“ਸਾਨੂੰ ਸਾਰੇ ਪ੍ਰਵਾਸੀਆਂ ਨੂੰ ਵੀ ਇਸ ਧਰਤੀ ਦੇ ਇੰਡਿਜਨਸ ਭਲਾਈ ਦੇ ਸਾਰੇ ਪ੍ਰੋਗਰਾਮਾਂ ਦਾ ...”
(30 ਸਤੰਬਰ 2025)
ਅੱਜ ਕੈਨੇਡਾ ਵਿੱਚ ‘ਔਰੇਂਜ ਸ਼ਰਟ ਦਿਵਸ’ ਹੈ
ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 30 ਸਤੰਬਰ ਦਾ ਦਿਨ ਕੈਨੇਡਾ ਭਰ ਵਿੱਚ “ਔਰੇਂਜ਼ ਸ਼ਰਟ ਦਿਵਸ”, “ਟਰੂਥ ਐਂਡ ਰੀਕਨਸਿਲੀਏਸ਼ਨ ਰਾਸ਼ਟਰੀ ਦਿਵਸ” ਵਜੋਂ ਮਨਾਇਆ ਗਿਆ। ਬਸਤੀਵਾਦੀ ਯੁਗ ਵੇਲੇ ਵਿਵਾਦਗ੍ਰਸਤ ਰਿਹਾਇਸ਼ੀ ਸਕੂਲਾਂ ਦੇ ਗੁਆਚੇ ਹੋਏ ਬੱਚਿਆਂ ਅਤੇ ਪੀੜਿਤ ਲੋਕਾਂ ਦੀ ਯਾਦ ਅਤੇ ਸਨਮਾਨ ਦੀ ਮੁਹਿੰਮ ਤਹਿਤ ਇਸ ਦਿਨ ਅਲੱਗ ਅਲੱਗ ਪ੍ਰੋਗਰਾਮ ਕੀਤੇ ਗਏ ਅਤੇ ਕੈਨੇਡੀਅਨਾਂ ਲੋਕਾਂ ਨੇ ਸੰਗਤਰੀ ਰੰਗ ਦੀਆਂ ਕਮੀਜ਼ਾਂ ਪਹਿਨਕੇ ਇਸ ਮੁਹਿੰਮ ਵਿੱਚ ਹਿੱਸਾ ਲਿਆ। ਇਸ ਧਰਤੀ ਦੇ ਅਸਲ ਵਾਸੀ ਇੰਡਿਜਨਸ ਕਹੇ ਜਾਂਦੇ ਮੂਲਨਿਵਾਸੀ ਲੋਕਾਂ ਵਿਰੁੱਧ ਬਸਤੀਵਾਦੀ ਦਮਨਕਾਰੀ ਨੀਤੀਆਂ, ਬੀਤੇ ਦੀ ਨਸਲਕੁਸ਼ੀ ਦੇ ਵਿਰੋਧ ਅਤੇ ਇਨ੍ਹਾਂ ਦੀ ਸੱਭਿਆਚਾਰਕ ਵਿਰਾਸਤ ’ਤੇ ਵਿਚਾਰ ਕਰਨ ਦਾ ਮੌਕਾ ਦੇਣ ਲਈ ਇਸ ਦਿਨ ਨੂੰ ਫੈਡਰਲ ਕਾਨੂੰਨੀ ਛੁੱਟੀ ਵਜੋਂ ਮਾਨਤਾ ਦਿੱਤੀ ਗਈ ਹੈ। ਫੈਡਰਲ ਵਿਭਾਗਾਂ ਵਿੱਚ ਕੰਮ ਵਾਲੀਆਂ ਥਾਂਵਾਂ ’ਤੇ ਇਸ ਦਿਨ ਸਰਕਾਰੀ ਕਰਮਚਾਰੀਆਂ ਲਈ ਮਾਨਤਾ ਪ੍ਰਾਪਤ ਛੁੱਟੀ ਹੁੰਦੀ ਹੈ।
‘ਟਰੂਥ ਐਂਡ ਰੀਕਨਸਿਲੀਏਸ਼ਨ ਰਾਸ਼ਟਰੀ ਦਿਵਸ’ ਪਹਿਲੀ ਵਾਰ 2021 ਵਿੱਚ ਫੈਡਰਲ ਛੁੱਟੀ ਵਜੋਂ ਮਨਾਇਆ ਗਿਆ ਸੀ। ਇਸ ਦਿਨ ਕੈਮਲੂਪਸ, ਬੀ.ਸੀ. ਦੇ ਨੇੜੇ ‘ਟਕੇਮਲਪਸ ਟੇ ਸੈਕਵੇਪੇਮਕ ਨੈਸ਼ਨ’ ਲੋਕਾਂ ਨਾਲ ਦਿਨ ਬਿਤਾਉਣ ਲਈ ਸੱਦਾ ਦਿੱਤਾ ਸੀ, ਜਿੱਥੇ ਪਹਿਲੇ ਭਾਰਤੀ ਰਿਹਾਇਸ਼ੀ ਸਕੂਲ ਦੀ ਜਗ੍ਹਾ ’ਤੇ ਅਣਪਛਾਤੀਆਂ ਕਬਰਾਂ ਲੱਭੀਆਂ ਗਈਆਂ ਸਨ। ਅਲਬਰਟਾ ਵਿੱਚ ਇਨ੍ਹਾਂ ਬਸਤੀਵਾਦੀ ਦੌਰ ਦੇ ਜ਼ੁਲਮਾਂ ਬਾਰੇ ਜਾਣਨ ਅਤੇ ਇਸਦਾ ਸ਼ਿਕਾਰ ਹੋਏ ਮੂਲਨਿਵਾਸੀ ਲੋਕਾਂ ਨੂੰ ਯਾਦ ਕਰਨ ਦਾ ਦਿਨ ਹੈ। ਇਸ ਸਾਲ ਵੀ ਉਨ੍ਹਾਂ ਮੂਲਨਿਵਾਸੀ ਬੱਚਿਆਂ ਦਾ ਸਨਮਾਨ ਕਰਨ ਲਈ ਵੱਖ-ਵੱਖ ਸਮਾਗਮ ਅਤੇ ਗਤੀਵਿਧੀਆਂ ਕੀਤੀਆਂ ਗਈਆਂ, ਜਿਹੜੇ ਬੱਚੇ ਕਦੇ ਘਰ ਵਾਪਸ ਨਹੀਂ ਆਏ ਅਤੇ ਕੁਝ ਹੋਰ ਜੋ ਇਨ੍ਹਾਂ ਰਿਹਾਇਸ਼ੀ ਸਕੂਲਾਂ ਤੋਂ ਬਚ ਗਏ ਹਨ। ਹਾਲਾਂਕਿ ਇਹ ਫੈਡਰਲ ਕਾਨੂੰਨੀ ਛੁੱਟੀ ਹੈ, ਪਰ ਫਿਰ ਵੀ ਵੱਖ-ਵੱਖ ਪ੍ਰਾਂਤ ਇਸ ਨੂੰ ਤਨਖਾਹ ਵਾਲੀ ਸਟੈਟ ਛੁੱਟੀ ਵਜੋਂ ਨਹੀਂ ਮਨਾਉਂਦੇ। ਫੈਡਰਲ ਸਰਕਾਰ ਤੋਂ ਇਲਾਵਾ ਅਲਬਰਟਾ ਪਰੋਵਿੰਸੀਅਲ ਸਰਕਾਰ ਨੇ ਇਸ ਦਿਨ ਨੂੰ ਮਾਨਤਾ ਦਿੱਤੀ ਹੈ। ਪਰ ਕੁਝ ਸਮਾਂ ਲੈਕੇ, ਸੂਬਾਈ/ਖੇਤਰੀ ਸਰਕਾਰ ਬ੍ਰਿਟਿਸ਼ ਕੋਲੰਬੀਆ, ਮੈਨੀਟੋਬਾ, ਨੋਵਾ ਸਕੋਸ਼ੀਆ, ਉੱਤਰ-ਪੱਛਮੀ ਖੇਤਰਾਂ, ਨੂਨਾਵੁਟ, ਪ੍ਰਿੰਸ ਐਡਵਰਡ ਆਈਲੈਂਡ ਅਤੇ ਯੂਕੌਨ ਦੀਆਂ ਸਰਕਾਰਾਂ ਨੇ 30 ਸਤੰਬਰ ਨੂੰ ਕੁਝ ਸੀਮਿਤ ਹੱਦ ਵਾਲੀ ਛੁੱਟੀ ਦੇ ਤੌਰ ’ਤੇ ਕਾਨੂੰਨਾਂ ਵਿੱਚ ਸ਼ਾਮਲ ਕੀਤਾ ਹੈ।
ਯਾਦ ਰਹੇ ਕਿ ਸਾਰੇ ਕੈਨੇਡਾ ਵਿੱਚ ਬਸਤੀਵਾਦੀ ਦੌਰ ਵੇਲੇ ਇਸ ਧਰਤੀ ਦੇ ਮੂਲਨਿਵਾਸੀ ਬੱਚਿਆਂ ਲਈ 139 ਸਕੂਲ ‘ਇੰਡਿਜਨਸ ਰੈਜ਼ੀਡੈਂਸ਼ੀਅਲ ਸਕੂਲ ਸਿਸਟਮ’ ਰਾਹੀਂ ਚਲਾਏ ਗਏ ਸਨ। ਇਹ ਸਕੂਲ ਸੰਨ 1860 ਤੋਂ 1996 ਤਕ ਚਲਦੇ ਰਹੇ ਅਤੇ ਇਨ੍ਹਾਂ 60% ਸਕੂਲਾਂ ਦਾ ਪ੍ਰਬੰਧ ਰੋਮਨ ਕੈਥੋਲਿਕ ਚਰਚ ਵੱਲੋਂ ਕੀਤਾ ਜਾਂਦਾ ਸੀ। ਇਨ੍ਹਾਂ ਸਕੂਲਾਂ ਦਾ ਮਕਸਦ ਇਨ੍ਹਾਂ ਇੰਡਿਜਨਸ ਬੱਚਿਆਂ ਨੂੰ ਸਥਾਨਕ ਮੂਲਨਿਵਾਸੀ ਭਾਸ਼ਾ ਅਤੇ ਸੱਭਿਆਚਾਰ ਨੂੰ ਭੁਲਾਕੇ, ਯੁਰੋਪੀਅਨ ਇਸਾਈ ਸਭਿਅਤਾ ਦਾ ਬੂਟਾ ਲਾਉਣਾ ਸੀ। ਇਨ੍ਹਾਂ ਸਕੂਲ ਵਿੱਚ ਤਕਰੀਬਨ 1,50,000 ਇੰਡਿਜਨਸ ਬੱਚਿਆਂ ਨੂੰ ਮਾਪਿਆਂ ਤੋਂ ਅਲੱਗ ਰੱਖਿਆ ਗਿਆ ਸੀ ਅਤੇ ਇਨ੍ਹਾਂ ਬੱਚਿਆਂ ਪ੍ਰਤੀ ਅਪਰਾਧਾਂ ਦੀ ਚਰਚਾ ਆਮ ਰਹੀ ਸੀ। ਤਕਰੀਬਨ 100 ਸਾਲਾਂ ਤਕ ਚਲੇ ਇਸ ਸਿਸਟਮ ਦੌਰਾਨ 21 ਮੂਲਨਿਵਾਸੀ ਨੇਸ਼ਨਜ਼ ਸਮੂਹਾਂ ਦੇ ਬੱਚੇ ਰੱਖੇ ਗਏ ਜਿਨ੍ਹਾਂ ਵਿੱਚ ਬਹੁਤੀ ਗਿਣਤੀ ਵਿੱਚ ‘ਫਸਟ ਨੇਸ਼ਨ’, “ਇਨੁਅਟਸ’, “ਮੇਟੀਜ਼’ ਅਤੇ ਥੇਮਸ ਦੇ ‘ਚਿੱਕਵਾਸ’ ਨਾਮ ਦੇ ਨੈਸ਼ਨਜ਼ ਦੇ ਬੱਚੇ ਸਨ। ਪਿਛਲੇ ਸਾਲਾਂ ਦੌਰਾਨ ਹੀ ਦੋਸ਼ੀ ਕੈਥੋਲਿਕ ਸੰਸਥਾ ਦੇ ਮੌਜੂਦਾ ਮੁਖੀ ਪੋਪ ਫਰਾਂਸਿਸ ਵੱਲੋਂ ਬੀਤੇ ਅਪਰਾਧਾਂ ਲਈ ਮਾਫ਼ੀ ਵੀ ਮੰਗੀ ਹੈ। ਟਰੂਥ ਐਂਡ ਰੀਕਨਸਿਲੀਏਸ਼ਨ ਕਮਿਸ਼ਨ (ਟੀ.ਆਰ.ਸੀ.) ਰਿਪੋਰਟ ਕਰਦਾ ਹੈ ਕਿ 1828 ਅਤੇ 1996 ਦੇ ਵਿਚਕਾਰ ਕੈਨੇਡਾ ਵਿੱਚ 139 ਰਿਹਾਇਸ਼ੀ ਸਕੂਲ ਕੰਮ ਕਰਦੇ ਸਨ, ਜਿਨ੍ਹਾਂ ਵਿੱਚੋਂ 17 ਇਕੱਲੇ ਔਂਟੇਰੀਓ ਵਿੱਚ ਸਨ।
ਸਨ 2015 ਵਿੱਚ ‘ਟਰੂਥ ਅਤੇ ਰੀਕਨਸਿਲੀਏਸ਼ਨ ਕਮੇਟੀ’ ਵੱਲੋਂ ਜਾਰੀ ਇੱਕ ਰਿਪੋਰਟ ਵਿੱਚ ਦੱਸਿਆ ਗਿਆ ਕਿ ਇਨ੍ਹਾਂ ਸਕੂਲਾਂ ਵਿੱਚ ਮਾਂ-ਬਾਪ ਤੋਂ ਦੂਰ ਰੱਖੇ ਬੱਚਿਆਂ ਨਾਲ ਜਜ਼ਬਾਤੀ, ਜਿਣਸੀ ਅਤੇ ਯੋਨ ਅਪਰਾਧ ਵੱਡੀ ਗਿਣਤੀ ਵਿੱਚ ਹੋਏ ਅਤੇ ਹੁਣ ਤਕ ਤਕਰੀਬਨ 4118 ਬੱਚਿਆਂ ਦੀਆਂ ਮੌਤਾਂ ਦੇ ਦਸਤਾਵੇਜ਼ ਮਿਲ ਚੁੱਕੇ ਹਨ। ਇਨ੍ਹਾਂ ਸਕੂਲਾਂ ਦੇ ਪ੍ਰਬੰਧਕਾਂ ਵੱਲੋਂ ਕੁੱਟਮਾਰ, ਯੋਨ ਸ਼ੋਸ਼ਣ ਤੋਂ ਇਲਾਵਾ ਨਸਲੀ ਨਫਰਤ ਦੀਆਂ ਸ਼ਿਕਾਇਤਾਂ ਦੀ ਨਾ ਕਦੇ ਸੁਣਵਾਈ ਹੋਈ, ਨਾ ਹੀ ਕੋਈ ਇਨਸਾਫ ਮਿਲਿਆ ਸੀ। ਇਨ੍ਹਾਂ ਜ਼ੁਲਮਾਂ ਕਾਰਨ ਕਈ ਬੱਚੇ ਮੌਤ ਦਾ ਸ਼ਿਕਾਰ ਹੋਣ ਦੇ ਵੀ ਚਰਚੇ ਸਨ, ਪਰ ਹੁਣ ਇਸ ਗੱਲ ਦੇ ਸਬੂਤ ਵੀ ਮਿਲਣੇ ਸ਼ੁਰੁ ਹੋ ਗਏ ਹਨ। ਸਾਲ 2021 ਵਿੱਚ ਹੀ ਬੀ.ਸੀ. ਸੂਬੇ ਦੇ ਕੈਮਲੂਪਸ ਦੇ ਇੰਡੀਅਨ ਰੈਜ਼ੀਡੈਂਸ਼ੀਅਲ ਸਕੂਲ ਵਿੱਚ 215 ਬੱਚਿਆਂ ਦੀਆਂ ਕਬਰਾਂ ਮਿਲੀਆਂ ਸਨ ਅਤੇ ਉਸ ਤੋਂ ਬਾਅਦ ਫਸਟ ਨੇਸ਼ਨਜ਼ ਸਮੂਹ ਦੇ ਲੋਕਾਂ ਦੇ ਸਕੂਲਾਂ ਵਾਲੀ ਥਾਂ ’ਤੋਂ 1300 ਅਣਪਛਾਤੀਆਂ ਕਬਰਾਂ ਵੀ ਰਿਪੋਰਟ ਹੋਈਆਂ। ਬੀਤੇ ਦੇ ਅਪਰਾਧਾਂ ਦੇ ਸਬੂਤ ਜੱਗ ਜ਼ਾਹਿਰ ਹੋਣ ’ਤੇ ਲੋਕਾਂ ਵਿੱਚ ਰੋਸ ਭੜਕਿਆ ਹੈ ਅਤੇ ਕੈਥੋਲਿਕ ਚਰਚ ਮੁਖੀ ਤੋਂ ਮਾਫ਼ੀ ਦੀ ਮੰਗ ਉੱਠੀ। ਟੀ.ਆਰ.ਸੀ ਨੇ ਆਪਣੀ ਜਾਂਚ ਦੇ ਹਿੱਸੇ ਵਜੋਂ 3200 ਮੌਤਾਂ ਦੀ ਪਛਾਣ ਕੀਤੀ, ਪਰ ਪੂਰੇ ਕੈਨੇਡਾ ਦੇ ਇੰਡਿਜਨਸ ਸਮੂਹਾਂ ਨੇ ਲੰਬੇ ਸਮੇਂ ਤੋਂ ਜ਼ੋਰ ਦੇ ਕੇ ਕਿਹਾ ਹੈ ਕਿ ਇਹ ਗਿਣਤੀ ਬਹੁਤ ਜ਼ਿਆਦਾ ਹੈ। ਟੀ.ਆਰ.ਸੀ. ਦੀ ਰਿਪੋਰਟ ਦੇ ਅਨੁਸਾਰ ਰਿਹਾਇਸ਼ੀ ਸਕੂਲਾਂ ਦੇ ਬੱਚੇ ਸਟਾਫ ਦੁਆਰਾ ਸਰੀਰਕ ਅਤੇ ਜਿਣਸੀ ਸ਼ੋਸ਼ਣ ਦਾ ਸ਼ਿਕਾਰ ਹੋਏ ਸਨ। ਇਨ੍ਹਾਂ ਵਿੱਚੋਂ ਕਾਫ਼ੀ ਸਾਰੇ ਬੱਚੇ ਕੁਪੋਸ਼ਣ ਜਾਂ ਖ਼ੁਰਾਕੀ ਕਮੀ ਦੀ ਬਿਮਾਰੀ ਵਾਲੇ ਸਨ, ਅਤੇ ਮਾੜੀਆਂ ਰਿਹਾਇਸ਼ੀ ਹਾਲਤਾਂ ਵਿੱਚ ਰਹਿੰਦੇ ਸਨ, ਜਿਸ ਨਾਲ ਉਨ੍ਹਾਂ ਦੇ ਜ਼ਿੰਦਗੀ ਨੂੰ ਖ਼ਤਰਾ ਬਣਿਆ ਸੀ।
‘ਟਰੂਥ ਐਂਡ ਰੀਕਨਸਿਲੀਏਸ਼ਨ ਕਮਸ਼ਿਨ’ ਨੇ ਇਸ ਮੁੱਦੇ ਲਈ ਕਾਰਵਾਈ ਕਰਨ ਲਈ 94 ਕਾਲ ਟੂ ਐਕਸ਼ਨਾਂ ਦੀ ਮੰਗ ਕੀਤੀ। ਹਾਲਾਂਕਿ ਟਰੂਡੋ ਲਿਬਰਲ ਸਰਕਾਰ ਨੇ 2015 ਦੇ ਸ਼ੁਰੂਆਤ ਤੋਂ ਹੀ ਵਾਅਦਾ ਕੀਤਾ ਸੀ ਕਿ ਉਹ ਕਾਰਵਾਈ ਕਰਨ ਲਈ ਸਾਰੀਆਂ 94 ਕਾਲਾਂ ਵਿੱਚੋਂ ਹਰ ਇੱਕ ਨੂੰ ਲਾਗੂ ਕਰੇਗੀ, ਜਦੋਂ ਕਿ ਇਸਨੇ ਗੁੰਮ ਹੋਏ ਬੱਚਿਆਂ ਅਤੇ ਦਫਨਾਉਣ ਨਾਲ ਸਬੰਧਤ ਛੇ ਮੰਗਾਂ ਵਿੱਚੋਂ ਸਿਰਫ ਇੱਕ ਨੂੰ ਪੂਰਾ ਕੀਤਾ ਹੈ। ਬ੍ਰਿਟਿਸ਼ ਕੋਲੰਬੀਆ ਸੰਧੀ ਕਮਿਸ਼ਨ ਦੇ ਅਨੁਸਾਰ 30 ਜੂਨ, 2021 ਤਕ ਕੁੱਲ 14 ਕਾਲ ਟੂ ਐਕਸ਼ਨ ਪੂਰੇ ਕੀਤੇ ਸਨ, 23 ਪ੍ਰੋਜੈਕਟਾਂ ਦੇ ਨਾਲ ਪ੍ਰਗਤੀ ਵਿੱਚ ਹਨ, 37 ਪ੍ਰਸਤਾਵਿਤ ਪ੍ਰੋਜੈਕਟਾਂ ਦੇ ਨਾਲ ਪ੍ਰਗਤੀ ਵਿੱਚ ਹਨ, ਅਤੇ ਬਹੁਤੇ ਅਜੇ ਸ਼ੁਰੂ ਨਹੀਂ ਕੀਤੇ ਗਏ। ਸਾਬਕਾ ਮਾਊਂਟ ਐਲਗਿਨ ਰਿਹਾਇਸ਼ੀ ਸਕੂਲ ਵਿੱਚ ਅਣਪਛਾਤੀਆਂ ਕਬਰਾਂ ਦੀ ਭਾਲ ਲਈ ਵੀ ਮੰਗ ਰੱਖੀ ਗਈ ਸੀ। ਟਰੂਥ ਐਂਡ ਰੀਕਨਸਿਲੀਏਸ਼ਨ ਦੇ ਉਦਘਾਟਨੀ ਰਾਸ਼ਟਰੀ ਦਿਵਸ ’ਤੇ ਥੇਮਜ਼ ਫਸਟ ਨੇਸ਼ਨ ਦੇ ਚਿੱਪੇਵਾਸ ਨੇ ਦੱਖਣ-ਪੱਛਮੀ ਔਂਟੇਰੀਓ ਵਿੱਚ ਸਾਬਕਾ ਮਾਊਂਟ ਐਲਗਿਨ ਰਿਹਾਇਸ਼ੀ ਸਕੂਲ ਦੇ ਮੈਦਾਨਾਂ ਦੀ ਤਲਾਸ਼ੀ ਲੈਣ ਦੀ ਯੋਜਨਾ ਦਾ ਐਲਾਨ ਕੀਤਾ ਸੀ। 215 ਬੱਚਿਆਂ ਦੀਆਂ ਲਾਸ਼ਾਂ ਬ੍ਰਿਟਿਸ਼ ਕੋਲੰਬੀਆ ਦੇ ਸਾਬਕਾ ਕੈਮਲੂਪਸ ਇੰਡੀਅਨ ਰੈਜ਼ੀਡੈਂਸ਼ੀਅਲ ਸਕੂਲ ਦੀ ਜਗ੍ਹਾ ’ਤੇ ਅਣਪਛਾਤੀਆਂ ਕਬਰਾਂ ਵਿੱਚ ਦਫਨਾਈਆਂ ਲਾਸ਼ਾਂ ਵੀ ਮਿਲੀਆਂ ਸਨ। ਨੈਸ਼ਨਲ ਡੇਅ ਫਾਰ ਟਰੂਥ ਐਂਡ ਰੀਕਨਸਿਲੀਏਸ਼ਨ’ ਵੱਲੋਂ 30 ਸਤੰਬਰ ਦਾ ਦਿਵਸ ਵੀ 94 ਕਾਲ ਟੂ ਅੇਕਸ਼ਨ ਮੰਗ ਵਿੱਚੋਂ ਇੱਕ ਹੈ ਅਤੇ ਕੈਨੇਡੀਅਨ ਸਰਕਾਰ ਦੁਆਰਾ ਪੇਸ਼ ਕੀਤੀ ਗਈ ਨਵੀਂ ਕਾਨੂੰਨੀ ਛੁੱਟੀ ਹੈ।
ਇਸ ਤੋਂ ਬਾਅਦ ਦੇ ਹਫ਼ਤਿਆਂ ਅਤੇ ਮਹੀਨਿਆਂ ਵਿੱਚ ਕੈਨੇਡਾ ਭਰ ਵਿੱਚ ਕਈ ਹੋਰ ਫਸਟ ਨੇਸ਼ਨਜ਼ ਨੇ ਸਾਬਕਾ ਰਿਹਾਇਸ਼ੀ ਸਕੂਲਾਂ ਵਾਲੀਆਂ ਥਾਂਵਾਂ ’ਤੇ 1300 ਤੋਂ ਵੱਧ ਅਣਪਛਾਤੀਆਂ ਕਬਰਾਂ ਦਾ ਪਰਦਾਫਾਸ਼ ਕਰਨ ਦੀ ਰਿਪੋਰਟ ਕੀਤੀ। ਕੈਮਲੂਪਸ ਵਿਖੇ ਸ਼ੁਰੂਆਤੀ ਖੋਜ ਨੇ ਕਾਉਂਟੀ ਭਰ ਦੀਆਂ ਸਾਰੀਆਂ ਰਿਹਾਇਸ਼ੀ ਸਕੂਲ ਸਾਈਟਾਂ ਦੇ ਅਧਾਰ ’ਤੇ ਜਾਂਚ ਦੀ ਮੰਗ ਕੀਤੀ। ਆਨਲਾਈਨ ਪੋਸਟ ਕੀਤੀ ਗਈ ਇੱਕ ਵੀਡੀਓ ਵਿੱਚ ਥੇਮਜ਼ ਫਸਟ ਨੇਸ਼ਨ ਦੇ ਚਿੱਪੇਵਾਸ ਵਿਖੇ ਸੰਧੀ ਖੋਜ ਕੋਆਰਡੀਨੇਟਰ ਕੈਲੀ ਰਿਲੇ ਨੇ ਦਰਸ਼ਕਾਂ ਨੂੰ ਦੱਸਿਆ ਕਿ ਪਹਿਲਾ ਕਦਮ ਇਹ ਪਤਾ ਲਾਉਣ ਲਈ ਖੋਜ ਕਰਨਾ ਹੈ ਕਿ ਇਹ ਵਿਦਿਆਰਥੀ ਕੌਣ ਸਨ ਅਤੇ ਕੀ ਅਣਪਛਾਤੀਆਂ ਕਬਰਾਂ ਦੀ ਸੰਭਾਵਨਾ ਹੈ।” ਇਸ ਸਕੂਲ ਨੂੰ ਚਲਦਿਆਂ 80 ਸਾਲ ਹੋ ਗਏ ਹਨ। ਕੈਮਲੂਪਸ, ਸਕੂਲ ਦੀ ਬਿਲਡਿੰਗ ਅਜੇ ਵੀ ਖੜ੍ਹੀ ਸੀ, ਅਤੇ ਲਗਭਗ ਹਰ ਕੋਈ ਜਾਣਦਾ ਸੀ ਕਿ ਦਫਨਾਉਣ ਵਾਲੀਆਂ ਥਾਂਵਾਂ ਕਿੱਥੇ ਹਨ। ਰਿਲੇ ਨੇ ਕਿਹਾ, “ਸਾਡੇ ਕੋਲ ਇੱਕ ਬਹੁਤ ਮੁਸ਼ਕਿਲ ਕੰਮ ਹੈ, ਜਿਸ ਵਿੱਚ ਸਾਡੇ ਕੋਲ ਮਾਉਂਟ ਐਲਗਿਨ ਰਿਹਾਇਸ਼ੀ ਸਕੂਲ ਦੇ ਬਹੁਤ ਘੱਟ ਵਿਦਿਆਰਥੀ ਬਚੇ ਹੋਏ ਹਨ।”
ਕੈਲੀ ਰਿਲੇ ਨੇ ਕਿਹਾ ਕਿ ਇਸ ਸਿਸਟਮ ਦੇ ਲਗਭਗ 100 ਸਾਲਾਂ ਦੇ ਸੰਚਾਲਨ ਦੌਰਾਨ ਥੇਮਜ਼ ਦੇ ਚਿੱਪੇਵਾਸ ਸਮੇਤ 21 ਫਸਟ ਨੇਸ਼ਨਜ਼ ਦੇ ਬੱਚੇ ਸਕੂਲ ਵਿੱਚ ਪੜ੍ਹਦੇ ਸਨ। ਉਸਨੇ ਕਿਹਾ ਕਿ ਉਹ ਉਨ੍ਹਾਂ ਸਾਰੇ ਭਾਈਚਾਰਿਆਂ ਤਕ ਪਹੁੰਚ ਕਰ ਰਹੇ ਹਨ, ਜਿਨ੍ਹਾਂ ਦੇ ਬੱਚੇ ਇਨ੍ਹਾਂ ਸਕੂਲਾਂ ਵਿੱਚ ਰੱਖੇ ਗਏ ਸਨ। ਚਿੱਪੇਵਾਸ ਸਕੂਲ ਵਿੱਚ ਪੜ੍ਹਨ ਵਾਲੇ ਹਰ ਵਿਦਿਆਰਥੀ ਦੀ ਪਛਾਣ ਕਰਨ ਅਤੇ ਇਸ ਕੰਮ ਸੰਚਾਲਨ ਦੇ ਸਾਲਾਂ ਦੀ ਸਮਾਂ-ਸੀਮਾ ਬਣਾਉਣ ਲਈ ਕੰਮ ਕਰ ਰਿਹਾ ਹੈ। ਦੱਖਣੀ ਔਂਟੇਰੀਓ ਵਿੱਚ ਦੋ ਰਿਹਾਇਸ਼ੀ ਸਕੂਲ ਸਨ: ਬਰੈਂਟਫੋਰਡ ਵਿੱਚ ਮੋਹੌਕ ਇੰਸਟੀਚਿਊਟ ਰਿਹਾਇਸ਼ੀ ਸਕੂਲ ਅਤੇ ਲੰਡਨ ਔਂਟੇਰੀਓ ਤੋਂ ਲਗਭਗ 30 ਕਿਲੋਮੀਟਰ ਦੱਖਣ-ਪੱਛਮ ਵਿੱਚ ਮੁਨਸੀ ਵਿੱਚ ਮਾਊਂਟ ਐਲਗਿਨ ਇੰਡੀਅਨ ਰਿਹਾਇਸ਼ੀ ਸਕੂਲ (ਜਿਸ ਨੂੰ ਮੁਨਸੀ ਇੰਸਟੀਚਿਊਟ ਵੀ ਕਿਹਾ ਜਾਂਦਾ ਹੈ)। ਸਾਲ 1851 ਤੋਂ 1862 ਅਤੇ ਫਿਰ ਸਾਲ 1867 ਤੋਂ 1946 ਤਕ ਮਾਉਂਟ ਐਲਗਿਨ ਸਕੂਲ ਵਿੱਚ ਘੱਟੋ ਘੱਟ ਪੰਜ ਬੱਚਿਆਂ ਦੀ ਮੌਤ ਦੇ ਸਬੂਤ ਮਿਲੇ ਹਨ।
ਖੋਜ ਪੂਰੀ ਹੋਣ ਤੋਂ ਬਾਅਦ ਕੋਆਰਡੀਨੇਟਰ ਕੈਲੀ ਰਿਲੇ ਨੇ ਕਿਹਾ ਕਿ ਜੇ ਇਹ ਨਿਰਧਾਰਤ ਕੀਤਾ ਜਾਂਦਾ ਹੈ ਕਿ ਇਸ ਗੱਲ ਦਾ ਸਬੂਤ ਹੈ ਕਿ ਅਣਪਛਾਤੀਆਂ ਕਬਰਾਂ ਹੋ ਸਕਦੀਆਂ ਹਨ, ਤਾਂ ਉਸ ਜ਼ਮੀਨ ਦੀ ਭਾਲ ਕਰਨ ਲਈ ਲੋੜੀਂਦੀ ਸਾਰੀ ਤਕਨਾਲੋਜੀ ਅਤੇ ਉਪਕਰਣ, ਜਿਵੇਂ ਕਿ ਜ਼ਮੀਨ ਦੀ ਛਾਣਬੀਣ ਕਰਨ ਵਾਲੇ ਰਾਡਾਰ ਦੀ ਵਰਤੋਂ ਕਰਨਗੇ। ਕਿਸੇ ਵੀ ਸੰਭਾਵਤ ਅਣਜਾਣ ਦਫਨਾਉਣ ਵਾਲੀਆਂ ਥਾਂਵਾਂ ਨੂੰ ਲੱਭਣ ਦੀ ਕੋਸ਼ਿਸ਼ ਕਰਨ ਲਈ ਖੇਤਰ ਦੀ ਫੁਟੇਜ ਪ੍ਰਾਪਤ ਕਰਨ ਲਈ ਇੱਕ ਡਰੋਨ ਦੀ ਵਰਤੋਂ ਕਰਨਗੇ। ਰਿਲੇ ਦਾ ਅਨੁਮਾਨ ਹੈ ਕਿ ਉਨ੍ਹਾਂ ਨੂੰ ਪੂਰਾ ਹੋਣ ਵਿੱਚ ਤਿੰਨ ਤੋਂ ਪੰਜ ਸਾਲ ਲੱਗਣਗੇ।
ਕੈਨੇਡੀਅਨ ਸਰਕਾਰ ਨੇ ਇੰਡਿਜਨਸ ਭਾਈਚਾਰਿਆਂ ਨੂੰ ਸਾਬਕਾ ਰਿਹਾਇਸ਼ੀ ਸਕੂਲਾਂ ਵਿੱਚ ਦਫਨਾਉਣ ਵਾਲੀਆਂ ਥਾਂਵਾਂ ਦੀ ਭਾਲ ਕਰਨ ਵਿੱਚ ਸਹਾਇਤਾ ਕਰਨ ਲਈ ਪ੍ਰੋਗਰਾਮਾਂ ਲਈ 321 ਮਿਲੀਅਨ ਡਾਲਰ ਦੀ ਨਵੀਂ ਫੰਡਿੰਗ ਦਾ ਵਾਅਦਾ ਕੀਤਾ ਸੀ। ਉਸ ਸਮੇਂ ਸਰਕਾਰ ਨੇ ਕਿਹਾ ਸੀ ਕਿ ਇਹ ਪੈਸਾ ਇਨ੍ਹਾਂ ਸਕੁਲਾਂ ਵਿੱਚੋਂ ਬਚਕੇ ਆਏ ਲੋਕਾਂ ਅਤੇ ਉਨ੍ਹਾਂ ਦੇ ਭਾਈਚਾਰਿਆਂ ਦੀ ਸਹਾਇਤਾ ਲਈ ਵੀ ਜਾਵੇਗਾ, ਅਤੇ ਇਸ ਕੰਮ ਵਿੱਚ ਸਹਾਇਤਾ ਲਈ ਇੱਕ ਵਿਸ਼ੇਸ਼ ਵਾਰਤਾਕਾਰ ਨਿਯੁਕਤ ਕੀਤਾ ਜਾਵੇਗਾ।
“ਟਰੂਥ ਐਂਡ ਰੀਕਸੀਲੀਏਸ਼ਨ ਰਾਸ਼ਟਰੀ ਦਿਵਸ ’ਤੇ ਕੈਨੇਡੀਅਨਾਂ ਨੇ ਇਨ੍ਹਾਂ ਇੰਡਜਨਸ ਸਕੂਲਾਂ ਵਿੱਚ ਇਸ ਨਸਲਕੁਸ਼ੀ ਅਤੇ ਦੁਰਵਿਵਹਾਰ ਦੇ ਪੀੜਿਤਾਂ ਨੂੰ ਨਿਆਂ ਦਿਵਾਉਣ ਦੀ ਮੰਗ ਕੀਤੀ। ਹੁਣ ਦੇਖਣਾ ਇਹ ਹੈ ਫੈਡਰਲ ਅਤੇ ਸੂਬਾਈ ਸਰਕਾਰਾਂ ਇਸ ਧਰਤੀ ਦੇ ਮੂਲ ਨਿਵਾਸੀਆਂ ਨਾਲ ਪਿਛਲੇ ਸਮੇਂ ਦੇ ਬਸਤੀਵਾਦੀ ਸ਼ਾਸਕਾਂ ਦੁਆਰਾ ਕੀਤੇ ਗਏ ਅੱਤਿਆਚਾਰਾਂ ਨੂੰ ਖਤਮ ਕਰਨ ਲਈ ਕਿੰਨੀ ਕੁ ਇਮਾਨਦਾਰੀ ਨਾਲ ਕਾਰਵਾਈ ਕਰਦੀਆਂ ਹਨ। ਅਜੇ ਵੀ ਇਸ ਧਰਤੀ ਦੇ ਇੰਡਿਜਨਸ ਭਾਈਚਾਰਿਆਂ ਦਾ ਬਾਕੀ ਕੈਨੇਡੀਅਨਾਂ ਦੇ ਮੁਕਾਬਲੇ ਗਰੀਬੀ ਅਤੇ ਮਾੜੀਆਂ ਜੀਉਣ ਹਾਲਤਾਂ ਵਿੱਚ ਰਹਿਣ ਕਰਕੇ ਕਾਫੀ ਪਾੜਾ ਹੈ।
ਸਿਰਫ਼ ਬਸਤੀਵਾਦੀ ਅਤੀਤ ਨੂੰ ਹੀ ਦੋਸ਼ੀ ਨਹੀਂ ਠਹਿਰਾਇਆ ਜਾ ਸਕਦਾ, ਕੈਨੇਡਾ ਦੇ ਮੂਲਨਿਵਾਸੀ ਭਾਈਚਾਰਿਆਂ ਨਾਲ ਅੱਜ ਵੀ ਅੱਤਿਆਚਾਰ ਹੋਣ ਦੀਆਂ ਖਬਰਾਂ ਹਨ। ਅਜੇ ਵੀ ਇੰਡਿਜਨਸ ਕੁੜੀਆਂ ਦੇ ਲਾਪਤਾ ਅਤੇ ਕਤਲ ਹੋਣ ਦਾ ਮੁੱਦਾ ਵੱਡੀ ਸਮੱਸਿਆ ਹੈ। ਕੈਨੇਡਾ ਵਿੱਚ ‘ਲਾਪਤਾ ਅਤੇ ਕਤਲ ਕੀਤੀਆਂ ਇੰਡਿਜਨਸ ਔਰਤਾਂ ਅਤੇ ਕੁੜੀਆਂ’ (ਐੱਮ.ਐੱਮ.ਆਈ.ਡਬਲਿਉ.ਜੀ.) ਵੀ ਮਨੁੱਖੀ ਅਧਿਕਾਰਾਂ ਦੇ ਸੰਕਟ ਨੂੰ ਦਰਸਾਉਂਦੀ ਹੈ ਜੋ ਕੁਝ ਸਾਲਾਂ ਤੋਂ ਰਾਸ਼ਟਰੀ ਮੀਡੀਆ ਵਿੱਚ ਚਰਚਾ ਦਾ ਵਿਸ਼ਾ ਬਣ ਗਿਆ ਹੈ। ਲੰਬੇ ਸਮੇਂ ਤੋਂ ਅੰਤਰਰਾਸ਼ਟਰੀ ਸੰਸਥਾਵਾਂ ਨੇ ਇੰਡਿਜਨਸ ਔਰਤਾਂ ਅਤੇ ਭਾਈਚਾਰਿਆਂ ਦੇ ਸਮੂਹਾਂ ਉੱਤੇ ਹਿੰਸਾ ਦੀਆਂ ਵੱਡੀ ਗਿਣਤੀ ਵਿਰੁੱਧ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਇਸਦੇ ਨਾਲ ਨਾਲ ਕੈਨੇਡਾ ਵਿੱਚ ਲਾਪਤਾ ਅਤੇ ਕਤਲ ਕੀਤੀਆਂ ਗਈਆਂ ਮੂਲਨਿਵਾਸੀ ਔਰਤਾਂ ਅਤੇ ਲੜਕੀਆਂ ਦੇ ਡਰਾਉਣੇ ਅੰਕੜਿਆਂ ਲਈ ਵੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ। 8 ਦਸੰਬਰ 2015 ਨੂੰ ਰਾਸ਼ਟਰੀ ਜਨਤਕ ਪੁੱਛਗਿੱਛ ਸ਼ੁਰੂ ਹੋਣ ਤੋਂ ਪਹਿਲਾਂ ਫੈਡਰਲ ਸਰਕਾਰ ਦੁਆਰਾ ਇਨ੍ਹਾਂ ਮੰਗਾਂ ਨੂੰ ਲਗਾਤਾਰ ਨਜ਼ਰਅੰਦਾਜ਼ ਕੀਤਾ ਗਿਆ ਸੀ। ਕੁਝ ਲੋਕਾਂ ਦੁਆਰਾ ਇੱਕ ਛੁਪੇ ਹੋਏ ਸੰਕਟ ਦੇ ਰੂਪ ਵਿੱਚ ਵਰਣਨ ਕੀਤਾ ਗਿਆ ਹੈ, ਡਾਨ ਲਵੇਲ - ਹਾਰਵਰਡ, ਨੇਟਿਵ ਵੁਮੈਨ ਐਸੋਸੀਏਸ਼ਨ ਆਫ ਕੈਨੇਡਾ ਦੇ ਸਾਬਕਾ ਪ੍ਰਧਾਨ ਨੇ ‘ਲਾਪਤਾ ਅਤੇ ਕਤਲ ਕੀਤੀਆਂ ਇੰਡਿਜਨਸ ਔਰਤਾਂ ਨੂੰ ਇੱਕ ਰਾਸ਼ਟਰੀ ਤ੍ਰਾਸਦੀ ਅਤੇ ਇੱਕ ਰਾਸ਼ਟਰੀ ਸ਼ਰਮ ਦੇ ਰੂਪ ਵਿੱਚ ਦਰਸਾਇਆ ਹੈ। 2015 ਵਿੱਚ ਕੈਨੇਡਾ ਦੇ “ਟਰੂਥ ਅਤੇ ਰੀਕਨਸਿਲੀਏਸ਼ਨ ਕਮਿਸ਼ਨ” ਨੇ ਇੰਡਿਜਨਸ ਔਰਤਾਂ ਅਤੇ ਲੜਕੀਆਂ ਦੇ ਸ਼ੋਸ਼ਣ ਦੀ ਰਾਸ਼ਟਰੀ ਜਨਤਕ ਜਾਂਚ ਦੀ ਮੰਗ ਦਾ ਸਮਰਥਨ ਕੀਤਾ। ਨੈਸ਼ਨਲ ਇਨਕੁਆਰੀ ਦੀ ਅੰਤਿਮ ਰਿਪੋਰਟ 3 ਜੂਨ 2019 ਨੂੰ ਪੂਰੀ ਕੀਤੀ ਗਈ ਅਤੇ ਜਨਤਾ ਨੂੰ ਪੇਸ਼ ਕੀਤੀ ਗਈ। ਰਾਇਲ ਕੈਨੇਡੀਅਨ ਮਾਊਂਟਿਡ ਪੁਲਿਸ (ਆਰ ਸੀ ਐੱਮ ਪੀ) ਨੇ 2014 ਦੀ ਇੱਕ ਰਿਪੋਰਟ ਵਿੱਚ ਮੰਨਿਆ ਕਿ 1980 ਤੋਂ 2012 ਦਰਮਿਆਨ 1,200 ਤੋਂ ਵੱਧ ਲਾਪਤਾ ਅਤੇ ਕਤਲ ਹੋਈਆਂ ਆਦਿਵਾਸੀ ਔਰਤਾਂ ਹੋਈਆਂ ਹਨ। ਆਦਿਵਾਸੀ ਔਰਤਾਂ ਦੇ ਸਮੂਹ, ਹਾਲਾਂਕਿ ਲਾਪਤਾ ਅਤੇ ਕਤਲ ਕੀਤੇ ਗਏ ਲੋਕਾਂ ਦੀ ਗਿਣਤੀ 4 ਹਜ਼ਾਰ ਤੋਂ ਵੱਧ ਹੋਣ ਦਾ ਦਸਤਾਵੇਜ਼ੀ ਰੂਪ ਵਿੱਚ ਦਰਜ ਕਰਦੇ ਹਨ।
ਸਾਨੂੰ ਸਾਰੇ ਪ੍ਰਵਾਸੀਆਂ ਨੂੰ ਵੀ ਇਸ ਧਰਤੀ ਦੇ ਇੰਡਿਜਨਸ ਭਲਾਈ ਦੇ ਸਾਰੇ ਪ੍ਰੋਗਰਾਮਾਂ ਦਾ ਸਮਰਥਨ ਕਰਨ ਲਈ ਹਿੱਸਾ ਲੈਣਾ ਚਾਹੀਦਾ ਹੈ। ਸਭ ਤੋਂ ਵੱਡੀ ਗੱਲ ਇਹ ਹੈ ਕਿ ਮੌਜੂਦਾ ਲੋਕਤੰਤਰੀ ਪ੍ਰਣਾਲੀ ਵਿੱਚ ਅਤੀਤ ਦੇ ਬਸਤੀਵਾਦੀ ਸ਼ਾਸਨ ਦੁਆਰਾ ਘੜੇ ਅਤੇ ਸਥਾਪਿਤ ਗਏ ਸ਼ਾਸਨ ਦੇ ਤੌਰ-ਤਰੀਕੇ ਨੂੰ ਸੁਧਾਰਿਆ ਜਾਣਾ ਚਾਹੀਦਾ ਹੈ। ਸਾਨੂੰ ਸਾਰਿਆਂ ਨੂੰ ਬਰਾਬਰ ਮਨੁੱਖੀ ਅਧਿਕਾਰਾਂ ਦੇ ਨਾਲ ਸਮਾਜ ਦੇ ਸਾਰੇ ਵਰਗਾਂ ਦੇ ਬਰਾਬਰ ਵਿਕਾਸ ਦਾ ਸਮਰਥਨ ਕਰਨਾ ਚਾਹੀਦਾ ਹੈ। ਕੈਨੇਡਾ ਦਾ ਮੌਜੂਦਾ ਸਮਾਜ, ਹਰ ਵਰਗ ਦੇ ਬਰਾਬਰ ਮੌਕੇ ਅਤੇ ਬੁਨਿਆਦੀ ਅਧਿਕਾਰਾਂ ’ਤੇ ਆਧਾਰਿਤ ਹੋਣਾ ਚਾਹੀਦਾ ਹੈ, ਜਿਸ ਨਾਲ ਇਨ੍ਹਾਂ ਮੂਲਵਾਸੀ ਭਾਈਚਾਰਿਆਂ ’ਤੇ ਅਤੀਤ ਵਿੱਚ ਕੀਤੇ ਗਏ ਅੱਤਿਆਚਾਰਾਂ ਨੂੰ ਸੁਧਾਰਨ ਵਾਲੇ ਪ੍ਰੋਗਰਾਮ ਸਹੀ ਢੰਗ ਨਾਲ ਸ਼ਾਮਲ ਕੀਤੇ ਜਾਣ।
ਇੰਡਿਜਨਸ ਲੋਕਾਂ ਅਤੇ ਹੋਰ ਕੈਨੇਡੀਅਨਾਂ ਵਿਚਕਾਰ ਆਪਸੀ ਮੇਲ-ਮਿਲਾਪ ਅਤੇ ਉਸਾਰੂ ਸੰਬੰਧ ਬਣਾਉਣ ਦੀ ਇੱਕ ਨਿਰੰਤਰ ਪ੍ਰਕਿਰਿਆ ਦੀ ਜ਼ਰੂਰਤ ਹੈ। ਇਸ ਵਿੱਚ ਅਤੀਤ ਦੀਆਂ ਬੇਇਨਸਾਫ਼ੀਆਂ ਨੂੰ ਹੱਲ ਕਰਨ ਦੇ ਨਾਲ ਨਾਲ ਵਧੇਰੇ ਨਿਆਂਪੂਰਨ ਅਤੇ ਬਰਾਬਰੀ ਵਾਲੇ ਭਵਿੱਖ ਲਈ ਕੰਮ ਕਰਨਾ ਸ਼ਾਮਲ ਹੈ। ਸਾਰੇ ਕੈਨੇਡੀਅਨਾਂ ਨੂੰ ਸਿਰਫ਼ ਇਸ ਦਿਨ ’ਤੇ ਹੀ ਨਹੀਂ, ਸਗੋਂ ਹਮੇਸ਼ਾ ਇੰਡਿਜਨਸ ਲੋਕਾਂ ਨਾਲ ਹੋਏ ਜ਼ੁਲਮਾਂ ਲਈ ਇਨਸਾਫ਼ ਦੀ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ। ਇੰਡਿਜਨਸ ਸੱਭਿਆਚਾਰਾਂ ਬਾਰੇ ਸਿੱਖਣ, ਆਪਸੀ ਮੇਲ-ਮਿਲਾਪ ਅਤੇ ਅਗਾਂਹਵਧੂ ਤਬਦੀਲੀ ਦੇ ਕੰਮ ਕਰਨ ਲਈ ਵਚਨਬੱਧਤਾ ਦੀ ਲੋੜ ਹੈ।
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (