“ਮੇਰੀ ਪੈਨਸ਼ਨ ਨਾਲ ਘਰ ਦਾ ਗੁਜ਼ਾਰਾ ਨਹੀਂ ਹੋਣਾ। ਪਰ ਜੇਕਰ ਰਿਟਾਇਰਮੈਂਟ ਤੋਂ ਪਹਿਲਾਂ ਮੈਨੂੰ ...”
(28 ਅਕਤੂਬਰ 2025)
ਸਕੂਲ ਵਿੱਚ ਬਹੁਤ ਰੌਣਕ ਸੀ। ਸਾਰੇ ਅਧਿਆਪਕ ਅਤੇ ਬੱਚੇ ਮੈਡਮ ਦੀ ਰਿਟਾਇਰਮੈਂਟ ਪਾਰਟੀ ਲਈ ਪ੍ਰਬੰਧ ਕਰਨ ਵਿੱਚ ਰੁੱਝੇ ਹੋਏ ਸਨ। ਰਿਟਾਇਰਮੈਂਟ ਸ਼ਬਦ ਨਾਲ ਖੁਸ਼ੀ ਅਤੇ ਉਦਾਸੀ ਦੋਵੇਂ ਤਰ੍ਹਾਂ ਦੇ ਅਨੁਭਵ ਜੁੜੇ ਹੁੰਦੇ ਹਨ। ਜਦੋਂ ਕਰਮਚਾਰੀ ਨੌਕਰੀ ਵਿੱਚ ਆਉਂਦਾ ਹੈ, ਉਦੋਂ ਹੀ ਰਿਟਾਇਰਮੈਂਟ ਦੀ ਤਰੀਕ ਨਿਸ਼ਚਿਤ ਹੋ ਜਾਂਦੀ ਹੈ। ਅੱਜ ਮੈਡਮ ਦੀ ਰਿਟਾਇਰਮੈਂਟ ਪਾਰਟੀ ਸੀ। ਮੈਡਮ ਆਪਣੇ ਪਰਿਵਾਰ ਸਮੇਤ ਸਕੂਲ ਪੁੱਜੇ। ਅਧਿਆਪਕਾਂ ਅਤੇ ਬੱਚਿਆਂ ਨੇ ਸਕੂਲ ਦੇ ਮੁੱਖ ਅਧਿਆਪਕ ਜੀ ਨਾਲ ਮਿਲ ਕੇ ਮੈਡਮ ਦਾ ਸਵਾਗਤ ਕੀਤਾ। ਸਾਰਾ ਪ੍ਰੋਗਰਾਮ ਬਹੁਤ ਵਧੀਆ ਤੇ ਖੁਸ਼ੀ ਖੁਸ਼ੀ ਨੇਪਰੇ ਚੜ੍ਹਿਆ।
ਮੈਡਮ ਅੱਜ ਖੁਸ਼ ਵੀ ਸਨ ਅਤੇ ਕੁਝ ਕੁਝ ਉਦਾਸ ਵੀ ਕਿਉਂਕਿ ਉਹਨਾਂ ਨੂੰ ਆਪਣੇ ਕੰਮ ਅਤੇ ਬੱਚਿਆਂ ਨਾਲ ਬਹੁਤ ਲਗਾਵ ਸੀ। ਉਹ ਬੱਚਿਆਂ ਨੂੰ ਨੈਤਿਕ ਸਿੱਖਿਆ ਦੇਣਾ ਆਪਣਾ ਪਰਮ ਧਰਮ ਮੰਨਦੇ ਸਨ। ਅਗਲੇ ਦਿਨ ਸਕੂਲ ਲੱਗਿਆ, ਪਰ ਉਹ ਮੈਡਮ ਦਿਖਾਈ ਨਹੀਂ ਸੀ ਦੇ ਰਹੇ। ਮੇਰੀ ਮੈਡਮ ਨਾਲ ਬਹੁਤ ਸਾਲਾਂ ਦੀ ਸਾਂਝ ਸੀ। ਇਸ ਕਰਕੇ ਮੇਰਾ ਮਨ ਅੱਜ ਬਹੁਤ ਉਦਾਸ ਸੀ। ਬੱਚੇ ਵੀ ਉਹਨਾਂ ਦੀ ਘਾਟ ਮਹਿਸੂਸ ਕਰ ਰਹੇ ਸਨ।
ਅਗਲੇ ਆਉਣ ਵਾਲੇ ਚਾਰ ਮਹੀਨਿਆਂ ਬਾਅਦ ਮੋਹਨ ਸਰ ਦੀ ਰਿਟਾਇਰਮੈਂਟ ਸੀ। ਜਿਉਂ ਜਿਉਂ ਸਰ ਦੀ ਰਿਟਾਇਰਮੈਂਟ ਨੇੜੇ ਆ ਰਹੀ ਸੀ, ਤਿਉਂ ਤਿਉਂ ਸਰ ਉਦਾਸ ਰਹਿਣ ਲੱਗ ਪਏ। ਕਿਸੇ ਵੀ ਸਾਥੀ ਨਾਲ ਕੋਈ ਖਾਸ ਗੱਲ ਨਾ ਕਰਦੇ। ਜੇ ਕੋਈ ਪੁੱਛਦਾ ਕਿ ਸਰ ਕੀ ਗੱਲ ਹੈ, ਤਾਂ ਉਹ ਆਖ ਦਿੰਦੇ ਕੀ ਥੋੜ੍ਹੀ ਤਬੀਅਤ ਠੀਕ ਨਹੀਂ ਹੈ। ਮੈਂ ਕਈ ਦਿਨਾਂ ਤੋਂ ਮਹਿਸੂਸ ਕਰ ਰਹੀ ਸੀ ਕਿ ਸਰ ਅੱਜ ਕੱਲ੍ਹ ਸੋਚਾਂ ਵਿੱਚ ਡੁੱਬੇ ਰਹਿੰਦੇ ਹਨ। ਸਮਾਂ ਆਪਣੀ ਤੋਰ ਤੁਰਦਾ ਰਿਹਾ। ਪਤਾ ਹੀ ਨਾ ਲੱਗਾ ਕਿ ਕਦੋਂ ਸਰ ਦੀ ਰਿਟਾਇਰਮੈਂਟ ਵਾਲਾ ਮਹੀਨਾ ਆ ਗਿਆ। ਸਰ ਹੋਰ ਜ਼ਿਆਦਾ ਉਦਾਸ ਰਹਿਣ ਲੱਗ ਪਏ।
ਹੁਣ ਉਹ ਅਕਸਰ ਇਕੱਲਾ ਰਹਿਣਾ ਪਸੰਦ ਕਰਨ ਲੱਗੇ। ਉਹਨਾਂ ਨੇ ਸਟਾਫ ਰੂਮ ਛੱਡ ਕੇ ਲਾਇਬਰੇਰੀ ਵਿੱਚ ਬੈਠਣਾ ਸ਼ੁਰੂ ਕਰ ਦਿੱਤਾ। ਮੇਰੀ ਸਰ ਨਾਲ ਕਾਫੀ ਸਾਂਝ ਸੀ। ਅਸੀਂ ਇੱਕ ਵਿਸ਼ੇ ਦੇ ਅਧਿਆਪਕ ਸੀ। ਭਾਵੇਂ ਮੈਨੂੰ ਇਸ ਸਕੂਲ ਵਿੱਚ ਆਇਆਂ ਅਜੇ ਥੋੜ੍ਹਾ ਸਮਾਂ ਹੀ ਹੋਇਆ ਸੀ ਪਰ ਸਕੂਲ ਵਿੱਚ ਕੰਮ ਕਰਨ ਵਿੱਚ ਸਰ ਹਮੇਸ਼ਾ ਮੇਰੀ ਮਦਦ ਕਰਦੇ। ਬੱਚਿਆਂ ਵਾਂਗ ਕੰਮ ਸਮਝਾਉਂਦੇ ਸਨ। ਸਰ ਪਰਮਾਤਮਾ ਨੂੰ ਮੰਨਣ ਵਾਲੇ ਇਨਸਾਨ ਸਨ। ਅਸੀਂ ਸਰ ਦੀ ਕਾਫੀ ਇੱਜ਼ਤ ਕਰਦੇ ਸੀ। ਇੱਕ ਦਿਨ ਮੈਂ ਅਤੇ ਮੇਰੀ ਸਹੇਲੀ ਨੇ ਸੋਚਿਆ ਕਿ ਅੱਜ ਆਪਾਂ ਸਰ ਤੋਂ ਉਦਾਸ ਰਹਿਣ ਦਾ ਕਾਰਨ ਪੁੱਛਦੇ ਹਾਂ। ਅਸੀਂ ਸਰ ਨੂੰ ਪੁੱਛਿਆ ਕਿ ਸਰ ਕੋਈ ਪਰੇਸ਼ਾਨੀ ਹੈ ਤਾਂ ਦੱਸੋ। ਅਸੀਂ ਵੀ ਤੁਹਾਡੇ ਬੱਚਿਆਂ ਵਰਗੇ ਹਾਂ, ਕੀ ਪਤਾ ਅਸੀਂ ਕੋਈ ਮਦਦ ਕਰ ਸਕੀਏ। ਸਾਡੇ ਕਾਫੀ ਜ਼ੋਰ ਦੇ ਕੇ ਪੁੱਛਣ ’ਤੇ ਉਹਨਾਂ ਦੱਸਿਆ, “ਤੁਸੀਂ ਤਾਂ ਜਾਣਦੇ ਹੀ ਹੋ ਕਿ ਮੇਰੀ ਆਰਥਿਕ ਸਥਿਤੀ ਬਹੁਤੀ ਠੀਕ ਨਹੀਂ ਹੈ। ਮੈਂ ਇਕੱਲਾ ਹੀ ਕਮਾਉਣ ਵਾਲਾ ਹਾਂ। ਮੇਰੀ ਧੀ ਦਾ ਵਿਆਹ ਕਰਨਾ ਬਾਕੀ ਹੈ। ਮੇਰੀ ਪਤਨੀ ਅਕਸਰ ਬਿਮਾਰ ਰਹਿੰਦੀ ਹੈ। ਮੇਰੇ ਪੁੱਤਰ ਨੂੰ ਕੋਈ ਨੌਕਰੀ ਨਹੀਂ ਮਿਲ ਰਹੀ।...”
ਇੰਨਾ ਕਹਿੰਦੇ ਹੀ ਉਹਨਾਂ ਨੇ ਅੱਖਾਂ ਭਰ ਲਈਆਂ ਤੇ ਕਹਿਣ ਲੱਗੇ, “ਮੈਂ ਸੋਚਦਾ ਹਾਂ ਕਿ ਰੱਬ ਮੈਨੂੰ ਚੁੱਕ ਲਵੇ।”
ਮੈਂ ਕਿਹਾ, “ਸਰ, ਤੁਸੀਂ ਅਜਿਹਾ ਕਿਉਂ ਸੋਚਦੇ ਹੋ?”
ਉਹ ਬੋਲੇ, “ਮੇਰੀ ਪੈਨਸ਼ਨ ਨਾਲ ਘਰ ਦਾ ਗੁਜ਼ਾਰਾ ਨਹੀਂ ਹੋਣਾ। ਪਰ ਜੇਕਰ ਰਿਟਾਇਰਮੈਂਟ ਤੋਂ ਪਹਿਲਾਂ ਮੈਨੂੰ ਕੁਝ ਹੋ ਜਾਂਦਾ ਹੈ ਤਾਂ ਮੇਰੇ ਪੁੱਤਰ ਨੂੰ ਨੌਕਰੀ ਮਿਲ ਜਾਵੇਗੀ।”
ਉਹਨਾਂ ਦੀ ਇਹ ਗੱਲ ਸੁਣ ਕੇ ਮੈਂ ਧੁਰ ਅੰਦਰ ਤਕ ਹਿੱਲ ਗਈ। ਅਤੇ ਸੋਚ ਲੱਗੀ ਕਿ ਕਿਵੇਂ ਜ਼ਿੰਦਗੀ ਨੂੰ ਤੁਰਦੇ ਰੱਖਣ ਲਈ ਮਨੁੱਖ ਮੌਤ ਦੇ ਰਾਹ ਬਾਰੇ ਸੋਚਣ ਲੱਗ ਜਾਂਦਾ ਹੈ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (