“ਜਿਵੇਂ ਮਸ਼ੀਨਾਂ ਅਤੇ ਇੰਜਣਾਂ ਨੂੰ ਠੰਢੇ ਰੱਖਣ ਲਈ ਪੱਖੇ ਜਾਂ ਕੂਲਿੰਗ ਪ੍ਰਬੰਧ ਲਾਜ਼ਮੀ ਹੁੰਦੇ ਹਨ ...”
(12 ਦਸੰਬਰ 2025)
ਸਾਲ 2020 ਦੀਆਂ ਗਰਮੀਆਂ ਦੇ ਸ਼ੁਰੂ ਵਿੱਚ ਸੰਸਾਰ ‘ਕਰੋਨਾ ਮਹਾਂਮਾਰੀ’ ਦੇ ਨਾਲ ਲੜ ਰਿਹਾ ਸੀ। ਉਸ ਸਮੇਂ ਵਿੱਚ ਜਦੋਂ ਮੇਰਾ ਕੋਵਿਡ ਟੈੱਸਟ ਪੋਜ਼ਿਟਿਵ ਆਇਆ, ਤਦ ਪ੍ਰੋਟੋਕੋਲ ਮੁਤਾਬਿਕ ਮੈਨੂੰ ਵੀ ਆਪਣੇ ਘਰ ਵਿੱਚ ਹੀ ਇਕਾਂਤਵਾਸ ਵਿੱਚ ਰਹਿਣਾ ਪਿਆ। ਇਕਾਂਤਵਾਸ ਵਾਲੇ ਕਮਰੇ ਵਿੱਚ ਛੱਤ ਵਾਲਾ ਪੱਖਾ, ਜੋ ਲਗਾਤਾਰ ਘੁੰਮ ਰਿਹਾ ਸੀ, ਉਹ ਸਿਰਫ ਹਵਾ ਹੀ ਨਹੀਂ ਦੇ ਰਿਹਾ ਸੀ, ਉਹ ਮੈਨੂੰ ਸਮੇਂ ਦੀ ਗਤੀ ਦਾ ਪ੍ਰਤੀਕ ਵੀ ਲਗਦਾ ਸੀ। ਜਦੋਂ ਮੈਂ ਪੱਖੇ ਵੱਲ ਨਿਹਾਰਦਾ, ਮੈਨੂੰ ਲਗਦਾ ਕਿ ਸਮਾਂ ਵੀ ਇੱਕੋ ਚਾਲ ਵਿੱਚ ਚੱਲ ਰਿਹਾ ਹੈ, ਬਿਨਾਂ ਰੁਕੇ, ਬਿਨਾਂ ਥੱਕੇ। ਇਹ ਘੁੰਮ ਰਿਹਾ ਪੱਖਾ ਮੈਨੂੰ ਕਿਸੇ ਦਾਰਸ਼ਨਿਕ ਸੰਕੇਤ ਵਾਂਗ ਜਾਪਿਆ, ਜਿਉਂ ਸਮਾਂ ਨਾ ਰੁਕਦਾ ਹੈ, ਨਾ ਥੱਕਦਾ ਹੈ, ਤਿਵੇਂ ਹੀ ਇਹ ਪੱਖਾ ਵੀ ਆਪਣੇ ਕੇਂਦਰ ਦੇ ਚੱਕਰ ਵਿੱਚ ਲਗਾਤਾਰ ਘੁੰਮ ਰਿਹਾ ਸੀ।
ਘੁੰਮਦੇ ਪੱਖੇ ਦੇ ਕੇਂਦਰ ਉੱਤੇ ਇਸ ਇੱਕ ਟੱਕ ਨਿਹਾਰਨ ਦੀ ਪ੍ਰਕਿਰਿਆ ਅਚਾਨਕ ਹੀ ਮੈਨੂੰ ਬਚਪਨ ਵਿੱਚ ਲੈ ਗਈ। ਮੈਨੂੰ ਯਾਦ ਆਇਆ ਕਿ 1990 ਦੇ ਆਸ ਪਾਸ ਕਿਵੇਂ ਮੇਰੇ ਪਿਤਾ ਜੀ ਮੈਨੂੰ ਕੁਝ ਸਮਝਾ ਕੇ ਖੇਤਾਂ ਵਿੱਚ ਲੱਗੇ ਟਿਊਬਵੈੱਲ ਪੰਪਿੰਗ ਸਿਸਟਮ ਨੂੰ ਚਲਾਉਣ ਲਈ, (ਉਦੋਂ ਪੰਦਰਾਂ ਕੁ ਫੁੱਟ) ਖੂਹੀ ਕੋਲ ਲੈ ਜਾਂਦੇ ਸਨ। ਅੱਜਕਲ ਖੇਤਾਂ ਵਿੱਚ ਪਾਣੀ ਲਈ ਸਬਮਰਸੀਬਲ ਪੰਪ ਜਾਂ ਮੱਛੀ ਮੋਟਰ ਵਰਤੇ ਜਾਂਦੇ ਹਨ, ਉਸ ਵੇਲੇ ਪੰਪ ਇੱਕ 15 ਫੁੱਟ ਥੱਲੇ ਖੂਹੀ ਵਿੱਚ ਲੱਗਾ ਹੁੰਦਾ ਸੀ, ਜਿੱਥੇ ਉੱਪਰ ਇੰਜਣ ਅਤੇ ਥੱਲੇ ਪੱਖਾ (ਸੈਂਟਰੀਫਿਊਗਲ ਹਾਈਡ੍ਰੌਲਿਕ ਪੰਪ) ਹੁੰਦਾ ਸੀ। ਫੁੱਟ ਵਾਲਵ ਖਰਾਬ ਹੋ ਜਾਂਦਾ, ਮੇਰੇ ਪਿਤਾ ਜੀ, ਇੰਜਣ ਚਲਾਉਂਦੇ ਅਤੇ ਫਿਰ ਇੱਕ ਡੰਡਾ ਲੈ ਕੇ ਖੂਹੀ ਦੇ ਥੱਲੇ ਉੱਤਰ ਇੰਜਣ ਦੀ ਪੁਲੀ ਤੋਂ ਥੱਲੇ ਪੰਪ ਦੀ ਪੁਲੀ ਤਕ ਲੱਗੀ ਘੁੰਮਦੀ ਬੈਲਟ ਨੂੰ ਪੱਖੇ ਦੀ ਆਈਡਲ ਪੁਲੀ ਵੱਲ ਧੱਕ ਦਿੰਦੇ। ਇੰਜਣ ਦੀ ਗਤੀ ਜਦੋਂ ਪੂਰੀ ਹੁੰਦੀ ਤਾਂ ਉਹ ਆਪਣੇ ਪੈਰ ਨਾਲ ਅਸਲੀ ਪੁਲੀ ’ਤੇ ਪੈਰ ਰੱਖਦੇ ਅਤੇ ਫਿਰ ਕੁਝ ਸਮੇਂ ਬਾਅਦ ਬੈਲਟ ਨੂੰ ਮੁੱਖ ਪੁਲੀ ’ਤੇ ਚੜ੍ਹਾ ਦਿੰਦੇ। ਤਿੰਨ ਚਾਰ ਵਾਰ ਇਹੀ ਕਿਰਿਆ ਕਰਨ ਤੋਂ ਬਾਅਦ ਫਿਰ ਖੂਹੀ ਵਿੱਚੋਂ ਇੱਕ ਅਵਾਜ਼ ਮਾਰ ਕੇ ਮੈਨੂੰ ਪੁੱਛਦੇ, “ਦੇਖ ਪਾਣੀ ਚੁੱਕ ਲਿਆ?” ਮੈਂ ਉੱਪਰੋਂ ਝਾਤੀ ਮਾਰਦਾ। ਜਦੋਂ ਪਾਣੀ ਬੰਬੀ ਵਿੱਚੋਂ ਨਿਕਲਣ ਲਗਦਾ, ਮੈਂ ਖੁਸ਼ੀ ਵਿੱਚ ਆਵਾਜ਼ ਦਿੰਦਾ, “ਪਾਣੀ ਆ ਗਿਆ... ਪਾਣੀ ਆ ਗਿਆ!”
ਘੁੰਮਦੇ ਪੱਖੇ ਦੇ ਕੇਂਦਰ ਉੱਤੇ ਨਿਹਾਰਨ ਦੀ ਪ੍ਰਕਿਰਿਆ ਫਿਰ ਉਹਨਾਂ ਪੁਰਾਣੀਆਂ ਯਾਦਾਂ ਵੱਲ ਲੈ ਗਈ ਜਦੋਂ ਮੈਂ ਇੱਕ ਵੱਡੀ ਫੈਕਟਰੀ ਵਿੱਚ ਮਕੈਨੀਕਲ ਇੰਜਨੀਅਰ ਦੇ ਤੌਰ ਉੱਤੇ ਕੰਮ ਕਰਦਾ ਸੀ। ਵੱਡੀਆਂ ਮਸ਼ੀਨਾਂ ਵਿੱਚ ਪੱਖੇ ਜ਼ਰੂਰੀ ਹਿੱਸਾ ਹੁੰਦੇ ਹਨ। ਉਦਾਹਰਨ ਦੇ ਤੌਰ ’ਤੇ ਜਦੋਂ ਮੋਟਰ ਦਾ ਪੱਖਾ ਕੰਮ ਨਾ ਕਰੇ ਤਾਂ ਮੋਟਰ ਸੜ ਜਾਂਦੀ ਸੀ। ਜਦੋਂ ਵੱਡੇ ਗਿਅਰ ਬਾਕਸ ਦਾ ‘ਪੱਖਾ’ ਟੁੱਟ ਜਾਂਦਾ ਤਾਂ ਲਗਾਤਾਰ ਚੱਲਦੇ ਰਹਿਣ ਕਰਕੇ ਉਹ ਗਰਮ ਹੋ ਕੇ ਆਪਣਾ ਨਾਸ ਕਰ ਲੈਂਦਾ। ਜਿਵੇਂ ਮਸ਼ੀਨਾਂ ਅਤੇ ਇੰਜਣਾਂ ਨੂੰ ਠੰਢੇ ਰੱਖਣ ਲਈ ਪੱਖੇ ਜਾਂ ਕੂਲਿੰਗ ਪ੍ਰਬੰਧ ਲਾਜ਼ਮੀ ਹੁੰਦੇ ਹਨ, ਉਸੇ ਤਰ੍ਹਾਂ ਮਨੁੱਖੀ ਸਰੀਰ ਵਿੱਚ ਵੀ ਦੋ ਅੰਦਰੂਨੀ ਪੱਖੇ ‘ਕੂਲਿੰਗ ਮਕੈਨਿਜ਼ਮ’ ਵਜੋਂ ਜ਼ਰੂਰ ਹੋਣਗੇ। ਜਦੋਂ ਅਸੀਂ ਆਪਣੇ ਅੰਦਰਲੇ ਇਨ੍ਹਾਂ ‘ਪੱਖਿਆਂ’ ਨੂੰ ਬੰਦ ਕਰ ਦਿੰਦੇ ਹਾਂ ਤਾਂ ਅਸੀਂ ਵੀ ਹੌਲੀ-ਹੌਲੀ ‘ਸੜਨ’ ਲੱਗ ਜਾਂਦੇ ਹਾਂ।
ਛੱਤ ਵਾਲਾ ‘ਪੱਖਾ’ ਘੁੰਮ ਰਿਹਾ ਸੀ। ਪੱਖਾ ਆਪਣੀ ਲੈਅ ’ਤੇ ਚੁੱਪ ਚਾਪ ਘੁੰਮ ਰਿਹਾ ਸੀ, ਸਮੇਂ ਵਾਂਗ। ਉਸੇ ਪੱਖੇ ਨੇ ਅਚਾਨਕ ਮੈਨੂੰ ਇੱਕ ਡਰਾਉਣਾ ਖ਼ਿਆਲ ਯਾਦ ਕਰਵਾ ਦਿਵਾ ਦਿੱਤਾ - ਉਹ ਲੋਕ, ਜੋ ਕਦੇ ਪੱਖਿਆਂ ਨਾਲ ਲਟਕ ਕੇ ਆਪਣੀ ਜੀਵਨ ਲੀਲ੍ਹਾ ਹੀ ਮੁਕਾ ਗਏ, ਸ਼ਾਇਦ ਉਹਨਾਂ ਦੇ ‘ਅੰਦਰਲਾ ਪੱਖਾ’ ਖੜ੍ਹ ਗਿਆ ਹੋਵੇ? ਇਹ ਸੋਚ ਕੇ ਰੂਹ ਕੰਬੀ... ਪਰ ਅਗਲੇ ਪਲ ਹੀ ਦਿਮਾਗ ਵਿੱਚ ਇੱਕ ਹੋਰ ਖ਼ਿਆਲ ਉੱਭਰਿਆ, ਕੀ ਇਹ ਸਿਰਫ ਨਿੱਜੀ ਕਮਜ਼ੋਰੀ ਸੀ, ਜਾਂ ਇਸ ਪਿੱਛੇ ਕੋਈ ਹੋਰ ਤੱਤ ਵੀ ਹੋਣਗੇ? ਸਾਡਾ ਸਮਾਜਿਕ ਅਤੇ ਰਾਜਨੀਤਿਕ ਵਾਤਾਵਰਣ ਆਦਮੀ ਦੇ ਅੰਦਰ ਚੱਲ ਰਹੇ ‘ਪੱਖੇ’ ਨੂੰ ਖੜੋਤ ਵਿੱਚ ਲੈ ਆਉਂਦਾ ਹੈ। ਉਸਦੀ ਗਤੀਸ਼ੀਲਤਾ, ਉਸਦੇ ਵਿਚਾਰ, ਉਸਦੀਆਂ ਆਸਾਂ-ਉਮੀਦਾਂ ਦੇ ‘ਪੱਖੇ’, ਇਹ ਸਭ ਕੁਝ ਜਿਵੇਂ ਵਿਰਾਮ ਵਿੱਚ ਆ ਜਾਂਦੇ ਹੋਣ।
ਅੰਤ ਹੈਲਥ ਡਿਸਪੈਂਸਰੀ ਤੋਂ ਡਿਸਚਾਰਜ ਸਰਟੀਫਿਕੇਟ ਮਿਲਿਆ। ਹੁਣ ਸੋਚਦਾ ਹਾਂ, ਮਨੁੱਖ ਦੇ ਅੰਦਰ ਵੀ ਦੋ ਅਦਿੱਖ ‘ਪੱਖੇ’ ਲੱਗੇ ਹੋਏ ਹੁੰਦੇ ਹਨ। ਇਹ ਸਿਰਫ ਰੋਜ਼ਮਰ੍ਹਾ ਦੇ ਜੀਵਨ ਦੇ ਸਾਹ ਹੀ ਨਹੀਂ ਚਲਾਉਂਦੇ, ਸਗੋਂ ਆਸਾਂ-ਉਮੀਦਾਂ, ਚੇਤਨਾ ਅਤੇ ਜੀਵਨ-ਇੱਛਾ ਨੂੰ ਵੀ ਗਤੀ ਦਿੰਦੇ ਹਨ। ਜਦੋਂ ਤਕ ਇਹ ਪੱਖੇ ਚੱਲਦੇ ਰਹਿੰਦੇ ਹਨ, ਮਨੁੱਖ ਅੱਗੇ ਵਧਦਾ ਰਹਿੰਦਾ ਹੈ ਪਰ ਜਿਸ ਦਿਨ ਇਹ ਪੱਖੇ ਤਣਾਅ, ਨਿਰਾਸ਼ਾ ਜਾਂ ਵਾਤਾਵਰਣਕ ਸੰਘਰਸ਼ਾਂ ਦੇ ਭਾਰ ਹੇਠ ਖੜ੍ਹ ਜਾਂਦੇ ਹਨ, ਉਸ ਦਿਨ ਮਨੁੱਖ ਸਿਰਫ ਸਰੀਰਕ ਤੌਰ ’ਤੇ ਹੀ ਨਹੀਂ, ਸਗੋਂ ਆਤਮਿਕ ਪੱਧਰ ’ਤੇ ਵੀ ਅਟਕ ਜਾਂਦਾ ਹੈ। ਹਰ ਮਨੁੱਖ ਦੇ ਅੰਦਰਲੇ ਇਹ ਦੋਵੇਂ ਪੱਖੇ, ਇੱਕ ਤਨ ਦਾ ਪੱਖਾ, ਜੋ ਉਸਦੇ ਸਰੀਰ ਨੂੰ ਊਰਜਿਤ ਕਰਦਾ ਹੈ, ਅਤੇ ਦੂਜਾ ਰੂਹਾਨੀ ਪੱਖਾ, ਜੋ ਸਹਿਜ ਅਤੇ ਟਿਕਾਉ ਵਿੱਚ ਰੱਖਦਾ ਹੈ, ਲਗਾਤਾਰ ਚੱਲਦੇ ਰਹਿਣੇ ਚਾਹੀਦੇ ਹਨ। ਭਾਰਤੀ ਸੰਸਕ੍ਰਿਤੀ ਵਿੱਚ ਆਤਮਿਕ ਤੱਤ ਦੀ ਗਤੀ ਨੂੰ ਹੀ ਪ੍ਰਾਣ ਕਿਹਾ ਗਿਆ ਹੈ। ਇਸ ਪੱਖੇ ਦੀ ਗਤੀ ਵੀ ਪ੍ਰਤੀਕਾਤਮਕ ਰੂਪ ਵਿੱਚ ‘ਪ੍ਰਾਣ’ ਦੀ ਗਤੀ ਵਰਗੀ ਹੈ, ਜੋ ਰੁਕਣ ਨਹੀਂ ਦਿੰਦੀ। ਕਾਮਨਾ ਕਰਦਾ ਹਾਂ, ਇਸ ਦੌਰ ਅੰਦਰ ਹਰ ਸ਼ਖਸ ਦੇ ਅੰਦਰਲੇ ਇਹ ਦੋਵੇਂ ‘ਪੱਖੇ’, ਚੱਲਦੇ ਰਹਿਣ, ਪੂਰੀ ਗਤੀ ਨਾਲ, ਤਨ ਦਾ ਪੱਖਾ ਵੀ, ਤੇ ਮਨ (ਰੂਹ) ਦਾ ਪੱਖਾ ਵੀ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (