KeharSharif7ਐਸਾ ਚਾਹੂੰ ਰਾਜ ਮੈਂ ਜਹਾਂ ਮਿਲੇ ਸਭਨ ਕੋ ਅੰਨ,  ਬੜੇ ਛੋਟੇ ਸਭ ਸਮ ਬਸੇ ਰਵਿਦਾਸ ਰਹੇ ਪ੍ਰਸੰਨ।
(12 ਫਰਵਰੀ 2017)

 

ਗੁਰੂ ਰਵਿਦਾਸ ਜੀ ਦਾ ਆਗਮਨ ਉਸ ਸਮੇਂ ਹੋਇਆ ਜਦੋਂ ਸਮਾਜ ਦੇ ਸਮਾਜਕ, ਰਾਜਨੀਤਕ ਹਾਲਤ ਬਹੁਤ ਭੈੜੇ ਸਨ। ਆਪਣੇ ਆਪ ਨੂੰ ਧਾਰਮਕ ਤੇ ਸਮਾਜਕ ਅਖਵਾਉਂਦੇ ਆਗੂ ਚਰਿੱਤ੍ਰਹੀਣਤਾ ਦੀਆਂ ਨੀਵਾਣਾਂ ਵਿਚ ਵਹਿ ਗਏ ਸਨ। ਰਾਜਸੀ ਸ਼ਕਤੀ ਵੱਡੇ ਜਗੀਰਦਾਰਾਂ, ਭੂਮੀਪਤੀਆਂ ਦੇ ਹੱਥਾਂ ਵਿਚ ਸੀ, ਜੋ ਰਾਜ-ਭਾਗ ਦੇ ਨਸ਼ੇ ਵਿੱਚ ਗੁੱਟ ਸਨ। ਲੋਕ ਕਰਮ-ਕਾਂਡਾਂ ਵਿਚ ਫਸ ਕੇ ਅੰਧ-ਵਿਸ਼ਵਾਸੀ ਹੋ ਚੁੱਕੇ ਸਨ। ਰਾਜਿਆਂ ਤੇ ਅਮੀਰਾਂ ਵਲੋਂ ਗਰੀਬਾਂ, ਨਿਤਾਣਿਆਂ ਉੱਤੇ ਜੋ ਜ਼ੁਲਮ ਹੁੰਦੇ ਸਨ, ਉਹ ‘ਰੱਬ ਦੀ ਰਜ਼ਾ’, ‘ਪਿਛਲੇ ਜਨਮਾਂ ਦਾ ਫਲ’ ਆਖ ਕੇ ਜਰੀ ਜਾ ਰਹੇ ਸਨ, ਕਿਉਂਕਿ ਚਾਨਣ ਦੀ ਅਣਹੋਂਦ ਉਨ੍ਹਾਂ ਨੂੰ ਹਨੇਰ ਢੋਈ ਜਾਣ ਲਈ ਮਜਬੂਰ ਕਰੀ ਜਾ ਰਹੀ ਸੀ। ਇਸ ਨੂੰ ਮਨੁੱਖੀ ਜ਼ਿੰਦਗੀ ਕਹੀ ਜਾਣਾ ਐਵੇਂ ਦਿਲ ਨੂੰ ਝੂਠਾ ਧਰਵਾਸ ਦੇਣ ਵਾਲੀ ਗੱਲ ਹੀ ਸੀ।

ਭਗਤੀ ਲਹਿਰ ਦਾ ਆਰੰਭ ਅਨਿਆਂ ਅਤੇ ਮਨੁੱਖਾਂ ਦੇ ਦਰਮਿਆਨ ਪਾਈਆਂ ਵੰਡੀਆਂ ਦੇ ਖਿਲਾਫ ਸੀ। ਇਸ ਲਹਿਰ ਦੇ ਆਗੂਆਂ ਵਲੋਂ ਲੋਕਾਂ ਅੰਦਰ ਆਤਮ ਵਿਸ਼ਵਾਸ ਪੈਦਾ ਕਰਨ ਦਾ ਜਤਨ ਕੀਤਾ ਗਿਆ। ਸ਼ੁਰੂ ਵਿਚ ਭਾਵੇਂ ਤੋਰ ਮੱਠੀ ਹੀ ਸੀ ਪਰ ਬਾਅਦ ਵਿਚ ਕਾਫੀ ਲੋਕ ਇਸ ਲਹਿਰ ਨਾਲ ਜੁੜਦੇ ਗਏ। ਇਸੇ ਲਹਿਰ ਅਧੀਨ ਰਾਮਾਨੁਜ ਵਰਗੇ ਬੁੱਧੀਮਾਨ ਵਲੋਂ ਲੋਕਾਂ ਦੀ ਅੰਤਰ ਆਤਮਾ ਨੂੰ ਟੁੰਬਣ ਦਾ ਜਤਨ ਆਰੰਭਣਾ ਅਤੇ ਉਸ ਜਤਨ ਨੂੰ ਲਹਿਰ ਬਣਾਉਣ ਵਲ ਵਧਾਉਣਾ ਉਨ੍ਹਾਂ ਦਾ ਜੀਵਨ ਆਦਰਸ਼ ਹੋ ਗਿਆ ਸੀ। ਆਮ ਤੌਰ ’ਤੇ ਰਾਮਾਨੰਦ ਜੀ ਨੂੰ ਹੀ ਰਵਿਦਾਸ ਜੀ ਦਾ ਗੂਰੂ ਮੰਨਿਆ ਜਾਂਦਾ ਹੈ ਪਰ ਕੁੱਝ ਲੋਕ ਇਸ ਨਾਲ ਸਹਿਮਤ ਨਹੀਂ। ਕਈ ਲੋਕ ਹੋਰ ਗੱਲਾਂ ਵੀ ਲਿਖਦੇ ਹਨ, ਜੋ ਮੰਨਣਯੋਗ ਨਹੀਂ। ਭੁਲੇਖਾ ਪਾਊ ਲੋਕ ਤਾਂ ਅਸਲੋਂ ਹੀ ਨਾ ਮੰਨਣਯੋਗ ਰਵਿਦਾਸ ਜੀ ਦੇ ਸਮਕਾਲੀ ਅਤੇ ਗੁਰਭਾਈ ਕਬੀਰ ਜੀ ਨੂੰ ਹੀ ਰਵਿਦਾਸ ਜੀ ਦਾ ਗੁਰੂ ਲਿਖ ਗਏ ਹਨ, ਜਦੋਂ ਕਿ ਕਬੀਰ ਜੀ ਰਾਮਾਨੰਦ ਦੇ 12 ਪ੍ਰਮੱਖ ਚੇਲਿਆਂ ਵਿੱਚੋਂ ਹੀ ਸਨ ਅਤੇ ਗੁਰੂ ਰਵਿਦਾਸ ਜੀ ਤੋਂ ਛੋਟੀ ਉਮਰ ਦੇ ਸਨ।

ਗੁਰੂ ਰਵਿਦਾਸ ਜੀ ਅਜਿਹੇ ਦਾਰਸ਼ਨਿਕ ਸਨ ਜਿਨ੍ਹਾਂ ਨੇ ਨਵੀਂ ਸੋਚ ਤੇ ਨਵੇਂ ਫਲਸਫੇ ਨੂੰ ਜਨਮ ਦਿੱਤਾ ਜੋ ਸਮੇਂ ਦੀ ਉਂਗਲ ਫੜਕੇ ਸਮੇਂ ਦੀ ਅਗਵਾਈ ਕਰਦੀ ਸੀ। ਝੂਠੇ ਕਰਮ-ਕਾਂਡਾਂ, ਪਾਖੰਡਾਂ ਤੇ ਅੰਧ ਵਿਸ਼ਵਾਸਾਂ ਤੋਂ ਦੂਰ ਮਨੁੱਖੀ ਮੋਹ ਦਾ ਪ੍ਰਚਾਰ ਕਰਨਾ ਉਸ ਸੋਚ ਦਾ ਮਨੋਰਥ ਸੀ। ਮਨੁੱਖ ਨੂੰ ਉਸਦੀ ਜਨਮ ਜਾਤ, ਬਰਾਦਰੀ ਕਰਕੇ ਨਹੀਂ ਸਗੋਂ ਉਸਦੇ ਕੰਮਾਂ ਕਰਕੇ ਚੰਗਾ ਜਾਂ ਬੁਰਾ, ਖਰਾ ਜਾਂ ਖੋਟਾ ਮਿੱਥਣਾ ਬਣਦਾ ਹੈ। ਅਖੌਤੀ ਉੱਚੀ ਜਾਤ ਬ੍ਰਾਹਮਣ ਆਪਣੇ ਆਪ ਨੂੰ ਰੱਬ ਦੇ ਨੇੜੇ ਦੱਸਦੇ ਸਨ। ਪਰ, ਗੁਰੂ ਰਵਿਦਾਸ ਜੀ ਨੇ ਇਸ ਨੂੰ ਬੇਹੂਦਾ ਦੱਸਦਿਆਂ ਰੱਦ ਕੀਤਾ ਤੇ ਸਾਰੇ ਮਨੁੱਖਾਂ ਦੇ ਬਰਾਬਰ ਹੋਣ ਦੀ ਗੱਲ ਵਾਰ ਵਾਰ ਦੁਹਰਾਈ, ਅਤੇ ਕਿਹਾ:

ਏਕੇ ਮਾਟੀ ਕੇ ਸਭਿ ਭਾਂਡੇ, ਸਭਕਾ ਏਕੈ ਸਿਰਜਨਹਾਰਾ।

ਇਸ ਕਰਕੇ ਹੀ ਅਖੌਤੀ ਉੱਚ ਜਾਤੀਆਂ ਵਾਲੇ ਕਾਫੀ ਸਾਰੇ ਜੋ ਵੱਡੀਆਂ ਜਾਇਦਾਦਾਂ ਦੇ ਮਾਲਕ ਸਨ ਅਤੇ ਨਾਲ ਹੀ ਰਾਜ ਭਾਗ ’ਤੇ ਵੀ ਕਾਬਜ਼ ਸਨ ਦੇ ਬੇਹੂਦਗੀ ਭਰੇ ਗੁੱਸੇ ਦਾ ਰਵਿਦਾਸ ਜੀ ਨੂੰ ਵਾਰ ਵਾਰ ਸ਼ਿਕਾਰ ਹੋਣਾ ਪਿਆ। ਕਈ ਵਾਰ ਕਰੜੀਆਂ ਪ੍ਰੀਖਿਆਵਾਂ ਵਿੱਚੋਂ ਗੁਜ਼ਰਨਾ ਪਿਆ ਪਰ ਉਨ੍ਹਾਂ ਨੇ ਕਦੇ ਵੀ ਹੌਸਲਾ ਨਾ ਹਾਰਿਆ ਤੇ ਸੱਚ ਦਾ ਪੱਲਾ ਨਾ ਛੱਡਿਆ। ਸਦਾ ਹੀ ਮੁਸੀਬਤਾਂ ਦਾ ਸਾਹਸ ਅਤੇ ਦਲੇਰੀ ਨਾਲ ਮੁਕਾਬਲਾ ਕੀਤਾ। ਹਰ ਵਾਰ ਹੀ ਹੋਰ  ਜ਼ਿਆਦਾ ਲੋਕਾਂ ਦਾ ਵਿਸ਼ਵਾਸ ਜਿੱਤਦੇ ਰਹੇ। ਮੰਨੂੰ ਵਲੋਂ “ਖੋਜੀ” ਵਰਣ ਵੰਡ (ਮਨੁੱਖਾਂ ਵਿਚਕਾਰ ਵਿਤਕਰੇ ਅਤੇ ਵਿੱਥਾਂ ਵਾਲੀ ਬਾਂਦਰ ਵੰਡ) ਦੇ ਆਸਰੇ ਜਾਤ-ਪਾਤ ਵਰਗਾ ਸਮਾਜੀ ਕੋਹੜ ਪੈਦਾ ਹੋਇਆ ਅਤੇ ਇਸਦੇ ਸਦਕਾ ਬ੍ਰਾਹਮਣਵਾਦ ਵਰਗੇ ਭੈੜ ਨੇ ਜਨਮ ਲਿਆ। ਜਿਸ ਬ੍ਰਾਹਮਣਵਾਦ ਨੇ ਝੂਠ ਦੀ ਗੁੰਡਾਗਰਦੀ ਭਰੀ ਦਹਿਸ਼ਤ ਦੇ ਸਹਾਰੇ ਆਮ ਲੋਕਾਂ ਨੂੰ ਗਧੀਗੇੜ ਵਿਚ ਪਾ ਕੇ ਆਪਣੇ ਤੋਰੀ-ਫੁਲਕੇ ਨੂੰ ਮਹਿਫੂਜ਼ ਰੱਖਿਆ। ਪਰ, ਗੁਰੂ ਸਾਹਿਬ ਦੀ ਤਿੱਖੀ ਸੂਝ ਨੇ ਇਨ੍ਹਾਂ ‘ਗੁੱਝੇ ਭੇਦਾਂ’ ਦੀ ਰਮਜ਼ ਪਛਾਣੀ ਅਤੇ ਡਟਵਾਂ ਵਿਰੋਧ ਕੀਤਾ। ਇਸ ਸੱਚ ਦੇ ਸਦਕਾ ਹੀ ਕੁੱਝ ਸਮੇਂ ਬਾਅਦ ਗੁਰੂ ਰਵਿਦਾਸ ਜੀ ਨਾਲ ਲੋਕਾਂ ਦੀ ਵੱਧ ਗਿਣਤੀ ਜੁੜਨ ਲੱਗ ਪਈ। ਰਵਿਦਾਸ ਜੀ ਦੇ ਆਗਮਨ ਬਾਰੇ ਭਾਈ ਗੁਰਦਾਸ ਜੀ ਦਸਵੀਂ ਵਾਰ ਵਿਚ ਲਿਖਦੇ ਹਨ:

ਭਗਤੁ ਭਗਤੁ ਜਗਿ ਵਜਿਆ ਚਹੁ ਚਕਾਂ ਦੇ ਵਿਚਿ ਚਮਿਰੇਟਾ।।
ਪਾਹਣਾ ਗੰਢੇ ਰਾਹ ਵਿਚ ਕੁਲਾ ਧਰਮ ਢੋਇ ਢੇਰ ਸਮੇਟਾ।।

ਜਿਉਂ ਕਰ ਮੈਲੇ ਚੀਥੜੇ ਹੀਰਾ ਲਾਲ ਅਮੋਲ ਪਲੇਟਾ।।
ਚਹੁੰ ਵਰਨਾ ਉਪਦੇਸ ਦਾ ਗਿਆਨ ਧਿਆਨ ਕਰ ਭਗਤ ਸਹੇਟਾ।।

ਭਾਈ ਕਾਹਨ ਸਿੰਘ ਰਵਿਦਾਸ ਜੀ ਬਾਰੇ ਆਪਣੇ ‘ਮਹਾਨ ਕੋਸ਼’ (ENCYCLOPEDIA OF  SIKH LITRATURE) ਵਿਚ ਲਿਖਦੇ ਹਨ, ‘ਕਾਸ਼ੀ ਦਾ ਵਸਨੀਕ ਚਮਾਰ, ਜੋ ਰਾਮਾਨੰਦ ਦਾ ਚੇਲਾ ਸੀ। ਇਹ ਗਿਆਨ ਦੇ ਬਲ ਕਰਕੇ ਪਰਮਹੰਸ ਪਦਵੀ ਨੂੰ ਪ੍ਰਾਪਤ ਹੋਇਆ। ਰਵਿਦਾਸ ਕਬੀਰ ਦਾ ਸਮਕਾਲੀ ਸੀ ਇਸ ਨੂੰ ਬਹੁਤ ਪੁਸਤਕਾਂ ਵਿਚ ਰੈਦਾਸ ਵੀ ਲਿਖਿਆ ਹੋਇਆ ਹੈ। ਰਵਿਦਾਸ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੈ’

ਕਬੀਰ ਜੀ ਆਪਣੇ ਸਮਕਾਲੀ ਰਵਿਦਾਸ ਜੀ ਬਾਰੇ ਇੰਜ ਲਿਖਦੇ ਹਨ:

ਹਰਿ ਸੋ ਹੀਰਾ ਛਾਡਿ ਕੇ ਕਰਹਿ ਆਨ ਕੀ ਆਸ
ਤੇ ਨਰ ਦੋਜਕ ਜਾਹਿਗੇ ਸਤਿ ਭਾਖੇ ਰਵਿਦਾਸ

ਕਬੀਰ ਜੀ ਨੇ ਆਪਣੀ ਬਾਣੀ ਵਿਚ ਇਹ ਵੀ ਫ਼ਰਮਾਇਆ ਹੈ:

ਅਵਲਿ ਅਲਹ ਨੂਰ ਉਪਾਇਆ ਕੁਦਰਤਿ ਕੇ ਸਭੁ ਬੰਦੇ
ਏਕ ਨੂਰ ਤੇ ਸਭ ਜਗ ਉਪਜਿਆ ਕਉਨ ਭਲੇ ਕੋ ਮੰਦੇ

ਇਸੇ ਨੂੰ ਹੀ ਰਵਿਦਾਸ ਜੀ ਦੀ ਬਾਣੀ ਵਿੱਚੋਂ ਦੇਖਦਿਆ ਹੇਠਾਂ ਲਿਖਿਆ ਵਿਚਾਰ ਲੱਭਦਾ ਹੈ:

ਏਕੇ ਮਾਟੀ ਕੇ ਸਭਿ ਭਾਂਡੇ ਸਭਕਾ ਏਕੈ ਸਿਰਜਣਹਾਰਾ

ਉਸ ਵੇਲੇ ਦੀਆਂ ਅਖੌਤੀ ਉੱਚੀਆਂ ਜਾਤਾਂ ਨੇ ਆਪਣੇ ਆਪ ਨੂੰ ਸਮਾਜ ਦਾ ਪਵਿੱਤਰ ਤੇ ਸੁਪਰ ਅੰਗ ਆਖਣਾ ਸ਼ੁਰੂ ਕਰ ਦਿੱਤਾ। ਆਪਣੇ ਆਪ ਨੂੰ ਉੱਚਾ ਹੋਣ ਦਾ ਧੋਖੇ ਭਰਿਆ, ਝੂਠਾ ਬਹਾਨਾ ਲਾ ਕੇ ਸਮਾਜ ਦੇ ਕਮਜ਼ੋਰ ਵਰਗ ਭਾਵ ਗਰੀਬਾਂ (ਸ਼ੂਦਰਾਂ) ਨੂੰ ਗਿਆਨ ਭੰਡਾਰਾਂ ਤੋਂ ਸਦਾ ਹੀ ਦੂਰ ਰੱਖਿਆ। ਪੜ੍ਹਨਾ-ਲਿਖਣਾ ਜਾਂ ਮਹਾਂਪੁਰਸ਼ਾਂ ਦੀਆਂ ਪਵਿੱਤਰ ਲਿਖਤਾਂ ਸ਼ੂਦਰਾਂ ਲਈ ਵਰਜਿਤ ਕਰ ਦਿੱਤੀਆਂ ਗਈਆਂ। ਕੋਈ ਵੇਦਾਂ ਆਦਿ ਦਾ ਪਾਠ ਸੁਣਦਾ ਤਾਂ ਉਸਦੇ ਕੰਨਾਂ ਵਿਚ ਸਿੱਕਾ ਢਾਲਿਆ ਜਾਂਦਾ। ਉਨ੍ਹਾਂ ਨੂੰ ਸਮਾਜ ਦਾ ਗੰਦ ਆਖਿਆ ਜਾਣ ਲੱਗਾ। ਰਹਿਣ ਵਾਸਤੇ ਪਿੰਡਾਂ ਸ਼ਹਿਰਾਂ ਤੋਂ ਬਾਹਰ ਵੱਖਰੀਆਂ ਬਸਤੀਆਂ ਵਲ ਧੱਕੇ ਗਏ। ਸਹੂਲਤਾਂ ਰਹਿਤ, ਨਫਰਤਾਂ ਭਰੇ ਜੀਵਨ ਨੇ ਇਸ ਵਰਗ ਅੰਦਰ ਸਦਾ ਲਈ ਹੀਣ ਭਾਵਨਾ ਪੈਦਾ ਕਰ ਦਿੱਤੀ। ਇਸੇ ਊਚ-ਨੀਚ ਦੇ ਵਿਤਕਰੇ ਭਰੇ ਅਮਲ ਨੇ ਮਨੁੱਖਾਂ ਅੰਦਰ ਪਾੜੇ ਤੇ ਵਿੱਥਾਂ ਪੈਦਾ ਕਰ ਦਿੱਤੀਆਂ, ਜੋ ਅਜੋਕੇ ਸਮਾਜ ਅੰਦਰ ਵੀ ਵੱਖੋ-ਵੱਖ ਰੂਪਾਂ ਵਿਚ ਵੇਖੇ ਜਾ ਸਕਦੇ ਹਨ। ਜਦੋਂ ਕਿ ਇਸ ਕਿਰਤੀ ਵਰਗ ਵਲੋਂ ਕੀਤੀ ਕਿਰਤ ਹੀ ਸਮਾਜ ਨੂੰ ਵਿਕਾਸ ਦੇ ਰਾਹੇ ਪਾਉਂਦੀ ਰਹੀ।

ਰਵਿਦਾਸ ਜੀ ਨਫਰਤ ਦੀ ਥਾਂ ਦੋਸਤੀ ਤੇ ਮੁਹੱਬਤ ਦਾ ਪ੍ਰਚਾਰ ਕਰਦੇ ਹੋਏ ਕਹਿੰਦੇ ਹਨ:

ਮੁਸਲਮਾਨ ਸੋਂ ਦੋਸਤੀ, ਹਿੰਦੂ ਸੇ ਕਰ ਪ੍ਰੀਤ
ਰਵਿਦਾਸ ਜੋਤਿ ਸਭ ਰਾਮ ਕੀ, ਸਭ ਹੈ ਆਪਣੇ ਮੀਤ

ਮੰਦਿਰ ਮਸਜਿਦ ਦੋ ਏਕ ਹੈਂ
ਇਨ ਮਹਿ ਅੰਤਰ ਨਾਹਿ

ਰਵਿਦਾਸ ਰਾਮ ਰਹਿਮਾਨ ਕਾ
ਝਗੜਾ ਕੋਊ ਨਾਹਿ

ਰਵਿਦਾਸ ਹਮਾਰੋ ਰਾਮ ਜੋਇ
ਸੋਈ ਹੈ ਰਹਿਮਾਨ

ਕਾਬਾ ਕਾਸੀ ਜਾਨੀਹਿ
ਦੋਉ ਏਕ ਸਮਾਨ।।

ਜਾਤ-ਪਾਤ ਦੇ ਬ੍ਰਾਹਮਣੀ ਵਿਚਾਰਾਂ ਦਾ ਭਾਂਡਾ ਉਦੋਂ ਫੁੱਟਦਾ ਹੈ ਜਦੋਂ ਰਵਿਦਾਸ ਜੀ ਦੇ ਇਹ ਵਿਚਾਰ ਪੜ੍ਹਦੇ ਹਾਂ:

ਰਵਿਦਾਸ ਜਨਮ ਕੇ ਕਾਰਨੈ, ਹੋਤ ਨਾ ਕੋਊ ਨੀਚ
ਨਰ ਕੂੰ ਨੀਚ ਕਰ ਡਾਰਿਹੌ, ਓਛੈ ਕਰਮ ਕੌ ਕੀਚ

ਊਂਚੇ ਕੁਲ ਕੇ ਕਾਰਨੇ, ਬ੍ਰਾਹਮਣ ਕੋਯ ਨ ਹੋਯ
ਜਉ ਜਾਨਹਿ ਬ੍ਰਹਮ ਆਤਮਾ, ਰਵਿਦਾਸ ਬ੍ਰਾਹਮਨ ਸੋਇ

ਉਸ ਸਮੇਂ ਦੀ ਸਥਿਤੀ ਨੂੰ ਪੇਸ਼ ਕਰਦਿਆਂ ਪਾਖਰ ਸਿੰਘ ਨੇ ਆਪਣੀ ਪੁਸਤਕ “ਮਨੁੱਖਤਾ ਦਾ ਚਾਨਣ ਮੁਨਾਰਾ - ਗੁਰੂ ਰਵਿਦਾਸ” ਵਿਚ ਲਿਖਿਆ ਹੈ ਕਿ ‘ਉਨ੍ਹਾਂ ਤੋਂ ਵਗਾਰ ਲਈ ਜਾਂਦੀ ਸੀ ਤੇ ਇਨਕਾਰ ਕਰਨ ਵਾਲਿਆਂ ਉੱਤੇ ਅਕਹਿ ਤੇ ਅਸਹਿ ਜ਼ੁਲਮ ਢਾਏ ਜਾਂਦੇ ਸਨ। ਸਮੁੱਚੇ ਹਾਲਾਤ ਦਾ ਸਰਵੇਖਣ ਕਰਨ ਤੋਂ ਬਾਅਦ ਗੁਰੂ ਰਵਿਦਾਸ ਜੀ ਨੇ ਜਾਤ ਅਭਿਮਾਨੀਆਂ ਨੂੰ ਵੰਗਾਰਿਆ ਅਤੇ ਪੀੜਤ ਲੋਕਾਂ ਲਈ ਜੀਵਨ ਭਰ ਸੰਘਰਸ਼ ਕਰਨ ਦਾ ਦ੍ਰਿੜ੍ਹ ਨਿਸਚਾ ਕੀਤਾ। ਵੱਖ ਵੱਖ ਧਰਮਾਂ, ਰੰਗਾਂ ਤੇ ਜਿਣਸਾਂ ਦੇ ਮਨੁੱਖਾਂ ਨੂੰ ਏਕਤਾ ਦੀ ਲੜੀ ਵਿਚ ਪਰੋ ਕੇ Fatherhood of God ‘ਇਕ ਰੱਬ ਸਭ ਦਾ ਪਿਤਾ’ ਅਤੇ Brotherhood of Man ‘ਸਾਰੇ ਮਨੁੱਖ ਭਰਾ ਭਰਾ ਹਨ’ ਦਾ ਸੰਦੇਸ਼ ਦਿੱਤਾ।

ਗੁਰੂ ਰਵਿਦਾਸ ਦੇ ਸਮੇਂ ਅੱਤਿਆਚਾਰਾਂ ਦੀ ਹੱਦ ਹੋ ਗਈ ਸੀ। ਜੇ ਕਮਜ਼ੋਰ ਜਾਂ ਗਰੀਬ ਆਦਮੀ ਤੋਂ ਕੋਈ ਗਲਤੀ ਹੋ ਜਾਂਦੀ ਤਾਂ ਉਸਨੂੰ ਵੱਧ ਤੋਂ ਵੱਧ ਅਣਮਨੁੱਖੀ ਸਜ਼ਾ ਦਿੱਤੀ ਜਾਂਦੀ। ਕਿਸੇ ਬ੍ਰਾਹਮਣ ਦੇ ਨੇੜਿਉਂ ਹੋ ਕੇ ਲੰਘਣਾ ਜਾਂ ਬ੍ਰਾਹਮਣ ਨੂੰ ਧਰਮ ਸਬੰਧੀ ਕੁੱਝ ਕਹਿਣਾ ਜਾਂ ਅਖੌਤੀ ਉੱਚੀ ਜਾਤ ਦੇ ਕਿਸੇ ਵੱਡੇ ਜਾਂ ਛੋਟੇ ਕੰਮ ਤੋਂ ਇਨਕਾਰ ਕਰਨਾ ਇਹ ਗਲਤੀਆਂ ਜਾਂ ਬਦਤਮੀਜ਼ੀਆਂ ਗਿਣੀਆਂ ਜਾਂਦੀਆਂ ਸਨ। ਪਰ ਅਖੌਤੀ ਜਾਤਾਂ ਨਾਲ ਸਬੰਧਤ ਭਾਵ ਬ੍ਰਾਹਮਣਾਂ ਨੂੰ ਵੱਡੇ ਤੋਂ ਵੱਡਾ ਗੁਨਾਹ, ਗਲਤੀ ਅਤੇ ਪਾਪ ਵੀ ਬਖਸ਼ ਦਿੱਤਾ ਜਾਂਦਾ ਸੀ। ਇਨ੍ਹਾਂ ਹੀ ਬੇਇਨਸਾਫੀਆਂ ਨੇ ਗੁਰੂ ਜੀ ਦੇ ਮਨ ਅੰਦਰ ਆਪਣੇ ਮਾਰਗ ਪ੍ਰਤੀ ਦ੍ਰਿੜ੍ਹਤਾ ਪੈਦਾ ਕੀਤੀ। ਉਨ੍ਹਾਂ ਸੰਘਰਸ਼ਮਈ ਜੀਵਨ ਤੋਂ ਭੱਜਣ ਦਾ ਜਤਨ ਨਾ ਕੀਤਾ ਸਗੋਂ ਘਰ-ਬਾਰ ਛੱਡਕੇ ਤੁਰੇ ਫਿਰਦੇ ਸਾਧਾਂ ਨੂੰ ਜੀਵਨ ਤੋਂ ਉਪਰਾਮ ਹੋ ਚੁੱਕੇ ਵਿਅਕਤੀ ਦੱਸਿਆ ਅਤੇ ਆਪ ਖੁਦ ਗ੍ਰਿਹਸਥ ਦਾ ਜੀਵਨ ਬਿਤਾਇਆ। ਆਪਣੇ ਜੀਵਨ ਤਜ਼ਰਬੇ ਨੂੰ ਫਿਲਾਸਫੀ ਵਿਚ ਬਦਲਿਆ ਅਤੇ ਜੀਵੇ ਜਾ ਰਹੇ ਵਿਦਰੋਹ ਨੂੰ ਆਪਣੇ ਲੋਕਾਂ ਵਿਚ ਰਹਿ ਕੇ ਬਾਣੀ ਰੂਪ ਸ਼ਬਦਾਂ ਵਿਚ ਢਾਲਿਆ ਜਿਸ ਵਿਚ ਉਨ੍ਹਾਂ ਨੇ ਪ੍ਰਭੂ ਪ੍ਰੇਮ ਦੇ ਨਾਲ ਹੀ ਸਮਾਜਿਕ ਅਤੇ ਰਾਜਨੀਤਕ ਵਿਤਕਰਿਆਂ ਦੇ ਖਿਲਾਫ ਘੋਲ ਦਾ ਸੱਦਾ ਦਿੱਤਾ, ਜੋ ਤਕੜੇ ਵਲੋਂ ਮਾੜੇ ’ਤੇ ਕੀਤੇ ਜਾ ਰਹੇ ਜਬਰ, ਅਨਿਆਂ ਦੇ ਖਿਲਾਫ ਵਿਦਰੋਹ ਸੀ ਅਤੇ ਆਪ ਇਸ ਦੀ ਅਗਵਾਈ ਕੀਤੀ।

ਰਵਿਦਾਸ ਜੀ ਦੀ ਬਾਣੀ ਵਿਚ ਨਿਮਰਤਾ ਭਰੇ ਸਮਰਪਣ ਦੀ ਭਾਵਨਾ ਦੇ ਕਾਫੀ ਥਾਵੇਂ ਦਰਸ਼ਨ ਹੁੰਦੇ ਹਨ, ਇਸ ਵਾਸਤੇ ਉਨ੍ਹਾਂ ਦੀ ਬਾਣੀ ਹੀ ਪੇਸ਼ ਕੀਤੀ ਜਾ ਸਕਦੀ ਹੈ:

ਤੁਮ ਚੰਦਨ ਹਮ ਇਰੰਡ ਬਾਪੂਰੇ ਸੰਗ ਤੁਮਾਰੇ ਵਾਸਾ।
ਨੀਚ ਰੂਖ ਤੇ ਉਚ ਭੲੈ ਹੈ ਗੰਧ ਸੁਗੰਧ ਨਿਵਾਸਾ।।

ਮਾਧਉ ਸਤ ਸੰਗਤਿ ਸਰਨਿ ਤੁਮਾਰੀ।।
ਹਮ ਅਉਗਨ ਤੁਮ ਉਪਕਾਰੀ।।

...

ਜਉ ਤੁਮ ਗਿਰਿਵਰ ਤਉ ਹਮ ਮੋਰਾ।।
ਜਉ ਤੁਮ ਚੰਦ ਤਉ ਭਏ ਹੋ ਚਕੋਰਾ।।

...

ਜਉ ਤੁਮ ਦੀਵਰਾ ਤਉ ਹਮ ਬਾਤੀ।।
ਜਉ ਤੁਮ ਤੀਰਥ ਤਉ ਹਮ ਜਾਤੀ।।

...

ਤੋਹੀ ਮੋਹੀ ਮੋਹੀ ਤੋਹੀ ਅੰਤਰੁ ਕੈਸਾ
ਕਨਕ ਕਟਿਕ ਜਲ ਤਰੰਗ ਜੈਸਾ

ਗੁਰੂ ਰਵਿਦਾਸ ਜੀ ਨੇ ਬਹੁਤ ਸਾਰੀ ਬਾਣੀ ਦੀ ਰਚਨਾ ਕੀਤੀ ਪਰ ਉਹ ਸਾਰੀ ਦੀ ਸਾਰੀ ਅਜੇ ਤੱਕ ਵੀ ਇਕੱਠੀ ਨਹੀਂ ਕੀਤੀ ਜਾ ਸਕੀ, ਅਤੇ ਨਾ ਹੀ ਖੋਜੀ ਵਿਦਵਾਨਾਂ ਨੇ ਇਸ ਨੂੰ ਲੱਭਣ ਦੇ ਗੰਭੀਰ ਜਤਨ ਹੀ ਕੀਤੇ ਹੋਰ ਭਗਤਾਂ ਅਤੇ ਗੁਰੂਆਂ ਦੀ ਬਾਣੀ ਦੇ ਨਾਲ ਹੀ ਗੁਰੂ ਰਵਿਦਾਸ ਜੀ ਦੀ ਬਾਣੀ ਸੋਲ੍ਹਾਂ ਰਾਗਾਂ ਸਿਰੀ ਰਾਗੁ, ਰਾਗੁ ਗਉੜੀ, ਆਸਾ, ਗੂਜਰੀ, ਸੋਰਠਿ, ਧਨਾਸਰੀ, ਜੈਤਸਰੀ, ਰਾਗੁ ਸੂਹੀ, ਬਿਲਾਬਲੁ, ਰਾਗੁ ਗੋਂਡ, ਰਾਮਕਲੀ, ਰਾਗੁ ਮਾਰੂ, ਰਾਗੁ ਕੇਦਾਰਾ, ਭੇਰਉ, ਬਸੰਤੁ, ਮਲਾਰੁ ਵਿਚ 40 ਪਦ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਕੀਤੇ ਗਏ।

ਗੁਰੂ ਰਵਿਦਾਸ ਜੀ ਨੇ ਕਿਰਤ ਕਰਨ ਨੂੰ ਬਹੁਤ ਮਹੱਤਵ ਦਿੱਤਾ। ਖੁਦ ਆਪਣੇ ਵਡੇਰਿਆਂ ਵਲੋਂ ਕੀਤੇ ਜਾਂਦੇ ਜੁੱਤੀਆਂ ਗੰਢਣ ਦੇ ਕਿੱਤੇ ਨੂੰ ਅਪਣਾ ਕੇ ਆਪਣਾ ਜੀਵਨ ਨਿਰਬਾਹ ਕਰਨ ਲੱਗੇ। ਉਹ ਕੰਮ ਕਰਨ ਨੂੰ ਮਨ ਦੀ ਸ਼ਾਂਤੀ ਅਤੇ ਸਰੀਰ ਲਈ ਜ਼ਰੂਰੀ ਸਮਝਦੇ ਸਨ। ਕਿਰਤ ਕਰਨੀ ਉਨ੍ਹਾਂ ਲਈ ਮਿਹਣਾ ਨਹੀਂ ਸੀ ਜਿਵੇਂ ਕਿ ਅੱਜਕਲ ਦੇ “ਸੰਤਾਂ” ਲਈ ਹੈ ਕਿ ਧਾਰਮਕ ਸ਼ਰਧਾ ਅਧੀਨ ਲੋਕਾਂ ਵਲੋਂ ਕੀਤੇ ਗਏ ਦਾਨ ਦੇ ਪੈਸਿਆਂ ਨਾਲ ਐਸ਼ ਦਾ ਜੀਵਨ ਗੁਜ਼ਾਰੋ ਤੇ ਆਪ ਡੱਕਾ ਭੰਨ ਕੇ ਦੂਹਰਾ ਨਾ ਕਰੋ। ਲੋਕਾਂ ਦੀ ਦਸਾਂ ਨੌਹਾਂ ਦੀ ਕੀਤੀ ਮਿਹਨਤ ਦੇ ਆਸਰੇ ਪੰਜ ਤਾਰਾ ਸਹੂਲਤਾਂ ਵਾਲੇ ਮਹੱਲਾਂ ਵਰਗੇ ਧਾਰਮਕ ਸਥਾਨ ਉਸਾਰ ਕੇ ਉਹਨੂੰ ਕੁਟੀਆ ਆਖੀ ਜਾਣਾ ਤੇ ਵਧੀਆ ਜੀਵਨ ਜੀਊਣਾ। ਉਂਜ ਵੀ ਅਜੋਕੇ ਸਮੇਂ ਵਿਚ ‘ਸੰਤ’ ਸ਼ਬਦ ਦੇ ਅਰਥਾਂ ਨੂੰ ਅਸਲੋਂ ਵਿਗਾੜ ਦਿੱਤਾ ਗਿਆ ਹੈ। ਹੁਣ ਤਾਂ ਦਰ ਦਰ ਟੁੱਕ ਮੰਗਦੇ ਪਖੰਡੀਆਂ ਨੂੰ ਹੀ ਲੋਕ ਸੰਤ ਆਖੀ ਜਾ ਰਹੇ ਹਨ। ਅਸੀਂ ਗੁਰਬਾਣੀ ਰਾਹੀਂ ‘ਸੰਤ’ ਦੇ ਸਿਰਜੇ ਸੰਕਲਪ ਦੇ ਕਦੇ ਵੀ ਸਹੀ ਅਰਥ ਕਰਕੇ ਦੇਖਣ ਦੇ ਜਤਨ ਨਹੀਂ ਕੀਤੇ।

ਗੁਰੂ ਰਵਿਦਾਸ ਜੀ ਨੇ ਆਰਤੀ ਲਿਖਦਿਆਂ ਕੋਈ ਰਵਾਇਤੀ ਗੱਲ ਨਹੀਂ ਕੀਤੀ ਸਗੋਂ ਇਕ ਨਵਾਂ ਵਿਚਾਰ ਪੇਸ਼ ਕੀਤਾ, ਸੱਚ ਦੀ ਖੋਜ ਦਾ ਨਵਾਂ ਰਾਹ। ਇਹ ਵੀ ਸੰਭਵ ਹੈ ਕਿ ਬਾਅਦ ਵਿਚ ਗੁਰੂ ਨਾਨਕ ਦੇਵ ਜੀ ਵਲੋਂ ਆਰਤੀ ਲਿਖਣ ਵੇਲੇ ਉਸ ਸਮੇਂ ਦੇ ਹਾਲਾਤ ਤੋਂ ਇਲਾਵਾ ਪਹਿਲਾਂ ਹੀ ਗੁਰੂ ਰਵਿਦਾਸ ਵਲੋਂ ਲਿਖੀ ਗਈ ਆਰਤੀ ਤੋਂ ਵੀ ਪ੍ਰਭਾਵਿਤ ਹੋਏ ਹੋਣ। ਕਿਉਂਕਿ ‘ਸੋਢੀ ਮਿਹਰਬਾਨ ਵਾਲੀ ਪੋਥੀ’ ਸੱਚ ਖੰਡ (ਪੁਰਾਤਨ ਜਨਮ ਸਾਖੀ ਦੇ ਨਾਂ ਹੇਠ ਖਾਲਸਾ ਕਾਲਜ ਅਮ੍ਰਿਤਸਰ ਵਲੋਂ ਛਪੀ ਪੁਸਤਕ) ਅਨੁਸਾਰ ਗੁਰੂ ਨਾਨਕ ਦੇਵ ਜੀ ਆਪਣੀ ਬਾਣੀ ਦੇ ਨਾਲ ਨਾਲ ਨਾਮਦੇਵ, ਕਬੀਰ, ਤ੍ਰਿਲੋਚਨ, ਰਵਿਦਾਸ, ਧੰਨਾ ਅਤੇ ਬੇਣੀ ਦੀ ਬਾਣੀ ਵੀ ਗਾਇਆ ਕਰਦੇ ਸਨ। ਅਤੇ ਇਸ ਤਰ੍ਹਾਂ ਹੀ ‘ਜਪੁ’ ਬਾਰੇ ਵੀ ਆਖਿਆ ਜਾ ਸਕਦਾ ਹੈ। ਇਸ ਸਬੰਧੀ ਡਾ. ਕੁਲਵੰਤ ਕੌਰ ਆਪਣੀ ਪੁਸਤਕ ‘ਬਾਣੀ ਭਗਤ ਰਵਿਦਾਸ ਇਕ ਅਧਿਅਨ’ ਵਿਚ ਲਿਖਦੇ ਹਨ, “ਰਵਿਦਾਸ ਬਾਣੀ ਵਿਚਲੇ ਹੁਣ ਤੱਕ ਦੇ ਬ੍ਰਹਮ ਨਿਰੂਪਣ ਤੋਂ ਸਪਸ਼ਟ ਹੈ ਕਿ ਜਿਹੜੇ ਵਿਚਾਰ ਗੁਰੂ ਨਾਨਕ ਦੇਵ ਨੇ ‘ਜਪੁ’ ਜੀ ਦੇ ਮੂਲ ਮੰਤਰ ਰਾਹੀਂ ਫ਼ਰਮਾਨ ਕੀਤੇ ਹਨ, ਭਗਤ ਰਵਿਦਾਸ ਉਹੋ ਜਿਹੇ ਵਿਚਾਰ ਉਨ੍ਹਾਂ ਤੋਂ ਵੀ ਪਹਿਲਾਂ ਪ੍ਰਗਟਾ ਚੁੱਕੇ ਸਨ। ਅੰਤਰ ਕੇਵਲ ਇੰਨਾ ਹੈ ਕਿ ਜਿੱਥੇ ਗੁਰੂ ਨਾਨਕ ਨੇ ਇਨ੍ਹਾਂ ਨੂੰ ਸੁਨਿਸ਼ਚਿਤ ਰੂਪ ਵਿਚ ਪੇਸ਼ ਕੀਤਾ ਹੈ ਉੱਥੇ ਰਵਿਦਾਸ ਬਾਣੀ ਵਿਚ ਇਹ ਇੱਧਰ ਉੱਧਰ ਖਿਲਰੇ ਪਏ ਹਨ ਅਤੇ ਇਨ੍ਹਾਂ ਨੂੰ ਸੁਜਤਨ ਇਕੱਠਿਆਂ ਕਰਨਾ ਪੈਂਦਾ ਹੈ

ਰਵਿਦਾਸ ਬਾਣੀ ਵਿਚ ਮਨੁੱਖੀ ਮੂਲ ਬਾਰੇ ਵਿਖਿਆਨ ਵੀ ਦੇਖਣ ਯੋਗ ਹਨ:

ਜਲ ਕੀ ਭੀਤਿ ਪਵਨ ਕਾ ਥੰਭਾ
ਰਕਤ ਬੂੰਦ ਕਾ ਗਾਰਾ।

ਹਾਡ ਮਾਸ ਨਾੜੀ ਕੋ ਪਿੰਜਰੁ
ਪੰਖੀ ਬਸੈ ਬਿਚਾਰਾ

ਮਨੁੱਖ ਦਾ ਹਾਲ ਕੀ ਹੈ, ਕਿਵੇਂ ਉਸਨੂੰ ਵਿਕਾਰਾਂ ਨੇ ਰੋਲਿਆ ਹੋਇਆ ਹੈ:

ਮਾਟੀ ਕੋ ਪੁਤਰਾ ਕੈਸੇ ਨਚੁਤ ਹੈ
ਦੇਖੈ ਦੇਖੈ ਸੁਨੇ ਬੋਲੈ ਦਉਰਿਓ ਫਿਰਤੁ ਹੈਰਹਾਉ।

ਜਬ ਕਛੁ ਪਾਵੈ ਤਬ ਗਰਬੁ ਕਰਤੁ ਹੈ।
ਮਾਇਆ ਗਈ ਤਬ ਰੋਵਨੁ ਲਗਤੁ ਹੈ।

ਗੁਰੂ ਰਵਿਦਾਸ ਜੀ ਦੇ ਸਮੇਂ (ਅਤੇ ਬਾਅਦ ਵਿਚ ਵੀ) ਸ਼ੈਤਾਨ ਕਿਸਮ ਦੇ ਬ੍ਰਾਹਮਣਾਂ ਵਲੋਂ ਬੜੀਆਂ ਹੀ ਗਲਤ ਲਿਖਤਾਂ ਛਾਪੀਆਂ ਗਈਆਂ ਹੋਣਗੀਆਂ, ਕਿਉਂਕਿ ਬ੍ਰਾਹਮਣਵਾਦ ਧੋਖੇ ਭਰਿਆ ਹਨੇਰਾ ਅਤੇ ਝੂਠ ਦੀ ਧੁੰਦ ਸੀ, ਜਿਸ ਧੁੰਦ ਵਿੱਚੋਂ ਸੱਚ ਦਾ ਚਾਨਣ ਹੱਥ ਵਿਚ ਫੜ ਕੇ ਰਵਿਦਾਸ ਜੀ ਨੇ ਪਾਰ ਲੰਘਣ ਦਾ ਜਤਨ ਆਰੰਭਿਆ। ਹੁਣ ਤੱਕ ਵੀ ਰਵਿਦਾਸ ਜੀ ਦੇ ਜਨਮ ਤਾਰੀਖ, ਸਵਰਗ ਸਿਧਾਰਨ ਦਾ ਸਥਾਨ ਆਦਿ ਗੱਲਾਂ ਬਾਰੇ ਘਚੋਲੇ ਪਏ ਹੋਏ ਹਨਮਰਨ ਸਥਾਨ ਬਾਰੇ ਵੀ ਅਜਿਹੇ ਵਿਚਾਰ ਸੁਣਨ ਨੂੰ ਮਿਲਦੇ ਹਨ - ਜੋ ਸ਼ਰਾਰਤ ਤੋਂ ਵੱਧ ਕੁੱਝ ਨਹੀਂਰਵਿਦਾਸ ਜੀ ਸਬੰਧੀ ਗੁਰੂ ਜਾਂ ਭਗਤ ਹੋਣ ਦੀ ਚਰਚਾ ਸਦਾ ਹੀ ਚਲਦੀ ਰਹੀ ਹੈ ਪਰ ਵਿਦਵਾਨਾਂ ਨੇ ਸਿਰ ਜੋੜ ਬੈਠ ਕੇ ਗਲਤ ਨਿਰਣਿਆਂ ਨੂੰ ਰੱਦ ਕਰਨ ਅਤੇ ਠੀਕ ਨੂੰ ਪ੍ਰਚਾਰਨ ਦੇ ਜਤਨ ਨਹੀਂ ਕੀਤੇ ਜੋ ਬੜੀ ਦੇਰ ਪਹਿਲਾਂ ਹੀ ਗੰਭੀਰਤਾ ਨਾਲ ਹੋਣੇ ਚਾਹੀਦੇ ਸਨ। ਆਪਣੇ ਆਪ ਨੂੰ ਜਾਤ-ਪਾਤ ਦਾ ਵਿਰੋਧ ਕਰਨ ਅਤੇ ਨਿਰਪੱਖ ਕਹਿਣ-ਕਹਾਉਣ ਵਾਲੇ ਵੀ ਬ੍ਰਾਹਮਣਵਾਦ ਦੇ ਜ਼ਹਿਰੀ ਡੰਗ ਦੇ ਡੰਗੇ ਹੋਏ ਹਨ। ਨਹੀਂ ਤਾਂ ਕੀ ਕਾਰਨ ਹਨ ਕਿ ਸੱਚ ਲੱਭਣ ਦੇ ਜਤਨ ਹੀ ਨਾ ਕੀਤੇ ਜਾਣ।

ਹੋਰ ਮਹਾਂਪੁਰਸ਼ਾਂ ਵਾਂਗ ਹੀ ਰਵਿਦਾਸ ਜੀ ਦੇ ਜੀਵਨ ਨਾਲ ਵੀ ਬਹੁਤ ਸਾਰੀਆਂ ਬੇਹੂਦਾ, ਮਨਘੜਤ ਅਤੇ ਭੁਲੇਖਾਪਾਊ ਸਾਖੀਆਂ ਜੋੜ ਦਿੱਤੀਆਂ ਹੋਈਆਂ ਹਨ, ਜਿਨ੍ਹਾਂ ਵਿੱਚੋਂ ਬਹੁਤੀਆਂ ਤਰਕਹੀਣ ਪਰ ਅੰਧਵਿਸ਼ਵਾਸ ਉੱਤੇ ਹੀ ਅਧਾਰਤ ਹਨ, ਜਿਨ੍ਹਾਂ ਦਾ ਦਲੀਲ ਜਾਂ ਸੱਚ ਨਾਲ ਕੋਈ ਵਾਸਤਾ ਨਹੀਂ। ਗੁਰੂ ਰਵਿਦਾਸ ਜੋ ਉਮਰ ਭਰ ਜਗਤ ਨੂੰ ਸੁੱਚੀ ਸੋਚ ਨਾਲ ਰੁਸ਼ਨਾਉਣ ਦਾ ਚਾਨਣ ਵੰਡਦੇ ਰਹੇ ਉਨ੍ਹਾਂ ਦੇ ਜੀਵਨ ਨਾਲ ਅੰਧ ਵਿਸ਼ਵਾਸ ਨੂੰ ਤਕੜਿਆਂ ਕਰਨ ਵਾਲੀਆਂ ਝੂਠੀਆਂ ਕਹਾਣੀਆਂ ਜੋੜਨਾ ਉਸ ਸਮੇਂ ਦੇ ਬ੍ਰਾਹਮਣਵਾਦੀਆਂ ਦੀ ਸ਼ਰਾਰਤ ਸੀ ਜੋ ਅਜੇ ਤੱਕ ਵੀ ਕਾਇਮ ਹੈ, ਜਿਸ ਦੇ ਸਿੱਟੇ ਵਜੋਂ ਕਈ ਭੁਲੇਖੇ ਕਾਇਮ ਹੋਏ। ਵੱਡੀ ਲੋੜ ਉਨ੍ਹਾਂ ਭੁਲੇਖਿਆਂ ਨੂੰ ਦੂਰ ਕਰਨ ਦੀ ਹੈ, ਉਨ੍ਹਾਂ ਨੂੰ ਨਕਾਰਨ ਦੀ ਹੈ। ਅਜੇ ਤੱਕ ਸਾਡੇ ਵਿਦਵਾਨ ਇਸ ਵਿਚ ਕਾਮਯਾਬ ਨਹੀਂ ਹੋਏ।

ਗੁਰੂ ਰਵਿਦਾਸ ਜੀ ਦੇ ਵਿਚਾਰਾਂ ਅਤੇ ਵਿਚਾਰਧਾਰਾ ਤੋਂ ਪ੍ਰਭਾਵਿਤ ਹੋ ਕੇ ਕਈ ਰਾਜੇ, ਰਾਣੀਆਂ ਅਤੇ ਸਮਾਜ ਵਿਚਲੇ ਉੱਚ ਵਰਗਾਂ ਦੇ ਕਾਫੀ ਲੋਕ ਉਨ੍ਹਾਂ ਦੀ ਅਗਵਾਈ ਕਬੂਲ ਕਰਦਿਆਂ ਉਨ੍ਹਾਂ ਦਾ ਮਾਣ ਸਨਮਾਨ ਵੀ ਕਰਨ ਲੱਗੇ। ਇਹ ਕਦਮ ਉਸ ਸਮੇਂ ਬਹੁਤ ਹੀ ਦਲੇਰੀ ਭਰਿਆ ਸੀ। ਇਸੇ ਨੂੰ ਦੇਖਦਿਆਂ ਗੁਰੂ ਸਾਹਿਬ ਨੇ ਲਿਖਿਆ:

ਐਸੀ ਲਾਲ ਤੁਝ ਬਿਨੁ ਕਉਨੁ ਕਰੇ
ਗਰੀਬ ਨਿਵਾਜੁ ਗੁਸਈਆ ਮੇਰੇ ਮਾਥੇ ਛਤ੍ਰ ਧਰੇ।

ਜਿਹੜੇ ਲੋਕ ਰਵਿਦਾਸ ਜੀ ਦੀ ਬਾਣੀ ਤੋਂ ਵਾਕਿਫ ਹਨ ਉਨ੍ਹਾਂ ਨੂੰ ਪਤਾ ਹੈ ਕਿ ਰਵਿਦਾਸ ਜੀ ਨੇ ਆਪਣੇ ਹਰ ਵਿਚਾਰ ਨੂੰ ਦਲੀਲ ਸਹਿਤ ਪੇਸ਼ ਕੀਤਾ ਹੈ, ਫੇਰ ਇਹ ਝੂਠੀਆਂ ਸਾਖੀਆਂ ਕਿਵੇਂ ਉੱਗ ਪਈਆਂ? ਕਿਉਂਕਿ ਉਸ ਸਮੇਂ ਇਤਿਹਾਸ ਅਤੇ ਸਾਹਿਤ ਦੀ ‘ਸਿਰਜਣਾ’ (ਜਾਂ ਭੰਨਤੋੜ) ਕਰਨੀ ਬ੍ਰਾਹਮਣਾਂ ਦੇ ਹੱਥ-ਵੱਸ ਸੀ। ਉਨ੍ਹਾਂ ਨੇ ਆਪਣੇ ਆਪ ਨੂੰ ਸੂਤ ਬੈਠਦੀਆਂ ’ਹਨੇਰ-ਗੁਬਾਰ ਗੱਲਾਂ ਪ੍ਰਚਲਤ ਕਰ ਦਿੱਤੀਆਂ। ਮਿਸਾਲ ਵਜੋਂ ਇਕ ਹੀ ਗੱਲ ਕਰਨੀ ਇੱਥੇ ਕਾਫੀ ਹੈਕਿਹਾ ਜਾਂਦਾ ਹੈ ਕਿ ਰਵਿਦਾਸ ਜੀ ਕਿਸੇ ਨੂੰ ਆਪਣਾ ਚੇਲਾ ਬਣਾਉਣ ਵੇਲੇ ਜਾਂ ਆਏ ਮਹਿਮਾਨਾਂ ਦੀ ਸੇਵਾ ਕਰਨ ਲਈ ਜੁੱਤੀਆਂ ਗੰਢਣ ਸਮੇਂ ਵਰਤੇ ਜਾਣ ਵਾਲੇ ਕੂੰਡੇ ਦਾ ਗੰਦਾ ਪਾਣੀ ਹੀ ਪੇਸ਼ ਕਰਦੇ ਸਨ ਜੋ ਉਨ੍ਹਾਂ ਦੇ ਭਗਤ ਅਤੇ ਮਹਿਮਾਨ ਖੁਸ਼ੀ ਨਾਲ ਕਬੂਲ ਕਰ ਲੈਂਦੇ ਸਨ। ਦਲੀਲ ਨਾਲ ਪਰਖੀਏ ਤਾਂ ਇਹ ਗੱਲ ਸੱਚ ਨਹੀਂ, ਕਿਸੇ ਅਰਧ ਪਾਗਲ (ਬ੍ਰਾਮਣਵਾਦੀ) ਦਾ ਆਪੇ ਘੜਿਆ ਝੂਠ ਹੈ। ਕਿਸੇ ਸਾਧਾਰਨ ਵਿਅਕਤੀ ਬਾਰੇ ਵੀ ਸੋਚੀਏ ਕਿ ਜਿਸ ਦੇ ਘਰ ਕੋਈ ਮਹਿਮਾਨ ਆਵੇ ਤਾਂ ਆਪਣੇ ਵਿਤ ਅਨੁਸਾਰ ਸੇਵਾ ਕਰਨ ਦਾ ਖਾਹਿਸ਼ਮੰਦ ਹੁੰਦਾ ਹੈ। ਕਿਸੇ ਨੂੰ ਪਾਣੀ ਪੇਸ਼ ਕਰਨ ਲੱਗਿਆਂ ਗਲਾਸ ਨੂੰ ਚੰਗੀ ਤਰ੍ਹਾਂ ਸਾਫ ਕਰਕੇ ਜਲ ਪੇਸ਼ ਕੀਤਾ ਜਾਂਦਾ ਹੈ। ਜੇ ਸਾਧਾਰਨ ਜਿਹੀ ਬੁੱਧੀ ਵਾਲੇ ਲੋਕ ਵੀ ਇੰਜ ਕਰਦੇ ਹਨ ਤਾਂ ਰਵਿਦਾਸ ਜੀ ਵਰਗੇ ਮਹਾਂਪੁਰਸ਼ ਤੋਂ ਮਹਿਮਾਨਾਂ ਜਾਂ ਆਪਣੇ ਭਗਤਾਂ ਦੀ ਜੁੱਤੀਆਂ ਭਿਉਣ ਵਾਲੇ ਕੂੰਡੇ ਦੇ ਗੰਦੇ ਪਾਣੀ ਨਾਲ ਕੀਤੀ ਜਾਂਦੀ ਸੇਵਾ ਵਾਲੀ “ਸਾਖੀ” ਨੂੰ ਕਿਵੇਂ ਕਬੂਲ ਕੀਤਾ ਜਾ ਸਕਦਾ ਹੈ? ਬ੍ਰਾਮਣਵਾਦੀਆਂ ਵਲੋਂ ਬੇਹਯਾਈ ਦੀਆਂ ਹੱਦਾਂ ਪਾਰ ਕਰਦਿਆਂ ਕਦੇ ਗੁਰੂ ਰਵਿਦਾਸ ਜੀ ਨੂੰ ਪਿਛਲੇ ਜਨਮ ਦਾ ਸਰਾਪਿਆ ਹੋਇਆ ਬ੍ਰਾਹਮਣ ਹੋਣ ਦਾ ਪ੍ਰਚਾਰ ਵੀ ਕੀਤਾ ਜਾਂਦਾ ਹੈ। ਪਿਛਲੇ ਜਨਮ ਦੇ ਨਾਂ ’ਤੇ ਝੂਠ ਦਾ ਗੁਤਾਵਾ ਕੀਤਾ ਜਾਂਦਾ ਹੈ। ਇਸ ਤਰ੍ਹਾਂ ਦੀਆਂ ਹੋਰ ਬਹੁਤ ਸਾਰੀਆਂ ਝੂਠੀਆਂ ਤੇ ਬੇ-ਸਿਰ ਪੈਰ ਸਾਖੀਆਂ ਸੁਣਨ ਨੂੰ ਮਿਲਦੀਆਂ ਹਨ। ਅਫਸੋਸ ਇਸ ਗੱਲ ਦਾ ਕਿ ਆਪਣੇ ਆਪ ਨੂੰ “ਵਿਦਵਾਨ” ਕਹਾਉਣ ਵਾਲੇ ਵੀ ਕਈ ਸੱਜਣ ਅਜਿਹੀਆਂ ਬੇਥਵੀਆਂ ਦੇ ਸ਼ਿਕਾਰ ਹੋ ਜਾਂਦੇ ਹਨ।

ਸਮਾਜ ਅੰਦਰ ਚੌਧਰ ਦੇ ਬੋਲਬਾਲੇ ਨੇ ਆਮ ਸਮਾਜਕ ਲਹਿਰਾਂ ਦਾ ਵਿਰਸਾ ਸਾਂਭਣ ਦੀ ਥਾਂ ਜਾਂ ਤਾਂ ਉਨ੍ਹਾਂ ਨੂੰ ਅਣਗੌਲਿਆਂ ਕਰ ਦਿੱਤਾ ਜਾਂ ਫੇਰ ਆਪਣੇ ਸੌੜੇ ਮਨੋਰਥਾਂ ਖਾਤਰ ਵਰਤਣ ਦਾ ਹੀ ਜਤਨ ਕੀਤਾ। ਇਨ੍ਹਾਂ ਮਤਲਬ ਪ੍ਰਸਤ ‘ਚੌਧਰੀਆਂ’ ਨੇ ਲੋਕਾਂ ਨੂੰ ਜੋੜਨ ਵਾਲੀਆਂ ਲਹਿਰਾਂ ਦੇ ਵਿਰਸੇ ਨੂੰ ਵਰਤਦਿਆਂ ਇਨ੍ਹਾਂ ਦੀ ਗਲਤ ਵਿਆਖਿਆ ਕਰਕੇ ਲੋਕਾਂ ਅੰਦਰ ਵਿੱਥਾਂ ਪਾਈਆਂ। ਗੁਰੂਆਂ, ਪੀਰਾਂ ਤੇ ਭਗਤਾਂ ਵਲੋਂ ਦਿੱਤਾ ਮਨੁੱਖਵਾਦ ਦਾ ਫਲਸਫਾ ਅਸੀਂ ਰੁਮਾਲਿਆਂ ਥੱਲੇ ਹੀ ਢਕ ਦਿੱਤਾ। ਉਨ੍ਹਾਂ ਦਾ ਸਾਰੀ ਮਨੁੱਖਤਾ ਨੂੰ ਕਲਾਵੇ ਵਿਚ ਲੈਂਦਾ ਵਿਚਾਰ ਅਸੀਂ ਹਿੱਸਿਆਂ ਵਿਚ ਵੰਡ ਛੱਡਿਆ। ਵੰਡ ਕੇ ਕੀਤੀਆਂ ਫਾੜੀਆਂ ਨੂੰ ਸਮੁੱਚਤਾ ਦਾ ਨਾਂ ਦੇ ਕੇ ਦਿਲ ਨੂੰ ਰਾਜ਼ੀ ਕਰਨ ਲੱਗੇ। ਸਾਡੀਆਂ ਆਪਣੇ ਤੱਕ ਸੀਮਤ ਲਾਲਸਾਵਾਂ ਨੇ ਮਹਾਂਪੁਰਸ਼ਾਂ ਦੇ ਵਿਚਾਰਾਂ ਨੂੰ ਪਰਖਣ, ਸਮਝਣ-ਸਮਝਾਉਣ, ਨਾਪਣ-ਤੋਲਣ ਦੀ ਥਾਵੇਂ ਉਨ੍ਹਾਂ ਤੇ ਕਬਜ਼ਾ ਕੀਤਾ। ਇਸੇ ਕਬਜ਼ਾਵਾਦੀ ਰੁਚੀ ਤੋਂ ਦੁਖੀ ਹੋ ਕੇ ਡਾ. ਧਰਮ ਪਾਲ ਸਿੰਗਲ ਨੇ ਆਪਣੀ ਪੁਸਤਕ ‘ਸੰਤ ਸ਼ਿਰੋਮਣੀ ਰਵਿਦਾਸ’ ਵਿਚ ਲਿਖਿਆ ਹੈ:

“ਬਾਲਮੀਕ ਮਹਾਨ ਕਵੀ ਤੇ ਰਿਸ਼ੀ ਹੋਏ ਹਨ ਪਰ ਉਨ੍ਹਾਂ ਦਾ ਜਨਮ ਦਿਨ ਮਨਾਉਣ ਦਾ ਕੰਮ ਸਿਰਫ ਸਫਾਈ ਮਜ਼ਦੂਰ ਹੀ ਕਰਦੇ ਹਨ। ਕਬੀਰ ਰੱਬ ਰੂਪ ਹੋ ਚੁੱਕੇ ਮਹਾਨ ਚਿੰਤਕ, ਦਾਰਸ਼ਨਿਕ ਤੇ ਸੰਤ ਕਵੀ ਹੋਏ ਹਨ ਪਰ ਉਹ ਸਿਰਫ ਜੁਲਾਹਿਆਂ ਦੇ ਜਾਂ ਕਬੀਰ ਪੰਥੀਆਂ ਦੇ, ਨਾਮਦੇਵ ਛੀਂਬਿਆਂ ਦੇ, ਗੁਰੂ ਨਾਕ ਦੇਵ ਸਿੱਖਾਂ ਦੇ, ਸੈਨ ਕੇਵਲ ਨਾਈਆਂ ਦੇ ਅਤੇ ਗੁਰੂ ਰਵਿਦਾਸ ਕੇਵਲ ਚਮਾਰਾਂ ਦੇ ਗੁਰੂ ਤੇ ਮਹਾਂਪੁਰਸ਼ ਬਣ ਕੇ ਰਹਿ ਗਏ ਹਨ।”

ਇਨ੍ਹਾਂ ਗੱਲਾਂ ਵਲ ਧਿਆਨ ਦੇਣ ਦੀ ਸਖਤ ਲੋੜ ਹੈਇਹ ਵੰਡੀਆਂ ਹੀ ਹਨ ਜੋ ਨਫਰਤ ਨੂੰ ਜਨਮ ਦਿੰਦੀਆਂ ਹਨ। ਇਹ ਨਫਰਤ ਹੀ ਮਨੁੱਖਾਂ ਵਿਚ ਵਿੱਥਾਂ ਪੈਦਾ ਕਰ ਦਿੰਦੀ ਹੈ। ਅਸੀਂ ਚੱਲੀਆਂ ਸਾਂਝੀਆਂ ਸਮਾਜਕ ਲਹਿਰਾਂ ਦੇ ਵਾਰਸ ਨਾ ਬਣ ਸਕੇ। ਹੋਰ ਤਾਂ ਹੋਰ ਅਸੀਂ ਤਾਂ ਭਗਤੀ ਲਹਿਰ ਦਾ ਵਿਰਸਾ ਵੀ ਨਾ ਸੰਭਾਲ ਸਕੇ। ਸਮਾਜ ਵਿਚ ਸਮੇਂ ਸਮੇਂ ਵਾਪਰਦੇ ਫਿਰਕੂ ਦੁਖਾਂਤ (ਫਸਾਦ) ਇਨ੍ਹਾਂ ਸਾਂਝੀਆਂ ਲਹਿਰਾਂ ਦੇ ਵਾਰਸ ਬਣਨ ਵਲ ਵਰਤੀ ਗਈ ਅਣਗਹਿਲੀ ਦਾ ਵੀ ਸਿੱਟਾ ਕਹੇ ਜਾ ਸਕਦੇ ਹਨ।

ਗੁਰੂ ਰਵਿਦਾਸ ਦੀ ਬਾਣੀ ਵਿਚ ਸਿਰਜੇ ‘ਬੇਗਮਪੁਰੇ’ ਦੇ ਸੰਲਕਪ ਦਾ ਰਾਜਨੀਤਕ ਮਹੱਤਵ ਸਮਝਣਾ ਅੱਜ ਦੀ ਬੜੀ ਵੱਡੀ ਲੋੜ ਹੈ। ਉਹ ਤੰਗਦਸਤੀਆਂ ਵਾਲੇ ਭੈੜੇ ਰਾਜ ਤੋਂ ਪਰ੍ਹਾਂ ਦੀ ਗੱਲ ਕਰਦੇ ਹਨ, ਜਿੱਥੇ ਭੈਅ, ਦੁੱਖ ਤੇ ਚਿੰਤਾ ਦਾ ਨਿਸ਼ਾਨ ਤੱਕ ਨਾ ਹੋਵੇ। ਲੋਕ ਇਕ ਦੂਜੇ ਨੂੰ ਪਿਆਰ ਕਰਨ। ਸਭ ਰਲ ਮਿਲ ਕੇ, ਇਕ ਦੂਜੇ ਦਾ ਹੋ ਕੇ ਹਰ ਕਿਸੇ ਦਾ ਦੁੱਖ ਸੁਖ ਵੰਡਾਉਣ। ਇਸ ਗੱਲ ਨੂੰ ਵਰਤਮਾਨ ਵਿਚ ਰੱਖ ਕੇ ਸੋਚਣਾ ਤੇ ਸਮਝਣਾ ਕੋਈ ਔਖੀ ਗੱਲ ਨਹੀਂ। ਅਸੀਂ ਨਿੱਤ ਦੁੱਖੜੇ ਜਰ ਰਹੇ ਹਾਂ। ਇਹ ਕਿਸੇ ਸਮਾਜੀ, ਰਾਜਸੀ ਤੇ ਆਰਥਕ ਪ੍ਰਬੰਧ ਦੀ ਹੀ ਦੇਣ ਹੈ ਜੋ ਸਾਨੂੰ ਸਭ ਨੂੰ ਮੁਸੀਬਤਾਂ ਭਰੀ ਜ਼ਿੰਦਗੀ ਦੇ ਗਧੀ-ਗੇੜ ਵਿਚ ਪਾਈ ਫਿਰਦਾ ਹੈ। ਨਿੱਤ ਹੰਢਾਈਆਂ ਜਾ ਰਹੀਆਂ ਇਨ੍ਹਾਂ ਮੁਸੀਬਤਾਂ ਦੇ ਪਿੱਛੇ ਕੰਮ ਕਰਦੇ ਕਾਰਨਾਂ ਨੂੰ ਲੱਭਣਾ ਫੇਰ ਇਨ੍ਹਾਂ ਤੋਂ ਛੁਟਕਾਰਾ ਪਾਉਣ ਬਾਰੇ ਸੋਚਣਾ ਅਤੇ ਮਨੁੱਖਵਾਦੀ, ਦੁੱਖਾਂ-ਫਿਕਰਾਂ ਤੇ ਮੁਸੀਬਤਾਂ ਰਹਿਤ ਮੁਹੱਬਤ ਭਰੇ ‘ਬੇਗਮਪੁਰੇ’ ਦੀ ਸਿਰਜਣਾ ਸਾਡਾ ਮਨੋਰਥ ਹੋਣਾ ਚਾਹੀਦਾ ਹੈ, ਕਿਉਂਕਿ ਘੋਰ ਹਨੇਰੇ ਸਮਿਆਂ ਵਿਚ ਵੀ ਗੁਰੂ ਰਵੀਦਾਸ ਨੇ ਇਹ ਹੋਕਾ ਦਿੱਤਾ ਸੀ:

ਬੇਗਮਪੁਰਾ ਸਹਰ ਕਾ ਨਾਉ।।
ਦੁੱਖ ਅੰਦੋਹੁ ਨਹੀਂ ਤਿਹਿ ਠਾਉ।।

ਨਾ ਤਸਵੀਸ ਖਿਰਾਜੁ ਨਾ ਮਾਲੁ।।
ਖਉਫੁ ਨ ਖਤਾ ਨ ਤਰਸੁ ਜੁਵਾਲੁ।।

ਅਬ ਮੋਹਿ ਖੂਬ ਵਤਨ ਗਹ ਪਾਈ।।
ਉਹਾਂ ਖੈਰਿ ਸਦਾ ਮੇਰੇ ਭਾਈ।।

ਕਾਇਮੁ ਦਾਇਮੁ ਸਦਾ ਪਾਤਿਸਾਹੀ।।
ਦੋਮ ਨ ਸੇਮ ਏਕ ਸੋ ਆਹੀ।।

ਆਬਾਦਾਨ ਸਦਾ ਮਸਹੂਰ।।
ਊਹਾਂ ਗਨੀ ਬਸਹਿ ਮਾਮੂਰ।।

ਤਿਉਂ ਤਿਉ ਸੈਲ ਕਰਹਿ ਜਿਉ ਭਾਵੈ।।
ਮਰਹਮ ਮਹਲ ਨ ਕੋ ਅਟਕਾਵੇ।।

ਕਹਿ ਰਵਿਦਾਸ ਖਲਾਸ ਚਮਾਰਾ।।
ਜੋ ਹਮ ਸਹਿਰੀ ਸੋ ਮੀਤੁ ਹਮਾਰਾ।।

ਅੱਜ ਦਾ ਇਨਸਾਨ ਵਿਖਾਵੇ ਦਾ ਬਹੁਤ ਆਦੀ ਹੋ ਗਿਆ ਹੈ, ਭਾਵ ਵਿਖਾਵਾ ਸਾਡਾ ਅੱਜ ਦਾ ਨਵਾਂ ਫੈਸ਼ਨ ਬਣ ਗਿਆ ਹੈ। ਭਗਤੀ ਤੇ ਧਾਰਮਕ ਸਮਾਗਮ ਵੀ ਵਿਖਾਵੇ ਦੀ ਭੇਟ ਚੜ੍ਹ ਜਾਂਦੇ ਹਨ। ਆਪੋ ਆਪਣੇ ਥਾਂ ਸਿਰਫ ਟੱਲੀਆਂ, ਘੜਿਆਲਾਂ ਤੇ ਛੈਣੇ ਵਜਾ ਕੇ, ਉੱਚੀ ਉੱਚੀ ਕੀਰਤਨ, ਜਗਰਾਤੇ ਕਰਕੇ ਕੁੱਝ ਨਹੀਂ ਬਣਨਾ ਸਰਨਾ, ਗੱਲ ਤਾਂ ਅਮਲ ਦੀ ਹੈ। ਮਨੋਰਥ ਰਹਿਤ ਫੋਕੀ ਭਗਤੀ ਦੀ ਥਾਂ ਮਨੁੱਖਤਾ ਦੀ ਦੁੱਖਾਂ, ਕਸ਼ਟਾਂ ਤੋਂ ਮੁਕਤੀ ਦਾ ਪ੍ਰਗਟਾਵਾ ਹੋਣਾ ਅਤੇ ਇਸ ਵਾਸਤੇ ਸੰਘਰਸ਼ ਕਰਨਾ ਜਰੂਰੀ ਹੈ। ਇਹ ਸਭ ਕੁੱਝ ਮਨੁੱਖਤਾ ਦੀਆਂ ਹੱਦਾਂ ਦੇ ਅੰਦਰ ਰਹਿ ਕੇ ਹੀ ਹੋਣਾ ਚਾਹੀਦਾ ਹੈ, ਮਨੁੱਖਤਾ ਦੀ ਖੁਸ਼ਹਾਲੀ ਵਾਸਤੇ।

ਲੋਕ ਹਰ ਸਾਲ ਹੀ ਕਿਸੇ ਮਹਾਂਪੁਰਸ਼ ਦੀ ਯਾਦ ਵਿਚ ਸਿਰਫ ਇਕ ਦਿਨ ਇਕੱਠੇ ਹੁੰਦੇ ਹਨ, ਜਨਮ ਪੁਰਬ ਮਨਾਉਣ ਦਾ ਜਤਨ ਕਰਦੇ ਹਨ। ਆਮ ਕਰਕੇ ਆਪੋ ਆਪਣੀ ਗੱਲ ਦਾ ਰੌਲਾ ਪਾ ਕੇ ਘਰੋ-ਘਰੀ ਤੁਰ ਜਾਂਦੇ ਹਨ। ਕਿਸੇ ਮਹਾਂਪਰਸ਼ ਦੀ ਯਾਦ ਸਿਰਫ ਇਕ ਦਿਨ? ਕੀ ਇਹ ਕਾਫੀ ਹੈ? ਨਹੀਂ, ਇਹ ਕੁੱਝ ਕਾਫੀ ਨਹੀਂ। ਇਹ ਕੁੱਝ ਵਿਖਾਵਾ ਹੈ ਜਿਸ ਦੇ ਗੁਰੂ ਰਵਿਦਾਸ ਜੀ ਵਿਰੋਧੀ ਸਨ। ਮਹਾਂਪੁਰਸਾਂ ਦੀਆਂ ਸਿੱਖਿਆਵਾਂ ਦਾ ਲਗਾਤਾਰ ਪ੍ਰਚਾਰ ਅਤੇ ਉਨ੍ਹਾਂ ਉੱਤੇ ਅਮਲ ਕਰਨਾ ਹੀ ਕਿਸੇ ਤਬਦੀਲੀ ਦਾ ਰਾਹ ਪੱਧਰਾ ਕਰ ਸਕਦੇ ਹਨ। ਮਨੁੱਖੀ ਬਰਾਬਰੀ ਵਾਲੇ ਸਮਾਜਕ ਵਿਕਾਸ ਵਾਸਤੇ ਇਹ ਲਾਜ਼ਮੀ ਸ਼ਰਤ ਹੈ।

ਗੁਰੂ ਰਵਿਦਾਸ ਜੀ ਨੂੰ ਸਹੀ ਤੌਰ ’ਤੇ ਆਪਣੀ ਸ਼ਰਧਾ ਦੇ ਫੁੱਲ ਭੇਟ ਕਰਨ ਵਾਸਤੇ ਉਨ੍ਹਾਂ ਵਲੋਂ ਸਵਾ ਸਾਢੇ ਕੁ ਛੇ ਸਦੀਆਂ ਪਹਿਲਾਂ ਸਿਰਜੇ ਬੇਗਮਪੁਰੇ (ਗਮਾਂ, ਦੁੱਖਾਂ ਤੋਂ ਰਹਿਤ) ਦੇ ਸੰਕਲਪ ਜਿਸਨੂੰ ਅੱਜ ਦੀ ਸੋਚ ਵਾਲੀ ਭਾਸ਼ਾ ਵਿਚ ਸਮਾਜਵਾਦੀ ਪ੍ਰਬੰਧ ਕਿਹਾ ਜਾਂਦਾ ਹੈ, ਨੂੰ ਆਪਣੀ ਸੋਚ ਨਾਲ ਬੰਨ੍ਹ ਕੇ, ਨਿੱਤ ਦਿਹਾੜੀ ਆਪਣੇ ਮੱਥੇ ਵਿਚ ਰੱਖ ਕੇ, ਇਹਦੇ ’ਤੇ ਅਮਲ ਕਰਨਾ। ਬਦੀ ਦਾ ਰਾਜ, ਕੋਝ ਦੀਆਂ ਸ਼ਕਤੀਆਂ, ਭਰਮ ਤੇ ਅੰਧਵਿਸ਼ਵਾਸ ਫੈਲਾਉਣ ਵਾਲੀਆਂ ਤਾਕਤਾਂ ਦੇ ਖਾਤਮੇ ਵਲ ਵਧਣਾ ਹੀ ਮਨੁੱਖਤਾ ਦੀ ਸਭ ਤੋਂ ਵੱਡੀ ਅਤੇ ਚੰਗੀ ਸੇਵਾ ਹੈ। ਇਹ ਹੀ ਗੁਰੂ ਰਵਿਦਾਸ ਜੀ ਨੂੰ ਯਾਦ ਕਰਨਾ ਜਾਂ ਫੇਰ ਸੱਚੀ ਸ਼ਰਧਾਂਜਲੀ ਹੋ ਸਕਦੀ ਹੈ। ਅਸੀਂ ਨਿੱਤ ਚੇਤੇ ਕਰੀਏ ਤੇ ਸੰਸਾਰ ਅੰਦਰ ਉਨ੍ਹਾਂ ਦਾ ਦਿੱਤਾ ਸੁਨੇਹਾ ਪਹੁੰਚਾਈਏ:

ਐਸਾ ਚਾਹੂੰ ਰਾਜ ਮੈਂ ਜਹਾਂ ਮਿਲੇ ਸਭਨ ਕੋ ਅੰਨ
ਬੜੇ ਛੋਟੇ ਸਭ ਸਮ ਬਸੇ ਰਵਿਦਾਸ ਰਹੇ ਪ੍ਰਸੰਨ।

*****

(597)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਕੇਹਰ ਸ਼ਰੀਫ਼

ਕੇਹਰ ਸ਼ਰੀਫ਼

Witten, Germany.
Phone: (49 - 17335 - 46050)

Email: (ksharif@arcor.de)

More articles from this author