“ਕਾਊ ਸੈੱਸ (ਟੈਕਸ) ਤਾਂ ਸਾਡੇ ਕੋਲੋਂ ਲੈ ਲਿਆ ਪਰ ਸੜਕਾਂ ’ਤੇ ਤਾਂ ਅਵਾਰਾ ਪਸ਼ੂ ਉਵੇਂ ਹੀ ਆਪਣਾ ਡੇਰੇ ...”
(14 ਅਕਤੂਬਰ 2025)
27 ਸਤੰਬਰ 2025 ਨੂੰ ਬੱਦੀ ਤੋਂ ਸ਼ਿਮਲਾ ਜਾਂਦਿਆਂ ਬੀਐੱਮਡਬਲਿਯੂ ਮੋਟਰਸਾਈਕਲ ਸਵਾਰ ਨੌਜਵਾਨ ਗਾਇਕ ਰਾਜਵੀਰ ਜਵੰਦਾ ਅਵਾਰਾ ਪਸ਼ੂਆਂ ਨਾਲ ਟਕਰਾਉਣ ਕਾਰਨ ਵਾਪਰੇ ਹਾਦਸੇ ਵਿੱਚ ਸਖ਼ਤ ਜ਼ਖ਼ਮੀ ਹੋਣ ਤੋਂ ਬਾਅਦ ਮੋਹਾਲੀ ਦੇ ਫੋਰਟਿਸ ਹਸਪਤਾਲ ਵਿੱਚ 11 ਦਿਨ ਜ਼ਿੰਦਗੀ ਮੌਤ ਦੀ ਲੜਾਈ ਲੜਦਾ ਹੋਇਆ ਜ਼ਿੰਦਗੀ ਦੀ ਬਾਜ਼ੀ ਹਾਰ ਗਿਆ। ਇਹ ਬੇਵਕਤੀ ਮੌਤ ਬਹੁਤ ਦੁਖਦਾਈ ਹੈ। ਹਿੰਦੋਸਤਾਨ ਦੀਆਂ ਸੜਕਾਂ ’ਤੇ ਰੋਜ਼ਾਨਾ 1264 ਅਤੇ ਸਲਾਨਾ 4 ਲੱਖ 61 ਹਜ਼ਾਰ ਹਾਦਸੇ ਹਾਦਸੇ ਵਾਪਰਦੇ ਹਨ। 2021-22 ਦੌਰਾਨ ਸੜਕੀ ਹਾਦਸੇ 12% ਦੀ ਦਰ ਨਾਲ ਵਧੇ ਹਨ। ਇਹ ਸੜਕੀ ਪ੍ਰਬੰਧ ਵੱਲੋਂ ਕੀਤੇ ਜਾਂਦੇ ਹਰ ਘੰਟੇ 19, ਹਰ ਰੋਜ਼ 462 ਅਤੇ ਹਰ ਸਾਲ 1 ਲੱਖ 68 ਹਜ਼ਾਰ ਕਤਲਾਂ ਦੀ ਲੜੀ ਦਾ ਇੱਕ ਹਿੱਸਾ ਹੈ। ਇਹਨਾਂ ਵਿੱਚੋਂ 42671 ਮੌਤਾਂ 25-35 ਸਾਲ ਦੀ ਉਮਰ ਦੇ ਨੌਜਵਾਨਾਂ ਦੀਆਂ ਹਨ। ਹਿੰਦੋਸਤਾਨ ਦੀ ਆਬਾਦੀ ਦੀ 27% ਦੀ ਦਰ ਨਾਲ 25-35 ਸਾਲ ਦੇ ਨੌਜਵਾਨਾਂ ਦੀ ਗਿਣਤੀ 37.1 ਕਰੋੜ ਹੈ। ਅਜਿਹੇ ਦਰਦਨਾਕ ਭਿਆਨਕ ਹਾਦਸੇ ਭਵਿੱਖ ਨਾ ਵਾਪਰਣ, ਬੁੱਢੇ ਮਾਪਿਆਂ ਦੀ ਡੰਗੋਰੀ ਨਾ ਟੁੱਟੇ, ਭਰ ਜੁਆਨ ਅਵਸਥਾ ਵਿੱਚ ਔਰਤਾਂ ਵਿਧਵਾ ਹੋਣ ਦਾ ਸੰਤਾਪ ਨਾ ਹੰਢਾਉਣ, ਬੱਚੇ ਅਨਾਥ ਨਾ ਹੋਣ - ਸਾਡਾ ਚੇਤੰਨ ਹਿੱਸਿਆਂ ਦਾ ਇਹ ਗੰਭੀਰ ਸਰੋਕਾਰ ਹੋਣਾ ਚਾਹੀਦਾ ਹੈ। ਮੈਡੀਕਲ ਵਿਗਿਆਨ ਦੀ ਪੜ੍ਹਾਈ ਕਰਨ ਉਪਰੰਤ ਇਸ ਵਿਸ਼ੇ ਦੀ ਡੂੰਘੀ ਸਮਝ ਰੱਖਣ ਦੇ ਬਾਵਜੂਦ ਅਧਿਆਤਮਵਾਦ ਦੀ ਦਲਦਲ ’ਚ ਗ੍ਰਸੇ ਡਾਕਟਰਾਂ ਦੀ ਵੱਡੀ ਗਿਣਤੀ ਸਮੇਤ ਅਧਿਆਤਮਵਾਦੀ ਸੋਚ ਵਾਲੇ ਲੋਕ, ਅਜਿਹੀ ਅਣਸੁਖਾਵੀਂ ਘਟਨਾ ਨੂੰ ਰੱਬੀ ਭਾਣਾ ਮੰਨਕੇ ਸਬਰ ਕਰਨ ਦੀਆਂ ਨਸੀਹਤਾਂ ਦੇਣ ਲੱਗ ਜਾਂਦੇ ਹਨ। ਸਿੱਟਾ ਰਾਜਵੀਰ ਜਵੰਦਾ ਜਿਹੇ ਸੜਕ ਹਾਦਸਿਆਂ ਪ੍ਰਤੀ ਅਣਗਹਿਲੀ ਅਤੇ ਨਲਾਇਕੀ ਦੇ ਜ਼ਿੰਮੇਵਾਰ ਹਲਕੇ ਸਾਫ਼-ਸਾਫ਼ ਬਚ ਜਾਂਦੇ ਹਨ ਅਤੇ ਰਾਜਵੀਰ ਜਵੰਦਾ ਜਿਹੇ ਨੌਜਵਾਨ ਜਾਂ ਕਿਸੇ ਹੋਰ ਦੀ ਵੀ ਮੌਤ ’ਤੇ ਵਿਛਣ ਵਾਲੇ ਸੱਥਰ ਦੀ ਉਡੀਕ ਕਰਨ ਲਈ ਸਰਾਪੇ ਜਾਣ ਲਈ ਰਾਹ ਪੱਧਰਾ ਹੋ ਜਾਂਦਾ ਹੈ। ਇਹ ਵੀ ਯਾਦ ਰੱਖਣਯੋਗ ਹੈ ਕਿ ਇਤਿਹਾਸਕ ਕਿਸਾਨ ਘੋਲ ਸਮੇਂ ਕੰਵਰ ਗਰੇਵਾਲ, ਹਰਫ ਚੀਮਾ ਸਮੇਤ ਸਾਫ਼ ਸੁਥਰੀ ਗਾਇਕੀ ਦੇ ਮਾਲਿਕ ਰਾਜਵੀਰ ਜਵੰਦਾ ਦਾ ਵੀ ਵੱਡਾ ਯੋਗਦਾਨ ਰਿਹਾ ਹੈ।
ਇਸ ਨੌਜਵਾਨ ਦੀ ਬੇਵਕਤੀ ਮੌਤ ਦਾ ਇਹ ਵਰਤਾਰਾ ਵਿਗਿਆਨਕ ਨਜ਼ਰੀਏ ਦੀ ਅੱਖ ਨਾਲ ਹੋਰ ਵਧੇਰੇ ਸੋਚ ਵਿਚਾਰ ਕਰਨ ਦੀ ਮੰਗ ਕਰਦਾ ਹੈ। ਰਾਜਵੀਰ ਜਵੰਦਾ ਦੀ ਮੌਤ ਅਸਾਧਾਰਨ ਹੈ। ਇਹ ਇਸ ਲੋਕ ਦੋਖੀ ਨਿਜ਼ਾਮ ਵੱਲੋਂ ਹਰ ਰੋਜ਼ ਕੀਤੇ ਜਾਂਦੇ 462 ਸੜਕੀ ਕਤਲਾਂ ਦਾ ਹਿੱਸਾ ਹੈ। ਇਨ੍ਹਾਂ ਕਤਲਾਂ ਨੂੰ ਰੋਕਣ ਲਈ ਕਾਤਲਾਂ ਨੂੰ ਕਟਿਹਰੇ ਵਿੱਚ ਖੜ੍ਹਾ ਕਰਨਾ ਚੇਤੰਨ ਹਿੱਸਿਆਂ ਦੀ ਵੱਡੀ ਜ਼ਿੰਮੇਵਾਰੀ ਬਣਦੀ ਹੈ।
ਬਹੁਤ ਸਾਰੇ ਸਵਾਲ ਮੂੰਹ ਅੱਡੀ ਖੜ੍ਹੇ ਹਨ-
* ਬੀਐੱਮਡਬਲਿਯੂ ਜਿਹੇ ਮੋਟਰਸਾਈਕਲ ਅਤੇ ਟੈਸਲਾ ਜਿਹੀਆਂ ਕੰਪਨੀਆਂ ਦੀਆਂ ਕਾਰਾਂ ਕੀ ਹਿੰਦੁਸਤਾਨ ਵਰਗੇ ਮੁਲਕ ਦੀਆਂ ਸੜਕਾਂ, ਖਾਸ ਕਰ ਹਿਮਾਚਲ ਵਰਗੇ ਪਹਾੜੀ ਸੂਬੇ ਦੀਆਂ ਸੜਕਾਂ ’ਤੇ ਚੱਲਣ ਦੇ ਯੋਗ ਹਨ?
* ਹਿੰਦੋਸਤਾਨ ਵਰਗੇ ਮੁਲਕ ਦੀਆਂ ਸੜਕਾਂ ’ਤੇ ਅਵਾਰਾ ਪਸ਼ੂਆਂ ਦੀਆਂ ਡਾਰਾਂ ਦੀਆਂ ਡਾਰਾਂ ਨੂੰ ਰੋਕਣ ਦੇ ਕੋਈ ਸੰਜੀਦਾ ਯਤਨ ਕੀਤੇ ਗਏ ਹਨ?
* ਨੈਸ਼ਨਲ ਹਾਈਵੇ ਅਤੇ ਰਾਜ ਮਾਰਗ ਉਸਾਰਨ ਵੇਲੇ ਕੀ ਅਤੇ ਕਿਹੜੇ ਸੁਰੱਖਿਆ ਪ੍ਰਬੰਧਾਂ ਨੂੰ ਧਿਆਨ ਵਿੱਚ ਰੱਖਿਆ ਗਿਆ ਹੈ?
* ਕੀ ਸੜਕੀ ਹਾਦਸਿਆਂ ਦੇ ਜ਼ਿੰਮੇਵਾਰ ਸਰਕਾਰੀ ਅਧਿਕਾਰੀਆਂ ਨੂੰ ਕਦੇ ਸਜ਼ਾ ਸੁਣਾਈ ਗਈ ਹੈ?
ਸਭ ਤੋਂ ਪਹਿਲਾਂ ਤਾਂ ਜਿਸ ਅਵਾਰਾ ਪਸ਼ੂ ਨਾਲ ਟਕਰਾਉਣ ਨਾਲ ਇਹ ਹਾਦਸਾ ਵਾਪਰਿਆ, ਉਸ ਨੂੰ ਹੀ ਲੈਂਦੇ ਹਾਂ। ਜਦੋਂ ਵੀ ਕਦੇ ਅਸੀਂ ਸ਼ਰਾਬ ਦੀ ਬੋਤਲ ਠੇਕੇ ਤੋਂ ਖ੍ਰੀਦਦੇ ਹਾਂ, ਬਿਜਲੀ ਦਾ ਬਿੱਲ ਤਾਰਦੇ ਹਾਂ, ਮਿਉਂਸਪੈਲਟੀਆਂ ਵਿੱਚ ਕੋਈ ਵੀ ਫ਼ੀਸ ਤਾਰਨ ਜਾਂਦੇ ਹਾਂ, ਕੋਈ ਵੀ ਵਾਹਨ ਨਵਾਂ ਖ਼ਰੀਦਦੇ ਹਾਂ ਅਤੇ ਹੋਰ ਕਿੰਨੇ ਹੀ ਕਿਸਮ ਦੇ ਟੈਕਸਾਂ ਦੇ ਰੂਪ ਵਿੱਚ ਸਾਨੂੰ ਇੱਕ ਕਾਲਮ ਕਾਊ ਸੈੱਸ ਦਾ ਲਿਖਿਆ ਮਿਲਦਾ ਹੈ ਕਿ ਐਨਾ ਪੈਸਾ ਕਾਊ ਸੈੱਸ ਦਾ ਹੈ। ਪਰ ਜ਼ਮੀਨੀ ਹਕੀਕਤ ਇਹ ਹੈ ਕਿ ਕਾਊ ਸੈੱਸ (ਟੈਕਸ) ਤਾਂ ਸਾਡੇ ਕੋਲੋਂ ਲੈ ਲਿਆ ਪਰ ਸੜਕਾਂ ’ਤੇ ਤਾਂ ਅਵਾਰਾ ਪਸ਼ੂ ਉਵੇਂ ਹੀ ਆਪਣਾ ਡੇਰੇ ਜਮਾਈ ਬੈਠੇ ਹਨ। ਇੱਥੇ ਇਹਨਾਂ ਪ੍ਰਸ਼ਾਸਨਿਕ ਅਧਿਕਾਰੀਆਂ ਸਮੇਤ ਸਰਕਾਰ ਕੋਲੋਂ ਇਹ ਜਵਾਬ ਮੰਗਿਆ ਜਾਣਾ ਚਾਹੀਦਾ ਹੈ ਕਿ ਕਾਊ ਸੈੱਸ ਦਾ ਪੈਸਾ ਲੋਕ ਭਲਾਈ ਲਈ ਕਿਓਂ ਨਹੀਂ ਲਾਇਆ ਗਿਆ? ਨਹੀਂ ਤਾਂ ਰਾਜਬੀਰ ਵਰਗੇ ਨੌਜਵਾਨ ਨੂੰ ਆਪਣੀ ਜਾਨ ਤੋਂ ਹੱਥ ਨਾ ਧੋਣੇ ਪੈਂਦੇ।
ਹੁਣ ਰੱਬ ਦੇ ਭਾਣੇ ਨੂੰ ਲੈਂਦੇ ਹਾਂ। ਕੀ ਅਵਾਰਾ ਢੱਠੇ ਦਾ ਸੜਕੀ ਆਵਾਜਾਈ ਵਿੱਚ ਵਿਘਨ ਪਾਉਣਾ ਰੱਬੀ ਭਾਣਾ ਹੈ? ਜਦੋਂ ਸਰਕਾਰ ਸਾਡੇ ਪਾਸੋਂ ਐਨਾ ਕਾਊ ਸੈੱਸ ਉਗਰਾਹੁੰਦੀ ਹੈ ਤਾਂ ਇਹ ਫਿਰ ਕਿਸ ਦੀ ਸ਼ਕਤੀ ਨਾਲ ਸੜਕਾਂ ’ਤੇ ਘੁੰਮ ਰਹੇ ਹਨ? ਜਵਾਬ ਉੱਪਰ ਮਿਲ ਹੀ ਗਿਆ ਹੋਵੇਗਾ। ਇਹ ਸਰਕਾਰੀ ਨਲਾਇਕੀ ਹੈ।
ਰੱਬੀ ਭਾਣੇ ਨਾਲ ਹੀ ਹਸਪਤਾਲ ਦੀ ਅਤੇ ਮੈਡੀਕਲ ਵਿਗਿਆਨ ਦੀ ਵੀ ਗੱਲ ਕਰਦੇ ਹਾਂ। ਜਦੋਂ ਵੀ ਅਜਿਹੀ ਹਾਦਸੇ ਵਾਲੀ ਗੱਲ ਵਾਪਰਦੀ ਹੈ ਤਾਂ ਸਭ ਤੋਂ ਪਹਿਲਾਂ ਅਸੀਂ ਜ਼ਖਮੀ ਵਿਅਕਤੀ ਨੂੰ ਹਸਪਤਾਲ ਲੈ ਕੇ ਜਾਂਦੇ ਹਾਂ। ਇਸ ਸਾਰੇ ਘਟਨਾਕ੍ਰਮ ਅੰਦਰ ਰੱਬ ਦੇ ਭਾਣੇ ਵਾਲੇ ਕਿਸੇ ਵੀ ਵਿਅਕਤੀ ਨੇ ਹਸਪਤਾਲ ਦੀਆਂ ਕੋਸ਼ਿਸ਼ਾਂ ਦੀ ਸਲਾਹੁਤਾ ਨਹੀਂ ਕੀਤੀ। ਅਗਰ ਅਰਦਾਸਾਂ ਨਾਲ ਕੁਝ ਸੌਰਨਾ ਸੀ ਤਾਂ ਅਰਦਾਸਾਂ ਤਾਂ ਬਥੇਰੀਆਂ ਹੋਈਆਂ ਪਰ ਰਾਜਵੀਰ ਜਿਊਂਦਾ ਨਹੀਂ ਰਹਿ ਸਕਿਆ। ਅਜਿਹੇ ਮੌਕਿਆਂ ’ਤੇ ਹੀ ਅਧਿਆਤਮਵਾਦੀ ਆਪਣੀ ਸੋਚ ਨੂੰ ਪ੍ਰਚਾਰਨ ਲਈ ਵਰਤਦੇ ਹਨ ਕਿ ਡਾਕਟਰ ਹੁਣ ਕੁਝ ਨਹੀਂ ਕਰ ਸਕਦੇ, ਆਓ ਆਪਾਂ ਅਰਦਾਸ ਹੀ ਕਰ ਲੈਂਦੇ ਹਾਂ। ਪਰ ਜਦੋਂ ਫਿਰ ਵੀ ਕੋਈ ਗੱਲ ਸਿਰੇ ਨਹੀਂ ਚੜ੍ਹਦੀ ਤਾਂ ਇਹਨੂੰ ਪੂਰਨ ਰੂਪ ਵਿੱਚ ਸਮਝਣ ਦੀ ਬਜਾਏ ਰੱਬ ਦੇ ਭਾਣੇ ਦਾ ਨਾਂ ਦੇਕੇ ਮਾਮਲੇ ’ਤੇ ਠੰਢਾ ਪਾਣੀ ਛਿੜਕ ਦਿੱਤਾ ਜਾਂਦਾ ਹੈ।
ਸਾਡੇ ਮੁਲਕ ਦੇ ਟਰਾਂਸਪੋਰਟ ਮੰਤਰੀ ਇਹ ਦਾਅਵਾ ਕਰਦੇ ਨਹੀਂ ਥੱਕਦੇ ਕਿ ਮੁਲਕ ਅੰਦਰ ਆਲਮੀ ਪੱਧਰ ਦੀਆਂ ਭਾਰਤਮਾਲਾ ਸੜਕਾਂ ਦਾ ਜਾਲ ਵਿਛਾ ਦਿੱਤਾ ਗਿਆ ਹੈ। ਪਰ ਕੀ ਇਹ ਸੜਕਾਂ ਤਾਮੀਰ ਕਰਨ ਸਮੇਂ ਸੜਕੀ ਸੁਰੱਖਿਆ ਦਾ ਕੋਈ ਧਿਆਨ ਰੱਖਿਆ ਗਿਆ ਹੈ? ਜਵਾਬ ਹੈ, ਨਹੀਂ। ਅਜੇ ਤਾਂ ਸਾਡੇ ਮੁਲਕ ਅੰਦਰ ਆਲਮੀ ਸੰਖਿਆ ਨਾਲੋਂ ਵਾਹਨਾਂ ਦੀ ਗਿਣਤੀ ਕਾਫ਼ੀ ਘੱਟ ਹੈ। ਜਦੋਂ ਕਿਤੇ ਇਹ ਗਿਣਤੀ ਵਧ ਗਈ ਤਾਂ ਇਸ ਮੁਲਕ ਦੀਆਂ ਸੜਕਾਂ ਦੇ ਹਾਲਾਤ ਦਾ ਅਸੀਂ ਕਿਆਸ ਹੀ ਲਾ ਸਕਦੇ ਹਾਂ। ਪਰ ਨਾਲ ਹੀ ਇੱਕ ਹਕੀਕਤ ਇਹ ਵੀ ਹੈ ਕਿ ਸਾਡਾ ਮੁਲਕ ਸੜਕੀ ਹਾਦਸਿਆਂ ਵਿੱਚ ਮਰਨ ਵਾਲੇ ਵਿਅਕਤੀਆਂ ਦੀ ਗਿਣਤੀ ਦੇ ਮਾਮਲੇ ਵਿੱਚ ਸਭ ਤੋਂ ਮੋਹਰੀ ਹੈ।
ਬਹੁਤੀ ਵਿਆਖਿਆ ਵਿੱਚ ਨਾ ਜਾਂਦਿਆਂ ਇਹੀ ਕਿਹਾ ਜਾ ਸਕਦਾ ਹੈ ਕਿ ਸਾਡੇ ਮੁਲਕ ਦੀਆਂ ਸੜਕਾਂ ਬੀਐੱਮਡਬਲਿਊ ਜਾਂ ਟੈਸਲਾ ਜਿਹੇ ਬਰਾਂਡਾਂ ਦੇ ਵਾਹਨ ਚਲਾਉਣ ਲਈ ਨਹੀਂ ਤਾਮੀਰ ਕੀਤੀਆਂ ਗਈਆਂ। ਜਰਮਨੀ ਅਤੇ ਅਮਰੀਕਾ ਸਥਿਤ ਇਹਨਾਂ ਕੰਪਨੀਆਂ ਦੇ ਵਾਹਨ ਉੱਥੋਂ ਦੀਆਂ ਸੜਕਾਂ ਅਨੁਸਾਰੀ ਤਿਆਰ ਕੀਤੇ ਗਏ ਹਨ। ਸਾਡੇ ਮੁਲਕ ਅੰਦਰ ਇਨ੍ਹਾਂ ਵਾਹਨਾਂ ਦੀ ਆਮਦ ਬਿਨਾਂ ਲੋੜੀਂਦਾ ਸੜਕੀ ਢਾਂਚਾ ਵਿਕਸਿਤ ਕੀਤਿਆਂ ਬਹੁਤ ਤੇਜ਼ੀ ਨਾਲ ਵਧ ਰਹੀ ਹੈ। ਇਸ ਤਰ੍ਹਾਂ ਇਹੀ ਸੜਕੀ ਪ੍ਰਬੰਧ ਕਦੇ ਸਾਫ਼ ਸੁਥਰੀ ਗਾਇਕੀ ਦੇ ਮਾਲਕ ਰਾਜਵੀਰ ਜਵੰਦਾ, ਕਦੇ ਸਾਹਿਤ ਸੱਭਿਆਚਾਰ ਦੀ ਅਜ਼ੀਮ ਸ਼ਖ਼ਸੀਅਤ ਤਿਰਲੋਚਨ ਸਮਰਾਲਾ ਦਾ ਕਾਤਲ ਬਣੇਗਾ। ਅਜਿਹੀਆਂ ਦਰਦਨਾਕ ਮੌਤਾਂ ਨੂੰ ਰੋਕਣ ਲਈ ਵਿਗਿਆਨਕ ਨਜ਼ਰੀਆ ਅਪਣਾਉਣ ਅਤੇ ਹੱਲ ਤਲਾਸ਼ਣ ਦੀ ਲੋੜ ਹੈ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (