MeharManakDr7ਇਸ ਤਰ੍ਹਾਂ ਡਾ. ਅਮਰਜੀਤ ਕੌਂਕੇ ਇਸ ਕਾਵਿ ਪੁਸਤਕ ਵਿਚਲੀਆਂ 71 ਕਵਿਤਾਵਾਂ ਰਾਹੀਂ ਬਹੁਤ ਸਾਰੇ ...AmarjitKonke7
(16 ਅਕਤੂਬਰ 2025)

 

AmarjitKonkeBookDhartiਡਾ. ਅਮਰਜੀਤ ਕੌਂਕੇ ਪੰਜਾਬੀ ਸਾਹਿਤਕ ਖੇਤਰ ਦਾ ਉਹ ਵਿਲੱਖਣ ਕਵੀ ਹੈ ਜਿਸਨੇ ਹੁਣ ਤਕ ਦਾਇਰਿਆਂ ਦੀ ਕਬਰ ਵਿੱਚੋਂ (ਸਾਂਝਾ ਕਾਵਿ-ਸੰਗ੍ਰਹਿ, 1985), ਨਿਰਵਾਣ ਦੀ ਤਲਾਸ਼ ਵਿੱਚ 1987, ਦਵੰਦ ਕਥਾ 1990, ਯਕੀਨ 1993, ਸ਼ਬਦ ਰਹਿਣਗੇ ਕੋਲ 1996, ਸਿਮਰਤੀਆਂ ਦੀ ਲਾਲਟੈਨ 2001, ਪਿਆਸ 2013, ਚੋਣਵੀਂ ਕਵਿਤਾ 2022 ਜਿਹੇ ਕਾਵਿ ਸੰਗ੍ਰਹਿ ਪੰਜਾਬੀ ਸਾਹਿਤ ਦੀ ਝੋਲੀ ਪਾਏ ਹਨ। ਉਸਨੇ ਹਿੰਦੀ ਤੋਂ ਪੰਜਾਬੀ, ਪੰਜਾਬੀ ਤੋਂ ਹਿੰਦੀ, ਅੰਗਰੇਜ਼ੀ ਤੋਂ ਪੰਜਾਬੀ ਅਨੁਵਾਦ ਤੋਂ ਇਲਾਵਾ ਹਿੰਦੀ ਕਵਿਤਾਵਾਂ, ਬਾਲ ਸਾਹਿਤ ਅਤੇ ਸੰਪਾਦਨਾ ਵੀ ਕੀਤੀ ਹੈ ਅਤੇ ਬਹੁਤ ਸਾਰੇ ਸਨਮਾਨ ਵੀ ਪ੍ਰਾਪਤ ਕੀਤੇ ਹਨ। ਆਪਣੇ ਕਾਰਜਾਂ ਕਰਕੇ ਉਹ ਵਿਲੱਖਣ ਅਤੇ ਮਾਣਮੱਤਾ ਹਸਤਾਖਰ ਹੈ। ਉਸਦੀ ਕਾਵਿਕ ਸੂਖਮ ਦ੍ਰਿਸ਼ਟੀ, ਸ਼ਬਦੀ ਹੁਨਰ, ਬਿੰਬਾਤਮਿਕ ਪੇਸ਼ਕਾਰੀ ਅਤੇ ਕਲਾਤਮਿਕ ਸੂਝ ਉਸਦੇ ਮੁਕਾਮ ਨੂੰ ਵਿਲੱਖਣਤਾ ਪ੍ਰਦਾਨ ਕਰਦੀ ਹੈ। ਉਸਦਾ ਕੈਨਵਸ ਆਪਣੇ ਆਪ ਵਿੱਚ ਵਿਲੱਖਣ ਅਤੇ ਵਿਸ਼ਾਲ ਹੈ। ਉਹ ਆਪਣੀ ਗੱਲ ਆਪਣੇ ਤਰੀਕੇ ਨਾਲ ਕਹਿਣ ਦਾ ਆਦੀ ਹੈ। ਇਸ ਤਰ੍ਹਾਂ ਉਸ ਨੂੰ ਕਿਸੇ ਵੀ ‘ਵਾਦ’ ਨਾਲ ਨਰੜਿਆ ਨਹੀਂ ਜਾ ਸਕਦਾ।

ਇਸ ਧਰਤੀ ’ਤੇ ਰਹਿੰਦਿਆਂ” ਦਾ ਸਿਰਲੇਖ ਹੀ ਸਪਸ਼ਟ ਕਰ ਜਾਂਦਾ ਹੈ ਕਿ ਉਹ ਧਰਤੀ ਨਾਲ ਜੁੜ ਕੇ ਹੀ ਉਸਦੀ ਬਾਤ ਪਾਉਣ ਜਾ ਰਿਹਾ ਹੈ। ਇਸ ਕਰਕੇ ਇਸ ਪੁਸਤਕ ਨੂੰ ਇਸ ਸੰਦਰਭ ਵਿੱਚ ਦੇਖਣ/ਜਾਂਚਣ ਦੀ ਜ਼ਰੂਰਤ ਹੈ। ਇਸ ਪੁਸਤਕ ਵਿਚਲੀਆਂ ਜ਼ਿਆਦਾਤਰ ਕਵਿਤਾਵਾਂ ਸਮਾਜ ਦਾ ਸ਼ੀਸ਼ਾ ਬਣਦੀਆਂ ਅਤੇ ਸਮਾਜ ਅਤੇ ਸੱਤਾ ਨੂੰ ਸ਼ੀਸ਼ਾ ਦਿਖਾਉਂਦੀਆਂ ਦੇਖੀਆਂ ਜਾ ਸਕਦੀਆਂ ਹਨ। ਉਸਦੀ ਪਹਿਲੀ ਕਵਿਤਾ “ਇੱਕ ਬਲਦੀ ਦੁਪਹਿਰ” ਵਿੱਚ ਉਹ ਬੋਲਦਾ ਹੈ:

ਇਹ ਮਹਾਨ ਦੇਸ਼

ਇਹ ਵੇਦਾਂ ਦੀ ਧਰਤੀ
ਗੰਗਾ ਜਮਨਾ ਹਿਮਾਲਾ ਦੀ ਵਿਰਾਸਤ
ਹੜੱਪਾ ਮੁਹਿੰਜੋਦੜੋ ਜਿਹੀਆਂ
ਸੱਭਿਆਤਾਵਾਂ ਦੀ ਜਨਮਦਾਤਾ..

ਸਿਖ਼ਰ ਬਲਦੀ ਦੁਪਹਿਰ
ਆਪਣੇ ਮੋਢਿਆਂ ’ਤੇ
ਇਕੱਲਾ ਚੁੱਕੀ ਜਾ ਰਿਹਾ
ਇੱਕ ਲਾਚਾਰ ਇਨਸਾਨ
ਆਪਣੀ ਪਤਨੀ ਦੀ ਲਾਸ਼
ਨਾਲ ਬੱਚੀ ਉਸਦੀ
ਜ਼ਾਰੋ ਜ਼ਾਰ ਅੱਥਰੂ ਕੇਰਦੀ
ਮੇਰੇ ਦੇਸ਼ ਦੀ ਜਨਤਾ
ਤਕ ਰਹੀ ਉਸ ਨੂੰ
ਫੋਟੋਆਂ ਖਿੱਚ ਰਹੀ
ਫੇਸਬੁੱਕ ’ਤੇ ਪਾ ਰਹੀ…। (20, 23)

ਉਹ “ਬਿਸਾਤ” ਕਵਿਤਾ ਵਿੱਚ ਸੰਕਟਾਂ ਦੀ ਬੁਨਿਆਦ ਉੱਤੇ ਉਂਗਲ ਰੱਖਦਾ ਬੋਲਦਾ ਹੈ:

ਨਹੀਂ ਸੋਚਿਆ ਸੀ ਕਦੇ
ਕਿ ਇੱਕ ਮਾਸੂਮ ਜਾਨ ਨੂੰ
ਇਸ ਤਰ੍ਹਾਂ ਬਲੀ ਚਾੜ੍ਹ ਦਿੱਤਾ ਜਾਏਗਾ
ਘਟੀਆ ਰਾਜਨੀਤੀ ਦੀ ਸ਼ਤਰੰਜ ਵਿੱਚ
ਇੰਨੀ ਸੰਵੇਦਨਾਹੀਣ
ਹੋ ਜਾਏਗੀ ਮਨੁੱਖਤਾ
ਕਦੇ ਨਹੀਂ ਸੀ ਸੋਚਿਆ...

...

ਬੋਰਵੈੱਲ ਵਿੱਚ ਫਸੀ ਜੋ
ਇਹ ਸਿਰਫ ਬੱਚਾ ਨਹੀਂ ਇੱਕ
ਸਾਡੀ ਮਰ ਚੁੱਕੀ ਜ਼ਮੀਰ ਹੈ
ਪਾਈਪ ਵਿੱਚ
ਇੱਕ ਮਾਸੂਮ ਦੀ ਨਹੀਂ
ਸਾਡੀ ਨੈਤਕਿਤਾ ਦੀ
ਲਾਸ਼ ਫਸੀ ਹੈ... (29, 30)

ਕਹਿਣ ਨੂੰ ਤਾਂ ਭਾਵੇਂ ਅੱਜ ਅਸੀਂ ਵਿਕਾਸ ਅਤੇ ਤਰੱਕੀ ਦੀਆਂ ਕਿੰਨੀਆਂ ਵੀ ਡੀਗਾਂ ਮਾਰਦੇ ਹੋਏ ਆਪਣੇ ਸਭਿਅਕ ਹੋਣ ਦੇ ਕਿੰਨੇ ਵੀ ਪਰਚਮ ਲਹਿਰਾਉਂਦੇ ਰਹੀਏ ਪਰ ਅਸਲੋਂ ਅਜੋਕੇ ਮਨੁੱਖ ਅੰਦਰੋਂ ਮਨੁੱਖਤਾ ਮਰ ਚੁੱਕੀ ਹੈ। ਆਰਥਿਕ ਨਿਘਾਰ ਦੇ ਤਾਂ ਹੱਲ ਕੱਢੇ ਜਾ ਸਕਦੇ ਹਨ ਪਰ ਇਖ਼ਲਾਕੀ ਨਿਘਾਰ, ਜੋ ਇੱਕ ਸੱਭਿਆਚਾਰਕ ਗੰਭੀਰ ਚੁਣੌਤੀ ਹੈ, ਉੱਤੇ ਕਾਬੂ ਪਾਉਣਾ ਬਹੁਤ ਹੀ ਮੁਸ਼ਕਿਲ ਕੰਮ ਹੈ। ਮਨੁੱਖ ਦਾ ਵਿਸ਼ਵਾਸਘਾਤੀ ਹੋਣਾ ਸਾਡੇ ਸਮਿਆਂ ਦਾ ਸਭ ਤੋਂ ਵੱਡਾ ਦੁਖਾਂਤ ਹੈ, ਜਿਸਦਾ ਜ਼ਿਕਰ ਉਹ ‘ਵਿਰਲਾਪ’ ਕਵਿਤਾ ਵਿੱਚ ਕਰਦਾ ਹੋਇਆ ਲਿਖਦਾ ਹੈ:
ਮਰਨ ਤੋਂ ਪਹਿਲਾਂ
ਉਸ ਮਾਸੂਮ ਜਾਨਵਰ ਨੇ
ਵਿਰਲਾਪ ਕੀਤਾ ਹੋਵੇਗਾ ਬਹੁਤ
ਆਦਮੀ ਦੇ ਉੱਤੇ
ਆਪਣੇ ਵਿਸ਼ਵਾਸ ਦੇ ਲਈ। (33)

ਅਜਿਹੇ ਵਿਸ਼ਵਾਸਘਾਤੀ ਮਨੁੱਖ ਦੀ ਸਿਰਜਣਾ ਕਿਸੇ ਦੈਵੀ ਸ਼ਕਤੀ ਨੇ ਨਹੀਂ ਕੀਤੀ ਸਗੋਂ ਇਹ ਪ੍ਰਚਲਿਤ ਸਮਾਜਿਕ ਪ੍ਰਣਾਲੀ (Existing Social Order) ਦੀ ਦੇਣ ਹੈ ਜੋ ਸਮਾਜੀਕਰਨ (Socialization) ਦੀ ਪ੍ਰਕਿਰਿਆ ਦੇ ਆਪਣੇ ਸੰਦਾਂ ਰਾਹੀਂ ਮਨੁੱਖ ਦਾ ਵਿਅਕਤੀਤਵ (Personality) ਘੜਦੀ ਹੈ। ਸੋ ਜਿਹੋ ਜਿਹੀ ਸਮਾਜਿਕ ਪ੍ਰਣਾਲੀ ਹੋਵੇਗੀ, ਓਹੋ ਜਿਹਾ ਹੀ ਮਨੁੱਖ ਹੋਵੇਗਾ। ਇਸੇ ਸੰਦਰਭ ਵਿੱਚ ਉਸਦੀ ‘ਵੰਡ’ ਕਵਿਤਾ ਨੂੰ ਸਮਝਣ ਦੀ ਜ਼ਰੂਰਤ ਹੈ, ਜਿਸ ਰਾਹੀਂ ਉਹ ਸਮਾਜਿਕ ਪ੍ਰਣਾਲੀਆਂ ’ਤੇ ਕਟਾਖਸ਼ ਕਰਦਾ ਹੋਇਆ ਬੋਲਦਾ ਹੈ:

ਜਿਸ ਕੋਲ ਜੋ ਜੋ ਹੁੰਦਾ
ਉਹ ਉਹੋ ਕੁਝ ਹੀ
ਵੰਡ ਸਕਦਾ। (63)

ਇਸ ਕਰਕੇ ਭ੍ਰਿਸ਼ਟ ਅਤੇ ਨਿੱਘਰ ਰਹੀਆਂ ਸਮਾਜਿਕ ਅਤੇ ਰਾਜਸੀ ਪ੍ਰਣਾਲੀਆਂ ਤੋਂ ਹੋਰ ਤਵੱਕੋ ਵੀ ਕੀ ਹੋ ਸਕਦੀ ਹੈ? ਇਸੇ ਸੰਦਰਭ ਦੀ ਲਗਾਤਾਰਤਾ ਵਿੱਚ ‘ਅਜਗਰ’ ਕਵਿਤਾ ਨੂੰ ਸਮਝਣ ਦੀ ਜ਼ਰੂਰਤ ਹੈ, ਜਿਸ ਰਾਹੀਂ ਉਹ ਸਮਾਜਿਕ ਮਾਨਸਿਕਤਾ (Social Psychology) ਉੱਤੇ ਰਾਜਸੀ ਪਕੜ ਅਤੇ ਜਕੜ ਨੂੰ ਨੰਗਾ ਕਰਦਾ ਦੇਖਿਆ ਜਾ ਸਕਦਾ ਹੈ। ਵਿਭਿੰਨ ਸੱਭਿਆਚਾਰਕ ਪਛਾਣਾਂ ਵਾਲੇ ਸਮਾਜਾਂ ਵਿੱਚ ‘ਰਾਸ਼ਟਰਵਾਦ’ (Nationalism) ਦੇ ਨਾਂ ਹੇਠ ਉੱਭਰ ਰਹੀ ‘ਨੇਸ਼ਨ ਸਟੇਟ’ (Nation State) ਸੱਭਿਆਚਾਰਕ ਅਨੁਸਾਰੀਕਰਨ/ਸਮਾਈਕਰਣ (Cultural Assimilation) ਦੀ ਪ੍ਰਕਿਰਿਆ ਰਾਹੀਂ ਵਿਚਾਰਧਾਰਕ ਸਰਦਾਰੀ (Ideological Hegemony) ਸਥਾਪਤੀ ਲਈ ਹਮਲਾਵਰ ਰੁਖ ਇਖਤਿਆਰ ਕਰ ਚੁੱਕੀ ਹੈ, ਜਿਸ ਨੂੰ ਅਣਗੌਲਿਆ ਨਹੀਂ ਕੀਤਾ ਜਾ ਸਕਦਾ। ਇੱਕ ਵਿਸ਼ਾਲ ਵਿਭਿੰਨ ਸੱਭਿਆਚਾਰਕ ਪਛਾਣਾਂ (Diverse Cultural Identities) ਵਾਲੇ ਵਿਸ਼ਾਲ ਭੂਗੋਲਿਕ ਖੇਤਰ ਵਿੱਚ ਇੱਕ ਵਿਸ਼ੇਸ਼ ਸੱਭਿਆਚਾਰ ਦੇ ਪਸਾਰੇ ਅਧੀਨ ਰਾਜਸੀ ਸਰਵਉੱਚਤਾ (Sovereignty) ਦੀ ਸਥਾਪਤੀ ਵੱਲ ਰੁਚਿਤ ਹੋ ਰਹੀ ‘ਨੇਸ਼ਨ ਸਟੇਟ’ (Nation State) ਦੇ ਵਿਆਪਕ ਸਰਬ ਹਿਤਾਂ ਦੀ ਰਾਖ਼ੀ ਕਰਨ ਦੀ ਥਾਂ ਆਪਣੇ ਸੌੜੇ ਰਾਜਸੀ ਹਿਤ (Narrow Political Interests) ਛੁਪੇ ਹੋਏ ਹੁੰਦੇ ਹਨ। ਇਸੇ ਕਰਕੇ ਉਹ ਕਿਸੇ ਵੀ ਤਰ੍ਹਾਂ ਦੇ ਵਿਰੋਧ ਦੀ ਅਵਾਜ਼ ਨੂੰ ਬਰਦਾਸ਼ਤ ਨਹੀਂ ਕਰਦੀ। ਇਸ ਕਰਕੇ ਡਾ. ਅਮਰਜੀਤ ਕੌਂਕੇ ਇਸ ਕਵਿਤਾ ਰਾਹੀਂ ਫਾਸ਼ੀਵਾਦ (Fascism) ਦੇ ਦਾਓਪੇਚਾਂ ਵੱਲ ਵੀ ਇਸ਼ਾਰਾ ਕਰ ਜਾਂਦਾ ਹੈ, ਜਿਸ ਵਿੱਚ ‘ਇੱਕ ਵਿਚਾਰ’ ਅਤੇ ‘ਇੱਕ ਕਿਰਦਾਰ’ ਸਮੁੱਚੇ ਸਮਾਜ ਨੂੰ ਨਿਰਦੇਸ਼ਿਤ ਕਰਨ ਲਗਦਾ ਹੈ।
ਬੰਦ ਕਰ ਦਿਆਂਗਾ
ਤੁਹਾਡਾ ਖਾਣ ਪੀਣ ਪਹਿਨਣ
ਤੁਹਾਡਾ ਸੱਭਿਆਚਾਰ
ਸੰਸਕ੍ਰਿਤੀ
ਤੁਹਾਡੇ ਮਾਨਵੀ ਮੁੱਲ
ਕਦਰਾਂ ਕੀਮਤਾਂ
ਤੁਹਾਡੀ ਭਾਸ਼ਾ
ਤੁਹਾਡੇ ਮੇਲੇ ਤਿਉਹਾਰ
ਸਭ ਕੁਝ ਜਕੜ ਲਵਾਂਗਾ ਮੈਂ। (27)

ਬਿਨਾਂ ਸ਼ੱਕ ਭਾਸ਼ਾ ਸੰਚਾਰ ਦਾ ਮਾਧਿਅਮ ਹੈ ਪਰ ਬਤੌਰ ਇੱਕ ਸਮਾਜਿਕ ਸੰਸਥਾ ਇਸਦਾ ਸੱਭਿਆਚਾਰਕ ਪਛਾਣ (Cultural Identity) ਵਿੱਚ ਅਹਿਮ ਰੋਲ ਹੁੰਦਾ ਹੈ ਕਿਉਂਕਿ ਉਹ ਕਿਸੇ ਸੱਭਿਆਚਾਰ ਦੀ ਜਿੰਦ-ਜਾਨ ਅਤੇ ਰੀੜ੍ਹ ਦੀ ਹੱਡੀ ਦਾ ਕੰਮ ਕਰਦੀ ਹੈ। ਅਜੋਕੇ ਸਮੇਂ ਦੇ ਪ੍ਰਸਿੱਧ ਅਮਰੀਕੀ ਭਾਸ਼ਾ ਵਿਗਿਆਨੀ ਨੌਇਮ ਚੌਮਸਕੀ ਦੇ ਮੁਤਾਬਿਕ ਮਾਤ ਭਾਸ਼ਾ ਮਨੁੱਖ ਦੇ ਰੂਹ ਦੀ ਆਵਾਜ਼ ਹੁੰਦੀ ਹੈ। ਇਸ ਕਰਕੇ ਇਸ ਸੱਭਿਆਚਾਰਕ ਸਾਮਰਾਜ (Cultural Imperialism) ਦੇ ਦੌਰ ਅੰਦਰ ਭਾਰੂ ਪਸਾਰਵਾਦੀ ਤਾਕਤਾਂ ਸੁਚੇਤ ਰੂਪ ਪਛੜੇ ਸਮਾਜਾਂ ਦੀਆਂ ਸੱਭਿਆਚਾਰਕ ਜੜ੍ਹਾਂ ਉੱਤੇ ਹਮਲਾ ਕਰਦੀਆਂ ਹਨ ਤਾਂ ਕਿ ਸੰਪੂਰਨ ਸਿਆਸੀ ਵਿਚਾਰਧਾਰਕ ਸਰਦਾਰੀ (Politico-Ideological Hegemony) ਵੱਲ ਵਧਿਆ ਜਾ ਸਕੇ।

ਤੁਸੀਂ ਮੇਰੀਆਂ ਉਂਗਲਾਂ ’ਤੇ ਨੱਚੋਗੇ
ਮੇਰੇ ਅਨੁਸਾਰ ਟੱਪੋਗੇ
ਮੇਰੀ ਭਾਸ਼ਾ ਬੋਲੋਗੇ
ਗੁਣਗਾਨ ਕਰੋਗੇ ਮੇਰਾ ਸੌਂਦੇ ਜਾਗਦੇ
ਇਸ ਤਰ੍ਹਾਂ
ਮੰਤਰਮੁਗਧ ਕਰ ਦਿਆਂਗਾ
ਤੁਹਾਨੂੰ (28)

ਇਸੇ ਕਰਕੇ ਉਹ ਸੁਚੇਤ ਰੂਪ ਵਿੱਚ ਚੌਕਸ ਕਰਦਾ ਹੋਇਆ ਲਿਖਦਾ ਹੈ:

ਜਿਸ ਕੌਮ ਦੀ
ਭਾਸ਼ਾ ਮਰਨ ਲਗਦੀ ਹੈ
ਉਸ ਕੌਮ ਦਾ ਅੰਤ ਵੀ
ਬਹੁਤੀ ਦੂਰ ਨਹੀਂ ਹੁੰਦਾ। (44)

ਡਾ. ਅਮਰਜੀਤ ਕੌਂਕੇ ਵਿਆਪਕ ਕੌਮਾਂਤਰੀ ਹਾਲਤਾਂ ਦੇ ਸੰਦਰਭ ਵਿੱਚ ਰਾਜਸੀ ਵਰਤਾਰਿਆਂ ਅੰਦਰ ‘ਜੰਗੀ ਸੱਤਾ’ (War State) ਦੇ ਉਭਾਰ ਨੂੰ ਅਜੋਕੇ ਸਮਿਆਂ ਵਿੱਚ ਇੱਕ ਵੱਡੀ ਚੁਣੌਤੀ ਵਜੋਂ ਦੇਖਦਾ ਹੋਇਆ ਉਸਦੇ ਹਮਲਾਵਰ ਰੁਖ਼ ਦਾ ਜ਼ਿਕਰ ਆਪਣੀ ਕਵਿਤਾ ‘ਕਾਲੀ ਹਨੇਰੀ’ ਰਾਹੀਂ ਕੁਝ ਇਉਂ ਕਰਦਾ ਹੈ:

ਬ੍ਰਹਿਮੰਡ ਵਿੱਚ ਖਿੰਡ ਰਹੇ ਨੇ
ਅੰਗਿਆਰ ਹੀ ਅੰਗਿਆਰ
ਆ ਰਹੇ ਨੇ ਧਰਤ ਵੱਲ
ਜਿਵੇਂ ਅਗਨ-ਸੱਪਾਂ ਦੀ ਡਾਰ (149)

ਪਸਾਰਵਾਦੀ ਨੀਤੀਆਂ ਕਾਰਨ ਸਾਮਰਾਜੀ ਤਾਕਤਾਂ ਘੱਟ ਗਿਣਤੀਆਂ ਅਤੇ ਪਛੜੇ ਦੇਸ਼ਾਂ ਉੱਤੇ ਹਮਲਾਵਰ ਹਨ। ਉਹ ਆਪਣੇ ਹੀ ਸਿਰਜੇ ਸੰਕਟਾਂ ਕਾਰਨ ਜੰਗ ਉੱਤੇ ਉਤਾਰੂ ਹਨ। ਉਨ੍ਹਾਂ ਨੂੰ ਕਿਸੇ ਵੀ ਕੌਮਾਂਤਰੀ ਸੰਸਥਾ ਅਤੇ ਉਸਦੇ ਬਣਾਏ ਅਸੂਲਾਂ ਦੀ ਕੋਈ ਪ੍ਰਵਾਹ ਨਹੀਂ। ਉਹ ਅੰਨ੍ਹੇਵਾਹ ਮਨੁੱਖੀ ਘਾਣ ਕਰ ਰਹੇ ਹਨ। ਗਾਜ਼ਾ ਦੀ ਅਜੋਕੀ ਸਥਿਤੀ ਇਸਦੀ ਮੂੰਹ ਬੋਲਦੀ ਤਸਵੀਰ ਹੈ ਪਰ ਸ਼ੁਰੂ ਕੀਤੀਆਂ ਇਹ ਜੰਗਬਾਜ਼ਾਂ ਦੀਆਂ ਜੰਗਾਂ ਜਿੱਤਣੀਆਂ ਐਨੀਆਂ ਸੌਖੀਆਂ ਨਹੀਂ। ਬਰੂਦ ਸੁੱਟ ਸੁੱਟ ਲੋਕਾਂ ਨੂੰ ਮਾਰਿਆ ਤਾਂ ਜਾ ਸਕਦਾ ਹੈ ਪਰ ਜਿੱਤਿਆ ਨਹੀਂ ਜਾ ਸਕਦਾ। ਇਸੇ ਸੰਦਰਭ ਵਿੱਚ ਉਹ ਆਪਣੀ ਕਵਿਤਾ “ਫੌਜੀ ਸਾਹਮਣੇ ਮੁੱਕਾ ਤਾਣ ਕੇ ਖੜ੍ਹੀ ਕੁੜੀ” ਰਾਹੀਂ ਅਵਾਮ ਦੀ ਅਵਾਜ਼ ਦੀ ਨੁਮਾਇੰਦਗੀ ਕਰਦਾ ਹੋਇਆ ਆਪਣੀ ਪ੍ਰਤੀਬੱਧਤਾ ਦਾ ਇਜ਼ਹਾਰ ਵੀ ਕਰਦਾ ਹੈ। ਜਿਸਦਾ ਜ਼ਿਕਰ ਹੇਠਲੀਆਂ ਸਤਰਾਂ ਵਿੱਚ ਦੇਖਿਆ ਜਾ ਸਕਦਾ ਹੈ:

ਹਥਿਆਰਬੰਦ ਫੌਜੀ ਦੀਆਂ
ਅੱਖਾਂ ਵਿੱਚ ਅੱਖਾਂ ਪਾਈ
ਮੁੱਕਾ ਵੱਟ ਕੇ ਖੜ੍ਹੀ
ਨਿੱਕੀ ਜਿਹੀ ਕੁੜੀਏ!
ਮੈਂ ਤੇਰੇ ਨਾਲ ਹਾਂ। (39)

ਇਸ ਕਰਕੇ ਉਹ “ਇਸ ਧਰਤੀ ’ਤੇ ਰਹਿੰਦਿਆਂ” ਕਹਿ ਜਾਂਦਾ ਹੈ ਕਿ ਮੈਂ ਸਿਰਫ ਕਲਮ ਨਾਲ ਹੀ ਨਹੀਂ ਸਗੋਂ ਕਦਮਾਂ ਦਾ ਵੀ ਸੰਗੀ ਹਾਂ। ਉਸ ਨੂੰ ਮਾਣ ਹੈ ਉਹ ਆਖਰੀ ਪੀੜ੍ਹੀ ਦੇ ਲੋਕਾਂ ਵਿੱਚ ਸ਼ਾਮਲ ਹੈ ਜਿਸਨੇ ਸਮਾਜਕ, ਸੱਭਿਆਚਾਰਕ, ਆਰਥਿਕ, ਤਕਨੀਕੀ ਅਤੇ ਮਾਨਸਿਕ ਵੱਡੀਆਂ ਵੱਡੀਆਂ ਤਬਦੀਲੀਆਂ ਦੇਖੀਆਂ ਅਤੇ ਹੰਢਾਈਆਂ ਹਨ। ਇਸ ਕਰਕੇ ਉਹ ਆਪਣੀਆਂ ਵੱਖ ਵੱਖ ਕਵਿਤਾਵਾਂ ਵਿੱਚ ਇਨ੍ਹਾਂ ਦਾ ਜ਼ਿਕਰ ਕਰਦਾ ਦੇਖਿਆ ਜਾ ਸਕਦਾ ਹੈ।

ਉਹ ਆਪਣੀ ਧਰਤੀ ਨੂੰ ਪਿਆਰਦਾ ਹੋਇਆ ਇਸਦੇ ਦਰਦਾਂ ਦਾ ਜ਼ਿਕਰ ਤੇ ਫਿਕਰ ਕਰਦਾ ਹੋਇਆ ਬੋਲਦਾ ਹੈ:

ਬੱਚਿਓ!
ਇਹ ਜੋ ਅੱਜ ਦੂਰ ਦੂਰ ਤਕ
ਮਾਰੂਥਲ ਦਿਸਦਾ ਹੈ
ਇਹ ਜੋ ਖੰਡਰ ਹੋਇਆ ਸ਼ਹਿਰ ਹੈ
ਆਕਾਸ਼ ’ਤੇ ਚੜ੍ਹੀ ਹੋਈ ਗਹਿਰ ਹੈ
ਇੱਥੇ ਕਦੇ
ਘੁੱਗ ਵਸਦਾ ਪੰਜਾਬ ਹੁੰਦਾ ਸੀ। (36)

ਪੰਜਾਬ ਨੇ ਬਹੁਤ ਉਜਾੜੇ, ਤਬਾਹੀਆਂ, ਲੜਾਈਆਂ ਦੇ ਦੌਰ ਝੱਲੇ ਹਨ। ਪੰਜਾਬ ਦੇ ਲੋਕਾਂ ਦਾ ਮੁੱਖ ਵਸੇਬਾ ਖੇਤੀ ਉੱਤੇ ਹੀ ਨਿਰਭਰ ਕਰਦਾ ਹੈ ਜੋ ਕਿ ਅੱਜ ਘਾਟੇ ਦਾ ਵਣਜ ਬਣ ਕੇ ਰਹਿ ਗਈ ਹੈ। ਜਿਸਦਾ ਸਿੱਟਾ ਕਰਜਦਾਰੀ, ਮਾਨਸਿਕ ਤਣਾਓ, ਆਤਮਘਾਤੀ ਪ੍ਰਵਿਰਤੀਆਂ, ਨਸ਼ਿਆਂ ਵੱਲ ਰੁਚੀ ਅਤੇ ਪ੍ਰਵਾਸ ਵਿੱਚ ਨਿਕਲ ਰਿਹਾ ਹੈ। ਲੋਕ ਗਹਿਣਾ ਗੱਟਾ ਵੇਚ ਅਤੇ ਕਰਜ਼ੇ ਚੁੱਕ ਕੇ ਆਪਣੀ ਨਵੀਂ ਪੁਸ਼ਤ ਨੂੰ ਬਚਾਉਣ ਲਈ ਕਨੇਡਾ, ਅਮਰੀਕਾ ਵੱਲ ਭੇਜ ਰਹੇ ਹਨ। ਸਿਸਟਮ ਉੱਤੇ ਬੇਵਿਸ਼ਵਾਸੀ ਹੋ ਚੁੱਕੀ ਹੈ। ਘਰਾਂ ਨੂੰ ਜੰਦਰੇ ਲਟਕ ਰਹੇ ਹਨ ਅਤੇ ਪਿੰਡਾਂ ਦੇ ਪਿੰਡ ਖਾਲੀ ਹੋ ਰਹੇ ਹਨ। ਪਿੰਡ ਦਾ ਖਾਲੀ ਹੋਣਾ ਇੱਕ ਸਭਿਅਤਾ ਦੀ ਮੌਤ ਹੈ। ਇਸ ਦਰਦ ਵਿੱਚੋਂ ਉਹ ਕਹਿੰਦਾ ਹੈ:

ਘਰਾਂ ਨੂੰ ਅਲਵਿਦਾ ਕਹਿ ਕੇ
ਤੁਰ ਗਏ ਦੋਸਤੋ!
ਇਹ ਘਰ ਅੱਜ
ਤੁਹਾਡੇ ਹਾਸਿਆਂ ਤੋਂ ਬਿਨਾਂ
ਉਦਾਸ ਹਨ
ਤੁਹਾਡੀਆਂ ਅਵਾਜ਼ਾਂ ਦੀ
ਸਰਗਮ ਤੋਂ ਬਿਨਾਂ
ਨਿਰਾਸ਼ ਹਨ (68)

ਉਸ ਨੂੰ ਪਤਾ ਹੈ ਕਿ ਪੰਜਾਬ ਉਜਾੜੇ ਦੇ ਦਰਾਂ ’ਤੇ ਖੜ੍ਹਾ ਹੈ। ਘਰਾਂ ਤੋਂ ਗਏ ਲੋਕ ਵਾਪਸ ਨਹੀਂ ਪਰਤਦੇ, ਜਿਸਦੇ ਬਹੁਤ ਸਾਰੇ ਪ੍ਰਤੱਖ ਅਤੇ ਅਪ੍ਰਤੱਖ ਕਾਰਨ ਹਨ ਪਰ ਉਹ ਚੰਗੇ ਦਿਨਾਂ ਦੀ ਆਮਦ ਲਈ ਆਸਵੰਦ ਹੈ ਕਿਉਂਕਿ ਵਕਤ ਬਦਲਦਿਆਂ ਦੇਰ ਨਹੀਂ ਲਗਦੀ। ਇਸ ਗੱਲ ਦਾ ਸੰਕੇਤ ਉਹ ਇਉਂ ਕਰਦਾ ਹੈ:

ਐ ਨੌਜਵਾਨ!
ਆਪਣੀ ਜ਼ਿੰਦਗੀ ਵਿੱਚ ਮੈਂ
ਬੜੀਆਂ ਬਰਸਾਤਾਂ ਦੇਖੀਆਂ ਨੇ
ਬੜੀਆਂ ਮੂੰਹ ਜ਼ੋਰ
ਘਣਘੋਰ
ਪਰ ਅਜਿਹੀ ਬਰਸਾਤ
ਕੋਈ ਨਹੀਂ ਦੇਖੀ
ਜੋ ਕਦੇ ਰੁਕੀ ਨਾ ਹੋਵੇ। (80)

ਡਾ. ਕੌਂਕੇ ਇਸ ਪੁਸਤਕ ਵਿੱਚ ਅਸਾਵੇਂ ਸਮਾਜਾਂ ਵਿੱਚਲੀਆਂ ਹੇਠਲੀਆਂ ਪਰਤਾਂ ਦੇ ਦਰਦਾਂ ਦੀ ਵੀ ਬਾਤ ਪਾਉਂਦਾ ਹੈ, ਜਿਨ੍ਹਾਂ ਲਈ ਮੌਸਮਾਂ ਸਬੰਧੀ ਪ੍ਰਚਲਿਤ ਧਾਰਨਾਵਾਂ ਬਿਲਕੁਲ ਉਲਟੇ ਅਰਥ ਰੱਖਦੀਆਂ ਹਨ। ਜਿਵੇਂ ਕਿ ਆਮ ਹੀ ਕਿਹਾ ਜਾਂਦਾ ਹੈ ਕਿ ਸਾਵਣ ਦਾ ਮਹੀਨਾ ਅਨੰਦਿਤ ਕਰਨ ਵਾਲਾ ਹੁੰਦਾ ਹੈ। ਪਰ ਅਮਰਜੀਤ ਕੌਂਕੇ ਇਸ ਘੜੀ ਗਈ ਪ੍ਰਚਲਿਤ ਧਾਰਨਾ ਦੇ ਪਾੜ ਉਘੇੜਦਾ ਹੋਇਆ ਲਿਖਦਾ ਹੈ:

ਸਾਵਣ ਸਿਰਫ ਉਨ੍ਹਾਂ ਦਾ ਹੈ
ਜਿਨ੍ਹਾਂ ਦੇ ਸਿਰਾਂ ’ਤੇ
ਪੱਕੀਆਂ ਛੱਤਾਂ ਨੇ
ਜਿਨ੍ਹਾਂ ਕੋਲ ਬਿਨਾਂ ਕੰਮ ਕੀਤਿਆਂ
ਖਾਣ ਲਈ ਰੋਟੀ ਹੈ…

ਉਨ੍ਹਾਂ ਦਾ ਨਹੀਂ ਹੈ ਸਾਵਣ
ਜਿਨ੍ਹਾਂ ਕੋਲ ਨਹੀਂ ਹੈ
ਖਾਣ ਲਈ
ਇੱਕ ਦਿਨ ਦਾ ਰਾਸ਼ਨ…

ਬਰਸਾਤ ਦੇ ਦਿਨਾਂ ਵਿੱਚ
ਦਿਹਾੜੀਆਂ ਬੰਦ ਹੋ ਜਾਂਦੀਆਂ
ਉਹ ਘਰ ਅੰਦਰ ਬੈਠੇ
ਵਾਰ ਵਾਰ ਮੀਂਹ ਦੇ ਰੁਕਣ ਦੀਆਂ
ਅਰਦਾਸਾਂ ਕਰਦੇ
ਪਲ ਪਲ ਨੇ ਮਰਦੇ (77-78)

ਭਾਵੇਂ ਭਾਰਤੀ ਸਮਾਜ ਆਰਥਿਕ, ਸਮਾਜਿਕ, ਸੱਭਿਆਚਾਰਕ ਅਤੇ ਰਾਜਸੀ ਤਰੱਕੀ ਕਰਨ ਦਾ ਬਹੁਤ ਦਾਅਵਾ ਕਰਦਾ ਹੈ ਪਰ ਅੱਜ ਵੀ ਕੁੜੀ/ਔਰਤ ਦੀ ਸਥਿਤੀ ਬਹੁਤੀ ਬਦਲੀ ਨਹੀਂ। ਉਹ ਔਰਤ ਦੇ ਦਰਦਾਂ ਦੀ ਬਾਤ ਪਾਉਂਦਾ ਹੋਇਆ ਲਿਖਦਾ ਹੈ:

ਕਿੰਨੀਆਂ ਹੀ ਸਾਂਝਾ ਤੋੜ ਕੇ
ਨਵਾਂ ‌ਘਰ
ਵਸਾਉਂਦੀਆਂ ਕੁੜੀਆਂ…
ਪਰ
ਅੰਤ ਵੇਲੇ ਜਦੋਂ
ਪਰਲੋਕ ਸਿਧਾਰਦੀਆਂ
ਤਾਂ ਜਿਸ ਘਰ ਵਿੱਚ
ਉਨ੍ਹਾਂ ਉਮਰ
ਖਪਾ ਦਿੱਤੀ ਹੁੰਦੀ
ਉਸ ਘਰ ਵਿੱਚੋਂ ਉਨ੍ਹਾਂ ਨੂੰ
ਕੱਫਣ ਦਾ ਟੋਟਾ ਵੀ
ਨਸੀਬ ਨਾ ਹੁੰਦਾ
ਅੰਤਿਮ ਸਮੇਂ
ਉਨ੍ਹਾਂ ਦਾ ਤਨ ਢੱਕਣ ਲਈ
ਪੇਕਿਆਂ ਦਾ ਸੂਟ
ਉਡੀਕਿਆ ਜਾਂਦਾ। (83-84)

ਡਾ. ਕੌਂਕੇ ਮੁਤਾਬਿਕ ਔਰਤ ਆਪਣੀ ਸਥਿਤੀ ਨੂੰ ਭਾਂਪਦਿਆਂ ਉਸਦੀ ਹੋ ਰਹੀ ਲੁੱਟ, ਉਸ ਨਾਲ ਹੋ ਰਹੇ ਭੇਦਭਾਵ ਅਤੇ ਸਮਾਜਿਕ ਦਾਬੇ ਵਿਰੁੱਧ ਸੁਚੇਤ ਹੋ ਰਹੀ ਹੈ। ਉਸਦੀਆਂ ਹੇਠਲੀਆਂ ਸਤਰਾਂ ਕਾਬਲੇ ਗੌਰ ਹਨ:

ਸਦੀਆਂ ਤੋਂ
ਉਸਦੇ ਅੰਦਰ ਪਿਆ ਲਾਵਾ
ਫੁੱਟਣ ਲੱਗਿਆ ਹੈ
ਪੀੜ੍ਹੀਆਂ ਤੋਂ
ਉਸ ’ਤੇ ਹੁੰਦੇ
ਤਸ਼ੱਦਦ ਦੀਆਂ ਪਰਤਾਂ
ਵਿਸਫੋਟ ਕਰਨ ਲੱਗੀਆਂ ਹਨ
ਬੋਲਣ ਦਿਓ ਉਸ ਨੂੰ (24)

ਪ੍ਰਸਿੱਧ ਸਮਾਜ ਵਿਗਿਆਨੀ ਮੈਕਾਈਵਰ ਦੇ ਮੁਤਾਬਿਕ ਸਮਾਜ ਸਮਾਜਿਕ ਜਟਿਲ ਸਬੰਧਾਂ ਦਾ ਤਾਣਾਬਾਣਾ ਹੈ। ਇਹ ਸਮਾਜਿਕ ਸਬੰਧ ਹੀ ਕਿਸੇ ਸਮਾਜ ਦੀ ਨੀਂਹ ਹੁੰਦੇ ਹਨ। ਜੇਕਰ ਰਿਸ਼ਤਿਆਂ ਵਿੱਚ ਪ੍ਰੇਮ, ਸਨੇਹ, ਲਗਾਓ, ਤਣਾਓ ਨਾ ਹੋਵੇ ਤਾਂ ਅਜਿਹੇ ਰਿਸ਼ਤੇ ਹੌਲੀ ਹੌਲੀ ਖਤਮ ਹੋ ਜਾਂਦੇ ਹਨ। ਇਨ੍ਹਾਂ ਸਮਾਜਿਕ ਰਿਸ਼ਤਿਆਂ ਨੂੰ ਜੀਵਤ ਰੱਖਣਾ ਹੀ ਸਮਾਜ ਨੂੰ ਜੀਵਤ ਰੱਖਣਾ ਹੈ। ਇਸੇ ਤਰ੍ਹਾਂ ਅਮਰਜੀਤ ਕੌਂਕੇ ਰਿਸ਼ਤਿਆਂ ਦਾ ਅਧਾਰ ਮੋਹ ਭਿੱਜੀਆਂ ਤੰਦਾਂ ਨੂੰ ਮੰਨਦਾ ਹੋਇਆ ਕਹਿੰਦਾ ਹੈ:

ਬਦਲਦੇ ਰਹਿੰਦੇ ਇਵੇਂ ਹੀ
ਮਨ ਦੇ ਮੌਸਮ ਵੀ
ਪਰ ਮੌਸਮਾਂ ਵਾਂਗ ਆਪਣਾ ਆਪ
ਨਹੀਂ ਬਦਲ ਸਕਿਆ ਮੈਂ
ਅਡੋਲ ਖੜ੍ਹਾ ਰਿਹਾ ਕਿਸੇ ਬਿਰਖ਼ ਵਾਂਗ
ਪੱਤਿਆਂ ਨੂੰ
ਆਪਣੇ ’ਤੇ ਖਿੜਦਾ
ਆਪਣੇ ਤੋਂ ਝੜਦਾ
ਤੱਕਦਾ ਰਿਹਾ
ਪਰ ਨਹੀਂ ਕਰ ਸਕਿਆ ਨਫਰਤ
ਜ਼ਿੰਦਗੀ ਵਿੱਚ ਜਿਸ ਨੂੰ
ਇੱਕ ਪਲ ਲਈ ਵੀ
ਕੀਤਾ ਪਿਆਰ। (97)

ਪਰ ਪ੍ਰਸਥਿਤੀਆਂ ਨੇ ਰਿਸ਼ਤਿਆਂ ਦਾ ਚਿਹਰਾ ਮੋਹਰਾ ਹੀ ਬਦਲ ਕੇ ਰੱਖ ਦਿੱਤਾ ਹੈ, ਜਿਸਦਾ ਉਹ ਜ਼ਿਕਰ ਆਪਣੀ ਕਵਿਤਾ ‘ਕੁੱਤਾ-ਮਿਲਣੀ’ ਵਿੱਚ ਕਰਦਾ ਹੈ। ਉਹ ਇਸਦਾ ਇਜ਼ਹਾਰ ਹੇਠਲੀਆਂ ਸਤਰਾਂ ਰਾਹੀਂ ਕਰਦਾ ਹੋਇਆ ਦੇਖਿਆ ਜਾ ਸਕਦਾ ਹੈ:

ਡਰਾਇੰਗ ਰੂਮ ਵਿੱਚ
ਬੈਠੇ ਮੈਂ ਤੇ ਮੇਰਾ ਦੋਸਤ
ਕੁੱਤਾ ਬੈਠ ਗਿਆ ਸਾਡੇ ਸਾਹਮਣੇ
ਸੋਫੇ ’ਤੇ ਚੜ੍ਹ ਕੇ
ਘੂਰਨ ਲੱਗਿਆ ਸਾਨੂੰ
ਮੈਨੂੰ ਉਸਦੇ ਤਿੱਖੇ ਦੰਦਾਂ
ਤੇ ਲਮਕਦੀ ਜੀਭ ਤੋਂ
ਆਉਂਦਾ ਰਿਹਾ ਭੈਅ

ਮੁੜਦੇ ਸਮੇਂ ਮੈਂ ਸੋਚ ਰਿਹਾ ਸਾਂ
ਕਿ ਮੈਂ ਆਪਣੇ ਦੋਸਤ ਨੂੰ
ਮਿਲ ਕੇ ਆਇਆ ਸਾਂ
ਜਾਂ ਕੁੱਤੇ ਨੂੰ? (107)

ਇਸ ਤਰ੍ਹਾਂ ਸਾਡੇ ਸਦੀਆਂ ਪੁਰਾਣੇ ਸਮਾਜਿਕ ਰਿਸ਼ਤੇ ਮਰਨ ਕਿਨਾਰੇ ਹਨ ਪਰ ਅਸੀਂ ਉਨ੍ਹਾਂ ਨੂੰ ਆਪਣੇ ਮਾਨਸਿਕ ਧਰਵਾਸ ਲਈ ਕਿਵੇਂ ਨਾ ਕਿਵੇਂ ਜਿਊਂਦਾ ਰੱਖਣਾ ਲੋਚਦੇ ਹਾਂ। ਇਨ੍ਹਾਂ ਪਰੰਪਰਾਗਤ ਸਮਾਜਿਕ ਰਿਸ਼ਤਿਆਂ ਦੀ ਥਾਂ ਨਵੇਂ ਉਪਰੋਕਤ ਅਧਾਰਹੀਣ ਵਕਤੀ ਰਿਸ਼ਤਿਆਂ ਨੇ ਲੈ ਲਈ ਹੈ ਪਰ ਇਸਦਾ ਇੱਕ ਦੁੱਖਦਾਇਕ ਪੱਖ ਇਹ ਵੀ ਹੈ ਕਿ ਇਹ ਅਖੌਤੀ ਪਣਪ ਰਹੇ ਵਕਤੀ ਰਿਸ਼ਤੇ ਮਨੁੱਖ ਦੇ ਦੁੱਖ ਸੁਖ ਵਿੱਚ ਵਿਵਹਾਰਕ ਤੌਰ ’ਤੇ ਕੰਮ ਆਉਣ ਵਾਲੇ ਨਹੀਂ।

ਮਨੁੱਖ ਨੂੰ ਆਪਣੀ ਹੋਣੀ ਦਾ ਪਤਾ ਹੋਣ ਦੇ ਬਾਵਜੂਦ ਉਹ ਫਰਜ਼ਾਂ ਅਤੇ ਗ਼ਰਜ਼ਾਂ ਵਿੱਚ ਘਿਰਿਆ ਚੱਲਦਾ ਰਹਿੰਦਾ ਹੈ। ਉਸ ਨੂੰ ਵੀ ਪਤਾ ਨਹੀਂ ਚੱਲਦਾ ਕਿ ਉਹ ਵਕਤ ਨਾਲ ਦੌੜਦਾ ਦੌੜਦਾ ਕਿੱਥੇ ਤੋਂ ਕਿੱਥੇ ਕਦੋਂ ਪਹੁੰਚ ਗਿਆ। ਪਰਿਵਾਰਿਕ ਜ਼ਿੰਮੇਵਾਰੀਆਂ ਨਿਭਾਉਂਦਾ ਨਿਭਾਉਂਦਾ ਉਹ ਆਪਾ ਵੀ ਭੁੱਲ ਬਹਿੰਦਾ ਹੈ। ਅੱਜ ਦੇ ਮਨੁੱਖ ਦੀ ਇਹੋ ਹੋਣੀ ਹੈ।

ਹਜ਼ਾਰਾਂ ਲੋਕਾਂ ਨਾਲ ਰਹਿੰਦਾ
ਸਾਰੀ ਜ਼ਿੰਦਗੀ ਵਿੱਚ ਆਦਮੀ
ਬੱਸ ਆਪਣੇ ਆਪ ਨਾਲ
ਨਹੀਂ ਰਹਿੰਦਾ (125)
ਇਸੇ ਗੱਲ ਨੂੰ ਉਹ ਆਪਣੀ ਕਵਿਤਾ “ਪਾਰਕ ਵਿੱਚ ਰਿਟਾਇਰਡ ਬੁੱਢੇ” ਰਾਹੀਂ ਅੱਗੇ ਤੋਰਦਾ ਅਜੋਕੇ ਸਮਿਆਂ ਦੀ ਬਾਤ ਪਾਉਂਦਾ ਹੈ:

ਦੋ ਘੰਟੇ ਬਾਅਦ
ਅਣਮੰਨੇ ਜਿਹੇ ਮਨ ਨਾਲ
ਥੱਕੇ ਟੁੱਟੇ ਜਿਹੇ ਸਰੀਰਾਂ ਨੂੰ ਘੜੀਸਦੇ
ਪਾਰਕ ਵਿੱਚੋਂ ਨਿਕਲਦੇ
ਘਰ ਜਾਣ ਲਈ
ਜਿੱਥੇ ਉਨ੍ਹਾਂ ਦੀਆਂ
ਪਤਨੀਆਂ, ਨੂੰਹਾਂ, ਪੁੱਤ-ਪੋਤੇ
ਨਿੱਕੇ ਨਿੱਕੇ ਕੰਮ ਕਰਵਾਉਣ ਲਈ
ਉਨ੍ਹਾਂ ਦੀ
ਉਡੀਕ ਕਰਦੇ ਹੁੰਦੇ। (114)

ਸੋ ਇਸ ਤਰ੍ਹਾਂ ਸਾਰੀ ਉਮਰ ਕਮਾਈ ਕਰਨ ਤੋਂ ਬਾਅਦ ਵੀ ਪਰਿਵਾਰ ਬਜ਼ੁਰਗਾਂ ਨੂੰ ਸੰਭਾਲਣ ਅਤੇ ਬਣਦਾ ਮਾਣ-ਤਾਣ ਦੇਣ ਦੀ ਥਾਂ ਬੋਝ ਸਮਝ ਕੇ ਵਾਧੂ ਕੰਮ ਲੈਂਦੇ ਅਕਸਰ ਵੇਖੇ ਜਾ ਸਕਦੇ ਹਨ ਅਤੇ ਆਪ ਅੰਤਲੇ ਸਮੇਂ ਵਿੱਚ ਉਨ੍ਹਾਂ ਨੂੰ ਸੰਭਾਲਣ ਦੀ ਜ਼ਿੰਮੇਵਾਰੀ ਤੋਂ ਭੱਜਦੇ ਹਨ। ਇਸ ਤਰ੍ਹਾਂ ਸਮੇਂ ਨਾਲ ਪਰਿਵਾਰਕ ਸੰਸਥਾ ਦੀ ਬਣਤਰ, ਕਾਰਜਸ਼ੈਲੀ ਅਤੇ ਸੁਭਾਅ ਵਿੱਚ ਵਿਆਪਕ ਤਬਦੀਲੀ ਆਈ ਹੈ। ਹੁਣ ਬਜ਼ੁਰਗਾਂ ਨੂੰ ਸੰਭਾਲਣ ਲਈ ਬਿਰਧ ਸੈਂਟਰ ਨਵੀਂ ਸੰਸਥਾ ਦੇ ਰੂਪ ਵਿੱਚ ਸਾਹਮਣੇ ਆਏ ਹਨ। ਭਾਵੇਂ ਇਹ ਬਦਲਵਾਂ ਅੱਛਾ ਵਰਤਾਰਾ ਹੈ ਪਰ ਉਹ ਮਨੁੱਖ ਜਿਸਨੇ ਆਪਣੀ ਸਾਰੀ ਜ਼ਿੰਦਗੀ ਪਰਿਵਾਰ ਦੀ ਖੁਸ਼ੀ ਲਈ ਝੋਕ ਦਿੱਤੀ ਹੋਵੇ, ਉਸਦੇ ਅਖੀਰਲੇ ਪਲਾਂ ਵਿੱਚ ਅਜਿਹਾ ਪ੍ਰਚਲਿਤ ਸਮਾਜਕ ਵਤੀਰਾ ਕਿਸੇ ਵੀ ਤਰ੍ਹਾਂ ਵਾਜਬ ਨਹੀਂ ਲਗਦਾ। ਪਰ ਇਹ ਸਮਾਜਕ ਸਚਾਈ ਹੈ ਕਿ ਬਜ਼ੁਰਗਾਂ ਨੂੰ ਸਮਾਜਕ ਸਰਮਾਇਆ ਸਮਝਣ ਦੀ ਬਜਾਏ ਸਾਡਾ ਸਮਾਜ ਉਨ੍ਹਾਂ ਦੇ ਅਖੀਰਲੇ ਪਲਾਂ ਵਿੱਚ ਉਨ੍ਹਾਂ ਨੂੰ ਬੋਝ ਸਮਝਕੇ, ਉਨ੍ਹਾਂ ਤੋਂ ਦੂਰੀ ਬਣਾ ਲੈਂਦਾ ਹੈ ਜਦੋਂ ਕਿ ਇਕੱਲਾਪਨ ਬੁਢਾਪੇ ਦੀ ਇੱਕ ਬਹੁਤ ਵੱਡੀ ਸਮੱਸਿਆ ਹੈ, ਜਿਸ ਨੂੰ ਗੰਭੀਰਤਾ ਨਾਲ ਸਮਝਣ ਦੀ ਜ਼ਰੂਰਤ ਹੈ। ਦੂਸਰੀ ਗੱਲ, ਅਸੀਂ ਅਕਸਰ ਇਹ ਗੱਲ ਭੁੱਲ ਜਾਂਦੇ ਹਾਂ ਕਿ ਜ਼ਿੰਦਗੀ ਦਾ ਇਹ ਪੜਾਅ ਇੱਕ ਦਿਨ ਸਭ ’ਤੇ ਆਉਣਾ ਹੈ।

ਇਸੇ ਸੰਦਰਭ ਵਿੱਚ ਗੋਵਰਧਨ ਗੱਬੀ ਦੀ ਕਹਾਣੀ “ਆਪਣਾ ਘਰ “ਯਾਦ ਆਉਂਦੀ ਹੈ, ਜਿਸ ਵਿੱਚ ਬੁੱਢਾਪਾ ਸੈਂਟਰ ਵਿੱਚ ਆਪਣੀ ਮਾਂ ਨੂੰ ਛੱਡਣ ਦੇ ਵਿਚਾਰ ਨੂੰ ਤਿਆਗ ਕੇ ਰਸਤੇ ਵਿੱਚ ਵਾਪਸ ਮੁੜਦੇ ਸਮੇਂ ਸ਼ੁਰੂ ਹੋਈ ਚਰਚਾ ਦੌਰਾਨ ਉਸਦੀ ਮਾਂ ਆਪਣੇ ਪੁੱਤ ਨੂੰ ਕਹਿੰਦੀ ਹੈ ਕਿ ਪੁੱਤ ਤੂੰ ਏ.ਸੀ. ਲਵਾ ਦੇਵੀਂ ਤੈਥੋਂ ਏ.ਸੀ. ਬਿਨਾਂ ਰਿਹਾ ਨਹੀਂ ਜਾਣਾ। ਇਸ ਤਰ੍ਹਾਂ ਇਸ ਕਹਾਣੀ ਵਿਚਲੇ ਇਹ ਲਫਜ਼ ਬਹੁਤ ਕੁਝ ਜੋ ਅਣਕਿਹਾ ਹੈ, ਉਹ ਕਹਿ ਜਾਂਦੇ ਹਨ।

ਭਾਵੇਂ ਦਰਮਿਆਨੀ ਜਮਾਤ ਦੇ ਦਰਜੇ ਨਾਲ ਸਬੰਧਤ ਤਬਕੇ ਦੀ ਆਰਥਿਕ ਤਰੱਕੀ ਕਾਰਨ ਉਨ੍ਹਾਂ ਨੂੰ ਕਾਫੀ ਪਦਾਰਥਕ ਸੁਖ ਪ੍ਰਾਪਤ ਹੋਏ ਹਨ ਪਰ ਬਹੁਤ ਸਾਰੇ ਕਾਰਨਾਂ ਕਰਕੇ ਇਸ ਤਬਕੇ ਦੀਆਂ ਖਾਹਿਸ਼ਾਂ ਅਤੇ ਸੁਪਨੇ ਰਾਹ ਵਿੱਚ ਹੀ ਦਮ ਤੋੜ ਜਾਂਦੇ ਹਨ। ਬਹੁਤ ਕੁਝ ਪਾ ਕੇ ਵੀ ਮਨੁੱਖ ਬੜੇ ਕੁਝ ਤੋਂ ਵਾਂਝਾ ਰਹਿ ਜਾਂਦਾ ਹੈ। ਮੁਹੱਬਤ, ਜਿਸਦਾ ਅਧਾਰ ਮਨੁੱਖੀ ਜੀਵਨ ਅਤੇ ਮਨੁੱਖਤਾ ਹੈ, ਬੱਸ ਇੱਕ ਯਾਦ ਬਣ ਕੇ ਰਹਿ ਜਾਂਦੀ ਹੈ। ਇਸ ਪੀੜ ਦਾ ਜ਼ਿਕਰ ਉਹ ਹੇਠਲੀਆਂ ਸਤਰਾਂ ਰਾਹੀਂ ਕਰਦਾ ਹੋਇਆ ਲਿਖਦਾ ਹੈ::

ਕੁਝ ਤਾਂ ਪਤਾ ਲੱਗੇ
ਮਨ ਵਿੱਚ ਜੰਮੀ
ਇਹ ਉਦਾਸੀ ਦੀ ਬਰਫ
ਨਾ ਟੁੱਟਦੀ
ਨਾ ਪਿਘਲਦੀ
ਰੂਹ ਵਿੱਚ ਫੈਲਿਆ
ਇੱਕ ਤਪਦਾ ਰੇਗਿਸਤਾਨ
ਉਮਰ ਦੇ ਕਿਨ੍ਹਾਂ
ਗੁਨਾਹਾਂ ਦੇ ਨੇ ਨਿਸ਼ਾਨ। (105)

ਅਸੀਂ ਭਾਵੇਂ ਇਹ ਜਾਣਦੇ ਹਾਂ ਕਿ ਪੈਸਾ ਸਭ ਕੁਝ ਨਹੀਂ ਹੁੰਦਾ ਪਰ ਬਿਨਾਂ ਪੈਸੇ ਦੇ ਵੀ ਕੁਝ ਨਹੀਂ। ਅਜੋਕੇ ਸਮੇਂ ਵਿੱਚ ਮੰਡੀ ਸੱਭਿਆਚਾਰ ਕਾਰਨ ਪੈਸੇ ਦੀ ਅਹਿਮ ਅਤੇ ਅਸੀਮ ਭੂਮਿਕਾ ਬਣ ਚੁੱਕੀ ਹੈ। ਪੈਸੇ ਦੀ ਮੂੰਹਜ਼ੋਰ ਤਾਕਤ ਦੀ ਬਾਤ ਪਾਉਂਦਾ ਉਹ ਕਹਿੰਦਾ ਹੈ:

ਮੁੱਕ ਗਿਆ ਮੁਹੱਬਤ ਦਾ ਨਿੱਘ
ਜਿਸਮ ਬਣ ਗਏ ਨੇ
ਸਿਰਫ ਭੋਗ ਦੀ ਵਸਤੂ
ਧਾਰਮਿਕ ਸਥਾਨਾਂ ਵਿੱਚ
ਪ੍ਰਸ਼ਾਦ ਵੰਡਣ ਲੱਗੀਆਂ ਮਸ਼ੀਨਾਂ
ਵਿਕਣ ਲੱਗੇ ਪੂਜਾ ਪਾਠ
ਪੈਸੇ ਨਾਲ ਲੋਕ
ਖਰੀਦ ਲੈਂਦੇ ਸਭ
ਆਪਣੀ ਦੌਲਤ ’ਤੇ ਗਰੂਰ ਕਰਦੇ
ਪੈਸੇ ਨਾਲ ਲੋਕ
ਖਰੀਦ ਲੈਂਦੇ ਰੱਬ। (150-151) .

ਇਸ ਕਾਵਿ ਪੁਸਤਕ ਦੀ ਇੱਕ ਖਾਸ ਗੱਲ ਇਹ ਹੈ ਕਿ ਇਸ ਵਿੱਚ ਪੰਜਾਬੀ ਭਾਸ਼ਾ ਦੇ ਖੇਤਰ ਵਿੱਚ ਲਗਾਂ ਮਾਤਰਾਂ ਅਤੇ ਲਗਾਖਰਾਂ ਉੱਤੇ ਹੋ ਰਹੇ ਕਿੰਤੂ ਪ੍ਰੰਤੂ ਦਾ ਮੁੱਦਾ ਵੀ ਚੁੱਕਿਆ ਗਿਆ ਹੈ। ਇੱਕ ਸਾਹਿਤਕਾਰ ਇਹ ਕਦੇ ਨਹੀਂ ਸਹਿ ਸਕਦਾ ਕਿ ਉਸਦੀ ਭਾਸ਼ਾ ਦੀਆਂ ਸਿਹਾਰੀਆਂ ਬਿਹਾਰੀਆਂ ਉਡਾ ਕੇ ਉਸ ਨੂੰ ਲੰਡੀ ਕਰ ਦਿੱਤਾ ਜਾਵੇ। ਉਹ ‘ਭਾਸ਼ਾ’ ਕਵਿਤਾ ਵਿੱਚ ਚਿੰਤਾਤੁਰ ਹੋਇਆ ਲਿਖਦਾ ਹੈ:

ਪਰ ਭਾਸ਼ਾ ਹੈਰਾਨ ਹੈ ਹੁਣ
ਕਿਵੇਂ ਦੇ ਲੋਕ ਆਏ
ਜੋ ਭਾਸ਼ਾ ਦੇ ਅੰਗਾਂ ਨੂੰ
ਕੱਟਣ ਵੱਢਣ ਲੱਗੇ
ਸਿਹਾਰੀਆਂ ਬਿਹਾਰੀਆਂ
ਬਿੰਦੀਆਂ ਟਿੱਪੀਆਂ
ਔਂਕੜ ਦੁਲੈਂਕੜ
ਹੋੜੇ ਕਨੌੜੇ
ਸਭ ਅਸਤ-ਵਿਅਸਤ
ਹਵਾ ਵਿੱਚ ਉਡ ਰਹੇ…
ਹੈਰਾਨ ਹੈ ਭਾਸ਼ਾ
ਕਿਹੋ ਜਿਹਾ ਬਣ ਗਿਆ ਮਨੁੱਖ
ਭਾਸ਼ਾ ਦੇ ਅੰਗਾਂ ਨੂੰ
ਕੱਟਣ ਵੱਢਣ ਲੱਗਿਆ (43-44)

ਸਥਾਪਤ ਪ੍ਰਚਲਿਤ ਪ੍ਰਣਾਲੀ (Existing Social Order) ਨੇ ਬੜੇ ਹੀ ਸੁਚੇਤ ਰੂਪ ਵਿੱਚ ਸਿੱਕੇ ਦੇ ਦੋ ਪਹਿਲੂ ਘੜੇ ਹਨ- “ਕਾਮਯਾਬ ਆਦਮੀ’ ਅਤੇ “ਇੱਕ ਸਫਲ ਬੁੱਧੀਜੀਵੀ।” ਗੁੰਝਲਦਾਰ ਸਮਿਆਂ ਵਿੱਚ ਅਜਿਹੇ ਚਰਿੱਤਰਾਂ ਤੋਂ ਦੂਰੀ ਬਣਾਉਂਦਾ ਹੋਇਆ ਉਹ ਬੜੇ ਹੀ ਸਵੈ ਵਿਸ਼ਵਾਸ ਨਾਲ ਇੱਕ ਸੁਨੇਹੇ ਰਾਹੀਂ ਕਹਿੰਦਾ ਹੈ:

ਇਸ ਧਰਤੀ ’ਤੇ ਰਹਿੰਦਿਆਂ
ਬੱਸ ਇੰਨਾ ਕੁਝ ਕੀਤਾ ਮੈਂ
ਕਿ ਬਚਾ ਲਏ ਕੁਝ ਕੁ ਸ਼ਬਦ
ਜਿਨ੍ਹਾਂ ਨੂੰ ਗੁਆ ਰਹੇ ਸਨ
ਗਾਫਲ ਲੋਕ
ਬੇਅਰਥ…

ਕਵੀ ਹਾਂ ਮੈਂ
ਮੇਰੇ ’ਤੇ ਵੀ ਹੈ ਕੁਦਰਤ ਦਾ ਕਰਜ਼
ਬਚਾ ਲੈਣਾ ਚਾਹੁੰਦਾ ਹਾਂ
ਉਹ ਸਾਰਾ ਕੁਝ
ਜੋ ਗੁਆਚਦਾ ਜਾ ਰਿਹਾ
ਪਲ ਪਲ
ਛਿਣ ਛਿਣ
ਬੱਸ ਇੰਨਾ ਕੁ ਕੀਤਾ ਮੈਂ
ਕਿ ਬਚਾ ਲਏ
ਕੁਝ ਕੁ ਸ਼ਬਦ
ਆਪਣੀਆਂ ਕਵਿਤਾਵਾਂ ਦੇ ਵਿੱਚ। (40, 42)

ਇਸ ਤਰ੍ਹਾਂ ਡਾ. ਅਮਰਜੀਤ ਕੌਂਕੇ ਇਸ ਕਾਵਿ ਪੁਸਤਕ ਵਿਚਲੀਆਂ 71 ਕਵਿਤਾਵਾਂ ਰਾਹੀਂ ਬਹੁਤ ਸਾਰੇ ਵੱਖ ਵੱਖ ਮਸਲਿਆਂ ਨੂੰ ਛੂੰਹਦਾ ਹੋਇਆ ਇਸ ਧਰਤੀ ਦੇ ਵਰਤਾਰਿਆਂ ਦੀ ਬਾਤ ਪਾਉਣ ਵਿੱਚ ਕਾਮਯਾਬ ਰਹਿੰਦਾ ਹੈ। ਇਹੀ ਇਸ ਪੁਸਤਕ ਦਾ ਹਾਸਲ ਹੈ।

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)

About the Author

ਡਾ. ਮੇਹਰ ਮਾਣਕ

ਡਾ. ਮੇਹਰ ਮਾਣਕ

Professor, Rayat-Bahra University, Mohal, Punjab, India.
WhatsApp: (91 - 90411 - 13193)
Email:
(meharmanick@rayatbahrauniversity.edu.in)