SarabjitDhaliwal7ਉੱਘੇ ਅਰਥ ਸ਼ਾਸਤਰੀ ਡਾ. ਗਿਆਨ ਸਿੰਘ ਦਾ ਕਹਿਣਾ ਹੈ ਕਿ ਹਰੇਕ ਤੀਜਾ ਕਿਸਾਨ ਪੰਜਾਬ ਵਿੱਚ ...
(3 ਸਤੰਬਰ 2017)

 

ਖੇਤਾਂ ਦੀ ਉਦਾਸੀ ਪਿੰਡਾਂ ਦੀਆਂ ਜੂਹਾਂ ਤੋਂ ਲੈ ਕੇ ਅਖਬਾਰਾਂ ਦੇ ਪੰਨਿਆਂ ਤਕ ਪਸਰ ਗਈ ਹੈ। ਅਖਬਾਰ ਦੇ ਪੰਨੇ ਪਰਤਣ ਲੱਗਿਆ ਅਜੀਬ ਕਿਸਮ ਦੀ ਘਬਰਾਹਟ ਹੁੰਦੀ ਹੈ “ਤਿੰਨ ਹੋਰ ਕਿਸਾਨਾਂ ਵੱਲੋਂ ਆਪਣੀ ਜੀਵਨ ਲੀਲਾ ਖਤਮ” ਵਰਗੀਆਂ ਅਖਬਾਰਾਂ ਦੇ ਸਫ਼ਿਆਂ ਤੇ ਸਰ੍ਹਾਲ ਵਾਂਗ ਲੇਟੀਆਂ ਸੁਰਖੀਆਂ ਸਵੇਰਸਾਰ ਰੂਹ ਵਿੱਚ ਭੱਖੜੇ ਵਾਂਗ ਚੁੱਭ ਜਾਂਦੀਆਂ ਹਨ।

ਖੇਤਾਂ ਵਿਚ ਹੁਣ ਫਸਲਾਂ ਨਹੀਂ, ਕਰਜ਼ਾ ਉੱਗਦਾ ਹੈ, ਜੋ ਛੋਟੇ ਤੇ ਦਰਮਿਆਨੇ ਕਿਸਾਨਾਂ ਦੀ ਮੌਤ ਦਾ ਵਾਰੰਟ ਹੋ ਨਿੱਬੜਦਾ ਹੈ। ਪਿੰਡਾਂ ਦੇ ਚੌਗਿਰਦੇ ਵਿਚ ਖੜ੍ਹੇ ਦਰਖ਼ਤ ਜੱਟਾਂ ਅਤੇ ਖੇਤ ਮਜ਼ਦੂਰਾਂ ਲਈ ਸਲੀਬਾਂ ਬਣ ਗਏ ਨੇ ਜਿਨ੍ਹਾਂ ਨਾਲ ਲਟਕ ਕੇ ਉਹ ਆਪਣੀ ਸੰਸਾਰਕ ਯਾਤਰਾ ਅਧਵਾਟੇ ਹੀ ਖਤਮ ਕਰ ਲੈਂਦੇ ਨੇ

ਅਕਸਰ ਖਿਆਲ ਆਉਂਦਾ ਹੈ ਕਿ ਜੇਕਰ ਯੁੱਗ ਕਵੀ ਧਨੀ ਰਾਮ ਚਾਤ੍ਰਿਕ ਅੱਜ ਹੁੰਦਾ ਤਾਂ ਉਹ ਕਿਸਾਨੀ ਦੇ ਦਰਦ ਨੂੰ ਕਿਵੇਂ ਕਲਮਬੰਦ ਕਰਦਾ। ਉਸ ਦੇ ਗੀਤਾਂ ਦੇ ਬੋਲ ਕੀ ਹੁੰਦੇ। ਲੰਘੀ ਸਦੀ ਵਿਚ ਉਸ ਨੇ ਕਿਸਾਨਾਂ ਦੀ ਖ਼ੁਸ਼ਹਾਲੀ ਦਾ ਚਿਤਰਣ ਬਾਖੂਬੀ ਕੀਤਾ ਸੀ। ਉਸ ਦੇ ਬੋਲ ਸਨ:

ਤੂੜੀ ਤੰਦ ਸਾਂਭ, ਹਾੜ੍ਹੀ ਵੇਚ ਵੱਟ ਕੇ,
ਲੰਬੜਾਂ ਤੇ ਸ਼ਾਹਾਂ ਦਾ ਹਿਸਾਬ ਕੱਟ ਕੇ,
ਕੱਛੇ ਮਾਰ ਵੰਝਲੀ ਅਨੰਦ ਛਾ ਗਿਆ,
ਮਾਰਦਾ ਦੁਮਾਮੇ ਜੱਟ ਮੇਲੇ ਆ ਗਿਆ।

ਕਿਸਾਨੀ ਲਈ ਉਹ ਜ਼ਰੂਰ ਭਲਾ ਸਮਾਂ ਹੋਵੇਗਾ। ਚਾਤ੍ਰਿਕ ਨੇ ਸ਼ਾਹਾਂ ਦੇ ਹਿਸਾਬ ਦੀ ਗੱਲ ਕੀਤੀ ਹੈ ਭਾਵ ਉਹ ਕਰਜ਼ੇ ਦਾ ਜ਼ਿਕਰ ਕਰਦਾ ਹੈ। ਪਰ ਇਸ ਦੇ ਬਾਵਜੂਦ ਉਸ ਦੇ ਬੋਲਾਂ ਵਿੱਚੋਂ ਕਿਸਾਨਾਂ ਦੀ ਚੜ੍ਹਦੀ ਕਲਾ ਡੁੱਲ੍ਹ ਡੁੱਲ੍ਹ ਪੈਂਦੀ ਹੈ। ਪਰ ਚਾਤ੍ਰਿਕ ਦਾ ਸਮਾਂ ਹੋਰ ਸੀ, ਹੁਣ ਹਾਲਾਤ ਬਦਲ ਚੁੱਕੇ ਹਨ। ਇਸੇ ਕਰਕੇ ਕਈ ਸਾਲ ਪਹਿਲਾਂ ਸੰਤ ਰਾਮ ਉਦਾਸੀ ਨੂੰ ਲਿਖਣਾ ਪਿਆ ਸੀ:

ਗਲ ਲੱਗ ਕੇ ਸੀਰੀ ਦੇ ਜੱਟ ਰੋਵੇ,
ਬੋਹਲਾਂ ਵਿੱਚੋਂ ਨੀਰ ਵਗਿਆ,
ਲਿਆ ਤੰਗਲੀ ਨਸੀਬਾਂ ਨੂੰ ਫਰੋਲੀਏ,
ਤੂੜੀ ਵਿੱਚੋਂ ਪੁੱਤ ਜੱਗਿਆ।

ਇਨ੍ਹਾਂ ਬੋਲਾਂ ਵਿਚ ਕਿਸਾਨੀ ਅਤੇ ਖੇਤ ਮਜ਼ਦੂਰਾਂ ਦੇ ਮੰਦੜੇ ਹਾਲ ਦਾ ਵਰਨਣ ਰੂਹ ਨੂੰ ਤੜਫਾਉਂਦਾ ਹੈ। ਇਸੇ ਤਰ੍ਹਾਂ ਕਿਸਾਨ ਦੀ ਬੇਹਾਲੀ ਦਾ ਜ਼ਿਕਰ ਕਰਦਿਆਂ ਪਾਸ਼ ਨੇ ਕਈ ਸਾਲ ਪਹਿਲਾਂ ਲਿਖਿਆ ਸੀ:

ਇਹ ਤਾਂ ਸਾਰੀ ਉਮਰ ਨਹੀਂ ਲੱਥਣਾ,
ਭੈਣਾਂ ਦੇ ਵਿਆਹ ’ਤੇ ਚੁੱਕਿਆ ਕਰਜ਼ਾ,

ਪੈਲੀਆਂ ਵਿਚ ਛਿੜਕੇ ਹੋਏ ਲਹੂ ਦਾ,
ਹਰ ਕਤਰਾ ਇਕੱਠਾ ਕਰਕੇ,
ਇੰਨਾ ਰੰਗ ਨਹੀਂ ਬਣਨਾ, ਕਿ ਚਿੱਤਰ ਲਵਾਂਗੇ,
ਇਕ ਸ਼ਾਂਤ ਮੁਸਕਰਾਉਂਦੇ ਹੋਏ ਜਣੇ ਦਾ ਚਿਹਰਾ।

ਇਕ ਹੋਰ ਥਾਂ ਪਾਸ਼ ਲਿਖਦਾ ਹੈ:

ਤੇਲ ਦੇ ਘਾਟੇ ਸੜਦੀਆਂ ਫਸਲਾਂ,
ਬੈਂਕ ਦੀਆਂ ਮਿਸਲਾਂ ਦੇ ਜਾਲ ਅੰਦਰ ਫੜਫੜਾਉਂਦੇ ਪਿੰਡ,
ਤੇ ਸ਼ਾਂਤੀ ਲਈ ਫੈਲੀਆਂ ਬਾਹਾਂ,
ਸਾਡੇ ਯੁੱਗ ਦਾ ਸਭ ਤੋਂ ਕਮੀਨਾ ਚੁਟਕਲਾ ਹੈ।

ਵਕਤ ਦੀਆਂ ਸਰਕਾਰਾਂ ਨੇ ਹਰੇ ਇਨਕਲਾਬ ਨੂੰ ਕਿਸੇ ਵੱਡੀ ਤਰਕੀਬ ਅਧੀਨ ਕਿਸਾਨਾਂ ਦੀ ਖੁਸ਼ਹਾਲੀ ਦੇ ਪ੍ਰਤੀਕ ਵਜੋਂ ਇਸ ਕਦਰ ਉਭਾਰਿਆ ਕਿ ਕਿਸਾਨੀ ਸੁੱਧ-ਬੁੱਧ ਖੋਹ ਬੈਠੀ। “ਦੱਬ ਕੇ ਵਾਹ, ਤੇ ਰੱਜ ਕੇ ਖਾ” ਦੇ ਨਾਹਰੇ ਨੂੰ ਰੇਡੀਓ ਤੋਂ ਇੰਨਾ ਪ੍ਰਚਾਰਿਆ ਗਿਆ ਕਿ ਕਿਸਾਨੀ ਇਸ ਦੀ ਚਕਾ ਚੌਂਧ ਵਿਚ ਫਸ ਗਈਉਨ੍ਹਾਂ ਕਰਜ਼ਾ ਚੁੱਕ ਕੇ ਟਰੈਕਟਰ ਲੈ ਲਏ। ਟਿਊਬਵੈੱਲ ਲਾ ਲਏ। ਹੋਰ ਸੰਦ ਸੰਦੇੜਾ ਇੰਨਾ ਖਰੀਦ ਲਿਆ ਕੇ ਆਪਣਾ ਝੁੱਗਾ ਚੌੜ ਕਰਵਾ ਲਿਆ। ਸਰਕਾਰਾਂ ਦੀ ਫੋਕੀ ਸ਼ਾਬਾਸ਼ ਦਾ ਕਮਲਾ ਕੀਤਾ ਹੋਇਆ ਕਿਸਾਨ ਕਰਜ਼ੇ ਦੀਆਂ ਪੰਡਾਂ ਚੁੱਕਦਾ ਰਿਹਾ। ਉਹ ਝੂਠੀ-ਮੁਠੀ ਦੀ ਵਾਹ-ਵਾਹ ਦੇ ਜਾਲ ਵਿੱਚ ਫਸਿਆ ਮਿੱਟੀ ਨਾਲ ਮਿੱਟੀ ਹੁੰਦਾ ਰਿਹਾ ਤੇ ਆਖ਼ਰ ਉਹ ਖੁਦ ਮਿੱਟੀ ਹੋ ਗਿਆ। ਦੇਸ਼ ਆਤਮ ਨਿਰਭਰ ਹੋ ਗਿਆ, ਪਰ ਕਿਸਾਨ ਨਿਰਧਨ ਹੋ ਗਿਆ। ਉੱਘੇ ਅਰਥ ਸ਼ਾਸਤਰੀ ਡਾ. ਗਿਆਨ ਸਿੰਘ ਦਾ ਕਹਿਣਾ ਹੈ ਕਿ ਹਰੇਕ ਤੀਜਾ ਕਿਸਾਨ ਪੰਜਾਬ ਵਿੱਚ ਗਰੀਬੀ ਦੀ ਰੇਖਾ ਤੋਂ ਥੱਲੇ ਹੈ। ਕਿਸਾਨਾਂ ਦੇ ਖਰਚੇ ਵਧ ਗਏ ਹਨ ਤੇ ਆਮਦਨ ਘਟ ਗਈ ਹੈ ਤੇ ਨਤੀਜੇ ਵਜੋਂ ਕਿਸਾਨ ਕਰਜ਼ਾਈ ਹੋ ਰਿਹਾ ਹੈ। ਕਿਸਾਨ ਪਰਿਵਾਰਾਂ ਦੀ ਔਸਤਨ ਆਮਦਨ 2 ਲੱਖ 90 ਹਜ਼ਾਰ ਹੈ। ਪਰ ਖਰਚਾ 3 ਲੱਖ 35 ਹਜ਼ਾਰ। ਜ਼ਾਹਰ ਹੈ ਕਿ ਉਹ ਘਾਟੇ ਦੀ ਖੇਤੀ ਕਰਦਾ ਹੈ ਜਿਸ ਕਰਕੇ ਉਸ ਦੀ ਆਰਥਕ ਹਾਲਤ ਦਿਨੋ-ਦਿਨ ਪਤਲੀ ਹੁੰਦੀ ਜਾਂਦੀ ਹੈ।

ਪੰਜਾਬੀ ਯੂਨੀਵਰਸਿਟੀ ਵਲੋਂ ਪੰਜਾਬ ਸਰਕਾਰ ਦੇ ਕਹਿਣ ’ਤੇ ਕੀਤੇ ਗਏ ਇਕ ਸਰਵੇ ਵਿਚ ਪਤਾ ਲੱਗਿਆ ਹੈ ਕਿ ਪਿਛਲੇ ਕੁੱਝ ਸਾਲ ਵਿਚ ਆਤਮ ਹੱਤਿਆ ਦੀਆਂ ਘਟਨਾਵਾਂ ਵਿਚ ਬਹੁਤ ਵਾਧਾ ਹੋਇਆ ਹੈ। ਇਸ ਯੂਨੀਵਰਸਿਟੀ ਵੱਲੋਂ ਕੀਤੇ ਸੱਤ ਜ਼ਿਲ੍ਹਿਆਂ ਦੇ ਸਰਵੇ ਵਿਚ ਜੋ ਅੰਕੜੇ ਸਾਹਮਣੇ ਆਏ ਹਨ ਉਨ੍ਹਾਂ ਮੁਤਾਬਿਕ ਇਨ੍ਹਾਂ ਜ਼ਿਲ੍ਹਿਆਂ ਵਿਚ 2000 ਤੋਂ 2010 ਤੱਕ 365 ਕਿਸਾਨ ਅਤੇ ਖੇਤ ਮਜ਼ਦੂਰਾਂ ਨੇ ਆਤਮ ਹਤਿਆ ਕੀਤੀ ਸੀ। ਪਰ 2010 ਤੋਂ 2016 ਤੱਕ, ਭਾਵ ਅਗਲੇ 6 ਸਾਲਾਂ ਵਿਚ 1317 ਕਿਸਾਨਾਂ ਨੇ ਖੁਦਕੁਸ਼ੀਆਂ ਕੀਤੀਆਂ ਹਨ। ਕਹਿਣ ਤੋਂ ਭਾਵ ਕੇ ਗਿਣਤੀ ਵਿਚ ਚਾਰ ਗੁਣਾਂ ਵਾਧਾ ਹੋਇਆ ਹੈ। ਇਨ੍ਹਾਂ ਜ਼ਿਲ੍ਹਿਆਂ ਵਿਚ 2000 ਤੋਂ ਲੈ ਕੇ 2016 ਤਕ 1682 ਕਿਸਾਨਾਂ ਅਤੇ ਖੇਤ ਮਜ਼ਦੂਰਾਂ ਨੇ ਆਤਮ ਹੱਤਿਆ ਕੀਤੀ ਹੈ।

ਜਦੋਂ ਯੂਨੀਵਰਸਿਟੀਆਂ ਨੇ ਪਹਿਲਾ ਸਰਵੇ 2000 ਤੋਂ ਮਾਰਚ 2010 ਤਕ ਦਾ ਕੀਤਾ ਸੀ ਤਾਂ ਸਾਰੇ ਪੰਜਾਬ ਵਿਚ ਉਸ ਸਮੇਂ 6926 ਆਤਮ ਹੱਤਿਆ ਦੇ ਕੇਸ ਸਾਹਮਣੇ ਆਏ ਸਨਇਨ੍ਹਾਂ ਵਿੱਚੋਂ 3954 ਕਿਸਾਨ ਅਤੇ 2972 ਖੇਤ ਮਜ਼ਦੂਰ ਸਨ। ਤਕਰੀਬਨ 80 ਫ਼ੀਸਦੀ ਖੁਦਕੁਸ਼ੀਆਂ ਦਾ ਕਾਰਨ ਕਰਜ਼ਾ ਸੀ। ਜਿਹੜੇ ਲੋਕ ਇਹ ਕਹਿ ਰਹੇ ਹਨ ਕਿ ਕਿਸਾਨ ਐਸ਼ੋ ਇਸ਼ਰਤ ਅਤੇ ਆਪਣੇ ਸਮਾਜਿਕ ਸਰੋਕਾਰਾਂ ’ਤੇ ਜ਼ਿਆਦਾ ਖ਼ਰਚਾ ਕਰ ਕੇ ਕਰਜ਼ਈ ਹੋ ਰਿਹਾ ਹੈ, ਸ਼ਾਇਦ ਉਨ੍ਹਾਂ ਲੋਕਾਂ ਨੂੰ ਕਿਸਾਨੀ ਦੀ ਆਰਥਕਤਾ ਦਾ ਉੱਕਾ ਹੀ ਗਿਆਨ ਨਹੀਂ। ਉਨ੍ਹਾਂ ਨੂੰ ਇਹ ਨਹੀਂ ਪਤਾ ਕਿ ਜਿਹੜੇ ਕਿਸਾਨ ਮਰ ਰਹੇ ਹਨ ਉਹ ਜੀਵਨ ਨਿਰਬਾਹ ਕਿਵੇਂ ਕਰਦੇ ਹਨ। ਉਨ੍ਹਾਂ ਨੇ ਐਸ਼ੋ ਇਸ਼ਰਤ ਬਾਰੇ ਤਾਂ ਕੀ ਸੋਚਣਾ ਸੀ, ਉਨ੍ਹਾਂ ਨੂੰ ਤਾਂ ਦੋ ਡੰਗ ਦੀ ਰੋਟੀ ਹੀ ਮਸਾਂ ਜੁੜਦੀ ਹੈ। ਅਸਲ ਵਿਚ ਜਿਹੜੇ ਲੋਕ ਇਹ ਪ੍ਰਚਾਰ ਕਰ ਰਹੇ ਹਨ ਕਿ ਕਿਸਾਨ ਫ਼ਜ਼ੂਲ ਖ਼ਰਚੇ ਵਿਚ ਰੁਝੇ ਹੋਏ ਹਨ, ਉਹ ਕਿਸਾਨੀ ਭਾਈਚਾਰੇ ਦੇ ਜਜ਼ਬਾਤਾਂ ਨਾਲ ਖੇਡ ਰਹੇ ਹਨ। ਅਜਿਹੇ ਲੋਕਾਂ ਨੂੰ ਪਿੰਡਾਂ ਵਿਚ ਰਹਿ ਕੇ ਪਹਿਲਾਂ ਕਿਸਾਨਾਂ ਦੇ ਜੀਵਨ ਨਿਰਬਾਹ ਦੀ ਅਸਲੀਅਤ ਤੋਂ ਜਾਣੂ ਹੋਣਾ ਚਾਹੀਦਾ ਹੈ, ਇਸ ਤੋਂ ਬਾਅਦ ਹੀ ਕੋਈ ਉਨ੍ਹਾਂ ਦੀ ਹਾਲਤ ਬਾਰੇ ਤਬਸਰਾ ਕਰਨਾ ਚਾਹੀਦਾ ਹੈ।

ਅਸਲੀਅਤ ਇਹ ਹੈ ਕਿਸਾਨਾਂ ਦੀ ਮੌਤ ਮਹਿਜ਼ ਇਕ ਅੰਕੜਾ ਬਣ ਕੇ ਰਹਿ ਗਈ ਹੈ। ਸਮੇਂ ਸਮੇਂ ਸਰਕਾਰ ਗਿਣਤੀ-ਮਿਣਤੀ ਕਰਨ ਦਾ ਕੰਮ ਯੂਨੀਵਰਸਿਟੀਆਂ ਨੂੰ ਦੇ ਦਿੰਦੀ ਹੈ। ਕਿਸਾਨਾਂ ਦੀ ਮੌਤ ਰਾਜਸੀ ਪਾਰਟੀਆਂ ਲਈ ਇਕ ਦੂਜੇ ਨੂੰ ਮਿਹਣੇ ਮਾਰਨ ਦਾ ਧੰਦਾ ਬਣ ਗਈ ਹੈ। ਰਾਜ ਕਰਨ ਵਾਲੀ ਧਿਰ ਕਹਿ ਛੱਡਦੀ ਹੈ ਕਿ ਤੁਹਾਡੀ ਸਰਕਾਰ ਵੇਲੇ ਜ਼ਿਆਦਾ ਮਰੇ ਸਨ ਤੇ ਸਾਡੀ ਵਾਰੀ ਘੱਟ ਮਰੇ ਹਨ। ਵਿਰੋਧੀ ਪਾਰਟੀਆਂ ਕਹਿ ਛੱਡਦੀਆਂ ਹਨ ਕਿ ਪਹਿਲਾਂ ਘੱਟ ਮਰੇ ਸਨ ਤੇ ਹੁਣ ਜ਼ਿਆਦਾ ਮਰੇ ਹਨ। ਇਹ ਬਿਆਨਬਾਜ਼ੀ ਵੀ ਇਕ ਚੰਗੀ ਰਾਜਸੀ ਕਮਾਈ ਦਾ ਜ਼ਰੀਆ ਬਣ ਗਈ ਹੈ। ਰਾਜਸੀ ਕੋੜਮੇ ਦਾ ਸਬੰਧ ਸਿਰਫ਼ ਬਿਆਨਬਾਜ਼ੀ ਤੱਕ ਹੀ ਹੈ ਤੇ ਉਸ ਤੋਂ ਬਾਅਦ ਸਾਰਾ ਕੁੱਝ ਮਹਿਜ਼ ਇਕ ਮਗਰਮੱਛ ਦੇ ਹੰਝੂ ਹੀ ਹਨ।

ਬਹੁਤ ਸਾਰੇ ਲੋਕਾਂ ਨੂੰ ਇਸ ਗੱਲ ਦਾ ਇਲਮ ਹੀ ਨਹੀਂ ਕਿ ਕਈ ਸਾਲ ਸਰਕਾਰਾਂ ਕਿਸਾਨਾਂ ਦੀਆਂ ਖੁਦਕਸ਼ੀਆਂ ਤੋਂ ਮੁਨਕਰ ਰਹੀਆਂ। ਜਿਉਂਦਾ ਰਹੇ ਇੰਦਰਜੀਤ ਸਿੰਘ ਜੇਜੀ, ਜਿਸਨੇ ਖੇਤੀ ਖੇਤਰ ਵਿਚ ਕਿਸਾਨਾਂ ਦੀਆਂ ਖੁਦਕੁਸ਼ੀਆਂ ਦਾ ਅਜਿਹਾ ਬੀੜਾ ਚੁੱਕਿਆ ਕਿ ਸਰਕਾਰ ਨੂੰ ਅਖ਼ੀਰ ਮੰਨਣਾ ਪਿਆ ਕਿ ਕਿਸਾਨ ਖੁਦਕੁਸ਼ੀਆਂ ਕਰ ਰਹੇ ਨੇ। ਇਸ ਸਦੀ ਦੇ ਪਹਿਲੇ ਦਹਾਕੇ ਵਿਚ ਸਰਕਾਰ ਨੇ ਪਹਿਲੀ ਵਾਰ ਬਜਟ ਵਿਚ ਕਿਸਾਨਾਂ ਦੀ ਮਾਲੀ ਮਦਦ ਕਰਨ ਦਾ ਐਲਨ ਕੀਤਾ। ਇਹ ਵੱਖਰੀ ਗੱਲ ਹੈ ਕਿ ਇਹ ਮਾਲੀ ਮਦਦ ਦੇਣ ਵੇਲੇ ਸਰਕਾਰੀਤੰਤਰ ਦਾ ਕਿਸਾਨਾਂ ਪ੍ਰਤੀ ਰਵਈਆ ਬੜਾ ਗੈਰ ਮਨੁੱਖੀ ਹੁੰਦਾ ਹੈ। ਕਿਸਾਨਾਂ ਦੀਆਂ ਖੁਦਕੁਸ਼ੀਆਂ ਦਾ ਸਿਲਸਿਲਾ ਪਹਿਲਾਂ ਸੰਗਰੂਰ ਜ਼ਿਲ੍ਹੇ ਦੇ ਲਹਿਰ ਅਤੇ ਮੂਨਕ ਇਲਾਕੇ ਦੇ ਕਪਾਹ ਖਿੱਤੇ ਵਿਚ ਸ਼ੁਰੂ ਹੋਇਆ ਤੇ ਫਿਰ ਸਾਰੀ ਨਰਮਾ ਬੈਲਟ ਵਿਚ ਫੈਲ ਗਿਆ। ਹੌਲੀ ਹੌਲੀ ਇਸ ਦੀ ਲਪੇਟ ਵਿਚ ਹੁਣ ਸਾਰਾ ਪੰਜਾਬ ਆ ਗਿਆ ਹੈ।

ਅਖੀਰ ਕਿਸਾਨ ਦੀ ਟੁੱਟ ਰਹੀ ਆਰਥਿਕਤਾ ਦਾ ਸਰਕਾਰੇ ਦਰਬਾਰੇ ਜ਼ਿਕਰ ਹੋਣਾ ਸ਼ੁਰੂ ਹੋਇਆ ਹੈ। ਕਿਸਾਨ ਜਥੇਬੰਦੀਆਂ ਦਾ ਵੀ ਇਸ ਵਿਚ ਯੋਗਦਾਨ ਰਿਹਾ ਹੈ। ਕਿਸਾਨ ਦੀ ਮੰਦਹਾਲੀ ਹੁਣ ਸਿਆਸੀ ਮੰਚ ’ਤੇ ਜੇਰੇ ਬਹਿਸ ਹੈ। ਕਰਜ਼ਾ ਹੁਣ ਇਕ ਵੱਡਾ ਸਿਆਸੀ ਮੁੱਦਾ ਬਣ ਗਿਆ ਹੈ। ਰਾਜਸੀ ਪਾਰਟੀਆਂ ਤੇ ਖੇਤਾਂ ਵਿੱਚੋਂ ਉੱਠ ਰਹੀ ਗੁੱਸੇ ਦੀ ਲਹਿਰ ਦਾ ਦਬਾ ਵਧ ਰਿਹਾ ਹੈ। ਪਰ ਦੁੱਖ ਦੀ ਗੱਲ ਇਹ ਹੈ ਕਿ ਦੇਸ਼ ਦੀ ਅਰਥ ਵਿਵਸਥਾ ਦੇ ਨੀਤੀ ਘਾੜਿਆਂ ਦੀ ਸੋਚ ਵਿੱਚੋਂ ਕਿਸਾਨ ਮਨਫ਼ੀ ਹੋ ਰਿਹਾ ਹੈ ਜਦੋਂ ਕਿ ਦੇਸ਼ ਦੀ ਅਰਥ ਵਿਵਸਥਾ ਉਸ ਉੱਤੇ ਨਿਰਭਰ ਹੈ। ਜੇਕਰ ਉਹ ਟੁੱਟ ਗਿਆ ਤਾਂ ਇਸ ਦੇਸ਼ ਦਾ ਬੁਰਾ ਹਾਲ ਹੋ ਜਾਵੇਗਾ। ਸਵਾਲ ਇਹ ਹੈ ਕਿ ਕੌਣ ਭਰੇਗਾ 120 ਕਰੋੜ ਲੋਕਾਂ ਦਾ ਢਿੱਡ।

ਸਭ ਤੋਂ ਤਕਲੀਫ ਦੇਣ ਵਾਲੀ ਗੱਲ ਇਹ ਹੈ ਕਿ ਜਦੋਂ ਕਿਸਾਨੀ ਨਿਰਾਸ਼ਾ ਦੇ ਆਲਮ ਵਿਚ ਡੁੱਬੀ ਹੋਈ ਹੈ ਤਾਂ ਉਸ ਸਮੇਂ ਕੇਂਦਰ ਸਰਕਾਰ ਦਾ ਖੇਤੀ ਅਰਥਚਾਰੇ ਬਾਰੇ ਵਤੀਰਾ ਬਹੁਤ ਦਿਲ ਦੁਖਾਊ ਹੈ। ਦੇਸ਼ ਦਾ ਵਿੱਤ ਮੰਤਰੀ ਅਰੁਣ ਜੇਤਲੀ ਵਾਰ ਵਾਰ ਕਹਿ ਚੁੱਕਾ ਹੈ ਕਿ ਕੇਂਦਰ ਕਿਸਾਨਾਂ ਦੇ ਕਰਜ਼ਾ ਮਾਫ਼ ਕਰਨ ਲਈ ਰਾਜਾਂ ਦੀ ਮਦਦ ਨਹੀਂ ਕਰੇਗਾ। ਪਹਿਲਾਂ ਹੀ ਕੇਂਦਰ ਸਰਕਾਰ ਸਵਾਮੀਨਾਥਨ ਰਿਪੋਰਟ ਲਾਗੂ ਕਰਨ ਤੋਂ ਭੱਜ ਗਈ ਹੈ। ਹਾਲਾਂਕਿ 2014 ਦੀਆਂ ਚੋਣਾਂ ਤੋਂ ਪਹਿਲਾਂ ਭਾਜਪਾ ਨੇ ਇਹ ਰੀਪੋਰਟ ਲਾਗੂ ਕਰਨ ਦਾ ਵਾਅਦਾ ਕੀਤਾ ਸੀ।

ਇਹੀ ਵਜ੍ਹਾ ਹੈ ਕਿ ਸਾਰੇ ਦੇਸ਼ ਦੀ ਕਿਸਾਨੀ ਵਿਚ ਗੁੱਸੇ ਦੀ ਲਹਿਰ ਜ਼ੋਰ ਫੜ ਰਹੀ ਹੈ। ਕੁੱਝ ਦਿਨ ਪਹਿਲਾਂ ਤਾਮਿਲਨਾਡੂ ਦੇ ਕਿਸਾਨ ਕਈ ਦਿਨ ਦਿੱਲੀ ਵਿਚ ਆਪਣਾ ਮੁਜ਼ਾਹਰਾ ਕਰਕੇ ਗਏ ਨੇ। ਮਹਾਰਾਸ਼ਟਰ ਵਿਚ ਵੀ ਇਹ ਹੋ ਚੁੱਕਾ ਹੈ ਤੇ ਪੰਜਾਬ ਦੇ ਕਿਸਾਨ ਵੀ ਬਹੁਤ ਵਾਰ ਦਿੱਲੀ ਜਾ ਚੁੱਕੇ ਹਨ। ਹਰਿਆਣਾ ਅਤੇ ਗੁਜਰਾਤ ਦੇ ਕਿਸਾਨ ਵੀ ਕਾਫੀ ਲੰਬੇ ਸਮੇ ਤੋਂ ਸੰਘਰਸ਼ ਕਰ ਰਹੇ ਨੇ। ਕਿਸਾਨ ਦਾ ਰੋਹ ਆਉਣ ਵਾਲੇ ਦਿਨਾਂ ਵਿਚ ਹੋਰ ਪ੍ਰਚੰਡ ਰੂਪ ਧਾਰਨ ਕਰ ਸਕਦਾ ਹੈ। ਅਸਲ ਵਿਚ ਕੇਂਦਰੀ ਵਿਤ ਮੰਤਰੀ ਨੇ ਕਿਸਾਨ ਕਰਜ਼ਿਆਂ ਬਾਰੇ ਇੰਨਾ ਰੁੱਖਾ ਬਿਆਨ ਦਿੱਤਾ, ਜਿਸ ਨਾਲ ਕਿਸਾਨਾਂ ਦੇ ਹਿਰਦਿਆਂ ’ਤੇ ਸੱਟ ਵੱਜੀ ਹੈਕੇਂਦਰ ਸਰਕਾਰ ਕੋਲ ਆਮਦਨ ਦੇ ਇੰਨੇ ਜ਼ਿਆਦਾ ਵਸੀਲੇ ਹਨ ਕਿ ਉਹ ਕਰਜ਼ੇ ਦਾ ਭਾਰ ਸਹਿਜੇ ਹੀ ਚੁੱਕ ਸਕਦੀ ਹੈ, ਹਾਲਾਂਕਿ ਕਰਜ਼ਾ ਮੁਆਫ ਕਰਨ ਨਾਲ ਗੱਲ ਨਿੱਬੜਨੀ ਨਹੀਂ। ਪੰਜਾਬ ਵਰਗੇ ਪ੍ਰਾਂਤ ਵਿਚ ਕਿਸਾਨੀ ਦੇ ਕਰਜ਼ਾ ਮੁਆਫੀ ਦੇ ਐਲਾਨ ਤੋਂ ਬਾਅਦ ਖੁਦਕੁਸ਼ੀਆਂ ਦਾ ਸਿਲਸਿਲਾ ਹੋਰ ਤੇਜ਼ ਹੋ ਗਿਆ ਹੈ।

ਖੁਦਕੁਸ਼ੀਆਂ ਰੋਕਣ ਲਈ ਵੱਡੇ ਉਪਰਾਲੇ ਦੀ ਜ਼ਰੂਰਤ ਹੈ। ਕਿਸਾਨੀ ਦਾ ਮਨੋਬਲ ਇੰਨਾ ਡਿਗ ਪਿਆ ਹੈ ਕਿ ਉਸ ਨੂੰ ਮੁੜ ਬਹਾਲ ਕਰਨ ਲਈ ਸਮਾਜਿਕ, ਰਾਜਨੀਤਕ ਅਤੇ ਧਾਰਮਿਕ ਪੱਧਰ ’ਤੇ ਵੱਡੀ ਮੁਹਿੰਮ ਸ਼ੁਰੂ ਕਰਨ ਦੀ ਲੋੜ ਹੈ। ਮਨੋਬਲ ਡਿਗਣ ਦੇ ਕਈ ਕਾਰਨ ਹਨ। ਕਿਸਾਨ ਆਪਣੇ ਬੱਚਿਆਂ ਦੇ ਭਵਿੱਖ ਵਾਰੇ ਚਿੰਤਤ ਹੈ। ਭ੍ਰਿਸ਼ਟ ਵਿਵਸਥਾ ਵਿਚ ਉਹ ਇਕੱਲਾ ਪੈ ਗਿਆ ਹੈ। ਵਿੱਦਿਅਕ ਢਾਂਚਾ ਨਿੱਘਰ ਗਿਆ ਹੈ ਜਿਸ ਕਰ ਕੇ ਉਸਦੇ ਬੱਚੇ ਨੌਕਰੀ ਦੇ ਕਾਬਲ ਵੀ ਨਹੀਂ ਬਣਦੇ।

ਵੱਡਾ ਸਵਾਲ ਇਹ ਹੈ ਕਿ ਕਿਵੇਂ ਖੇਤੀ ਛੋਟੀ ਅਤੇ ਦਰਮਿਆਨੀ ਕਿਸਾਨੀ ਲਈ ਲਾਹੇਵੰਦ ਧੰਦਾ ਬਣੇ। ਛੋਟੀ ਤੇ ਦਰਮਿਆਨੀ ਕਿਸਾਨੀ ਲਈ ਖੇਤੀ ਦੇ ਨਾਲ-ਨਾਲ ਸਰਕਾਰ ਨੂੰ ਨੌਕਰੀਆਂ ਦਾ ਪ੍ਰਬੰਧ ਵੀ ਕਰਨਾ ਪਵੇਗਾ। ਸਰਕਾਰੀ ਨੌਕਰੀਆਂ ਦੀ ਥੁੜ ਹੈ। ਇਸ ਲਈ ਕਿਸਾਨਾਂ ਦੇ ਬੱਚਿਆਂ ਨੂੰ ਗ਼ੈਰ ਸਰਕਾਰੀ ਖੇਤਰ ਵਿਚ ਨੌਕਰੀਆਂ ਲਈ ਤਿਆਰ ਕੀਤਾ ਜਾਣਾ ਚਾਹੀਦਾ ਹੈ। ਟ੍ਰੇਨਿੰਗ ਦੇਣੀ ਚਾਹੀਦੀ ਹੈ।

ਇਸ ਦੇ ਨਾਲ ਹੀ ਕਿਸਾਨ ਨੂੰ ਕਣਕ ਚਾਵਲ ਦੇ ਚੱਕਰ ਵਿੱਚੋਂ ਬਾਹਰ ਕੱਢਣਾ ਪਵੇਗਾ। ਇਸ ਲਈ ਖੇਤੀ ਖੇਤਰ ਵਿਚ ਵੱਡੀ ਤਬਦੀਲੀ ਕਰਨੀ ਪਵੇਗੀ ਤੇ ਸਖਤ ਫੈਸਲੇ ਲੈਣੇ ਪੈਣਗੇ। ਭਾਵ ਕੌੜਾ ਘੁੱਟ ਭਰਨਾ ਪਵੇਗਾ। ਇਸ ਲਈ ਰਾਜਸੀ ਇੱਛਾ ਸ਼ਕਤੀ ਦੀ ਜ਼ਰੂਰਤ ਹੈ। ਛੋਟੇ ਤੇ ਦਰਮਿਆਨੇ ਕਿਸਾਨ ਲਈ ਸਹਿਕਾਰੀ ਖੇਤੀ ਦਾ ਮਾਡਲ ਲਾਗੂ ਕਰਨਾ ਪਵੇਗਾ। ਉਨ੍ਹਾਂ ਲਈ ਪੈਨਸ਼ਨ ਦਾ ਪ੍ਰਬੰਧ ਕਰਨਾ ਪਵੇਗਾ। 1000-2000 ਪ੍ਰਤੀ ਮਹੀਨਾ ਨਾਲ ਕੰਮ ਨਹੀਂ ਚੱਲਣਾ। ਇਹ ਘੱਟੋ ਘੱਟ 8000-10000 ਰੁਪਏ ਮਹੀਨਾ ਦੇਣੀ ਪਵੇਗੀ। ਕਿਸਾਨੀ ਦਾ ਦੇਸ਼ ਦੇ ਵਿਕਾਸ ਅਤੇ ਆਰਥਿਕਤਾ ਵਿਚ ਵੱਡਾ ਯੋਗਦਾਨ ਹੈ। ਜੇਕਰ ਮੁਲਾਜ਼ਮ, ਫੌਜੀਆਂ ਤੇ ਹੋਰਨਾਂ ਨੂੰ ਪੈਨਸ਼ਨ ਮਿਲ ਸਕਦੀ ਹੈ ਤਾਂ ਫਿਰ ਕਿਸਾਨਾਂ ਨੂੰ ਕਿਉਂ ਨਹੀਂ। ਖੇਤ ਮਜ਼ਦੂਰਾਂ ਲਈ ਵੀ ਇਹ ਕੁੱਝ ਕਰਨਾ ਪਵੇਗਾ। ਪੇਂਡੂ ਅਰਥਚਾਰੇ ਦਾ ਖੇਤ ਮਜ਼ਦੂਰ ਅਨਿੱਖੜਵਾਂ ਅੰਗ ਹੈ। ਉਸ ਨੂੰ ਵੱਖ ਕਰ ਕੇ ਨਹੀਂ ਵੇਖਿਆ ਜਾ ਸਕਦਾ। ਉਸ ਨੂੰ ਵੀ ਸਕੰਟ ਵਿੱਚੋਂ ਕੱਢਣ ਦੀ ਲੋੜ ਹੈ।

ਕਿਸਾਨਾਂ ਦੇ ਮੁਫ਼ਤ ਇਲਾਜ, ਉਨ੍ਹਾਂ ਦੇ ਬੱਚਿਆਂ ਦੀ ਮੁਫ਼ਤ ਪੜ੍ਹਾਈ ਦਾ ਇੰਤਜ਼ਾਮ ਵੀ ਕਰਨਾ ਪਵੇਗਾ। ਸਮਾਜਿਕ ਸੁਧਾਰ ਲਹਿਰ ਚਲਾਉਣੀ ਪਵੇਗੀ। ਪੰਜਾਬ ਨੂੰ ਸੋਗ ਦੇ ਮਾਹੌਲ ਵਿੱਚੋਂ ਕੱਢਣ ਲਈ ਇਕ ਬਹੁਤ ਵੱਡੇ ਸਾਂਝੇ ਹੰਭਲੇ ਦੀ ਲੋੜ ਹੈ। ਇਹ ਤਾਂ ਹੀ ਸੰਭਵ ਹੈ ਜੇ ਸਾਰੇ ਪੰਜਾਬੀ ਇਕ ਮੁੱਠ ਹੋ ਕੇ ਇਸ ਦਿਸ਼ਾ ਵੱਲ ਯਤਨ ਕਰਨ।

*****

(819)

 ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)