SantokhBhana7ਵੇ ਸੰਤੋਖ ... ਸੰਤੋਖ ਵੇ ... ਵੇ ...ਵੇ ... ਉੱਠ ਕੇ ਵੇਖ ਤਾਂ ਸਹੀ ...”
(ਜੁਲਾਈ 5, 2016)

 

ਕਣਕ ਨੂੰ ਵਾਢੀ ਪੈ ਗਈ ਸੀ। ਮੇਰੀ ਬੀਬੀ ਜੀ ਇੱਕ ਦਿਨ ਬਾਬੇ ਪਿਆਰੇ ਦੇ ਘਰ ਜਾ ਕੇ ਦਾਦੀ ਜੀ ਨਾਲ ਇਹ ਗੱਲ ਪੱਕੀ ਕਰ ਆਈ ਸੰਤੋਖਾ ਹੁਣ ਦਸਵੀਂ ਕਰ ਕੇ ਵਿਹਲਾ ਈ ਆ, ਤੁਸੀਂ ਅਵਤਾਰ ਤੇ ਮਿੰਦਰ ਨੂੰ ਕਹਿਣਾ ਕਿ ਉਹ ਇਹਨੂੰ ਵੀ ਹਾੜ੍ਹੀ ਵੱਢਣ ਲਈ ਨਾਲ ਲੈ ਜਾਇਆ ਕਰਨ। ਕਿਸੇ ਨੂੰ ਇਹ ਥੋੜ੍ਹਾ ਪਤਾ ਲੱਗਣੈ ਕਿ ਇਹ ਦਿਹਾੜੀਆਂ ਕਰਦੈ। ਲੋਕ ਤਾਂ ਇਹੀ ਸਮਝਣਗੇ ਕਿ ਆਪਣੇ ਚਾਚਿਆਂ ਨਾਲ ਕੰਮ ਕਰਵਾਉਂਦੈ। ਤੁਸੀਂ ਸਾਨੂੰ ਚਾਰ ਬੋਰੀਆਂ ਕਣਕ ਦੀਆਂ ਦੇ ਦੇਣੀਆਂ। ਪੈਸੇ ਘਰ ਆਏ ਤਾਂ ਖੂੰਜੀਂ-ਖੱਲੀਂ ਵੜ ਜਾਣਗੇ। ਇਹਦਾ ਭਾਊ (ਪਿਤਾ) ਤਾਂ ਤੈਨੂੰ ਪਤੈ ਪਿਛਲੇ ਦੋ ਸਾਲਾਂ ਤੋ ਮੰਜੇ ’ਤੇ ਪਿਐ। ਜਮੀਨ ਦੇ ਜਿਹੜੇ ਤਿੰਨ ਕਿੱਲੇ ਹਿੱਸੇ ਠੇਕੇ ਤੇ ਦਿੰਦੇ ਆਂ, ਉਹ ਕੁਝ ਪੱਲੇ ਨਹੀਂ ਪਾਉਂਦੇ।”

ਭਾਊ ਜੀ ਪਿਛਲੇ ਦੋ ਸਾਲਾਂ ਤੋ ਰੀਂਗਣ ਵਾਅ ਦੀ ਤਕਲੀਫ ਕਾਰਨ ਮੰਜੇ ਨਾਲ ਜੁੜੇ ਹੋਏ ਸਨ। ਉਨਾਂ ਨੇ ਤਾਂ ਮੈਨੂੰ ਅੱਠਵੀਂ ਪਾਸ ਕਰਨ ਤੋਂ ਬਾਅਦ ਹੀ ਪੜ੍ਹਾਉਣ ਤੋ ਨਾਂਹ ਕਰ ਦਿੱਤੀ ਸੀ। ਤਿੰਨ ਕੁ ਕਿੱਲੇ ਜਮੀਨ ਹਿੱਸੇ ਠੇਕੇ ’ਤੇ ਦਿੱਤੀ ਹੋਈ ਸੀ। ਪਾਕਿਸਤਾਨੋਂ ਏਧਰ ਇੰਨੀ ਕੁ ਜਮੀਨ ਹੀ ਅਲਾਟ ਹੋਈ ਸੀ। ਇਸ ਨਾਲ ਪਰਿਵਾਰ ਦਾ ਗੁਜ਼ਾਰਾ ਹੋਣਾ ਔਖਾ ਸੀ। ਸਾਰੇ ਭੈਣਾਂ-ਭਰਾਵਾਂ ਤੋਂ ਵੱਡਾ ਹੋਣ ਕਰਕੇ ਘਰ ਦਾ ਤੋਰਾ ਤੋਰਨ ਦੀ ਜ਼ਿੰਮੇਵਾਰੀ ਮੇਰੀ ਬਣਦੀ ਸੀ। ਦਾਦੀ ਜੀ ਅਤੇ ਤਾਇਆ ਜੀ ਦੀ ਹਿੰਮਤ ਨਾਲ ਮੈਂ ਦਸਵੀਂ ਪਾਸ ਕਰ ਲਈ।

ਸਾਡੇ ਸਕਿਆਂ ਵਿੱਚੋਂ ਬਾਹਰਲੇ ਘਰ ਵਾਲੇ ਬਾਬੇ ਪਿਆਰੇ ਕਿਆਂ ਦੀ ਸਾਨੂੰ ਪੂਰੀ ਇਮਦਾਦ ਸੀ। ਵੇਲੇ-ਕੁਵੇਲੇ ਕਈ ਜਰੂਰਤ ਦੀਆਂ ਚੀਜ਼ਾਂ ਮੈਂ ਓਧਰੋਂ ਲੈ ਆਉਂਦਾ। ਉਨ੍ਹਾਂ ਦੀ ਜਮੀਨ-ਜਾਇਦਾਦ ਚੰਗੀ ਸੀ।

ਸਵੇਰੇ ਸਵਖਤੇ ਉੱਠ ਕੇ ਪਹਿਲਾਂ ਮੈ ਨਿਆਈਂ ਵਿੱਚੋਂ ਆਪਣੀ ਮੱਝ ਲਈ ਪੱਠੇ ਵੱਢ ਕੇ ਲਿਆਉਂਦਾ, ਟੋਕੇ ’ਤੇ ਕੜਬ ਕੁਤਰਦਾ ਤੇ ਫਿਰ ਹਾੜ੍ਹੀ ਵੱਢਣ ਚਲਾ ਜਾਂਦਾ। ਅਲੂੰਏ ਜਿਹੇ ਕਮਜ਼ੋਰ ਸਰੀਰ ਲਈ ਵਾਢੀਆਂ ਦਾ ਸਖਤ ਕੰਮ ਕਰਨਾ ਸੀ ਤਾਂ ਔਖਾ, ਪਰ ਮਜਬੂਰੀ ਸੀ।

ਸਵੇਰ ਤੋਂ ਸ਼ਾਮ ਤਕ ਕਣਕ ਵੱਢਣੀ, ਕਣਕ ਦੀਆਂ ਭਰੀਆਂ ਚੁੱਕ ਕੇ ਇੱਕ ਥਾਂ ਮੰਡਲੀਆਂ ਲਾਉਣੀਆਂ ਤੇ ਫਿਰ ਖੇਤ ਵਿੱਚੋਂ ਮੋਟੇ-ਮੋਟੇ ਮਿੱਟੀ ਦੇ ਡਲ਼ੇ ਪੁੱਟ ਕੇ ਮੰਡਲੀਆਂ ਉੱਤੇ ਰੱਖਣੇ ਤਾਂ ਜੋ ਤੇਜ਼ ਮੀਂਹ-ਹਨੇਰੀ ਨਾਲ ਮੰਡਲੀਆਂ ਖਿਲਰ ਨਾ ਜਾਣ।

ਢੱਡੀ ਵਾਲੇ ਪਾਸੇ ਦੀ ਕਣਕ ਵੱਢ ਲਈ ਗਈ ਤਾਂ ਗੱਡਿਆ ਉੱਤੇ ਲੱਦ ਕੇ ਪਿੰਡ ਦੇ ਨੇੜੇ ਪਿੜਾਂ ਵਿੱਚ ਸੁੱਟਣੀ ਸ਼ੁਰੂ ਕਰ ਦਿੱਤੀ। ਕਣਕ ਦੀਆਂ ਸਾਰੀਆਂ ਭਰੀਆਂ ਪਿੜ ਵਿੱਚ ਗੋਲ ਘੇਰੇ ਵਿਚ ਖਿਲਾਰ ਕੇ ਫਲ੍ਹੇ ਪਾ ਲਏ। ਪੂਰੀ ਤਰ੍ਹਾਂ ਗਾਹ ਕੇ ਤਰੰਗਲੀਆਂ ਨਾਲ ਹਵਾ ਵਿੱਚ ਉਛਾਲ ਕੇ ਤੂੜੀ ਦਾ ਵੱਖਰਾ ਢੇਰ ਲਾ ਲਿਆ ਗਿਆ। ਦੁਪਹਿਰ ਤੋਂ ਬਾਅਦ ਜਦੋਂ ਹਵਾ ਰੁਮਕ ਪਈ ਤਾਂ ਚਾਚੇ ਅਵਤਾਰ ਤੇ ਮਿੰਦਰ ਨੇ ਛੱਜਲੀਆਂ ਨਾਲ ਕਣਕ ਦਾ ਬੋਹਲ ਲਾਉਣਾ ਸ਼ੁਰੂ ਕਰ ਦਿੱਤਾ।

ਮੈਂ ਉਨ੍ਹਾਂ ਦੇ ਸੀਰੀਆਂ ਨਾਲ ਰਲ ਕੇ ਤੂੜੀ ਢੋਣ ਲੱਗ ਪਿਆ। ਚਾਚੇ ਅਵਤਾਰ ਨੂੰ ਪੁੱਛ ਕੇ ਮੈਂ ਕੁਝ ਪੰਡਾਂ ਆਪਣੀ ਮੱਝ ਲਈ ਘਰ ਵੀ ਸੁੱਟਣ ਚਲਾ ਗਿਆ। ਥੋੜ੍ਹਾ ਚਿਰ ਸਾਹ ਲੈਣ ਲਈ ਬੀਬੀ ਜੀ ਕੋਲ ਬੈਠਿਆ ਤਾਂ ਉਹ ਮੇਰੇ ਨੇੜੇ ਹੋ ਗਈ,ਪੁੱਤਰ, ਕਣਕ ਕਦੋਂ ਢੋਣੀ ਐ ...?

ਕੱਲ੍ਹ ਨੂੰ ਸਵੇਰੇ ਮੂੰਹ-ਨ੍ਹੇਰੇ ... ਅੱਜ ਤਾਂ ਤੂੜੀ ਦਾ ਕੰਮ ਈ ਮਸਾਂ ਨਿੱਬੜੂ ...

ਆਵਦੇ ਚਾਚੇ ਨੂੰ ਪੁੱਛ ਕੇ ਵੀਹ-ਪੱਚੀ ਸੇਰ ਪੀਹਣ ਜੋਗੀ ਕਣਕ ਤਾਂ ਘਰੇ ਸੁੱਟ ਜੀਂ।

ਪੁੱਛ ਲਊਂਗਾ ...ਕਹਿ ਕੇ ਮੈਂ ਪਿੜਾਂ ਵੱਲ ਨੂੰ ਤੁਰ ਪਿਆ।

ਜਿਹੜੇ ਬਸਤੀ ਵਾਲੇ ਅਰਜਨ ਅਮਲੀ ਕਿਆਂ ਨੂੰ ਅਸੀਂ ਜਮੀਨ ਹਿੱਸੇ ’ਤੇ ਦਿੱਤੀ ਹੋਈ ਸੀ, ਉਹ ਪਿਛਲੇ ਦੋ ਸਾਲਾਂ ਤੋਂ ਬਾਜਰਾ ਹੀ ਬੀਜ ਰਹੇ ਸਨ ਤੇ ਸਾਡੇ ਹਿੱਸੇ ਆਉਂਦਾ ਤਿੰਨ ਚਾਰ ਮਣ ਬਾਜਰਾ ਸਾਨੂੰ ਦੇ ਛੱਡਦੇ ਸਨ। ਕਣਕ ਦੇ ਆਟੇ ਤੋਂ ਬਿਨਾਂ ਨਿਰੇ ਬਾਜਰੇ ਦੀਆਂ ਰੋਟੀਆਂ ਸਾਡੀ ਬੀਬੀ ਪਤਾ ਨਹੀਂ ਕਿਵੇਂ ਥੱਪ ਲੈਂਦੀ ਸੀ। ਬਾਜਰੇ ਦੀਆਂ ਸਖਤ ਅਤੇ ਖੁਸ਼ਕ ਰੋਟੀਆਂ ਖਾ-ਖਾ ਕੇ ਮਨ ਅੱਕਿਆ ਪਿਆ ਸੀ।

ਇਸ ਤੋਂ ਇਲਾਵਾ ਗੱਲ ਇਹ ਵੀ ਸੀ ਕਿ ਪਿੰਡ ਢੁੱਡੀ ਦੇ ਸਕੂਲ ਵਿਚ ਪੜ੍ਹਨ ਲਈ ਪੈਦਲ ਜਾਣਾ ਪੈਂਦਾ ਸੀ। ਮਿਰਚਾਂ ਦੀ ਚਟਣੀ ਰੱਖ ਕੇ ਪੋਣੇ ਵਿਚ ਬੰਨ੍ਹੀਆਂ ਬਾਜਰੇ ਦੀਆਂ ਰੋਟੀਆਂਝੋਲੇ ਅਤੇ ਕਿਤਾਬਾਂ ਦੇ ਵਿਚਕਾਰ ਪਿਸ ਕੇ ਚੂਰ-ਭੂਰ ਹੋ ਜਾਂਦੀਆਂ। ਅੱਧੀ ਛੁੱਟੀ ਵੇਲੇ ਸਕੂਲ ਦੀ ਹਲਟੀ ਦੁਆਲੇ ਬਹਿ ਕੇ ਸਾਰੇ ਜਣੇ ਰੋਟੀਆਂ ਖਾਂਦੇ ਸਨ। ਮੈਂ ਸਾਰਿਆਂ ਤੋ ਵੱਖਰਾ ਹੋ ਕੇ, ਓਹਲੇ ਵਿਚ ਬਹਿ ਕੇ ਇਸ ਚੂਰ-ਭੂਰ ਦੇ ਫੱਕੇ ਮਾਰ ਲੈਂਦਾ ਤੇ ਹਲਟੀ ਤੋਂ ਬੁੱਕਾਂ ਨਾਲ ਪਾਣੀ ਪੀ ਕੇ ਤਸੱਲੀ ਕਰ ਲੈਂਦਾ। ਇੱਕ ਦਿਨ ਸਾਡੀ ਕਲਾਸ ਇੰਚਾਰਜ ਬਲਵੀਰ ਕੌਰ ਭੈਣ ਜੀ ਟਹਿਲਦੇ-ਟਹਿਲਦੇ ਮੇਰੇ ਪਿੱਛੇ ਆਣ ਖਲੋਤੇ ਅਤੇ ਫਿਰ ਹੌਲੀ ਜਿਹੀ ਮੇਰੇ ਨਾਲ ਖਹਿ ਕੇ ਬਹਿ ਗਏ। ਮੈਂ ਆਪਣਾ ਚੂਰ-ਭੂਰ ਵਾਲਾ ਪੋਣਾ ਲੁਕਾਉਣ ਲਈ ਟੇਢਾ ਜਿਹਾ ਹੋ ਕੇ ਬਹਿ ਗਿਆ। ਭੈਣ ਜੀ ਹੋਰ ਵੀ ਮੇਰੇ ਨਾਲ ਲੱਗ ਗਏ। ਸੰਤੋਖਿਆ, ਵਿਖਾ ਤਾਂ ਸਹੀ, ਕਾਹਦੇ ਨਾਲ ਰੋਟੀ ਖਾ ਰਿਹੈਂ?”

ਨਹੀਂ ... ਭੈਣ ਜੀ ... ਨਹੀਂ ...” ਮੇਰੇ ਨਾਂਹ-ਨਾਂਹ ਕਰਦਿਆਂ ਉਨ੍ਹਾਂ ਨੇ ਮੇਰੇ ਹੱਥੋਂ ਪੋਣਾ ਖੋਹ ਕੇ ਉਸ ਚੂਰ-ਭੂਰ ਦਾ ਫੱਕਾ ਮਾਰ ਲਿਆ।

ਇਹ ਤਾਂ ਸੁਆਦ ਈ ਬੜਾ ਏ ...ਕਹਿ ਕੇ ਭੈਣ ਜੀ ਤੁਰ ਗਏ, ਪਰ ਮੈਨੂੰ ਸ਼ਰਮਿੰਦਗੀ ਬੜੀ ਹੋਈ।

ਦਿਨ-ਰਾਤ ਦੀ ਸਖਤ ਮਿਹਨਤ ਨਾਲ ਭਾਵੇਂ ਮੇਰਾ ਸਰੀਰ ਥੱਕ ਕੇ ਦਰਦਾਂ ਨਾਲ ਭਰਿਆ ਪਿਆ ਸੀ ਪਰ ਇਸ ਉਮੀਦ ਨੇ ਕਿ ਅਸੀਂ ਵੀ ਕਣਕ ਦੀ ਰੋਟੀ ਖਾਵਾਂਗੇ, ਮੇਰੇ ਅੰਦਰ ਨਵੀਂ ਤਰੰਗ ਭਰੀ ਰੱਖੀ, ਤੇ ਮੈਂ ਬਿਨਾਂ ਕਿਸੇ ਸ਼ਿਕਵੇ-ਸ਼ਿਕਾਇਤ ਦੇ ਬਾਬੇ ਪਿਆਰੇ ਦੇ ਘਰ ਦਾ ਦਿਹਾੜੀ-ਦੱਪੇ ਦਾ ਕੰਮ ਜੀਅ ਜਾਨ ਨਾਲ ਕਰਦਾ ਰਿਹਾ। ਇਸ ਮਿਹਨਤ ਦੇ ਮੈਨੂੰ ਭਾਵੇਂ ਨਕਦ ਪੈਸੇ ਨਹੀਂ ਸਨ ਮਿਲਣੇ, ਪਰ ਕਣਕ ਮਿਲਣ ਦਾ ਚਾਅ ਅਤੇ ਕਣਕ ਦੀਆਂ ਰੋਟੀਆਂ ਖਾਣ ਦੀ ਖੁਸ਼ੀ ਮੈਨੂੰ ਉਡਾਈ ਫਿਰਦੀ ਸੀ।

ਰਾਤੀਂ ਸੁੱਤਿਆਂ ਮੈਨੂੰ ਤਾਂ ਪਤਾ ਵੀ ਨਹੀਂ ਲੱਗਿਆ। ਥਕੇਵਾਂ ਇੰਨਾ ਸੀ ਕਿ ਸੁਰਤ ਹੀ ਨਹੀਂ ਸੀ। ਗੂੜ੍ਹੀ ਨੀਂਦ। ਰਾਤ ਅੱਧੀਓਂ ਵੱਧ ਲੰਘ ਗਈ ਸੀ। ਬੀਬੀ ਜੀ ਉੱਚੀ-ਉੱਚੀ ਆਵਾਜ਼ਾਂ ਮਾਰ ਕੇ ਮੈਨੂੰ ਹਲੂਣ ਰਹੀ ਸੀ, “ਵੇ ਸੰਤੋਖ ... ਸੰਤੋਖ ਵੇ ... ਵੇ ...ਵੇ ... ਉੱਠ ਕੇ ਵੇਖ ਤਾਂ ਸਹੀ ...

ਮੈਂ ਅੱਭੜਵਾਹੇ ਅੱਖਾਂ ਮਲਦਾ ਉੱਠਿਆ। ਤੇਜ਼ ਤੂਫਾਨ। ਬੱਦਲਾਂ ਦੀ ਖਤਰਨਾਕ ਗੜਗੜਾਹਟ। ਲੱਗਦਾ ਸੀ ਜਿਵੇਂ ਕੰਧਾਂ ਕੋਠੇ ਪਾਟ ਜਾਣਗੇ। ਬੂਹਿਓਂ ਬਾਹਰ ਮੂੰਹ ਨਹੀਂ ਸੀ ਕੱਢਿਆ ਜਾਂਦਾ। ਪਿੜਾਂ ਵਿਚ ਪਏ ਤੂੜੀ ਦੇ ਢੇਰਾਂ ਦੇ ਢੇਰਸ਼ੂਕਦੇ ਤੂਫਾਨ ਨਾਲ ਉੱਡ ਕੇ ਆਸਮਾਨ ਵਿਚ ਖਿੱਲਰ ਗਏ ਸਨ। ਉੱਡ ਉੱਡ ਕੇ ਆਈ ਤੂੜੀ ਨਾਲ ਵਿਹੜਾ ਭਰਦਾ ਜਾਂਦਾ ਸੀ

ਵੇਖਦਿਆਂ ਹੀ ਵੇਖਦਿਆਂ ਪਹਿਲਾਂ ਗੜਿਆਂ ਦੀ ਤੇਜ਼ ਬੁਛਾੜ ਹੋਈ ਤੇ ਫਿਰ ਬੱਦਲਾਂ ਦੀ ਖਤਰਨਾਕ ਗੜਗੜਾਹਟ ਨਾਲ ਤੂਫਾਨੀ ਬਾਰਸ਼ ਸ਼ੁਰੂ ਹੋ ਗਈ। ਮੀਂਹ ਤਾਂ ਰੁਕਣ ਦਾ ਨਾਂ ਹੀ ਨਹੀਂ ਸੀ ਲੈ ਰਿਹਾ।

ਕਣਕ ਦਾ ਕੀ ਬਣੂੰ ...?” ਬੀਬੀ ਜੀ ਬੈਠੀ ਬੈਠੀ ਬੁੜਬੁੜਾਈ। ਉਹਦਾ ਗੱਚ ਭਰ ਆਇਆ ਸੀ।

ਵਾਗਰੂ-ਵਾਗਰੂ ਕਰ ਹਰਬੰਸ ਕੁਰੇ ... ਉਹਦੇ ਅੱਗੇ ਕੀਹਦਾ ਜੋਰ ਐ ...?” ਲੱਤਾਂ ਵਿੱਚੋਂ ਨਿੱਕਲਦੀਆਂ ਚੀਸਾਂ ਨੂੰ ਆਪਣੇ ਹੱਥਾਂ ਨਾਲ ਪੋਲਾ ਪੋਲਾ ਘੁੱਟਦੇ ਭਾਊ ਜੀ ਕਹਿ ਰਹੇ ਸਨ।

ਮੇਰੇ ਛੋਟੇ ਭੈਣ-ਭਰਾ ਡੌਰ-ਭੌਰ ਹੋਏ ਬੈਠੇ ਸਨ। ਸਹਿਮੇ-ਸਹਿਮੇ। ਮੇਰੇ ਅੰਗ-ਅੰਗ ਵਿਚ ਥਕੇਵੇਂ ਦੀਆਂ ਚਸਕਾਂ ਪੈ ਰਹੀਆਂ ਸਨ।

ਪਹੁ ਫੁੱਟਦੇ ਨੂੰ ਮੈਂ ਕਾਹਲੀ ਕਾਹਲੀ ਪਿੜਾਂ ਵੱਲ ਨੂੰ ਹੋ ਤੁਰਿਆ। ਸਾਰਾ ਗੁੱਭ-ਗੁਲ੍ਹਾਟ ਕੱਢ ਕੇ ਅਸਮਾਨ ਸਾਫ ਸੀਬੀਬੀ ਜੀ ਵੀ ਮੇਰੇ ਮਗਰੇ ਹੋ ਤੁਰੀ॥. ਪਿੜਾਂ ਦਾ ਹਾਲ ਵੇਖ ਕੇ ਮੈਨੂੰ ਗਸ਼ੀਆਂ ਪੈਣ ਨੂੰ ਹੋ ਗਈਆਂ। ਮੇਰਾ ਦਿਮਾਗ ਸੁੰਨ ਹੋ ਗਿਆ।

ਜਿਹੜੀ ਥਾਂ ਉੱਤੇ ਕਣਕ ਦਾ ਬੋਹਲ ਲੱਗਿਆ ਹੋਇਆ ਸੀ, ਉਹਦੇ ਨਾਲ ਦੀ ਲੰਘਦਾ ਕੱਚਾ ਖਾਲ, ਮਸਾਂ ਦੋ ਕੁ ਕਿੱਲਿਆਂ ਦੀ ਵਿੱਥ ਤੇ ਛੱਪੜ ਵਿਚ ਪੈਂਦਾ ਸੀ। ਇਸ ਖਾਲ ਰਾਹੀਂ ਛੱਪੜ ਨੂੰ ਵਾਰੀ ਦਾ ਨਹਿਰੀ ਪਾਣੀ ਪਾਇਆ ਜਾਂਦਾ ਸੀ।

ਤੇਜ਼ ਮੀਂਹ ਅਤੇ ਝੱਖੜ ਨਾਲ ਸਾਰੇ ਦਾ ਸਾਰਾ ਬੋਹਲ ਰੁੜ੍ਹ ਕੇ ਖਾਲ ਰਾਹੀਂ ਛੱਪੜ ਵਿਚ ਜਾ ਵੜਿਆ ਸੀ। ਖਾਲ ਵਿਚ ਥਾਂ-ਥਾਂ ਅਟਕੀ ਹੋਈ ਕਣਕ ਬੱਕਲੀਆਂ ਬਣੀ ਪਈ ਸੀ।

ਰੁੜ੍ਹੀ ਜਾਂਦੀ ਕਣਕ ਨੂੰ ਪੋਲਾ ਪੋਲਾ ਟੋਂਹਦੀ ਬੀਬੀ ਜੀ ਦੇ ਗਲ਼ੇ ਵਿਚ ਭਰਿਆ ਗੱਚ ਹਉਕਾ ਬਣ ਕੇ ਨਿੱਕਲ ਗਿਆ। ਅੱਖਾਂ ਵਿੱਚੋਂ ਹੰਝੂਆਂ ਦੀਆਂ ਘਰਾਲ਼ਾਂ ਵਹਿ ਤੁਰੀਆਂ।

*****

(342)

ਇਸ ਕਹਾਣੀ ਬਾਰੇ ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

   

About the Author

ਸੰਤੋਖ ਸਿੰਘ ਭਾਣਾ

ਸੰਤੋਖ ਸਿੰਘ ਭਾਣਾ

Faridkot, Punjab, India.
Email:
(santokhbhana.sodhi@gmail.com)
Mobile:  98152 - 96475