“ਉਹ ਪੜ੍ਹਾਉਂਦੇ ਵੀ ਵਧੀਆ ਸਨ ਅਤੇ ਚੰਡਦੇ ਵੀ ਚੰਗਾ ਸਨ। ਉਹ ਦਸੰਬਰ ਤਕ ਸਲੇਬਸ ...”
(14 ਅਕਤੂਬਰ 2025)
* * *
ਜਦੋਂ ਮੈਂ ਚੌਥੀ ਜਮਾਤ ਵਿੱਚ ਹੋਇਆ ਤਾਂ ਸਾਡੇ ਅਧਿਆਪਕ ਸ. ਪ੍ਰੀਤਮ ਸਿੰਘ ਟੋਡਰ ਮਾਜਰਾ ਬਦਲ ਗਏ ਅਤੇ ਉਹਨਾਂ ਦੀ ਥਾਂ ਸ. ਖੁਸ਼ਹਾਲ ਸਿੰਘ ਰਾਏਪੁਰ ਆ ਗਏ। ਸ. ਖੁਸ਼ਹਾਲ ਸਿੰਘ ਚੌਥੀ ਅਤੇ ਪੰਜਵੀਂ ਜਮਾਤ ਨੂੰ ਪੜ੍ਹਾਉਂਦੇ ਸਨ ਅਤੇ ਪ੍ਰੀਤਮ ਸਿੰਘ ਭਬਾਤ ਜੀ ਉਦੋਂ ਪਹਿਲੀ, ਦੂਜੀ ਅਤੇ ਤੀਜੀ ਕਲਾਸ ਨੂੰ। ਸ. ਖੁਸ਼ਹਾਲ ਸਿੰਘ ਜੀ ਬਹੁਤ ਹੀ ਮਿਹਨਤੀ ਅਧਿਆਪਕ ਸਨ। ਉਹ ਪੜ੍ਹਾਉਂਦੇ ਵੀ ਵਧੀਆ ਸਨ ਅਤੇ ਚੰਡਦੇ ਵੀ ਚੰਗਾ ਸਨ। ਉਹ ਦਸੰਬਰ ਤਕ ਸਲੇਬਸ ਪੂਰਾ ਕਰਕੇ ਜਨਵਰੀ, ਫਰਵਰੀ ਵਿੱਚ ਦੁਹਰਾਈ ਅਤੇ ਟੈੱਸਟ ਲੈਂਦੇ ਸਨ ਤਾਂ ਜੋ ਮਾਰਚ ਦੇ ਇਮਤਿਹਾਨ ਵਿੱਚ ਵਿਦਿਆਰਥੀ ਵਧੀਆ ਕਾਰਜਗੁਜਾਰੀ ਕਰਨ।
ਉਦੋਂ ਅਕਸਰ ਹੀ ਮਾਪਿਆਂ, ਪਰਿਵਾਰ ਦੇ ਵੱਡਿਆਂ ਅਤੇ ਅਧਿਆਪਕਾਂ ਤੋਂ ਕੁੱਟ ਪੈ ਜਾਂਦੀ ਸੀ। ਪੜ੍ਹਾਈ ਵਿੱਚ ਠੀਕ ਹੋਣ ਕਾਰਨ ਮੇਰਾ ਅਧਿਆਪਕਾਂ ਤੋਂ ਕੁੱਟ ਖਾਣ ਦਾ ਤਜਰਬਾ ਘੱਟ ਹੀ ਰਿਹਾ। ਪਰ ਇੱਕ ਵਾਕਿਆ ਮੈਨੂੰ ਯਾਦ ਹੈ ਕਿ ਸਾਡੇ ਇਮਤਿਹਾਨ ਤੋਂ ਪਹਿਲਾਂ ਵਾਲੇ ਟੈੱਸਟ ਚੱਲ ਰਹੇ ਸਨ। ਗਣਿਤ ਵਿੱਚ ਮੇਰੇ 100 ਵਿੱਚੋਂ 94 ਅੰਕ ਆਏ ਅਤੇ ਮਾਸਟਰ ਖੁਸ਼ਹਾਲ ਸਿੰਘ ਜੀ ਨੇ ਮੇਰਾ ਕੰਨ ਮਰੋੜ ਕੇ ਜ਼ੋਰ ਦੀ ਥੱਪੜ ਮਾਰਿਆ। ਜਿਵੇਂ ਮੇਰੀ ਰੂਹ ਹੀ ਕੰਬ ਗਈ ਹੋਵੇ। ਉਹਨਾਂ ਦੇ ਹੋਰ ਵਿਦਿਆਰਥੀਆਂ ਨੂੰ ਵੀ ਕੁੱਟ ਪਈ ਪਰ ਕੁਝ ਵਿਦਿਆਰਥੀਆਂ ਜਿਨ੍ਹਾਂ ਤੋਂ ਮੇਰੇ ਨਾਲੋਂ ਕਾਫੀ ਅੰਕ ਘੱਟ ਸਨ, ਨੂੰ ਉਨ੍ਹਾਂ ਕੁਝ ਨਹੀਂ ਕਿਹਾ। ਕਦੇ ਕਦਾਈਂ ਕੁੱਟ ਪੈਣ ਕਾਰਨ ਮੈਨੂੰ ਕੁਝ ਜ਼ਿਆਦਾ ਹੀ ਮਹਿਸੂਸ ਹੋਇਆ। ਅਸੀਂ ਅੱਧੀ ਛੁੱਟੀ ਸਮੇਂ ਖਾਣਾ ਖਾਣ ਘਰ ਜਾਂਦੇ ਸੀ। ਮੈਂ ਘਰ ਜਾ ਕੇ ਭਾਵੇਂ ਕੁਝ ਨਹੀਂ ਦੱਸਿਆ ਪਰ ਮੇਰੇ ਦਾਦੀ ਜੀ ਭਾਂਪ ਗਏ। ਉਹਨਾਂ ਮੈਨੂੰ ਪੁੱਛ ਲਿਆ, “ਕੀ ਹੋਇਆ, ਮੂੰਹ ਉੱਤਰਿਆ ਹੋਇਆ ਐ।” ਇਹ ਸੁਣ ਕੇ ਮੇਰੀ ਭੁੱਬ ਨਿਕਲ ਗਈ।
“ਹਾਏ ਹਾਏ ਮੈਂ ਮਰਜਾਂ, ਕਦੇ ਅੱਗੇ ਨਾ ਪਿੱਛੇ, ਹੋਇਆ ਕੀ?” ਕਹਿ ਕੇ ਦਾਦੀ ਜੀ ਨੇ ਮੈਨੂੰ ਆਪਣੀ ਬੁੱਕਲ ਵਿੱਚ ਲੈ ਲਿਆ। ਮੈਨੂੰ ਕੁਝ ਦੱਸਣ ਲਈ ਸਮਾਂ ਲੱਗਾ। ਆਪਣੇ ਆਪ ਨੂੰ ਸੰਭਾਲਦਿਆਂ ਮੈਂ ਦੱਸਿਆ ਕਿ ਮੇਰੇ 100 ਵਿੱਚ 94 ਨੰਬਰ ਸਨ, ਮੈਨੂੰ ਮਾਰਿਆ ਪਰ ਚੇਤੂ (ਚੇਤ ਸਿੰਘ) ਦੇ 56 ਨੰਬਰ ਸੀ, ਉਸ ਨੂੰ ਕੁਝ ਨਹੀਂ ਕਿਹਾ। ਚੇਤ ਸਿੰਘ ਦੀ ਦਾਦੀ ਮਾਸਟਰ ਖੁਸ਼ਹਾਲ ਸਿੰਘ ਦੀ ਸਕੀ ਭੂਆ ਸੀ ਅਤੇ ਮਾਸਟਰ ਖੁਸ਼ਹਾਲ ਸਿੰਘ ਜੀ ਅਕਸਰ ਹੀ ਦੁਪਹਿਰ ਦਾ ਖਾਣਾ ਉਹਨਾਂ ਦੇ ਘਰ ਖਾਂਦੇ ਸਨ। ਉਹਨਾਂ ਦਾ ਘਰ ਵੀ ਸਾਡੇ ਘਰ ਦੇ ਨੇੜੇ ਹੀ ਸੀ। ਮੈਨੂੰ ਨਹੀਂ ਪਤਾ ਲੱਗਾ ਕਦੋਂ ਦਾਦੀ ਜੀ ਸ਼ਿਕਾਇਤ ਲੈ ਕੇ ਚੇਤ ਸਿੰਘ ਦੀ ਦਾਦੀ ਕੋਲ ਚਲੇ ਗਏ ਅਤੇ ਗੱਲ ਮਾਸਟਰ ਖੁਸ਼ਹਾਲ ਸਿੰਘ ਜੀ ਤਕ ਪਹੁੰਚ ਗਈ। ਜੇ ਮੈਨੂੰ ਪਤਾ ਲੱਗ ਜਾਂਦਾ ਸ਼ਾਇਦ ਮੈਂ ਸਕੂਲ ਜਾਣ ਤੋਂ ਵੀ ਡਰਦਾ। ਉਸ ਸਮੇਂ ਦੇ ਬੱਚਿਆਂ ਦਾ ਕੀ ਸੀ, ਝਾੜ-ਮਾਰ ਖਾ ਕੇ ਥੋੜ੍ਹੀ ਦੇਰ ਬਾਅਦ ਜਿਵੇਂ ਤਿਵੇਂ ਹੀ ਹੋ ਜਾਂਦੇ ਸਨ। ਅੱਜ ਵਾਂਗ ਨਹੀਂ...। ਆਮ ਵਾਂਗ ਅਗਲੇ ਦਿਨ ਮੈਂ ਸਕੂਲ ਪਹੁੰਚ ਗਿਆ ਤੇ ਮਾਸਟਰ ਖੁਸ਼ਹਾਲ ਸਿੰਘ ਨੇ ਮੈਨੂੰ ਆਪਣੇ ਕੋਲ ਬੁਲਾ ਲਿਆ ਤੇ ਪੁਚਕਾਰ ਕੇ ਕਹਿਣ ਲੱਗੇ, “ਜਦੋਂ ਤੇਰਾ ਇੱਕ ਨੰਬਰ ਵੀ ਕੱਟਦਾ ਹੈ, ਮੈਨੂੰ ਦੁੱਖ ਹੁੰਦਾ ਹੈ। ਹੋਰਾਂ ਦਾ ਕੀ ਐ, ਜੇ ਉਹ 50 ਜਾਂ ਉੱਤੇ ਅੰਕ ਲੈਂਦੇ ਹਨ, ਮੈਂ ਬਹੁਤ ਖੁਸ਼ ਹੁੰਦਾ ਆਂ।”
ਇਸ ਗੱਲ ਨੇ ਮੈਨੂੰ ਅੰਦਰ ਤਕ ਠਾਰ ਦਿੱਤਾ ਮੈਂ ਸੋਚਦਾ ਰਿਹਾ ਅਤੇ ਅੱਜ ਤਕ ਵੀ ਸੋਚਦਾ ਹਾਂ ਕਿ ਅਧਿਆਪਕ ਜਿੰਨਾ ਮਰਜ਼ੀ ਕਠੋਰ ਹੋਵੇ, ਉਸਦਾ ਹਿਰਦਾ ਆਪਣੇ ਵਿਦਿਆਰਥੀਆਂ ਬਹੁਤ ਕੋਮਲ ਹੁੰਦਾ ਹੈ ਅਤੇ ਉਸ ਨੂੰ ਉਨ੍ਹਾਂ ਦੀ ਚਿੰਤਾ ਹੁੰਦੀ ਹੈ।
ਕਈ ਸਾਲ ਪਹਿਲਾਂ ‘ਅਧਿਆਪਕ ਦਿਵਸ’ ਦੇ ਮੌਕੇ ਮੈਂ ਮਾਸਟਰ ਖੁਸ਼ਹਾਲ ਸਿੰਘ ਦੇ ਪਿੰਡ ਉਹਨਾਂ ਨੂੰ ਸਨਮਾਨਿਤ ਕਰਨ ਲਈ ਗਿਆ ਸਾਂ। ਅਧਿਆਪਕਾਂ ਦੀ ਦੇਣ ਦਾ ਬਾਅਦ ਵਿੱਚ ਹੀ ਪਤਾ ਲਗਦਾ ਹੈ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (