LalSKalsi7“ਸੋ ਚੰਗੀ ਗੱਲ ਤਾਂ ਇਹੀ ਹੈ ਇਸਦੇ ਕਲੀਨਿਕ ਦੀ ਪਰਚੀ ਬਣਵਾ ਲਵੋ ਅਤੇ ਫੇਰ ਹੀ ...”
(18 ਅਗਸਤ 2017)

 

ਇਹ ਗੱਲ 1977-78 ਦੀ ਹੈ, ਜਦੋਂ ਅਸੀਂ ਜਰਮਨ ਕੰਪਨੀ ‘ਇੰਡੋਮਾਨ ਵਿਦੇਗ’ ਵੱਲੋਂ ਏਸ਼ੀਆ ਦੇ ਦੂਜੇ ਨੰਬਰ ਦੇ ਸਵੈ-ਚਾਲਕ ਅਤੇ ਪੂਰੀ ਤਰ੍ਹਾਂ ਕੰਪਿਊਟਰ ਕੰਟਰੋਲ ‘ਸੀਮਿਨ ਆਰੀਆ ਸੀਮਿੰਟ ਕਾਰਖਾਨੇ ਦੀ ਉਸਾਰੀ ਦਾ ਕੰਮ ਕਰਨ ਲਈ ਇਰਾਨ ਦੀ ਪਾਕਰੋ ਕੰਪਨੀ ਰਾਹੀਂ 52 ਭਾਰਤੀ ਇਸਫਾਹਨ ਪਹੁੰਚੇ, ਉਸ ਵੇਲੇ ਇਰਾਨ ਵਿੱਚ ਰਜ਼ਾ-ਏ-ਪਹਿਲਵੀ ਸ਼ਾਹ ਦਾ ਰਾਜ ਸੀ। ਉਸਦੇ ਰਾਜ ਵਿਚ ਉਸ ਵੇਲੇ ਬੋਲਿਆ ਗਿਆ ਹਰੇਕ ਫੁਰਮਾਨ ਹੀ ਕਾਨੂੰਨ ਅਤੇ ਹੁਕਮ ਹੁੰਦਾ ਸੀ। ਆਪ ਤੋਂ ਉਮਰ ਵਿਚ ਕੀ ਵੱਡਾ ਕੀ ਛੋਟਾ, ਕਿਸੇ ਵੀ ਸਰਕਾਰੀ ਅਹੁਦੇਦਾਰ ਨੂੰ ਮਿਲਣ ਵੇਲੇ ਅੱਖਾਂ ਤੇ ਸਿਰ ਨੀਵਾਂ ਕਰਕੇ ਖੱਬਾ ਹੱਥ ਆਪਣੇ ਦਿਲ ਤੇ ਰੱਖਕੇ ਗੱਲ ਕਰ ਸਕਦਾ ਸੀ। ਕੋਈ ਆਮ ਨਾਗਰਿਕ ਜਾਂ ਕੋਈ ਵੀ ਅਹੁਦੇਦਾਰ ਆਪਣੀਆਂ ਮੁੱਛਾਂ ਉੱਪਰ ਨਹੀਂ ਸੀ ਕਰ ਸਕਦਾ। ਦੂਸਰੇ ਨਾਲ ਗੱਲ ਕਰਨ ਵੇਲੇ ਉਸ ਵੱਲ ਹੱਥ ਜਾਂ ਉਂਗਲ ਨਾਲ ਇਸ਼ਾਰਾ ਕਰਨਾ ਗੁਨਾਹ ਅਤੇ ਕਾਨੂੰਨਨ ਜੁਰਮ ਸਮਝਿਆ ਜਾਂਦਾ ਸੀ।

ਜਦੋਂ ਅਸੀਂ ਇਰਾਨ ਵਿੱਚ ਨਵੇਂ ਨਵੇਂ ਸਾਂ ਤਾਂ ਨਾ ਸਾਨੂੰ ਇਰਾਨੀ ਬੋਲੀ (ਫਾਰਸੀ) ਬੋਲਣੀ ਜਾਂ ਸਮਝਣੀ ਆਉਂਦੀ ਸੀ ਅਤੇ ਨਾ ਹੀ ਉੱਥੋਂ ਦੇ ਕੋਈ ਕਾਇਦੇ ਕਾਨੂੰਨ ਦੀ ਵਾਕਫੀ ਸੀ। ਅਸੀਂ ਕੰਪਨੀ ਵੱਲੋਂ ਦਿੱਤੀ ਗਈ ਦੋ ਤਿੰਨ ਮੰਜ਼ਲੀ ਕੋਠੀ ਵਿਚ ਦਾਨਿਸ਼ਗਾਹ (ਯੂਨੀਵਰਸਿਟੀ) ਚੌਂਕ ਦੇ ਨੇੜੇ ਤਿੰਨ ਪੁਰਾਣੇ ਐੱਚ.ਐੱਮ.ਟੀ ਵਾਲੇ ਸਾਥੀ ਅਜਮੇਰ ਬਰਾੜ, ਕਾਬਲ ਸਿੰਘ ਸਿੱਧੂ ਅਤੇ ਮੈਂ ਇੱਕੋ ਕਮਰੇ ਵਿਚ ਰਹਿੰਦੇ ਸਾਂ। ਅਸੀਂ ਤਿੰਨੇ ਹੀ ਦਾੜ੍ਹੀ, ਮੁੱਛਾਂ ਅਤੇ ਪੱਗ ਵਧੀਆ ਬੰਨ੍ਹਕੇ ਰੱਖਦੇ ਅਤੇ ਕੰਮ ਵੀ ਇਕੱਠੇ ਇੱਕ ਪ੍ਰੋਜੈਕਟ ’ਤੇ ਕਰਦੇ ਸਾਂ। ਜਦੋਂ ਅਸੀਂ ਬਜ਼ਾਰ ਵੀ ਜਾਂਦੇ ਤਾਂ ਵਧੀਆ ਪਹਿਨ-ਪੱਚਰ ਕੇ ਜਾਂਦੇ। ਸਾਡੇ ਵਿੱਚੋਂ ਕਾਬਲ ਸਿੰਘ ਸਿੱਧੂ ਦਾ ਭਾਰਾ ਚਿਹਰਾ ਮੋਟੀਆਂ ਅੱਖਾਂ ਤੇ ਕੁੰਡਲ ਵਾਲੀਆਂ ਮੁੱਛਾਂ ਵੇਖ ਕੇ ਮਾੜੇ ਦਿਲ ਵਾਲਾ ਬੰਦਾ ਊਂਈ ਦਹਿਲ ਜਾਂਦਾ ਸੀ। ਅਸੀਂ ਦੋਵੇਂ ਵੀ ਦਾੜ੍ਹੀ ਠੱਪ ਕੇ, ਮੁੱਛਾਂ ਵਧੀਆ ਬਣਾ ਕੇ, ਵਧੀਆ ਪੇਚਾਂ ਵਾਲੀ ਪੱਗ ਬੰਨਹ ਕੇ ਨਿਕਲਦੇ। ਸਾਡੇ ਕੱਦ ਕਾਠ ਵੀ ਲੱਗਭਗ ਬਰਾਬਰ ਹੀ ਸਨ। ਸਾਡੇ ਨਾਲਦਿਆਂ ਨੇ ਸਾਡੀ ਪਹਿਚਾਣ ‘ਤਿੱਕੜੀ ਨਾਂ ਨਾਲ ਬਣਾਈ ਸੀ। ਬਵੰਜਾ ਭਾਰਤੀਆਂ ਵਿੱਚੋਂ ਬਣਾਈ ਗਈ ਵੈੱਲਫੇਅਰ ਕਮੇਟੀ ਦੇ ਪੰਜ ਮੈਂਬਰਾਂ ਵਿੱਚੋਂ ਦੋ ਅਸੀਂ ‘ਤਿੱਕੜੀ ਵਿੱਚੋਂ ਮੈਂਬਰ ਸਾਂ ਜਿਸ ਕਰਕੇ ਕਮੇਟੀ ਦੇ ਫੈਸਲਿਆਂ ਵਿਚ ਵੀ ਸਾਡਾ ਵੱਡਾ ਯੋਗਦਾਨ ਹੁੰਦਾ ਸੀ।

ਜਦੋਂ ਅਸੀਂ ਸ਼ਹਿਰ ਬਜ਼ਾਰ ਤੋਂ ਕੋਈ ਖਰੀਦਦਾਰੀ ਕਰਨ ਨਿੱਕਲਦੇ ਤਾਂ ਵੀ ਇੱਕਠੇ ਹੀ ਹੁੰਦੇ। ਬਹੁਤਵਾਰ ਜਦੋਂ ਅਸੀਂ ‘ਚੁਰਾਹੇ-ਏ-ਬਾਗ’ (ਬਾਗ ਵਾਲਾ ਚੌਂਕ) ਪਾਰ ਕਰਨ ਲਈ ਰੁਕਦੇ ਤਾਂ ਚੌਂਕ ’ਤੇ ਪੁਲੀਸ ਕਰਮਚਾਰੀ ਅਤੇ ਆਮ ਇਰਾਨੀ ਲੋਕ ਸਾਨੂੰ ਖੜ੍ਹ ਕੇ ਨੀਝ ਨਾਲ ਵੇਖਦੇ, ਦੁਆ-ਸਲਾਮ ਕਰਦੇ ਤੇ ਹਾਲਚਾਲ ਪੁੱਛਦੇ। ਆਗਾ-ਏ-ਹਿੰਦੀ ‘ਸਲਾਮ-ਅਲ-ਲੇਕਮ, ਸ਼ੁਮਾ ਖ਼ਯਾਲੀ ਖੂਬ ਅਸਤ, ਸਿਵਲ-ਏ-ਸ਼ੁਮਾ ਖੂਬ-ਬੁਲੰਦ ਅਸਤ, ਸਲਾਮ ਕਰਕੇ ਕਹਿੰਦੇ, ਤੁਸੀਂ ਬਹੁਤ ਵਧੀਆ ਹੋ, ਤੁਹਾਡੀਆਂ ਖੜ੍ਹੀਆਂ ਮੁੱਛਾਂ ਬਹੁਤ ਵਧੀਆ ਲਗਦੀਆਂ ਹਨ, ਵਗੈਰਾ, ਵਗੈਰਾ। ਅੱਗੋਂ ਅਸੀਂ ਵੀ ਦੁਆ ਸਲਾਮ ਕਰਕੇ ਉਨ੍ਹਾਂ ਦਾ ਹਾਲ-ਚਾਲ ਪੁੱਛਦੇ, ਹੱਥ ਮਿਲਾ ਕੇ ਅੱਗੇ ਲੰਘ ਜਾਂਦੇ। ਕਈ ਵਾਰ ਉਹ ਸਾਨੂੰ ਅੱਗੇ ਜਾਣ ਤੋਂ ਰੋਕ ਲੈਂਦੇ। ਸਾਡੀਆਂ ਪੱਗਾਂ, ਦਾੜ੍ਹੀ ਨੂੰ ਹੱਥ ਲਾ ਕੇ ਵੇਖਦੇ। ਖਾਸ ਕਰਕੇ ਕਾਬਲ ਸਿੰਘ ਸਿੱਧੂ ਦੀਆਂ ਮੋਟੀਆਂ ਮੋਟੀਆਂ ਮੁੱਛਾਂ ਨੂੰ ਤਾਂ ਉਹ ਹੱਥ ਨਾਲ ਵੱਟ ਚੜ੍ਹਾਕੇ ਵੀ ਵੇਖਦੇ ਅਤੇ ਬੜਾ ਖੁਸ਼ ਹੁੰਦੇ। “ਸਿਵਲ-ਏ-ਸ਼ਮਾ ਖ਼ਿਯਾਲੀ ਖੂਬ ਅਸਤ ਆਗਾ ਜਾਂ।” (ਸ੍ਰੀਮਾਨ ਜੀ ਤੁਹਾਡੀਆਂ ਮੁੱਛਾਂ ਬੜੀਆ ਵਧੀਆ ਹਨ)। “ਸ਼ੁਕਰੀਆ, ਮਾਮਨੂਮ” ਕਹਿੰਦਿਆਂ ਅਸੀਂ ਹੱਸਦਿਆਂ ਅੱਗੇ ਚੱਲ ਪੈਂਦੇ।

ਬਹੁਤੇ ਇਰਾਨੀ ਸਾਨੂੰ ਵੇਖਕੇ ਹਿੰਦੀ ਫਿਲਮਾਂ ਦੇ ਗਾਣਿਆਂ ਦੀਆਂ ਤੁਕਾਂ ਬੋਲਦੇ ਤੇ ਖਾਸ ਕਰਕੇ ਸੰਗਮ ਫਿਲਮ ਦਾ ਗਾਣਾਂ ‘ਬੋਲ ਰਾਧਾ ਬੋਲ, ਸੰਗਮ ਹੋਗਾ ਕਿ ਨਹੀਂ।’

ਪੰਜਾਬੀ ਲਿਬਾਸ ਅਤੇ ਪਹਿਰਾਵੇ, ਪੰਜਾਬੀ ਜੁੱਤੀ, ਧੂੰਵਾਂ ਚਾਦਰਾ, ਭੰਗੜੇ ਵਾਲਿਆਂ ਦੀ ਪੱਗ ਦੇ ਤੁਰਲੇ ਦੀ ਗੱਲ ਕਰਕੇ ਜਿੱਥੇ ਜਾਣਕਾਰੀ ਲੈਂਦੇ ਉੱਥੇ ਉਹ ਸੱਭ ਗੱਲਾਂ ਵਿੱਚੋਂ ਸਵਾਦ ਵੀ ਲੈਂਦੇ। ਇਕ ਤੋਂ ਵੱਧ ਸ਼ਾਦੀਆਂ ਦੇ ਰਿਵਾਜ ਬਾਰੇ ਪੁੱਛਦੇ। ਆਪਣੀਆਂ ਇਰਾਨਣ ਕੁੜੀਆਂ ਬਾਰੇ ਵੀ ਦੱਸਦੇ ਕਿ ਉਹ ਵਿਆਹ ਮੰਗਣੀ ਤੋਂ ਪਹਿਲਾਂ ਮੁੰਡੇ ਨੂੰ ਤਿੰਨ ਸਵਾਲ ਪੁੱਛਦੀਆਂ ਹਨ - ਪਹਿਲਾ ਪੜ੍ਹਾਈ, ਦੂਸਰਾ ਨੌਕਰੀ, ਜਾਣੀਂ ਕੰਮ ਕਾਰ, ਤੀਸਰਾ ਕਾਰ ਕੋਲ ਹੈ? ਅਜਿਹਾ ਸਭ ਕੁਝ ਜੇਕਰ ਇਰਾਨੀ ਮੁੰਡੇ ਕੋਲ ਹੈ ਤਾਂ ਗੱਲ ਅੱਗੇ ਤੁਰੇਗੀ। ਇਸਦੀ ਵਜ੍ਹਾ ਇਹ ਹੈ ਕਿ ਪੜ੍ਹਾਈ ਪੱਖੋਂ ਇਰਾਨੀ ਲੜਕੀਆਂ ਮੁੰਡਿਆਂ ਨਾਲੋਂ ਬਹੁਤ ਅੱਗੇ ਹਨ। ਇਹੀ ਵਜ੍ਹਾ ਹੈ ਕਿ ਮੁੰਡਿਆਂ ਨੂੰ ਇਰਾਨੀ ਲੜਕੀਆਂ ਬੇ-ਪਸੰਦ ਕਰਦੀਆਂ ਹਨ ਨਾ ਕਿ ਮੁੰਡੇ। ਇਉਂ ਜਿੱਥੇ ਉਹ ਸਾਡੇ ਤੋਂ ਭਾਰਤੀ ਸਭਿਅਤਾ ਦੀ ਪੁੱਛ-ਪੜਤਾਲ ਕਰਦੇ ਉੱਥੇ ਉਹ ਆਪਣੇ ਮੁਲਕ ਅਤੇ ਕੌਮ ਬਾਰੇ ਵੀ ਬੜਾ ਕੁਝ ਦੱਸ ਜਾਂਦੇ।

**

ਇਲਾਜ ਬਨਾਮ ਇਨਸਾਨੀਅਤ

ਸਿਹਤ ਪੱਖੋਂ ਪ੍ਰਮਾਤਮਾ ਦੀ ਕ੍ਰਿਪਾ ਰਹੀ ਸੀ। ਇਰਾਨ ਜਾਕੇ ਸਾਡੇ ਕੰਮ ਦੀ ਕਿਸਮ ਜ਼ਰੂਰ ਬਦਲੀ ਸੀ, ਜਾਣੀ ਕੰਮ ਥੋੜ੍ਹਾ ਜਿਹਾ ਸਖ਼ਤ ਸੀ ਪਰ ਮੌਸਮ ਠੀਕ ਸੀ, ਜਾਣੀ ਗਰਮੀ ਨਹੀਂ ਸੀ। ਹੋ ਸਕਦਾ ਹੈ ਕਿ ਖਾਣ ਪੀਣ ਕਰਕੇ ਸ਼ੁਰੂ ਹੋਇਆ ਹੋਵੇ, ਮੇਰੇ ਪੇਟ ਵਿਚ ਮਿੰਨ੍ਹਾ- ਮਿੰਨ੍ਹਾ ਦਰਦ ਰਹਿਣਾ ਸ਼ੁਰੂ ਹੋ ਗਿਆ ਸੀ। ਸਾਡੇ ਪਲਾਂਟ ਦੇ ਦਫਤਰੀ ਕੰਪਲੈਕਸ ਵਿਚ ਇਕ ਡਿਸਪੈਂਸਰੀ ਬਣੀ ਹੋਈ ਸੀ ਜਿੱਥੇ ਮੈਂ ਹਫਤਾ ਕੁ ਦਵਾਈ ਲਈ ਪਰ ਅਰਾਮ ਆਉਣ ਦੀ ਬਿਜਾਏ ਪੇਟ ਦਰਦ ਦੇ ਨਾਲ ਨਾਲ ਖੂਨ ਦੀਆਂ ਟੱਟੀਆਂ ਆਉਣੀਆਂ ਸ਼ੁਰੂ ਹੋ ਗਈਆਂ। ਉਹ ਵੀ ਦਿਨ ਵਿੱਚ ਪੰਜ ਪੰਜ,  ਚਾਰ ਚਾਰ ਵਾਰ। ਇਸਫਾਹਨ ਸ਼ਰਿਹ ਵਿੱਚ ਪ੍ਰਾਈਵੇਟ ਡਾਕਟਰ ਤੋਂ ਵੀ ਦਵਾਈ ਲਈ ਪਰ ਕੋਈ ਫਾਇਦਾ ਨਾ ਹੋਇਆ। ਜਦ ਕੰਪਨੀ ਦਫਤਰ ਵਿਚ ਜਰਮਨ ਚੀਫ ਨਾਲ ਗੱਲ ਕੀਤੀ ਤਾਂ ਉਸਨੇ ਡਿਸਪੈਂਸਰੀ ਕੰਪਾਊਂਡਰ ਨੂੰ ਨਾਲ ਭੇਜਕੇ ‘ਰਜ਼ਾ-ਏ-ਪਹਿਲਵੀ’ ਸਰਕਾਰੀ ਹਸਪਤਾਲ ਇਸਫਾਹਨ ਚੈੱਕ ਕਰਵਾਉਣ ਭੇਜ ਦਿੱਤਾ, ਜਿੱਥੇ ਉਨ੍ਹਾਂ ਮੈਨੂੰ ਦਾਖਲ ਕਰ ਲਿਆ। ਟੈੱਸਟ ਵਗੈਰਾ ਕਰਨ ਉਪਰੰਤ ਉਨ੍ਹਾਂ ਬਵਾਸੀਰ ਦੀ ਸ਼ਕਾਇਤ ਬਾਰੇ ਦੱਸਿਆ ਅਤੇ ਵਾਰਡ ਇੰਚਾਰਜ ਡਾ. ਖਰਬੂਸ ਵੱਲੋਂ ਅਪ੍ਰੇਸ਼ਨ ਕਰਨ ਦਾ ਦਿਨ ਅਤੇ ਸਮਾਂ ਦੱਸ ਦਿਤਾ। ਦਿੱਤੇ ਹੋਏ ਦਿਨ ਅਤੇ ਸਮੇਂ ਅਨੁਸਾਰ ਮੇਰੀ ਅਪ੍ਰੇਸ਼ਨ ਦੀ ਪੂਰੀ ਤਿਆਰੀ ਕਰਵਾਕੇ ਬੇ-ਹੋਸ਼ੀ ਦਾ ਟੀਕਾ ਲਾ ਕੇ ਅਪ੍ਰੇਸ਼ਨ ਥਿਏਟਰ ਲਿਜਾਇਆ ਗਿਆ ਪਰ ਅਪ੍ਰੇਸ਼ਨ ਨਾ ਕੀਤਾ। ਸਗੋਂ ਦੋ ਕੁ ਦਿਨ ਹਸਪਤਾਲ ਰੱਖਕੇ ਮੈਨੂੰ ਹਸਪਤਾਲ ਵਿੱਚੋਂ ਖਾਰਿਜ ਕਰ ਦਿੱਤਾ ਅਤੇ ਹਫਤਾ ਕੁ ਗੋਲੀਆਂ ਖਾਣ ਲਈ ਕਹਿ ਦਿੱਤਾ।

ਹਫਤੇ ਕੁ ਭਰ ਦਵਾਈ ਖਾਣ ਸਮੇਂ ਮੈਂ ਤਕਰੀਬਨ ਠੀਕ ਰਿਹਾ ਪਰ ਦੁਬਾਰਾ ਫਿਰ ਜਦੋਂ ਮੇਰੀ ਉਹੀ ਹਾਲਤ ਹੋ ਗਈ ਤਾਂ ਚੈੱਕ ਕਰਵਾਉਣ ਗਿਆ। ਉੱਥੋਂ ਦੇ ਨਰਸ ਅਮਲੇ ਨੇ ਵਿਚਲੀ ਗੱਲ ਦੱਸੀ ਕਿ ਡਾ. ਖਰਬੂਸ ਲਾਲਚੀ ਹੈ ਜਿਸਦਾ ਆਪਣਾ ਵੀ ਕਲੀਨਿਕ ਖੋਲ੍ਹਿਆ ਹੋਇਆ ਹੈ। ਜਿਹੜਾ ਮਰੀਜ਼ ਇਸਦੇ ਕਲੀਨਿਕ ਦੀ ਪਰਚੀ ਬਣਵਾਕੇ ਹਸਪਤਾਲ ਆਉਂਦਾ ਹੈ ਜਾਂ ਜਿਸ ਨੂੰ ਇਹ ਆਪ ਇੱਥੇ ਭੇਜਦਾ ਹੈ, ਉਸਦਾ ਹੀ ਇਲਾਜ ਕਰਦਾ ਹੈ। ਸੋ ਚੰਗੀ ਗੱਲ ਤਾਂ ਇਹੀ ਹੈ ਇਸਦੇ ਕਲੀਨਿਕ ਦੀ ਪਰਚੀ ਬਣਵਾ ਲਵੋ ਅਤੇ ਫੇਰ ਹੀ ਹਸਪਤਾਲ ਆਓ। ਕਹਿੰਦੇ ਐ, ਮਰਦਾ ਕੀ ਨਾ ਕਰਦਾ। ਮੈਂ ਸ਼ਾਮ ਦੇ ਸਮੇਂ ਆਪਣੇਂ ਦੋਵਾਂ ਸਾਥੀਆਂ ਕਾਬਲ ਸਿੰਘ ਸਿੱਧੂ ਅਤੇ ਅਜਮੇਰ ਬਰਾੜ ਨਾਲ ਡਾ. ਖਰਬੂਸ ਦੇ ਕਲੀਨਿਕ ਜਾਕੇ ਸੌ ਦਰਾਮ ਦੇ ਕੇ ਪਰਚੀ ਕਟਾਈ ਅਤੇ ਦੂਸਰੇ ਦਿਨ ਹਸਪਤਾਲ ਚਲੇ ਗਏ।

ਹਸਪਤਾਲ ਦਾਖਲਾ ਤਾਂ ਬੇਸ਼ੱਕ ਹੋ ਗਿਆ ਪਰ ਪਹਿਲਾਂ ਵਾਂਗ ਫਿਰ ਮੈਨੂੰ ਤਿੰਨ ਚਾਰ ਦਿਨ ਉੱਥੇ ਲੰਘਦਿਆਂ ਵਾਰਡ ਦਾ ਸਟਾਫ ਅਤੇ ਕੁਝ ਕੁ ਇਰਾਨੀ ਮਰੀਜ਼ ਮੇਰੇ ਨਾਲ ਲੋੜੋਂ ਵੱਧ ਹਮਦਰਦੀ ਕਰਨ ਲੱਗ ਪਏ ਸਨ। ਉੱਥੋਂ ਦੀ ਸਟਾਫ ਨਰਸ ‘ਮਿਸਜ਼ ਚਿਰਾਗੀ` ਜੋ ਵਧੀਆ ਅੰਗਰੇਜ਼ੀ ਬੋਲ ਸਮਝ ਲੈਂਦੀ ਸੀ, ਨੇ ਦੱਸਿਆ ਕਿ ਜੋ ਦਵਾਈ ਦਿੱਤੀ ਜਾ ਰਹੀ ਹੈ ਉਹ ਸਿਰਫ ਡੰਗ ਟਪਾਊ ਹੀ ਹੈ। ਜਦ ਇਸਦੇ ਹੱਲ ਬਾਰੇ ਮੈਂ ਪੁੱਛਿਆ ਤਾਂ ਉਸ ਕਿਹਾ ਕਿ ਰਾਤ ਦੇ ਸਮੇਂ ਮੈਡੀਕਲ ਡਾਇਰੈਕਟਰ ਹਸਪਤਾਲ ਦਾ ਰਾਊਂਡ ਲਾਉਣ ਆਉਂਦੇ ਹਨ ਤੁਸੀਂ ਉਨ੍ਹਾਂ ਨੂੰ ਆਪਣਾ ਕੇਸ ਦੱਸੋ। ਕਿਉਂਕਿ ਹੋ ਸਕਦੈ ਡਾਕਟਰ ਖਰਬੂਸ ਇਲਾਜ ਦੇ ਬਹਾਨੇ ਆਪਣੇ ਕਲੀਨਿਕ ਵਿਚ ਤੁਹਾਥੋਂ ਵੱਧ ਪੈਸੇ ਬਟੋਰਨਾ ਚਾਹੁੰਦਾ ਹੋਵੇ। ਖੈਰ ... ।

ਰਾਤ ਦੇ ਸਮੇਂ ਜਦ ਮੈਡੀਕਲ ਡਾਇਰੈਕਟਰ ਵਾਰਡ ਵਿਚ ਅੱਗੇ ਨੂੰ ਲੰਘਿਆ ਤਾਂ ਨਰਸ ਮੈਨੂੰ ਦੱਸ ਗਈ। ਸੋ ਵਾਪਸੀ ਤੇ ਮੈਂ ਡਾਇਰੈਕਟਰ ਸਾਹਬ ਤੋਂ ਸਮਾਂ ਲੈ ਕੇ ਆਪਣੀ ਵਿਥਿਆ ਕਹਿ ਸੁਣਾਈ। ਉਸਨੇ ਮਿਸਜ਼ ਤਿਆਗੀ ਨੂੰ ਬੁਲਾਕੇ ਦੂਸਰੀ ਸੁਬ੍ਹਾ ਡਾ. ਖਰਬੂਸ ਨੂੰ ਨਾਲ ਲੈ ਕੇ ਆਉਣ ਲਈ ਕਹਿ ਦਿੱਤਾ। ਫਲਸਰੂਪ ਦੂਸਰੀ ਸੁਬ੍ਹਾ ਜਦ ਡਾ. ਵਾਰਡ ਦੇ ਰਾਉਂਡ ਤੇ ਆਇਆ ਤਾਂ ਸਭ ਤੋਂ ਪਹਿਲਾਂ ਮੇਰੇ ਬੈੱਡ ’ਤੇ ਆ ਕੇ ਦੂਸਰੇ ਦਿਨ ਅਪ੍ਰੇਸ਼ਨ ਲਈ ਕਹਿ ਦਿੱਤਾ।

ਇਜ਼ ਇੱਟ ਐਕਚੂਅਲੀ ਔਰ ਐਜ਼ ਬਿਫੋਰ ਡਾ. ਖਰਬੂਸ?” ਮੇਰੇ ਇੰਨਾ ਕਹਿਣ ’ਤੇ ਸ਼ਰਮਿੰਦਾ ਜਿਹਾ ਹੁੰਦਾ ਉਹ ਬੋਲਿਆ, “ਰੀਅਲੀ ਹੰਡਰਡ ਪ੍ਰਸੈਂਟ ਮਿ. ਸਿੰਘ, ਡੌਂਟ ਵਰੀ।” ਸੋ ਇਰਾਨ ਵਿਚ ਵੀ ਮਰੀਜ਼ ’ਤੇ ਤਰਸ ਨਾ ਖਾ ਕੇ ਡਾ. ਵੱਲੋਂ ਆਪਣੇ ਲਾਲਚ ਨੂੰ ਮੁੱਖ ਰੱਖਦਿਆਂ ਵੇਖ ਕੇ ਹੈਰਾਨੀ ਵੀ ਹੋਈ ਅਤੇ ਦੁੱਖ ਵੀ।

*****

(801)

ਆਪਣੇ ਵਿਚਾਰ ਸਾਂਝੇ ਕਰੋ: This email address is being protected from spambots. You need JavaScript enabled to view it.)

About the Author

ਲਾਲ ਸਿੰਘ ਕਲਸੀ

ਲਾਲ ਸਿੰਘ ਕਲਸੀ

Phone: (91 - 98149 - 76639)
Email: (lalsinghkalsi@gmail.com)