
“2014 ਵਿੱਚ ਭਾਰਤ ਸਰਕਾਰ ਨੇ ਸਰਦਾਰ ਵੱਲਭ ਭਾਈ ਪਟੇਲ ਨੂੰ ਸ਼ਰਧਾਂਜਲੀ ਦੇਣ ..."
(15 ਦਸੰਬਰ 2025)

ਲੋਹ ਪੁਰਖ ਸਰਦਾਰ ਵੱਲਭ ਭਾਈ ਪਟੇਲ ਨੇ ਭਾਰਤ ਦੇ ਅਜ਼ਾਦੀ ਅੰਦੋਲਨ ਅਤੇ ਬਾਅਦ ਵਿੱਚ ਆਜ਼ਾਦ ਭਾਰਤ ਦੇ ਰਾਸ਼ਟਰ ਨਿਰਮਾਣ ਦੇ ਮੁਢਲੇ ਦੌਰ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਹੈ। 600 ਦੇ ਕਰੀਬ ਦੇਸੀ ਰਿਆਸਤਾਂ ਨੂੰ ਭਾਰਤੀ ਸੰਘ ਵਿੱਚ ਮਿਲਾ ਕੇ ਅਖੰਡ ਭਾਰਤ ਬਣਾਉਣ ਵਿੱਚ ਉਹਨਾਂ ਦਾ ਅਹਿਮ ਰੋਲ ਹੈ। ਵੱਲਭ ਭਾਈ ਪਟੇਲ ਦਾ ਜਨਮ 31 ਅਕਤੂਬਰ, 1857 ਈਸਵੀ ਨੂੰ ਆਪਣੇ ਨਾਨਕੇ ਪਿੰਡ ਨਡਿਆਦ, ਗੁਜਰਾਤ ਵਿਖੇ ਮਾਤਾ ਲਾਡਬਾਈ ਦੀ ਕੁੱਖੋਂ ਹੋਇਆ। ਉਹਨਾਂ ਦਾ ਅਸਲੀ ਪਿੰਡ ਕਰਮਸਦ ਸੀ। ਉਹਨਾਂ ਦੇ ਪਿਤਾ ਝਵੇਰ ਭਾਈ ਪਟੇਲ ਹੱਕ-ਸੱਚ ਦੀ ਕਮਾਈ ਕਰਨ ਵਾਲੇ ਅਤੇ ਦੇਸ਼ ਭਗਤ ਸਨ। ਉਹਨਾਂ ਨੇ 1857 ਦੇ ਸੁਤੰਤਰਤਾ ਸੰਗਰਾਮ ਵਿੱਚ ਹਿੱਸਾ ਲਿਆ ਸੀ ਅਤੇ ਗ੍ਰਿਫਤਾਰੀ ਵੀ ਦਿੱਤੀ ਸੀ। ਸਰਦਾਰ ਪਟੇਲ ਦੀ ਮਾਤਾ ਧਾਰਮਿਕ ਅਤੇ ਰਾਸ਼ਟਰਵਾਦੀ ਵਿਚਾਰਾਂ ਦੀ ਧਾਰਨੀ ਸੀ। ਗਾਂਧੀ ਜੀ ਦੇ ਪ੍ਰਭਾਵ ਹੇਠ ਉਹ ਵੀ ਵਿਹਲੇ ਸਮੇਂ ਦੌਰਾਨ ਚਰਖਾ ਕੱਤਦੀ ਅਤੇ ਸੂਤ ਤਿਆਰ ਕਰਦੀ ਰਹਿੰਦੀ ਸੀ। ਸਰਦਾਰ ਪਟੇਲ ਦੇ ਵੱਡੇ ਭਰਾ ਵਿੱਠਲ ਭਾਈ ਪਟੇਲ ਵੀ ਉੱਘੇ ਦੇਸ਼ ਭਗਤ ਹੋਏ ਹਨ। ਦੇਸ਼ ਭਗਤੀ ਦੇ ਰੰਗ ਵਿੱਚ ਰੰਗੇ ਹੋਏ ਪਰਿਵਾਰ ਦਾ ਸਰਦਾਰ ਪਟੇਲ ਨੂੰ ਨਿਡਰ ਦੇਸ਼ ਭਗਤ ਬਣਾਉਣ ਵਿੱਚ ਚੋਖਾ ਹੱਥ ਸੀ।
ਵਿੱਦਿਆ ਪ੍ਰਾਪਤੀ ਲਈ ਸਰਦਾਰ ਪਟੇਲ ਕਰਮਸਦ, ਨਡਿਆਦ, ਬੜੌਦਾ ਅਤੇ ਹੋਰ ਕਈ ਥਾਂਵਾਂ ’ਤੇ ਗਏ। ਉਹਨਾਂ ਨੇ ਬੜੌਦਾ ਦੇ ਹਾਈ ਸਕੂਲ ਤੋਂ ਮੈਟ੍ਰਿਕ ਦਾ ਇਮਤਿਹਾਨ ਪਾਸ ਕੀਤਾ। ਮੈਟ੍ਰਿਕ ਪਾਸ ਕਰਨ ਉਪਰੰਤ ਡਿਸਟ੍ਰਿਕਟ ਪਲੀਡਰ ਦੀ ਤਿਆਰੀ ਕਰਨ ਲੱਗ ਪਏ। ਉਹ ਬਰਿਸਟਰ ਬਣਨਾ ਚਾਹੁੰਦੇ ਸਨ ਪਰ ਪਰਿਵਾਰ ਦੀ ਆਰਥਿਕ ਹਾਲਤ ਇੰਨੀ ਚੰਗੀ ਨਹੀਂ ਸੀ। ਇਸ ਲਈ ਉਹਨਾਂ ਨੇ ਮਨ ਬਣਾਇਆ ਕਿ ਪਹਿਲਾਂ ਉਹ ਵਕਾਲਤ ਕਰਕੇ ਪੈਸਾ ਕਮਾਉਣਗੇ ਤੇ ਫਿਰ ਵਿਲਾਇਤ ਜਾ ਕੇ ਬਰਿਸਟਰੀ ਦੀ ਪੜ੍ਹਾਈ ਕਰਨਗੇ। ਸਰਦਾਰ ਪਟੇਲ ਨੇ ਕਈ ਕੇਸਾਂ ਦੀ ਹੈਰਾਨਕੁਨ ਪੈਰਵੀ ਕੀਤੀ, ਜਿਸ ਨਾਲ ਵਕਾਲਤ ਦੇ ਖੇਤਰ ਵਿੱਚ ਉਹਨਾਂ ਦੇ ਧਾਂਕ ਜੰਮ ਗਈ ਅਤੇ ਉਹਨਾਂ ਨੇ ਚੰਗਾ ਪੈਸਾ ਕਮਾਇਆ। ਉਹਨਾਂ ਇੰਗਲੈਂਡ ਜਾ ਕੇ ਅੱਵਲ ਸ਼੍ਰੈਣੀ ਵਿੱਚ ਵਕਾਲਤ ਪਾਸ ਕੀਤੀ। ਵਕਾਲਤ ਪਾਸ ਕਰਨ ਉਪਰੰਤ ਉਹਨਾਂ ਅਹਿਮਦਾਬਾਦ ਵਿਖੇ ਵਕਾਲਤ ਕਰਨੀ ਸ਼ੁਰੂ ਕੀਤੀ ਅਤੇ ਕਾਫੀ ਨਾਮਣਾ ਖੱਟਿਆ। ਉਹਨਾਂ ਦੀ ਸ਼ਾਦੀ 1904 ਈਸਵੀ ਵਿੱਚ ਝਬੇਰਬਾ ਨਾਲ ਹੋਈ। ਉਹਨਾਂ ਦੇ ਘਰ 1905 ਵਿੱਚ ਬੇਟੀ ਮਣੀਬੇਨ ਦਾ ਜਨਮ ਹੋਇਆ ਅਤੇ ਬਾਅਦ ਵਿੱਚ ਇੱਕ ਬੇਟੇ ਦਹੀਆ ਦਾ ਜਨਮ ਹੋਇਆ।
ਦੱਖਣੀ ਅਮਰੀਕਾ ਤੋਂ ਦੇਸ਼ ਪਰਤ ਕੇ 1915 ਈਸਵੀ ਵਿੱਚ ਗਾਂਧੀ ਜੀ ਅਹਿਮਦਾਬਾਦ ਦੇ ਕੋਚਰਬ ਵਿਖੇ ਆਸ਼ਰਮ ਬਣਾ ਕੇ ਰਹਿਣ ਲੱਗ ਪਏ। ਇੱਥੇ ਹੀ ਸਰਦਾਰ ਪਟੇਲ ਗਾਂਧੀ ਜੀ ਦੇ ਸੰਪਰਕ ਵਿੱਚ ਆਏ। ਨਵੰਬਰ 1917 ਵਿੱਚ ਗੋਧਰਾ ਵਿਖੇ ਗੁਜਰਾਤ ਰਾਜਸੀ ਪਰਿਸ਼ਦ ਹੋਈ। ਇਸ ਵਿੱਚ ਵਗਾਰ ਪ੍ਰਥਾ ਸੰਬੰਧੀ ਮਤਾ ਪਾਸ ਹੋਇਆ। ਵਗਾਰ ਪ੍ਰਥਾ ਹਟਾਉਣ ਦਾ ਕੰਮ ਸਰਦਾਰ ਪਟੇਲ ਨੇ ਆਪਣੇ ਹੱਥਾਂ ਵਿੱਚ ਲੈ ਲਿਆ ਅਤੇ ਇੱਥੋਂ ਹੀ ਉਹਨਾਂ ਦੇ ਰਾਜਸੀ ਜੀਵਨ ਦੀ ਸ਼ੁਰੂਆਤ ਹੋਈ। ਇਸ ਸਮੇਂ ਬਾਰਸ਼ਾਂ ਜ਼ਿਆਦਾ ਹੋਣ ਨਾਲ ਖੇੜਾ ਜ਼ਿਲ੍ਹੇ ਦੀ ਬਹੁਤ ਸਾਰੀ ਫਸਲ ਤਬਾਹ ਹੋ ਗਈ, ਜਿਸ ਕਰਕੇ ਸਰਕਾਰ ਮਾਮਲਾ ਵਸੂਲ ਨਹੀਂ ਕਰ ਸਕਦੀ ਸੀ। ਕਿਸਾਨ ਗਾਂਧੀ ਜੀ ਕੋਲ ਪਹੁੰਚੇ। ਗਾਂਧੀ ਜੀ ਨੇ ਖੁਦ ਇਸ ਗੱਲ ਦੀ ਪੜਤਾਲ ਕੀਤੀ। ਪੜਤਾਲ ਵਿੱਚ ਪਟੇਲ ਜੀ ਨੇ ਵੀ ਬਹੁਤ ਕੰਮ ਕੀਤਾ। ਗਾਂਧੀ ਜੀ ਵੱਲੋਂ ਕਿਸਾਨਾਂ ਦੇ ਹੱਕ ਵਿੱਚ ਸੱਤਿਆਗ੍ਰਹਿ ਸ਼ੁਰੂ ਕੀਤਾ ਗਿਆ। ਪਟੇਲ ਜੀ ਨੇ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿੱਤਾ। 1919 ਵਿੱਚ ਰੌਲਟ ਐਕਟ ਦੇ ਵਿਰੋਧ ਵਿੱਚ ਗਾਂਧੀ ਜੀ ਨੇ ਦੇਸ਼ ਵਿਆਪੀ ਸੱਤਿਆਗ੍ਰਹਿ ਸ਼ੁਰੂ ਕੀਤਾ ਤਾਂ ਸਰਦਾਰ ਪਟੇਲ ਨੇ ਘਰ ਘਾਟ ਸਭ ਤਿਆਗ ਕੇ ਸਤਿਆਗ੍ਰਹਿ ਵਿੱਚ ਸਰਗਰਮ ਹਿੱਸਾ ਲਿਆ। ਅਹਿਮਦਾਬਾਦ ਮਿਊਂਸਪਲ ਕਮੇਟੀ ਦੇ ਮੈਂਬਰ ਵਜੋਂ ਉਹਨਾਂ ਸਰਕਾਰ ਨਾਲ ਟੱਕਰ ਲਈ।
ਜਦੋਂ ਮਹਾਤਮਾ ਗਾਂਧੀ ਜੀ ਵੱਲੋਂ ਨਾ-ਮਿਲਵਰਤਨ ਲਹਿਰ ਤਹਿਤ ਸਕੂਲਾਂ, ਕਾਲਜਾਂ ਦੇ ਬਾਈਕਾਟ ਦੀ ਲਹਿਰ ਤੁਰੀ ਤਾਂ ਉਸ ਸਮੇਂ ਗੁਜਰਾਤ ਵਿੱਚ ਇਸ ਅੰਦੋਲਨ ਦੇ ਮੋਹਰੀ ਸਰਦਾਰ ਵੱਲਭ ਭਾਈ ਪਟੇਲ ਸਨ। ਇਸ ਅੰਦੋਲਨ ਦੇ ਚਲਦਿਆਂ ਹੀ ਨਾਗਪੁਰ ਵਿੱਚ ਝੰਡਾ ਸੱਤਿਆਗ੍ਰਹਿ ਸ਼ੁਰੂ ਹੋ ਗਿਆ। ਕੁਝ ਲੋਕ ਕੌਮੀ ਝੰਡੇ ਦੇ ਨਾਲ ਸਿਵਲ ਲਾਈਨਜ਼ ਵੱਲ ਜਾ ਰਹੇ ਸਨ। ਪੁਲਿਸ ਨੇ ਉਹਨਾਂ ਨੂੰ ਰਸਤੇ ਵਿੱਚ ਹੀ ਰੋਕ ਦਿੱਤਾ। ਸੇਠ ਜਮਨਾ ਲਾਲ ਬਜਾਜ ਇਸ ਅਪਮਾਨ ਨੂੰ ਸਹਿਣ ਨਾ ਸਕੇ। ਉਹ ਝੰਡਾ ਲੈ ਕੇ ਸਿਵਲ ਲਾਈਨਜ਼ ਗਏ ਅਤੇ ਗ੍ਰਿਫਤਾਰ ਹੋ ਗਏ। ਇਸ ਤੋਂ ਪਿੱਛੋਂ ਝੰਡਾ ਅੰਦੋਲਨ ਦੀ ਵਾਗਡੋਰ ਸਰਦਾਰ ਵੱਲਭ ਭਾਈ ਪਟੇਲ ਨੇ ਸੰਭਾਲ ਲਈ। ਉਹਨਾਂ ਯੋਜਨਾ ਨੂੰ ਆਪਣੀ ਸੂਝਬੂਝ ਨਾਲ ਅਜਿਹਾ ਤੋਰਿਆ ਕਿ ਫਿਰ ਸਾਰੇ ਦੇਸ਼ ਵਿੱਚੋਂ ਸੱਤਿਆਗ੍ਰਹਿਈਆਂ ਦਾ ਹੜ੍ਹ ਨਾਗਪੁਰ ਵਿੱਚ ਆ ਗਿਆ। ਸਰਕਾਰ ਨੂੰ ਝੁਕਣਾ ਪਿਆ ਅਤੇ ਝੰਡਾ ਸੱਤਿਆਗ੍ਰਹਿ ਦੇ ਸਾਰੇ ਕੈਦੀ ਰਿਹਾਅ ਕਰਨੇ ਪਏ।
ਨਾਗਪੁਰ ਝੰਡਾ ਸੱਤਿਆਗ੍ਰਹਿ ਤੋਂ ਮਗਰੋਂ ਬੋਰਸਦ ਤਾਲੁੱਕੇ ਵਿੱਚ ਮੁੰਡਕਰ ਅੰਦੋਲਨ ਦੀ ਅਗਵਾਈ ਵੀ ਸਰਦਾਰ ਪਟੇਲ ਨੇ ਹੀ ਕੀਤੀ। 1927 ਵਿੱਚ ਜਦੋਂ ਗੁਜਰਾਤ ਵਿੱਚ ਭਿਆਨਕ ਹੜ੍ਹ ਆਏ ਤਾਂ ਉਸ ਸਮੇਂ ਸਰਦਾਰ ਪਟੇਲ ਅਹਿਮਦਾਬਾਦ ਨਗਰਪਾਲਿਕਾ ਅਤੇ ਪ੍ਰਦੇਸ਼ ਕਾਂਗਰਸ, ਦੋਵਾਂ ਦੇ ਪ੍ਰਧਾਨ ਸਨ। ਉਹਨਾਂ ਨੇ ਵਿਰੋਧੀ ਅੰਗਰੇਜ਼ ਸਰਕਾਰ ਤੋਂ ਇੱਕ ਕਰੋੜ ਦੀ ਰਕਮ ਇਨ੍ਹਾਂ ਹੜ੍ਹਾਂ ਤੋਂ ਹੋਈ ਤਬਾਹੀ ਨਾਲ ਨਜਿੱਠਣ ਲਈ ਲੈ ਲਈ, ਜੋ ਕਿ ਬਹੁਤ ਵੱਡੀ ਪ੍ਰਾਪਤੀ ਸੀ। ਗਾਂਧੀ ਜੀ ਨੇ ਪਟੇਲ ਦੀ ਇਸ ਕਾਮਯਾਬੀ ਨੂੰ ਸੱਚ ਅਤੇ ਅਹਿੰਸਾ ਦੀ ਜਿੱਤ ਮੰਨਿਆ।
1928 ਵਿੱਚ ਰਿਵੀਜ਼ਨ ਸੈਟਲਮੈਂਟ ਸਮੇਂ ਬਾਰਦੌਲੀ ਇਲਾਕੇ ਦਾ ਮਾਮਲਾ 22 ਫੀਸਦੀ ਵਧਾ ਦਿੱਤਾ ਗਿਆ। ਕਿਸਾਨਾਂ ਵਿੱਚ ਇਸ ਪ੍ਰਤੀ ਬਹੁਤ ਰੋਹ ਸੀ। 12 ਫਰਵਰੀ, 1928 ਨੂੰ ਕਿਸਾਨਾਂ ਵੱਲੋਂ ਸਰਬ ਸੰਮਤੀ ਨਾਲ ਸੱਤਿਆਗ੍ਰਹਿ ਅੰਦੋਲਨ ਸ਼ੁਰੂ ਕੀਤਾ ਗਿਆ। ਵੱਲਭ ਭਾਈ ਪਟੇਲ ਇਸ ਅੰਦੋਲਨ ਦੇ ਕਰਤਾ-ਧਰਤਾ ਸਨ। ਅੰਤ ਸਰਕਾਰ ਨੂੰ ਝੁਕਣਾ ਪਿਆ। ਸਰਕਾਰ ਨੇ ਮੰਨਿਆ ਕਿ ਦੁਬਾਰਾ ਪੜਤਾਲ ਕਰਕੇ ਮਾਮਲੇ ਦਾ ਫੈਸਲਾ ਕੀਤਾ ਜਾਵੇਗਾ, ਕਿਸਾਨਾਂ ਦੀ ਜ਼ਬਤ ਕੀਤੀ ਜ਼ਮੀਨ ਮੋੜੀ ਜਾਵੇਗੀ ਅਤੇ ਸੱਤਿਆਗ੍ਰਹਿ ਕਰਨ ਵਾਲਿਆਂ ਨੂੰ ਛੱਡ ਦਿੱਤਾ ਜਾਵੇਗਾ। ਸਰਦਾਰ ਪਟੇਲ ਦੀ ਜਿੱਤ ਹੋਈ ਅਤੇ ਗਾਂਧੀ ਜੀ ਨੇ ਉਹਨਾਂ ਨੂੰ ‘ਬਾਰਦੌਲੀ ਦਾ ਸਰਦਾਰ’ ਕਹਿ ਕੇ ਸਨਮਾਨਿਤ ਕੀਤਾ।
12 ਮਾਰਚ 1930 ਨੂੰ ਸ਼੍ਰੀ ਮਹਾਤਮਾ ਗਾਂਧੀ ਜੀ ਲੂਣ ਸਤਿਆਗ੍ਰਹਿ ਕਰਨ ਲਈ ਡਾਂਡੀ ਮਾਰਚ ਲਈ ਰਵਾਨਾ ਹੋਏ। ਇਸ ਮਾਰਚ ਦੀ ਸਾਰੀ ਵਿਉਂਤ ਸਰਦਾਰ ਪਟੇਲ ਦੀ ਬਣਾਈ ਹੋਈ ਸੀ। ਸਰਦਾਰ ਜੀ ਗੁਜਰਾਤ ਵਿੱਚ ਰਾਸ਼ਟਰੀ ਚੇਤਨਤਾ ਪੈਦਾ ਕਰਨ ਲਈ ਸਿਰ ਤੋੜ ਕੋਸ਼ਿਸ਼ਾਂ ਕਰ ਰਹੇ ਸਨ। ਉਹਨਾਂ ਦੇ ਪ੍ਰਭਾਵਸ਼ਾਲੀ ਭਾਸ਼ਣਾਂ ਦਾ ਜਨਤਾ ’ਤੇ ਜਾਦੂ ਵਰਗਾ ਅਸਰ ਹੁੰਦਾ ਸੀ। ਸਰਕਾਰ ਘਬਰਾ ਉੱਠੀ। ਉਹ ਨੇ 7 ਮਾਰਚ 1930 ਨੂੰ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ। ਉਹਨਾਂ ਨੂੰ ਤਿੰਨ ਮਹੀਨੇ ਸਖਤ ਕੈਦ ਅਤੇ 500 ਰੁਪਏ ਜ਼ੁਰਮਾਨੇ ਦੀ ਸਜ਼ਾ ਹੋਈ। ਜਦੋਂ ਉਹ ਰਿਹਾਅ ਹੋਏ ਤਾਂ ਸਾਰਾ ਦੇਸ਼ ਹੀ ਜੇਲ੍ਹ-ਖਾਨਾ ਬਣਿਆ ਹੋਇਆ ਸੀ। ਪੰਡਿਤ ਮੋਤੀ ਲਾਲ ਨਹਿਰੂ ਦੇ ਮਗਰੋਂ ਉਹ ਰਾਸ਼ਟਰਪਤੀ (ਕਾਂਗਰਸ ਦੇ ਪ੍ਰਧਾਨ) ਬਣੇ ਅਤੇ 13 ਜੂਨ 1930 ਨੂੰ ਮੁੜ ਗ੍ਰਿਫਤਾਰ ਕਰ ਲਏ ਗਏ। ਉਹਨਾਂ ਨੂੰ ਫਿਰ ਤਿੰਨ ਮਹੀਨੇ ਦੀ ਸਜ਼ਾ ਹੋਈ। ਉਹ ਸਜ਼ਾ ਭੁਗਤ ਕੇ ਰਿਹਾਅ ਹੋਏ ਤਾਂ ਮੁੜ ਦਸੰਬਰ ਦੇ ਦੂਜੇ ਹਫਤੇ ਗ੍ਰਿਫਤਾਰ ਕਰ ਲਏ ਗਏ ਤੇ ਇਸ ਵਾਰ ਉਹਨਾਂ ਨੂੰ ਨੌ ਮਹੀਨੇ ਦੀ ਸਜ਼ਾ ਹੋਈ। ਇਸ ਸਮੇਂ ਇੰਗਲੈਂਡ ਵਿੱਚ ਪਹਿਲੀ ਗੋਲਮੇਜ਼ ਕਾਨਫਰੰਸ ਹੋ ਰਹੀ ਸੀ। 25 ਜਨਵਰੀ 1931 ਨੂੰ 26 ਵੱਡੇ ਆਗੂਆਂ ਨੂੰ ਜੇਲ੍ਹ ਵਿੱਚੋਂ ਛੱਡ ਦਿੱਤਾ ਗਿਆ। ਉਹਨਾਂ ਵਿੱਚ ਸਰਦਾਰ ਪਟੇਲ ਵੀ ਸ਼ਾਮਲ ਸਨ।
ਮਾਰਚ 1931 ਵਿੱਚ ਕ੍ਰਾਂਚੀ ਵਿਖੇ ਹੋਏ ਕਾਂਗਰਸ ਦੇ ਇਜਲਾਸ ਦੇ ਉਹ ਚੇਅਰਮੈਨ ਸਨ। 4 ਜਨਵਰੀ 1932 ਨੂੰ ਗਾਂਧੀ ਜੀ ਅਤੇ ਸਰਦਾਰ ਪਟੇਲ ਨੂੰ ਕੈਦੀ ਬਣਾ ਲਿਆ ਗਿਆ। ਦੋਵੇਂ ਆਗੂ 16 ਮਹੀਨੇ ਤਕ ਜੇਲ੍ਹ ਵਿੱਚ ਰਹੇ। ਜਦੋਂ ਸਰਦਾਰ ਪਟੇਲ ਜੇਲ੍ਹ ਵਿੱਚ ਸਨ ਤਾਂ 1932 ਉਹਨਾਂ ਦੀ ਮਾਤਾ ਜੀ ਦੀ ਮੌਤ ਹੋ ਗਈ। ਇਸ ਤੋਂ ਬਾਅਦ ਜਦੋਂ ਪਟੇਲ ਨਾਸਕ ਜੇਲ੍ਹ ਵਿੱਚ ਸਨ ਤਾਂ ਉਹਨਾਂ ਦੇ ਵੱਡੇ ਭਰਾ ਵਿੱਠਲ ਭਾਈ ਪਟੇਲ ਦੀ ਜਨੇਵਾ ਵਿੱਚ ਮੌਤ ਹੋ ਗਈ। ਭਰਾ ਦੀ ਮੌਤ ਦਾ ਉਹਨਾਂ ਨੂੰ ਗਹਿਰਾ ਸਦਮਾ ਹੋਇਆ, ਪਰ ਉਹਨਾਂ ਸ਼ਰਤਾਂ ਅਧੀਨ ਰਿਹਾਅ ਹੋ ਕੇ ਅੰਤਿਮ ਸੰਸਕਾਰ ਵਿੱਚ ਹਿੱਸਾ ਲੈਣ ਤੋਂ ਇਨਕਾਰ ਕਰ ਦਿੱਤਾ। ਉਹਨਾਂ ਨੂੰ ਜੁਲਾਈ 1934 ਵਿੱਚ ਰਿਹਾਅ ਕੀਤਾ ਗਿਆ। ਜੇਲ੍ਹ ਵਿੱਚੋਂ ਰਿਹਾਈ ਤੋਂ ਬਾਅਦ ਸਰਦਾਰ ਨੇ ਗੁਜਰਾਤ ਵਿੱਦਿਆ ਪੀਠ ਚਾਲੂ ਕੀਤਾ। ਜਦੋਂ ਇਲਾਕੇ ਵਿੱਚ ਪਲੇਗ ਫੈਲੀ ਤਾਂ ਸਰਦਾਰ ਪਟੇਲ ਨੇ ਦਿਨ-ਰਾਤ ਇੱਕ ਕਰਕੇ ਰੋਗੀਆਂ ਦੀ ਸੇਵਾ ਕੀਤੀ। 1937 ਵਿੱਚ ਪ੍ਰਾਂਤਕ ਵਿਧਾਨ ਸਭਾਵਾਂ ਦੀਆਂ ਚੋਣਾਂ ਹੋਈਆਂ। 11 ਸੂਬਿਆਂ ਵਿੱਚੋਂ 8 ਸੂਬਿਆਂ ਵਿੱਚ ਕਾਂਗਰਸ ਨੂੰ ਬਹੁਮਤ ਪ੍ਰਾਪਤ ਹੋਇਆ। ਕਾਂਗਰਸ ਦੀ ਇਸ ਕਾਮਯਾਬੀ ਵਿੱਚ ਸਰਦਾਰ ਪਟੇਲ ਦਾ ਅਹਿਮ ਰੋਲ ਸੀ। ਫਰਵਰੀ 1938 ਵਿੱਚ ਕਾਂਗਰਸ ਦਾ ਸਲਾਨਾ ਸਮਾਗਮ ਬਾਰਦੌਲੀ ਜ਼ਿਲ੍ਹੇ ਦੇ ਹਰੀਪੁਰ ਪਿੰਡ ਵਿਖੇ ਹੋਇਆ। ਇਸਦੇ ਪ੍ਰਬੰਧ ਦੀ ਸਾਰੀ ਜ਼ਿੰਮੇਵਾਰੀ ਸਰਦਾਰ ਪਟੇਲ ਦੇ ਸਿਰ ਸੀ।
16 ਅਕਤੂਬਰ 1940 ਤੋਂ ਗਾਂਧੀ ਜੀ ਵੱਲੋਂ ਵਿਅਕਤੀਗਤ ਸੱਤਿਆਗ੍ਰਹਿ ਸ਼ੁਰੂ ਕੀਤਾ ਗਿਆ। ਇਸੇ ਅੰਦੋਲਨ ਦੇ ਤਹਿਤ ਸਰਦਾਰ ਪਟੇਲ ਨੂੰ 17 ਨਵੰਬਰ 1940 ਨੂੰ ਗ੍ਰਿਫਤਾਰ ਕਰਕੇ ਸਾਬਰਮਤੀ ਦੀ ਜੇਲ੍ਹ ਭੇਜ ਦਿੱਤਾ ਗਿਆ।
9 ਅਗਸਤ, 1942 ਨੂੰ ਹੋਰਨਾਂ ਨੇਤਾਵਾਂ ਨਾਲ ਸਰਦਾਰ ਪਟੇਲ ਨੂੰ ਗ੍ਰਿਫਤਾਰ ਕਰਕੇ ਅਹਿਮਦਨਗਰ ਦੇ ਕਿਲੇ ਵਿੱਚ ਬੰਦ ਕਰ ਦਿੱਤਾ ਗਿਆ। ਸਾਰੇ ਪਾਸੇ ਹਫੜਾ-ਦਫੜੀ ਮਚ ਗਈ। ਸਰਕਾਰੀ ਸੰਸਥਾਵਾਂ ’ਤੇ ਧਾਵੇ ਬੋਲੇ ਗਏ, ਰੇਲਾਂ ਦੀਆਂ ਪਟੜੀਆਂ ਪੱਟੀਆਂ ਗਈਆਂ, ਟੈਲੀਫੋਨ ਦੀਆਂ ਤਾਰਾਂ ਕੱਟੀਆਂ ਗਈਆਂ। ਸਾਰਾ ਦੇਸ਼ ਹੀ ਜੇਲ੍ਹਖਾਨਾ ਬਣ ਗਿਆ। ਸਰਕਾਰੀ ਅੰਕੜਿਆਂ ਅਨੁਸਾਰ ਭਾਰਤ ਛੱਡੋ ਅੰਦੋਲਨ ਵਿੱਚ 60,000 ਤੋਂ ਜ਼ਿਆਦਾ ਵਿਅਕਤੀ ਫੜੇ ਗਏ ਅਤੇ 18000 ਤੋਂ ਜ਼ਿਆਦਾ ਨਜ਼ਰਬੰਦ ਹੋਏ। 2500 ਤੋਂ ਜ਼ਿਆਦਾ ਅੰਦੋਲਨਕਾਰੀ ਸ਼ਹੀਦ ਹੋ ਗਏ ਜਾਂ ਫਿਰ ਫੱਟੜ ਹੋਏ। 15 ਜੂਨ 1945 ਨੂੰ ਸਰਦਾਰ ਪਟੇਲ ਜੇਲ੍ਹ ਵਿੱਚੋਂ ਰਿਹਾਅ ਹੋਏ।
2 ਸਤੰਬਰ 1946 ਨੂੰ ਕੇਂਦਰ ਵਿੱਚ ਬਣੀ ਸਰਕਾਰ ਵਿੱਚ ਸਰਦਾਰ ਪਟੇਲ ਗ੍ਰਹਿ ਮੰਤਰੀ ਬਣੇ। ਇੰਗਲੈਂਡ ਦੇ ਪ੍ਰਧਾਨ ਮੰਤਰੀ ਐਲਾਨ ਕਰ ਚੁੱਕੇ ਸਨ ਕਿ ਜੂਨ 1948 ਵਿੱਚ ਭਾਰਤ ਨੂੰ ਅਜ਼ਾਦੀ ਦੇ ਦਿੱਤੀ ਜਾਵੇਗੀ। ਪਰ ਲਾਰਡ ਮਾਊਂਟਬੈਟਨ ਨੇ ਦੇਖਿਆ ਕਿ ਇੱਥੋਂ ਦੇ ਹਾਲਾਤ ਬਹੁਤ ਖਰਾਬ ਹਨ ਅਤੇ ਪਾਕਿਸਤਾਨ ਦੀ ਮੰਗ ਵੀ ਜ਼ੋਰ ਫੜ ਰਹੀ ਹੈ। ਉਹਨਾਂ ਨੇ ਇੰਗਲੈਂਡ ਸਰਕਾਰ ਦੀ ਸਲਾਹ ਨਾਲ 3 ਜੂਨ 1947 ਨੂੰ ਐਲਾਨ ਕੀਤਾ ਕਿ 15 ਅਗਸਤ 1947 ਨੂੰ ਭਾਰਤ ਆਜ਼ਾਦ ਰਾਸ਼ਟਰ ਐਲਾਨ ਕਰ ਦਿੱਤਾ ਜਾਵੇਗਾ ਅਤੇ ਮੁਸਲਿਮ ਲੀਗ ਨੂੰ ਪਾਕਿਸਤਾਨ ਦੇ ਦਿੱਤਾ ਜਾਵੇਗਾ।
15 ਅਗਸਤ ਨੂੰ ਦੇਸ਼ ਆਜ਼ਾਦ ਹੋਇਆ। ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਨਹਿਰੂ ਬਣੇ। ਇਸ ਮੰਤਰੀ ਮੰਡਲ ਵਿੱਚ ਸਰਦਾਰ ਪਟੇਲ ਉਪ-ਪ੍ਰਧਾਨ ਮੰਤਰੀ ਸਨ। ਗ੍ਰਹਿ ਵਿਭਾਗ ਅਤੇ ਦੇਸੀ ਰਿਆਸਤਾਂ ਸਬੰਧੀ ਵਿਭਾਗ ਉਹਨਾਂ ਨੂੰ ਸੌਂਪੇ ਗਏ। ਅੰਗਰੇਜ਼ੀ ਹਕੂਮਤ ਨੇ ਭਾਰਤ ਨੂੰ ਆਜ਼ਾਦ ਕਰਨ ਸਮੇਂ ਦੇਸ਼ ਦੇ ਲਗਭਗ 600 ਦੇ ਕਰੀਬ ਰਜਵਾੜਿਆਂ ਨੂੰ ਵੀ ਆਜ਼ਾਦ ਕਰਨ ਦਾ ਐਲਾਨ ਕਰ ਦਿੱਤਾ ਸੀ। ਉਹਨਾਂ ਨੂੰ ਹੱਕ ਸੀ ਕਿ ਉਹ ਕਿਸੇ ਇੱਕ ਦੇਸ਼ ਭਾਰਤ ਜਾਂ ਪਾਕਿਸਤਾਨ ਵਿੱਚ ਸ਼ਾਮਲ ਹੋ ਸਕਦੇ ਹਨ। ਕੁਝ ਰਾਜੇ ਆਪਣੀ ਵੱਖਰੀ ਹਸਤੀ ਰੱਖਣ ਦੀ ਵੀ ਸੋਚ ਰਹੇ ਸਨ। ਇਸਦਾ ਨਤੀਜਾ ਇਹੋ ਹੀ ਹੋਣਾ ਸੀ ਕਿ ਦੇਸ਼ ਦੀ ਹੋਰ ਸੈਂਕੜੇ ਟੁਕੜਿਆਂ ਵਿੱਚ ਵੰਡ ਹੁੰਦੀ। ਇਸ ਨਾਲ ਨਜਿੱਠਣ ਦੀ ਜ਼ਿੰਮੇਵਾਰੀ ਸਰਦਾਰ ਪਟੇਲ ਦੇ ਸਿਰ ਸੀ। ਸਰਦਾਰ ਪਟੇਲ ਨੇ ਆਪਣੀ ਸੂਝਬੂਝ ਅਤੇ ਦੂਰ ਦ੍ਰਿਸ਼ਟਤਾ ਨਾਲ ਸੈਂਕੜੇ ਰਿਆਸਤਾਂ ਨੂੰ ਭਾਰਤੀ ਸੰਘ ਵਿੱਚ ਸ਼ਾਮਲ ਕਰਾਉਣ ਦਾ ਕਠਿਨ ਕਾਰਜ ਬੜੀ ਬਾਖੂਬੀ ਨਿਭਾਇਆ। ਸਰਦਾਰ ਪਟੇਲ ਨੇ ਜੂਨਾਗੜ੍ਹ ਅਤੇ ਹੈਦਰਾਬਾਦ ਰਿਆਸਤਾਂ ਨੂੰ ਸੰਘ ਵਿੱਚ ਸ਼ਾਮਲ ਕੀਤਾ। ਉਹਨਾਂ ਉੜੀਸਾ ਦੇ ਰਜਵਾੜਿਆਂ ਨੂੰ ਉੜੀਸਾ ਪ੍ਰਾਂਤ ਵਿੱਚ ਅਤੇ ਮੱਧ ਭਾਰਤ ਦੇ ਛੱਤੀਸਗੜ੍ਹ ਦੇ ਰਾਜਿਆਂ ਨੂੰ ਮੱਧ ਭਾਰਤ ਵਿੱਚ ਸ਼ਾਮਲ ਕੀਤਾ। ਸੰਯੁਕਤ ਸੌਰਾਸ਼ਟਰ ਸੰਘ ਦਾ ਉਦਘਾਟਨ ਸਰਦਾਰ ਸਾਹਿਬ ਨੇ 15 ਫਰਵਰੀ 1948 ਨੂੰ ਕੀਤਾ। 30 ਮਾਰਚ 1949 ਨੂੰ ਉਹਨਾਂ ਜੈਪੁਰ ਵਿਖੇ ਰਾਜਸਥਾਨ ਯੂਨੀਅਨ ਦਾ ਉਦਘਾਟਨ ਕੀਤਾ ਅਤੇ ਇਲਾਕੇ ਦੇ ਛੋਟੇ-ਛੋਟੇ ਰਜਵਾੜੇ ਇਸ ਵਿੱਚ ਸ਼ਾਮਲ ਕੀਤੇ। 11 ਜੁਲਾਈ 1949 ਨੂੰ ਟ੍ਰਾਵਨਕੋਰ-ਕੋਚੀਨ ਦੇ ਸੰਯੁਕਤ ਰਾਜ ਦੀ ਸਥਾਪਨਾ ਹੋਈ। ਮੈਸੂਰ ਦਾ ਰਾਜਾ ਵੀ ਭਾਰਤੀ ਸੰਘ ਵਿੱਚ ਸ਼ਾਮਲ ਹੋ ਗਿਆ। ਦੇਸ਼ ਦੇ ਹੋਰਨਾਂ ਹਿੱਸਿਆਂ ਵਾਂਗ ਪੰਜਾਬ ਅਤੇ ਹਿਮਾਚਲ ਦੇ ਰਿਆਸਤੀ ਰਾਜੇ ਵੀ ਭਾਰਤੀ ਸੰਘ ਵਿੱਚ ਸ਼ਾਮਲ ਹੋਣਾ ਮੰਨ ਗਏ। ਸਰਦਾਰ ਸਾਹਿਬ ਤਾਂ ਕਸ਼ਮੀਰ ਨੂੰ ਵੀ ਭਾਰਤੀ ਸੰਘ ਵਿੱਚ ਪੱਕੇ ਤੌਰ ’ਤੇ ਸ਼ਾਮਲ ਕਰਨ ਦੇ ਹਾਮੀ ਸਨ। ਪਰ ਲਾਰਡ ਮਾਉਂਟਬੈਟਨ ਦੀ ਸਲਾਹ ’ਤੇ ਨਹਿਰੂ ਜੀ ਇਸ ਮਸਲੇ ਨੂੰ ਰਾਸ਼ਟਰ ਸੰਘ ਕੋਲ ਲੈ ਕੇ ਗਏ। ਉੱਥੇ ਇਹ ਮਸਲਾ ਅੱਜ ਵੀ ਜਿਉਂ ਦਾ ਤਿਉਂ ਖੜ੍ਹਾ ਹੈ ਅਤੇ ਦੋ ਦੇਸ਼ਾਂ ਭਾਰਤ ਅਤੇ ਪਾਕਿਸਤਾਨ ਵਿੱਚ ਹਮੇਸ਼ਾ ਹੀ ਕੁੜੱਤਣ ਦਾ ਕਾਰਨ ਬਣਦਾ ਹੈ। ਪੰਡਤ ਨਹਿਰੂ ਮੰਨਦੇ ਸਨ, “ਪਾਕਿਸਤਾਨ ਬਣਨ ਮਗਰੋਂ ਭਾਰਤ ਨੂੰ ਵਿਸ਼ਾਲ ਭਾਰਤ ਬਣਾਉਣ ਵਿੱਚ ਸਰਦਾਰ ਪਟੇਲ ਦਾ ਯੋਗਦਾਨ ਇਤਿਹਾਸ ਵਿੱਚ ਯਾਦ ਕੀਤਾ ਜਾਵੇਗਾ।”
ਅੰਤ 15 ਦਸੰਬਰ 1950 ਨੂੰ ਭਾਰਤ ਮਾਤਾ ਦਾ ਇਹ ਮਹਾਨ ਸਪੂਤ ਆਪਣੀ ਸੰਸਾਰਿਕ ਯਾਤਰਾ ਪੂਰੀ ਕਰ ਗਿਆ। ਲੋਹ ਪੁਰਖ ਸਰਦਾਰ ਵੱਲਭ ਭਾਈ ਪਟੇਲ ਦਾ ਰਾਸ਼ਟਰੀ ਸੁਤੰਤਰਤਾ ਅੰਦੋਲਨ ਵਿੱਚ ਤਾਂ ਅਹਿਮ ਰੋਲ ਹੈ ਹੀ, ਇਸ ਤੋਂ ਵੀ ਵਧ ਕੇ 600 ਦੇ ਕਰੀਬ ਦੇਸੀ ਰਿਆਸਤਾਂ ਨੂੰ ਭਾਰਤੀ ਸੰਘ ਵਿੱਚ ਸ਼ਾਮਲ ਕਰਨਾ ਆਪਣੇ ਆਪ ਵਿੱਚ ਅਤੀ ਮਹੱਤਵਪੂਰਨ ਕਾਰਜ ਹੈ। 1991 ਵਿੱਚ ਭਾਰਤ ਸਰਕਾਰ ਵੱਲੋਂ ਦੇਸ਼ ਦਾ ਸਰਵਉੱਚ ਨਾਗਰਿਕ ਸਨਮਾਨ ਭਾਰਤ ਰਤਨ ਸਰਦਾਰ ਪਟੇਲ ਜੀ ਨੂੰ ਦਿੱਤਾ ਗਿਆ। 2014 ਵਿੱਚ ਭਾਰਤ ਸਰਕਾਰ ਨੇ ਸਰਦਾਰ ਵੱਲਭ ਭਾਈ ਪਟੇਲ ਨੂੰ ਸ਼ਰਧਾਂਜਲੀ ਦੇਣ ਲਈ ਉਹਨਾਂ ਦੀ ਜਯੰਤੀ ਨੂੰ ਰਾਸ਼ਟਰੀ ਏਕਤਾ ਦਿਵਸ ਵਜੋਂ ਮਨਾਉਣ ਦੀ ਸ਼ੁਰੂਆਤ ਕੀਤੀ। 31 ਦਸੰਬਰ, 2018 ਨੂੰ ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੇ ਗੁਜਰਾਤ ਰਾਜ ਦੇ ਨਰਮਦਾ ਜ਼ਿਲ੍ਹੇ ਵਿੱਚ ਕੇਵੜੀਆ ਵਿੱਚ ਸਰਦਾਰ ਸਰੋਵਰ ਡੈਮ ਦੇ ਨੇੜੇ ਭਾਰਤ ਦੀ ਏਕਤਾ ਦੇ ਪ੍ਰਤੀਕ ਸਰਦਾਰ ਪਟੇਲ ਦੀ ਦੁਨੀਆਂ ਦੀ ਸਭ ਤੋਂ ਉੱਚੀ 182 ਮੀਟਰ ਦੀ ਮੂਰਤੀ ਦਾ ਉਦਘਾਟਨ ਕੀਤਾ, ਜਿਸ ਨੂੰ ਸਟੈਚੂ ਆਫ ਯੂਨਿਟੀ ਵਜੋਂ ਜਾਣਿਆ ਜਾਂਦਾ ਹੈ। ਦੇਸ਼ ਵਾਸੀ ਹਮੇਸ਼ਾ ਹੀ ਅਜ਼ਾਦੀ ਅੰਦੋਲਨ ਦੇ ਸਰਗਰਮ ਘੁਲਾਟੀਏ ਅਤੇ ਵਿਸ਼ਾਲ ਭਾਰਤ ਦੇ ਉਸਰਈਏ ਲੋਹ ਪੁਰਖ ਸਰਦਾਰ ਵੱਲਭ ਭਾਈ ਪਟੇਲ ਨੂੰ ਸਿਜਦਾ ਕਰਦੇ ਰਹਿਣਗੇ। ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਬਣਾਈ ਰੱਖਣਾ ਹੀ ਸਰਦਾਰ ਜੀ ਨੂੰ ਸੱਚੀ ਸ਼ਰਧਾਂਜਲੀ ਹੋ ਸਕਦੀ ਹੈ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (