“ਜੇਕਰ ਕਿਸੇ ਵੀ ਵਿਅਕਤੀ ਨੂੰ ਕੁੱਤਾ ਜਾਂ ਕੋਈ ਹੋਰ ਜਾਨਵਰ ਕੱਟਦਾ ਹੈ ਤਾਂ ਅਣਗਹਿਲੀ ਨਹੀਂ ...”
(28 ਸਤੰਬਰ 2025)
ਹਲਕਾਅ ਰੋਗ ਜਿਸ ਨੂੰ ਅੰਗਰੇਜ਼ੀ ਵਿੱਚ ਰੇਬੀਜ਼ ਆਖਦੇ ਹਨ, ਇਸ ਬਾਰੇ ਲੋਕਾਂ ਵਿੱਚ ਬਹੁਤ ਘੱਟ ਜਾਣਕਾਰੀ ਹੈ। ਸਾਨੂੰ ਹਲਕਾਅ ਦੀ ਬਿਮਾਰੀ ਤੋਂ ਸਾਵਧਾਨ ਰਹਿਣਾ ਚਾਹੀਦਾ ਹੈ। ਇਹ ਇੱਕ ਵਾਇਰਲ ਬਿਮਾਰੀ ਹੈ। ਰੇਬੀਜ਼ ਦਿਮਾਗ ਅਤੇ ਦਿਮਾਗੀ ਪ੍ਰਣਾਲੀ ਨੂੰ ਨਿਸ਼ਾਨਾ ਬਣਾਉਂਦਾ ਹੈ। ਇਹ ਕੁੱਤਿਆਂ, ਬਿੱਲੀਆਂ ਅਤੇ ਬਾਂਦਰਾਂ ਸਮੇਤ ਕਈ ਜਾਨਵਰਾਂ ਦੇ ਕੱਟਣ ਨਾਲ ਇੱਕ ਪ੍ਰਜਾਤੀ ਤੋਂ ਦੂਜੀ ਵਿੱਚ ਫੈਲਦੀ ਹੈ। ਇਸੇ ਕਰਕੇ ਲੋਕਾਂ ਨੂੰ ਜਾਗਰੂਕ ਕਰਨ ਲਈ ਹਰ ਸਾਲ 28 ਸਤੰਬਰ ਨੂੰ ‘ਵਿਸ਼ਵ ਰੇਬੀਜ਼ ਦਿਵਸ’ ਮਨਾਇਆ ਜਾਂਦਾ ਹੈ। ਐਂਟੀ-ਰੇਬੀਜ਼ ਵੈਕਸੀਨ ਦੀ ਪਹਿਲੀ ਖੋਜ ਫਰਾਂਸੀਸੀ ਵਿਗਿਆਨੀ ਲੂਈ ਪਾਸਚਰ ਨੇ 19 ਵੀ ਸਦੀ ਦੇ ਅਖੀਰ ਵਿੱਚ ਕੀਤੀ ਸੀ ਤਾਂ ਜੋ ਕੀਮਤੀ ਜਾਨਾਂ ਨੂੰ ਬਚਾਇਆ ਜਾ ਸਕੇ। ਹਲਕਾਅ ਇੱਕ ਜਾਨ ਲੇਵਾ ਰੋਗ ਹੈ, ਜਿਸਦੇ ਲੱਛਣ ਕਈ ਸਾਲਾਂ ਬਾਅਦ ਵੀ ਨਜ਼ਰ ਆ ਸਕਦੇ ਹਨ।
ਸਾਡੇ ਦੇਸ਼ ਵਿੱਚ ਹਰ ਸਾਲ ਲਗਭਗ 20 ਹਜ਼ਾਰ ਲੋਕ ਰੇਬੀਜ਼ ਦੇ ਕਾਰਨ ਮਰਦੇ ਹਨ। ਸਾਨੂੰ ਰੇਬੀਜ਼ ਨਾਲ ਜੁੜੀਆਂ ਕੁਝ ਮਹੱਤਵਪੂਰਨ ਗੱਲਾਂ ਨੂੰ ਜਾਣਨਾ ਚਾਹੀਦਾ ਹੈ। ਰੇਬੀਜ਼ ਦਾ ਵਾਇਰਸ ਰੇਬੀਜ਼ ਨਾਲ ਸੰਕਰਮਿਤ ਕੁੱਤਿਆਂ, ਬਿੱਲੀਆਂ, ਬੱਕਰੀਆਂ, ਚਮਗਿੱਦੜਾਂ, ਲੂੰਬੜੀਆਂ ਅਤੇ ਬਾਂਦਰਾਂ ਸਮੇਤ ਕਈ ਜਾਨਵਰਾਂ ਦੇ ਕੱਟਣ ਨਾਲ ਮਨੁੱਖੀ ਸਰੀਰ ਵਿੱਚ ਪਹੁੰਚਦਾ ਹੈ। ਇਸ ਲਈ ਜਾਨਵਰ ਦੁਆਰਾ ਵੱਢਣ, ਚੱਟਣ, ਨਹੁੰਦਰਾਂ ਮਾਰਨ ਕੀਤੇ ਜ਼ਖ਼ਮਾਂ ਨੂੰ ਨਜ਼ਰਅੰਦਾਜ਼ ਨਾ ਕਰੋ, ਇਹ ਜਾਨਲੇਵਾ ਵੀ ਹੋ ਸਕਦਾ ਹੈ। ਕੁੱਤੇ ਦੀ ਲਾਰ (ਰਾਲ਼) ਵਿੱਚ ਲੱਸਾ ਵਾਇਰਸ ਪਾਇਆ ਜਾਂਦਾ ਹੈ, ਜਿਸ ਕਾਰਨ ਰੇਬੀਜ਼ ਦੀ ਬਿਮਾਰੀ ਫੈਲਦੀ ਹੈ। ਰੇਬੀਜ਼ ਦੇ ਜ਼ਿਆਦਾਤਰ ਮਾਮਲੇ ਕੁੱਤਿਆਂ ਦੇ ਕੱਟਣ ਨਾਲ ਹੁੰਦੇ ਹਨ। ਬਹੁਤ ਸਾਰੇ ਲੋਕ ਸੋਚਦੇ ਹਨ ਕਿ ਪਾਲਤੂ ਕੁੱਤੇ ਦੇ ਕੱਟਣ ਤੋਂ ਘੱਟ ਖ਼ਤਰਾ ਹੈ, ਪਰ ਅਜਿਹਾ ਬਿਲਕੁਲ ਨਹੀਂ ਹੈ। ਇਨ੍ਹਾਂ ਸਾਰੇ ਜਾਨਵਰਾਂ ਦੇ ਕੱਟਣ ਨਾਲ ਇਹ ਘਾਤਕ ਬਿਮਾਰੀ ਹੋ ਸਕਦੀ ਹੈ। ਮੁਢਲੀ ਸਹਾਇਤਾ ਦੇ ਤੌਰ ’ਤੇ ਰੇਬੀਜ਼ ਦੇ ਖਤਰੇ ਵਾਲੇ ਕੁੱਤੇ ਜਾਂ ਕਿਸੇ ਜਾਨਵਰ ਵੱਲੋਂ ਕੱਟੇ ਜਾਣ ਵਾਲੇ ਸਰੀਰ ਦੇ ਹਿੱਸੇ ਨੂੰ ਤੁਰੰਤ ਚੱਲਦੇ ਪਾਣੀ ਜਿਵੇਂ ਕਿ ਟੂਟੀ, ਨਲਕੇ ਥੱਲੇ ਕਰੀਬ 15 ਮਿੰਟ ਤਕ ਲਗਾਤਾਰ ਸਾਬਣ ਅਤੇ ਪਾਣੀ ਨਾਲ ਧੋਣਾ ਚਾਹੀਦਾ ਹੈ। ਸਾਬਣ ਵਿੱਚ ਮੌਜੂਦ ਤੱਤਾਂ ਕਾਰਨ ਲੱਸਾ ਵਾਇਰਸ ਨਸ਼ਟ ਹੋ ਜਾਂਦਾ ਹੈ। ਇਸ ਤੋਂ ਬਾਅਦ ਤੁਸੀਂ ਜ਼ਖ਼ਮ ’ਤੇ ਐਂਟੀ-ਬੈਕਟੀਰੀਅਲ ਜਾਂ ਕੋਈ ਹੋਰ ਜ਼ਖ਼ਮ ਭਰਨ ਵਾਲੀ ਕਰੀਮ ਲਾ ਸਕਦੇ ਹੋ।
ਰੇਬੀਜ਼ ਹੋਣ ਦੀਆਂ ਸ਼ੁਰੂਆਤੀ ਨਿਸ਼ਾਨੀਆਂ ਅਤੇ ਲੱਛਣ:
ਬੁਖਾਰ ਹੋਣਾ, ਗਲੇ ਵਿੱਚ ਖਾਰਸ਼ ਹੋਣਾ, ਭੁੱਖ ਦਾ ਘਟਣਾ, ਬਹੁਤ ਤੇਜ਼ ਦਰਦ ਹੋਣਾ, ਚਮਕ ਅਤੇ ਉੱਚੀ ਆਵਾਜ਼ ਬਰਦਾਸ਼ਤ ਨਾ ਹੋਣਾ, ਕੁਝ ਵੀ ਖਾਣ ਸਮੇਂ ਮੁਸ਼ਕਿਲ ਪੇਸ਼ ਹੋਣਾ, ਬਹੁਤ ਜ਼ਿਆਦਾ ਮਾਤਰਾ ਵਿੱਚ ਲਾਰਾਂ (ਰਾਲ਼ਾਂ) ਦਾ ਨਿਕਲਣਾ ਅਤੇ ਬੇਹੋਸ਼ ਹੋ ਜਾਣਾ ਇਸਦੇ ਮੁੱਖ ਲੱਛਣ ਹਨ।
ਜਿਨ੍ਹਾਂ ਵਿਅਕਤੀਆਂ ਨੇ ਆਪਣੇ ਘਰਾਂ ਵਿੱਚ ਪਾਲਤੂ ਬਿੱਲੀਆਂ ਜਾਂ ਕੁੱਤੇ ਰੱਖੇ ਹੋਏ ਹਨ, ਉਨ੍ਹਾਂ ਦਾ ਹਰ ਸਾਲ ਐਂਟੀ-ਰੇਬੀਜ਼ ਟੀਕਾਕਰਨ ਜ਼ਰੂਰ ਕਰਾਉਣਾ ਚਾਹੀਦਾ ਹੈ, ਤਾਂ ਜੋ ਕੱਟਣ ’ਤੇ ਹਲਕਾਅ ਦੀ ਬਿਮਾਰੀ ਤੋਂ ਬਚਿਆ ਜਾ ਸਕੇ।
ਰੇਬੀਜ਼ ਦੇ 99 ਫੀਸਦੀ ਮਾਮਲੇ ਕੇਵਲ ਕੁੱਤਿਆਂ ਦੇ ਕੱਟਣ ਨਾਲ ਸੰਬੰਧਿਤ ਹੁੰਦੇ ਹਨ। ਕਦੇ ਵੀ ਕੁੱਤੇ ਦੇ ਕੱਟੇ ਨੂੰ ਅਣਦੇਖਿਆ ਨਹੀਂ ਕਰਨਾ ਚਾਹੀਦਾ ਅਤੇ ਨਾ ਹੀ ਕੋਈ ਘਰੇਲੂ ਇਲਾਜ ਜਿਵੇਂ ਕਿ ਜਖਮਾਂ ’ਤੇ ਮਿਰਚਾਂ ਜਾਂ ਸਰ੍ਹੋਂ ਦਾ ਤੇਲ ਆਦਿ ਨਹੀਂ ਲਾਉਣਾ ਚਾਹੀਦਾ। ਇਸਦਾ ਤੁਰੰਤ ਡਾਕਟਰੀ ਇਲਾਜ ਕਰਾਉਣਾ ਚਾਹੀਦਾ ਹੈ ਤਾਂ ਜੋ ਆਸਾਨੀ ਨਾਲ ਬਚਾਓ ਕੀਤਾ ਜਾ ਸਕੇ। ਇੱਕ ਵਾਰ ਐਂਟੀ-ਰੇਬੀਜ਼ ਟੀਕਾ ਕਰਨ ਸ਼ੁਰੂ ਹੋਣ ਤੋਂ ਬਾਅਦ ਡਾਕਟਰ ਦੀਆਂ ਹਦਾਇਤਾਂ ਅਨੁਸਾਰ ਸਾਰੀਆਂ ਖੁਰਾਕਾਂ ਪੂਰੀਆਂ ਕਰੋ ਅਤੇ ਸਮੇਂ ’ਤੇ ਮੁਕੰਮਲ ਟੀਕੇ ਹੀ ਰੇਬੀਜ਼ ਤੋਂ ਬਚਾਉਂਦੇ ਹਨ।
ਐਂਟੀ-ਰੇਬੀਜ਼ ਵੈਕਸੀਨ ਕੁੱਤੇ ਦੇ ਕੱਟਣ ’ਤੇ 24 ਘੰਟਿਆਂ ਦੇ ਅੰਦਰ-ਅੰਦਰ ਲਗਵਾਉਣੀ ਚਾਹੀਦੀ ਹੈ। ਸਰਕਾਰੀ ਹਸਪਤਾਲਾਂ ਵਿੱਚ ਰੇਬੀਜ਼ ਦਾ ਇਲਾਜ ਮੁਫਤ ਕੀਤਾ ਜਾਂਦਾ ਹੈ। ਜੇਕਰ ਕਿਸੇ ਵੀ ਵਿਅਕਤੀ ਨੂੰ ਕੁੱਤਾ ਜਾਂ ਕੋਈ ਹੋਰ ਜਾਨਵਰ ਕੱਟਦਾ ਹੈ ਤਾਂ ਅਣਗਹਿਲੀ ਨਹੀਂ ਵਰਤਣੀ ਚਾਹੀਦੀ ਸਗੋਂ ਉਸ ਨੂੰ ਤੁਰੰਤ ਸਰਕਾਰੀ ਹਸਪਤਾਲ ਪਹੁੰਚ ਕੇ ਡਾਕਟਰ ਦੀ ਸਲਾਹ ਅਨੁਸਾਰ ਐਂਟੀ-ਰੇਬੀਜ਼ ਵੈਕਸੀਨ ਲਗਵਾਉਣੀ ਚਾਹੀਦੀ ਹੈ ਤਾਂ ਜੋ ਰੇਬੀਜ਼ ਦੀ ਬਿਮਾਰੀ ਦੇ ਖਤਰੇ ਤੋਂ ਬਚਿਆ ਜਾ ਸਕੇ। ਸਰਕਾਰ ਅਤੇ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਉਹ ਰੇਬੀਜ਼ ਦੇ ਬਾਰੇ ਲੋਕਾਂ ਨੂੰ ਵੱਧ ਤੋਂ ਵੱਧ ਜਾਗਰੂਕ ਕਰਨ ਅਤੇ ਇਸ ਸਬੰਧੀ ਜਾਣਕਾਰੀ ਦੇਣ ਤਾਂ ਜੋ ਮਨੁੱਖੀ ਜਾਨਾਂ ਦੇ ਨਾਲ-ਨਾਲ ਜਾਨਵਰਾਂ ਦੀਆਂ ਜਾਨਾਂ ਨੂੰ ਵੀ ਬਚਾਇਆ ਜਾ ਸਕੇ।
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (