KirtmeetKohar7ਬੁੱਧੀਜੀਵੀਆਂ, ਲੇਖਕਾਂ, ਵਿਦਿਆਰਥੀਆਂ ਅਤੇ ਘੱਟ ਗਿਣਤੀਆਂ ਉੱਪਰ ਹੋ ਰਹੇ ਹਮਲਿਆਂ ...
(23 ਅਪਰੈਲ 2017)

 

JagmohanSingh4ਸ਼ਹੀਦ ਭਗਤ ਸਿੰਘ ਦੇ ਸੁਪਨਿਆਂ ਦਾ ਸਮਾਜ ਸਿਰਜਣ ਲਈ ਇਨਕਲਾਬ ਜ਼ਿੰਦਾਬਾਦ ਦੇ ਨਾਅਰੇ ਨੂੰ ਸਮਝਣਾ ਜ਼ਰੂਰੀ ਹੈ। ਸ਼ਹੀਦ ਭਗਤ ਸਿੰਘ ਹੋਰਾਂ ਇਨਕਲਾਬ ਜ਼ਿੰਦਾਬਾਦ ਦੇ ਨਾਲ ਸਮਾਰਾਜਵਾਦ ਮੁਰਦਾਬਾਦ ਦਾ ਨਾਹਰਾ ਵੀ ਲਾਇਆ ਸੀ। ਇਹ ਵਿਚਾਰ ਪ੍ਰੋ. ਜਗਮੋਹਨ ਸਿੰਘ, ਭਾਣਜੇ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਨੇ ਇੱਥੇ ਇਕ ਜਨਤਕ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਹੇ। ਇਹ ਸਮਾਗਮ ਪ੍ਰੋਗਰੈਸਿਵ ਪੀਪਲਜ਼ ਫਾਊਂਡੇਸ਼ਨ ਵਲੋਂ ਆਯੋਜਤ ਗਿਆ ਸੀ। ਉਨ੍ਹਾਂ ਕਿਹਾ ਦੁਨੀਆਂ ਦੇ ਬਹੁਗਿਣਤੀ ਲੋਕ ਜ਼ਿੰਦਗੀ ਦੀਆਂ ਮੁੱਢਲੀਆਂ ਸੁਖ-ਸਹੂਲਤਾਂ ਤੋਂ ਵਾਂਝੇ ਹਨ। ਉਨ੍ਹਾਂ ਕਿਹਾ ਕਿ ਇਹ ਨਵ-ਉਦਾਰਵਾਦੀ ਨੀਤੀਆਂ ਦਾ ਸਿੱਟਾ ਹੈ ਕਿ ਸੰਸਾਰ ਦੀ ਕੁੱਲ ਦੌਲਤ ਕੁੱਝ ਹੱਥਾਂ ਤਕ ਸੀਮਤ ਹੋ ਕੇ ਰਹਿ ਗਈ ਹੈ ਅਤੇ ਆਮ ਲੋਕ ਸੰਸਾਰ ਅੰਦਰ ਬੇਰੁਜ਼ਗਾਰੀ ਦੀ ਮਾਰ ਝੱਲ ਰਹੇ ਹਨ। ਸਿੱਖਿਆ ਲੋਕਾਂ ਦੀ ਪਹੁੰਚ ਤੋਂ ਬਾਹਰ ਹੋ ਰਹੀ ਹੈ।

ਪ੍ਰੋ. ਜਗਮੋਹਨ ਸਿੰਘ ਨੇ ਕਿਹਾ ਕਿ ਅੱਜ ਸਾਨੂੰ ਇਤਿਹਾਸ ਨੂੰ ਹੋਰ ਵੀ ਸ਼ਿੱਦਤ ਨਾਲ ਯਾਦ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਇਸੇ ਵਰ੍ਹੇ ਭਾਈ ਬਲਵੰਤ ਸਿੰਘ ਖ਼ੁਰਦਪੁਰ ਅਤੇ ਭਾਈ ਰੰਗਾ ਸਿੰਘ ਖੁਰਦਪੁਰ ਦੀ 100ਵੀਂ ਸ਼ਹੀਦੀ ਦਾ ਵਰ੍ਹਾ ਹੈ। ਸਾਨੂੰ ਕਨੇਡਾ ਵਿਚ ਰਹਿਣ ਵਾਲੇ ਲੋਕਾਂ ਨੂੰ ਭਾਈ ਬਲਵੰਤ ਸਿੰਘ ਦੀ ਕੁਰਬਾਨੀ ਨੂੰ ਯਾਦ ਕਰਨ ਦੀ ਲੋੜ ਹੈ ਜਿਨ੍ਹਾਂ ਅੱਜ ਤੋਂ 100 ਸਾਲ ਪਹਿਲਾਂ ਅੰਗਰੇਜ਼ਾਂ ਦੀਆਂ ਨਸਲਵਾਦੀ ਨੀਤੀਆਂ ਦਾ ਵਿਰੋਧ ਕਰਦਿਆਂ ਹਿੰਦੋਸਤਾਨੀਆਂ ਦੇ ਪਰਿਵਾਰਾਂ ਨੂੰ ਕਨੇਡਾ ਵਿਚ ਲਿਆਉਣ ਲਈ ਸੰਘਰਸ਼ ਕੀਤਾ। ਉਨ੍ਹਾਂ ਕਿਹਾ ਕਿ ਸ਼ਹੀਦ-ਏ-ਆਜ਼ਮ ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਦੇ ਸ਼ਹੀਦੀ ਦਿਨ ਮੌਕੇ ਸਾਨੂੰ ਗਦਰੀ ਬਾਬਿਆਂ ਨੂੰ ਵੀ ਯਾਦ ਕਰਨ ਦੀ ਲੋੜ ਹੈ।

ਉਨ੍ਹਾਂ ਕਿਹਾ ਕਿ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਪ੍ਰੇਰਨਾ ਸਰੋਤ ਗਦਰੀ ਸੂਰਬੀਰ ਕਰਤਾਰ ਸਿੰਘ ਸਰਾਭਾ ਸਨ। ਸਾਮਰਾਜਵਾਦ ਸ਼ਬਦ ਦੀ ਵਰਤੋਂ ਸਭ ਤੋਂ ਪਹਿਲਾਂ ਗਦਰੀ ਬਾਬਿਆਂ ਨੇ ਹੀ ਕੀਤੀ। ਗਦਰੀ ਬਾਬਿਆਂ ਨੇ ਕਿਹਾ ਸੀ ਕਿ ਸੰਘਰਸ਼ ਸਿਰਫ਼ ਹਿੰਦੁਸਤਾਨ ਦੀ ਆਜ਼ਾਦੀ ਲਈ ਹੀ ਨਹੀਂ ਸਗੋਂ ਸੰਸਾਰ ਦੇ ਜਿਸ ਹਿੱਸੇ ਵਿਚ ਵੀ ਤੁਸੀਂ ਵਸਦੇ ਹੋ, ਉੱਥੋਂ ਦੇ ਲੋਕਾਂ ਦੀ ਬਿਹਤਰੀ ਲਈ ਕੰਮ ਕਰੋ। ਉਨ੍ਹਾਂ ਕਿਹਾ ਕਿ ਭਗਤ ਸਿੰਘ ਨੇ ਆਪਣੇ ਜੀਵਨ ਵਿਚ 305 ਤੋਂ ਵੱਧ ਕਿਤਾਬਾਂ ਪੜ੍ਹੀਆਂ ਤਾਂ ਜੋ ਦੁਸ਼ਮਣ ਦੇ ਹਰ ਹਮਲੇ ਦਾ ਟਾਕਰਾ ਉਹ ਆਪਣੇ ਗਿਆਨ ਨਾਲ ਕਰ ਸਕਣ। ਉਨ੍ਹਾਂ ਕਿਹਾ ਕਿ ਇਹ ਗੁਰੂ ਤੇਗ਼ ਬਹਾਦਰ ਜੀ ਦੀ ਸਿੱਖਿਆ ਅਤੇ ਪ੍ਰਭਾਵ ਹੀ ਸੀ ਕਿ ਸ਼ਹੀਦ ਭਗਤ ਸਿੰਘ ਨੇ ਆਪਣੇ ਆਪ ਨੂੰ ਦਿੱਲੀ ਵਿਚ ਸ਼ਹਾਦਤ ਲਈ ਪੇਸ਼ ਕੀਤਾ।

ਪ੍ਰੋ. ਜਗਮੋਹਨ ਸਿੰਘ ਹੋਰਾਂ ਨੇ ਕਿਹਾ ਕਿ ਅੱਜ ਜਦੋਂ ਫਾਸ਼ੀਵਾਦ ਹਿੰਦੋਸਤਾਨ ਅੰਦਰ ਬਹੁਤ ਜ਼ੋਰ ਨਾਲ ਉੱਭਰ ਰਿਹਾ ਹੈ, ਲੋਕਾਂ ਨੂੰ ਧਰਮ ਦੇ ਨਾਂ ’ਤੇ ਕਤਲ ਕੀਤਾ ਜਾ ਰਿਹਾ ਹੈ ਅਤੇ ਲੋਕਾਂ ਨੂੰ ਇਸ ਅਧਾਰ ’ਤੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਕਿ ਉਹ ਕਿਸ ਤਰ੍ਹਾਂ ਦਾ ਖਾਣਾ ਖਾਂਦੇ ਹਨ, ਬੰਗਾਲੀ ਇਨਕਲਾਬੀਆਂ, ਬਹਾਦਰ ਪੰਜਾਬੀਆਂ, ਹਿੰਦੂਆਂ, ਸਿੱਖਾਂ, ਮੁਸਲਮਾਨਾਂ ਦੀਆਂ ਕੁਰਬਾਨੀਆਂ ਭਰੀ ਸਾਂਝੀ ਵਿਰਾਸਤ ਨਾਲ ਇਨ੍ਹਾਂ ਹਾਲਤਾਂ ਦਾ ਮੁਕਾਬਲਾ ਕੀਤਾ ਜਾ ਸਕਦਾ ਹੈ।

ਸਮਾਗਮ ਨੂੰ ਸੰਬੋਧਨ ਕਰਦਿਆਂ ਡਾ. ਰਾਜ ਪੰਨੂ, ਸਾਬਕਾ ਐੱਮ.ਐੱਲ.ਏ. ਨੇ ਕਿਹਾ ਕਿ ਪ੍ਰੋ. ਜਗਮੋਹਨ ਸਿੰਘ ਹੁਰਾਂ ਦੇ ਭਾਸ਼ਣ ਵਿਚ ਸਿੱਖ ਧਰਮ ਦੇ ਇਨਕਲਾਬੀ ਪੱਖਾਂ ਬਾਰੇ ਸਿੱਖਣ ਨੂੰ ਮਿਲਿਆ। ਉਨ੍ਹਾਂ ਕਿਹਾ ਕਿ ਸ਼ਹੀਦ-ਏ-ਆਜ਼ਮ ਭਗਤ ਸਿੰਘ ਅਤੇ ਸਾਥੀਆਂ ਦੇ ਸ਼ਹੀਦੀ ਦਿਨ ਮੌਕੇ ਪ੍ਰੋ. ਜਗਮੋਹਨ ਸਿੰਘ ਹੁਰਾਂ ਦਾ ਇਹ ਕਹਿਣਾ ਬਹੁਤ ਹੀ ਮਹੱਤਵਪੂਰਨ ਹੈ ਕਿ ਇਸ ਦਿਨ ਸਾਨੂੰ ਹੋਰ ਸ਼ਹੀਦਾਂ ਨੂੰ ਵੀ ਯਾਦ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਸਾਡੇ ਲਈ ਭਾਈ ਬਲਵੰਤ ਸਿੰਘ ਖੁਰਦਪੁਰ, ਭਾਈ ਭਾਗ ਸਿੰਘ ਅਤੇ ਭਾਈ ਮੇਵਾ ਸਿੰਘ ਦੀ ਸ਼ਹੀਦੀ ਦਾ ਬਹੁਤ ਮਹੱਤਵ ਹੈ। ਇਸ ਤੋਂ ਸੇਧ ਲੈ ਕੇ ਅਸੀਂ ਕਨੇਡਾ ਦੀਆਂ ਅਗਾਂਹਵਧੂ ਲਹਿਰਾਂ ਵਿਚ ਭਰਪੂਰ ਯੋਗਦਾਨ ਪਾ ਸਕਦੇ ਹਾਂ।

ਪੀਪਲਜ਼ ਫਾਊਂਡੇਸ਼ਨ ਆਫ ਐਡਮਿੰਟਨ ਦੇ ਪ੍ਰਧਾਨ ਡਾ. ਪੀ.ਆਰ. ਕਾਲੀਆ ਨੇ ਸੰਸਾਰ ਪੱਧਰ ਉੱਪਰ ਵਿਗੜ ਰਹੇ ਹਾਲਾਤ ਦਾ ਜ਼ਿਕਰ ਕਰਦਿਆਂ ਕਿਹਾ ਕਿ ਅਮਰੀਕਾ ਵਿਚ ਟਰੰਪ ਦਾ ਉੱਭਰਨਾ ਖ਼ਤਰਨਾਕ ਸਿਆਸੀ ਰੁਝਾਨਾਂ ਦਾ ਸੂਚਕ ਹੈ। ਉਨ੍ਹਾਂ ਭਾਰਤ ਵਿਚ ਬੁੱਧੀਜੀਵੀਆਂ, ਲੇਖਕਾਂ, ਵਿਦਿਆਰਥੀਆਂ ਅਤੇ ਘੱਟ ਗਿਣਤੀਆਂ ਉੱਪਰ ਹੋ ਰਹੇ ਹਮਲਿਆਂ ਅਤੇ ਉੱਭਰ ਰਹੇ ਫਾਸ਼ੳਵਾਦੀ ਖ਼ਤਰਿਆਂ ਵਿਰੁੱਧ ਅਗਾਂਹਵਧੂ ਧਿਰਾਂ ਦੀ ਕਿਸੇ ਬੱਝਵੀਂ ਲਾਮਬੰਦੀ ਦੀ ਅਣਹੋਂਦ ਉੱਪਰ ਡੂੰਘੀ ਚਿੰਤਾ ਪ੍ਰਗਟ ਕੀਤੀਡਾ. ਕਾਲੀਆ ਨੇ ਸਮਾਗਮ ਵਿਚ ਸ਼ਾਮਲ ਸਭ ਸਰੋਤਿਆਂ ਦਾ ਧਨਵਾਦ ਕੀਤਾ।

ਸਟੇਜ ਸਕੱਤਰ ਦੇ ਫ਼ਰਜ਼ ਜਸਵੀਰ ਦਿਉਲ ਨੇ ਨਿਭਾਏ ਅਤੇ ਪ੍ਰੋ. ਜਗਮੋਹਨ ਸਿੰਘ ਹੁਰਾਂ ਦੀ ਜਾਣ-ਪਛਾਣ ਸਰੋਤਿਆਂ ਨਾਲ ਕਰਵਾਈ। ਪ੍ਰੋ. ਜਗਮੋਹਨ ਸਿੰਘ ਹੁਰਾਂ ਸਮਾਗਮ ਵਿਚ ਸ਼ਾਮਲ ਲੋਕਾਂ ਦੇ ਸਵਾਲਾਂ ਦੇ ਜਵਾਬ ਵੀ ਦਿੱਤੇ।

*****

‘ਸਰੋਕਾਰ’ ਨਾਲ ਸੰਪਰਕ: (sarokar This email address is being protected from spambots. You need JavaScript enabled to view it.)

About the Author

ਕਿਰਤਮੀਤ ਕੁਹਾੜ

ਕਿਰਤਮੀਤ ਕੁਹਾੜ

Edmonton, Alberta, Canada.
Phone: (780 200 5328)
Email: (kirtmeetsingh@gmail.com)