“ਇਸ ਵਰ੍ਹੇ 2017 ਦੇ ਜੂਨ ਮਹੀਨੇ ਇਹ ਕਾਨਫਰੰਸ ਹੋਣੀ ਹੈ ...”
(14 ਮਈ 2017)
ਵਿਸ਼ਵ ਪੰਜਾਬੀ ਕਾਨਫਰੰਸਾਂ ਦੀ ਅਹਿਮੀਅਤ ਅਤੇ ਸਾਰਥਿਕਤਾ ਸੰਬੰਧੀ ਮੈਂ ਸਮੇਂ ਸਮੇਂ ਵਕਾਲਤ ਕਰਦਾ ਆਇਆ ਹਾਂ। ਪਿਛਲੇ ਅਰਸੇ ਦੌਰਾਨ ਵੱਖ ਵੱਖ ਅਖਬਾਰਾਂ ਅਤੇ ਮੈਗਜ਼ੀਨਾਂ ਵਿਚ ਛਪੇ ਮੇਰੇ ਲੇਖਾਂ ਅਤੇ ਵੱਖ ਵੱਖ ਮੰਚਾਂ ਉੱਪਰ ਦਿੱਤੇ ਆਪਣੇ ਭਾਸ਼ਣਾਂ ਵਿਚ ਮੈਂ ਵਾਰ ਵਾਰ ਇਹੋ ਗੱਲ ਦੁਹਰਾਉਂਦਾ ਰਿਹਾ ਹਾਂ ਕਿ ਇਨ੍ਹਾਂ ਮੰਚਾਂ ਦੀ ਅਹਿਮੀਅਤ ਨੂੰ ਛੋਟਾ ਕਰ ਕੇ ਵੇਖਣਾ ਬਹੁਤ ਵੱਡੀ ਭੁੱਲ ਹੋਵੇਗੀ। ਬਹੁਤ ਸਾਰੇ ਭਖਵੇਂ ਅਤੇ ਸਮਕਾਲੀ ਮੁੱਦਿਆਂ ’ਤੇ ਚਿੰਤਨ ਕਰਨ ਵਾਲੀਆਂ ਇਨ੍ਹਾਂ ਕਾਨਫਰੰਸਾਂ ਲਈ ਕੁਸ਼ਲ ਅਤੇ ਸਮਰਪਿਤ ਆਯੋਜਕਾਂ ਦੀ ਟੀਮ ਦਾ ਮਹੱਤਵ ਸਭ ਤੋਂ ਵੱਧ ਹੁੰਦਾ ਹੈ ਕਿਉਂਕਿ ਇੱਧਰਲੇ ਆਯੋਜਕਾਂ ਲਈ ਵਿਦੇਸ਼ਾਂ ਦੀ ਧਰਤੀ ’ਤੇ ਜਾ ਕੇ ਅਜਿਹੇ ਚਿੰਤਨਮਈ ਪ੍ਰੋਗਰਾਮਾਂ ਦਾ ਆਯੋਜਨ ਕਰਨਾ ਤਾਂ ਸੰਭਵ ਹੀ ਨਹੀਂ ਹੁੰਦਾ। ਇਸ ਕੰਮ ਲਈ ਵਿਦੇਸ਼ਾਂ ਦੀ ਭੱਜ ਦੌੜ ਵਾਲੀ ਤੇਜ਼ ਰਫਤਾਰ ਜ਼ਿੰਦਗੀ ਹੰਢਾ ਰਹੇ ਕੁੱਝ ਸਮਰਪਿਤ ਲੋਕਾਂ ਨੂੰ ਹੀ ਆਪਣੇ ਸਮੇਂ ਅਤੇ ਧਨ ਸੰਬੰਧੀ ਸਮਰਪਣ ਕਰਦਿਆਂ ਅੱਗੇ ਆਉਣਾ ਪੈਂਦਾ ਹੈ। ਅਸੀਂ ਮਹਿਸੂਸ ਕਰ ਸਕਦੇ ਹਾਂ ਕਿ ਉਸ ਤਰ੍ਹਾਂ ਦੀ ਜ਼ਿੰਦਗੀ ਵਿਚ ਵਿਹਾਰਕ ਪੱਧਰ ’ਤੇ ਅਜਿਹਾ ਕਰਨਾ ਬਹੁਤ ਕਠਿਨ ਹੁੰਦਾ ਹੈ ਕਿਉਂਕਿ ਕਿਸੇ ਵੀ ਕਾਨਫਰੰਸ ਜਾਂ ਸੈਮੀਨਾਰ ਦਾ ਆਯੋਜਨ ਕਰਨ ਲਈ ਸਿਰਫ ਉਹ ਦੋ ਤਿੰਨ ਦਿਨ ਹੀ ਨਹੀਂ ਕੱਢਣੇ ਪੈਂਦੇ ਜਦੋਂ ਉਹ ਪ੍ਰੋਗਰਾਮ ਹੋ ਰਿਹਾ ਹੋਵੇ ਬਲਿਕ ਇਸ ਦੀਆਂ ਮੁਕੰਮਲ ਤਿਆਰੀਆਂ ਲਈ ਮਹੀਨਿਆਂ-ਬੱਧੀ ਸਮਾਂ ਲੱਗ ਜਾਂਦਾ ਹੈ। ਖੁਸ਼ੀ ਅਤੇ ਤਸੱਲੀਯੋਗ ਗੱਲ ਇਹ ਹੈ ਕਿ ਵੱਖ-ਵੱਖ ਦੇਸਾਂ ਵਿਚ ਵਸਦੇ ਪੰਜਾਬੀ ਭਾਸ਼ਾ ਦੇ ਕਈ ਪ੍ਰੇਮੀ ਇਸ ਪਾਸੇ ਵੱਲ ਬੜੀ ਹੀ ਤਨਦੇਹੀ ਨਾਲ ਲੱਗੇ ਹੋਏ ਹਨ। ਇਸ ਪ੍ਰਸੰਗ ਵਿਚ ਕੈਨੇਡਾ ਦੀ ਟੀਮ ਬਹੁਤ ਹੀ ਜ਼ਿਆਦਾ ਵਧਾਈ ਦੀ ਪਾਤਰ ਹੈ।
ਕੈਨੇਡਾ ਦੀ ਧਰਤੀ ’ਤੇ ਸਮੇਂ ਸਮੇਂ ਵੱਡੀਆਂ ਅਤੇ ਬੇਹੱਦ ਸਫਲ ਵਿਸ਼ਵ ਪੰਜਾਬੀ ਕਾਨਫਰੰਸਾਂ ਹੁੰਦੀਆਂ ਰਹੀਆਂ ਹਨ ਜਿਨ੍ਹਾਂ ਦੇ ਪਿਛੋਕੜ ਵਿਚ ਕਾਰਜਸ਼ੀਲ ਇਨ੍ਹਾਂ ਟੀਮਾਂ ਵੱਲੋਂ ਬਹੁਤ ਹੀ ਤਨਦੇਹੀ ਨਾਲ ਆਪਣੀਆਂ ਸੇਵਾਵਾਂ ਦਿੱਤੀਆਂ ਜਾਂਦੀਆਂ ਰਹੀਆਂ ਹਨ। ਮੌਜੂਦਾ ਸਮੇਂ ਟੋਰਾਂਟੋ ਵਿਖੇ ਹਰ ਦੋ ਸਾਲ ਬਾਅਦ ਵੱਡੀ ਵਿਸ਼ਵ ਪੰਜਾਬੀ ਕਾਨਫਰੰਸ ਦਾ ਆਯੋਜਨ ਕੀਤਾ ਜਾਂਦਾ ਹੈ ਜਿਸ ਅਨੁਸਾਰ ਇਸ ਵਰ੍ਹੇ 2017 ਦੇ ਜੂਨ ਮਹੀਨੇ ਇਹ ਕਾਨਫਰੰਸ ਹੋਣੀ ਹੈ। ਇਸ ਤੋਂ ਪਹਿਲਾਂ 2015 ਵਿਚ ਹੋਈ ਵਿਸ਼ਵ ਪੰਜਾਬੀ ਕਾਨਫਰੰਸ ਬਹੁਤ ਹੀ ਜ਼ਿਆਦਾ ਸਫਲ ਰਹੀ ਸੀ ਜਿਸ ਵਿਚ 100 ਤੋਂ ਵੱਧ ਭਾਰਤੀ ਡੈਲੀਗੇਟਸ ਨੇ ਹਿੱਸਾ ਲਿਆ ਸੀ।
ਫਰੈਜ਼ਨੋ ਬਾਠ
ਇਸ ਕਾਨਫਰੰਸ ਨੂੰ ਕੈਨੇਡਾ ਦੀ ਮੁੱਖ ਧਾਰਾ ਦੇ ਟੀਵੀ ਚੈਨਲ ਏ.ਟੀ.ਐੱਨ. ਨੇ ਸਿੱਧਿਆਂ ਪ੍ਰਸਾਰਿਤ ਕੀਤਾ ਸੀ। ਇਸ ਤੋਂ ਇਲਾਵਾ ਬਾਕੀ ਮੀਡੀਆ ਵਿਚ ਵੀ ਇਸ ਕਾਨਫਰੰਸ ਨੇ ਚੰਗੀ ਚਰਚਾ ਬਟੋਰੀ ਸੀ। ਇਸ ਕਾਨਫਰੰਸ ਦਾ ਆਯੋਜਨ ਕੈਨੇਡੀਅਨ ਐਡਵੋਕੇਟ ਅਜਾਇਬ ਸਿੰਘ ਚੱਠਾ ਦੀ ਮਿਹਨਤੀ ਟੀਮ ਨੇ ਕਰਵਾਇਆ ਸੀ। ਇਨ੍ਹਾਂ ਵੱਡੀਆਂ ਕਾਨਫਰੰਸਾਂ ਤੋਂ ਇਲਾਵਾ ਹੋਰ ਸੈਮੀਨਾਰ ਜਾਂ ਗੋਸ਼ਟੀਆਂ ਕਰਵਾਉਣੀਆਂ ਵੀ ਇਨ੍ਹਾਂ ਦੇ ਕਾਰਜਾਂ ਵਿਚ ਸ਼ਾਮਿਲ ਹੈ। ‘ਸ਼ਖਸੀਅਤ ਉਸਾਰੀ’ ਅਤੇ ‘ਜੀਵਨ ਜਾਚ’ ਸੰਬੰਧੀ ਕਰਵਾਏ ਗਏ ਵੱਖ-ਵੱਖ ਸੈਮੀਨਾਰ ਇਸ ਦਿਸ਼ਾ ਵਿਚ ਅਹਿਮ ਗਵਾਹੀ ਭਰਦੇ ਹਨ। ਇਸ ਟੀਮ ਦਾ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਪ੍ਰਤੀ ਅਥਾਹ ਮੋਹ ਇਨ੍ਹਾਂ ਵੱਲੋਂ ਪਿਛਲੇ ਕੁਝ ਅਰਸੇ ਵਿਚ ਕਰਵਾਏ ਸ਼ਾਨਦਾਰ ਕੰਮ ਰਾਹੀਂ ਜੱਗ ਜ਼ਾਹਿਰ ਹੈ। ਅੱਜ ਦੇ ਦੌਰ ਦੀ ਨੌਜਵਾਨ ਪੀੜ੍ਹੀ ਵਿਚ ਹੋ ਰਹੇ ਨੈਤਿਕ ਪਤਨ ਪ੍ਰਤੀ ਚਿੰਤਤ ਇਸ ਟੀਮ ਵੱਲੋਂ ਇਸ ਦਿਸ਼ਾ ਵਿਚ ਵੀ ਬੀੜਾ ਉਠਾਇਆ ਹੋਇਆ ਹੈ। ਇਸ ਸੰਬੰਧੀ ਇਸ ਟੀਮ ਵੱਲੋਂ ਬਹੁਤ ਹੀ ਮਿਹਨਤ ਨਾਲ ਯੋਗ ਮਾਹਿਰਾਂ ਤੋਂ ਮਿੱਥ ਕੇ ਸਾਹਿਤ ਸਿਰਜਣਾ ਕਰਵਾਈ ਜਾ ਰਹੀ ਹੈ। ਹੱਲਾਸ਼ੇਰੀ ਅਤੇ ਹੋਰ ਹਰ ਸੰਭਵ ਮਦਦ ਕਰ ਕੇ ਕਰਵਾਈ ਜਾ ਰਹੀ ਇਸ ਸਾਹਿਤ ਸਿਰਜਣਾ ਨੂੰ ਇਸ ਟੀਮ ਵੱਲੋਂ ਦਸਤਾਵੇਜੀ ਰੂਪ ਵਿਚ ਸੰਭਾਲਦਿਆਂ ਪ੍ਰਕਾਸ਼ਿਤ ਵੀ ਕੀਤਾ ਜਾ ਰਿਹਾ ਹੈ ਅਤੇ ਇਸ ਪ੍ਰਕਾਸ਼ਿਤ ਸਾਹਿਤ ਨੂੰ ਇਕ ਮੁਕੰਮਲ ਮਿਸ਼ਨ ਵਾਂਗ ਵੱਧ ਤੋਂ ਵੱਧ ਫੈਲਾਇਆ ਵੀ ਜਾ ਰਿਹਾ ਹੈ। ਨੈਤਿਕ ਪਤਨ ਨੂੰ ਅੱਜ ਦੇ ਦੌਰ ਦੀ ਵੱਡੀ ਚਿੰਤਾ ਮੰਨਦਿਆਂ ਇਨ੍ਹਾਂ ਵੱਲੋਂ ਸਿੱਖਿਆ ਮਹਿਕਮੇ ਉੱਪਰ ਇਸ ਨੂੰ ਸਿਲੇਬਸ ਦਾ ਇਕ ਅਹਿਮ ਭਾਗ ਬਣਾਉਣ ਸੰਬੰਧੀ ਵੀ ਲਗਾਤਾਰ ਦਬਾਅ ਬਣਾਉਂਦਿਆਂ ਸਿਫਾਰਸ਼ਾਂ ਕੀਤੀਆਂ ਜਾ ਰਹੀਆਂ ਹਨ। ਪੰਜਾਬ ਦੇ ਵੱਖ ਸਕੂਲਾਂ ਵਿਚ ਇਸ ਸੰਬੰਧੀ ਇਕ ਟੈਸਟ ਵੀ ਕਰਵਾਇਆ ਗਿਆ ਸੀ ਜਿਸ ਦੇ ਜੇਤੂ ਵਿਦਿਆਰਥੀਆਂ ਦਾ ਇਕ ਵੱਡੇ ਪੰਜਾਬ ਪੱਧਰੀ ਪ੍ਰੋਗਰਾਮ ਵਿਚ ਸਨਮਾਨ ਕੀਤਾ ਗਿਆ। ਸੋ ਕਹਿ ਸਕਦੇ ਹਾਂ ਕਿ ਇਹ ਟੀਮ ਬਹੁਤ ਹੀ ਤਨਦੇਹੀ ਅਤੇ ਸਮਰਪਣ ਨਾਲ ਆਪਣੇ ਇਸ ਮਿਸ਼ਨ ਵਿਚ ਲੱਗੀ ਹੋਈ ਹੈ।
ਇਸ ਟੀਮ ਦੇ ਆਗੂ ਅਜਾਇਬ ਸਿੰਘ ਚੱਠਾ ਦੀ ਇਕ ਕੁਸ਼ਲ ਆਯੋਜਕ ਵਜੋਂ ਜਿੰਨੀ ਵੀ ਤਾਰੀਫ ਕੀਤੀ ਜਾਵੇ ਉਹ ਘੱਟ ਹੈ। ਆਯੋਜਨ ਕਲਾ ਦੀਆਂ ਸਾਰੀਆਂ ਬਾਰੀਕ ਤੰਦਾਂ ਤੋਂ ਉਹ ਬਾਖੂਬੀ ਵਾਕਿਫ ਹੈ। ਉਸ ਨੂੰ ਪਤਾ ਹੈ ਕਿ ਵੱਡੇ ਪ੍ਰੋਗਰਾਮਾਂ ਨੂੰ ਨੇਪਰੇ ਚਾੜ੍ਹਨ ਲਈ ਕੀ ਕੀ ਕਰਨਾ ਪੈਂਦਾ ਹੈ। ਪੰਜਾਬੀ ਬੋਲੀ ਪ੍ਰਤੀ ਉਸ ਦਾ ਸਮਰਪਣ ਉਸ ਨੂੰ ਹਰ ਕਦਮ ਤੇ ਊਰਜਾ ਦਿੰਦਾ ਰਹਿੰਦਾ ਹੈ। ਮਾਂ ਬੋਲੀ ਦੇ ਬਣਦੇ ਰੁਤਬੇ ਨੂੰ ਕਾਇਮ ਰੱਖਣ ਲਈ ਉਹ ਸਿਰ ਸੁੱਟ ਕੇ ਲੱਗਿਆ ਹੋਇਆ ਹੈ। ਉਸ ਵਿਚ ਇਕੱਲਿਆਂ ਹੀ ਇਕ ਸੰਸਥਾ ਵਾਂਗ ਕੰਮ ਕਰਨ ਦਾ ਮਾਦਾ ਹੈ। ਉਹ ਚੰਗੇ ਆਗੂਆਂ ਵਾਂਗ ਖੁਦ ਮੂਹਰੇ ਲੱਗ ਕੇ ਤੁਰਦਾ ਹੈ। ਹਰ ਛੋਟੇ ਤੋਂ ਵੱਡੇ ਸੰਬੰਧਤ ਆਦਮੀ ਨੂੰ ਖੁਦ ਫੋਨ ਜਾਂ ਈਮੇਲ ਰਾਹੀਂ ਸੰਪਰਕ ਕਰਨਾ, ਪ੍ਰੋਗਰਾਮ ਉਲੀਕਣ ਤੋਂ ਸਿਰੇ ਚੜ੍ਹਨ ਤਕ ਸਭ ਜ਼ਿੰਮੇਵਾਰੀ ਚੁੱਕਣਾ, ਪੋਸਟਰਾਂ ਬੈਨਰਾਂ ਸੰਬੰਧੀ ਸਭ ਕੰਮ ਦਾ ਬੋਝ ਆਪਣੇ ਸਿਰ ਚੁੱਕਣਾ ਆਦਿ ਉਸ ਦੇ ਸ਼ੌਕ ਵਿੱਚੋਂ ਨਿਕਲੀਆਂ ਜ਼ਿੰਮੇਵਾਰੀਆਂ ਹਨ। ਉਸ ਦੇ ਕੰਮ ਕਰਨ ਦੀ ਸਮਰਥਾ ਵੀ ਕਮਾਲ ਦੀ ਹੈ। ਉਸ ਦਾ ਸਮਰਪਣ ਉਸ ਨੂੰ ਕਦੇ ਵੀ ਥੱਕਣ ਨਹੀਂ ਦਿੰਦਾ। ਰਾਤ ਨੂੰ ਅੱਧੀ ਰਾਤ ਨੂੰ ਉਸ ਦਾ ਫੋਨ ਮੁਕਾ ਕੇ ਸੌਂਵੋ ਤੇ ਜਦੋਂ ਸਵੇਰੇ ਜਾਗੋ ਤਦ ਤਕ ਉਸ ਦੀਆਂ ਦੋ ਤਿੰਨ ਈਮੇਲਾਂ ਅਤੇ ਦੋ ਤਿੰਨ ਮਿੱਸਕਾਲਾਂ ਆਈਆਂ ਪਈਆਂ ਹੁੰਦੀਆਂ ਹਨ। ਸਮਰਪਣ ਭਰੇ ਆਪਣੇ ਇਸ ਸ਼ੌਕ ਦੀ ਪੂਰਤੀ ਲਈ ਉਹ ਨਾ ਤਾਂ ਪੈਸੇ ਦੀ ਪਰਵਾਹ ਕਰਦਾ ਹੈ ਅਤੇ ਨਾ ਹੀ ਸਮੇਂ ਦੀ।
ਉਸ ਦੀ ਆਯੋਜਨ ਕਲਾ ਦਾ ਹੀ ਕਮਾਲ ਹੈ ਕਿ ਉਸ ਦਾ ਕੋਈ ਵੀ ਟੀਮ ਮੈਂਬਰ ਉਸ ਨਾਲ ਕਦੇ ਵੀ ਰੁੱਸਿਆ ਜਾਂ ਲੜਿਆ ਨਹੀਂ ਵੇਖਿਆ ਗਿਆ। ਨਹੀਂ ਤਾਂ ਅਕਸਰ ਅਜਿਹਾ ਹੁੰਦਾ ਹੈ ਕਿ ਅਜਿਹੇ ਵੱਡੇ ਪ੍ਰੋਗਰਾਮਾਂ ਦੇ ਆਯੋਜਨ ਸਮੇਂ ਕਿਸੇ ਨਾ ਕਿਸੇ ਦੀ ਪੂਛ ਵਿੰਗੀ ਹੋਈ ਹੀ ਰਹਿੰਦੀ ਹੈ। ਇਸ ਪੱਖੋਂ ਇਸ ਟੀਮ ਦੀ ਬੱਚਤ ਹੈ। ਉਸ ਨੂੰ ਪੂਰੀ ਟੀਮ ਵਿਚ ਸੰਤੁਲਨ ਰੱਖਣ ਦਾ ਚੋਖਾ ਵੱਲ ਹੈ। ਉਸ ਦੀ ਯੋਗ ਅਗਵਾਈ ਹੇਠ ਪੂਰੀ ਟੀਮ ਵਿਚ ਢੁੱਕਵਾਂ ਤਾਲਮੇਲ ਹੈ ਜਿਸ ਕਾਰਨ ਉਹ ਵੱਡੇ ਤੋਂ ਵੱਡਾ ਪ੍ਰੋਗਰਾਮ ਚੁਟਕੀ ਵਿਚ ਨੇਪਰੇ ਚਾੜ੍ਹ ਦਿੰਦੇ ਹਨ।
ਕਿਹਾ ਜਾਂਦਾ ਹੈ ਕਿ ਹਰੇਕ ਕਾਮਯਾਬ ਇਨਸਾਨ ਦੀ ਕਾਮਯਾਬੀ ਪਿੱਛੇ ਕਿਸੇ ਨਾ ਕਿਸੇ ਔਰਤ ਦਾ ਹੱਥ ਹੋਣਾ ਤਾਂ ਯਕੀਨੀ ਹੀ ਹੁੰਦਾ ਹੈ। ਬਲਵਿੰਦਰ ਕੌਰ ਚੱਠਾ ਇਸ ਕਥਨ ’ਤੇ ਖਰੀ ਉੱਤਰਦੀ ਹੈ। ਉਹ ਜਿੱਥੇ ਅਜਾਇਬ ਸਿੰਘ ਚੱਠਾ ਨੂੰ ਘਰੇਲੂ ਅਤੇ ਪਰਿਵਾਰਿਕ ਜ਼ਿੰਮੇਵਾਰੀਆਂ ਤੋਂ ਮੁਕਤ ਕਰ ਕੇ ਅਜਿਹੇ ਪ੍ਰੋਗਰਾਮਾਂ ਨੂੰ ਰਚਾਉਣ ਜੋਗੀ ਵਿਹਲ ਮੁਹਈਆ ਕਰਵਾਈ ਰੱਖਦੀ ਹੈ, ਉੱਥੇ ਹੀ ਖੁਦ ਵੀ ਇਨ੍ਹਾਂ ਕਾਰਜਾਂ ਵਿਚ ਆਪਣੀਆਂ ਸਰਗਰਮੀਆਂ ਤਨਦੇਹੀ ਨਾਲ ਨਿਭਾਉਂਦੀ ਹੈ।
ਸੱਚ ਤਾਂ ਇਹ ਹੈ ਕਿ ‘ਅਜੀਤ ਵੀਕਲੀ’ ਵਾਲੇ ਸਵਰਗਵਾਸੀ ਦਰਸ਼ਨ ਸਿੰਘ ਬੈਂਸ ਵੱਲੋਂ ਤੋਰਿਆ ਇਹ ਕਾਫਲਾ ਦਿਨ-ਬ-ਦਿਨ ਵਧਦਾ ਹੀ ਤੁਰਿਆ ਜਾ ਰਿਹਾ ਹੈ। ਇਸ ਸਮੇਂ ਸਵ. ਸ੍ਰ. ਦਰਸ਼ਨ ਸਿੰਘ ਬੈਂਸ ਹੋਰਾਂ ਦੀ ਧਰਮਪਤਨੀ ਕੰਵਲਜੀਤ ਕੌਰ ਬੈਂਸ ਦੀ ਸੁਯੋਗ ਸਰਪ੍ਰਸਤੀ ਇਸ ਟੀਮ ਨੂੰ ਹਰ ਮੋੜ ’ਤੇ ਯੋਗ ਅਗਵਾਈ ਦਿੰਦੀ ਹੈ। ਪੰਜਾਬੀਅਤ ਦੇ ਮੁੱਦੇ ’ਤੇ ਕਿਸੇ ਵੀ ਤਰ੍ਹਾਂ ਦੀ ਚਰਚਾ ਲਈ ਉਹ ਹਮੇਸ਼ਾ ਹੀ ਕੁਝ ਕਰਨ ਲਈ ਤਿਆਰ ਰਹਿੰਦੇ ਹਨ।
ਇਸ ਟੀਮ ਦੇ ਸਾਰੇ ਹੀ ਮੈਂਬਰਾਂ ਵੱਲੋਂ ਆਪਣੇ ਹਿੱਸੇ ਆਉਂਦੇ ਕਾਰਜਾਂ ਨੂੰ ਸ਼ਾਨਦਾਰ ਢੰਗ ਨਾਲ ਨਿਭਾਇਆ ਜਾਂਦਾ ਹੈ। ਇਸ ਸਮੁੱਚੀ ਟੀਮ ਨੂੰ ਜਿੰਨੀ ਵੀ ਸ਼ਾਬਾਸ਼ ਦਿੱਤੀ ਜਾਵੇ ਥੋੜ੍ਹੀ ਹੈ। ਅਜਿਹੇ ਅਣਥੱਕ ਕਾਮੇ ਹੀ ਪੰਜਾਬੀ ਮਾਂ ਬੋਲੀ ਦੇ ਅਸਲ ਸਪੂਤ ਸਾਬਿਤ ਹੁੰਦੇ ਹਨ। ਦੂਰ ਬੈਠਿਆਂ ਸਿਰਫ ਤੇ ਸਿਰਫ ਨਘੋਚਾਂ ਕੱਢੀ ਜਾਣ ਵਾਲੇ ਮਾਂ ਬੋਲੀ ਦਾ ਕੁੱਝ ਵੀ ਸੰਵਾਰ ਨਹੀਂ ਸਕਦੇ। ਹੱਥ ਉੱਤੇ ਹੱਥ ਧਰ ਕੇ ਬੈਠੇ ਰਹਿਣ ਨਾਲੋਂ ਚੰਗਾ ਹੈ ਕਿ ਤੁਰਿਆ ਜਾਵੇ। ਪਹੁੰਚਦੇ ਓਹੀ ਹਨ ਜੋ ਤੁਰਦੇ ਹਨ। ਸੋ ਮਾਂ ਬੋਲੀ ਦੇ ਇਨ੍ਹਾਂ ਸਪੂਤਾਂ ਤੋਂ ਵੱਡੀਆਂ ਆਸਾਂ ਹਨ। ਮੇਰੀ ਦੁਆ ਹੈ ਕਿ ਇਹ ਇੰਝ ਹੀ ਆਪਣੀ ਤੋਰ ਨਿਰੰਤਰ ਅਤੇ ਮੜਕ ਨਾਲ ਤੁਰਦੇ ਹੋਏ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦੇ ਰਹਿਣ!
**
(ਡਾ. ਦੀਪਕ ਮਨਮੋਹਨ ਸਿੰਘ - ਸਾਬਕਾ ਡਾਇਰੈਕਟਰ, ਵਰਲਡ ਪੰਜਾਬੀ ਸੈਂਟਰ।
ਸਾਬਕਾ ਚੇਅਰਮੈਨ, ਸ਼ੇਖ ਬਾਬਾ ਫਰੀਦ ਚੇਅਰ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ।
ਮੌਜੂਦਾ ਸੀਨੀਅਰ ਫੈਲੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।)
*****
(701)
ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)







































































































