“ਅੱਜ ਭਗਤ ਸਿੰਘ ਸਾਡੇ ਵਿਚਕਾਰ ਨਹੀਂ ਪਰ ਉਹਨਾਂ ਦੇ ਵਿਚਾਰ ਹਮੇਸ਼ਾ ਸਾਡੇ ਦਿਲਾਂ ਵਿੱਚ ...”
(28 ਸਤੰਬਰ 2025)
ਭਗਤ ਸਿੰਘ ਭਾਰਤ ਦਾ ਇੱਕ ਆਜ਼ਾਦੀ ਘੁਲਾਟੀਆ ਸੀ। ਭਗਤ ਸਿੰਘ ਦਾ ਜਨਮ 28 ਸਤੰਬਰ 1907 ਨੂੰ ਲਾਇਲਪੁਰ (ਫੈਸਲਾਬਾਦ) ਜ਼ਿਲ੍ਹੇ ਦੇ ਪਿੰਡ ਬੰਗਾ ਵਿੱਚ ਹੋਇਆ। ਉਸਦਾ ਜੱਦੀ ਘਰ ਭਾਰਤ ਦੇ ਪੰਜਾਬ ਦੇ ਨਵਾਂ ਸ਼ਹਿਰ (ਹੁਣ ਸ਼ਹੀਦ ਭਗਤ ਸਿੰਘ ਨਗਰ) ਜ਼ਿਲ੍ਹੇ ਪਿੰਡ ਖਟਕੜ ਕਲਾਂ ਵਿੱਚ ਸਥਿਤ ਹੈ। ਉਸਦੇ ਪਿਤਾ ਦਾ ਨਾਂ ਕਿਸ਼ਨ ਸਿੰਘ ਅਤੇ ਮਾਤਾ ਦਾ ਨਾਂ ਵਿੱਦਿਆਵਤੀ ਸੀ। ਭਗਤ ਸਿੰਘ ਇੱਕ ਕਿਸਾਨੀ ਕਿੱਤਾ ਕਰਨ ਵਾਲੇ ਪਰਿਵਾਰ ਵਿੱਚੋਂ ਸੀ। ਪਰ ਭਗਤ ਸਿੰਘ ਦੇ ਪਰਿਵਾਰ ਨੇ ਆਰੀਆ ਸਮਾਜ ਦੇ ਵਿਚਾਰਾਂ ਨੂੰ ਅਪਣਾ ਲਿਆ ਸੀ। ਉਸਦੇ ਜਨਮ ਵੇਲੇ ਉਸਦੇ ਪਿਤਾ ਅਤੇ ਦੋ ਚਾਚਿਆਂ ਅਜੀਤ ਸਿੰਘ ਤੇ ਸਵਰਨ ਸਿੰਘ ਦੀ ਰਿਹਾਈ ਹੋਈ ਸੀ, ਜਿਸ ਕਾਰਨ ਉਸ ਨੂੰ ਭਾਗਾਂ ਵਾਲਾ ਸਮਝਿਆ ਗਿਆ। ਉਸਦੇ ਵਡੇਰੇ ਭਾਰਤੀ ਆਜ਼ਾਦੀ ਲਹਿਰਾਂ ਵਿੱਚ ਸਰਗਰਮ ਸਨ। ਉਸਦੇ ਦਾਦਾ ਅਰਜਨ ਸਿੰਘ ਨੇ ਸਵਾਮੀ ਦਯਾਨੰਦ ਸਰਸਵਤੀ ਦੀ ਹਿੰਦੂ ਸੁਧਾਰਵਾਦੀ ਲਹਿਰ ਆਰੀਆ ਸਮਾਜ ਨੂੰ ਅਪਣਾਇਆ, ਜਿਸਦਾ ਭਗਤ ਸਿੰਘ ’ਤੇ ਕਾਫੀ ਪ੍ਰਭਾਵ ਪਿਆ।
ਭਗਤ ਸਿੰਘ ਦੇ ਪਿਤਾ ਅਤੇ ਚਾਚੇ ਕਰਤਾਰ ਸਿੰਘ ਸਰਾਭਾ ਅਤੇ ਹਰਦਿਆਲ ਦੀ ਅਗਵਾਈ ਵਿੱਚ ਭਾਰਤ ਦੀ ਸੁਤੰਤਰਤਾ ਲਈ ਸਰਗਰਮ ਗ਼ਦਰ ਪਾਰਟੀ ਦੇ ਮੈਂਬਰ ਸਨ। ਅਜੀਤ ਸਿੰਘ ਨੂੰ ਅੰਗਰੇਜ਼ ਹਕੂਮਤ ਨੇ ਅਦਾਲਤੀ ਮਾਮਲਿਆਂ ਤਹਿਤ ਕੈਦ ਕੀਤਾ ਹੋਇਆ ਸੀ, ਜਦੋਂ ਕਿ ਜੇਲ੍ਹ ਵਿੱਚੋਂ ਰਿਹਾ ਕੀਤੇ ਜਾਣ ਤੋਂ ਬਾਅਦ 1910 ਵਿੱਚ ਲਾਹੌਰ ਦੂਜੇ ਚਾਚੇ ਸਵਰਨ ਸਿੰਘ ਦੀ ਮੌਤ ਹੋ ਗਈ। ਭਗਤ ਸਿੰਘ ਦੀ ਮੁਢਲੀ ਸਿੱਖਿਆ ਲਾਇਲਪੁਰ ਦੇ ਪ੍ਰਾਇਮਰੀ ਸਕੂਲ ਵਿੱਚ ਹੋਈ। ਬਾਅਦ ਵਿੱਚ ਉਹ ਡੀ ਏ ਵੀ ਹਾਈ ਸਕੂਲ ਲਾਹੌਰ ਵਿੱਚ ਦਾਖਲ ਹੋ ਗਿਆ। ਅੰਗਰੇਜ਼ ਇਸ ਸਕੂਲ ਨੂੰ ਰਾਜ ਵਿਰੋਧੀ ਸਰਗਰਮੀਆਂ ਦੀ ਨਰਸਰੀ ਕਹਿੰਦੇ ਸਨ। ਭਗਤ ਸਿੰਘ ਰਵਾਇਤੀ ਕਿਸਮ ਦਾ ਪੜ੍ਹਾਕੂ ਨਹੀਂ ਸੀ ਪਰ ਉਹ ਵੱਖ ਵੱਖ ਤਰ੍ਹਾਂ ਦੀਆਂ ਕਿਤਾਬਾਂ ਪੜ੍ਹਦਾ ਰਹਿੰਦਾ ਸੀ। ਉਰਦੂ ਵਿੱਚ ਉਸ ਨੂੰ ਮੁਹਾਰਤ ਹਾਸਲ ਸੀ। ਉਹ ਇਸੇ ਭਾਸ਼ਾ ਵਿੱਚ ਆਪਣੇ ਪਿਤਾ ਕਿਸ਼ਨ ਸਿੰਘ ਨੂੰ ਖ਼ਤ ਲਿਖਦਾ ਹੁੰਦਾ ਸੀ। ਬਹੁਤ ਸਾਰੇ ਸਿੱਖ ਵਿਦਿਆਰਥੀਆਂ ਵਾਂਗ ਭਗਤ ਸਿੰਘ ਨੇ ਲਾਹੌਰ ਦੇ ਖਾਲਸਾ ਹਾਈ ਸਕੂਲ ਵਿੱਚ ਦਾਖਲਾ ਨਹੀਂ ਲਿਆ। ਉਸਦੇ ਦਾਦਾ ਨੇ ਇਸ ਸਕੂਲ ਦੇ ਅਧਿਕਾਰੀਆਂ ਦੀ ਬ੍ਰਿਟਿਸ਼ ਸਰਕਾਰ ਪ੍ਰਤੀ ਵਫ਼ਾਦਾਰੀ ਨੂੰ ਸਵੀਕਾਰ ਨਹੀਂ ਕੀਤਾ। ਇਸਦੀ ਬਜਾਏ ਭਗਤ ਸਿੰਘ ਨੂੰ ਆਰੀਆ ਸਮਾਜੀ ਸੰਸਥਾ ਦਯਾਨੰਦ ਐਂਗਲੋ ਵੈਦਿਕ ਹਾਈ ਸਕੂਲ ਵਿੱਚ ਦਾਖਲ ਕਰਵਾਇਆ ਗਿਆ।
1919 ਵਿੱਚ ਜਦੋਂ ਭਗਤ ਸਿੰਘ 12 ਸਾਲਾਂ ਦਾ ਸੀ ਤਾਂ ਉਸਨੇ ਜਲ੍ਹਿਆਂਵਾਲਾ ਬਾਗ਼ ਦਾ ਦੌਰਾ ਕੀਤਾ, ਜਿੱਥੇ ਇੱਕ ਜਨਤਕ ਸਭਾ ਵਿੱਚ ਇਕੱਤਰ ਹੋਏ ਹਜ਼ਾਰਾਂ ਨਿਹੱਥੇ ਲੋਕਾਂ ਨੂੰ ਮਾਰਿਆ ਗਿਆ ਸੀ। ਜਦੋਂ ਉਹ 14 ਸਾਲਾਂ ਦਾ ਸੀ ਤਾਂ ਉਹ ਆਪਣੇ ਪਿੰਡ ਦੇ ਉਹਨਾਂ ਲੋਕਾਂ ਵਿੱਚ ਸ਼ਾਮਲ ਸੀ, ਜਿਨ੍ਹਾਂ ਨੇ 20 ਫਰਵਰੀ 1921 ਨੂੰ ਗੁਰਦੁਆਰਾ ਨਨਕਾਣਾ ਸਾਹਿਬ ਵਿਖੇ ਬਹੁਤ ਸਾਰੇ ਨਿਰਦੋਸ਼ ਲੋਕਾਂ ਦੀ ਹੱਤਿਆ ਦੇ ਖਿਲਾਫ ਪ੍ਰਦਰਸ਼ਨਕਾਰੀਆਂ ਦਾ ਸਵਾਗਤ ਕੀਤਾ। ਨਾ ਮਿਲਵਰਤਨ ਅੰਦੋਲਨ ਵਾਪਸ ਲੈਣ ਤੋਂ ਬਾਅਦ ਭਗਤ ਸਿੰਘ ਮਹਾਤਮਾ ਗਾਂਧੀ ਦੇ ਅਹਿੰਸਾ ਦੇ ਦਰਸ਼ਨ ਤੋਂ ਨਿਰਾਸ਼ ਹੋ ਗਿਆ ਸੀ। ਭਗਤ ਸਿੰਘ ਨੇ ਨੌਜਵਾਨ ਇਨਕਲਾਬੀ ਲਹਿਰ ਵਿੱਚ ਸ਼ਾਮਲ ਹੁੰਦਿਆਂ ਭਾਰਤ ਵਿੱਚੋਂ ਬ੍ਰਿਟਿਸ਼ ਸਰਕਾਰ ਦੇ ਹਿੰਸਕ ਵਿਰੋਧ ਦੀ ਵਕਾਲਤ ਕਰਨੀ ਸ਼ੁਰੂ ਕਰ ਦਿੱਤੀ। ਉਸਨੇ ਮਾਰਚ 1926 ਵਿੱਚ ਨੌਜਵਾਨ ਭਾਰਤ ਸਭਾ ਦੀ ਸਥਾਪਨਾ ਕੀਤੀ। ਉਹ ਹਿੰਦੁਸਤਾਨੀ ਰਿਪਬਲਿਕਨ ਐਸੋਸੀਏਸ਼ਨ ਵਿੱਚ ਸ਼ਾਮਲ ਹੋ ਗਿਆ ਜਿਸ ਵਿੱਚ ਚੰਦਰ ਸ਼ੇਖਰ ਆਜ਼ਾਦ, ਰਾਮ ਪ੍ਰਸਾਦ ਬਿਸਮਿਲ ਅਤੇ ਅਸ਼ਫਾਕ ਉੱਲਾ ਖਾਂ ਵਰਗੇ ਪ੍ਰਮੁੱਖ ਲੀਡਰ ਸਨ। ਇੱਕ ਸਾਲ ਬਾਅਦ ਵਿਆਹ ਦਾ ਜ਼ੋਰ ਪਾਉਣ ਤੇ ਉਹ ਘਰ ਛੱਡ ਕੇ ਕਾਨਪੁਰ ਚਲਾ ਗਿਆ। ਇੱਕ ਚਿੱਠੀ ਵਿੱਚ, ਉਹ ਜੋ ਪਿੱਛੇ ਛੱਡ ਗਿਆ ਸੀ, ਉਸਨੇ ਲਿਖਿਆ, “ਮੇਰਾ ਜੀਵਨ ਸਭ ਤੋਂ ਉੱਤਮ ਕਾਰਜ, ਦੇਸ਼ ਦੀ ਆਜ਼ਾਦੀ ਲਈ ਸਮਰਪਿਤ ਹੋ ਗਿਆ ਹੈ, ਇਸ ਲਈ ਕੋਈ ਆਰਾਮ ਜਾਂ ਦੁਨਿਆਵੀ ਇੱਛਾ ਹੁਣ ਮੈਨੂੰ ਲੁਭਾ ਨਹੀਂ ਸਕਦੀਆਂ।”
ਨੌਜਵਾਨ ਭਾਰਤ ਸਭਾ ਵਿੱਚ ਭਗਤ ਸਿੰਘ ਨੇ ਜਨਰਲ ਸਕੱਤਰ ਦੀ ਭੂਮਿਕਾ ਨਿਭਾਈ। ਨੌਜਵਾਨ ਭਾਰਤ ਸਭਾ ਇਨਕਲਾਬੀ ਗਤੀਵਿਧੀਆਂ ਲਈ ਇੱਕ ਖੁੱਲ੍ਹਾ ਮੰਚ ਸੀ। ਮਈ 1926 ਵਿੱਚ ਲਾਹੌਰ ਵਿੱਚ ਹੋਏ ਬੰਬ ਧਮਾਕੇ ਵਿੱਚ ਸ਼ਾਮਲ ਹੋਣ ਕਾਰਨ ਭਗਤ ਸਿੰਘ ਨੂੰ ਮਈ 1927 ਨੂੰ ਗ੍ਰਿਫਤਾਰ ਕਰ ਲਿਆ। ਉਸ ਨੂੰ ਗ੍ਰਿਫਤਾਰੀ ਦੇ ਹਫਤੇ ਬੀਤਣ ਬਾਅਦ 60 ਹਜ਼ਾਰ ਰੁਪਏ ਦੀ ਜ਼ਮਾਨਤ ’ਤੇ ਰਿਹਾ ਕਰ ਦਿੱਤਾ ਗਿਆ। 1928 ਵਿੱਚ ਬ੍ਰਿਟਿਸ਼ ਸਰਕਾਰ ਨੇ ਭਾਰਤ ਵਿੱਚ ਸਿਆਸੀ ਸਥਿਤੀ ਬਾਰੇ ਰਿਪੋਰਟ ਦੇਣ ਲਈ ਸਾਈਮਨ ਕਮਿਸ਼ਨ ਦੀ ਸਥਾਪਨਾ ਕੀਤੀ। ਕੁਝ ਭਾਰਤੀ ਸਿਆਸੀ ਪਾਰਟੀਆਂ ਨੇ ਇਸ ਕਮਿਸ਼ਨ ਦਾ ਬਾਈਕਾਟ ਕੀਤਾ ਕਿਉਂਕਿ ਇਸ ਵਿੱਚ ਕੋਈ ਵੀ ਭਾਰਤੀ ਮੈਂਬਰ ਨਹੀਂ ਸੀ। ਜਦੋਂ ਕਮਿਸ਼ਨ 30 ਅਕਤੂਬਰ 1928 ਨੂੰ ਲਾਹੌਰ ਪਹੁੰਚਿਆ ਤਾਂ ਲਾਲਾ ਲਾਜਪਤ ਰਾਏ ਦੀ ਅਗਵਾਈ ਵਿੱਚ ਲੋਕਾਂ ਨੇ ਇਸਦਾ ਵਿਰੋਧ ਕੀਤਾ। ਪੁਲਿਸ ਨੇ ਭੀੜ ਨੂੰ ਭਜਾਉਣ ਲਈ ਲਾਠੀਚਾਰਜ ਕੀਤਾ, ਜਿਸ ਵਿੱਚ ਲਾਲਾ ਲਾਜਪਤ ਰਾਏ ਜ਼ਖ਼ਮੀ ਹੋਣ ਕਾਰਨ 17 ਨਵੰਬਰ 1928 ਨੂੰ ਉਹਨਾਂ ਦੀ ਮੌਤ ਹੋ ਗਈ।
ਭਗਤ ਸਿੰਘ ਹਿੰਦੁਸਤਾਨ ਰਿਪਬਲਿਕਨ ਐਸੋਸੀਏਸ਼ਨ (ਐੱਚ ਆਰ ਏ) ਦਾ ਪ੍ਰਮੁੱਖ ਮੈਂਬਰ ਸੀ। ਐੱਚ ਆਰ ਏ ਦਾ ਨਾਂ 1928 ਵਿੱਚ ਬਦਲ ਕੇ ਐੱਚ ਐੱਸ ਆਰ ਏ, ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕਨ ਐਸੋਸੀਏਸ਼ਨ ਕਰ ਦਿੱਤਾ ਗਿਆ। ਐੱਚ ਐੱਸ ਆਰ ਏ ਨੇ ਲਾਲਾ ਲਾਜਪਤ ਰਾਏ ਦੀ ਮੌਤ ਦਾ ਬਦਲਾ ਲੈਣ ਦੀ ਸਹੁੰ ਖਾਧੀ। ਭਗਤ ਸਿੰਘ ਨੇ ਅੰਗਰੇਜ਼ ਅਫਸਰ ਸਕਾਟ ਨੂੰ ਮਾਰਨ ਲਈ ਸ਼ਿਵਰਾਮ, ਰਾਜਗੁਰੂ, ਸੁਖਦੇਵ ਅਤੇ ਚੰਦਰ ਸ਼ੇਖਰ ਆਜ਼ਾਦ ਵਰਗੇ ਕ੍ਰਾਂਤੀਕਾਰੀਆਂ ਨਾਲ ਮਿਲਕੇ ਯੋਜਨਾ ਬਣਾਈ ਪਰ ਗਲਤੀ ਨਾਲ ਉਹਨਾਂ ਨੇ ਜੌਹਨ ਪੀ ਸਾਂਡਰਸ ਨੂੰ ਗੋਲੀ ਮਾਰ ਦਿੱਤੀ ਜਦੋਂ ਉਹ 17 ਦਸੰਬਰ 1928 ਨੂੰ ਲਾਹੌਰ ਵਿਖੇ ਜ਼ਿਲ੍ਹਾ ਪੁਲਿਸ ਹੈੱਡਕੁਆਰਟਰ ਤੋਂ ਬਾਹਰ ਨਿਕਲ ਰਿਹਾ ਸੀ। ਭਗਤ ਸਿੰਘ ਖੂਨ ਖ਼ਰਾਬੇ ਦੇ ਬਿਲਕੁਲ ਹੱਕ ਵਿੱਚ ਨਹੀਂ ਸੀ। ਉਸਨੇ ਪਬਲਿਕ ਦੀ ਸੁਰੱਖਿਆ ਲਈ ਬਿੱਲ ਅਤੇ ਟਰੇਡ ਡਿਸਪਿਊਟਸ ਬਿੱਲ ਦੇ ਖਿਲਾਫ ਅਸੈਂਬਲੀ ਵਿੱਚ ਨਕਲੀ ਬੰਬ ਸੁੱਟਕੇ ਅੰਗਰੇਜ਼ ਹਕੂਮਤ ਦਾ ਵਿਰੋਧ ਕਰਨ ਦਾ ਫੈਸਲਾ ਲਿਆ। ਇਸ ਲਈ ਭਗਤ ਸਿੰਘ ਅਤੇ ਬਟੁਕੇਸ਼ਵਰ ਦੱਤ ਨੇ 8 ਅਪਰੈਲ 1929 ਨੂੰ ਕੇਂਦਰੀ ਅਸੈਂਬਲੀ ਦੇ ਸੈਂਟਰਲ ਹਾਲ ਵਿੱਚ ਖਾਲੀ ਥਾਂ ਬੰਬ ਸੁੱਟਿਆ ਅਤੇ ਪਰਚੇ ਸੁੱਟਦੇ ਹੋਏ ਇਨਕਲਾਬ ਜ਼ਿੰਦਾਬਾਦ ਦੇ ਨਾਅਰੇ ਲਾਏ। ਜਦੋਂ ਭਗਤ ਸਿੰਘ ਨੂੰ ਨਕਲੀ ਬੰਬ ਸੁੱਟਣ ਬਾਰੇ ਪੁੱਛਿਆ ਤਾਂ ਉਨ੍ਹਾਂ ਨੇ ਜਵਾਬ ਦਿੱਤਾ ਕਿ ਉਹਨਾਂ ਦਾ ਮਕਸਦ ਕਿਸੇ ਦੀ ਜਾਨ ਲੈਣ ਦਾ ਨਹੀਂ ਸੀ, ਸਗੋਂ ਬੋਲੀ ਸਰਕਾਰ ਦੇ ਕੰਨ ਖੋਲ੍ਹਣਾ ਸੀ ਤੇ ਬੋਲਿਆਂ ਨੂੰ ਸੁਣਾਉਣ ਲਈ ਧਮਾਕੇ ਦੀ ਜ਼ਰੂਰਤ ਹੁੰਦੀ ਹੈ। ਭਗਤ ਸਿੰਘ ਨੇ ਇਨਕਲਾਬ ਜ਼ਿੰਦਾਬਾਦ ਦਾ ਨਾਅਰਾ ਪਹਿਲੀ ਵਾਰ ਦਿੱਤਾ ਸੀ, ਜੋ ਅੱਗੇ ਚੱਲ ਕੇ ਸਾਰੇ ਦੇਸ਼ ਦਾ ਨਾਅਰਾ ਬਣ ਗਿਆ।
ਸਾਂਡਰਸ ਦੇ ਕਤਲ ਕੇਸ ਦਾ ਮੁਕੱਦਮਾ 10 ਜੁਲਾਈ 1929 ਨੂੰ ਜੇਲ੍ਹ ਵਿੱਚ ਹੀ ਵਿਸ਼ੇਸ਼ ਮੈਜਿਸਟ੍ਰੇਟ ਦੀ ਅਦਾਲਤ ਵਿੱਚ ਸ਼ੁਰੂ ਕੀਤਾ ਗਿਆ। ਇਸ ਮਾਮਲੇ ਵਿੱਚ 25 ਵਿਅਕਤੀ ਨਾਮਜ਼ਦ ਕੀਤੇ ਗਏ। ਭਗਤ ਸਿੰਘ ਅਤੇ ਸਾਥੀਆਂ ਨੇ ਇਸ ਮੁਕੱਦਮੇ ਪ੍ਰਤਿ ਕੋਈ ਖਾਸ ਗੰਭੀਰਤਾ ਨਹੀਂ ਦਿਖਾਈ। ਭਗਤ ਸਿੰਘ ਅਤੇ ਉਸਦੇ ਸਾਥੀਆਂ ਦੇ ਮਾਮਲੇ ਦੀ ਕਾਰਵਾਈ ਲਈ ਇੱਕ ਟ੍ਰਿਬਿਊਨਲ ਨੇ 7 ਅਕਤੂਬਰ 1930 ਨੂੰ ਫੈਸਲਾ ਸੁਣਾਉਂਦੇ ਹੋਏ ਭਗਤ ਸਿੰਘ, ਸੁਖਦੇਵ, ਰਾਜਗੁਰੂ ਨੂੰ ਫਾਂਸੀ ਲਾਉਣ ਦੀ ਮਿਤੀ 24 ਮਾਰਚ 1931 ਮੁਕਰਰ ਕੀਤੀ ਗਈ ਪਰ ਲੋਕਾਂ ਦੀ ਭੀੜ 23 ਮਾਰਚ ਸਵੇਰ ਤੋਂ ਜੇਲ੍ਹ ਦੇ ਗੇਟ ਦੇ ਬਾਹਰ ਇਕੱਠੀ ਹੋਣੀ ਸ਼ੁਰੂ ਹੋ ਗਈ। ਬਗਾਵਤ ਤੋਂ ਡਰਦਿਆਂ ਅੰਗਰੇਜ਼ ਹਕੂਮਤ ਨੇ 23 ਮਾਰਚ 1931 ਨੂੰ ਸ਼ਾਮ 7.30 ਵਜੇ ਫਾਂਸੀ ਦੇਣ ਦੀ ਯੋਜਨਾ ਬਣਾਈ। ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਫਾਂਸੀ ਦੇ ਤਖ਼ਤੇ ਤਕ ਲਿਜਾਣ ਲਈ ਪੁਲਿਸ ਕਰਮਚਾਰੀ ਆਏ ਤਾਂ ਭਗਤ ਸਿੰਘ ਲੈਨਿਨ ਦੀ ਜੀਵਨੀ ਪੜ੍ਹ ਰਹੇ ਸਨ। ਭਗਤ ਸਿੰਘ ਨੇ ਕਿਹਾ “ਰੁਕੋ ਇੱਕ ਇਨਕਲਾਬੀ ਦੂਜੇ ਇਨਕਲਾਬੀ ਨੂੰ ਮਿਲ ਰਿਹਾ ਹੈ. ਕਾਹਲੇ ਨਾ ਪਓ, ਚੱਲਦੇ ਆਂ।” ਭਗਤ ਸਿੰਘ ਨੇ ਉਸ ਕਿਤਾਬ ਦਾ ਉਹ ਪੰਨਾ, ਜਿੱਥੇ ਉਹ ਪੜ੍ਹ ਰਿਹਾ ਸੀ, ਮੋੜਿਆ ਜਿਵੇਂ ਉਸਨੇ ਹੁਣੇ ਮੁੜਕੇ ਆਕੇ ਪੜ੍ਹਨ ਲੱਗ ਜਾਣਾ ਹੋਵੇ। ਕਿਤਾਬ ਪਿਆਰ ਨਾਲ ਇੱਕ ਪਾਸੇ ਰੱਖੀ ਤੇ ਆਰਾਮ ਨਾਲ ਤੁਰ ਪਿਆ ਉਸ ਰਸਤੇ ’ਤੇ ਜੋ ਸ਼ਹਾਦਤ ਦਾ ਰਸਤਾ ਹੈ। ਕੁਝ ਦੇਰ ਬਾਅਦ ਤਿੰਨਾਂ ਕ੍ਰਾਂਤੀਕਾਰੀਆਂ ਨੂੰ ਫਾਂਸੀ ਦੀ ਤਿਆਰੀ ਲਈ ਉਹਨਾਂ ਦੀਆਂ ਕੋਠੜੀਆਂ ਤੋਂ ਬਾਹਰ ਲਿਆਂਦਾ ਗਿਆ। ਫਾਂਸੀ ਦੇਣ ਵਾਲੇ ਜੱਲਾਦ ਨੂੰ ਲਾਹੌਰ ਨੇੜਿਓਂ ਸ਼ਾਹਦਰਾਂ ਤੋਂ ਬੁਲਾਇਆ ਗਿਆ ਤੇ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੂੰ ਫਾਂਸੀ ਦੇ ਦਿੱਤੀ ਗਈ। ਪਹਿਲਾਂ ਯੋਜਨਾ ਸੀ ਕਿ ਇਨ੍ਹਾਂ ਦਾ ਅੰਤਿਮ ਸੰਸਕਾਰ ਜੇਲ੍ਹ ਵਿੱਚ ਕਰ ਦਿੱਤਾ ਜਾਵੇਗਾ ਪਰ ਅਧਿਕਾਰੀਆਂ ਨੇ ਜੇਲ੍ਹ ਦੇ ਬਾਹਰ ਖੜ੍ਹੀ ਭੀੜ ਤੋਂ ਡਰਦਿਆਂ ਜੇਲ੍ਹ ਦੀ ਪਿਛਲੀ ਕੰਧ ਤੋੜ ਕੇ ਇੱਕ ਟਰੱਕ ਲਿਆਂਦਾ। ਤਿੰਨਾਂ ਦੀਆਂ ਲਾਸ਼ਾਂ ਨੂੰ ਬੁਰੇ ਤਰੀਕੇ ਨਾਲ ਲੱਦਿਆ ਗਿਆ। ਪਹਿਲਾਂ ਤੈਅ ਹੋਇਆ ਸੀ ਕਿ ਸੰਸਕਾਰ ਲਾਹੌਰ ਲਾਗਿਉਂ ਵਹਿੰਦੇ ਦਰਿਆ ਰਾਵੀ ਦੇ ਕੰਢੇ ਕੀਤਾ ਜਾਵੇ ਪਰ ਰਾਵੀ ਵਿੱਚ ਪਾਣੀ ਬਹੁਤ ਘੱਟ ਸੀ ਇਸ ਕਰਕੇ ਸੰਸਕਾਰ ਲਈ ਲਾਹੌਰ ਤੋਂ ਕੁਝ ਦੂਰ ਲਗਦੇ ਸਤਲੁਜ ਦਾ ਕੰਢਾ (ਜ਼ਿਲ੍ਹਾ ਫਿਰੋਜ਼ਪੁਰ) ਵਿੱਚ ਹੁਸੈਨੀਵਾਲਾ ਚੁਣਿਆ ਗਿਆ ਅਤੇ ਗੁਪਤ ਰੂਪ ਵਿੱਚ ਗੰਡਾ ਸਿੰਘ ਵਾਲਾ ਪਿੰਡ ਦੇ ਬਾਹਰ ਤਿੰਨਾਂ ਦਾ ਲਾਸ਼ਾਂ ਉੱਤੇ ਮਿੱਟੀ ਦਾ ਤੇਲ ਛਿੜਕ ਕੇ ਅੰਤਿਮ ਸੰਸਕਾਰ ਕਰ ਦਿੱਤਾ ਤੇ ਰਾਖ ਨੂੰ ਸਤਲੁਜ ਵਿੱਚ ਸੁੱਟ ਦਿੱਤਾ।
ਭਗਤ ਸਿੰਘ ਨੇ ਕਿਹਾ ਸੀ ਕਿ ਤੁਸੀਂ ਵਿਅਕਤੀ ਨੂੰ ਮਾਰ ਸਕਦੇ ਹੋ ਪਰ ਉਸਦੇ ਵਿਚਾਰਾਂ ਨੂੰ ਨਹੀਂ। ਅੱਜ ਭਗਤ ਸਿੰਘ ਸਾਡੇ ਵਿਚਕਾਰ ਨਹੀਂ ਪਰ ਉਹਨਾਂ ਦੇ ਵਿਚਾਰ ਹਮੇਸ਼ਾ ਸਾਡੇ ਦਿਲਾਂ ਵਿੱਚ ਜਿਊਂਦੇ ਰਹਿਣਗੇ।
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (