BSNanda2 

   (ਜੁਲਾਈ 19, 2015)

 

ਘਰਦਿਆਂ ਨੇ ਉਸ ਦਾ ਨਾਂ ਨਸੀਬ ਕੌਰ ਤਾਂ ਰੱਖਿਆ ਸੀ, ਕਿਉਂ ਜੋ ਉਸ ਦੇ ਬਾਪੂ ਦਾ ਚਿਰਾਂ ਦਾ ਚਲਦਾ, ਜ਼ਮੀਨ ਦਾ ਝਗੜਾ ਉਹਦੇ ਹੱਕ ਵਿੱਚ ਹੋਇਆ ਸੀ। ਪਰਿਵਾਰ ਨੇ ਸਮਝਿਆ ਇਹ ਕੁੜੀ ਨਸੀਬਾਂ ਵਾਲੀ ਹੈ, ਪਰ ਜਦ ਉਸ ਹੋਸ਼ ਸੰਭਾਲੀ, ਉਹਨੂੰ ਮਹਿਸੂਸ ਹੋਣ ਲੱਗਾ ਕਿ ਕੋਈ ਉਸ ਨੂੰ ਨਸੀਬ ਕੌਰ ਕਹਿ ਕੇ ਕਿਉਂ ਨਹੀਂ ਬੁਲਾਉਂਦਾ? ਹਰ ਕੋਈ ਨਸੀਬੋ ਹੀ ਕਿਉਂ ਕਹਿੰਦਾ ਹੈ? ਉਸ ਦੀ ਇਹ ਖਾਹਿਸ਼ ਕਦੇ ਪੂਰੀ ਨਾ ਹੋਈ। ਉਸਦੇ ਰਾਸ਼ਨ ਕਾਰਡ ’ਤੇ ਨਸੀਬੋ ਹੀ ਲਿਖਿਆ ਗਿਆ।ਜਦ ਵੋਟਾਂ ਬਣਨੀਆਂ ਸਨ, ਉਸਨੇ ਜ਼ੋਰ ਦੇ ਕੇ ਕਿਹਾ ਕਿ ਲਿਖੋ, ਨਸੀਬ ਕੌਰ ਪਤਨੀ ਗਹਿਲ ਸਿੰਘ ਪਰ ਜਦ ਵੋਟਾਂ ਬਣ ਕੇ ਆਈਆਂ ਤਾਂ ਪਤਾ ਲੱਗਾ ਕਿ ਲਿਖਿਆ ਹੋਇਆ ਸੀ, ਨਸੀਬੋ ਪਤਨੀ ਗਹਿਲਾ।

ਹੁਣ ਤਾਂ ਉਹ ਥੱਕ ਹਾਰ ਗਈ ਸੀ ਤੇ ਉਸਨੇ ਵੀ ਆਪਣੇ ਆਪ ਨੂੰ ਨਸੀਬੋ ਹੀ ਸਮਝਣਾ ਸ਼ੁਰੂ ਕਰ ਦਿੱਤਾ ਸੀਨਸੀਬੋ ਸ਼ਾਇਦ ਚੰਗੇ ਭਾਗਾਂ ਵਾਲੀ ਵੀ ਨਹੀਂ ਸੀ। ਉਸਦਾ ਵਿਆਹ ਗਹਿਲੇ ਨਾਲ ਹੋਇਆ। ਘਰ ਖਾਣ ਪੀਣ ਦੀ ਭਾਵੇਂ ਸੌਖ ਸੀ ਪਰ ਇਨ੍ਹਾਂ ਦੋਹਾਂ ਜੀਆਂ ਦਾ ਆਪਸ ਵਿਚ ਝਗੜਾ ਤੇ ਤਕਰਾਰ ਹੀ ਰਹਿੰਦਾ। ਇਕ ਦੂਜੇ ਦੇ ਨੁਕਸ ਕੱਢਦੇ ਰਹਿੰਦੇ। ਗਹਿਲਾ ਬਹੁਤਾ ਕਰਕੇ ਝਗੜੇ ਤੋਂ ਬਚਣ ਖਾਤਰ ਚੁੱਪ ਸਾਧ ਲੈਂਦਾ ਪਰ ਨਸੀਬੋ ਨਾ ਆਪ ਚੈਨ ਲੈਂਦੀ, ਨਾ ਗਹਿਲੇ ਨੂੰ ਸੁਖ ਦਾ ਸਾਹ ਲੈਣ ਦੇਂਦੀ। ਕਈ ਵੇਰਾਂ ਤਾਂ ਰੋਟੀ ਧਰੀ ਦੀ ਧਰੀ ਰਹਿ ਜਾਂਦੀ। ਦੋਵੇਂ ਪਾਸਾ ਵੱਟ ਕੇ ਭੁੱਖੇ ਸੌਂ ਜਾਂਦੇ। ਦਿਨ ਚੜ੍ਹਦੇ ਫੇਰ ਉਹੀ ਹਾਲ। ਨਸੀਬੋ ਸੋਚਦੀ, ਮਰਦ ਦੀ ਝਾੜ ਝੰਬ ਕਰਦੇ ਰਹਿਣਾ ਚਾਹੀਦਾ ਹੈ; ਨਹੀਂ ਤਾਂ ਉਹ ਹੱਥੋਂ ਨਿੱਕਲ ਜਾਂਦਾ ਹੈ। ਇੱਦਾਂ ਉਹ ਆਪਣੇ ਬਚਾਉ ਵਿਚ ਹੀ ਲੱਗਾ ਰਹਿੰਦਾ ਹੈ।

ਇਸ ਰੌਲੇ-ਰੱਪੇ, ਲੜਦਿਆਂ-ਝਗੜਦਿਆਂ ਉਸਦੇ ਦੋ ਬੱਚੇ ਵੀ ਹੋ ਗਏ। ਇਕ ਦਿਨ ਗੱਲ ਐਨੀ ਵਧ ਗਈ ਕਿ ਗਹਿਲਾ ਚੁੱਪ ਕਰਕੇ ਘਰੋਂ ਬਾਹਰ ਨਿੱਕਲ ਤੁਰਿਆ। ਤਰਕਾਲਾਂ ਦਾ ਵੇਲਾ ਸੀ, ਨਸੀਬੋ ਨੇ ਸੋਚਿਆ, ਜਾਣਾ ਇਸ ਕਿੱਥੇ ਹੈ, ਰਾਤ ਪਈ ਆਪੇ ਘਰ ਨੂੰ ਮੁੜ ਆਵੇਗਾ। ਅੱਗੇ ਵੀ ਕਈ ਵੇਰਾਂ ਉਹ ਏਦਾਂ ਹੀ ਘਰੋਂ ਤੁਰ ਜਾਂਦਾ, ਫੇਰ ਆਪੇ ਘਰ ਪਰਤ ਆਉਂਦਾ।

ਅੱਜ ਤਾਂ ਉਹ ਘਰ ਪਰਤਿਆ ਨਾ। ਨਸੀਬੋ ਨੂੰ ਹੁਣ ਚਿੰਤਾ ਹੋਣ ਲੱਗੀ। ਉਸ ਨੇ ਨਾਲ ਦੇ ਗਵਾਂਢੀਆਂ ਦੇ ਮੁੰਡੇ ਨੂੰ ਗਹਿਲੇ ਦੀ ਭਾਲ ਲਈ ਘੱਲਿਆ। ਨਸੀਬੋ ਦੇ ਦੱਸੇ ਸਾਰੇ ਟਿਕਾਣਿਆਂ ਤੇ ਉਸ ਮੁੰਡੇ ਨੇ ਟੋਹਲਿਆ, ਪਰ ਕੁਝ ਥਹੁ ਪਤਾ ਨਾ ਲੱਗਾ।

ਪਿੰਡ ਦੇ ਹਟਵਾਣੀਏ ਨੇ ਦੱਸਿਆ ਕਿ ਜਦ ਉਹ ਪਿੰਡ ਪਰਤ ਰਿਹਾ ਸੀ ਤਾਂ ਉਸ ਗਹਿਲੇ ਨੂੰ ਪਿੰਡੋਂ ਬਾਹਰ ਅੱਡੇ ਨੂੰ ਜਾਂਦੇ ਦੇਖਿਆ ਸੀ।

ਨਸੀਬੋ ਨੇ ਸੋਚਿਆ, ਆਪਣੇ ਕਿਸੇ ਲਗਦੇ ਦੇ ਪਿੰਡ ਚਲਾ ਗਿਆ ਹੋਣਾ ਹੈ। ਇਸ ਨੂੰ ਕੋਈ ਕਿੰਨੇ ਕੁ ਦਿਨ ਝੱਲੇਗਾ? ਆਪੇ ਪਰਤ ਆਊ ਤੇ ਅਗਾਂਹ ਤੋਂ ਨਿੱਤ ਬਾਹਰ ਜਾਣ ਦਾ ਨਸ਼ਾ ਵੀ ਲੱਥ ਜਾਊ।

ਕਈ ਦਿਨ ਤੇ ਫੇਰ ਕਈ ਮਹੀਨੇ ਬੀਤ ਗਏ ਪਰ ਗਹਿਲਾ ਨਾ ਪਰਤਿਆ। ਕਈ ਕਿਆਸ ਅਰਾਈਆਂ ਹੁੰਦੀਆਂ ਰਹੀਆਂ। ਕਈ ਕਹਿਣ, ਉਸ ਦੁਖੀ ਹੋ ਕੇ ਆਪਣੀ ਜਾਨ ਦੇ ਦਿੱਤੀ ਹੋਣੀ ਹੈ। ਤੇ ਕਈ ਨਸੀਬੋ ਦੀ ਆਸ ਵਧਾਉਣ ਲਈ ਕਹਿਣ, ਉਸ ਜ਼ਰੂਰ ਪਰਤ ਆਉਣਾ ਹੈ, ਗਹਿਲਾ ਇਹੋ ਜਿਹਾ ਨਹੀਂ। ਨਜੂਮੀਆਂ ਤੋਂ ਪੁੱਛਾਂ ਪਵਾਈਆਂ ਗਈਆਂ। ਸਾਧੂ ਸੰਤਾਂ ਦੇ ਡੇਰਿਆਂ ਦੇ ਨਸੀਬੋ ਨੇ ਚੱਕਰ ਲਾਏ ਹਰ ਕੋਈ ਕਹੇ ਕਿ ਅਜੇ ਉਹ ਜਿਉਂਦਾ ਹੈ ਤੇ ਉਸ ਆਪੇ ਪਰਤ ਆਉਣਾ ਹੈ।

ਨਸੀਬੋ ਹੁਣ ਨਾ ਸੁਹਾਗਣ ਰਹੀ ਤੇ ਨਾ ਹੀ ਵਿਧਵਾ। ਜਦ ਦੋ ਸਾਲਾਂ ਤੋਂ ਵੀ ਵੱਧ ਸਮਾਂ ਲੰਘ ਗਿਆ ਤਾਂ ਨਸੀਬੋ ਦੀ ਮਰਜ਼ੀ ਦੇ ਉਲਟ ਹੀ ਪੰਚਾਇਤ ਨੇ ਪਿੰਡ ਦੇ ਗੁਰਦਵਾਰੇ ਵਿਚ ਪਾਠ ਦਾ ਭੋਗ ਪਵਾ ਕੇ ਉਸ ਦੀ ਅੰਤਮ ਅਰਦਾਸ ਕਰਾ ਦਿੱਤੀ ਤੇ ਕਿਹਾ, ਨਸੀਬੋ ਲਈ ਤਾਂ ਹੁਣ ਉਹ ਮਰਿਆਂ ਵਰਗਾ ਹੈ, ਜਿਸ ਇੰਨਾ ਸਮਾਂ ਉਸ ਦੀ ਸਾਰ ਨਹੀਂ ਲਈ।

ਨਸੀਬੋ ਨੇ ਹੁਣ ਆਪਣੀ ਜ਼ਮੀਨ ਵੱਲ ਧਿਆਨ ਦੇਣਾ ਸ਼ੁਰੂ ਕਰ ਦਿੱਤਾ। ਗੁਜ਼ਾਰੇ ਜੋਗੀ ਆਮਦਨ ਹੋ ਜਾਂਦੀ। ਦੋਹਾਂ ਬੱਚਿਆਂ ਦੀ ਪੜ੍ਹਾਈ ਵੱਲ ਉਚੇਚਾ ਧਿਆਨ ਦੇਣਾ ਸ਼ੁਰੂ ਕਰ ਦਿੱਤਾ ਹੁਣ ਉਸ ਨੂੰ ਘਾਟ ਸੀ ਤਾਂ ਬੱਸ, ਉਹ ਹੁਣ ਲੜੇ ਝਗੜੇ ਕਿਸ ਨਾਲ? ਇਹ ਉਸ ਦੇ ਸੁਭਾਉ ਵਿਚ ਸੀ ਪਰ ਗਹਿਲਾ ਤਾਂ ਹੁਣ ਹੈ ਨਹੀਂ ਸੀ। ਉਸ ਆਪਣੇ ਅੰਦਰ ਝਾਤੀ ਮਾਰ ਕੇ ਦੇਖਿਆ ਤਾਂ ਉਸ ਨੂੰ ਯਾਦ ਆਇਆ ਕਿ ਨਿੱਕੇ ਹੁੰਦੇ ਜਦ ਅਜੇ ਉਹ ਚੌਦ੍ਹਾਂ-ਪੰਦਰ੍ਹਾਂ ਵਰ੍ਹਿਆਂ ਦੀ ਹੋਣੀ ਹੈ, ਉਸ ਦੀ ਸਹੇਲੀ ਦੀ ਮਾਂ ਉਹਨਾਂ ਨੂੰ ਮੱਤਾਂ ਦਿੰਦੀ ਹੁੰਦੀ ਸੀ, ਉਸ ਕਿਹਾ ਕਰਨਾ, "ਹੁਣ ਤੁਸੀਂ ਜੁਆਨ ਜਹਾਨ ਹੋ, ਵਿਆਹੁਣ ਜੋਗੀਆਂ ਹੋ ਚੱਲੀਆਂ ਜੇ। ਪਰਾਏ ਘਰ ਜਾਣਾ ਜੇ, ਨਵੇਂ ਬੰਦਿਆਂ ਨਾਲ ਵਾਹ ਪੈਣਾ ਹੈ। ਜੇ ਕੁਝ ਪੱਲੇ ਹੋਵੇਗਾ ਤਾਂ ਆਪਣੇ ਪੈਰ ਉੱਥੇ ਜਮਾ ਸਕੋਗੀਆਂ ਤੇ ਆਪਣੇ ਘਰ ਵਾਲੇ ਨੂੰ ਕਾਬੂ ਰੱਖ ਸਕੋਗੀਆਂ” ਉਸ ਕਈ ਜੁਗਤਾਂ ਦੱਸਣੀਆਂ ਤੇ ਖਾਸ ਕਰਕੇ ਹਦਾਇਤ ਕੀਤੀ ਕਿ ਮੌਕਾ ਮਿਲਦੇ ਹੀ ਆਪਣੇ ਘਰ ਵਾਲੇ ਦੀ ਝਾੜ-ਝੰਬ ਕਰਦੇ ਰਹਿਣਾ ਤਾਂ ਜੋ ਹਰ ਵਕਤ ਉਸ ਨੂੰ ਆਪਣੇ ਆਪ ਦੀ ਬਣੀ ਰਹੇ। ਫੇਰ ਉਹ ਤੁਹਾਨੂੰ ਕੁਝ ਕਹਿਣ ਜੋਗਾ ਨਹੀਂ ਰਹਿਣਾ ਤੇ ਲੁਕਦਾ ਫਿਰੂ ਆਪਣੇ ਬਚਾਉ ਲਈ।””

ਨਸੀਬੋ ਨੂੰ ਅੱਜ ਲੱਗਾ ਕੇ ਕਿਸ ਕੁਲਹਿਣੀ ਘੜੀ ਉਸ ਇਹ ਨੁਸਖਾ ਪੱਲੇ ਬੰਨ੍ਹ ਲਿਆ ਤੇ ਆਪਣਾ ਘਰ ਵਾਲਾ, ਜੋ ਰੱਜ ਕੇ ਸਾਊ ਸੀ, ਨੂੰ ਆਪਣੇ ਕੁਬੋਲਾਂ ਨਾਲ ਝਗੜੇ ਦੀ ਭੇਟ ਕਰ ਦਿੱਤਾ। ਨਸੀਬੋ ਨੇ ਝਾਤੀ ਮਾਰ ਕੇ ਤੱਕਿਆ ਤਾਂ ਉਸ ਨੂੰ ਲੱਗਾ ਕਿ ਝਗੜੇ ਕਲੇਸ਼ ਵਿਚ ਉਸ ਵੱਲੋਂ ਬਿਨਾਂ ਕਾਰਨ ਪਹਿਲ ਹੁੰਦੀ ਸੀ। ਤੇ ਗਹਿਲੇ ਨੇ ਜਦ ਤੰਗ ਆ ਕੇ ਚੁੱਪ ਸਾਧ ਲੈਣੀ ਤਾਂ ਉਸ ਫੇਰ ਵੀ ਉਸ ਨੂੰ ਤੁਖਣੀਆਂ ਦੇਣ ਤੋਂ ਨਾ ਹਟਣਾ। ਪਰ ਹੁਣ ਤਾਂ ਲਗਦਾ ਹੈ, ਉਸ ਪੱਕੀ ਚੁੱਪ ਸਾਧ ਲਈ ਸੀ ਤੇ ਉਸ ਪਰਤਣਾ ਨਹੀਂ ਸੀ।

ਨਸੀਬੋ ਨੇ ਮਨ ਬਣਾ ਲਿਆ ਕਿ ਹੁਣ ਉਸ ਰਹਿੰਦੀ ਜ਼ਿੰਦਗੀ ਜਿਉਣੀ ਹੈ ਚੱਜ ਨਾਲ। ਉਸ ਆਪਣੇ ਆਪ ਨੂੰ ਸੰਵਾਰਨਾ ਸ਼ੁਰੂ ਕੀਤਾ। ਕਈ ਚਿਰ ਹੋ ਗਿਆ ਸੀ ਉਸ ਨੂੰ ਆਪਣੇ ਆਪ ਨੂੰ ਰੋਲ ਕੇ ਰੱਖਿਆਂ ਨੂੰ। ਸ਼ਕਲ ਸੂਰਤ ਵੀ ਤਾਂ ਵਿਗੜ ਚੁੱਕੀ ਸੀ। ਕੱਪੜਿਆਂ ਦੇ ਨਾਪ ਵਿਚ ਫਰਕ ਪੈ ਗਿਆ ਸੀ। ਢਿੱਲੇ ਪੈ ਚੁੱਕੇ ਕੱਪੜਿਆਂ ਨੂੰ ਉਸ ਤੰਗ ਕਰਾਉਣਾ ਸ਼ੁਰੂ ਕੀਤਾ ਤੇ ਕੁਝ ਬਦਲੇ ਜ਼ਮਾਨੇ ਦੇ ਨਵੇਂ ਸੂਟ ਵੀ ਖਰੀਦ ਕੇ ਲਿਆਂਦੇ।

ਜਦ ਨਵੇਂ ਕੱਪੜਿਆਂ ਨਾਲ ਬਣ ਸੰਵਰਕੇ ਉਸ ਆਪਣੇ ਆਪ ਨੂੰ ਸ਼ੀਸ਼ੇ ਮੂਹਰੇ ਦੇਖਿਆ ਤਾਂ ਉਸ ਨੂੰ ਲੱਗੇ ਨਾ ਕਿ ਇਹ ਉਹੋ ਨਸੀਬੋ ਹੈ। ਉਸ ਨੂੰ ਸ਼ੀਸ਼ਾ ਛੋਟਾ ਲੱਗਣ ਲੱਗਾ। ਅਗਲੇ ਫੇਰੇ ਉਸ ਸ਼ਹਿਰ ਤੋਂ ਇਕ ਬਹੁਤ ਵੱਡਾ ਸ਼ੀਸ਼ਾ ਲਿਆਂਦਾ। ਇਸ ਸ਼ੀਸ਼ੇ ਵਿਚ ਨਸੀਬੋ ਪੂਰੀ ਦੀ ਪੂਰੀ ਦਿਖ ਪਈ। ਨਸੀਬੋ ਡੌਰ ਭੌਰ ਹੋ ਗਈ। ਆਪਣੇ ਆਪ ਨੂੰ ਸ਼ੀਸ਼ੇ ਵਿਚ ਦੇਖ ਉਸ ਨੂੰ ਆਪਣੇ ਆਪ ਨਾਲ ਪਿਆਰ ਹੋ ਗਿਆ। ਉਸ ਨੂੰ ਹੁਣ ਹਿਰਖ ਹੋਇਆ ਕਿ ਉਸ ਇੰਨੇ ਵਰ੍ਹੇ ਅਜਾਈਂ ਲੜ-ਝਗੜ ਕੇ ਗੰਵਾ ਦਿੱਤੇ।

ਅਗਲੇ ਦਿਨ ਜਦ ਉਹ ਪਿੰਡ ਦੇ ਬਜ਼ਾਰ ਵਿਚ ਸਜ ਧਜ ਕੇ ਲੰਘੀ ਤਾਂ ਪਹਿਲਾਂ ਤਾਂ ਲੋਕਾਂ ਸਮਝਿਆ ਕੋਈ ਸ਼ਹਿਰ ਤੋਂ ਪ੍ਰਾਹੁਣੀ ਕਿਸੇ ਦੇ ਘਰ ਆਈ ਹੋਵੇਗੀ ਪਰ ਜਦ ਪਤਾ ਲੱਗਾ ਕਿ ਇਹ ਤਾਂ ਨਸੀਬੋ ਹੈ, ਤਾਂ ਲੋਕਾਂ ਮੂੰਹ ਵਿਚ ਉਂਗਲਾਂ ਪਾ ਲਈਆਂ। ਸੁਲੱਖਣ ਸਿੰਘ ਸਰਪੰਚ ਵੀ ਉੱਧਰ ਆ ਨਿੱਕਲਿਆ ਤੇ ਉਸ ਨਸੀਬੋ ਨੂੰ ਦੇਖ ਲਲਚਾਈਆਂ ਨਜ਼ਰਾਂ ਨਾਲ ਕਿਹਾ, “ਅੱਜ ਆਥਣੇ ਪੰਚਾਇਤ ਘਰ ਆ ਜਾਈਂ ਗਹਿਲੇ ਬਾਰੇ ਪੁਲੀਸ ਤੋਂ ਪੁੱਛ ਪੜਤਾਲ ਦੇ ਕਾਗਜ਼ ਆਏ ਹਨ।”

ਨਸੀਬੋ ਭਾਂਪ ਗਈ ਤੇ ਉਸ ਉੱਥੇ ਹੀ ਸਰਪੰਚ ਦੀ ਪੱਤ ਲਾਹ ਦਿੱਤੀ। ਵੱਡਾ ਇਕੱਠ ਹੋ ਗਿਆ। ਸਰਪੰਚ ਨੇ ਕਿਹਾ, ਨਸੀਬੋ, ਸਰਪੰਚ ਦੇ ਇਖਤਿਆਰਾਂ ਤੋਂ ਤੂੰ ਵਾਕਿਫ ਨਹੀਂਥਾਣੇ ਤੇ ਸਰਕਾਰੇ ਦਰਬਾਰੇ ਮੇਰੀ ਪਹੁੰਚ ਹੈ।”

ਨਸੀਬੋ ਗੁੱਸਾ ਪੀ ਘਰ ਆ ਗਈ।

ਛੋਟੇ ਲੜਕੇ ਨੇ ਨਸੀਬੋ ਨੂੰ ਕਿਹਾ ਕਿ ਉਸਦੇ ਮਾਸਟਰ ਨੇ ਉਸ ਨੂੰ ਸਕੂਲੇ ਬੁਲਾਇਆ ਹੈ। ਨਸੀਬੋ ਸਕੂਲ ਗਈ ਤਾਂ ਮਾਸਟਰ ਨੇ ਕਿਹਾ, “ਤੇਰਾ ਲੜਕਾ ਦੀਪਾ, ਪੜ੍ਹਾਈ ਵਿਚ ਠੀਕ ਹੈ। ਮੈਂ ਚਾਹੁੰਦਾ ਹਾਂ ਕਿ ਇਸ ਨੂੰ ਵਜ਼ੀਫੇ ਲਈ ਤਿਆਰ ਕਰਾਂ। ਮੈਂ ਇਸ ਨੂੰ ਹਰ ਰੋਜ਼ ਇਕ ਘੰਟਾ ਵੱਧ ਪੜ੍ਹਾਵਾਂਗਾ। ਹੋਰ ਦੋ ਬੱਚੇ ਵੀ ਹਨ ਇਹ ਘਰ ਲੇਟ ਆਵੇਗਾ, ਤੂੰ ਇਸ ਨੂੰ ਉਡੀਕੀਂ ਨਾ।”

ਨਸੀਬੋ ਨੇ ਹਿੰਮਤ ਕਰਕੇ ਮਾਸਟਰ ਨੂੰ ਸਰਪੰਚ ਵਾਲੀ ਗੱਲ ਸੁਣਾਈ ਤੇ ਨਾਲੇ ਕਿਹਾ, “ਮੈਂ ਸਰਪੰਚ ਨੂੰ ਸਬਕ ਸਿਖਾਉਣਾ ਚਾਹੁੰਦੀ ਹਾਂ

ਮਾਸਟਰ ਬੋਲਿਆ, “ਸਰਪੰਚ ਸਾਨੂੰ ਵੀ ਸਕੂਲ ਵਿਚ ਦਖਲ ਦੇ ਕੇ ਤੰਗ ਕਰਦਾ ਰਹਿੰਦਾ ਹੈ ਮੈਂ ਵੀ ਹਿਸਾਬ ਉਸ ਨਾਲ ਚੁਕਤਾ ਕਰਨਾ ਚਾਹੁੰਦਾ ਹਾਂ।”

ਮਾਸਟਰ ਅਗਾਂਹ ਬੋਲਿਆ, “ਜੇ ਤੈਨੂੰ ਪਿੰਡ ਦੀ ਸਰਪੰਚਣੀ ਬਣਾ ਦੇਈਏ ਤਾਂ?

ਨਸੀਬੋ ਹੈਰਾਨ ਹੋ ਗਈ ਤੇ ਕਹਿਣ ਲੱਗੀ, “ਇਹ ਕਿਵੇਂ ਹੋ ਸਕਦਾ ਹੈ?

ਮਾਸਟਰ ਨੇ ਦੱਸਿਆ, ਇਹ ਪਿੰਡ ਸਰਪੰਚੀ ਲਈ ਔਰਤਾਂ ਲਈ ਰਾਖਵਾਂ ਹੈ। ਪਿਛਲੀਆਂ ਚੋਣਾਂ ਵਿਚ ਸਰਪੰਚ ਨੇ ਇਹ ਫਾਈਲ ਮਿਲ ਮਿਲਾ ਕੇ ਦਬਾ ਦਿੱਤੀ ਸੀ ਪਰ ਅਸੀਂ ਐਤਕੀਂ ਇੱਦਾਂ ਨਹੀਂ ਹੋਣ ਦੇਵਾਂਗੇ। ਛੇ ਮਹੀਨੇ ਨੂੰ ਚੋਣਾਂ ਹਨ। ਮੇਰਾ ਵੱਡਾ ਭਰਾ ਇਸੇ ਮਹਿਕਮੇ ਵਿਚ ਹੈ। ਬੱਸ ਤੂੰ ਹੁਣ ਤੋਂ ਚੋਣ ਲੜਨ ਲਈ ਤਿਆਰੀਆਂ ਸ਼ੁਰੂ ਕਰ ਦੇ।””

ਨਸੀਬੋ ਨੇ ਗੁਰਦਵਾਰੇ ਜਾਣਾ ਸ਼ੁਰੂ ਕਰ ਦਿੱਤਾ। ਇਕ ਦਿਨ ਗੁਰਦਵਾਰੇ ਦੇ ਪ੍ਰਧਾਨ ਨੇ ਕਿਹਾ, ਪਿੰਡ ਦੇ ਪ੍ਰਾਇਮਰੀ ਸਕੂਲ ਨੂੰ ਮਿਡਲ ਕਰਾਉਣ ਲਈ ਜ਼ਮੀਨ ਤੇ ਪੈਸੇ ਦੀ ਲੋੜ ਹੈ। ਸਰਪੰਚ ਨੇ ਤਾਂ ਕਦੀ ਧਿਆਨ ਨਹੀਂ ਦਿੱਤਾ। ਸਾਡੇ ਪਿੰਡ ਦੇ ਬੱਚੇ ਜਾਂ ਤਾਂ ਪ੍ਰਾਇਮਰੀ ਤੋਂ ਅੱਗੇ ਨਹੀਂ ਪੜ੍ਹਦੇ, ਜਿਹੜੇ ਪੜ੍ਹਦੇ ਹਨ, ਉਹ ਪੰਜ ਛੇ ਮੀਲ ਪੈਂਡਾ ਕਰਕੇ ਜਾਂਦੇ ਹਨ।”

ਨਸੀਬੋ ਬੋਲੀ, “ਸਕੂਲ ਦੇ ਨਾਲ ਲਗਦੀ ਦੋ ਕਨਾਲ ਜ਼ਮੀਨ ਮੇਰੀ ਹੈ। ਉਹ ਮੈਂ ਗਹਿਲੇ ਦੀ ਯਾਦ ਵਿਚ ਦਾਨ ਕਰਦੀ ਹਾਂ। ... ਨਾਲ ਇਕਵੰਜਾ ਸੌ ਰੁਪਏ ਵੀ ਬਿਲਡਿੰਗ ਲਈ ਦਿੰਦੀ ਹਾਂ ਪਰ ਸਕੂਲ ਇਸੇ ਸਾਲ ਬਣਨਾ ਚਾਹੀਦਾ ਹੈ।”

ਜੈਕਾਰੇ ਛੱਡੇ ਗਏ। ਨਸੀਬੋ ਇਕ ਦਿਨ ਵਿਚ ਹੀ ਸਾਰੇ ਪਿੰਡ ਵਿਚ ਮਸ਼ਹੂਰ ਹੋ ਗਈ।

ਪੰਚਾਇਤ ਦੀਆਂ ਚੋਣਾਂ ਆ ਗਈਆਂ। ਸੁਲੱਖਣ ਸਿੰਘ ਦੇ ਪੈਰਾਂ ਹੇਠੋਂ ਜ਼ਮੀਨ ਨਿੱਕਲ ਗਈ ਦੇਖ ਕੇ ਕਿ ਉਸਦਾ ਇਹ ਪਿੰਡ ਸਰਪੰਚੀ ਲਈ ਤੀਵੀਂਆਂ ਲਈ ਰਾਖਵਾਂ ਹੈ।

ਨਸੀਬੋ ਸਰਪੰਚੀ ਲਈ ਖੜ੍ਹੀ ਹੋ ਗਈ। ਉੱਧਰ ਸਰਪੰਚ ਨੇ ਆਪਣੀ ਤੀਵੀਂ ਜੀਤੋ ਨੂੰ ਖੜ੍ਹਾ ਕਰ ਦਿੱਤਾ। ਕਾਫੀ ਰੌਲਾ ਰੱਪਾ ਪਿਆ ਪਰ ਨਸੀਬੋ ਸਰਪੰਚਣੀ ਲਈ ਜਿੱਤ ਗਈ ਉਸ ਨੇ ਭਰੇ ਮੈਦਾਨ ਵਿਚ ਸੁਲੱਖਣ ਨੂੰ ਲਲਕਾਰਿਆ, "ਤੈਨੂੰ ਹੁਣ ਮੈਂ ਦੱਸੂੰ, ਸਰਪੰਚਣੀ ਦੇ ਕਿੰਨੇ ਅਖਤਿਆਰ ਹੁੰਦੇ ਹਨ।”

ਪਿੰਡ ਦੇ ਪੰਚਾਇਤ ਘਰ ਵਿਚ ਬੋਰਡ ਬਦਲ ਗਿਆ। ਕਮਰੇ ਦੇ ਬਾਹਰ ਬੋਰਡ ਲੱਗਾ ਸੀ: "ਨਸੀਬ ਕੌਰ ਸਰਪੰਚਣੀ"

ਨਸੀਬੋ ਦਾ ਚਿਰਾਂ ਦਾ ਸੁਪਨਾ ਪੂਰਾ ਹੋਇਆ ਕਿ ਪਿੰਡ ਵਿਚ ਹਰ ਕੋਈ ਉਹਨੂੰ ਨਸੀਬ ਕੌਰ ਕਹਿ ਕੇ ਬੁਲਾਵੇ। ਬੱਚਿਆਂ ਤਕ ਖਬਰ ਹੋ ਗਈ ਨਸੀਬ ਕੌਰ ਬਾਰੇ। ਨਸੀਬ ਕੌਰ ਨੂੰ ਹੁਣ ਗਹਿਲਾ ਚੇਤੇ ਆਇਆ। ਉਹ ਸੋਚਣ ਲੱਗੀ, ਅੱਜ ਆ ਕੇ ਕਿਤੋਂ ਭੈੜਿਆ ਦੇਖ, ਹੁਣ ਮੈਂ ਨਸੀਬੋ ਨਹੀਂ, ਨਸੀਬ ਕੌਰ ਹਾਂ।

*****

(38)