“ਕੋਈ ਗੱਲ ਨੀ, ਤੂੰ ਦਿਲ ਹੌਲਾ ਨਾ ਕਰ। ਆਪਾਂ ਇਹ ਘਰ ਤੇ ਦੁਕਾਨ ਵੇਚ ਕੇ ਤੇਰਾ ...”
(12 ਦਸੰਬਰ 2019)
ਉੱਦੋਂ ਮੈਂ ਦਸਵੀਂ ਵਿੱਚ ਪੜ੍ਹਦਾ ਸੀ ਉਦੋਂ ਤੋਂ ਹੀ ਮੇਰੀ ਅਮਰੀਕਾ ਜਾਣ ਦੀ ਚਾਹਤ ਇੱਕ ਜਨੂੰਨ ਦੇ ਰੂਪ ਵਿੱਚ ਬਦਲਣ ਲੱਗੀ। ਜਦੋਂ ਮੈਂ ਘਰ ਗੱਲ ਕਰਦਾ ਕਿ ਮੈਂ ਦਸਵੀਂ ਤੋਂ ਬਾਅਦ ਦੀ ਪੜ੍ਹਾਈ ਆਪਣੇ ਮਾਮੇ ਕੋਲ ਅਮਰੀਕਾ ਵਿੱਚ ਜਾ ਕੇ ਕਰਨੀ ਹੈ, ਤਾਂ ਪਾਪਾ ਕਹਿਣ ਲੱਗਦੇ, “ਤੂੰ ਪਹਿਲਾਂ ਦਸ ਤਾਂ ਕਰ ਲੈ, ਤੇਰੇ ਲੱਛਣ ਲੱਗਦੇ ਨ੍ਹੀ ਪੜ੍ਹਨ ਵਾਲੇ। ਚੁੱਪ ਕਰਕੇ ਪੜ੍ਹ ਲੈ, ਜਿੰਨਾ ਪੜ੍ਹਿਆ ਜਾਂਦਾ, ਨਹੀਂ ਤਾਂ ਦੁਕਾਨ ਉੱਤੇ ਬੈਠ ਕੇ ਸਮੋਸੇ ਤਲਣੇ ਸਿੱਖ ਲੈ।”
ਮੰਮੀ ਵੀ ਹਰ ਵਾਰ ਮੈਂਨੂੰ ਇਸੇ ਤਰ੍ਹਾਂ ਟਾਲ ਦਿੰਦੀ ਤੇ ਕਹਿ ਦਿੰਦੀ, “ਕੋਈ ਨੀ ਦੀਨਿਆ, ਦੇਖਾਂਗੇ ... ਆਉਣ ਦੇ ਟਾਇਮ।” ਪਰ ਅਮਰੀਕਾ ਜਾਣ ਦਾ ਨਸ਼ਾ ਮੇਰੇ ਸਿਰ ਚੜ੍ਹ ਕੇ ਬੋਲਣ ਲੱਗਾ। ਮੈਂ ਦਿਨ ਰਾਤ ਬੱਸ ਇਹੀ ਸੋਚਦਾ ਰਹਿੰਦਾ ਕਿ ਕਦੋਂ ਮੈਂ ਅਮਰੀਕਾ ਜਾਵਾਂਗਾ ਤੇ ਉੱਥੇ ਪੜ੍ਹ ਕੇ ਹੀ ਕੋਈ ਵੱਡੀ ਨੌਕਰੀ ਹਾਸਲ ਕਰ ਲਵਾਂਗਾ ਤੇ ਫਿਰ ਬੱਸ ਡਾਲਰਾਂ ਵਿੱਚ ਹੀ ਖੇਡਣਾ ਹੈ। ਇਹੋ ਜਿਹੇ ਮੁੰਗੇਰੀ ਲਾਲ ਵਰਗੇ ਹੁਸੀਨ ਸੁਪਨਿਆਂ ਨਾਲ ਦਿਨ ਚੜ੍ਹਦਾ ਤੇ ਢਲਦਾ। ਪੜ੍ਹਾਈ ਵੱਲ ਮੇਰਾ ਧਿਆਨ ਘਟਦਾ ਜਾਂਦਾ। ਦਸਵੀਂ ਜਮਾਤ ਦੇ ਪੇਪਰ ਜਿਵੇਂ ਜਿਵੇਂ ਨੇੜੇ ਆ ਰਹੇ ਸਨ, ਮੈਂਨੂੰ ਅਮਰੀਕਾ ਜਾਣ ਲਈ ਜਹਾਜ਼ ਚੜ੍ਹਨ ਵਾਲਾ ਦਿਨ ਨੇੜੇ ਆਉਂਦਾ ਜਾਪਦਾ।
ਜਿਸ ਦਿਨ ਮੇਰਾ ਦਸਵੀਂ ਜਮਾਤ ਦਾ ਆਖਰੀ ਪੇਪਰ ਸੀ, ਉਸੇ ਦਿਨ ਮੈਂ ਆਈਲੈਟਸ ਦੀ ਟਿਊਸ਼ਨ ਸ਼ੁਰੂ ਕਰ ਲਈ ਅਤੇ ਘਰਦਆਂ ਨਾਲ ਲੜਦੇ ਝਗੜਦੇ ਨੇ ਪਾਸਪੋਰਟ ਵੀ ਬਣਵਾ ਲਿਆ। ਜਦੋਂ ਵੀ ਮੈਂ ਬਾਹਰ ਜਾਣ ਦੀ ਗੱਲ ਕਰਦਾ ਤਾਂ ਘਰ ਵਿੱਚ ਕਲੇਸ਼ ਸ਼ੁਰੂ ਹੋ ਜਾਂਦਾ ਤੇ ਮੇਰੀ ਮਾਂ ਹਰ ਵਾਰ ਇਹੀ ਕਹਿੰਦੀ, “ਕੱਲਾ’ ਕਹਿਰਾ ਮੁੰਡਾ ਸਾਡਾ, ਅਸੀਂ ਕਿਵੇਂ ਬਾਹਰ ਭੇਜ ਦੇਈਏ।” ਉੱਧਰ ਅਮਰੀਕਾ ਵਿੱਚ ਮਾਮੇ ਨਾਲ ਮੈਂ ਹਰ ਤੀਜੇ ਦਿਨ ਗੱਲ ਕਰਦਾ ਰਹਿੰਦਾ।
ਮੇਰੇ ਜ਼ੋਰ ਪਾਉਣ ਉੱਤੇ ਮਾਮੇ ਨੇ ਮੇਰੀ ਮੰਮੀ ਤੇ ਪਾਪਾ ਨੂੰ ਮਨਾ ਹੀ ਲਿਆ। ਉਸ ਨੇ ਕਿਹਾ ਕਿ ਅਮਰੀਕਾ ਆ ਕੇ ਮੁੰਡੇ ਦੀ ਜ਼ਿੰਦਗੀ ਬਣ ਜਾਵੇਗੀ ਤੇ ਚਾਰ-ਪੰਜ ਸਾਲ ਪੜ੍ਹਨ ਤੋਂ ਬਾਅਦ ਚਾਹੇ ਤਾਂ ਇਸ ਨੂੰ ਇੰਡੀਆ ਬੁਲਾ ਲੈਣਾ, ਨਹੀਂ ਤਾਂ ਤੁਸੀਂ ਵੀ ਇੱਥੇ ਆ ਜਾਣਾ।
ਅਗਲੇ ਦਿਨ ਜਦ ਮੈਂ ਸਵੇਰੇ ਜਾਗਿਆ ਤਾਂ ਮੇਰੇ ਮੰਮੀ ਪਾਪਾ ਮੇਰੇ ਕੋਲ ਆਏ ਤੇ ਪਾਪਾ ਕਹਿਣ ਲੱਗੇ, “ਗੱਲ ਸੁਣ ਪੁੱਤਰਾ! ਤੇਰੀ ਨਿਆਣੀ ਉਮਰ ਕਰਕੇ ਤੈਨੂੰ ਕੁਝ ਨਹੀਂ ਕਹਿ ਰਹੇ ਸੀ ਪਰ ਤੂੰ ਆਪਣੀ ਜਿੱਦ ਉੱਤੇ ਅੜਿਆ ਹੋਇਐਂ ਤਾਂ ਫਿਰ ਮੇਰੀ ਗੱਲ ਧਿਆਨ ਨਾਲ ਸੁਣ ਲੈ-ਨਾ ਮੈਂ ਆਪਣੀ ਦੁਕਾਨ ਛੱਡ ਕੇ ਜਾਵਾਂ ਤੇ ਨਾ ਤੇਰੀ ਮਾਂ ਮੈਂਨੂੰ ਛੱਡ ਕੇ ਜਾਵੇ। ਤੈਨੂੰ’ ਕੱਲੇ ਨੂੰ ਉੱਥੇ ਤੇ ਸਾਨੂੰ’ ਕੱਲਿਆਂ ਨੂੰ ਇੱਥੇ ਰਹਿਣਾ ਪਊਗਾ। ਜੇ ਤੈਨੂੰ ਮਨਜੂਰ ਆ ਤਾਂ ਆਹ ਚੱਕ ਪੈਸੇ, ਜਾ, ਆਪਣੇ ਕਾਗਜ਼ ਭਰ ਲੈ। ਪਰ ਯਾਦ ਰੱਖੀਂ, ਇਹ ਸਭ ਕੁਝ ਤੇਰੀ ਜਿੱਦ ਅੱਗੇ ਤੇਰੇ ਮਾਪਿਆਂ ਦੀ ਹਾਰ ਹੈ ... ਸਮਝ ਗਿਆ? ”
ਉਸ ਸਮੇਂ ਮੈਂ ਪਾਪਾ ਦੀ ਕਿਸੇ ਗੱਲ’ ਤੇ ਧਿਆਨ ਨਹੀਂ ਦਿੱਤਾ। ਫਟਾ ਫਟ ਤਿਆਰ ਹੋ ਕੇ ਮਾਮੇ ਵੱਲੋਂ ਦੱਸੇ ਅਨੁਸਾਰ ਬਾਹਰ ਜਾਣ ਦੀ ਤਿਆਰੀ ਵਿੱਚ ਲੱਗ ਗਿਆ।
ਕੁਝ ਮਹੀਨੇ ਧੱਕੇ ਖਾਣ ਤੋਂ ਬਾਅਦ ਮੈਂਨੂੰ ਏਜੰਟ ਦਾ ਫੋਨ ਆਇਆ ਕਿ ਮੇਰਾ ਵੀਜ਼ਾ ਰਿਜੈਕਟ ਹੋ ਗਿਆ ਹੈ। ਫਿਰ ਮੈਂ ਦੂਸਰੇ ਏਜੰਟ ਰਾਹੀਂ ਕੋਸ਼ਿਸ਼ ਕੀਤੀ ਪਰ ਫਿਰ ਰਿਜੈਕਟ ਹੋ ਗਿਆ। ਇਸੇ ਤਰ੍ਹਾਂ ਮੈਂਨੂੰ ਦੋ ਸਾਲ ਬੀਤ ਗਏ ਤੇ ਆਈਲੈਟਸ ਦੇ ਬੈਂਡ ਵੀ ਨਾ ਲੈ ਸਕਿਆ। ਘਰ ਮੰਮੀ ਪਾਪਾ ਰੋਜ਼ ਲੜਦੇ ਕਿ ਇਹ ਤਾਂ ਨਿਕੰਮਾ ਹੁੰਦਾ ਜਾਂਦਾ ਹੈ। ਨਾ ਇੱਥੇ ਕੋਈ ਕੰਮ ਕਰਦਾ ਹੈ ਤੇ ਨਾ ਹੀ ਇਹਦਾ ਬਾਹਰ ਜਾਣ ਦਾ ਜੁਗਾੜ ਬਣਦੈ। ਬੱਸ, ਪੈਸੇ ਖਰਾਬ ਕਰੀ ਜਾਂਦਾ ਹੈ। ਉਹ ਮੈਂਨੂੰ ਰੋਜ਼ ਸਮਝਾਉਂਦੇ ਕਿ ਮੈਂ ਇੱਥੇ ਹੀ ਅਗਲੀ ਪੜ੍ਹਾਈ ਸ਼ੁਰੂ ਕਰ ਲਵਾਂ ਪਰ ਮੇਰੇ ਲਈ ਇਹ ਬਹੁਤ ਹੀ ਅਸੰਭਵ ਬਣਦਾ ਜਾ ਰਿਹਾ ਸੀ।
ਇੱਕ ਦਿਨ ਮੈਂ ਦੋਸਤ ਦੇ ਘਰ ਗਿਆ ਤਾਂ ਉੱਥੇ ਅਖਬਾਰ ਵਿੱਚ ਖਬਰ ਪੜ੍ਹੀ ਕਿ ਡੌਂਕੀ ਲਾ ਕੇ ਅਮਰੀਕਾ ਜਾਣ ਵਾਲੇ ਭਾਰਤੀਆਂ ਨੂੰ ਮੈਕਸੀਕੋ ਦੀ ਸਰਕਾਰ ਨੇ ਡਿਪੋਰਟ ਕਰ ਦਿੱਤਾ ਹੈ। ਇਹ ਖਬਰ ਪੜ੍ਹ ਕੇ ਮੈਂਨੂੰ ਅਮਰੀਕਾ ਜਾਣ ਦੀ ਇੱਕ ਹੋਰ ਉਮੀਦ ਦੀ ਕਿਰਨ ਦਿਖਾਈ ਦਿੱਤੀ। ਮੈਂ ਪਹਿਲਾਂ ਤਾਂ ਇਹ ਪਤਾ ਕੀਤਾ ਕਿ ਇਹ ਡੌਂਕੀ ਕੀ ਹੁੰਦਾ ਹੈ। ਮੈਂਨੂੰ ਪਤਾ ਲੱਗਾ ਕਿ ਏਜੰਟ ਗਲਤ ਤਰੀਕੇ ਨਾਲ ਅਮਰੀਕਾ ਭੇਜਣ ਨੂੰ ਡੌਂਕੀ ਕਹਿੰਦੇ ਹਨ ਤਾਂ ਮੈਂ ਵੀ ਮਨ ਬਣਾ ਲਿਆ ਕਿ ਮੈਂ ਗੈਰਕਾਨੂੰਨੀ ਤਰੀਕੇ ਨਾਲ ਅਮਰੀਕਾ ਜਾਵਾਂਗਾ। ਮੈਂ ਇਸ ਸਬੰਧੀ ਅਜਿਹੇ ਏਜੰਟ ਦੀ ਭਾਲ ਸ਼ੁਰੂ ਕਰ ਦਿੱਤੀ ਜੋ ਮੈਂਨੂੰ ਇਸ ਗੈਰਕਾਨੂੰਨੀ ਤਰੀਕੇ ਨਾਲ ਅਮਰੀਕਾ ਭੇਜ ਸਕੇ। ਬਠਿੰਡਾ, ਲੁਧਿਆਣਾ, ਜਲੰਧਰ ਚੰਡੀਗੜ੍ਹ ਦੇ ਗੇੜੇ ਮਾਰ ਮਾਰ ਮੈਂ ਥੱਕ ਗਿਆ ਪਰ ਮੈਂਨੂੰ ਕੋਈ ਅਜਿਹਾ ਏਜੰਟ ਨਾ ਮਿਲਿਆ ਜਿਸ ਰਾਹੀਂ ਮੈਂ ਡੌਂਕੀ ਲਾ ਕੇ ਅਮਰੀਕਾ ਜਾਣ ਦੀ ਚਾਹਤ ਪੂਰੀ ਕਰ ਸਕਾਂ।
ਫਿਰ ਮੈਂ ਦਿੱਲੀ ਚਲਾ ਗਿਆ। ਉੱਥੇ ਵੀ ਮੈਂ ਦੋ ਤਿੰਨ ਦਿਨ ਧੱਕੇ ਖਾਂਦਾ ਰਿਹਾ ਪਰ ਮੈਂਨੂੰ ਕੋਈ ਵੀ ਚੰਗਾ ਏਜੰਟ ਨਾ ਲੱਭਾ। ਇੱਕ ਏਜੰਟ ਕਿਸੇ ਦੂਸਰੇ ਕੋਲ ਭੇਜ ਦਿੰਦਾ, ਦੂਸਰਾ ਤੀਸਰੇ ਕੋਲ। ਬੱਸ ਇਸੇ ਤਰ੍ਹਾਂ ਮੈਂ ਇੰਮੀਗਰੇਸ਼ਨ ਵਾਲਿਆਂ ਦੇ ਚੱਕਰ ਕੱਢਦਾ ਰਿਹਾ। ਫਿਰ ਮੈਂ ਦਿੱਲੀ ਤੋਂ ਘਰ ਆ ਰਿਹਾ ਸੀ ਤਾਂ ਫੇਸਬੁੱਕ ਚਲਾ ਰਿਹਾ ਸੀ। ਫੇਸਬੁੱਕ ਵਿੱਚ ਇੱਕ ਪੋਸਟ ਪੜ੍ਹੀ ਜਿਸ ਵਿੱਚ ਇੱਕ ਕਿਤਾਬ ਦਾ ਜ਼ਿਕਰ ਕੀਤਾ ਗਿਆ ਸੀ। ਕਿਤਾਬ ਦਾ ਨਾਮ ਸੀ ‘ਮੌਤ ਦੇ ਰਾਹ’। ਗੁੱਡਵਿੱਲ ਪਬਲੀਕੇਸ਼ਨ ਵੱਲੋਂ ਪ੍ਰਕਾਸ਼ਿਤ ਇਸ ਪੁਸਤਕ ਨੂੰ ਮੈਂ ਆਨਲਾਈਨ ਆਰਡਰ ਕਰ ਦਿੱਤਾ। ਦੋ ਤਿੰਨ ਦਿਨਾਂ ਬਾਅਦ ਇਹ ਕਿਤਾਬ ਘਰ ਆ ਗਈ। ਮੈਂ ਦੋਂਹ ਘੰਟਿਆਂ ਵਿੱਚ ਹੀ ਸਾਰੀ ਕਿਤਾਬ ਪੜ੍ਹ ਦਿੱਤੀ। ਉਨ੍ਹਾਂ ਦੋਂਹ ਘੰਟਿਆਂ ਨੇ ਮੇਰੀ ਸਾਰੀ ਜ਼ਿੰਦਗੀ ਬਦਲ ਦਿੱਤੀ।
ਇਸ ਕਿਤਾਬ ਵਿੱਚ ਲੇਖਕ ਨੇ ਆਪਣੇ ਵੱਲੋਂ ਅਮਰੀਕਾ ਜਾਣ ਸਮੇਂ ਦਾ ਸਾਰਾ ਬਿਰਤਾਂਤ ਦਿੱਤਾ ਹੋਇਆ। ਜਦੋਂ ਉਹ ਦੱਸਦਾ ਹੈ ਕਿ ਜੰਗਲਾਂ ਅਤੇ ਔਖੇ ਰਾਹਾਂ ਵਿੱਚੋਂ ਹੋ ਕੇ ਉਹ ਜਦੋਂ ਅਮਰੀਕਾ ਪਹੁੰਚਦਾ ਹੈ, ਪੁਲਿਸ ਹਿਰਾਸਤ ਵਿੱਚ ਲੈ ਲੈਂਦੀ ਹੈ। ਜੇਲ ਤੋਂ ਬਾਹਰ ਆ ਕੇ ਉਸ ਨੂੰ ਪਤਾ ਲੱਗਦਾ ਹੈ ਕਿ ਉਸ ਦੀ ਮਾਂ ਦੀ ਮੌਤ ਹੋ ਚੁੱਕੀ ਹੈ।
ਕਿਤਾਬ ਪੜ੍ਹਨ ਤੋਂ ਬਾਅਦ ਮੇਰੀਆਂ ਅੱਖਾਂ ਵਿੱਚੋਂ ਨਿਕਲੇ ਹੰਝੂ ਦੇਖ ਕੇ ਮੇਰੀ ਮਾਂ ਭੱਜੀ ਭੱਜੀ ਆਈ ਤੇ ਸਿਰ ਪਲੋਸਦੀ ਆਖਣ ਲੱਗੀ, “ਕੀ ਗੱਲ ਦੀਨਿਆ, ਕੀ ਹੋਇਆ ਪੁੱਤ, ਦੋ ਦਿਨ ਹੋ ਗਏ ਤੂੰ ਖਾਂਦਾ ਪੀਂਦਾ ਵੀ ਨੀ ਚੱਜ ਨਾਲ, ਨਾ ਕੁਝ ਬੋਲਦੈਂ? ... ਹੁਣ ਰੋਈ ਜਾਨਾ ਐਂ। ... ਕੋਈ ਗੱਲ ਨੀ, ਤੂੰ ਦਿਲ ਹੌਲਾ ਨਾ ਕਰ। ਆਪਾਂ ਇਹ ਘਰ ਤੇ ਦੁਕਾਨ ਵੇਚ ਕੇ ਤੇਰਾ ਵੀਜਾ ਲਵਾ ਦਿੰਦੇ ਹਾਂ। ਅਸੀਂ ਵੀ ਜਾਵਾਂਗੇ ਪੁੱਤ ਤੇਰੇ ਨਾਲ।”
ਮਾਂ ਦੀਆਂ ਗੱਲਾਂ ਸੁਣ ਕੇ ਮੈਂ ਰੋਣਹਾਕਾ ਹੋਇਆ ਬੋਲਿਆ, “ਮੰਮੀ, ਮੈਂ ਨਹੀਂ ਜਾਣਾ ਹੁਣ ਅਮਰੀਕਾ। ਮੈਂਨੂੰ ਸਮਝ ਆ ’ਗੀ, ਮੈਂ ਹਮੇਸ਼ਾ ਤੁਹਾਡੇ ਨਾਲ ਹੀ ਰਹਿਣਾ ਹੈ, ਉਹ ਵੀ ਇੱਥੇ ਹੀ ...।”
ਉਸ ਤੋਂ ਬਾਅਦ ਮੈਂ ਅਗਲੀ ਪੜ੍ਹਾਈ ਵੀ ਸ਼ੁਰੂ ਕਰ ਲਈ ਤੇ ਸਕੂਲੋਂ ਬਾਅਦ ਪਾਪਾ ਨਾਲ ਦੁਕਾਨ ਉੱਤੇ ਵੀ ਬੈਠਣ ਲੱਗ ਪਿਆ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(1842)
(ਸਰੋਕਾਰ ਨਾਲ ਸੰਪਰਕ ਲਈ: