
“ਫੁੱਲਾਂ ਵਾਂਗ ਕੰਡਿਆਂ ਵਿਚ, ਮੁਸਕਾਣ ਦਾ ਨਾਂ ਜ਼ਿੰਦਗੀ ਹੈ ...”
(ਅਪਰੈਲ 15, 2015)
1. ਜ਼ਿੰਦਗੀ
ਲਹਿਰਾਂ ਸੰਗ ਗੋਤੇ
ਖਾਣ ਦਾ ਨਾਂ ਜ਼ਿੰਦਗੀ ਹੈ
ਫੁੱਲਾਂ ਵਾਂਗ ਕੰਡਿਆਂ ਵਿਚ
ਮੁਸਕਾਣ ਦਾ ਨਾਂ ਜ਼ਿੰਦਗੀ ਹੈ
ਡਿੱਗਣ ਦੇ ਡਰੋਂ ਪੌੜੀ ਨਾ ਚੜ੍ਹਨਾ
ਜ਼ਿੰਦਗੀ ਨਹੀਂ ਹੁੰਦਾ
ਡੁੱਬਣ ਦੇ ਡਰੋਂ ਕਿਨਾਰੇ ਤੇ ਖੜ੍ਹਨਾ
ਜ਼ਿੰਦਗੀ ਨਹੀਂ ਹੁੰਦਾ
ਨਾ ਹੀ ਜ਼ਿੰਦਗੀ ਹੁੰਦਾ ਹੈ
ਪਾਣੀ ਵਾਂਗ ਸਮਤਲ ਵਹਿਣਾ
ਤੇ ਨਾ ਹੀ ਜ਼ਿੰਦਗੀ ਹੁੰਦਾ ਹੈ
ਸਿਰਫ਼ ਆਪਣੇ ਲਈ ਜੀਉਂਦੇ ਰਹਿਣਾ
**
2. ਮਜ਼ਦੂਰ
ਅਸੀਂ 'ਸਨ ਬਾਥ' ਨਹੀਂ ਕਰਦੇ
ਬਲਕਿ ਹਰ ਰੋਜ਼ ਕੰਮ ਕਰਦਿਆਂ
ਧੁੱਪ ਤੋਂ ਬਚਣ ਲਈ
ਸਾਡੇ ਪਾਟੇ ਕੁੜਤੇ 'ਤੇ
ਇਕ ਟਾਕੀ ਹੋਰ ਵਧ ਜਾਂਦੀ ਹੈ।
ਸਾਡੇ 'ਬਲੱਡ ਪ੍ਰੈਸ਼ਰ' ਕਦੇ ਵੀ
ਹਾਈ ਨਹੀਂ ਹੁੰਦੇ
ਬਲਕਿ 'ਪਿੱਤ ਦੇ ਫੋੜੇ' ਹੀ
ਨਿੱਕਲਦੇ ਹਨ,
ਜੋ ਮੱਛੀ ਦੇ ਪੱਥਰ ਚੱਟਣ ਵਾਂਗ
ਆਪਣੇ-ਆਪ ਹਟ ਜਾਂਦੇ ਨੇ।
ਸਾਡੇ ਬੱਚੇ 'ਵੀਡੀਓ ਗੇਮ' ਨਹੀਂ
ਬਲਕਿ ਭੁੱਖ ਨਾਲ ਖੇਡਦੇ ਹਨ
ਤੇ ਇਸੇ ਤਰ੍ਹਾਂ ਖੇਡ ਰਹੇ ਨੇ
ਕਈ ਸਦੀਆਂ ਬੀਤ ਗਈਆਂ ਹਨ।
ਸਾਡੇ ਘਰਾਂ ਵਿਚ 'ਫੈਮਲੀ ਡਾਕਟਰ' ਨਹੀਂ ਆਉਂਦੇ
ਹਰ ਹਫਤੇ 'ਹਾਰਟ ਬੀਟ'
ਚੈੱਕ ਕਰਨ ਲਈ,
ਬਲਕਿ ਪੰਜ ਸਾਲਾਂ ਬਾਅਦ
ਮੰਗਤੇ ਆਉਂਦੇ ਨੇ
ਤੇ ਵੋਟਾਂ ਲੈਕੇ
ਵਾਪਸ ਚਲੇ ਜਾਂਦੇ ਨੇ।
ਅਸੀਂ 'ਕਾਲੇ ਧਨ' ਨਾਲ
ਐਸ਼ ਨਹੀਂ ਕਰਦੇ
ਬਲਕਿ ਮਾਣ ਮਹਿਸੂਸ ਕਰਦੇ ਹਾਂ
ਆਪਣੇ ਹੱਥਾਂ ’ਤੇ
ਜੋ ਕਰਦੇ ਨੇ ਸੱਚੀ-ਸੁੱਚੀ ਕਿਰਤ
ਬਾਬੇ ਨਾਨਕ ਵਾਲੀ ਕਿਰਤ।
**
3. ਨੈਤਿਕਤਾ
ਮੈਂ ਸੁੰਗੜ ਰਹੀ ਹਾਂ
ਮੈਂ ਮਰ ਰਹੀ ਹਾਂ
ਮੇਰੇ ਹਿੱਸੇ ਦੀ
ਜ਼ਮੀਨ ਤੇ ਵੀ
ਪਦਾਰਥਵਾਦ
ਉੱਗ ਆਇਆ ਹੈ
**
4. ਸਦੀਵੀ ਵਿਛੋੜਾ
ਮੇਰਾ ਅੱਗੇ ਤੁਰਨਾ
ਮੁਸ਼ਕਿਲ ਹੈ
ਤੇ ਉਹ
ਪਿੱਛੇ ਨਹੀਂ ਮੁੜ ਸਕਦੇ
ਅਗਲੇ ਜਨਮ ਵਿਚ
ਸਾਡਾ ਦੋਹਾਂ ਦਾ
ਵਿਸ਼ਵਾਸ਼ ਨਹੀਂ
**
5. ਚਾਨਣ ਦੀ ਹਾਰ
ਉਹ ਬੇ-ਇਨਸਾਫੀ ਨੂੰ ਦੇਖਕੇ
ਤਲਵਾਰ ਖਿੱਚ ਲੈਂਦਾ
ਝੂਠ ਦੇ ਵਿਰੁੱਧ
ਹਿੱਕ ਤਾਣ ਲੈਂਦਾ
ਧਰਤੀ ਤੇ ਡਿੱਗਦਿਆਂ ਨੂੰ
ਬਾਹਵਾਂ ਵਿਚ ਬੋਚ ਲੈਂਦਾ
ਦੋ ਧਿਰਾਂ ਦੀ ਲੜਾਈ ਵਿਚ
ਸਮਝੌਤਾ ਬਣਕੇ ਆਉਂਦਾ
ਕੱਲ੍ਹ ਪੁਲਿਸ ਨੇ
ਇਕ ਅਣਪਛਾਤੀ ਲਾਸ਼ ਸਾੜ ਦਿੱਤੀ
ਇਹ ਉਹ ਹੀ ਸੀ
ਹਨੇਰੇ ਵਿਚ
ਮਿਸ਼ਾਲ ਫੜਕੇ ਤੁਰਨ ਵਾਲਾ
**
6. (ਡਰੱਗ ਡੀਲਰਾਂ ਦੇ ਨਾਂ)
ਜਿਸ ਤਰ੍ਹਾਂ
ਨਕਲਾਂ ਮਾਰ ਕੇ ਕੀਤੀ ਪੜ੍ਹਾਈ
ਪੜ੍ਹਾਈ ਨਹੀਂ ਹੁੰਦੀ ।
ਉਸੇ ਤਰ੍ਹਾਂ
ਜ਼ਿੰਦਗੀਆਂ ਗਾਲ਼ ਕੇ ਕੀਤੀ ਕਮਾਈ
ਕਮਾਈ ਨਹੀਂ ਹੁੰੰਦੀ ।
ਕਿਸੇ ਮਾਂ ਦੇ ਇਕਲੌਤੇ ਪੁੱਤ ਨੂੰ
ਗੁੰਮਰਾਹ ਕਰਕੇ
ਨਸ਼ੇ ਤੇ ਲਾ ਦੇਣਾ ।
ਤੇ ਉਸਨੂੰ
ਇਸਦਾ ਗੁਲਾਮ ਬਣਾਕੇ
ਹੋਰ ਜ਼ਿੰਦਗੀਆਂ ਤਬਾਹ ਕਰਨਾ
ਇਕ ਇਨਸਾਨ ਦਾ ਕੰਮ
ਨਹੀਂ ਹੋ ਸਕਦਾ ।
ਤੁਹਾਡੇ ਨਾਲੋਂ ਤਾਂ
ਉਹ ਸਿਖ਼ਰ ਦੁਪਹਿਰੇ
ਬੱਜਰੀ ਕੁੱਟਦੀਆਂ
ਪੈਰਾਂ ਤੋਂ ਨੰਗੀਆਂ
ਬਜ਼ੁਰਗ ਔਰਤਾਂ ਚੰਗੀਆਂ ਨੇ
ਜੋ ਸਿਰਫ ਢਿੱਡ ਭਰਨ ਜੋਗੇ ਪੈਸੇ ਲੈਕੇ
ਕਿਸੇ ਲਈ
ਰਾਹ ਬਣਾਉਂਦੀਆਂ ਨੇ
ਅੱਗੇ ਵੱਲ ਵਧਣ ਦਾ ਰਾਹ।
ਤੇ ਤੁਸੀਂ
ਕਿਸੇ ਮਾਪਿਆਂ ਦੇ ਰਾਹ ਨੂੰ
ਬੰਦ ਕਰਕੇ
ਉਸ ਵਿਚ ਕੰਡੇ ਖਿਲਾਰਦੇ ਹੋ।
ਤੁਸੀਂ ਇਨਸਾਨ ਨਹੀਂ ਹੋ ਸਕਦੇ
ਤੇ ਤੁਹਾਡੀ ਕਮਾਈ
ਕਮਾਈ ਨਹੀਂ ਹੋ ਸਕਦੀ ।
ਤੁਸੀਂ ਇਨਸਾਨ ਨਹੀਂ ਹੋ ਸਕਦੇ
ਤੇ ਤੁਹਾਡੀ ਕਮਾਈ
ਕਮਾਈ ਨਹੀਂ ਹੋ ਸਕਦੀ !!!
**
(9)
ਬਲਜਿੰਦਰ ਸੰਘਾ (ਕੈਲਗਰੀ, ਕੈਨੇਡਾ)
ਫੋਨ: 403 - 680 - 3212







































































































