SukhvirSGhuman7ਬੱਸ, ਆਹ ਇੱਕ ਸਾਲ ਦੀ ਹੋਰ ਔਖਿਆਈ ਐ, ਅਗਲੇ ਸਾਲ ਤਾਂ ...
(23 ਅਗਸਤ 2018)

 

ਉੱਪਰੋਥਲੀ ਦੀਆਂ ਤਿੰਨ ਧੀਆਂ ਤੋਂ ਬਾਅਦ ਜਦੋਂ ਜੀਤੇ ਦੇ ਘਰ ਪੁੱਤਰ ਨੇ ਜਨਮ ਲਿਆ ਤਾਂ ਸਾਰੇ ਰਿਸ਼ਤੇਦਾਰਾਂ, ਸਾਕ ਸਬੰਧੀਆਂ ਨੇ ਰੱਬ ਦਾ ਲੱਖ-ਲੱਖ ਸ਼ੁਕਰ ਮਨਾਇਆਗਲੀ ਮੁਹੱਲੇ, ਆਂਢ-ਗਵਾਂਢ ਵਿੱਚ ਪਤਾਸੇ ਵੰਡੇ ਗਏਪਿੰਡ ਦੀ ਹਰ ਔਰਤ ਜੀਤੇ ਦੇ ਪਰਿਵਾਰ ਨੂੰ ਵਧਾਈਆਂ ਦਿੰਦੀ ਹੋਈ ਕਹਿੰਦੀ, “ਚਲੋ ਸ਼ੁਕਰ ਹੋਇਆ ਭਾਈ, ਦੀਵੇ ਨਾਲ ਬੱਤੀ ਲੱਗ ਗਈ। ਸੁੱਖ ਨਾਲ ਧੀਆਂ ਢਕੀਆਂ ਗਈਆਂ ਵਿਚਾਰੇ ਦੀਆਂ ...।” ਸੱਥਾਂ ਵਿੱਚ ਬੈਠੇ ਬਜ਼ੁਰਗ ਗੱਲਾਂ ਕਰਦੇ, “ਆਹ ਤਾਂ ਰੱਬ ਨੇ ਭਲੀ ਸੁਣੀ ਭਾਈ, ਨਿਉਂ ਜੜ੍ਹ ਲੱਗ ਗਈ ਵਿਚਾਰੇ ਜੀਤੇ ਦੀ। ...”

ਉੱਧਰ ਜੀਤੇ ਦੇ ਵੀ ਧਰਤੀ ’ਤੇ ਪੈਰ ਨਹੀਂ ਲੱਗ ਰਹੇ ਸਨਚਾਵਾਂ ਨਾਲ ਉੱਡੇ ਫਿਰਦੇ ਜੀਤੇ ਨੇ ਮੁੰਡੇ ਦੇ ਜਨਮ ਦੀ ਖੁਸ਼ੀ ਵਿੱਚ ਆਪਣੇ ਹਾਣੀਆਂ ਅਤੇ ਜੋਟੀਦਾਰਾਂ ਨੂੰ ਘਰ ਸੱਦ ਕੇ ਸ਼ਰਾਬ ਪਿਆਈ

ਹੁਣ ਤਾਂ ਜੀਤਾ ਆਪਣੇ ਪੁੱਤਰ ਨੂੰ ਕੁੱਛੜ ਚੁੱਕ ਕੇ ਕਦੇ ਕਦੇ ਹੱਟੀ ਭੱਠੀ ਦਾ ਗੇੜਾ ਵੀ ਲਾ ਆਉਂਦਾਪੁੱਤ ਦੇ ਜਨਮ ਤੋਂ ਬਾਅਦ ਤਾਂ ਜਿਵੇਂ ਜੀਤੇ ਵਿੱਚ ਕੋਈ ਨਵੀਂ ਸ਼ਕਤੀ ਆ ਗਈ ਹੋਵੇ, ਖੁਸ਼ੀ ਵਿੱਚ ਉਸਦੀ ਅੱਡੀ ਧਰਤੀ ’ਤੇ ਨਾ ਲਗਦੀ ਜੀਤਾ ਮਨ ਹੀ ਮਨ ਸੋਚਦਾ ਰਹਿੰਦਾ ਕਿ ਚਲੋ ਮੇਰੀ ਤਾਂ ਜਿਵੇਂ ਕਿਵੇਂ ਲੰਘ ਗਈ, ਪਰ ਆਪਣੇ ਪੁੱਤ ਨੂੰ ਮੈਂ ਜਰੂਰ ਵੱਡਾ ਅਫਸਰ ਬਣਾਊਂ, ਵੱਡਾ ਅਫਸਰ

ਸੁੱਖ ਨਾਲ ਹੁਣ ਤਾਂ ਜੀਤੇ ਦਾ ਮੁੰਡਾ ਘਰ ਦੇ ਵਿਹੜੇ ਵਿੱਚ ਭੱਜਣ ਜੋਗਾ ਹੋ ਗਿਆਆਖਿਰ ਪੰਜਾਂ ਛੇਆਂ ਸਾਲਾਂ ਦੇ ਆਪਣੇ ਪੁੱਤਰ ਨੂੰ ਜੀਤੇ ਨੇ ਇਲਾਕੇ ਦੇ ਨਾਮਵਰ ਅੰਗਰੇਜ਼ੀ ਸਕੂਲ ਵਿੱਚ ਪੜ੍ਹਨੇ ਪਾ ਦਿੱਤਾਸਕੂਲ ਜਾਂਦੇ ਪੁੱਤਰ ਨੂੰ ਦੇਖ ਕੇ ਜੀਤਾ ਆਪਣੇ ਘਰ ਵਾਲੀ ਨੂੰ ਕਹਿੰਦਾ, “ਤੂੰ ਦੇਖੀਂ ਸ਼ਿੰਦਰੇ, ਬੱਸ ਹੁਣ ਤਾਂ ਮੈਂ ਆਪਣੇ ਪੁੱਤ ਨੂੰ ਵੱਡਾ ਅਫਸਰ ਬਣਾ ਹੀ ਦੇਣੈਜਦੋਂ ਮੇਰਾ ਪੁੱਤ ਵੱਡਾ ਅਫਸਰ ਬਣ ਗਿਆ ਨਾ, ਫਿਰ ਤੂੰ ਸ਼ਰੀਕੇ ਵਿੱਚ ਆਪਣੀ ਟੌਹਰ ਦੇਖੀਂ ... ਟੌਹਰਜਦੋਂ ਮੇਰਾ ਪੁੱਤ ਵੱਡਾ ਅਫਸਰ ਬਣ ਗਿਆ ਨਾ, ਮੈਂ ਤਾਂ ਪਾ ਕੇ ਚਿੱਟੇ ਕੱਪੜੇ, ਮਹਾਰਾਜਾ ਬਣ ਕੇ ਖੁੰਢਾਂ ’ਤੇ ਬੈਠਿਆਂ ਕਰੂੰ ...

ਜੀਤੇ ਦੀਆਂ ਇਹੋ ਆਸਾਂ ਤੇ ਉਮੀਦਾਂ ਉਸਨੂੰ ਧਰਵਾਸ ਦਿੰਦੀਆਂ ਰਹਿੰਦੀਆਂਭਾਵੇਂ ਅੰਗਰਜ਼ੀ ਸਕੂਲਾਂ ਦਾ ਪਹਾੜ ਜਿੱਡਾ ਖਰਚਾ ਜੀਤੇ ਦੇ ਵਿੱਤੋਂ ਬਾਹਰ ਸੀ, ਪਰ ਫਿਰ ਵੀ ਉਹ ਔਖਾ ਸੌਖਾ ਹੋ ਕੇ ਆਪਣੇ ਪੁੱਤ ਨੂੰ ਪੜ੍ਹਾਉਣਾ ਚਾਹੁੰਦਾ ਸੀ

ਦਿਨ, ਸਾਲ, ਮਹੀਨੇਂ ਬੀਤਦੇ ਗਏਅੰਦਰੋਂ ਫੁੱਟਦੇ ਚਾਅ ਦੇ ਅੱਗੇ ਜੀਤਾ ਸਾਰਾ ਦਿਨ ਕੋਹਲੂ ਦੇ ਬੈਲ ਵਾਂਗ ਘੁੰਮਦਾ ਰਹਿੰਦਾ

ਸਮੇਂ ਦੇ ਗੇੜ ਨਾਲ ਜੀਤੇ ਦੀ ਜਵਾਨੀ ਦਾ ਜੋਸ਼ ਮੱਠਾ ਪੈਣ ਲੱਗਾ ਪਰ ਉਹ ਬੁਢੇਪੇ ਨੂੰ ਚਕਮਾ ਦੇਣ ਦੀ ਹਰ ਸੰਭਵ ਕੋਸ਼ਿਸ਼ ਕਰਦਾਉਹ ਆਪਣੇ ਦਿਲ ਨੂੰ ਧਰਵਾਸ ਦਿੰਦਾ ਹੋਇਆ ਕਹਿੰਦਾ, “ਬੱਸ, ਆਹ ਇੱਕ ਸਾਲ ਦੀ ਹੋਰ ਔਖਿਆਈ ਐ, ਅਗਲੇ ਸਾਲ ਤਾਂ ਮੁੰਡੇ ਨੇ ਬਾਰ੍ਹਵੀਂ ਪਾਸ ਕਰ ਹੀ ਲੈਣੀ ਹੈ” ਇਹ ਸੋਚਦਾ ਹੋਇਆ ਜੀਤਾ ਆਪਣੇ ਜਵਾਨ ਹੋ ਰਹੇ ਪੁੱਤ ਵੱਲ ਚੋਰ ਅੱਖ ਨਾਲ ਦੇਖਦਾ ਤਾਂ ਉਸਦੇ ਅੰਦਰ ਖੁਸ਼ੀਆਂ ਦਾ ਰਾਗ ਛਿੜ ਜਾਂਦਾ

ਅੱਜ ਜੀਤਾ ਵਿਹੜੇ ਵਿੱਚ ਲੱਗੀ ਬੇਰੀ ਥੱਲੇ ਖੜ੍ਹਾ ਪਤਾ ਨਹੀਂ ਕਿਉਂ ਬੇਰੀ ਨੂੰ ਨਿਹਾਰ ਰਿਹਾ ਸੀਆਪਣੇ ਘਰ ਵਾਲੀ ਨੂੰ ਆਪਣੇ ਵੱਲ ਤੁਰੀ ਆਉਂਦਿਆਂ ਦੇਖ ਕੇ ਉਹਨੇ ਕਿਹਾ, “ਮਖਿਆ ਸ਼ਿੰਦਰੇ ਉਰੇ ਆਈਂ ਮਾੜਾ ਜਿਹਾਂ ... ਭਲਾ ਸ਼ਿੰਦਰੇ ਆਹ ਦੇਖ ਖਾਂ, ਆਪਣੀ ਇਸ ਬੇਰੀ ਕੀ ਹੋ ਗਿਆਚੰਦਰਾਂ ਆਹ ਬੂਰ ਜਿਹਾ ਫਲ ਬਣਨ ਤੋਂ ਪਹਿਲਾਂ ਹੀ ਕਿਰੀ ਜਾ ਰਿਹਾ ਹੈ ਮੈਨੂੰ ਤਾਂ ਐਏਂ ਲੱਗਦਾ ਬਈ ਜਿਵੇਂ ਇਹਨੂੰ ਸੌਹਰੀ ਨੂੰ ਕੋਈ ਬਿਮਾਰੀ ਜਿਹੀ ਲੱਗ ਗਈ ਹੋਵੇ

“ਆਹੋ ਜੀ, ਬਿਮਾਰੀਆਂ ਦਾ ਪਤੈ ਲੱਗਦੈ, ਕਦੋਂ ਚਿੰਬੜ ਜਾਂਦੀਆਂ ...” ਜੀਤੇ ਦੇ ਘਰ ਵਾਲੀ ਨੇ ਹੁੰਗਾਰਾ ਭਰਦਿਆਂ ਕਿਹਾ

ਇਹ ਗੱਲਾਂ ਕਰਦਾ ਕਰਦਾ ਜੀਤਾ ਆਪਣੇ ਘਰ ਵਾਲੀ ਦੇ ਪਿੱਛੇ-ਪਿੱਛੇ ਹੀ ਚੌਂਕੇ ਵਿੱਚ ਚਲਾ ਗਿਆ ਅਤੇ ਫਿਰ ਉਸਦੀ ਨਜ਼ਰ ਵਿਹੜੇ ਵਿੱਚ ਫਿਰਦੇ ਆਪਣੇ ਪੁੱਤ ’ਤੇ ਪਈ ਜੋ ਘਰ ਦੇ ਬੂਹੇ ਤੋਂ ਬਾਹਰ ਵੱਲ ਨੂੰ ਜਾ ਰਿਹਾ ਸੀਬਾਹਰ ਜਾਂਦੇ ਮੁੰਡੇ ਨੂੰ ਦੇਖ ਕੇ ਉਸਨੇ ਕਿਹਾ, “ਕੀ ਗੱਲ ਓਏ, ਤੂੰ ਅਜੇ ਇੱਥੇ ਈ ਫਿਰੀ ਜਾਨੈ ... ਅੱਜ ਸਕੂਲ ਨਈਂ ਜਾਣਾ?”

ਪਿਤਾ ਦੀ ਕੜਕਵੀ ਅਵਾਜ਼ ਸੁਣਕੇ ਮੁੰਡੇ ਨੇ ਕਿਹਾ, “ਨਹੀਂ ਬਾਪੂ, ਮੈਂ ਨਈਂ ਜਾਣਾ ਅੱਜ ਸਕੂਲ ਸਕਾਲ, ਨਾਲੇ ਉੱਥੇ ਕਿਹੜਾ ਪੜ੍ਹਾਈ ਹੁੰਦੀ ਐ” ਮੁੰਡੇ ਨੇ ਆਪਣਾ ਨਵਾਂ ਪੈਂਤਰਾ ਵਰਤਦਿਆਂ ਕਿਹਾਮੁੰਡੇ ਦੇ ਮੂੰਹੋਂ ਸਕੂਲ ਨਾ ਜਾਣ ਦੀ ਗੱਲ ਸੁਣਕੇ ਜੀਤਾ ਗਰਮੀ ਜਿਹੀ ਨਾਲ ਬੋਲਿਆ, “ਪੜ੍ਹ ਲੈ, ਪੜ੍ਹ ਲੈ ਚਾਰ ਅੱਖਰ … ਜੇ ਕਰਮਾਂ ’ਚ ਹੈਗੇ ਐ। ਨਹੀਂ ਤਾਂ ਸਾਰੀ ਉਮਰ ਮੇਰੇ ਵਾਂਗ ਧੰਦ ਪਿੱਟੇਗਾਂ ਧੰਦ, ਆਹ ਮੇਰੇ ਕੰਨੀ ਦੇਖ ਲੈ ... ਮੇਰੀ ਜੂਨ ਕਿਵੇਂ ਨਰਕ ਬਣੀ ਪਈ ਐ” ਪਰ ਹੁਣ ਜੀਤੇ ਦੇ ਮੁੰਡੇ ’ਤੇ ਇਹ ਸਾਰੀਆਂ ਗੱਲਾਂ ਬੇ-ਅਸਰ ਸਾਬਿਤ ਹੋ ਰਹੀਆਂ ਸਨ

ਜੀਤੇ ਦੇ ਮੁੰਡੇ ਦੇ ਹਾਲਾਤ ਦਿਨੋਂ ਦਿਨ ਵਿਗੜਦੇ ਹੀ ਜਾ ਰਹੇ ਸਨਉਹ ਸਵੇਰੇ ਜਲਦੀ ਘਰੋਂ ਨਿੱਕਲ ਜਾਂਦਾ ਅਤੇ ਮੂੰਹ ਹਨੇਰੇ ਘਰ ਵੜਦਾਮਾੜੀ ਸੰਗਤ ਦਾ ਅਸਰ ਜੀਤੇ ਦੇ ਮੁੰਡੇ ਦੇ ਚਿਹਰੇ ’ਤੇ ਸਪਸ਼ਟ ਦਿਖਾਈ ਦਿੰਦਾ ਸੀਕੁਝ ਸਮਾਂ ਤਾਂ ਉਹ ਲੁਕ ਛਿਪ ਕੇ ਨਸ਼ੇ ਕਰਦਾ ਰਿਹਾ ਪਰ ਹੁਣ ਤਾਂ ਨਸ਼ੇ ਦੀ ਪੂਰਤੀ ਲਈ ਪੈਸੇ ਲੈਣ ਲਈ ਉਹ ਜੀਤੇ ਨਾਲ ਵੀ ਖਹਿਬੜਦਾ ਰਹਿੰਦਾਸ਼ਾਮ ਸਮੇਂ ਤਾਂ ਉਹ ਕੰਧਾ ਕੌਲੇ ਫੜ ਫੜ ਕੇ ਹੀ ਘਰ ਵੜਦਾਜੀਤੇ ਦੀ ਉਸਨੂੰ ਵੱਡਾ ਅਫਸਰ ਬਣਿਆ ਦੇਖਣ ਦੀ ਖਾਹਿਸ਼ ਹੁਣ ਬੀਤੇ ਦੀ ਆਗੋਸ਼ ਵਿੱਚ ਗੁਆਚ ਗਈ ਸੀ

ਓਹ ਹੋ! ਮਾੜੇ ਭਾਗੀਂ ਕੱਲ੍ਹ ਰਾਤ ਜੀਤੇ ਉੱਤੇ ਦੁੱਖਾਂ ਦਾ ਪਹਾੜ ਗਿਰ ਹੀ ਗਿਆਨਸ਼ੇ ਦੀ ਓਵਰਡੋਜ਼ ਕਾਰਨ ਜੀਤੇ ਦਾ ‘ਵੱਡਾ ਅਫਸਰ’ ਸੁੱਤਾ ਹੀ ਰਹਿ ਗਿਆਮਰੇ ਪਏ ਪੁੱਤ ਦਾ ਮੂੰਹ ਦੇਖ ਕੇ ਜੀਤੇ ਦੀ ਧਾਹ ਨਿੱਕਲ ਗਈ, ਤੇ ਜੀਤੇ ਦੇ ਘਰਵਾਲੀ ਦੇ ਕੀਰਨਿਆਂ ਨੇ ਧਰਤੀ ਅਸਮਾਨ ਇੱਕ ਕਰ ਦਿੱਤਾਜੀਤਾ ਉੱਚੀ-ਉੱਚੀ ਭੁੱਬਾਂ ਮਾਰ ਰਿਹਾ ਸੀ, “ਓਏ ਲੋਕੋ! ਓਏ, ਸਾਡਾ ਤਾਂ ਕੱਖ ਨਈਂ ਰਿਹਾ ਓਏ, ... ਮੈਂ ਤਾਂ ਜਮਾਂ ਈ ਪੱਟਿਆ ਗਿਆ ਲੋਕੋ! ...”

ਧਾਹਾਂ ਮਾਰਦੇ ਜੀਤੇ ਨੂੰ ਲੋਕਾਂ ਨੇ ਬਥੇਰਾ ਧਰਵਾਸ ਬੰਨ੍ਹਾਇਆ ਪਰ ਜੀਤੇ ਦੀਆਂ ਚੀਕਾਂ ਸੱਤਵੇਂ ਅਸਮਾਨ ਸੁਣਾਈ ਦਿੰਦੀਆਂ ਸਨ, “ਫੜ ਲਓ ਲੋਕੋ ਓਏ, ਇਸ ਨਸ਼ਿਆਂ ਦੇ ਦੈਂਤ ਨੂੰ ਇਕੱਠੇ ਹੋ ਕੇ ਫੜ ਲਓ ... ਨਹੀਂ ਤਾਂ ਇਹ ਸੋਡੇ ਪੁੱਤਾਂ ਨੂੰ ਵੀ ਨਿਗਲ ਜਾਊਗਾ ਓਏ ... ਸਾਰਿਆਂ ਨੂੰ ਨਿਗਲ ਜਾਊ ਓਏ ...” ਫਿਰ ਜੀਤਾ ਹਟਕੋਰੇ ਲੈਂਦਾ ਹੋਇਆ ਦਿਲ ਚੀਰਵੇਂ ਵੈਣ ਪਾਉਣ ਲੱਗਾ, “ਹਾਏ ਓਏ ਕਿੱਥੇ ਤੁਰ ਗਿਆ ... ਮੇਰਾ ਵੱਡਾ ਅਫਸਰ ... ਹਾਏ ... ਮੇਰਾ ਵੱਡਾ ਅਫਸਰ ...”

*****

(1273)

About the Author

ਸੁਖਵੀਰ ਘੁਮਾਣ

ਸੁਖਵੀਰ ਘੁਮਾਣ

Dirba, Sangrur, Punjab, India.
Phone: (91 - 98155 - 90209)
Email: (sukhvirghuman5@gmail.com)