“ਸਮਾਜ ਵਿੱਚ ਵਿਚਰਦੇ ਹੋਏ ਨਿੱਤ ਦਿਨ ਅਸੀਂ ਦੇਖ ਰਹੇ ਹਾਂ ਕਿ ਸਾਡੇ ਪਸ਼ੂ, ਜਿਨ੍ਹਾਂ ਨੂੰ ਅਸੀਂ ...”
(4 ਅਕਤੂਬਰ 2025)
ਪਸ਼ੂ ਧਨ ਤੋਂ ਅਵਾਰਾ ਪਸ਼ੂ ਤਕ ਦਾ ਸਫਰ
ਪੰਜਾਬ ਦੀਆਂ ਸਾਝੀਆਂ ਸਮੱਸਿਆਵਾਂ ਵਿੱਚ ਅੱਜ ਨਸ਼ੇ, ਬੇਰੋਜ਼ਗਾਰੀ, ਖੇਤੀਬਾੜੀ ਸੰਕਟ, ਅਸਹਿਣਸ਼ੀਲਤਾ, ਸੋਸ਼ਲ ਮੀਡੀਆ ਦੀ ਅਸ਼ਲੀਲਤਾ, ਪੰਜਾਬੀ ਭਾਸ਼ਾ, ਪੰਜਾਬੀ ਸੱਭਿਆਚਾਰ, ਇਹ ਅਜਿਹੀਆਂ ਸਮੱਸਿਆਵਾਂ ਹਨ, ਜਿਨ੍ਹਾਂ ਨਾਲ ਤਕਰੀਬਨ ਸਮਾਜ ਦੇ ਹਰ ਖੇਤਰ ਦੇ ਲੋਕ ਸਾਹਮਣਾ ਕਰ ਰਹੇ ਹਨ। ਪਰ ਇਨ੍ਹਾਂ ਤੋਂ ਇਲਾਵਾ ਦੋ ਸਮੱਸਿਆਵਾਂ ਅਜਿਹੀਆਂ ਹਨ ਜਿਨ੍ਹਾਂ ਬਾਰੇ ਅਸੀਂ ਕਦੇ ਕਲਪਨਾ ਨਹੀਂ ਸੀ ਕੀਤੀ ਅਤੇ ਇਹ ਸਮੱਸਿਆਵਾਂ ਸਾਡੇ ਲਈ ਅੱਜ ਕਲੰਕ ਬਣੀਆਂ ਹੋਈਆਂ ਹਨ। ਇਨ੍ਹਾਂ ਵਿੱਚੋਂ ਪਹਿਲੀ ਸਮੱਸਿਆ ਹੈ ਬਜ਼ੁਰਗਾਂ ਦੀ ਦੇਖਭਾਲ, ਉਹਨਾਂ ਦਾ ਮਾਣ-ਸਨਮਾਨ ਅਤੇ ਦੂਜੀ ਸਮੱਸਿਆ ਹੈ ਸਾਡਾ ਪਸ਼ੂ ਧਨ।
ਸਮਾਜ ਵਿੱਚ ਵਿਚਰਦੇ ਹੋਏ ਨਿੱਤ ਦਿਨ ਅਸੀਂ ਦੇਖ ਰਹੇ ਹਾਂ ਕਿ ਸਾਡੇ ਪਸ਼ੂ, ਜਿਨ੍ਹਾਂ ਨੂੰ ਅਸੀਂ ਆਪਣੇ ਪਰਿਵਾਰ ਦਾ ਹਿੱਸਾ ਮੰਨਦੇ ਹੋਏ ਮਰਦੇ ਦਮ ਤਕ ਸੰਭਾਲਦੇ ਸੀ ਅੱਜ ਉਹ ਬੇਲੋੜੇ ਹੋਣ ’ਤੇ ਖੁੱਲ੍ਹੇ ਛੱਡ ਦਿੱਤੇ ਜਾਂਦੇ ਹਨ। ਜਿਵੇਂ ਬਿਰਧ ਆਸ਼ਰਮ ਖੁੱਲ੍ਹਣ ਨਾਲ ਸਾਨੂੰ ਇੱਕ ਬਦਲ ਮਿਲ ਗਿਆ, ਉਸੇ ਤਰ੍ਹਾਂ ਸ਼ਹਿਰਾਂ ਅਤੇ ਪਿੰਡਾਂ ਵਿੱਚ ਚੱਲ ਰਹੀਆਂ ਗਊਸ਼ਾਲਾਵਾਂ ਸਾਡੇ ਪਸ਼ੂ ਧਨ ਲਈ ਬਦਲ ਮਿਲ ਗਿਆ, ਜਿਸ ਕਾਰਨ ਹੁਣ ਪਸ਼ੂ ਸਾਡੇ ਲਈ ਅਵਾਰਾ ਪਸ਼ੂ ਬਣ ਗਏ ਹਨ ਅਤੇ ਸਾਡੇ ਸਤਿਕਾਰਤ ਬਜ਼ੁਰਗ ਘਰ ਦਾ ਕਬਾੜ ਬਣ ਗਏ ਹਨ।
ਜਦੋਂ ਦੇ ਅਸੀਂ ਮਕਾਨਾਂ ਅਤੇ ਘਰਾਂ ਤੋਂ ਕੋਠੀਆਂ ਤਕ ਆ ਗਏ ਹਾਂ, ਇੰਝ ਲਗਦਾ ਹੈ ਜਿਵੇਂ ਨਕਸ਼ਾ ਨਵੀਸਾਂ ਨੂੰ ਪੜ੍ਹਾਈ ਵਿੱਚ ਬਜ਼ੁਰਗਾਂ ਦਾ ਕਮਰਾ ਬਣਾਏ ਜਾਣ ਦੀ ਸਿਖਲਾਈ ਹੀ ਨਹੀਂ ਦਿੱਤੀ ਗਈ। ਅਸੀਂ ਆਮ ਦੇਖਦੇ ਹਾਂ ਕਿ ਘਰਾਂ ਵਿੱਚ ਵਿਅਕਤੀ ਆਪਣਾ ਬੈਡਰੂਮ, ਬੱਚਿਆਂ ਦਾ ਸੌਣ ਵਾਲਾ ਅਤੇ ਸਟੱਡੀ ਰੂਮ, ਗੈੱਸਟ ਰੂਮ, ਪੂਜਾ ਰੂਮ ਇੱਥੋਂ ਤਕ ਕਿ ਨੌਕਰ ਦਾ ਕਮਰਾ ਵੀ ਰੱਖਿਆ ਜਾਂਦਾ ਪਰ ਬਹੁਤ ਘੱਟ ਦੇਖਣ ਨੂੰ ਮਿਲਦਾ ਕਿ ਉਹਨਾਂ ਕੋਠੀਆਂ ਵਿੱਚ ਬਜ਼ੁਰਗਾਂ ਜਾਂ ਮਾਂ-ਬਾਪ ਲਈ ਕੋਈ ਕਮਰਾ ਵੀ ਰੱਖਿਆ ਹੋਵੇ।
ਖੁਸ਼ਕਿਸਮਤ ਹਨ ਉਹ ਪਰਿਵਾਰ ਜਿਨ੍ਹਾਂ ਨੇ ਘਰਾਂ ਦੇ ਮੰਦਰਾਂ ਜਾਂ ਪੂਜਾ ਘਰਾਂ ਵਿੱਚ ਸਤਿਕਾਰ ਨਾਲ ਬਜ਼ੁਰਗਾਂ ਦਾ ਬਿਸਤਰਾ ਉਸ ਵਿੱਚ ਲਾਇਆ ਹੋਇਆ ਹੈ। ਅਜਿਹੇ ਘਰ ਬਹੁਤ ਹਨ ਜਿਨ੍ਹਾਂ ਨੇ ਬਾਪੂ ਬੇਬੇ ਦਾ ਮੰਜਾ ਸਟੋਰ ਵਿੱਚ ਲਾਇਆ ਹੋਇਆ ਹੈ, ਖਾਸਕਰ ਉਦੋਂ ਜਦੋਂ ਬਾਪੂ ਜਾਂ ਬੇਬੇ ਵਿੱਚੋਂ ਇੱਕ ਰਹਿ ਜਾਵੇ। ਇਹ ਸਾਡੀ ਅਸਲੀਅਤ ਹੈ, ਜਿਸ ਕਾਰਨ ਅਸੀਂ ਇਹ ਦੁੱਖ ਹੰਢਾ ਰਹੇ ਹਾਂ।
ਪਿੰਡਾਂ ਵਿੱਚ ਪਸ਼ੂਆਂ ਦਾ ਕਮਰਾ ਵਿਸ਼ੇਸ਼ ਹੁੰਦਾ ਸੀ। ਉਸ ਸਮੇਂ ਕਦੇ ਇਹ ਨਹੀਂ ਸੀ ਸੋਚਿਆ ਜਾਂਦਾ ਕਿ ਇਹ ਪਸ਼ੂ ਦੁੱਧ ਦਿੰਦਾ ਹੈ ਜਾਂ ਨਹੀਂ, ਕੋਈ ਇਸ ਤੋਂ ਕੰਮ ਲੈਂਦੇ ਹਾਂ ਜਾਂ ਨਹੀਂ। ਜੇਕਰ ਗਾਂ ਦਾ ਵੱਛਾ ਅਵਾਰਾ ਸੜਕਾਂ ’ਤੇ ਹੈ ਤਾਂ ਜ਼ਰੂਰ ਉਸ ਨੂੰ ਜਨਮ ਦੇਣ ਵਾਲੀ ਗਾਂ ਕਦੇ ਕਿਸੇ ਪਰਿਵਾਰ ਦਾ ਹਿੱਸਾ ਰਹੀ ਹੋਵੇਗੀ। ਘਰਾਂ ਵਿੱਚੋਂ ਕੱਢੇ ਇਹ ਪਸ਼ੂ ਜਿਨ੍ਹਾਂ ਨੂੰ ਹੁਣ ਅਵਾਰਾ ਕਿਹਾ ਜਾਂਦਾ, ਉਹ ਸਾਡੇ ਲਈ ਮੁਸੀਬਤ ਬਣ ਗਏ ਹਨ। ਸਾਡੀ ਕਹਿਣੀ ਅਤੇ ਕਰਨੀ ਵਿੱਚ ਬਹੁਤ ਵੱਡਾ ਅੰਤਰ ਹੈ, ਜਿਸ ਕਾਰਨ ਘਟਨਾ ਵਾਪਰਨ ਤੋਂ ਕੁਝ ਸਮੇਂ ਬਾਅਦ ਹਾਦਸੇ ਵਾਲਾ ਵਿਅਕਤੀ ਸਾਹਾਂ ਪੱਖੋਂ ਮਰ ਜਾਂਦਾ ਅਤੇ ਅਸੀਂ ਸੋਚ ਪੱਖੋਂ।
ਅੰਕੜਿਆਂ ਦੀ ਗੱਲ।
ਜੇਕਰ ਅੰਕੜਿਆਂ ਦੀ ਗੱਲ ਕੀਤੀ ਜਾਵੇ ਤਾਂ ਪਸ਼ੂ-ਵਾਹਨ ਟਕਰਾ ਦੇ ਉਹ ਅੰਕੜੇ ਜੋ ਰਿਪੋਰਟ ਹੋਏ ਹਨ, ਉਨ੍ਹਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਜਦੋਂ ਕਿਸੇ ਘਰ ਦਾ ਇੱਕ ਹੀ ਵਿਅਕਤੀ ਇੰਝ ਚਲਿਆ ਜਾਂਦਾ ਹੈ ਜਾਂ ਸਾਰਾ ਪਰਿਵਾਰ ਹਾਦਸੇ ਦੀ ਭੇਟ ਚੜ੍ਹ ਜਾਂਦਾ ਹੈ ਤਾਂ ਉਹਨਾਂ ਲਈ ਤਾਂ ਜਿਵੇਂ ਸਬ ਕੁਝ ਖਤਮ ਹੋ ਗਿਆ ਹੋਵੇ। 2020 ਦਾ 312 ਦਾ ਅੰਕੜਾ, 2022 ਵਿੱਚ 421, ਫਿਰ 2024 ਤਕ ਇਹ 700 ਦੇ ਕਰੀਬ ਪਹੁੰਚ ਗਿਆ ਹੈ। ਭਾਵ ਇੱਕ ਮਹੀਨੇ ਵਿੱਚ 50-55 ਤੋਂ ਉੱਪਰ ਇਕੱਲੇ ਪੰਜਾਬ ਵਿੱਚ ਮੌਤਾਂ ਹੋ ਜਾਂਦੀਆਂ ਹਨ। ਸਰਕਾਰੀ ਪਸ਼ੂ-ਪਾਲਣ ਵਿਭਾਗ ਅੁਨਸਾਰ ਇੱਕ ਲੱਖ ਤੋਂ ਵੱਧ ਅਵਾਰਾ ਪਸ਼ੂਆਂ ਦੀ ਗਿਣਤੀ ਕੀਤੀ ਗਈ ਹੈ।
ਸੜਕੀ ਹਾਦਸਿਆਂ ਨੂੰ ਰੋਕਣ ਹਿਤ
ਪਿਛਲੇ ਦਿਨੀਂ ਇੱਕ ਅੰਤਰਰਾਸ਼ਟਰੀ ਪੱਧਰ ਦੇ ਗਾਇਕ ਨਾਲ ਇਹ ਹਾਦਸਾ ਵਾਪਰਿਆ ਪਰ ਅਸੀਂ ਇਹ ਕਹਿਣ ਦੀ ਬਜਾਏ ਕਿ ਇੱਕ ਨੌਜਵਾਨ ਨੇ ਸਾਰੇ ਸੜਕੀ ਨਿਯਮਾਂ ਦੀ ਪਾਲਣਾ ਕੀਤੀ ਹੋਣ ਦੇ ਬਾਵਜੂਦ ਵੀ ਉਹ ਅੱਜ ਜ਼ਿੰਦਗੀ ਦੀ ਲੜਾਈ ਲੜ ਰਿਹਾ ਹੈ, ਲੋਕ ਕਹਿ ਰਹੇ ਹਨ ਕਿ ਉਸ ਨੂੰ ਮੋਟਰ ਸਾਈਕਲ ਹੀ ਨਹੀਂ ਚਲਾਉਣਾ ਚਾਹੀਦਾ ਸੀ। ਪਰ ਕੀ ਹੋਰ ਵਾਹਨਾਂ ਨਾਲ ਕਦੇ ਪਸ਼ੂ ਨਹੀਂ ਟਕਰਾਉਂਦੇ?
ਗਊਸ਼ਾਲਾ ਹੀ ਮੁੱਖ ਹੱਲ
ਪਸ਼ੂਆਂ ਦੀ ਸਾਂਭ-ਸੰਭਾਲ ਦਾ ਜ਼ਰੀਆ ਹੈ ਸ਼ਹਿਰਾਂ ਅਤੇ ਪਿੰਡਾਂ ਦੀਆਂ ਗਊਸ਼ਾਲਾਵਾਂ। ਸਿਰਫ ਇਹ ਹੀ ਵਾਜਿਬ ਅਤੇ ਸਹੀ ਹੱਲ ਹੈ, ਜੇਕਰ ਇਸ ਨੂੰ ਚਲਾਉਣ ਵਾਲੇ ਅਤੇ ਮਦਦ ਕਰਨ ਵਾਲੇ ਲੋਕ ਸੰਜੀਦਾ ਹੋਣ। ਲੋਕਾਂ ਦਾ ਕਹਿਣਾ ਕਿ ਸ਼ਹਿਰੀ ਗਊਸ਼ਾਲਾਵਾਂ ਵਾਲੇ ਕੇਵਲ ਦੁੱਧ ਦੇਣ ਵਾਲੀਆਂ ਗਊਆਂ ਰੱਖਦੇ ਹਨ। ਅਜਿਹਾ ਨਹੀਂ ਹੋਣਾ ਚਾਹੀਦਾ। ਇਹ ਗੱਲ 100% ਸੱਚ ਨਹੀਂ। ਮੈਂ ਅਜਿਹੀਆਂ ਬਹੁਤ ਗਊਸ਼ਾਲਾਵਾਂ ਦੇਖੀਆਂ ਹਨ ਜਿੱਥੇ ਹਜ਼ਾਰਾਂ ਵਿੱਚ ਅੰਗਹੀਣ, ਨਕਾਰਾ, ਬਿਮਾਰ ਪਸ਼ੂ ਹਨ। ਜਦੋਂ ਸਰਕਾਰ ਵੱਲੋਂ ਵੀ ਮਦਦ ਕੀਤੀ ਜਾਂਦੀ ਤਾਂ ਹਰ ਗਊ ਸ਼ਾਲਾ ਵਿੱਚ ਇਹ ਜ਼ਰੂਰ ਹੋਣਾ ਚਾਹੀਦਾ ਕਿ ਪੰਜਾਹ ਪ੍ਰਤੀਸ਼ਤ ਤੋਂ ਵੱਧ ਪਸ਼ੂ ਬਿਮਾਰ ਜਾਂ ਨਕਾਰਾ ਰੱਖਣੇ ਚਾਹੀਦੇ ਹਨ। ਮੈਂ ਕਈ ਗਊਸ਼ਾਲਾਵਾਂ ਵਿੱਚ ਦੇਖਿਆ ਕਿ ਗਊਆਂ ਦੇ ਸੇਵਾਦਾਰਾਂ ਨਾਲ ਗਊਆਂ ਦਾ ਇਸ ਹੱਦ ਤਕ ਮੋਹ ਹੈ ਕਿ ਉਹਨਾਂ ਦਾ ਨਾਮ ਪੁਕਾਰੇ ਜਾਣ ’ਤੇ ਉਹ ਭੱਜ ਕੇ ਉਹਨਾਂ ਵੱਲ ਆਉਂਦੀਆਂ। ਮਨੁੱਖ ਵਾਂਗ ਉਹਨਾਂ ਵਿੱਚ ਭਾਵਨਾਵਾਂ ਹਨ।
ਹੁਣ ਅਸੀਂ ਦੇਖਦੇ ਹਾਂ ਕਿ ਬਹੁਤੀਆਂ ਗਊਸ਼ਾਲਾਵਾਂ ਨੂੰ ਸਰਕਾਰ ਵੱਲੋਂ ਵਿੱਤੀ ਮਦਦ ਦਿੱਤੀ ਜਾਂਦੀ ਅਤੇ ਲੋਕ ਅਤੇ ਸਮਾਜ ਸੇਵਕ ਵੀ ਮਦਦ ਕਰਦੇ ਹਨ। ਜਦੋਂ ਤਕ ਅਸੀਂ ਇਹ ਪ੍ਰਣ ਨਹੀਂ ਕਰਦੇ ਕਿ ਕਿਸੇ ਵੀ ਹਾਲਤ ਵਿੱਚ ਪਸ਼ੂਆਂ ਨੂੰ ਅਵਾਰਾ ਨਹੀਂ ਛੱਡਾਂਗੇ, ਚਾਹੇ ਕੁਝ ਵੀ ਹੋਵੇ, ਕੋਈ ਵੀ ਪਸ਼ੂ ਘਰਾਂ ਤੋਂ ਜਾਂ ਗਊਸ਼ਾਲਾ ਤੋਂ ਬਾਹਰ ਨਹੀਂ ਜਾਣ ਦੇਵਾਂਗੇ, ਹਾਦਸੇ ਕਦੇ ਨਹੀਂ ਰੁਕਣਗੇ।
ਗਊਸ਼ਾਲਾ ਭਵਨ ਦੀ ਥਾਂ ਗਊਆਂ ਦੇ ਵਾੜਿਆਂ ਦੀ ਲੋੜ
ਸ਼ਹਿਰੀ ਗਊਸ਼ਾਲਾ ਨੂੰ ਵੀ ਕੇਵਲ ਗਊਆਂ ਦੀ ਦੇਖਭਾਲ ਤਕ ਸੀਮਿਤ ਰਹਿਣਾ ਚਾਹੀਦਾ। ਹਰ ਸ਼ਹਿਰ ਵਿੱਚ ਦੇਖ ਸਕਦੇ ਹਾਂ ਕਿ ਗਊਸ਼ਾਲਾ ਚਲਵਾਉਣ ਵਾਲੀਆਂ ਸੰਸਥਾਵਾਂ ਗਊ ਸ਼ਾਲਾ ਦੀ ਬਜਾਏ ਵੱਡੇ ਵੱਡੇ ਪਾਰਕ ਜਾਂ ਗਊਸ਼ਾਲਾ ਭਵਨ ਬਣਾਉਣ ਨੂੰ ਤਰਜੀਹ ਦੇਣ ਲੱਗ ਪਏ ਹਨ। ਭਵਨ ਦੀ ਥਾਂ ’ਤੇ ਖੁੱਲ੍ਹੇ ਥਾਂ ’ਤੇ ਗਊਸ਼ਾਲਾ ਲਈ ਜਗਾਹ ਖਰੀਦਕੇ ਬੇਸ਼ਕ ਚਾਰ ਦਿਵਾਰੀ ਹੀ ਕਰ ਦਿੱਤੀ ਜਾਵੇ ਅਤੇ ਛਾਂ ਲਈ ਸ਼ੈੱਡ ਬਣਾਏ ਜਾਣ। ਘੱਟ ਤੋਂ ਘੱਟ ਇਸ ਨਾਲ ਹਾਦਸੇ ਨਹੀਂ ਹੋਣਗੇ। ਪਸ਼ੂਆਂ ਲਈ ਛਾਂ ਵਾਸਤੇ ਦਰੱਖਤ ਵੀ ਲਾਏ ਜਾ ਸਕਦੇ ਹਨ। ਸਰਕਾਰ ਵੱਲੋਂ ਵੀ ਸਖਤ ਹਦਾਇਤ ਹੋਣੀ ਚਾਹੀਦੀ ਕਿ ਕੋਈ ਵੀ ਵਿਅਕਤੀ ਕਿਸੇ ਅਵਾਰਾ ਪਸ਼ੂ ਨੂੰ ਪੱਠੇ ਨਹੀਂ ਪਾਵੇਗਾ। ਜੇਕਰ ਗਊਸ਼ਾਲਾ ਦੇ ਪ੍ਰਬੰਧਕ ਅਤੇ ਸਰਕਾਰ ਅਤੇ ਸਮਾਜ ਸੇਵੀ ਸੰਸਥਾਵਾਂ ਸੰਜੀਦਾ ਹੋਕੇ ਗਊਸ਼ਾਲਾਵਾਂ ਨੂੰ ਚਲਾਉਣ ਤਾਂ ਬਹੁਤ ਹੱਦ ਤਕ ਕਾਬੂ ਪਾਇਆ ਜਾ ਸਕਦਾ ਹੈ।
ਟੋਲ ਪਲਾਜ਼ਾ ਵਾਲੀਆਂ ਸੜਕਾਂ ਦੀ ਜ਼ਿੰਮੇਵਾਰੀ
ਗਊਸ਼ਾਲਾਵਾਂ ਤੋਂ ਬਿਨਾ ਦੂਜਾ ਵੱਡਾ ਰੋਲ ਟੋਲ ਪਲਾਜ਼ਾ ਵਾਲਿਆਂ ਦਾ ਹੈ। ਅੱਜਕਲ ਤਕਰੀਬਨ ਹਰ ਸੜਕ ’ਤੇ ਸਰਕਾਰ ਵੱਲੋਂ ਟੋਲ ਪਲਾਜ਼ਾ ਲਾਇਆ ਜਾਂਦਾ ਹੈ। ਟੋਲ ਪਲਾਜ਼ਾ ਵਾਲਿਆਂ ਨੂੰ ਚਾਹੀਦਾ ਹੈ ਕਿ ਉਹ ਲੋਕਾਂ ਨੂੰ ਸਾਫ ਸੁਥਰੀਆਂ ਅਤੇ ਪਸ਼ੂਆਂ ਤੋਂ ਰਹਿਤ ਸੜਕਾਂ ਦੇਣ। ਸਰਕਾਰ ਨੂੰ ਵੀ ਚਾਹੀਦਾ ਕਿ ਜੇਕਰ ਕਿਸੇ ਟੋਲ ਪਲਾਜ਼ਾ ਵਾਲੀ ਸੜਕ ’ਤੇ ਕੋਈ ਅਵਾਰਾ ਪਸ਼ੂਆਂ ਨਾਲ ਹਾਦਸਾ ਵਾਪਰਦਾ ਤਾਂ ਉਸਦਾ ਜ਼ਿੰਮੇਵਾਰ ਟੋਲ ਪ੍ਰਬੰਧਕਾਂ ਨੂੰ ਠਹਿਰਾਉਣਾ ਚਾਹੀਦਾ। ਉਹਨਾਂ ਨੂੰ ਸਜ਼ਾ ਅਤੇ ਜੁਰਮਾਨਾ ਕਰਨਾ ਚਾਹੀਦਾ। ਇਸ ਨਾਲ ਵੀ ਬਹੁਤ ਹੱਦ ਤਕ ਹਾਦਸਿਆਂ ਤੋਂ ਨਿਜਾਤ ਮਿਲ ਸਕਦੀ। ਟੋਲ ਪਲਾਜ਼ਿਆਂ ’ਤੇ ਆਮ ਤੋਰ ’ਤੇ ਸੀਸੀਟੀਵੀ ਕੈਮਰੇ ਲੱਗੇ ਹੁੰਦੇ। ਉਹ ਇਹ ਵੀ ਦੇਖ ਸਕਦੇ ਹਨ ਕਿ ਕਿਸਨੇ ਪਸ਼ੂ ਛੱਡੇ ਹਨ।
ਟਰੈਫਿਕ ਪੁਲੀਸ ਨੂੰ ਚੌਕਾਂ ਦੀ ਥਾਂ ਮੁੱਖ ਸੜਕਾਂ ’ਤੇ ਲਾਉਣ ਦੀ ਜ਼ਰੂਰਤ
ਹੁਣ ਅਸੀਂ ਦੇਖਦੇ ਹਾਂ ਕਿ ਟਰੈਫਿਕ ਪੁਲੀਸ ਜਿਸਦਾ ਕੰਮ ਟਰੈਫਿਕ ਦਾ ਸਹੀ ਪ੍ਰਬੰਧ ਕਰਨਾ ਹੁੰਦਾ ਹੈ, ਉਹ ਸਹੀ ਪ੍ਰਬੰਧ ਕਰਨ ਦੀ ਥਾਂ ’ਤੇ ਚੌਂਕਾਂ ਵਿੱਚ ਖੜ੍ਹ ਕੇ ਮੋਟਰ ਸਾਈਕਲ ਦੀਆਂ ਅਵਾਜ਼ਾਂ, ਹੈਲਮਟ ਅਤੇ ਕਾਗਜ਼ ਦੇਖਣ ਤਕ ਸੀਮਿਤ ਰਹਿੰਦੇ। ਰਾਜਵੀਰ ਜਵੰਦਾ, ਜਿਸਦਾ ਹਾਦਸਾ ਹੋਇਆ ਉਸਨੇ ਸਰੁੱਖਿਅਤ ਢੰਗ ਅਪਣਾਏ ਹੋਏ ਸਨ, ਪਰ ਫਿਰ ਵੀ ਹਾਦਸਾ ਵਾਪਰ ਗਿਆ। ਜੇਕਰ ਟਰੈਫਿਕ ਪੁਲੀਸ ਦੇ ਮੁਲਾਜ਼ਮ ਟਰੈਫਿਕ ਵਾਲੇ ਰਸਤੇ ਨੂੰ ਵੀ ਦੇਖਦੇ ਅਤੇ ਅਵਾਰਾ ਪਸ਼ੂਆਂ ਨੂੰ ਪਾਸੇ ਕਰ ਦਿੰਦੇ ਜਾਂ ਉਹਨਾਂ ਨੂੰ ਫੜ ਕੇ ਗਊਸ਼ਾਲਾ ਵਿੱਚ ਭੇਜ ਦਿੰਦੇ ਤਾਂ ਇਹ ਹਾਦਸਾ ਨਹੀਂ ਸੀ ਵਾਪਰਨਾ ਚਾਹੀਦਾ। ਇਸ ਲਈ ਟਰੈਫਿਕ ਪੁਲੀਸ ਦੇ ਮੁਲਾਜ਼ਮਾਂ ਨੂੰ ਮੁੱਖ ਸੜਕਾਂ ’ਤੇ ਲਾਉਣਾ ਚਾਹੀਦਾ ਜਿਸ ਨਾਲ ਉਹ ਟਰੈਫਿਕ ਵੀ ਦੇਖ ਸਕਦੇ ਅਤੇ ਪਸ਼ੂਆਂ ਨੂੰ ਵੀ ਗਊਸ਼ਾਲਾ ਵਿੱਚ ਭੇਜ ਸਕਦੇ ਹਨ।
ਹਾਈਵੇ ਪਟਰੋਲਿੰਗ, ਜਿਸਦੀ ਮੁੱਖ ਜ਼ਿੰਮੇਵਾਰੀ ਸੜਕਾਂ ’ਤੇ ਹੁੰਦੇ ਹਾਦਸਿਆਂ ਦੇ ਲੋਕਾਂ ਨੂੰ ਹਸਪਤਾਲ ਪਹੁੰਚਾਉਣ ਦੀ ਹੈ, ਜੇਕਰ ਉਹ ਆਪਣੇ ਖੇਤਰ ਵਿੱਚ ਤੁਰ ਫਿਰ ਕੇ ਸੜਕਾਂ ’ਤੇ ਪਾਏ ਜਾਦੇਂ ਪਸ਼ੂਆਂ ਨੂੰ ਗਊਸ਼ਾਲਾਵਾਂ ਵਿੱਚ ਭੇਜਣ ਦੀ ਕੋਸ਼ਿਸ਼ ਕਰਨ ਤਾਂ ਵੀ ਹਾਦਸੇ ਘਟ ਸਕਦੇ ਹਨ। ਬੀਤੇ ਦਿਨੀਂ ਮੁੱਖ ਮੰਤਰੀ ਪੰਜਾਬ ਵੱਲੋਂ ਅਜਿਹੇ ਟਰੈਫਿਕ ਵਲੰਟੀਅਰਜ਼ ਵੀ ਰੱਖੇ ਗਏ ਹਨ।
ਭਾਰਤੀ ਸਕਾਊਟਸ ਐਂਡ ਗਾਈਡ, ਐੱਨਸੀਸੀ ਅਤੇ ਰਾਸ਼ਟਰੀ ਸੇਵਾ ਯੋਜਨਾ
ਬੀਤੇ ਸਮੇਂ ਵਿੱਚ ਭਾਰਤ ਸਰਕਾਰ ਦੇ ਸੜਕੀ ਮੰਤਰਾਲੇ ਦੇ ਮੰਤਰੀ ਨਿਤਿਨ ਗਡਕਰੀ ਜੀ ਵੱਲੋਂ ਨੈਸ਼ਨਲ ਹਾਈਵੇ ਦੇ ਸਹਿਯੋਗ ਲਈ ਹਰ ਜ਼ਿਲ੍ਹੇ ਵਿੱਚ 50/50 ਕਿਲੋਮੀਟਰ ’ਤੇ ਵਲੰਟੀਰਜ ਲਾਏ ਜਾਣੇ ਸਨ। ਪਾਇਲਟ ਪ੍ਰੌਜੇਕਟ ਵਜੋਂ ਅਨੰਦਪੁਰ ਸਾਹਿਬ ਅਤੇ ਰੋਪੜ ਜ਼ਿਲ੍ਹੇ ਤੋਂ ਸ਼ੁਰੂਆਤ ਕੀਤੀ ਗਈ ਸੀ। ਇਨ੍ਹਾਂ ਸੰਸਥਾਵਾਂ ਦੀ ਹਰ ਖੇਤਰ ਵਿੱਚ ਵੱਡੀ ਮੈਨਪਾਵਰ ਹੁੰਦੀ ਹੈ, ਜਿਸ ਕਾਰਨ ਉਹ ਪਸ਼ੂਆਂ ਨੂੰ ਅਵਾਰਾ ਘੁੰਮਣ ਤੋਂ ਰੋਕ ਸਕਦੇ ਹਨ। ਇਸ ਤੋਂ ਇਲਾਵਾ ਸ਼ਹਿਰਾਂ ਵਿੱਚ ਅਜਿਹੀਆਂ ਹੋਰ ਸੰਸਥਾਵਾਂ ਹਨ ਜੋ ਸ਼ਹਿਰ ਦੀਆਂ ਗਊਸ਼ਾਲਾਵਾਂ ਨੂੰ ਮਦਦ ਦੇ ਸਕਦੀਆਂ ਹਨ।
ਆਓ ਸਾਰੇ ਪ੍ਰਣ ਕਰੀਏ ਕਿ ਇਹ ਕਿਸੇ ਹੋਰ ਦੀ ਸਮੱਸਿਆ ਨਹੀਂ, ਸਾਡੀ ਸਭ ਦੀ ਜ਼ਿੰਮੇਵਾਰੀ ਹੈ ਆਣੇ ਬਜ਼ੁਰਗਾਂ ਅਤੇ ਪਸ਼ੂਆਂ ਨੂੰ ਸਾਂਭਣ ਦੀ।
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (