“ਇੱਥੇ ਇਹ ਦੱਸਣਾ ਜ਼ਰੂਰੀ ਹੈ ਕਿ ਭਾਰਤੀ ਪ੍ਰਵਾਸੀਆਂ ਦਾ ਵਿਰੋਧ ਕਰਨ ਵਾਲੇ ਇਹ ਲੋਕ ...”
(11 ਅਕਤੂਬਰ 2025)
31 ਅਗਸਤ ਵਾਲੇ ਐਤਵਾਰ ਨੂੰ ਆਸਟਰੇਲੀਆ ਦੇ ਸ਼ਹਿਰਾਂ ਵਿੱਚ ਭਾਰਤੀ ਪ੍ਰਵਾਸੀਆਂ ਵਿਰੁੱਧ ਵਿਖਾਵਿਆਂ ਪਿੱਛੋਂ ਯੂ.ਕੇ ਅਤੇ ਕੈਨੇਡਾ ਵਿੱਚ ਵੀ ਪ੍ਰਵਾਸੀਆਂ ਵਿਰੁੱਧ ਨਸਲੀ ਮੁਜ਼ਾਹਰੇ ਹੋਏ ਹਨ। ਪਿਛਲੇ ਦਿਨੀਂ ਲੰਡਨ ਵਿੱਚ ਕੀਤਾ ਗਿਆ ਮੁਜ਼ਾਹਰਾ ਪ੍ਰਵਾਸੀਆਂ ਵਿਰੁੱਧ ਹੋਣ ਵਾਲੇ ਵਿਖਾਵਿਆਂ ਵਿੱਚੋਂ ਸਭ ਤੋਂ ਵੱਡਾ ਸੀ, ਜਿਸ ਵਿੱਚ 1 ਲੱਖ 10 ਹਜ਼ਾਰ ਲੋਕ ਸ਼ਾਮਲ ਹੋਏ। ਨਸਲਵਾਦੀ ਸੱਜ ਪਿਛਾਖੜ ਨੂੰ ਜਿੰਨਾ ਵੱਡਾ ਲੋਕ ਸਮਰਥਨ ਮਿਲਿਆ, ਉਸਦੀ ਨਾ ਤਾਂ ਉਹਨਾਂ ਨੂੰ ਅਤੇ ਨਾ ਹੀ ਰਾਜਨੀਤਕ ਮਾਹਿਰਾਂ ਨੂੰ ਇੰਨੀ ਉਮੀਦ ਸੀ। ਇਹ ਨਿਰਸੰਦੇਹ ਆਉਣ ਵਾਲੇ ਸਮੇਂ ਵਿੱਚ ਪ੍ਰਵਾਸੀਆਂ ਲਈ ਚਿੰਤਾ ਦਾ ਵਿਸ਼ਾ ਹੈ ਅਤੇ ਉਹਨਾਂ ਲਈ ਮੁਸ਼ਕਿਲਾਂ ਪੈਦਾ ਕਰਨ ਵਾਲਾ ਲਗਦਾ ਹੈ। ਵਾਈਟ ਹਾਲ ਜਿੱਥੇ ਪ੍ਰਧਾਨ ਮੰਤਰੀ ਸਮੇਤ ਹੋਰ ਸਰਕਾਰੀ ਦਫਤਰ ਹਨ, ਨੇੜੇ ਇੰਨੀ ਵੱਡੀ ਭੀੜ ਨੂੰ ਪ੍ਰਵਾਸੀਆਂ ਦੇ ਇਕੱਠ ਤੋਂ ਵੱਖ ਰੱਖਣ ਲਈ ਪੁਲਿਸ ਨੂੰ ਕਾਫੀ ਮੁਸ਼ਕਿਲ ਪੇਸ਼ ਆਈ, ਜਿਸ ਨੂੰ ਖੱਬੇ ਪੱਖੀ ਨੇਤਾ ਜੌਹਨ ਮੈਕਡੌਨਲ ਅਤੇ ਡਿਆਨ ਐਬਟ ਸੰਬੋਧਨ ਕਰ ਰਹੇ ਸਨ। ਇਨ੍ਹਾਂ ਝੜਪਾਂ ਵਿੱਚ 26 ਪੁਲਿਸ ਕਰਮੀ ਜ਼ਖਮੀ ਹੋਏ। ਪ੍ਰਵਾਸ ਵਿਰੋਧੀ ਪ੍ਰਦਰਸ਼ਨ ਦੀ ਅਗਵਾਈ ਇੰਗਲਿਸ਼ ਡਿਫੈਂਸ ਲੀਗ (E.D.L) ਨੇਤਾ ਟੌਮੀ ਰੋਬਿਨਸਨ ਕਰ ਰਿਹਾ ਸੀ, ਜਿਸਨੂੰ ਅਮਰੀਕਨ ਅਰਬ ਪਤੀ ਐਲਨ ਮਸਕ ਨੇ ਵਿਡਿਉ ਲਿੰਕ ਰਾਹੀਂ ਸੰਬੋਧਨ ਕੀਤਾ। ਇਸ ਵਿਖਾਵੇ ਦੀ ਦੂਜੇ ਸੱਜ ਪਿਛਾਖੜ ਨੇਤਾ ਪੀਟਰ ਬਿਸਟ੍ਰੋਨ ਅਤੇ ਐਰਿਕ ਜੈਮਰ ਵੀ ਅਗਵਾਈ ਕਰ ਰਹੇ ਸਨ। ਆਸਟਰੇਲੀਆ ਵਿੱਚ ਭਾਰਤੀ ਪ੍ਰਵਾਸੀਆਂ ਵਿਰੁੱਧ ਕੀਤੇ ਵਿਖਾਵੇ ਦੇਸ਼ ਦੀ ਸੱਜ ਪਿਛਾਖੜ ‘ਵੰਨ ਨੇਸ਼ਨ’ ਪਾਰਟੀ ਅਤੇ ਨਵ ਨਾਜ਼ੀ ਗਰੁੱਪ ਵੱਲੋਂ ਆਯੋਜਿਤ ਕੀਤੇ ਗਏ। ਉਹਨਾਂ ਵੱਲੋਂ ਇਹ ਵਿਖਾਵੇ ਸਿਡਨੀ, ਮੈਲਬੋਰਨ, ਬ੍ਰਿਸਬੇਨ ਅਤੇ ਕੈਨਬਰਾ ਸਮੇਤ ਕਈ ਸ਼ਹਿਰਾਂ ਵਿੱਚ ਕੀਤੇ ਗਏ।
ਭਾਰਤੀਆਂ ਨੇ ਉਹਨਾਂ ਦੇ ਵਿਰੋਧ ਵਿੱਚ ਸਮਾਨਾਂਤਰ ਪ੍ਰਦਸ਼ਨ ਕੀਤੇ, ਜਿਨ੍ਹਾਂ ਦੀ ਮੈਲਬੋਰਨ ਵਿੱਚ ਮਾਰਚ ਫਾਰ ਆਸਟਰੇਲੀਆ ਨਾਲ ਝੜਪ ਵੀ ਹੋਈ। ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਦੀ ਲੇਬਰ ਪਾਰਟੀ ਸਰਕਾਰ ਨੇ ਇਸ ਨੂੰ ਨਸਲੀ ਅਤੇ ਨਵ-ਨਾਜ਼ੀ ਕਾਰਵਾਈ ਦੱਸਦਿਆਂ ਕਿਹਾ ਕਿ ਸਰਕਾਰ ਸਮਾਜ ਨੂੰ ਵੰਡਣ ਵਾਲੀਆਂ ਅਤੇ ਨਫਰਤ ਫੈਲਾਉਣ ਵਾਲੀਆਂ ਅਜਿਹੀਆਂ ਤਾਕਤਾਂ ਦਾ ਵਿਰੋਧ ਕਰਦੀ ਹੈ। ਭਾਰਤੀਆਂ ਦਾ ਵਿਰੋਧ ਕਰਨ ਵਾਲੇ ਇਹ ਲੋਕ ਪ੍ਰਵਾਸੀਆਂ ਨੂੰ ਰੋਜ਼ਗਾਰ, ਵੇਤਨ, ਮਹਿੰਗਾਈ, ਘਰਾਂ ਦੀ ਥੋੜ, ਟਰੈਫਿਕ, ਵਾਟਰ ਸਪਲਾਈ, ਸਿਹਤ ਸਹੂਲਤਾਂ ਵਿੱਚ ਕਮੀ ਅਤੇ ਜੁਰਮਾਂ ਲਈ ਜ਼ਿੰਮੇਵਾਰ ਦੱਸਦੇ ਹਨ। ਲੇਬਰ ਪਾਰਟੀ ਸਰਕਾਰ ਅਤੇ ਸੱਜੇ ਪੱਖੀ ਲਿਬਰਲ ਪਾਰਟੀ ਦੀ ਵਿਰੋਧੀ ਧਿਰ ਦੇ ਆਗੂਆਂ ਨੇ ਮਾਰਚ ਫਾਰ ਆਸਟਰੇਲੀਆਂ ਦੀਆਂ ਰੈਲੀਆਂ ਵਿੱਚ ਸੱਜ ਪਿਛਾਖੜ ਅੱਤਵਾਦੀਆਂ ਦੀ ਸ਼ਮੂਲੀਅਤ ਤੇ ਚਿੰਤਾ ਜਤਾਈ। ਮਾਰਚ ਫਾਰ ਆਸਟਰੇਲੀਆਂ ਦੀ ਕਾਰਵਾਈ ਭਾਰਤੀ ਪ੍ਰਵਾਸੀਆਂ ਵੱਲ ਸੇਧਤ ਸੀ, ਜਿਨ੍ਹਾਂ ਦੀ ਗਿਣਤੀ ਉਹਨਾਂ ਅਨੁਸਾਰ ਸਭ ਤੋਂ ਤੇਜ਼ੀ ਨਾਲ ਵਧ ਰਹੀ ਹੈ।
ਇੱਥੇ ਇਹ ਦੱਸਣਾ ਜ਼ਰੂਰੀ ਹੈ ਕਿ ਭਾਰਤੀ ਪ੍ਰਵਾਸੀਆਂ ਦਾ ਵਿਰੋਧ ਕਰਨ ਵਾਲੇ ਇਹ ਲੋਕ ਵੀ ਪੁਰਾਤਨ ਆਸਟਰੇਲੀਅਨ ਨਹੀਂ ਅਤੇ ਉਹਨਾਂ ਦੇ ਵੱਡੇ ਵਡੇਰੇ ਵੀ ਯੂਰਪੀ ਦੇਸ਼ਾਂ ਜਾਂ ਹੋਰ ਥਾਂਵਾਂ ਤੋਂ ਆਏ ਸਨ। ਮਾਰਚ ਫਾਰ ਆਸਟਰੇਲੀਆ ਵਾਲੇ ਇਹ ਰੂੜ੍ਹੀਵਾਦੀ ਆਸਟਰੇਲੀਆ ਦੇ ਲੋਕਾਂ ਦੀ ਪ੍ਰਤੀਨਿਧਤਾ ਨਹੀਂ ਕਰਦੇ ਸਗੋਂ ਉਹ ਇੱਕ ਨਸਲਵਾਦੀ ਗਰੁੱਪ ਹੈ, ਜੋ ਦੇਸ਼ ਦੀ ਮੁੱਖ ਧਾਰਾ ਤੋਂ ਕੱਟੇ ਹੋਏ ਹਨ। ਆਸਟਰੇਲੀਆ ਦੇ ਪ੍ਰਾਚੀਨ ਬਾਸ਼ਿੰਦੇ ਉਹ ਹਨ, ਜ੍ਹਿਨ੍ਹਾਂ ਨੂੰ 1788 ਵਿੱਚ ਆਏ ਧਾੜਵੀਆਂ ਨੇ ਐਬੋਰੀਜਨਲ ਦਾ ਨਾਂ ਦਿੱਤਾ। ਉਹ ਆਦਿਵਾਸੀਆਂ ਵਰਗੇ ਸਨ, ਜੋ ਸ਼ਿਕਾਰ ਅਤੇ ਮੱਛੀ ’ਤੇ ਗੁਜ਼ਾਰਾ ਕਰਦੇ ਸਨ। ਉਹਨਾਂ ਨੂੰ ਜੰਗਲਾਂ ਵਲ ਖਦੇੜ ਦਿੱਤਾ ਅਤੇ ਉਹਨਾਂ ਦੀ ਨਸਲਕੁਸ਼ੀ ਕੀਤੀ ਗਈ। ਉਹਨਾਂ ਦੀ ਅਬਾਦੀ 2021 ਦੀ ਜਨਗਣਨਾ ਅਨੁਸਾਰ ਆਸਟਰੇਲੀਆ ਦੀ ਕੁੱਲ 2,54,23,000 ਵਿੱਚੋਂ ਕੇਵਲ 8,12,000 ਹੀ ਸੀ। ਆਸਟਰੇਲੀਆ ਦੀ ਲਗਭਗ ਤੀਸਰਾ ਹਿੱਸਾ ਅਬਾਦੀ ਉਹਨਾਂ ਲੋਕਾਂ ਦੀ ਹੈ, ਜਿਹੜੇ ਇਸ ਦੇਸ਼ ਵਿੱਚ ਨਹੀਂ ਜਨਮੇ। ਜਦੋਂ 1788 ਵਿੱਚ 11 ਜਹਾਜ਼ਾਂ ਦਾ ਬਹਿਰੀ ਬੇੜਾ ਆਸਟਰੇਲੀਆ ਦੇ ਤੱਟ ’ਤੇ ਪੁੱਜਾ, ਉਦੋਂ ਬਰਤਾਨਵੀ ਸਰਕਾਰ ਦਾ ਮਨੋਰਥ ਕੈਦੀਆਂ ਨੂੰ ਉੱਥੇ ਪਹੰਚਾਉਣਾ ਹੀ ਸੀ।
ਗਾਜ਼ਾ ਵਿੱਚ ਫਲਸਤੀਨੀਆਂ ਦੀ ਨਸਲਕੁਸ਼ੀ ਅਤੇ ਔਰਤਾਂ ਬੱਚਿਆਂ ਸਮੇਤ ਭੁੱਖ ਅਤੇ ਗੋਲੀਆਂ ਨਾਲ ਮਾਰੇ ਜਾ ਰਹੇ ਹਜ਼ਾਰਾਂ ਲੋਕਾਂ ਦੇ ਹੱਕ ਵਿੱਚ ਇਜ਼ਰਾਈਲ ਵਿਰੁੱਧ ਆਸਟਰੇਲੀਆ ਵਿੱਚ ਅਗਸਤ ਮਹੀਨੇ ਕੀਤੀਆਂ ਗਈਆਂ ਵਿਸ਼ਾਲ ਰੈਲੀਆਂ, ਜ੍ਹਿਨਾਂ ਵਿੱਚ ਵੱਡੀ ਗਿਣਤੀ ਭਾਰਤੀਆਂ ਨੇ ਭਾਗ ਲਿਆ ਸੀ, ਨੇ ਵੀ ਮਾਰਚ ਫਾਰ ਆਸਟਰੇਲੀਆ ਨੂੰ ਰੈਲੀਆਂ ਕਰਨ ਲਈ ਉਕਸਾਇਆ। ਪਰ ਜਿਸ ਤਰ੍ਹਾਂ ਮਾਰਚ ਫਾਰ ਆਸਟਰੇਲੀਆ ਵਾਲਿਆਂ ਨੇ ਭਾਰਤੀਆਂ ਨੂੰ ਨਖੇੜ ਕੇ ਨਿਸ਼ਾਨਾ ਬਣਾਇਆ ਹੈ, ਉਸਨੇ ਇੱਧਰ ਵੀ ਚਿੰਤਾ ਵਧਾ ਦਿੱਤੀ ਹੈ ਕਿਉਂਕਿ 2008 ਵਿੱਚ ਆਸਟਰੇਲੀਆ ਵਿੱਚ ਭਾਰਤੀ ਵਿਦਿਆਰਥੀਆਂ ’ਤੇ ਜਾਨ ਲੇਵਾ ਨਸਲੀ ਹਮਲੇ ਹੋਏ ਸਨ। ਸਿਡਨੀ ਦੇ ਵਿਸ਼ਵ ਪ੍ਰਸਿੱਧ ਹਾਰਬਰ ਬਰਿੱਜ ’ਤੇ ਕੀਤੇ ਗਏ ਵਿਸ਼ਾਲ ਮਾਰਚ ਨੂੰ ਪੁਲ ਪਾਰ ਕਰਨ ਲਈ 3 ਘੰਟੇ ਦਾ ਸਮਾਂ ਲੱਗਾ। ਪੁਲਿਸ ਨੇ ਚਿਤਾਵਨੀ ਦਿੱਤੀ ਕਿ ਇੰਨੀ ਵੱਡੀ ਭੀੜ ਵਿੱਚ ਜਾਨਾਂ ਜਾਂ ਸਕਦੀਆਂ ਹਨ, ਇਸ ਲਈ ਮਾਰਚ ਵਾਪਸ ਵਿਨਯਾਰਡ ਨੂੰ ਪਰਤ ਜਾਵੇ। ਪੁਲਿਸ ਬੰਦੋਬਸਤ ਵਿੱਚ 1000 ਪੁਲਿਸ ਕਰਮੀ ਅਤੇ ਉੱਪਰ ਇੱਕ ਹੈਲੀਕਾਪਟਰ ਤਾਇਨਾਤ ਕੀਤਾ ਗਿਆ। ਕਰਾਊਂਡ ਸੇਫਟੀ ਮੈਨੇਜਮੈਂਟ ਨੇ ਹਾਰਬਰ ਬਰਿੱਜ ਮਾਰਚ ਵਿੱਚ ਲੋਕਾਂ ਦੀ ਗਿਣਤੀ ਸਵਾ ਦੋ ਲੱਖ ਤੋਂ 3 ਲੱਖ ਤਕ ਦੱਸੀ।
ਡਿਪਟੀ ਪੁਲਿਸ ਕਮਿਸ਼ਨਰ ਪੀਟਰ ਮਕੈਨਾ ਨੇ ਕਿਹਾ ਕਿ ਉਸਨੇ ਆਪਣੇ 35 ਸਾਲ ਦੇ ਸੇਵਾ ਕਾਲ ਵਿੱਚ ਇੰਨਾ ਵੱਡਾ ਇਕੱਠ ਕਦੇ ਨਹੀਂ ਦੇਖਿਆ। ਵਿਦੇਸ਼ ਮੰਤਰੀ ਪੈਨੀ ਵੌਂਗ ਨੇ ਕਿਹਾ ਕਿ ਇੰਨੀ ਵਿਸ਼ਾਲ ਭੀੜ ਦੇਖਕੇ ਉਸ ਨੂੰ ਹੈਰਾਨੀ ਨਹੀਂ ਹੋਈ, ਜੋ ਭੁੱਖ ਨਾਲ ਮਾਰੇ ਜਾ ਰਹੇ ਔਰਤਾਂ ਬੱਚਿਆਂ ਨੂੰ ਭੇਜੀ ਜਾ ਰਹੀ ਮਦਦ ਇਜ਼ਰਾਈਲ ਵੱਲੋਂ ਰੋਕੇ ਜਾਣ ਦੀ ਪੀੜ ਲਈ ਹਮਦਰਦੀ ਦੀ ਤਰਜਮਾਨੀ ਕਰਦੀ ਹੈ। ਦੂਸਰੇ ਪਾਸੇ ਮਾਰਚ ਫਾਰ ਆਸਟਰੇਲੀਆ ਦੇ ਵਿਖਾਵਿਆਂ ਦੀ ਗਿਣਤੀ ਵੱਖ ਵੱਖ ਸ਼ਹਿਰਾਂ ਵਿੱਚ 5 ਹਜ਼ਾਰ ਤੋਂ 8 ਹਜ਼ਾਰ ਤਕ ਹੀ ਸੀ।
2009 ਦੇ ਆਖਰੀ ਮਹੀਨੇ ਅਤੇ 2010 ਦੇ ਸ਼ੁਰੂ ਵਿੱਚ ਮੈਂ ਸਿਡਨੀ ਵਿਖੇ ਆਪਣੇ ਬੇਟਿਆਂ ਕੋਲ ਗਿਆ ਹੋਇਆ ਸਾਂ। ਉਦੋਂ ਕਰਿਸਮਸ ਅਤੇ ਨਵੇਂ ਸਾਲ ਦੀਆਂ ਰੌਣਕਾਂ ਵਿੱਚ ਖਬਰਾਂ ਆ ਰਹੀਆਂ ਸਨ ਕਿ ਸ੍ਰੀ ਲੰਕਾ ਦੇ 242 ਤਾਮਿਲ ਪਨਾਹਗੀਰਾਂ ਨਾਲ ਲੱਦੀ ਕਿਸ਼ਤੀ 12 ਹਫਤਿਆਂ ਤੋਂ ਇੰਡੋਨੇਸ਼ੀਆ ਦੀ ਮੇਰਾਕ ਬੰਦਰਗਾਹ ’ਤੇ ਰੁਕੀ ਹੋਈ ਹੈ, ਜਿਨ੍ਹਾਂ ਨੇ ਇੰਡੋਨੇਸ਼ੀਆ ਉੱਤਰਨ ਤੋਂ ਨਾਂਹ ਕਰ ਦਿੱਤੀ ਸੀ। ਇਨ੍ਹਾਂ ਵਿੱਚੋਂ ਔਰਤਾਂ ਅਤੇ ਬੱਚਿਆਂ ਸਮੇਤ 16 ਤਾਮਿਲ ਆਸਟਰੇਲੀਆ ਵਿੱਚ ਸ਼ਰਨ ਲੈਣ ਲਈ ਲਿਆਂਦੇ ਜਾ ਰਹੇ ਸਨ, ਜਦੋਂ ਕਿ ਬਾਕੀਆਂ ਵਿੱਚੋਂ 21 ਅਮਰੀਕਾ ਤੇ 3 ਨਾਰਵੇ ਨੂੰ ਭੇਜੇ ਜਾ ਰਹੇ ਸਨ। ਇਹ ਸਭ ਲੇਬਰ ਪਾਰਟੀ ਦੀ ਕੈਵਿਨ ਰੱਡ ਸਰਕਾਰ ਦੀ ਪਹਿਲਕਦਮੀ ’ਤੇ ਹੋ ਰਿਹਾ ਸੀ। ਇਸਦੇ ਨਾਲ ਹੀ ਖਬਰ ਸੀ ਕਿ ਥਾਈਲੈਂਡ ਦੇ ਸ਼ਰਨਾਰਥੀ ਕੈਂਪ ਵਿੱਚੋਂ ਹਮਾਂਗ ਪਨਾਹਗੀਰਾਂ ਨੂੰ ਆਸਟੇਲੀਆਂ ਵਿੱਚ ਸ਼ਰਨ ਦਿੱਤੀ ਜਾਵੇਗੀ। ਵਿਰੋਧੀ ਧਿਰ ਦੇ ਆਗੂ ਲਿਬਰਲ ਪਾਰਟੀ ਨੇਤਾ ਟੋਨੀ ਐਬਟ ਵੱਲੋਂ ਇਨ੍ਹਾਂ ਨੂੰ ਆਸਟਰੇਲੀਆ ਵਸਾਉਣ ਲਈ ਸਰਕਾਰ ਦੀ ਆਲੋਚਨਾ ਕੀਤੀ ਜਾ ਰਹੀ ਸੀ। ਇੱਥੇ ਪ੍ਰੋ. ਲਾਰੀਸਾ ਬੈਹਰੈਂਟ ਦੀ ਟਿੱਪਣੀ ਬੜੀ ਢੁਕਵੀਂ ਹੈ, ਜਦੋਂ ਹਾਵਰਡ ਸਰਕਾਰ ਵੇਲੇ ਇੰਡੋਨੇਸ਼ੀਆ ਤੋਂ ਕਿਸ਼ਤੀਆਂ ਰਾਹੀਂ ਆ ਰਹੇ ਲੋਕਾਂ ਨੂੰ ਵਾਪਸ ਧੱਕਿਆ ਜਾ ਰਿਹਾ ਸੀ ਤਾਂ ਕੈਂਬਰਲੀ ਤੋਂ ਉੱਪਰਲੇ ਸਦਨ ਦੇ ਐਬੋਰਿਜਨਲ ਮੈਂਬਰ ਨੇ ਪ੍ਰਵਾਸ ਮੰਤਰੀ ਫਿਲਿਪ ਰੂਡੌਕ ਕੋਲ ਜਾ ਕੇ ਵਿਅੰਗ ਵਿੱਚ ਕਿਹਾ, “ਮੈਨੂੰ ਪਤਾ ਹੈ, ਤੁਸੀਂ ਕਿਸ਼ਤੀਆਂ ਵਾਲੇ ਲੋਕਾਂ ਤੋਂ ਭੈਭੀਤ ਕਿਉਂ ਹੋ। ਅਸਾਂ ਤੁਹਾਨੂੰ 1788 ਵਿੱਚ ਇੱਥੇ ਵੜਨ ਦਿੱਤਾ ਅਤੇ ਦੇਖੋ ਸਾਡੇ ਨਾਲ ਕੀ ਵਾਪਰ ਗਿਆ ਹੈ।”
ਯੂ.ਕੇ ਵਿੱਚ ਵੀ ਪ੍ਰਵਾਸ ਵਿਰੋਧੀ ਹੁਣ ਇਸੇ ਤਰ੍ਹਾਂ ਪ੍ਰਵਾਸੀਆਂ ਨਾਲ ਲੱਦੀ ਕਿਸ਼ਤੀ ਨੂੰ ਇੰਗਲਿਸ਼ ਚੈੱਨਲ ਵਿੱਚ ਰੋਕਣ ਦੀ ਮੰਗ ਕਰ ਰਹੇ ਹਨ। ਆਸਟਰੇਲੀਆ, ਜਿੱਥੇ ਨਸਲਵਾਦੀ ਨਫਰਤ ਦਾ ਵਿਰੋਧ ਕਰ ਰਿਹਾ ਹੈ, ਉੱਥੇ ਉਹ ਫਲਸਤੀਨੀਆਂ ਦੀ ਕਤਲੋਗਾਰਤ ਵਿਰੁੱਧ ਲੋਕ ਰਾਏ ਪੈਦਾ ਕਰਕੇ ਅੰਤਰਾਸ਼ਟਰੀ ਭਾਈਚਾਰੇ ਨੂੰ ਇਜ਼ਰਾਈਲ ਉੱਤੇ ਜੰਗਬੰਦੀ ਲਈ ਦਬਾਅ ਬਣਾਉਣ ਵਾਸਤੇ ਵੀ ਯਤਨਸ਼ੀਲ ਹੈ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (