ShashiSamundra7ਜਦ ਸਾਹ ਵੀ ਬੋਝਲ ਹੋ ਜਾਏ
ਜ਼ਿੰਦਗੀ ਦਾ ਅਰਥ ਗੁਆਚ ਜਾਏ ..."

(ਮਾਰਚ 5, 2016)

 

               1.

        ਕੋਈ ਆਸ

ਜਦ ਰਾਹਾਂ ਤੇ ਕੋਹਰਾ ਜੰਮ ਜਾਏ
ਹਰ ਸ਼ਾਖ਼ ਤੜਫ਼ ਕੇ ਮਰ ਜਾਏ

ਜਦ ਪੰਛੀ ਚੁੱਪ ਜਹੇ ਹੋ ਜਾਵਣ
ਤੇ ਸੂਰਜ ਚੜ੍ਹਨਾ ਭੁੱਲ ਜਾਏ

ਜਦ ਹਰ ਰੰਗ ਫਿੱਕਾ ਹੋ ਜਾਏ
ਤੇ ਕੁਝ ਵੀ ਮਨ ਨੂੰ ਨਾ ਭਾਏ

ਜਦ ਸਾਹ ਵੀ ਬੋਝਲ ਹੋ ਜਾਏ
ਜ਼ਿੰਦਗੀ ਦਾ ਅਰਥ ਗੁਆਚ ਜਾਏ

ਜਦ ਹਾਸੇ ਦੀ ਥਾਂ ਰੋਣ ਆਏ
ਤੇ ਕੋਈ ਅੱਤ ਨਿਰਾਸ਼ਾ ਵਿਚ ਘਿਰ ਜਾਏ

ਤਦ ਵੀ, ਕੋਈ ਆਸ ਉਂਗਲ ਆ ਫੜਦੀ ਏ
ਤੇ ਇੱਕ ਕਦਮ ਅੱਗੇ ਲੈ ਖੜਦੀ ਏ।

                **

     2.

ਸੋਗੀ ਰਾਤ

ਸੋਗੀ ਰਾਤ
ਮੂੰਹ ਛੁਪਾਈ
ਸਿਰ ਝੁਕਾਈ
ਲੜਖੜਾਉਂਦੀ ਤੁਰਦੀ ਜਾਏ
ਨਹੀਂ ਸੁਣਦੀ ਜੋ ਗਾਉਂਦੇ ਨੇ ਬਿੰਡੇ
ਨੇੜੇ, ਨਾਲੇ ਵਿਚ, ਇੱਕ ਨਿੱਕਾ ਡੱਡੂ ਗਾਵੇ ਤੇ ਖੇਡੇ

ਨਹੀਂ ਵੇਹੰਦੀ ਉੱਪਰ ਤਾਰਿਆਂ ਦਾ ਜਾਲ
ਖੌਰੇ ਰੋਂਦੀ ਜਾਂ ਪੱਥਰ ਹੋਈ
ਕਿਆਮਤ ਦੀ ਕਰਦੀ ਅਰਜੋਈ-
ਸੋਗੀ ਰਾਤ

 

    **

                    3.

             ਲਦਾਖ ਤੋਂ

ਰਿੱਝਦੀ ਦਾਲ ਚ ਰਲੇ ਨੇ, ਤਾਂਘ ਤੇ ਸੁਪਨੇ
ਨੀਸ਼ੂ ਨੂੰ ਪਹਿਲੀ ਵਾਰ ਦੇਖਣਾ ਏ ਉਸ
ਕਿੰਨੀ ਸੋਹਣੀ ਲੱਗਦੀ ਏ ਬੱਚੀ
ਜਮਾਂ ਈ ਆਪਣੇ ਡੈਡੀ ਵਰਗੀ-

ਅਖਾਂ, ਨੱਕ ਤੇ ਮੱਥਾ
ਹਾਏ ਮੈਂ ਮਰ ਜਾਂ! ਮਨੋ ਆਖ
ਓਹ ਕੋਲ ਬੈਠੀ ਬੱਚੀ ਦੇ ਕੰਨ ਪਿੱਛੇ
ਲਾ ਦਿੰਦੀ ਏ ਤਵੇ ਦੀ ਕਾਲਖ ਦਾ ਟਿੱਕਾ

ਲਿਖਦਾ ਸੀ: ਲਦਾਖ ਵਿਚ, ਬੰਦਾ ਬਰਫ਼ ਈ ਹੋ ਜਾਂਦੈ
ਜਿਵੇਂ ਓਹ ਇੱਕ ਮਸ਼ੀਨ ਜਹੀ ਬਣ ਜਾਂਦੈ
ਸੋਚੋਂ ਸੁੰਨ ਜਿਹਾ ਹੋ ਜਾਂਦੈ
ਜਿਵੇਂ ਬੰਦਾ ਆਪ ਤਾਂ ਰਹਿੰਦਾ ਈ ਨਹੀਂ

ਜਿਵੇਂ ਓਹ ਜੀਣ ਜਾਂ ਮਰਨ ਦਾ ਸੋਚਦਾ ਈ ਨਹੀਂ

ਪਰ, ਹਰ ਰਾਤ, ਓਹ ਆਪਣੇ ਟੱਬਰ ਬਾਰੇ ਸੋਚਦਾ ਏ
ਘਰ ਮੁੜਣ ਦਾ ਸੋਚਦਾ ਏ
ਤੇ ਇਹੋ ਉਮੀਦ ਲੈ, ਹਰ ਮੁਸ਼ਕਿਲ ਵਿਚ ਚੱਲਦਾ ਰਹਿੰਦਾ ਏ

ਫ਼ਿਕਰ ਕਰੀਂ ਨਾ ਛੇਤੀਂ ਆਵਾਂਗਾ ਮੈਂ, ਲਿਖਿਆ ਸੀ ਉਸ
ਝੂਠ ਤਾਂ ਨਹੀਂ ਸੀ ਆਖਿਆ ਉਸ ?

ਓਹੋ! ਹੁਣ ਤਕ ਤਾਂ ਪਿੰਡ ਅੱਪੜਿਆ ਹੋਣਾ ਸੀ ਉਸ
ਦਰਵਾਜ਼ਾ ਖੜਕਾਇਆ ਹੋਣਾ ਸੀ ਉਸ

ਤਦੋਂ ਹੀ ਦਰਵਾਜ਼ਾ ਖੜਕਦਾ ਏ
ਤੇ ਓਹਦਾ ਦਿਲ ਜਿਓਂ ਟੱਪ ਕੇ ਮੂੰਹ ਨੂੰ ਆਉਂਦਾ ਏ

ਝੱਟ ਬੱਚੀ ਨੂੰ ਗੋਦੀ ਚੁੱਕ, ਓਹ ਭੱਜ ਦਰਵਾਜ਼ਾ ਖੋਲ੍ਹਦੀ ਏ
ਤੇ ਪਤੀ ਨੂੰ ਸਨਮੁਖ ਦੇਖ, ਨਾ ਹੁਣ ਸੋਚਦੀ ਏ ਤੇ ਨਾ ਬੋਲਦੀ ਏ

ਇੱਕ ਮੁਸਕਰਾਹਟ ਤੇ ਗਲਵੱਕੜੀ ਵਿਚ, ਸਾਰੀ ਕਾਇਨਾਤ ਸਿਮਟ ਗਈ ਏ
ਹਰ ਇੱਕ ਸ਼ੰਕਾ ਮਿਟ ਗਿਆ ਏ
ਲਦਾਖ ਬਹੁਤ ਦੂਰ ਰਹਿ ਗਿਆ ਏ
ਤੇ, ਕੁਝ ਦਿਨਾਂ ਲਈ, ਕੋਈ ਬੀਤਿਆ ਸੁਪਨਾ ਹੋ ਗਿਆ ਏ

                          **

            4.

       ਜ਼ੁਰਅਤ

ਇਹ ਰਸਤਾ ਵੀਰਾਨ ਸਹੀ
ਪਰ ਮੇਰੀ ਨਿਗ੍ਹਾ
ਝਿਲਮਿਲਾਉਂਦੇ ਤਾਰਿਆਂ ਤੇ ਟਿਕੀ ਹੈ
ਦੂਰ ਪੂਰਬ ਦੀ ਉਮੀਦ ਤੇ ਟਿਕੀ ਹੈ

ਬੇਖੌਫ਼ ਤੇ ਲਾਪ੍ਰਵਾਹ ਹਾਂ ਮੈਂ
ਇਸ ਰਸਤੇ ਤੋਂ
ਤੇ ਇਸ ਰਾਤ ਦੇ ਹਨੇਰੇ ਤੋਂ

ਜਿਸਮ ਨਾਜ਼ੁਕ ਸਹੀ
ਜ਼ੁਰਅਤ ਨਹੀਂ

ਤੇ ਇਹ ਜ਼ੁਰਅਤ ਹੀ ਤਾਂ ਹੈ
ਜੋ ਨਦੀਆਂ ਤਰਦੀ,
ਥਲਾਂ ਚ ਨੱਸਦੀ,
ਜੰਗਲ ਕੱਛਦੀ,
ਤੇ ਪਰਬਤ ਪਾਰ ਕਰਦੀ ਹੈ

ਕੋਈ ਐਵੇਂ ਨਹੀਂ ਸੋਹਣੀ ਤੇ ਸੱਸੀ ਬਣਦੀ
ਜਾਂ ਫੂਲਾਂ ਦੇਵੀ ਬਣਦੀ

ਮੈਂ ਉਨ੍ਹਾਂ ਦੇ ਕਦਮ ਚਿਨ੍ਹਾਂ ਤੇ ਪੈਰ ਰੱਖਦੀ ਹਾਂ
ਤੇ ਤੁਰਦੀ ਹਾਂ

  *****

(207)

ਆਪਣੇ ਵਿਚਾਰ ਲਿਖੋ: (This email address is being protected from spambots. You need JavaScript enabled to view it.)

About the Author

ਸ਼ਸ਼ੀ ਪਾਲ ਸਮੁੰਦਰਾ

ਸ਼ਸ਼ੀ ਪਾਲ ਸਮੁੰਦਰਾ

Santa Rosa, California, USA.
Email: (ssamundra@yahoo.com)