SohanLGupta7ਉਸਨੇ ਥੋੜ੍ਹਾ ਜਿਹਾ ਗੁੱਸੇ ਹੁੰਦੇ ਕਿਹਾ ਕਿ ਸੀਮੈਂਟ ਦੇ ਇਕ ਥੈਲੇ ਦੇ ਬਕਾਇਆ ਰਹਿ ਗਏ ਪੈਸੇ ...
(7 ਅਕਤੂਬਰ 2025)

 

ਬਹੁਤ ਸਾਲ ਪਹਿਲਾਂ ਦੀ ਗੱਲ ਹੈ, ਮੈਂ ਸ਼ਾਹਕੋਟ ਦੇ ਯੋਗ ਕੇਂਦਰ ਵਿੱਚ ਸ਼ਾਮ ਨੂੰ ਸੈਰ ਕਰ ਰਿਹਾ ਸੀ। ਮੇਰੇ ਨਾਲ ਮੇਰਾ ਦੋਹਤਾ ਤੇਜਲ ਸੀ। ਉੱਥੋਂ ਦਾ ਚੌਕੀਦਾਰ ਗੁੱਸੇ ਵਿੱਚ ਉੱਚੀ-ਉੱਚੀ ਬੋਲ ਰਿਹਾ ਸੀ। ਮੇਰੇ ਪੁੱਛਣ ’ਤੇ ਪਤਾ ਲੱਗਿਆ ਕਿ ਉਸ ਚੌਕੀਦਾਰ ਦੇ ਦੋ ਹਜ਼ਾਰ ਰੁਪਏ ਚੋਰੀ ਹੋ ਗਏ ਸਨ। ਚੌਕੀਦਾਰ ਦੀ ਰਿਹਾਇਸ਼ ਯੋਗ ਕੇਂਦਰ ਦੇ ਗੇਟ ਦੇ ਨਾਲ ਬਣੇ ਕਮਰੇ ਵਿੱਚ ਸੀ। ਚੌਕੀਦਾਰ ਦੀ ਬੇਟੀ ਦੇ ਬੱਚਾ ਹੋਇਆ ਹੋਣ ਕਰਕੇ ਉਸਨੇ ਪੰਜੀਰੀ ਭੇਜਣੀ ਸੀ। ਇਸੇ ਕਰਕੇ ਉਹ ਤਨਖਾਹ ਦੀ ਰਕਮ ਚੋਰੀ ਹੋਣ ਕਰਕੇ ਗੁੱਸੇ ਵਿੱਚ ਗਾਲ੍ਹਾਂ ਵੀ ਕੱਢ ਰਿਹਾ ਸੀ। ਮੈਂ ਚੌਕੀਦਾਰ ਕੋਲ ਗਿਆ। ਮੈਂ ਉਸਨੂੰ 1500 ਰੁਪਏ ਦਿੰਦੇ ਹੋਏ ਕਿਹਾ ਕਿ 500 ਰੁਪਏ ਮੈਂ ਏਟੀਐੱਮ ਵਿੱਚੋਂ ਕਢਾ ਕੇ ਸਵੇਰੇ ਭੇਜ ਦਿਆਂਗਾ। ਉਸ ਦਾ ਗੁੱਸਾ ਸ਼ਾਂਤ ਹੋ ਗਿਆ ਸੀ। ਮੈਂ ਫਿਰ ਸੈਰ ਕਰਨ ਤੁਰ ਪਿਆ। ਮੈਂ ਸੁਣਿਆ, ਚੌਕੀਦਾਰ ਕਿਸੇ ਨੂੰ ਕਹਿ ਰਿਹਾ ਸੀ, “ਔਹ ਦੇਖੋ ਪਟਿਆਲੇ ਆਲਾ ਬਾਬੂ ਹੀ ਚੰਗਾ ਰਿਹਾ, ਜਿਸਨੇ ਮੈਨੂੰ 1500 ਦੇ ਦਿੱਤੇ।”

ਅਸਲ ਵਿੱਚ ਚੌਕੀਦਾਰ ਸਵੇਰ ਤੋਂ ਹੀ ਆਪਣਾ ਦੁੱਖ ਯੋਗ ਕੇਂਦਰ ਵਿੱਚ ਆ ਰਹੇ ਲੋਕਾਂ ਨੂੰ ਸੁਣਾ ਰਿਹਾ ਸੀ। ਸਾਰੇ ਸਲਾਹ ਦਿੰਦੇ ਰਹੇ ਕਿ ਪੈਸੇ ਸੰਭਾਲ ਕੇ ਰੱਖਣੇ ਸਨ। ਕਿਸੇ ਨੇ ਕਿਹਾ ਕਿ ਆਪਣੇ ਕਮਰੇ ਵਿੱਚ ਗਲਤ ਬੰਦੇ ਨੂੰ ਨਾ ਬਿਠਾਇਆ ਕਰੇ। ਸਲਾਹਾਂ ਦੇਣ ਦੇ ਨਾਲ-ਨਾਲ ਜੇ ਉਹ ਆਪਸ ਵਿੱਚ 100-100 ਰੁਪਏ ਵੀ ਇਕੱਠਾ ਕਰਦੇ ਤਾਂ ਚੌਕੀਦਾਰ ਦੀ ਮਦਦ ਹੋ ਜਾਂਦੀ। ਮੈਥੋਂ ਉਸਨੇ ਕਿਹੜਾ ਪੈਸੇ ਮੰਗੇ ਸਨ ਅਤੇ ਜੇ ਮੈਂ ਚਾਹੁੰਦਾ, ਉਸਦੀ ਗੱਲ ਅਣਸੁਣੀ ਕਰ ਦਿੰਦਾ ਪਰ ਮੈਂ ਉਸਦਾ ਦੁੱਖ ਘਟਾਉਣ ਵਿੱਚ ਯੋਗਦਾਨ ਪਾਉਣਾ ਠੀਕ ਸਮਝਿਆ। ਚੌਕੀਦਾਰ ਦੇ ਨਾਂਹ ਕਹਿਣ ਦੇ ਬਾਵਜੂਦ ਮੈਂ 500 ਰੁਪਏ ਉਸ ਨੂੰ ਦੂਜੇ ਦਿਨ ਸਵੇਰੇ ਭੇਜ ਦਿੱਤੇ।

 4 ਕੁ ਸਾਲ ਪਹਿਲਾਂ ਮੈਂ ਇਕ ਵਾਰ ਕਾਲੋਨੀ ਵਿੱਚ ਲੰਘਿਆ ਜਾ ਰਿਹਾ ਸੀ। ਸਾਹਮਣੇ ਤੋਂ ਔਰਤ ਆ ਰਹੀ ਸੀ, ਜਿਹੜੀ ਛੇ ਕੁ ਮਹੀਨਾਂ ਪਹਿਲਾਂ ਸਾਡੇ ਰਿਸ਼ਤੇਦਾਰ ਦੇ ਘਰ ਬਰਤਨ ਵਗੈਰਾ ਦੀ ਸਫਾਈ ਦਾ ਕੰਮ ਕਰਿਆ ਕਰਦੀ ਸੀ। ਉਸਨੇ ਮੈਨੂੰ ਨਮਸਤੇ ਬੁਲਾਈ। ਮੈਂ ਰੁਕ ਗਿਆ। ਗੱਲਾਂ ਕਰਦੇ ਸਮੇਂ ਉਸ ਗਰੀਬ ਔਰਤ ਨੇ ਆਪਣਾ ਦੁੱਖ ਦੱਸਿਆ ਕਿ ਸਾਡੇ ਰਿਸ਼ਤੇਦਾਰ ਦੀ ਘਰ ਦੀ ਮਾਲਕਣ ਨੇ ਉਸਦੀ ਪਗਾਰ (ਤਨਖਾਹ) ਵਿੱਚੋਂ 500 ਰੁਪਏ ਨਾਜਾਇਜ਼ ਕੱਟ ਲਏ ਸਨ। ਇਹ ਸੁਣ ਕੇ ਮੈਂ ਉਸਨੂੰ ਤੁਰੰਤ 500 ਰੁਪਏ ਦੇ ਦਿੱਤੇ। ਉਸਨੇ ਲੈਣ ਤੋਂ ਇਨਕਾਰ ਵੀ ਬਹੁਤ ਕੀਤਾ। ਉਸ ਨੇ 500 ਰੁਪਏ ਕੱਟਣ ਵਾਲੀ ਗੱਲ ਮੈਨੂੰ ਸਹਿਜ ਸੁਭਾਅ ਹੀ ਕਹੀ ਸੀ ਅਤੇ ਨਾ ਹੀ ਉਸ ਨੂੰ ਪਤਾ ਸੀ ਕਿ ਮੈਂ ਉਸਨੂੰ 500 ਰੁਪਏ ਦੇ ਦਿਆਂਗਾ। ਮੈਂ ਉਸਦਾ ਰੋਸ ਅਤੇ ਦੁੱਖ ਦੂਰ ਕਰਨ ਅਤੇ ਰਿਸ਼ਤੇਦਾਰ ਦੀ ਬਦਨਾਮੀ ਹੋਣੋ ਰੋਕਣ ਲਈ ਪੈਸੇ ਦੇਣੇ ਜਰੂਰੀ ਸਮਝੇ। ਹੁਣ ਜੇ ਉਹ ਕਿਸੇ ਹੋਰ ਕੋਲ 500 ਰੁਪਏ ਕੱਟਣ ਵਾਲੀ ਗੱਲ ਕਰੇਗੀ ਤਾਂ ਨਾਲ ਇਹ ਵੀ ਤਾਂ ਕਹੇਗੀ ਕਿ ਉਨ੍ਹਾਂ ਦੇ ਅੰਕਲ ਨੇ ਪੈਸੇ ਦੇ ਦਿੱਤੇ ਸਨ।

ਕਾਫੀ ਪੁਰਾਣੀ ਗੱਲ ਹੈ, ਮੇਰੇ ਨਾਲ ਦੇ ਘਰ ਵਾਲੇ ਪਤੀ ਪਤਨੀ ਦੋਨੋਂ ਆਪਣੀ ਬੇਟੀ ਕੋਲ ਲੁਧਿਆਣੇ ਗਏ ਹੋਏ ਸਨ। ਇਕ ਸਰਦਾਰ ਜੀ ਉਨ੍ਹਾਂ ਦੇ ਗੇਟ ’ਤੇ ਖੜ੍ਹੇ ਘੰਟੀ ਵਜਾ ਰਹੇ ਸਨ। ਮੈਂ ਉਸ ਨੂੰ ਦੱਸਿਆ ਕਿ ਉਹ ਬਾਹਰ ਗਏ ਹੋਏ ਹਨ। ਉਸਨੇ ਥੋੜ੍ਹਾ ਜਿਹਾ ਗੁੱਸੇ ਹੁੰਦੇ ਕਿਹਾ ਕਿ ਸੀਮੈਂਟ ਦੇ ਇਕ ਥੈਲੇ ਦੇ ਬਕਾਇਆ ਰਹਿ ਗਏ ਪੈਸੇ ਲੈਣੇ ਸਨ। ਮੇਰੇ ਪੁੱਛਣ ’ਤੇ ਉਸਨੇ 520 ਰੁਪਏ ਦੱਸੇ। ਮੈਂ ਸਰਦਾਰ ਜੀ ਨੂੰ ਇਹ ਕਹਿ ਕੇ 520 ਦੇ ਦਿੱਤੇ ਕਿ ਮੈਂ ਆਪੇ ਆਪਣੇ ਗੁਆਂਢੀ ਕੋਲੋਂ ਲੈ ਲਵਾਂਗਾ। ਮੈਨੂੰ 520 ਰੁਪਏ ਦੇਣ ਦੀ ਖੁਸ਼ੀ ਹੋਈ ਕਿ ਇਸ ਨਾਲ ਸਰਦਾਰ ਜੀ ਦੇ ਮਨ ਵਿੱਚ ਸਾਡੇ ਨੇਕ-ਦਿਲ, ਇਮਾਨਦਾਰ ਗੁਆਂਢੀ ਬਾਰੇ ਵਧੀਆ ਵਿਚਾਰ ਹੀ ਬਣਿਆ ਰਿਹਾ। ਉਹ ਨੇਕ ਦਿਲ ਗੁਆਂਢੀ ਹੁਣ ਇਸ ਦੁਨੀਆ ਵਿੱਚ ਨਹੀਂ ਰਿਹਾ।

ਚਾਰ ਕੁ ਸਾਲ ਪਹਿਲਾਂ ਮੈਂ ਨੰਦੇੜ (ਮਹਾਰਾਸ਼ਟਰ) ਤੋਂ ਵਾਪਸੀ ਸਮੇਂ ਜੀਰਕਪੁਰ ਆਪਣੀ ਬੇਟੀ ਨਵਨੀਤ ਕੋਲ ਦੋ ਦਿਨ ਰਹਿਣ ਤੋਂ ਬਾਅਦ ਪਟਿਆਲੇ ਆਉਣ ਲਈ ਮੈਂ ਪੈਪਸੂ ਰੋਡਵੇਜ਼ ਦੀ ਬੱਸ ਵਿੱਚ ਬੈਠਾ ਸੀ। ਪੰਜਾਬੀ ਯਗ਼ੂਨਿਵਰਸਿਟੀ ਕੋਲ ਪਹੁੰਚਣ ’ਤੇ ਉੱਥੋਂ ਉਸ ਬੱਸ ਵਿੱਚ 3 ਕੁੜੀਆਂ ਅਤੇ 4- 5 ਮੁੰਡੇ ਪਿਛਲੀ ਖਿੜਕੀ ਰਾਹੀਂ ਚੜ੍ਹ ਗਏ। ਉਸ ਵੇਲੇ ਨਵਾਂ ਬੱਸ ਸਟੈਂਡ ਨਹੀਂ ਸੀ ਬਣਿਆ। ਕੰਡਕਟਰ ਬੱਸ ਦੇ ਵਿਚਕਾਰ ਸਵਾਰੀਆਂ ਦੀਆਂ ਟਿਕਟਾਂ ਕੱਟ ਰਿਹਾ ਸੀ। ਉਸ ਨੇ ਮੁੰਡਿਆਂ ਨੂੰ ਤਲਖੀ ਵਿੱਚ ਕਿਹਾ ਕਿ ਕਿਰਾਏ ਦੇ ਖੁੱਲ੍ਹੇ ਪੈਸੇ ਕੋਲ ਹੋਣੇ ਚਾਹੀਦੇ ਹਨ। ਕੁੜੀਆਂ ਕੋਲ ਤਾਂ ਆਧਾਰ ਕਾਰਡ ਸੀ, ਮੁੰਡਿਆਂ ਕੋਲ ਖੁੱਲ੍ਹੇ ਪੈਸੇ ਨਾ ਹੋਣ ਕਾਰਨ ਕੰਡਕਟਰ ਸੀਟੀ ਮਾਰ ਕੇ ਬੱਸ ਰੁਕਵਾਉਣ ਲੱਗਿਆ ਸੀ। ਮੈਂ ਆਪਣੀ ਸੀਟ ਕੋਲ ਖੜ੍ਹੀ ਸਵਾਰੀ ਨੂੰ 50 ਰੁਪਏ ਦਿੰਦੇ ਹੋਏ ਕਿਹਾ ਕਿ ਕੰਡਕਟਰ ਦੇ ਦੇਵੇ ਤਾਂ ਜੁ ਉਹ ਸਾਰੇ ਹੀ ਮੁੰਡਿਆਂ ਦੇ ਟਿਕਟਾਂ ਦੇ ਪੈਸੇ ਲੈ ਲਵੇ। ਮੈਂ ਨਹੀਂ ਸੀ ਚਾਹੁੰਦਾ ਕਿ ਯੂਨੀਵਰਸਿਟੀ ਵਿਚ ਪੜ੍ਹਦੇ ਨੌਜਵਾਨ ਵਿਦਿਆਰਥੀਆਂ ਨੂੰ ਲੜਕੀਆਂ ਅਤੇ ਸਵਾਰੀਆਂ ਸਾਹਮਣੇ ਬੱਸ ਵਿੱਚੋਂ ਉਤਾਰ ਕੇ ਸ਼ਰਮਸਾਰ ਕੀਤਾ ਜਾਂਦਾ।

ਮੈਂ ਪਟਿਆਲੇ ਕਿਤਾਬਾਂ ਵਾਲੇ ਬਜ਼ਾਰ ਵਿੱਚ ਇਕ ਦੁਕਾਨ ’ਤੇ ਦੋਹਤੇ ਲਈ 11ਵੀਂ ਕਲਾਸ ਦੀ ਕਿਤਾਬ ਖਰੀਦ ਰਿਹਾ ਸੀ। ਇੱਕ ਪਗੜੀਧਾਰੀ ਨੌਜਵਾਨ ਮੁੰਡੇ ਨੇ 12ਵੀਂ ਜਮਾਤ ਦੀ ਸਾਇੰਸ ਵਿਸ਼ੇ ਦੀ ਕਿਤਾਬ ਖਰੀਦੀ ਸੀ। ਕਿਤਾਬ ਖਰੀਦਣ ਲਈ ਉਸ ਕੋਲ 70 ਰੁਪਏ ਘਟ ਰਹੇ ਸਨ। ਉਹ ਆਪਣੇ ਪਿਤਾ ਨੂੰ ਇਸ ਸਬੰਧੀ ਫੋਨ ਕਰਕੇ ਦੱਸ ਰਿਹਾ ਸੀ। ਮੈਂ ਉਸਦੀ ਪ੍ਰੇਸ਼ਾਨੀ ਸਮਝ ਗਿਆ ਸੀ। ਮੈਂ ਦੁਕਾਨ ਦੇ ਕਾਉਂਟਰ ’ਤੇ ਬੈਠੇ ਮਾਲਕ ਨੂੰ ਕਿਹਾ ਕਿ ਉਸ ਮੁੰਡੇ ਵਾਲੇ 70 ਰੁਪਏ ਵੀ ਮੇਰੀ ਕਿਤਾਬ ਦੀ ਕੀਮਤ ਵਿਚ ਹੀ ਜੋੜ ਕੇ ਕੱਟ ਲਵੇ। ਉਸ ਵਿਦਿਆਰਥੀ ਨੇ ਮੈਥੋਂ ਫੋਨ ਨੰਬਰ ਅਤੇ ਘਰ ਦਾ ਪਤਾ ਪੁੱਛਿਆ ਤਾਂ ਜੋ ਉਹ ਮੇਰੇ ਪੈਸੇ ਵਾਪਸ ਕਰ ਸਕੇ। ਮੈਂ ਉਸਨੂੰ ਮੁਸਕਰਾ ਕੇ ਕਿਹਾ, “ਕੋਈ ਗੱਲ ਨਹੀਂ ਬੇਟਾ, ਤੁਸੀਂ ਵੀ ਸਾਡੇ ਬੱਚਿਆਂ ਵਰਗੇ ਹੀ ਹੋ।”

ਉਸ ਮੁੰਡੇ ਦੀ ਰਿਹਾਇਸ਼ ਪਤਾ ਨਹੀਂ ਕਿੰਨੀ ਕੁ ਦੂਰ ਸੀ। ਉਸਨੂੰ ਕਿਤਾਬ ਖਰੀਦਣ ਲਈ ਦੁਬਾਰਾ ਆਉਣਾ ਪੈਣਾ ਸੀ। ਮੇਰੇ ਵਲੋਂ 70 ਰੁਪਏ ਦੇਕੇ ਉਸਦੀ ਪ੍ਰੇਸ਼ਾਨੀ ਦੂਰ ਕਰਨਾ ਮੈਨੂੰ ਚੰਗਾ ਲੱਗਿਆ।

ਕੁਝ ਮਹੀਨੇ ਪਹਿਲਾਂ ਮੈਂ ਸਵੇਰੇ ਵੇਲੇ ਪਟਿਆਲੇ ਦੇ ਨਵੇਂ ਬੱਸ ਸਟੈਂਡ ਵਿੱਚ ਆਪਣੇ ਦੋਸਤ ਨੂੰ ਜਲੰਧਰ ਵਾਲੀ ਬੱਸ ਵਿੱਚ ਚੜ੍ਹਾਉਣ ਗਿਆ। ਪਟਿਆਲਾ, ਅੰਮ੍ਰਿਤਸਰ ਵਾਲੇ ਕਾਉਂਟਰ ਤੇ ਮੈਂ ਵੇਖਿਆ ਕਿ ਇਕ ਲੰਮੇ ਕੱਦ ਦੇ ਕਸ਼ਮੀਰੀ ਬੰਦੇ ਦੀ ਪੈਪਸੂ ਰੋਡਵੇਜ਼ ਦੀ ਬੱਸ ਦੇ ਕੰਡਕਟਰ ਨਾਲ ਉੱਚੀ ਉੱਚੀ ਬਹਿਸ ਹੋ ਰਹੀ ਸੀ। ਕਸ਼ਮੀਰੀ ਬੰਦੇ ਕੋਲ ਕੰਬਲਾਂ ਅਤੇ ਸ਼ਾਲਾਂ ਦਾ ਗੱਠੜ ਸੀ। ਕੰਡਕਟਰ ਉਸ ਗੱਠੜ ਦੀ ਪੂਰੀ ਟਿਕਟ ਕੱਟਣ ਅਤੇ ਗੱਠੜ ਨੂੰ ਬੱਸ ਦੀ ਡਿੱਕੀ ਵਿੱਚ ਹੀ ਰਖਾਉਣ ਦੀ ਜ਼ਿਦ ਕਰ ਰਿਹਾ ਸੀ। ਕਾਫੀ ਲੋਕ ਇਹ ਦ੍ਰਿਸ਼ ਵੇਖ ਰਹੇ ਸਨ। ਮੈਂ ਕਸ਼ਮੀਰੀ ਬੰਦੇ ਕੋਲ ਗਿਆ ਅਤੇ ਸਮਾਨ ਦੀ ਟਿਕਟ ਵਜੋਂ 500 ਰੁਪਏ ਦਾ ਨੋਟ ਉਸ ਨੂੰ ਦੇਣਾ ਚਾਹਿਆ। ਉਸਨੇ ਮੇਰੇ ਜੋਰ ਲਾਉਣ ਦੇ ਬਾਵਜੂਦ 500 ਰੁਪਏ ਵਾਪਸ ਮੇਰੀ ਜੇਬ ਵਿੱਚ ਪਾ ਦਿੱਤੇ। ਉਸ ਨੇ ਮੈਨੂੰ ਗਲਵੱਕੜੀ ਵਿੱਚ ਲੈ ਲਿਆ। ਉਸਨੇ ਕਿਹਾ, “ਆਪ ਕਾ ਬਹੁਤ ਸ਼ੁਕਰੀਆ।”

ਇਸ ਦੌਰਾਨ ਵੇਖਿਆ ਕਿ ਕੰਡਕਟਰ ਅਤੇ ਕਸ਼ਮੀਰੀ ਬੰਦੇ ਦੀ ਗੁੱਸੇ ਵਾਲੀ ਬਹਿਸ ਖਤਮ ਹੋ ਗਈ ਸੀ। ਕਸ਼ਮੀਰੀ ਬੰਦਾ ਖੁਸ਼ੀ ਨਾਲ ਉਸ ਬੱਸ ਵਿੱਚ ਸਮਾਨ ਰੱਖ ਕੇ ਚੜ੍ਹ ਗਿਆ। 500 ਰੁਪਏ ਦੇਣ ਵੇਲੇ ਮੇਰੇ ਮਨ ਵਿੱਚ ਇਕ ਗੱਲ ਇਹ ਵੀ ਸੀ ਕਿ ਉਹ ਗੱਠੜ ਦੇ ਕਿਰਾਏ ਦੀ ਮਾੜੀ ਯਾਦ ਕਸ਼ਮੀਰ ਆਪਣੇ ਨਾਲ ਨਾ ਲੈ ਕੇ ਜਾਵੇ ਅਤੇ ਆਪਣੇ ਸਕੇ-ਸਬੰਧੀਆਂ ਨੂੰ “ਪੰਜਾਬ ਕੀ ਬੱਸੋਂ ਮੇਂ ਲੋਗ ਹਮਾਰੀ ਬਹੁਤ ਲੂਟ ਕਰਤੇ ਹੈਂ।” ਵਰਗੇ ਸ਼ਬਦ ਵਰਤ ਕੇ ਕਿਤੇ ਪੰਜਾਬ ਦੀ ਬਦਨਾਮੀ ਨਾ ਕਰ ਦੇਵੇ।

ਇਹ ਗੱਲਾਂ ਲਿਖਣ ਤੋਂ ਮੇਰਾ ਮੰਤਵ ਆਪਣੀ ਸਿਫਤ ਆਪ ਕਰਨਾ ਨਹੀਂ ਹੈ। ਮੈਂ ਵੱਡਾ ਦਾਨੀ ਵੀ ਨਹੀਂ ਹਾਂ। ਜੇ ਦੋ ਬੰਦੇ ਆਪਸ ਵਿੱਚ ਲੜ ਰਹੇ ਹੋਣ ਤਾਂ ਉਨ੍ਹਾ ਨੂੰ ਛੁਡਾਉਣਾ ਵੀ ਮੇਰੇ ਵੱਸ ਦੀ ਗੱਲ ਨਹੀਂ। ਇਹ ਗੱਲ ਪੱਕੀ ਹੈ ਕਿ ਲੋਕਾਂ ਵਿੱਚ ਵਿਚਰਨ ਲੱਗਿਆਂ ਜੇ ਮੇਰੇ ਸਾਹਮਣੇ ਕੁਝ ਰੁਪਇਆਂ ਕਰਕੇ ਝਗੜਾ ਹੋਣ ਦੀ ਸੰਭਾਵਨਾ ਲਗਦੀ ਹੋਵੇ ਤਾਂ ਮੈਂ ਪੈਸੇ ਪੱਲਿਉਂ ਦੇ ਕੇ ਉਸ ਨੂੰ ਟਾਲਣ ਦੀ ਸੱਚੇ ਦਿਲੋਂ ਕੋਸ਼ਿਸ਼ ਜਰੂਰ ਕਰਦਾ ਹਾਂ।

ਬੱਸਾਂ ਵਿੱਚ ਹਰ ਰੋਜ਼ ਕਿਰਾਏ ਸਬੰਧੀ ਝਗੜੇ ਹੋਣਾ ਆਮ ਗੱਲ ਹੈ। ਮਿਸਾਲ ਵੱਜੋਂ ਅਖਬਾਰ ਵਿੱਚ ਛਪੀ ਇਕ ਘਟਨਾ ਦਾ ਜ਼ਿਕਰ ਕਰਨਾ ਬਣਦਾ ਹੈ। ਜਗਰਾਉਂ ਦੇ ਪਿੰਡਾਂ ਵੱਲ ਜਾ ਰਹੀ ਪੰਜਾਬ ਰੋਡਵੇਜ਼ ਦੀ ਬੱਸ ਵਿੱਚ ਨੌਜਵਾਨ ਕੁੜੀ, ਮੁੰਡਾ ਬੈਠੇ ਸਨ। ਕੁੜੀ ਕੋਲ ਆਧਾਰ ਕਾਰਡ ਸੀ, ਮੁੰਡੇ ਨੇ ਟਿਕਟ ਨਹੀਂ ਕਟਵਾਈ। ਕੰਡਕਟਰ ਅਤੇ ਨੌਜਵਾਨ ਦੀ ਬਹਿਸ ਧਮਕੀਆਂ ਤੱਕ ਪਹੁੰਚ ਗਈ। ਮੁੰਡ, ਕੁੜੀ ਦਾ ਪਿੰਡ ਆ ਗਿਆ। ਬੱਸ ਰੁਕ ਗਈ। ਮੁੰਡੇ ਨੇ ਮੋਬਾਈਲ ’ਤੇ ਸੁਨੇਹੇ ਭੇਜ ਕੇ ਪੰਜ ਜੋਸ਼ੀਲੇ ਨੌਜਵਾਨ ਬੁਲਾ ਰੱਖੇ ਸਨ। ਉਨ੍ਹਾਂ ਨੇ ਕੰਡਕਟਰ ਦੀ ਕੁੱਟ ਮਾਰ ਕਰਕੇ ਖੂਨ ਵਗਣ ਲਾ ਦਿੱਤਾ। ਖਿੱਚ ਧੂਹ ਵਿੱਚ ਕੰਡਕਟਰ ਦੇ 7500 ਰੁਪਏ ਅਤੇ ਸੋਨੇ ਦੀ ਚੈਨੀ ਗੁਆਚ ਗਈ। ਪੰਜਾਂ ਨੌਜਵਾਨਾਂ ਅਤੇ ਲੜਕੀ ਖਿਲਾਫ ਥਾਣੇ ਵਿੱਚ ਰਿਪੋਰਟ ਦਰਜ ਹੋ ਗਈ। ਦੋਹਾਂ ਧਿਰਾਂ ਦੇ ਮਨਾਂ ਵਿੱਚ ਲੰਮੇ ਸਮੇਂ ਲਈ ਨਫਰਤ, ਰੰਜਿਸ਼, ਕ੍ਰੋਧ ਰਹੇਗਾ। ਟਿਕਟ ਕਟਾਉਣ ’ਤੇ 10- 20 ਰੁਪਏ ਲੱਗਣੇ ਸੀ ਪਰ ਥਾਣਿਆਂ, ਅਦਾਲਤਾਂ ਵਿੱਚ ਹਜ਼ਾਰਾਂ ਰੁਪਏ ਖਰਚ ਹੋ ਜਾਣਗੇ। ਸੋਚਣ ਵਾਲੀ ਇਹ ਗੱਲ ਹੈ ਕਿ 10-20 ਰੁਪਏ ਦੀ ਟਿਕਟ ਦਾ ਝਗੜਾ ਪੈਂਦਾ ਵੇਖ ਕੇ ਜੇ ਬੱਸ ਵਿੱਚ ਬੈਠੇ ਕਿਸੇ ਮਰਦ ਜਾਂ ਔਰਤ ਵੱਲੋਂ ਕੰਡਕਟਰ ਨੂੰ ਉਸ ਨੌਜਵਾਨ ਦੀ ਟਿਕਟ ਵਾਲੇ ਪੈਸੇ ਦੇ ਦਿੱਤੇ ਜਾਂਦੇ ਤਾਂ ਲੜਾਈ ਝਗੜਾ ਥਾਏਂ ਰੁਕ ਜਾਂਦਾ ਅਤੇ ਬੱਸ ਵਿੱਚ ਪਹਿਲਾਂ ਦੀ ਤਰ੍ਹਾਂ ਖੁਸ਼ਗਵਾਰ ਮਾਹੌਲ ਬਣਿਆ ਰਹਿ ਜਾਂਦਾ।

ਹੈਰਾਨੀ ਦੀ ਗੱਲ ਹੈ ਕਿ ਹਰ ਰੋਜ਼ ਕਰੋੜਾਂ ਰੁਪਏ ਦੀ ਸ਼ਰਾਬ ਪੀਣ ਵਾਲੇ ਲੋਕ 50-100 ਰੁਪਏ ਪਿੱਛੇ ਖਤਰਨਾਕ ਝਗੜੇ ਕਰ ਲੈਂਦੇ ਹਨ। ਫੁੱਟ ਦੋ ਫੁੱਟ ਦੀ ਵੱਟ ਦੇ ਰੌਲੇ ਵਿੱਚ ਕਤਲ ਕਰ ਦਿੰਦੇ ਹਨ। ਪਤਾ ਨਹੀਂ ਥਾਣਿਆਂ, ਅਦਾਲਤਾਂ, ਜੇਲ੍ਹਾਂ ਦੀ ਭੀੜ ਨੂੰ ਹੀ ਇਨ੍ਹਾਂ ਨੇ ਮੇਲਾ ਸਮਝ ਲਿਆ ਹੈ। ਭਿਖਾਰੀਆਂ ਨੂੰ ਲੋਕ ਪੈਸੇ ਦੇਣਾ ਪੁੰਨ ਸਮਝਦੇ ਹਨ। ਧਾਰਮਿਕ ਅਸਥਾਨਾਂ, ਡੇਰਿਆਂ ਆਦਿ ਵਿੱਚ ਮੱਥਾ ਟੇਕਣ ਵੇਲੇ ਕਾਫੀ ਰੁਪਏ ਚੜ੍ਹਾਉਣਾ ਲੋਕਾਂ ਨੂੰ ਕਦੇ ਔਖਾ ਨਹੀਂ ਲੱਗਦਾ ਜਦ ਕਿ ਦੂਸਰੇ ਪਾਸੇ ਹਰ ਰੋਜ਼ ਸਾਡੀਆਂ ਸਾਹਮਣੇ ਕੁਝ ਰੁਪਇਆਂ ਬਦਲੇ ਝਗੜੇ ਹੁੰਦੇ ਹਨ ਅਤੇ ਅਸੀਂ ਦਰਸ਼ਕ ਬਣੇ ਰਹਿੰਦੇ ਹਾਂ। ਉਸ ਵੇਲੇ ਆਪਣੀ ਜੇਬ ਵਿੱਚੋਂ ਪੈਸੇ ਦੇਣ ਨਾਲ ਝਗੜਾ ਟਾਲਣ ਵਾਲੀ ਸੋਚ ਬਣਾਉਣ ਦੀ ਬਹੁਤ ਲੋੜ ਹੈ। ਗੱਲਾਂ ਕਰਨ ਸਮੇਂ ਆਪਣਾ ਦੁੱਖ ਦੱਸਣ ਵਾਲਾ ਮਨੁੱਖ ਪੈਸੇ ਨਹੀਂ ਮੰਗ ਰਿਹਾ ਹੁੰਦਾ ਪਰ ਥੋੜ੍ਹੀ ਜਿਹੀ ਮਦਦ ਸਾਡੇ ਵੱਲੋਂ ਦੇਣ ਨਾਲ ਉਸਦੇ ਮਨ ਦੀ ਕੁੜੱਤਣ ਦੂਰ ਕਰਨ ਵਿੱਚ ਕੀ ਹਰਜ਼ ਹੈ? ਇਸ ਤਰ੍ਹਾਂ ਦੀ ਕੀਤੀ ਮਦਦ ਸਮਾਜ ਨੂੰ ਵਧੀਆ ਬਣਾਉਣ ਵਿੱਚ ਬਹੁਤ ਵੱਡਾ ਯੋਗਦਾਨ ਪਾ ਸਕਦੀ ਹੈ। ਜਿਸ ਮਨੁੱਖ ਦੀ ਮਦਦ ਕੀਤੀ ਜਾਂਦੀ ਹੈ, ਉਸਨੂੰ ਵੀ ਅਮਲੀ ਰੂਪ ਵਿੱਚ ਅਜਨਬੀ ਲੋਕਾਂ ਦੀ ਅਜਿਹੀ ਮਦਦ ਕਰਨ ਦੀ ਸਿੱਖਿਆ ਮਿਲ ਜਾਂਦੀ ਹੈ।

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)

About the Author

ਸੋਹਣ ਲਾਲ ਗੁਪਤਾ

ਸੋਹਣ ਲਾਲ ਗੁਪਤਾ

Whatsapp: (91 - 98144 - 84161)
Email: (sohanlalgupta739@gmail.com)