“ਇਸ ਲਈ ਇੱਕ-ਦੋ ਨੁਕਾਤੀ ਥੋੜ੍ਹ ਚਿਰੀ ਮੁਹਿੰਮ, ਜੋ ਕੇਵਲ ਜਨਤਕ ਵਾਹ ਵਾਹੀ ਖੱਟਣ ਲਈ ਰਚੀ ...”
(12 ਅਕਤੂਬਰ 2025)
ਕੌਮੀ ਪੱਧਰ ’ਤੇ 17 ਸਤੰਬਰ, 2025 ਨੂੰ ਇੱਕ ਵਿਸ਼ਾਲ ਮੁਹਿੰਮ ਸ਼ੁਰੂ ਕੀਤੀ ਗਈ ਸੀ, ਜਿਸਦਾ ਨਾਮ ‘ਸਵਸਥ ਨਾਰੀ, ਸਸ਼ਕਤ ਪਰਿਵਾਰ’ ਹੈ। ਇਸਦਾ ਭਾਵ ਹੈ ਕਿ ਜੇਕਰ ਘਰ ਦੀ ਸੁਆਣੀ ਜਾਂ ਔਰਤ ਸਿਹਤਮੰਦ ਹੋਵੇਗੀ ਤਾਂ ਉਸਦਾ ਪਰਿਵਾਰ ਵੀ ਮਜ਼ਬੂਤ, ਸ਼ਕਤੀਸ਼ਾਲੀ ਅਤੇ ਤਾਕਤਵਰ ਹੋਵੇਗਾ। ਇਸਦਾ ਮੁੱਖ ਮਕਸਦ ਔਰਤਾਂ, ਲੜਕੀਆਂ ਅਤੇ ਛੋਟੀਆਂ ਬੱਚੀਆਂ ਦੀ ਹਰ ਪ੍ਰਕਾਰ ਦੀ ਸਰੀਰਕ ਸਿਹਤ ਵਿੱਚ ਸੁਧਾਰ ਕਰਨਾ ਹੈ। ਵੱਖ ਵੱਖ ਥਾਂਵਾਂ ’ਤੇ ਸਿਹਤ ਕੈਂਪ ਲਾ ਕੇ ਔਰਤਾਂ ਨੂੰ ਉਹਨਾਂ ਦੀ ਸਿਹਤ ਬਾਰੇ ਜਾਗਰੂਕ ਕਰਨਾ, ਨਵੀਂਆਂ ਮਾਵਾਂ ਨੂੰ ਆਪਣੀ ਅਤੇ ਨਵ-ਜਨਮੇ ਬੱਚੇ ਦੀ ਸਿਹਤ ਸੰਭਾਲ ਬਾਰੇ ਜਾਣਕਾਰੀ ਦੇਣਾ, ਆਮ ਬਿਮਾਰੀਆਂ ਦਾ ਚੈੱਕ-ਅਪ ਕਰਨਾ, ਨਿਯਮਤ ਟੀਕਾਕਰਨ ਦੀ ਅਹਿਮੀਅਤ ਅਤੇ ਕੈਂਸਰ ਸਮੇਤ ਹੋਰ ਛੋਟੀਆਂ ਛੋਟੀਆਂ ਅਲਾਮਤਾਂ, ਜਿਵੇਂ ਖੂਨ ਦੀ ਕਮੀ, ਖੂਨ ਦਾ ਦਬਾਓ, ਸ਼ੂਗਰ ਆਦਿ ਬਾਰੇ ਸੁਚੇਤ ਕਰਨਾ ਹੈ। ਇਸ ਵਿੱਚ ਨਾਰੀ ਨੂੰ ਪੌਸ਼ਟਿਕ ਆਹਾਰ ਦਾ ਸੇਵਨ ਕਰਨ ਬਾਰੇ ਜਾਣਕਾਰੀ ਦੇਣਾ ਵੀ ਸ਼ਾਮਲ ਹੈ। ਔਰਤਾਂ ਨੂੰ ਇਹ ਸੁਵਿਧਾਵਾਂ ਬਿਨਾਂ ਕਿਸੇ ਖਰਚੇ ਦੇ ਦਿੱਤੀਆਂ ਜਾਣਗੀਆਂ। ਇਸ ਨਾਲ ਆਜ਼ਾਦੀ ਦੇ 100 ਸਾਲ ਬਾਅਦ ਅਰਥਾਤ 2047 ਤਕ, ਸਿਹਤਮੰਦ ਔਰਤ, ਸ਼ਕਤੀਸ਼ਾਲੀ ਪਰਿਵਾਰ ਅਤੇ ਤਾਕਤਵਰ ਭਾਰਤ ਦਾ ਸੁਪਨਾ ਲਿਆ ਗਿਆ ਹੈ। ਇਸ ਮੁਹਿੰਮ ਨੂੰ ਸਿਰੇ ਚੜ੍ਹਾਉਣ ਵਿੱਚ ਆਸ਼ਾ (ASHA) ਅਤੇ ਆਂਗਣਵਾੜੀ ਵਰਕਰਾਂ ਅਤੇ ਹੋਰ ਸਵੈ ਸਹਾਇਤਾ ਗਰੁੱਪਾਂ ਦੇ ਵਲੰਟੀਅਰਾਂ ਦੀਆਂ ਸੇਵਾਵਾਂ ਵੀ ਲਈਆਂ ਜਾਣਗੀਆਂ। ਕੇਂਦਰ ਸਰਕਾਰ ਵੱਲੋਂ ਪ੍ਰਾਈਵੇਟ ਕਲੀਨਿਕ ਅਤੇ ਹਸਪਤਾਲਾਂ ਨੂੰ ਵੀ ਇਸ ਮੁਹਿੰਮ ਵਿੱਚ ਪੂਰਾ ਸਹਿਯੋਗ ਦੇਣ ਦੀਆਂ ਹਦਾਇਤਾਂ ਕੀਤੀਆਂ ਗਈਆਂ ਹਨ। ਨੈਸ਼ਨਲ ਫੈਮਲੀ ਹੈਲਥ ਸਰਵੇ (NFHS) ਦੀਆਂ ਰਿਪੋਰਟਾਂ ਦੇ ਉਨ੍ਹਾਂ ਅੰਕੜਿਆਂ ਦੀ ਸਹਾਇਤਾ ਲਏ ਜਾਣ ਦੀ ਵੀ ਗੱਲ ਕੀਤੀ ਗਈ ਹੈ, ਜਿੱਥੇ ਵੱਖਰੇ ਤੌਰ ’ਤੇ ਔਰਤਾਂ ਅਤੇ ਬੱਚਿਆਂ ਦੀ ਸਿਹਤ ਸੰਬੰਧੀ ਜਾਣਕਾਰੀ ਹੁੰਦੀ ਹੈ। ਪਰ ਸਵਾਲ ਪੈਦਾ ਹੁੰਦਾ ਹੈ ਕਿ ਇਸ 17 ਸਤੰਬਰ ਤੋਂ 2 ਅਕਤੂਬਰ 2025 ਤਕ ਚੱਲਣ ਵਾਲੀ ਮੁਹਿੰਮ ਵਿੱਚ ਨਵਾਂ ਕੀ ਹੈ? ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਤੋਂ ਇਲਾਵਾ ਔਰਤ ਅਤੇ ਬਾਲ ਵਿਕਾਸ ਮੰਤਰਾਲਾ ਪਹਿਲਾਂ ਤੋਂ ਹੀ ਇਨ੍ਹਾਂ ਕਾਰਜਾਂ ਵਿੱਚ ਕਾਰਜਸ਼ੀਲ ਹਨ। ਗਰਭਵਤੀ ਔਰਤਾਂ ਦੇ ਰੈਗੂਲਰ ਚੈੱਕਅਪ ਅਤੇ ਨਿਸ਼ਚਿਤ ਸਮੇਂ ਤੇ ਟੀਕਾਕਰਨ ਆਦਿ ਦੇ ਸਰਕਾਰੀ ਹਸਪਤਾਲਾਂ ਵਿੱਚ ਪਹਿਲਾਂ ਤੋਂ ਹੀ ਨਿਰਦੇਸ਼ ਜਾਰੀ ਹਨ। ਰਾਜ ਸਰਕਾਰਾਂ ਅਤੇ ਸਵੈ ਸੇਵੀ ਸੰਸਥਾਵਾਂ ਸਮੇਂ ਸਮੇਂ ’ਤੇ ਮੁਫਤ ਮੈਡੀਕਲ ਕੈਂਪ ਦੇ ਆਯੋਜਨ ਵੀ ਕਰਦੀਆਂ ਰਹਿੰਦੀਆਂ ਹਨ। ਹੁਣ 15-16 ਦਿਨਾਂ ਲਈ ਵੱਖਰੇ ਤੌਰ ’ਤੇ ਮੁਹਿੰਮ ਚਲਾ ਕੇ ਅਸੀਂ ਸਮੁੱਚੇ ਭਾਰਤ ਦੀਆਂ ਔਰਤਾਂ ਦੀ ਤੰਦਰੁਸਤੀ ਦੀ ਕਾਮਨਾ ਤਾਂ ਕਰ ਸਕਦੇ ਹਾਂ ਪਰ 100% ਦਾ ਟੀਚਾ ਪੂਰੇ ਕਰਨ ਵਾਸਤੇ ਕੀ ਜ਼ਮੀਨੀ ਪੱਧਰ ’ਤੇ ਮੁਢਲੇ ਅਤੇ ਮਿਆਰੀ ਸਿਹਤ ਸਬੰਧੀ ਸਰਕਾਰੀ ਢਾਂਚੇ ਦੀ ਵਿਵਸਥਾ ਸਾਡੇ ਕੋਲ ਹੈ? ਕੇਵਲ ਕੈਂਪਾਂ ਵਿੱਚ ਚੈੱਕ-ਅਪ ਕਰਕੇ, ਔਰਤਾਂ ਨੂੰ ਉਹਨਾਂ ਦੀਆਂ ਬਿਮਾਰੀਆਂ ਬਾਰੇ ਜਾਣਕਾਰੀ ਦੇ ਕੇ ਔਰਤ ਸਵਸਥ ਜਾਂ ਸਿਹਤਮੰਦ ਹੋ ਜਾਵੇਗੀ? ਔਰਤ ਦਾ ਸਵਸਥ ਹੋਣਾ ਕੇਵਲ ਸਿਹਤ ਸੇਵਾਵਾਂ ਨਾਲ ਜੁੜਿਆ ਹੋਇਆ ਮੁੱਦਾ ਹੈ ਜਾਂ ਸਾਡੇ ਸਮਾਜਿਕ ਆਰਥਿਕ ਅਤੇ ਰਾਜਨੀਤਕ ਢਾਂਚੇ ਦੀ ਵੀ ਇਸ ਵਿੱਚ ਕੋਈ ਭੂਮਿਕਾ ਹੈ?
ਇਸ ਵਿੱਚ ਕੋਈ ਦੋ ਰਾਵਾਂ ਨਹੀਂ ਕਿ ਸਿਹਤਮੰਦ ਅਤੇ ਸਿੱਖਿਅਤ ਔਰਤ ਆਪਣੇ ਸਮੁੱਚੇ ਪਰਿਵਾਰ ਦੀ ਸੁਚੱਜੇ ਢੰਗ ਨਾਲ ਪਰਵਰਿਸ਼ ਕਰ ਸਕਦੀ ਹੈ। ਬੱਚਿਆਂ ਦਾ ਪਾਲਣ ਪੋਸਣ, ਘਰ ਦੇ ਬਜ਼ੁਰਗਾਂ ਦੀ ਦੇਖਭਾਲ, ਘਰ ਦੀ ਆਮਦਨ-ਖਰਚ ਦਾ ਹਿਸਾਬ ਕਿਤਾਬ, ਰਿਸ਼ਤੇਦਾਰੀ ਵਿੱਚ ਮਿਲਣਾ ਵਿਚਰਨਾ, ਗਲੀ ਗਵਾਂਢ ਵਿੱਚ ਪਰਿਵਾਰ ਦਾ ਰੁਤਬਾ ਬਣਾਈ ਰੱਖਣਾ ਆਦਿ ਸਭ ਕੁਝ ਵਧੇਰੇ ਕਰਕੇ ਘਰ ਦੀ ਔਰਤ ਉੱਪਰ ਹੀ ਨਿਰਭਰ ਕਰਦਾ ਹੈ। ਪਰ ਇਹ ਸਾਰਾ ਕੁਝ ਕਰਨ ਵਾਸਤੇ ਕੀ ਸਾਰੀਆਂ ਔਰਤਾਂ ਸਿਹਤ ਪੱਖੋਂ ਸਮਰੱਥ ਹਨ? ਮਰਦ ਪ੍ਰਧਾਨ ਸਮਾਜ ਵਿੱਚ ਔਰਤਾਂ ਦੀ ਸਿਹਤ ਬਾਰੇ ਸਾਡਾ ਸਭ ਦਾ ਨਜ਼ਰੀਆ ਕੀ ਹੈ? ਅਸੀਂ ਔਰਤ ਨੂੰ ਘਰ ਪਰਿਵਾਰ ਦੀ ਸਮੁੱਚੀ ਜ਼ਿੰਮੇਵਾਰੀ ਦੇ ਦਿੰਦੇ ਹਾਂ ਅਤੇ ਉਸ ਤੋਂ ਬਿਹਤਰੀਨ ਕਾਰਗੁਜ਼ਾਰੀ ਦੀਆਂ ਉਮੀਦਾਂ ਵੀ ਰੱਖਦੇ ਹਾਂ ਪਰ ਔਰਤ ਪ੍ਰਤੀ ਸੋਚ ਅਜੇ ਵੀ ਬਰਾਬਰਤਾ ਵਾਲੀ ਨਹੀਂ। ਕਿਹਾ ਜਾਂਦਾ ਹੈ ਕਿ ਜੇਕਰ ਤੁਸੀਂ ਇੱਕ ਔਰਤ ਨੂੰ ਪੜ੍ਹਾਉਂਦੇ, ਸਿੱਖਿਅਤ ਕਰਦੇ ਹੋ ਤਾਂ ਉਸਦਾ ਸਾਰਾ ਪਰਿਵਾਰ ਹੀ ਪੜ੍ਹਿਆ ਲਿਖਿਆ ਹੋ ਜਾਂਦਾ ਹੈ। ਇਵੇਂ ਹੀ ਸਿਹਤਮੰਦ ਔਰਤ ਆਪਣੇ ਪਰਿਵਾਰ ਦੇ ਜੀਆਂ ਦੀ ਸਿਹਤ, ਪੌਸ਼ਟਿਕ ਆਹਾਰ, ਬੱਚਿਆਂ ਦੀ ਪੜ੍ਹਾਈ ਲਿਖਾਈ ਅਤੇ ਹੋਰ ਸੰਬੰਧਿਤ ਫੈਸਲੇ ਲੈਣ ਦੇ ਸਮਰੱਥ ਹੁੰਦੀ ਹੈ, ਜਿਹੜੇ ਉਸਦੇ ਸਮੁੱਚੇ ਪਰਿਵਾਰ ਦੀ ਮਜ਼ਬੂਤੀ ਲਈ ਲੋੜੀਂਦੇ ਹੁੰਦੇ ਹਨ। ਸਿੱਖਿਅਤ ਅਤੇ ਸਿਹਤਮੰਦ ਔਰਤ ਦਾ ਆਪਣੀ ਸਿਹਤ ਅਤੇ ਆਪਣੇ ਨਿੱਜੀ ਪ੍ਰਜਨਣ ਅੰਗਾਂ ਉੱਪਰ ਵੀ ਕੰਟਰੋਲ ਹੁੰਦਾ ਹੈ। ਪਰਿਵਾਰ ਦਾ ਆਕਾਰ ਨਿਸ਼ਚਿਤ ਕਰਨ ਵਿੱਚ ਉਸਦੀ ਅਹਿਮ ਭੂਮਿਕਾ ਹੁੰਦੀ ਹੈ। ਸੁਖੀ ਅਤੇ ਮਜ਼ਬੂਤ ਪਰਿਵਾਰ ਦੀ ਔਰਤ ਆਂਢ-ਗੁਆਂਢ, ਚੌਗਿਰਦਾ, ਭਾਈਚਾਰਾ ਅਤੇ ਸਮਾਜ ਨੂੰ ਸਿਹਤਮੰਦ ਮਾਹੌਲ ਪ੍ਰਦਾਨ ਕਰਨ ਦੇ ਸਮਰੱਥ ਹੁੰਦੀ ਹੈ। ਪਰ ਇਸ ਵੇਲੇ ਸਥਿਤੀ ਕੀ ਹੈ?
ਔਰਤਾਂ ਦੀ ਸਿਹਤ ਸੰਬੰਧੀ ਨੈਸ਼ਨਲ ਫੈਮਿਲੀ ਹੈਲਥ ਸਰਵੇ-5, 2019-21 ਦੇ ਤਾਜ਼ਾ ਅੰਕੜੇ ਦੱਸਦੇ ਹਨ ਕਿ 15 ਤੋਂ 49 ਸਾਲਾਂ ਦਰਮਿਆਨ 57% ਔਰਤਾਂ ਖੂਨ ਦੀ ਕਮੀ ਜਾਂ ਅਨੀਮੀਆ ਦਾ ਸ਼ਿਕਾਰ ਹਨ। 41.3% ਔਰਤਾਂ ਵਿੱਚ ਮੋਟਾਪਾ ਜਾਂ ਕੱਦ ਨਾਲੋਂ ਵਧੇਰੇ ਭਾਰ ਦੀ ਸਮੱਸਿਆ ਹੈ। ਦੂਜੇ ਪਾਸੇ ਜੇਕਰ ਨਵ ਵਿਆਹੀਆਂ ਕੁੜੀਆਂ/ਔਰਤਾਂ ਦੀ ਗੱਲ ਕਰਦੇ ਹਾਂ, ਜਿਹੜੀਆਂ 20-22 ਸਾਲ ਦੀ ਉਮਰ ਵਿੱਚ ਹਨ, 14.0% ਘੱਟ ਭਾਰ ਵਾਲੀਆਂ ਅਤੇ ਕਮਜ਼ੋਰ ਹਨ। ਇਹ ਦੋਵੇਂ ਪ੍ਰਕਾਰ ਦੇ ਅੰਕੜੇ ਇਸ ਦਿਸ਼ਾ ਵੱਲ ਸੰਕੇਤ ਕਰਦੇ ਹਨ ਕਿ ਔਰਤਾਂ ਦੇ ਆਹਾਰ ਦੀ ਮਿਕਦਾਰ ਅਤੇ ਗੁਣਵੱਤਾ ਸਹੀ ਨਹੀਂ ਹੈ। ਉਹਨਾਂ ਵਿੱਚ ਪੌਸ਼ਟਿਕ ਆਹਾਰ ਦੀ ਕਮੀ ਹੈ। ਔਰਤਾਂ ਅਤੇ ਮਰਦਾਂ ਨੂੰ ਪਰੋਸੇ ਜਾਣ ਵਾਲੇ ਭੋਜਨ ਵਿੱਚ ਨਾਬਰਾਬਰੀ ਹੀ ਇਸਦਾ ਮੁੱਖ ਕਾਰਨ ਹੈ। ਔਰਤਾਂ ਨੂੰ ਆਮ ਤੌਰ ’ਤੇ ਸ਼ਾਕਾਹਾਰੀ ਭੋਜਨ ਹੀ ਦਿੱਤਾ ਜਾਂਦਾ ਹੈ। ਮੀਟ, ਮੱਛੀ, ਆਂਡੇ ਜਾਂ ਫਲ ਆਦਿ ਕੁੜੀਆਂ ਦੇ ਭੋਜਨ ਵਿੱਚ ਕਦੇ ਕਦਾਈਂ ਹੀ ਸ਼ਾਮਲ ਹੁੰਦੇ ਹਨ। ਇਸੇ ਰਿਪੋਰਟ ਦੀ ਵਿੱਚ ਦੱਸਿਆ ਗਿਆ ਹੈ ਕਿ ਗਰਭ ਧਾਰਨ ਕਰਨ ਤੋਂ ਲੈ ਕੇ ਬੱਚੇ ਦੇ ਜਨਮ ਤਕ ਦੇ ਸਮੇਂ ਦੌਰਾਨ 70% ਸੰਭਾਵੀ ਮਾਵਾਂ ਨੂੰ ਲੋੜੀਂਦੀ ਮੈਡੀਕਲ ਸਹਾਇਤਾ ਦੇਣ ਦੀ ਵਿਵਸਥਾ ਸਰਕਾਰੀ ਹਸਪਤਾਲਾਂ ਵਿੱਚ ਪ੍ਰਾਪਤ ਹੈ। ਆਸ਼ਾ ਵਰਕਰ ਇਹੋ ਜਿਹੀਆਂ ਮਾਵਾਂ ਦਾ ਨਿਰੰਤਰ ਧਿਆਨ ਵੀ ਰੱਖਦੀਆਂ ਹਨ। ਪਰ ਬਾਕੀ 30% ਔਰਤਾਂ ਅਜੇ ਵੀ ਇਸ ਸਹੂਲਤ ਤੋਂ ਵਾਂਝੀਆਂ ਹਨ। ਉਨ੍ਹਾਂ ਨੂੰ ਕਿਸੇ ਪ੍ਰਕਾਰ ਦੇ ਜ਼ਰੂਰੀ ਲੋਹਯੁਕਤ ਕੈਪਸੂਲ, ਜ਼ਿੰਕ ਜਾਂ ਫੌਲਿਕ ਐਸਿਡ ਆਦਿ ਦੀਆਂ ਗੋਲੀਆਂ ਨਹੀਂ ਮਿਲਦੀਆਂ। ਗਰਭਵਤੀ ਔਰਤ ਦੀ ਸਿਹਤ ਸੰਭਾਲ (Antenatal Care) ਜਿਸ ਵਿੱਚ ਉਸ ਔਰਤ ਦਾ ਭਾਰ, ਬਲੱਡ ਪ੍ਰੈੱਸ਼ਰ, ਪਿਸ਼ਾਬ ਟੈੱਸਟ, ਪੇਟ ਦਾ ਆਕਾਰ ਅਤੇ ਉਸ ਵਿੱਚ ਹੋਣ ਵਾਲਾ ਵਾਧਾ ਆਦਿ ਟੈੱਸਟ ਕੀਤਾ ਜਾਂਦਾ ਹੈ, ਉਨ੍ਹਾਂ ਨੂੰ ਇਹ ਸਹੂਲਤਾਂ ਉਪਲਬਧ ਨਹੀਂ ਹਨ। ਭਾਵੇਂ ਦਾਅਵਾ ਕੀਤਾ ਜਾਂਦਾ ਹੈ ਕਿ ਪ੍ਰਾਇਮਰੀ ਹੈਲਥ ਸੈਂਟਰਾਂ ਅਤੇ ਸਰਕਾਰੀ ਡਿਸਪੈਂਸਰੀਆਂ ਵਿੱਚ ਇਸ ਪ੍ਰਕਾਰ ਦੀ ਅਤੇ ਹੋਰ ਮੁਢਲੀ ਸਹਾਇਤਾ ਦੇ ਪ੍ਰਬੰਧ ਹਨ ਪਰ ਔਰਤਾਂ ਵਿਚਲੀ ਗਰੀਬੀ, ਹੈਲਥ ਸੈਂਟਰਾਂ ਦੀ ਘਰ ਤੋਂ ਦੂਰੀ ਅਤੇ ਉੱਥੋਂ ਜ਼ਰੂਰਤ ਅਨੁਸਾਰ ਦਵਾਈਆਂ ਨਾ ਮਿਲਣਾ, ਲੇਡੀ ਡਾਕਟਰਾਂ ਅਤੇ ਸਹਾਇਕ ਸਟਾਫ ਦੀ ਘਾਟ ਕਾਰਨ 60% ਤੋਂ ਵਧੇਰੇ ਔਰਤਾਂ ਇਨ੍ਹਾਂ ਸਿਹਤ ਅਤੇ ਮੈਡੀਕਲ ਸਹੂਲਤਾਂ ਤੋਂ ਵਾਂਝੀਆਂ ਰਹਿ ਜਾਂਦੀਆਂ ਹਨ। 18 ਸਾਲਾਂ ਤੋਂ ਘੱਟ ਉਮਰ ਦੀਆਂ 23 ਪ੍ਰਤੀਸ਼ਤ ਲੜਕੀਆਂ ਦੇ ਵਿਆਹ ਛੋਟੀ ਉਮਰ ਵਿੱਚ ਹੋ ਰਹੇ ਹਨ, ਜਿਹੜੀਆਂ ਸਿਹਤ ਦੇ ਪੱਖ ਤੋਂ ਪਰਿਵਾਰ ਸ਼ੁਰੂ ਕਰਨ ਦੇ ਬਿਲਕੁਲ ਵੀ ਸਮਰੱਥ ਨਹੀਂ ਹੁੰਦੀਆਂ। ਔਰਤਾਂ ਦੀ ਸਿਹਤ ਸੰਬੰਧੀ ਇਸ ਜਾਣਕਾਰੀ ਤੋਂ ਸਪਸ਼ਟ ਹੈ ਕਿ ਸਮੱਸਿਆ ਦੀ ਜੜ੍ਹ ਨਿੱਤ ਪ੍ਰਤੀ ਦਿਨ ਨਿਘਾਰ ਵੱਲ ਜਾ ਰਹੇ ਸਾਡੇ ਸਰਕਾਰੀ ਸਿਹਤ ਅਤੇ ਸਿੱਖਿਆ ਅਦਾਰੇ ਹਨ।
ਪਰਿਵਾਰਕ ਮਜ਼ਬੂਤੀ ਕੇਵਲ ਔਰਤ ਦੀ ਸਿਹਤ ਉੱਪਰ ਹੀ ਨਿਰਭਰ ਨਹੀਂ ਕਰਦੀ ਸਗੋਂ ਔਰਤ ਦਾ ਸਿੱਖਿਅਤ ਹੋਣਾ, ਵਿੱਤੀ ਤੌਰ ’ਤੇ ਸੰਪੰਨ ਹੋਣਾ, ਫੈਸਲੇ ਲੈਣ ਦੇ ਸਮਰੱਥ ਹੋਣਾ, ਘਰ ਪਰਿਵਾਰ ਵਿੱਚ ਔਰਤ ਨੂੰ ਬਾਕੀ ਜੀਆਂ ਦੇ ਬਰਾਬਰ ਦਰਜਾ ਦੇਣਾ, ਕਿਸੇ ਵੀ ਪ੍ਰਕਾਰ ਦੀ ਘਰੇਲੂ ਹਿੰਸਾ ਤੋਂ ਗ਼ੁਰੇਜ਼ ਕਰਨਾ, ਕੰਮ ਕਾਜੀ ਔਰਤਾਂ ਨੂੰ ਘਰ ਦੇ ਕੰਮਾਂ ਵਿੱਚ ਸਹਿਯੋਗ ਦੇਣਾ ਵੀ ਉੰਨੇ ਹੀ ਜ਼ਰੂਰੀ ਕਾਰਕ ਹਨ। ਇਸ ਸਾਰੇ ਕੁਝ ਵਾਸਤੇ ਇਨ੍ਹਾਂ ਸਮੂਹ ਮੁੱਦਿਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਸਾਨੂੰ ਠੋਸ, ਸਰਵਪੱਖੀ ਅਤੇ ਸੰਪੂਰਨ ਪਹੁੰਚ ਅਪਣਾਉਣੀ ਹੋਵੇਗੀ। ਸਿਹਤ ਸਹੂਲਤਾਂ, ਸਿਹਤ ਸਿੱਖਿਆ ਅਤੇ ਸਿਹਤ ਪ੍ਰਸ਼ਾਸਨ, ਸਮੱਸਿਆ ਦਾ ਇੱਕ ਪੱਖ ਹੈ। ਪੀਣ ਵਾਲਾ ਸਾਫ ਪਾਣੀ, ਬਿਜਲੀ, ਸਾਫ ਅਤੇ ਸ਼ੁੱਧ ਹਵਾ, ਕੰਮ ਕਾਜੀ ਥਾਂਵਾਂ ਉੱਪਰ ਔਰਤਾਂ ਦੀ ਸੁਰੱਖਿਆ, ਸਾਫ ਸਵੱਛ ਬਾਥਰੂਮ, ਪਖਾਨੇ ਆਦਿ ਉੰਨੇ ਹੀ ਜ਼ਰੂਰੀ ਹਨ। ਮਰਦ ਔਰਤਾਂ ਵਿਚਾਲੇ ਸਾਖਰਤਾ ਦਰ ਵਿੱਚ 16% ਦਾ ਪਾੜਾ ਅਜੇ ਵੀ ਕਾਇਮ ਹੈ। ਰੁਜ਼ਗਾਰ ਵਿੱਚ ਕੇਵਲ 25 ਤੋਂ 30% ਔਰਤਾਂ ਹੀ ਹਨ। ਔਰਤਾਂ ਦੀ ਕਮਾਈ ਨੂੰ ਆਮ ਤੌਰ ’ਤੇ ਵਾਧੂ ਆਮਦਨ ਵਾਂਗ ਹੀ ਲਿਆ ਜਾਂਦਾ ਹੈ। ਸਾਡੇ ਸਮਾਜ ਵਿੱਚ ਅਜੇ ਵੀ ਮਰਦ ਨੂੰ ਹੀ ਰੋਜ਼ੀ ਰੋਟੀ ਕਮਾਉਣ ਵਾਲੇ ਦਾ ਦਰਜਾ ਪ੍ਰਾਪਤ ਹੈ। ਇਸ ਤੋਂ ਇਲਾਵਾ ਆਸੇ ਪਾਸੇ ਦੀ ਖਬਰਸਾਰ ਰੱਖਣ ਵਾਸਤੇ ਪ੍ਰਿੰਟ ਮੀਡੀਆ, ਜਿਵੇਂ ਅਖਬਾਰਾਂ, ਰਸਾਲੇ ਆਦਿ ਪੜ੍ਹਨਾ, ਟੈਲੀਵਿਜ਼ਨ, ਰੇਡੀਓ ਆਦਿ ਤੋਂ ਗਿਆਨ ਵਰਧਕ ਗੱਲਬਾਤ ਜਾਂ ਪ੍ਰੋਗਰਾਮ ਸੁਣਨੇ ਅਤੇ ਮੋਬਾਇਲ ਰਾਹੀਂ ਸੋਸ਼ਲ ਮੀਡੀਆ ਦੀ ਵਰਤੋਂ, ਔਰਤਾਂ ਲਈ ਉੰਨੇ ਹੀ ਜ਼ਰੂਰੀ ਹਨ, ਜਿੰਨੇ ਇੱਕ ਮਰਦ ਵਾਸਤੇ। ਪ੍ਰੰਤੂ 41% ਦੇ ਲਗਭਗ ਔਰਤਾਂ ਨੂੰ ਅਖਬਾਰ ਜਾਂ ਹੋਰ ਮੈਗਜ਼ੀਨ ਆਦਿ ਪੜ੍ਹਨ ਜਾਂ ਦੇਖਣ ਦਾ ਸਮਾਂ ਨਹੀਂ ਮਿਲਦਾ। ਬਹੁਤ ਗਰੀਬ ਪਰਿਵਾਰਾਂ ਦੀਆਂ ਔਰਤਾਂ ਕੋਲ ਤਕਨੀਕੀ ਮੋਬਾਇਲ ਫ਼ੋਨ ਨਹੀਂ ਹਨ, ਜਿਸਦੀ ਵਰਤੋਂ ਕਰਕੇ ਸਿਹਤ ਜਾਂ ਹੋਰ ਨਿੱਜੀ ਮੁੱਦਿਆਂ ਨਾਲ ਸੰਬੰਧਿਤ ਐਪ ਤੋਂ ਜਾਣਕਾਰੀ ਹਾਸਲ ਕਰ ਸਕਣ। 32 % ਮਰਦ ਜਿਹੜੇ ਦਿਹਾੜੀ ਜਾਂ ਮਜ਼ਦੂਰੀ ਕਰਦੇ ਹਨ, ਉਹ ਵੀ ਇਸ ਸਹੂਲਤ ਤੋਂ ਵਾਂਝੇ ਹਨ।
ਇਸ ਵਾਸਤੇ ਬੇਟੀ ਬਚਾਓ, ਬੇਟੀ ਪੜ੍ਹਾਓ, ਨਾਰੀ ਸਸ਼ਕਤੀਕਰਨ, ਲਾਡਲੀ ਬੇਟੀ ਅਤੇ ਹੁਣ ਸਿਹਤਮੰਦ ਨਾਰੀ, ਸਸ਼ਕਤ ਪਰਿਵਾਰ, ਇਹੋ ਜਿਹੇ ਸਮੇਂ-ਸਮੇਂ ’ਤੇ ਚਲਾਏ ਜਾਂਦੇ ਨਾਹਰਿਆਂ ਜਾਂ ਮੁਹਿੰਮਾਂ ਨਾਲ ਪਰਿਵਾਰ, ਸਮਾਜ ਅਤੇ ਦੇਸ਼ ਦਾ ਚਿਰ ਸਥਾਈ ਵਿਕਾਸ ਸੰਭਵ ਨਹੀਂ ਹੈ। ਸੰਬੰਧਿਤ ਮਹਿਕਮਿਆਂ, ਮੰਤਰਾਲਿਆਂ, ਸਿੱਖਿਆ ਵਿਭਾਗ ਅਤੇ ਹੋਰ ਗੈਰ ਸਰਕਾਰੀ ਅਤੇ ਸਵੈ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਸਰਬਪੱਖੀ ਨੀਤੀਆਂ ਬਣਾਉਣ ਅਤੇ ਪ੍ਰੋਗਰਾਮ ਉਲੀਕਣ ਦੀ ਜ਼ਰੂਰਤ ਹੈ, ਜਿਹੜੀਆਂ ਸਮੂਹ ਵਿਅਕਤੀਆਂ, ਮਰਦਾਂ ਅਤੇ ਔਰਤਾਂ ਨੂੰ ਬਰਾਬਰ ਜਵਾਬਦੇਹ ਹੋਣ ਅਤੇ ਉਨ੍ਹਾਂ ਦੇ ਹੋਰ ਵੀ ਚੰਗੇਰੇ ਨਤੀਜੇ ਪ੍ਰਾਪਤ ਹੋ ਸਕਣ। ਇਸਦੇ ਨਾਲ ਹੀ ਔਰਤ ਪ੍ਰਤੀ ਸਹੀ ਅਰਥਾਂ ਵਿੱਚ ਸੁਚਾਰੂ ਸੋਚ ਅਪਣਾਉਣ ਦੀ ਜ਼ਰੂਰਤ ਹੈ। ਔਰਤਾਂ ਨੂੰ ਸਿਹਤ, ਸਿੱਖਿਆ, ਸਿਹਤ ਪ੍ਰਸ਼ਾਸਨ ਅਤੇ ਰੁਜ਼ਗਾਰ ਦੇ ਹੱਕ ਪ੍ਰਤੀ ਜਾਗਰੂਕ ਕਰਨ ਦੇ ਨਾਲ ਨਾਲ ਉਹਨਾਂ ਨਾਲ ਸੰਬੰਧਿਤ ਸੇਵਾਵਾਂ ਨੂੰ ਯਕੀਨੀ ਬਣਾਉਣਾ ਵੀ ਉੰਨਾ ਹੀ ਲਾਜ਼ਮੀ ਹੈ। ਔਰਤ ਦੀ ਸਮਾਜਿਕ ਅਤੇ ਆਰਥਿਕ ਸੁਰੱਖਿਆ ਦੇ ਨਾਲ ਨਾਲ ਮਾਨਸਿਕ ਅਤੇ ਮਨੋਵਿਗਿਆਨਕ ਤੰਦਰੁਸਤੀ ਦਾ ਉਸਦੀ ਸਰੀਰਕ ਸਿਹਤ ਨਾਲ ਸਿੱਧਾ ਸਬੰਧ ਹੈ। ਇਸ ਲਈ ਇੱਕ-ਦੋ ਨੁਕਾਤੀ ਥੋੜ੍ਹ ਚਿਰੀ ਮੁਹਿੰਮ, ਜੋ ਕੇਵਲ ਜਨਤਕ ਵਾਹ ਵਾਹੀ ਖੱਟਣ ਲਈ ਰਚੀ ਗਈ ਪ੍ਰਤੀਤ ਹੁੰਦੀ ਹੈ, ਦੀ ਥਾਂ ਇੱਕ ਸਰਵਪੱਖੀ ਪ੍ਰੋਗਰਾਮ ਦੇਣਾ ਵਧੇਰੇ ਸਾਰਥਿਕ ਹੋਵੇਗਾ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (