮ ਕਾਰਾਂ ’ਤੇ ਜਾਂਦੇ ਹਾਂ,
ਫੈਕਟਰੀਆਂ ਵਿੱਚ ਖੂਨ ਆਪਣਾ ਕਰਕੇ ਕੰਮ ਸੁਕਾਂਦੇ ਹਾਂ

ਤੀਹ ਦਿਨ ਆਪਣਾ-ਆਪ ਲੁਟਾ ਕੇ ਥੋੜ੍ਹਾ ਵੇਤਨ ਪਾਉਂਦੇ ਹਾਂ,
ਬੀਵੀ-ਬੱਚੇ ਬੁੱਢੇ ਮਾਂ ਪਿਓ ਸੰਗ ਮਰ-ਮਰ ਵਕਾ ਲੰਘਾਉਂਦੇ ਹਾਂ

ਲੋਟੂ ਢਾਣੀ ਦੀ ਮਨਮਰਜ਼ੀ ਹੁਣ ਤਾਂ ਅਸੀਂ ਮਿਟਾਉਣੀ ਹੈ

ਖਾ ਰਿਸ਼ਵਤ ਸਰਕਾਰੀ ਲੀਡਰ ਛੋਟਾਂ ਦੇਵਣ ਲੋਕਾਂ ਨੂੰ,
ਲਾ ਕੇ ਖਾਕੀ ਵਰਦੀ ਵਾਲੇ ਮਾਰ ਗਿਰਾਵਣ ਲੋਕਾਂ ਨੂੰ

ਡਰਦਾ ਕੋਈ ਬੋਲ ਨਾ ਸਕੇ ਧਮਕੀ ਦੇਣ ਬੰਦੂਕਾਂ ਦੀ,
ਸਾਡੀ ਇਹ ਪ੍ਰਵਾਹ ਨਹੀਂ ਕਰਦੇ ਨਾ ਹੀ ਸਾਡੀਆਂ ਕੂਕਾਂ ਦੀ

ਹੁਣ ਨਹੀਂ ਡਰਨਾ ਆ ਜਾਓ ਯਾਰੋ ਜ਼ੁਲਮ ਦੀ ਅੱਤ ਮੁਕਾਉਣੀ ਹੈ

ਸਰਕਾਰਾਂ ਸੰਗ ਟੱਕਰ ਲੈਣੀ ਹੁਣ ਤਾਂ ਯਾਰੋ ਪੈਣੀ ਹੈ!
ਕਾਲੀ-ਬੋਲੀ ਰਾਤ ਮੁਕਾਉਣੀ ਹੁਣ ਤਾਂ ਯਾਰੋ ਪੈਣੀ ਹੈ!!

                       ***

2.          ਮਜ਼ਦੂਰ-ਕਿਸਾਨ

ਮਰ-ਮਰ ਜੀਂਦੇ ਸੜਕਾਂ ਉੱਤੇ ਬਹਿ ਮਜ਼ਦੂਰ ਕਿਸਾਨ!
ਖਬਰੇ ਕਾਹਤੋਂ ਰੁੱਸ ਗਿਆ ਹੈ ਦੋਹਾਂ ਦਾ ਭਗਵਾਨ!
ਮਿਹਨਤ ਕਰਕੇ ਭੁੱਖੇ ਰਹਿਣਾ ਲਿਖਿਆ ਵਿੱਚ ਨਸੀਬੀਂ
,
ਜੱਗ ਦੇ ਅੰਦਰ ਉੱਚੀ ਰੱਖਦੇ ਦੋਵੇਂ ਆਪਣੀ ਸ਼ਾਨ

ਜੰਗਲਾਂ ਵਿੱਚੋਂ ਆਣ ਕੇ ਡਾਕੂ ਕੋਠੀਆਂ ਦੇ ਵਿੱਚ ਵਸੇ,
ਇਨ੍ਹਾਂ ਆਦਮ ਖੋਰੇ ਪਸ਼ੂਆਂ ਕਰਿਆ ਹੈ ਪਰੇਸ਼ਾਨ

ਝੂਠੇ ਵਾਅਦੇ, ਝੂਠੀਆਂ ਗੱਲਾਂ ਕਰ-ਕਰ ਦੋਵਾਂ ਨਾਲ,
ਕੋਝੀਆਂ ਚਾਲਾਂ ਚੱਲੀ ਜਾਂਦੇ ਇਹ ਲੋਟੂ ਬੇਈਮਾਨ

ਮਿੱਟੀ ਦੇ ਨਾਲ ਮਿੱਟੀ ਹੋ ਕੇ ਦੁਨੀਆਂ ਦੇ ਲਈ ਮਰਦੇ,
ਜੱਗ ਦੇ ਬੰਦਿਆਂ ਦਾ ਢਿੱਡ ਭਰਦੇ ਇਹ ਬੀਬੇ ਇਨਸਾਨ

ਇਨ੍ਹਾਂ ਦੇ ਹੱਕਾਂ ’ਤੇ ਡਾਕਾ ਸਮੇਂ-ਸਮੇਂ ’ਤੇ ਪੈਂਦਾ,
ਪਰ ਇਹ ਹੁਣ ਤਾਂ ਜਾਗ ਪਏ ਨਾ ਸੌਂਦੇ ਲੰਮੀ ਤਾਣ

ਸੱਪਾਂ-ਸ਼ੀਹਾਂ ਨਾਲ ਦੁਸ਼ਮਣੀ ਰੱਖਦੇ ਸਦਾ ਬਣਾਈ,
ਹੱਕਾਂ ਖ਼ਾਤਰ ਲੜਦੇ-ਲੜਦੇ ਦੇਵਣ ਆਪਣੀ ਜਾਨ

ਇਨ੍ਹਾਂ ਦੀ ਮਿਹਨਤ ਦੇ ਬਲ ’ਤੇ ਜੋ ਧਰਤੀ ’ਤੇ ਮੌਲ਼ੇ
,
ਬਚਿਆ ਇਹਦਾ ਲੁੱਟਣ ਦੇ ਲਈ ਤਿਆਰ ਹੋਏ ਧਨਵਾਨ

ਦੁੱਖਾਂ ਦੀ ਕੋਈ ਚੀਕ ਨਾ ਸੁਣਦਾ ਲੋਟੂ ਲੀਡਰ ਲਾਣਾ
,
ਦਿੱਲੀਓ ਬਹਿ ਕੇ ਹੁਕਮ ਦਾਗਦਾ ਚੂਹਿਆਂ ਦਾ ਪ੍ਰਧਾਨ

ਕਰਕੇ ਜਦੋਂ ਬਗਾਵਤ ਆ ਗਏ ਰੇਲ ਪਟੜੀਆਂ ਉੱਤੇ
,
ਇਹੀ ਚੂਹੇ ਦੁੰਮ ਦਬਾ ਕੇ ਨੇੜੇ-ਨੇੜੇ ਆਣ

ਇਨ੍ਹਾਂ ਨੇ ਧਰਨੇ ਦਿੱਤੇ ਖਤਰੇ ਦੀ ਹੈ ਘੰਟੀ,
ਇਹ ਬਚ ਗਏ ਬਚ ਸਕਦੀ ਹੈ ਬਾਕੀ ਸਭ ਦੀ ਜਾਨ

ਖੁੰਝਿਆ ਵੇਲਾ ਹੱਥ ਨਹੀਂ ਆਉਣਾ ਸੁਧਰ ਜਾ ਨੀ ਸਰਕਾਰੇ
,
ਤੈਥੋਂ ਨਹੀਓਂ ਕਾਬੂ ਆਉਣੇ ਵਿਗੜ ਗਏ ਭਲਵਾਨ

ਮਜ਼ਦੂਰਾਂ ਕਿਰਸਾਨਾਂ ਦੀ ਹੈ ਸੰਧੀ ਪੱਥਰ ਵਰਗੀ
,
ਵਰਦੀ ਧਾਰੀ ਨੌਕਰ ਤੇਰੇ ਪਰ੍ਹੇ ਹੀ ਰਹਿਣ ਜਵਾਨ

ਪੀੜਾਂ-ਦੁਖੜੇ-ਜ਼ਹਿਮਤਾਂ ਸਹਿ-ਸਹਿ ਪਲਦੇ ਇਹੇ ਬੰਦੇ,
ਧਰਤੀ ਉੱਤੇ ਦੂਜੇ ਸਮਝੋ ਇਹ ਦੋਵੇਂ ਭਗਵਾਨ

ਇਨ੍ਹਾਂ ਮੂੰਹੋਂ ਨਿਕਲ ਗਿਆ ਜੇ ਸਹਿਵਨ ਹੀ ਸ਼ਰਾਪ
,
ਦੁਨੀਆਂ ਭੁੱਖੀ ਮਰਜੂ ਸਾਰੀ ਖਾਲੀ ਦਿਸਣੇ ਸਭ ਮੈਦਾਨ

ਇਹੀ ਤਾਂ ਧਰਤੀ ਦੇ ਉੱਤੇ ਰੁੱਖ ਰਹਿਮਤਾਂ ਵਾਲੇ,
ਇਨ੍ਹਾਂ ਦੀ ਸਭ ਪੂਜਾ ਕਰ ਲਓ ਜੋ ਮਜ਼ਦੂਰ-ਕਿਸਾਨ!

                       ***

3.                 ਗੀਤ

ਜਾਗ ਪਿਆ ਕਿਰਸਾਨ ਦੇਸ ਦਾ ਜਾਗ ਪਿਆ ਮਜ਼ਦੂਰ!
ਸੜਕਾਂ ਉੱਤੇ ਉੱਤਰ ਆਇਆ ਮਿਹਨਤੀਆਂ ਦਾ ਨੂਰ …!

ਪਗਡੰਡੀਆ ਦੇ ਰਸਤੇ ਤੁਰਿਆ ਇਨਕਲਾਬ ਦਾ ਪੈਂਡਾ,
ਹੁਣ ਸਾਰਾ ਹੀ ਮੁੱਕ ਜਾਊਗਾ ਝੇੜਾ ਤੈਂਡਾ-ਮੈਂਡਾ,
ਲੈ ਮਿਸਾਲਾਂ ਤੁਰ ਪਏ ਲੋਕੀਂ ਹਨੇਰਾ ਹੋਣਾ ਦੂਰ ...!

ਚਾਰ-ਚੁਫੇਰੇ ਉੱਗ ਆਏਗਾ ਹਰਿਆ-ਭਰਿਆ ਜੰਗਲ,
ਕਾਮੇ ਮਿਹਨਤਕਸ਼ਾਂ ਵਾਸਤੇ ਹੁਣ ਮੰਗਲ ਹੀ ਮੰਗਲ,
ਚਾਨਣ ਦੇ ਹੁਣ ਸਿੱਟੇ ਉੱਗਣੇ, ਪੈਂਦਾ ਜਾਪੇ ਬੂਰ ...!

ਮੁੜ੍ਹਕਾ ਸਦਾ ਵਹਾਵਣ ਵਾਲੇ ਰਲ ਗਏ ਸਾਰੇ ਯਾਰ,
ਗੋਲੀਆਂ ਖਾ ਕੇ ਖੂਨ ਦੇਣ ਲਈ ਹੋਏ ਫਿਰਨ ਤਿਆਰ,
ਹੰਕਾਰੀਆਂ ਦਾ ਹੰਕਾਰ ਤੋੜ ਕੇ ਕਰਨਾ ਚੂਰੋ-ਚੂਰ …!

ਮਨ ਮਰਜ਼ੀ ਦਾ ਜੀਵਨ ਜਿਊਣਾ ਸਿੱਖ ਲਿਆ ਹੁਣ ਯਾਰੋ,
ਇੰਕਲਾਬ ਦਾ ਨਾਹਰਾ ਸਾਰੇ ਇੱਕ ਜੁੱਟ ਹੋ ਪੁਕਾਰੋ,
ਅਮੀਰ ਗਰੀਬ ਦਾ ਪਾੜਾ ਮੁੱਕਣਾ ਜ਼ਿਆਦਾ ਨਹੀਉਂ ਦੂਰ ...!

ਇਕੱਠੇ ਕਰਕੇ ਸੰਦ ਰੱਖ ਲਏ ਨੇਜੇ ਤੇ ਤਲਵਾਰਾਂ,
ਹੁਣ ਪਿੰਡਿਆਂ ’ਤੇ ਨਹੀਉਂ ਸਹਿਣੀਆਂ ਖਾਕੀ ਵਾਲੀਆਂ ਮਾਰਾਂ,
ਲੋਕ ਮਨਾਂ ਵਿੱਚ ਸ਼ਕਤੀ ਆ ਗਈ ਜਾਪੇ ਹੁਣ ਭਰਪੂਰ ...!

ਮਰ ਜਾਵਾਂਗੇ ਪਿੱਠ ਵਿਖਾਉਣੀ ਪਰ ਨਾ ਸਾਨੂੰ ਆਉਂਦੀ,
ਸਾਡੇ ਅੰਦਰ ਰੋਹ ਦੀ ਅਗਨੀ ਭੜਥੂ ਰਹਿੰਦੀ ਪਾਉਂਦੀ,
ਨਿਕਲ ਪਿਆ ਇਨਸਾਫ ਲੈਣ ਲਈ ਮਰਦਾਂ ਦਾ ਇੱਕ ਪੂਰ ...!

ਮਰ-ਮਰ ਕੇ ਅਸੀਂ ਫਿਰ ਜੰਮਾਂਗੇ ਭਗਤ ਸਿੰਘ ਦੇ ਵਾਰਸ,
ਸੋਚ ਅਸਾਡੀ ਮਾਰੂ ਹੋ ਗਈ ਹੁਣ ਨਹੀਂ ਰਹੇ ਲਾਵਾਰਸ,
ਦੁਸ਼ਮਣ ਦੀ ਅਸੀਂ ਹੁਣ ਨਹੀਂ ਸਹਿਣੀ ਐਵੇਂ ਫੋਕੀ ਘੂਰ ...!

ਗਾਵਾਂਗੇ ਅਸੀਂ ਗੀਤ ਅੱਗ ਦੇ ਭਾਂਬੜ ਜਿਹੜੇ ਬਾਲਣ,
ਫੋਕੇ ਲਾਰੇ ਦੇ ਕੇ ਹਾਕਮ ਹੁਣ ਨਾ ਸਾਨੂੰ ਟਾਲਣ,
ਆਪਣਿਆਂ ਹੱਕਾਂ ਨੂੰ ਖੋਹ ਲੈਣਾ ਹੁਣ ਤਾਂ ਅਸੀਂ ਜ਼ਰੂਰ ...!

ਪੀ-ਪੀ ਕੇ ਹੁਣ ਲਹੂ ਜ਼ਾਲਮ ਦਾ ਦੇਣੀ ਰੱਤ ਨਿਚੋੜ,
ਡਾਢਿਆਂ ਦੀ ਹੁਣ ਰਲਕੇ ਸਾਰੇ ਕਮਰ ਦਿਆਂਗੇ ਤੋੜ,
ਹਿੰਮਤ ਦੇ ਨਾਲ ਕੱਢ ਦਿਆਂਗੇ ਭਰਿਆ ਦਿਲੀਂ ਗਰੂਰ ...!

ਮਿਹਨਤਕਸ਼ ਮਜ਼ਦੂਰ ਜੀਣਗੇ ਨਾਲੇ ਜੀਣ ਕਿਸਾਨ,
ਇਨ੍ਹਾਂ ਦੇ ਨਾਲ ਪੂਰੀ ਦੁਨੀਆਂ ਦੀ ਬਣਦੀ ਹੈ ਸ਼ਾਨ,
ਤਾਕਤ ਮਨਾਂ ਵਿੱਚ ਪੈਦਾ ਕਰ ਲਈ ਸਭਨਾਂ ਨੇ ਭਰਪੂਰ ...!

ਜੀਣਾ ਦੁੱਭਰ ਕਰ ਦੇਵਾਂਗੇ ਬਣਨਾ ਅਸੀਂ ਤੁਫ਼ਾਨ,
ਜੀਂਦਾ ਰਹੂ ਮਜ਼ਦੂਰ ਦੇਸ ਦਾ ਜੀਂਦਾ ਰਹੂ ਕਿਸਾਨ,
ਹੁਣ ਤਾਂ ਬਾਜ਼ੀ ਜਿੱਤ ਹੀ ਲੈਣੀ ਰਲਕੇ ਅਸੀਂ ਜ਼ਰੂਰ ...!

                    *****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2432)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਓਮਕਾਰ ਸੂਦ ਬਹੋਨਾ

ਓਮਕਾਰ ਸੂਦ ਬਹੋਨਾ

SGM Nagar, Faridabad, Haryana, India.
Phone: (91 - 096540 - 36080)
Email: (omkarsood4@gmail.com)