“ਅਸੀਂ ਕਰੋਨਾ ਤੋਂ ਨਿਡਰ ਹੋ ਕੇ ਏਸੀ ਹਾਲ ਨੂੰ ਨੇਪਰੇ ਚਾੜ੍ਹਨ ਦੇ ਮਕਸਦ ਨਾਲ ਆਪਣੇ ਇਰਾਦੇ ਨੂੰ ...”
(4 ਅਕਤੂਬਰ 2025)
ਜਦੋਂ ਤੁਸੀਂ ਮਨ ਵਿੱਚ ਕੁਝ ਸੋਚ ਲੈਂਦੇ ਹੋ ਤਾਂ ਉਸ ਨੂੰ ਪੂਰਾ ਕਰਨ ਲਈ ਦ੍ਰਿੜ੍ਹ ਇਰਾਦਾ ਹੋਣਾ ਜ਼ਰੂਰੀ ਹੈ। ਫਿਰ ਕੰਮ ਭਾਵੇਂ ਕੋਈ ਵੀ ਹੋਵੇ, ਸਫਲਤਾ ਲਾਜ਼ਮੀ ਮਿਲਦੀ ਹੈ। ਕਈ ਵਾਰ ਤੁਸੀਂ ਨਿੱਕੀ ਜਿਹੀ ਕੋਸ਼ਿਸ਼ ਨਾਲ ਬਹੁਤ ਵੱਡਾ ਕੰਮ ਕਰਨ ਵਿੱਚ ਕਾਮਯਾਬ ਹੋ। ਗੱਲ 2019-20 ਦੀ ਹੈ। ਮੈਂ ਖੰਨਾ ਦੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਵਿਖੇ ਪੜ੍ਹਾਉਂਦਾ ਸਾਂ। ਸਕੂਲ ਦੇ ਪ੍ਰਿੰਸੀਪਲ ਸਤੀਸ਼ ਕੁਮਾਰ ਦੂਆ ਸਨ, ਜੋ ਮੇਰੇ ਦੋਸਤ ਵੀ ਸਨ। ਮੈਂ ਹੀ ਉਹਨਾਂ ਨੂੰ ਦੋਰਾਹੇ ਤੋਂ ਖੰਨੇ ਸਕੂਲ ਵਿੱਚ ਪ੍ਰਿੰਸੀਪਲ ਸ਼ਿਫਟ ਕਰਵਾ ਕੇ ਲਿਆਇਆ ਸਾਂ। ਜਦੋਂ ਉਹ ਬਦਲ ਕੇ ਖੰਨੇ ਸਕੂਲ ਵਿੱਚ ਆਏ ਤਾਂ ਇੱਕ ਦਿਨ ਬੈਠੇ ਬੈਠੇ ਅਸੀਂ ਸੋਚਿਆ ਕਿ ਕਿਉਂ ਨਾ ਪੜ੍ਹਾਈ ਦਾ ਪੱਧਰ ਉੱਚਾ ਚੁੱਕਣ ਅਤੇ ਹੋਰ ਗਤੀਵਿਧੀਆਂ ਦੇ ਨਾਲ ਨਾਲ ਕਿਸੇ ਨਾ ਕਿਸੇ ਤਰ੍ਹਾਂ ਸਕੂਲ ਵਿੱਚ ਇੱਕ ਵਧੀਆ ਹਾਈਟੈੱਕ ਏਸੀ ਹਾਲ ਬਣਾਇਆ ਜਾਵੇ, ਜਿਸਦਾ ਵਿਦਿਆਰਥੀਆਂ ਨੂੰ ਲਾਭ ਮਿਲ ਸਕੇ। ਪਰ ਮਸਲਾ ਇਹ ਸੀ ਕਿ ਇਸ ਲਈ ਘੱਟੋ ਘੱਟ 10-12 ਲੱਖ ਰੁਪਇਆ ਚਾਹੀਦਾ ਸੀ। ਸਰਕਾਰ ਵੱਲੋਂ ਅਜਿਹੀ ਕੋਈ ਗਰਾਂਟ ਨਹੀਂ ਆਉਂਦੀ ਸੀ ਜਿਸ ਨੂੰ ਖਰਚ ਕੇ ਅਸੀਂ ਏਸੀ ਹਾਲ ਬਣਵਾ ਸਕਦੇ। ਅਸੀਂ ਬਲਦੇਵ ਧਾਲੀਵਾਲ ਦੀ ਕਵਿਤਾ, “ਜੇ ਕੁਝ ਸੋਚੇ ਮਨ ਵਿੱਚ ਸੱਜਣਾ ਉੱਦਮ ਕਰੀਂ ਜ਼ਰੂਰ’ ਨੂੰ ਚੇਤੇ ਕਰਦਿਆਂ ਹਾਲ ਬਣਾਉਣ ਵਾਸਤੇ ਉੱਦਮ ਅਰੰਭ ਦਿੱਤੇ। ਇਸ ਕਾਰਜ ਲਈ ਦਾਨੀ ਸੱਜਣ ਲੱਭਣ ਦੀ ਕੋਸ਼ਿਸ਼ ਵਿੱਚ ਅਸੀਂ ਆਪਣੀ ਸੋਚ ਦੇ ਘੋੜੇ ਦੁੜਾਉਣ ਲੱਗੇ ਤੇ ਅਖੀਰ ਇਸ ਕਾਰਜ ਨੂੰ ਨੇਪਰੇ ਚਾੜ੍ਹਨ ਵਾਸਤੇ ਅਸੀਂ ਸ਼ਹਿਰ ਦੇ ਇੱਕ ਕਲਾਸ ਵੰਨ ਸੇਵਾਮੁਕਤ ਅਫਸਰ ਤਕ ਪਹੁੰਚ ਕੀਤੀ। ਉਸ ਨੂੰ ਆਪਣੀ ਸਾਰੀ ਯੋਜਨਾ ਬਾਰੇ ਦੱਸਿਆ। ਉਸ ਨੂੰ ਦਾਨ ਦੇਣ ਵਾਸਤੇ ਕਾਇਲ ਕਰਨ ਲਈ ਅਸੀਂ ਯਤਨ ਅਰੰਭ ਕੀਤ ਦਿੱਤੇ। ਇੱਕ ਸੇਵਾਮੁਕਤ ਆਦਮੀ ਕੋਲੋਂ 10-12 ਲੱਖ ਦਾਨ ਲੈਣਾ ਕੋਈ ਖ਼ਾਲਾ ਜੀ ਦਾ ਵਾੜਾ ਨਹੀਂ ਸੀ। ਕਾਰੋਬਾਰੀ ਜਾਂ ਉਦਯੋਗਪਤੀ ਹੁੰਦਾ ਤਾਂ ਗੱਲ ਹੋਰ ਸੀਪਰ ਕਿਸੇ ਸੇਵਾਮੁਕਤ ਆਦਮੀ ਤੋਂ 10-12 ਲੱਖ ਦਾਨ ਲੈਣਾ ਅਸਮਾਨ ਤੋਂ ਤਾਰੇ ਤੋੜਨ ਬਰਾਬਰ ਸੀ। ਫਿਰ ਉੱਤੋਂ ਉਸ ਵਿਅਕਤੀ ਕੋਲੋਂ, ਜਿਹੜਾ ਅਫਸਰਾਂ ਨਾਲ ਰਹਿਣ ਕਰਕੇ ਸਿਰੇ ਦਾ ਤਜਰਬੇਕਾਰ ਸੀ ਤੇ ਜਿਸਨੇ ਸਾਰੀ ਉਮਰ ਸਕੱਤਰੇਤ ਵਿਖੇ ਨੌਕਰੀ ਕੀਤੀ ਹੋਵੇ, ਜਿੱਥੇ ਹਰ ਤਰ੍ਹਾਂ ਦੇ ਬੰਦੇ ਨਾਲ ਵਾਹ-ਵਾਸਤਾ ਪੈਂਦਾ ਹੈ। ਪਹਿਲਾਂ ਤਾਂ ਉਸਨੇ ਸਾਨੂੰ ਦਾਨ ਦੇਣ ਤੋਂ ਨਾਂਹ ਨੁੱਕਰ ਕੀਤੀ। ਪਰ ਉਸਦੀ ਨਾਂਹ ਨੁੱਕਰ ਦੇ ਬਾਵਜੂਦ ਅਸੀਂ ਆਪਣੀ ਕੋਸ਼ਿਸ਼ ਜਾਰੀ ਰੱਖੀ ਕਿਉਂਕਿ ਅਸੀਂ ਏਸੀ ਹਾਲ ਦੇ ਨਿਰਮਾਣ ਲਈ ਦ੍ਰਿੜ੍ਹ ਇਰਾਦੇ ਨਾਲ ਚੱਲੇ ਸਾਂ ਤੇ ਹਿੰਮਤ ਹਾਰਨ ਵਾਲੇ ਬੰਦੇ ਨਹੀਂ ਸਾਂ। ਸਾਨੂੰ ਬਾਬਾ ਨਜ਼ਮੀ ਦੀਆਂ ਇਹ ਸਤਰਾਂ ਹਮੇਸ਼ਾ ਹੌਸਲਾ ਦਿੰਦੀਆਂ ਰਹਿੰਦੀਆਂ:
ਬੇ ਹਿੰਮਤੇ ਨੇ ਜਿਹੜੇ ਬਹਿ ਕੇ ਸ਼ਿਕਵਾ ਕਰਨ ਮੁਕੱਦਰਾਂ ਦਾ,
ਉੱਗਣ ਵਾਲੇ ਉੱਗ ਹੀ ਪੈਂਦੇ ਸੀਨਾ ਪਾੜ ਕੇ ਪੱਥਰਾਂ ਦਾ।
ਮੰਜ਼ਲ ਦੇ ਮੱਥੇ ਦੇ ਉੱਤੇ ਤਖ਼ਤੀ ਲਗਦੀ ਉਨ੍ਹਾਂ ਦੀ,
ਜਿਹੜੇ ਘਰੋਂ ਬਣਾ ਕੇ ਤੁਰਦੇ ਨਕਸ਼ਾ ਆਪਣੇ ਸਫ਼ਰਾਂ ਦਾ।
ਅਸੀਂ ਉਸ ਸੇਵਾਮੁਕਤ ਅਫਸਰ, ਜੋ ਦਵਿਆਂਗ ਸੀ, ਉਸ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ ਵਿੱਚ ਕਮੀ ਨਹੀਂ ਆਉਣ ਦਿੱਤੀ। ਨਤੀਜਾ ਇਹ ਹੋਇਆ ਕਿ ਅਸੀਂ ਉਸ ਨੂੰ 10 ਲੱਖ ਰੁਪਏ ਦਾਨ ਦੇਣ ਵਾਸਤੇ ਰਾਜ਼ੀ ਕਰ ਲਿਆ। ਉਹ ਇੱਕ ਸ਼ਰਤ ’ਤੇ ਰਾਜ਼ੀ ਹੋਇਆ ਕਿ ਹਾਲ ਦਾ ਸਾਰਾ ਕੰਮ ਤੁਸੀਂ ਦੋਵੇਂ ਜਣੇ ਖੁਦ ਕਰਵਾਉਗੇ। ਅਸੀਂ ਦੋਵਾਂ ਨੇ ਝੱਟ ਇਸ ਗੱਲ ਦੀ ਹਾਮੀ ਭਰ ਦਿੱਤੀ। ਜਿਉਂ ਹੀ ਅਸੀਂ ਹਾਈਟੈੱਕ ਹਾਲ ਦਾ ਕੰਮ ਸ਼ੁਰੂ ਕੀਤਾ, ਉੱਧਰ ਦੂਜੇ ਪਾਸੇ ਕਰੋਨਾ ਨੇ ਆਣ ਦਸਤਕ ਦਿੱਤੀ। ਬਚਾ ਲਈ ਸੂਬੇ ਅੰਦਰ ਲੌਕਡਾਊਨ ਦਾ ਐਲਾਨ ਹੋ ਗਿਆ। ਪਰ ਸਾਡੇ ਨੇਕ ਅਤੇ ਦ੍ਰਿੜ੍ਹ ਇਰਾਦੇ ਅੱਗੇ ਕਰੋਨਾ ਫਿੱਕਾ ਪੈ ਗਿਆ। ਅਸੀਂ ਕਰੋਨਾ ਤੋਂ ਨਿਡਰ ਹੋ ਕੇ ਏਸੀ ਹਾਲ ਨੂੰ ਨੇਪਰੇ ਚਾੜ੍ਹਨ ਦੇ ਮਕਸਦ ਨਾਲ ਆਪਣੇ ਇਰਾਦੇ ਨੂੰ ਹੋਰ ਦ੍ਰਿੜ੍ਹ ਕਰ ਕੇ ਹਾਲ ਦੀ ਤਿਆਰੀ ਸ਼ੁਰੂ ਕਰਵਾ ਦਿੱਤੀ। ਹਾਲ ਦੀ ਤਿਆਰੀ ਵਿੱਚ ਦਾਨੀ ਸੱਜਣ ਬੀ ਕੇ ਜੇਠੀ ਵੱਲੋਂ ਸਾਨੂੰ ਹਰ ਤਰ੍ਹਾਂ ਦਾ ਸਹਿਯੋਗ ਦਿੱਤਾ ਗਿਆ। ਕੁਝ ਅਧਿਆਪਕਾਂ ਵੱਲੋਂ ਵੀ ਹਾਲ ਦੀ ਤਿਆਰੀ ਵਿੱਚ ਪੂਰਾ ਸਾਥ ਦਿੱਤਾ ਗਿਆ। ਹਾਲ ਬਣਵਾਉਣ ਦਾ ਸਾਨੂੰ ਚਾਅ ਹੀ ਇੰਨਾ ਸੀ ਕਿ ਅਸੀਂ ਦਿਨ ਰਾਤ ਇੱਕ ਕਰ ਦਿੱਤਾ।
ਹਾਲ ਨੂੰ ਸੁਚੱਜੇ ਸਿਨੇਮਾ ਹਾਲ ਵਾਂਗ ਤਿਆਰ ਕੀਤਾ ਗਿਆ। ਉਸ ਵਿੱਚ ਕੁਰਸੀਆਂ ਵੀ ਬਕਾਇਦਾ ਸਿਨੇਮਾ ਹਾਲ ਦੀ ਤਰ੍ਹਾਂ ਸਟੈੱਪ ਬਣਾ ਕੇ ਲਾਈਆਂ ਗਈਆਂ, ਜੋ ਦਿੱਲੀ ਤੋਂ ਮੰਗਵਾਈਆਂ ਸਨ। ਕਰੋਨਾ ਹੋਣ ਕਰਕੇ ਦਿੱਲੀ ਤੋਂ ਕੁਰਸੀਆਂ ਵੀ ਬੜੀਆਂ ਮੁਸ਼ਕਿਲ ਨਾਲ ਆ ਸਕੀਆਂ। ਇੰਨੇ ਨੂੰ ਦਾਨ ਦੀ ਦੱਸ ਲੱਖ ਰਕਮ ਖ਼ਤਮ ਹੋ ਗਈ। ਕੁਝ ਕੰਮ ਅਧੂਰਾ ਸੀ। ਅਸੀਂ ਬੀ ਕੇ ਜੇਠੀ ਦਾ ਮੁੜ ਮਿੰਨਤ ਤਰਲਾ ਕੀਤਾ ਤੇ ਉਸ ਨੂੰ ਕਿਹਾ ਕਿ ਹਾਲੇ ਦੋ ਲੱਖ ਹੋਰ ਲੱਗੇਗਾ। ਜੋ ਬਜਟ ਅਸੀਂ ਰੱਖਿਆ ਸੀ, ਖ਼ਰਚਾ ਉਸ ਤੋਂ ਵਧ ਗਿਆ ਹੈ। ਸਾਡੇ ਸਮਝਾਉਣ ’ਤੇ ਉਨ੍ਹਾਂ ਵੱਲੋਂ ਸਾਨੂੰ ਦੋ ਲੱਖ ਰੁਪਏ ਹੋਰ ਦਾਨ ਦੇਣ ਦੀ ਸਹਿਮਤੀ ਦੇ ਦਿੱਤੀ ਗਈ। ਪੰਜ ਛੇ ਮਹੀਨੇ ਦੀ ਸਖ਼ਤ ਕੋਸ਼ਿਸ਼ ਬਾਅਦ ਹਾਲ ਪੂਰਨ ਰੂਪ ਵਿੱਚ ਤਿਆਰ ਹੋ ਗਿਆ।
ਹਾਲ ਦਾ ਉਦਘਾਟਨ ਬਕਾਇਦਾ ਇਲਾਕੇ ਦੇ ਨਾਮੀ ਲੀਡਰ ਤੋਂ ਰਿਬਨ ਕਟਵਾ ਕੇ ਕੀਤਾ ਗਿਆ। ਇਸ ਤਰ੍ਹਾਂ ਦ੍ਰਿੜ੍ਹ ਇਰਾਦੇ ਨਾਲ ਕੀਤੀ ਗਈ ਸਾਡੀ ਨਿੱਕੀ ਜਿਹੀ ਕੋਸ਼ਿਸ਼ ਨੂੰ ਬੂਰ ਪਿਆ। ਸਭ ਤੋਂ ਜ਼ਿਆਦਾ ਖੁਸ਼ੀ ਸਾਨੂੰ ਇਹ ਸੀ ਕਿ ਸਾਡੇ ਵੱਲੋਂ ਬਣਵਾਇਆ ਗਿਆ ਇਹ ਏਸੀ ਹਾਲ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਪਹਿਲਾ ਏਸੀ ਹਾਲ ਸੀ। ਉਹ ਵੀ ਜੋ ਕਿਸੇ ਦਾਨੀ ਸੱਜਣ ਵੱਲੋਂ ਦਿੱਤੇ ਦਾਨ ਨਾਲ ਬਣਾਇਆ ਗਿਆ ਹੋਵੇ। ਸਾਨੂੰ ਆਪਣੀ ਇਸ ਨਿੱਕੀ ਜਿਹੀ ਕੋਸ਼ਿਸ਼ ’ਤੇ ਅੱਜ ਵੀ ਮਾਣ ਹੈ। ਸਾਡੀ ਉਸ ਵਕਤ ਕੀਤੀ ਗਈ ਨਿੱਕੀ ਜਿਹੀ ਕੋਸ਼ਿਸ਼ ਸਦਕਾ ਅੱਜ ਸਕੂਲ ਦੇ ਹਜ਼ਾਰਾਂ ਵਿਦਿਆਰਥੀ ਉਸ ਹਾਲ ਵਿੱਚ ਬਹਿ ਕੇ ਨਵੀਂ ਤਕਨੀਕ ਨਾਲ ਪੜ੍ਹਾਈ ਕਰਦਿਆਂ ਉਸ ਹਾਲ ਦਾ ਲਾਭ ਉਠਾ ਰਹੇ ਹਨ।
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (