BaltejSandhu7ਖਾ ਲਏ ਪੁੱਤ ਨਸ਼ਿਆਂ ਨੇ,    ਮਾਂ-ਬਾਪ ਨੂੰ ਦੁੱਖ ਦਿੰਦੇ,      ਦੁੱਖ ਮਾਪਿਆਂ ਦੇ ਆ ਵੰਡਾਉਣ ਧੀਆਂ ...
(18 ਜਨਵਰੀ 2019)


1.                      ਦੁੱਖ ਵੰਡਾਉਣ ਧੀਆਂ

ਲੋਕੀ ਰੱਬ ਕੋਲੋਂ ਮੰਗਦੇ ਨੇ ਪੁੱਤ ਰਹਿੰਦੇ, ਤੇ ਆਣ ਘਰਾਂ ਵਿੱਚ ਪੈਰ ਪਾਉਣ ਧੀਆਂ
ਖਾ ਲਏ ਪੁੱਤ ਨਸ਼ਿਆਂ ਨੇ, ਮਾਂ-ਬਾਪ ਨੂੰ ਦੁੱਖ ਦਿੰਦੇ, ਦੁੱਖ ਮਾਪਿਆਂ ਦੇ ਆ ਵੰਡਾਉਣ ਧੀਆਂ
ਜਦੋ ਮਾਂ-ਬਾਪ ਨੂੰ ਵਿੱਚ ਬੁਢਾਪੇ, ਨੂੰਹਾਂ ਪੁੱਤਰ ਦੇਣ ਧੱਕੇ, ਆਣ ਕਲੇਜੇ ਲਾਉਣ ਧੀਆਂ
ਕਦੇ ਨਾ ਪੇਕੇ ਘਰ ਤੱਤੀ ਵਾਅ ਵੱਗੇ, ਸਦਾ ਸੁੱਖ ਮਾਪਿਆਂ ਦੀ ਚਾਹੁਣ ਧੀਆਂ
ਮੁਕਾਬਲੇ ਪੁੱਤਾਂ ਦੇ ਵਿਤਕਰੇ ਨਾਲ ਪਲੀਆਂ, ਫੇਰ ਵੀ ਗੁੱਟ ’ਤੇ ਬੰਨ੍ਹ ਰੱਖੜੀ ਸੁੱਖ ਵੀਰਾਂ ਦੀ ਚਾਹੁਣ ਧੀਆਂ
ਜਿਸਦੇ ਲੜ ਲਾਉਂਦੇ ਮਾਪੇ, ਤੁਰ ਜਾਂਦੀਆਂ ਚੁੱਪ ਕਰਕੇ, ਨਾ ਮਾਪਿਆਂ ਨੂੰ ਸਵਾਲ ਪਾਉਣ ਧੀਆਂ
ਮੁੰਡਿਆਂ ਨਾਲੋਂ ਕਿਸੇ ਮੁਕਾਬਲੇ ਘੱਟ ਰਹੀਆਂ ਨਾ ਹੁਣ, ਨਾਂਅ ਦੇਸ਼ ਦਾ ਹਰ ਖੇਤਰ ਵਿੱਚ ਚਮਕਾਉਣ ਧੀਆਂ
ਤੋੜ ਦਿੱਤੀਆਂ ਨੇ ਗੁਲਾਮੀ ਦੀਆਂ ਜੰਜੀਰਾਂ ਇਹਨਾਂ ਸੰਧੂ, ਵਿੱਚ ਹਨੇਰਿਆਂ ਜੁਗਨੂੰ ਵਾਂਗੂੰ ਜਗਮਗਾਉਣ ਧੀਆਂ
                                                 **

2.               ਸੋ ਕਿਉਂ ਮੰਦਾ ਆਖੀਐ
ਖੌਰੇ ਕਿਸ ਚੰਦਰੇ ਨਜ਼ਰ ਲਗਾ ਦਿੱਤੀ, ਪੰਜਾਬ ਵਿੱਚ ਲੱਗਦੀਆਂ ਤੀਆਂ ਨੂੰ

ਰੱਬ ਤੋਂ ਪੁੱਤ ਮੰਗਦੇ ਲੋਕੀ, ਕੁੱਖ ਵਿੱਚ ਹੱਥੀਂ ਮਾਰ ਕੇ ਧੀਆਂ ਨੂੰ

ਕਿਉਂ ਲੋਕੋ ਤੁਸੀਂ ਸਵੀਕਾਰ ਨਹੀਂ ਕਰਦੇ ਰੱਬ ਦਿਆਂ ਜੀਆਂ ਨੂੰ

ਉਸ ਘਰ ਕਹਿੰਦੇ ਰੱਬ ਵਸਦਾ, ਜਿੱਥੇ ਮਿਲਦਾ ਸਤਿਕਾਰ ਹੈ ਧੀਆਂ ਨੂੰ

ਹੁੰਦੀ ਧੀ ਜਦ ਮੁਟਿਆਰ ਤਾਂ ਕਿਉਂ ਫਿਕਰ ਹੋ ਜਾਂਦਾ ਬਾਪੂ ਨੂੰ ਦੇਣਾ ਦਾਜ ਜੋ ਧੀਆਂ ਨੂੰ

ਕਿਉਂ ਰੱਬਾ ਹਵਸ ਦੇ ਭੁੱਖੇ ਸ਼ਿਕਾਰ ਬਣਾਉਂਦੇ ਆਸਫਾ ਵਰਗੀਆਂ ਕੋਮਲ ਧੀਆਂ ਨੂੰ

ਸੋ ਕਿਉਂ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ ਬਾਬੇ ਨਾਨਕ ਨੇ ਫਰਮਾਇਆ ਧੀਆਂ ਨੂੰ

ਵੱਡੀਆਂ ਹੋ ਦੁੱਖ ਵੰਡਾਉਂਦੀਆਂ ਮਾਪਿਆਂ ਦੇ, ਕਿਉਂ ਬੁਰਜ ਵਾਲਿਆ ਲੋਕੀ ਫਿਰ ਵੀ ਬੋਝ ਸਮਝਦੇ ਧੀਆਂ ਨੂੰ

                                            **

3.                          ਹਾਲ ਪੰਜਾਬ ਦਾ

ਅਨਪੜ੍ਹ ਬਣਨ ਮੰਤਰੀ, ਐੱਮ ਏ ਬੀਏ ਪੜ੍ਹੇ ਪਾਉਣ ਵੋਟਾਂ, ਇੰਝ ਬਣਦੀ ਏ ਸਰਕਾਰ ਇੱਥੇ
ਪਾਸਪੋਰਟ ਕੇਂਦਰਾਂ ਅੱਗੇ ਲੱਗੀਆਂ ਲਾਈਨਾਂ ਕਿਉਂ ਮਿਲਦਾ ਰੁਜ਼ਗਾਰ ਨਾ ਇੱਥੇ

ਅੱਖ ਜੇਬ ’ਤੇ ਦਿਲ ਵਿੱਚ ਖੋਟ, ਮਤਲਬ ਲਈ ਬਣਦੇ ਸਭ ਯਾਰ ਨੇ ਇੱਥੇ

ਪਲਕ ਝਪਕਦੇ ਰੰਗ ਬਦਲ ਦੀ ਦੁਨੀਆ, ਵੱਖੋ ਵੱਖਰੇ ਕਿਰਦਾਰ ਨੇ ਇੱਥੇ

ਮਾੜੇ ਨੂੰ ਤਕੜਾ ਪੈਰਾਂ ਹੇਠ ਲਿਤਾੜੇ, ਦੁਨੀਆ ’ਤੇ ਵਧੇ ਹੋਏ ਹੰਕਾਰ ਨੇ ਇੱਥੇ

ਹੱਕ ਸੱਚ ਦੀ ਗੱਲ ਕਰਦਿਆਂ, ਸ਼ਾਂਤਮਈ ਬੈਠਿਆਂ ’ਤੇ ਗੋਲੀਆਂ ਦੀ ਕਰਦੇ ਬੁਛਾੜ ਨੇ ਇੱਥੇ

ਦੇਸ਼ ਵਿੱਚ ਕਹਿੰਦੇ ਕਾਨੂੰਨ ਬਹੁਤ ਸਖਤ, ਸ਼ਾਇਦ ਇਸੇ ਕਰਕੇ ਮਿਲਦਾ ਇਨਸਾਫ ਨਾ ਇੱਥੇ

ਤਕੜੇ ਨੂੰ ਹਰ ਕੋਈ ਜੀ ਜੀ ਕਰਦਾ, ਮਾੜੇ ’ਤੇ ਕਰਦਾ ਕੋਈ ਵਿਸ਼ਵਾਸ ਨਾ ਇੱਥੇ

ਪੈਸੇ ਨੇ ਭਾਈ ਭਾਈ ਵਿੱਚ ਵੈਰ ਪਵਾ’ਤਾ, ਕਰੇ ਖੂਨ ਨਾ ਖੂਨ ’ਤੇ ਇਤਬਾਰ ਇੱਥੇ

ਚੋਰ ਸਾਧ ਵੀ ਮੌਕਾ ਵੇਖ ਰੰਗ ਵਟਾਉਂਦੇ, ਮਿਲੀ ਬਾਬਿਆਂ ਨਾਲ ਸਰਕਾਰ ਏ ਇੱਥੇ

ਈਮਾਨਦਾਰ, ਭਲੇ ਮਾਣਸ ਸਭ ਪਿੱਛੇ ਹੋ ਗਏ, ਲੰਡੇ ਲੁੱਚੇ ਬਣੇ ਸਰਦਾਰ ਨੇ ਇੱਥੇ

ਕਿਉਂ ਅਕਲਾਂ ਨੂੰ ਜੰਗ ਲੱਗਾ ਸਾਡੇ, ਲੱਗਦਾ ਹੋ ਗਏ ਸੰਧੂਆ ਸਭ ਬੀਮਾਰ ਨੇ ਇੱਥੇ

                                       **

4.     ਉੱਲੂ ਬੋਲਦੇ ਨੇ

ਆਮ ਬੰਦਾ ਕੀ ਹੀਰੇ ਦਾ ਮੁੱਲ ਜਾਣੇ
ਪਾਰਖੂ ਜੌਹਰੀ ਹੀ ਕੀਮਤ ਜਾਣਦਾ ਏ

ਜਵਾਨੀ ਵਿੱਚ ਜੋ ਚੰਗੇ ਕੰਮ ਕਰਦੇ
ਵਿੱਚ ਬੁਢਾਪੇ ਉਹੀ ਸੁਖ ਮਾਣਦਾ ਏ

ਵੈਦ ਉਹ ਚੰਗਾ ਜਿਹੜਾ ਨਬਜ਼ ਫੜ ਕੇ
ਰੋਗੀ ਦਾ ਰੋਗ ਪਛਾਣਦਾ ਏ

ਦੁਨੀਆ ਦਾ ਵਿਸ਼ਵਾਸ ਉਹ ਜਿੱਤ ਲੈਂਦਾ
ਜੋ ਪੱਕਾ ਹੁੰਦਾ ਜ਼ੁਬਾਨ ਦਾ ਏ

ਸੰਧੂ ਉਹਨਾਂ ਘਰਾਂ ਵਿੱਚ ਉੱਲੂ ਬੋਲਦੇ ਨੇ
ਜੀਹਦਾ ਮਾਲਿਕ ਨਾ ਘਰ ਸੰਭਾਲਦਾ ਏ।

                 **

5.      ਪੁੱਤ ਹੀਰੇ ਮਾਂਵਾਂ ਦੇ

ਸੁਣ ਦੇਸ਼ ਪੰਜਾਬ ਮੇਰੇ ਦੀਏ ਬੋਲੀਏ ਸਰਕਾਰੇ,
ਰੇਤੇ ਬੱਜਰੀ ਚਿੱਟੇ ਦੇ ਨਾਲ ਲੀਡਰ ਭਰਨ ਭੰਡਾਰੇ।

ਮਰੇ ਪੁੱਤ ਨੂੰ ਬੁੱਕਲ ਵਿੱਚ ਲੈ ਮਾਂ ਭੁੱਬਾਂ ਮਾਰੇ,
ਚਿੱਟਾ ਨਿੱਤ ਮਾਵਾਂ ਦੀਆਂ ਗੋਦਾਂ ’ਤੇ ਡਾਕੇ ਮਾਰੇ

ਨਸ਼ਾ ਮੁੱਕਿਆ ਨਹੀਂ, ਮਹਿੰਗਾ ਹੋਇਆ, ਪੱਲੇ ਪਾਏ ਝੂਠੇ ਲਾਰੇ,
ਕਿਸੇ ਨੂੰ ਨਹੀਂ ਫਿਕਰ ਲੋਕਾਂ ਦਾ, ਲੀਡਰ ਫਿਰਦੇ ਬੜੇ ਹੰਕਾਰੇ

ਪੁੱਤ ਕਈ ਹੀਰੇ ਮਾਵਾਂ ਦੇ, ਨਸ਼ਿਆਂ ਦੇ ਵੱਸ ਪੈ ਜਵਾਨੀ ਹਾਰੇ
ਨਸ਼ਿਆਂ ਵਿੱਚ ਨਾ ਫਸਿਉ ਬੁਲਿਓ, ਬਲਤੇਜ਼ ਸੰਧੂ ਅਰਜ਼ ਗੁਜ਼ਾਰੇ
                         *****

(1464)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)

About the Author

ਬਲਤੇਜ ਸੰਧੂ

ਬਲਤੇਜ ਸੰਧੂ

Burj Ladha Singh Wala, Bathinda, Punjab, India.
Phone: (91 - 94658 - 18158)
Email: (baltejsingh01413@gmail.com)