HarkamaljotKrir7ਗਰੀਬ ਪੁਰੋਹਿਤ ਨੇ ਗਰੀਬਾਂ ਦੇ ਹਾਮੀ ਦੁੱਲੇ ਕੋਲ ਪਹੁੰਚ ਕੀਤੀ ...
(14 ਜਨਵਰੀ 2017)

 

KarirLohri2ਪੰਜਾਬ ਦੇ ਲੋਕਾਂ ਨੂੰ ਭਾਵੇਂ ਸਦੀਆਂ ਤੋਂ ਹੀ ਸਮੇਂ ਦੀਆਂ ਹਾਲਤਾਂ ਨਾਲ ਜੂਝਣਾ ਪਿਆ ਹੈ ਪਰ ਫਿਰ ਵੀ ਪੰਜਾਬੀਆਂ ਦਾ ਸੁਭਾਅ ਅਤੇ ਸਭਿਆਚਾਰ ਆਪਣੀ ਇੱਕ ਨਿਵੇਕਲੀ ਹੀ ਪਛਾਣ ਰੱਖਦਾ ਹੈ। ਮੇਲੇ ਅਤੇ ਤਿਉਹਾਰ ਪੰਜਾਬ ਦੇ ਸਭਿਆਚਾਰ ਦਾ ਅਟੁੱਟ ਅੰਗ ਹਨ। ਇਹ ਇੱਥੋਂ ਦੇ ਸਮਾਜਿਕ, ਸਭਿਆਚਾਰਕ ਅਤੇ ਰਾਜਨੀਤਕ ਹਾਲਤ ਨੂੰ ਦਰਸਾਉਂਦੇ ਹਨ। ਪੋਹ ਮਹੀਨੇ ਦੇ ਅੰਤਲੇ ਦਿਨ ਮਨਾਇਆ ਜਾਣ ਵਾਲਾ ਲੋਹੜੀ ਦਾ ਤਿਉਹਾਰ ਵੀ ਆਪਣੇ ਵਿੱਚ ਬਹੁਤ ਕੁਝ ਸਮੋਈ ਬੈਠਾ ਹੈ। ਹਾੜ੍ਹੀ ਦੀਆਂ ਫਸਲਾਂ ਨਾਲ ਹਰ ਪਾਸੇ ਹਰਿਆਲੀ ਛਾਈ ਹੁੰਦੀ ਹੈ। ਇਸ ਦਿਨ ਤੋਂ ਬਾਅਦ ਠੰਢ ਘਟਣੀ ਸ਼ੁਰੂ ਹੋ ਜਾਂਦੀ ਹੈ ਅਤੇ ਫਸਲਾਂ ਤੇ ਆਏ ਦਿਨ ਨਵਾਂ ਨਿਖਾਰ ਆਉਣਾ ਸ਼ੁਰੂ ਹੋ ਜਾਂਦਾ ਹੈ। ਇਸ ਦੇ ਨਾਲ ਹੀ ਲੋਕ ਜੁੱਬੜਾਂ ਵਿੱਚੋਂ ਨਿੱਕਲ ਕੇ ਗਤੀਸ਼ੀਲ ਹੋ ਜਾਂਦੇ ਹਨ। ਲੋਹੜੀ ਮੌਕੇ ਇਹ ਕਹਿਣਾ, ਈਸ਼ਰ ਆਵੇ, ਦਲਿੱਦਰ ਜਾਵੇ” ਇਸੇ ਗੱਲ ਦੀ ਸ਼ਾਹਦੀ ਭਰਦਾ ਹੈ।

ਲੋਹੜੀ ਦਾ ਤਿਉਹਾਰ ਉਸ ਘਰ ਵਿੱਚ ਉਚੇਚੇ ਤੌਰ ’ਤੇ ਮਨਾਇਆ ਜਾਂਦਾ ਹੈ ਜਿਸ ਘਰ ਵਿੱਚ ਪੁੱਤਰ ਨੇ ਜਨਮ ਲਿਆ ਹੋਵੇ। ਪਰ ਪਿਛਲੇ ਕੁੱਝ ਸਮੇਂ ਤੋਂ ਕਿਤੇ ਕਿਤੇ ਧੀਆਂ ਦੀ ਲੋਹੜੀ ਵੀ ਮਨਾਈ ਜਾਣ ਲੱਗੀ ਹੈ ਜੋ ਕਿ ਇੱਕ ਵਧੀਆ ਰੁਝਾਨ ਹੈ। ਕਿਉਂਕਿ ਬੱਚਾ ਤਾਂ ਬੱਚਾ ਹੀ ਹੁੰਦਾ ਹੈ ਭਾਵੇਂ ਉਹ ਲੜਕਾ ਹੋਵੇ ਜਾਂ ਲੜਕੀ। ਇਹ ਤਿਉਹਾਰ ਆਪਸੀ ਭਾਈਚਾਰੇ ਦਾ ਤਿਉਹਾਰ ਹੈ ਪਿੰਡਾਂ ਅਤੇ ਸ਼ਹਿਰਾਂ ਦੇ ਲੋਕ ਆਪਣੇ ਮੁਹੱਲਿਆਂ ਵਿੱਚ ਇਕੱਠੇ ਹੋ ਕੇ ਵੱਡੀਆਂ ਵੱਡੀਆਂ ਧੂਣੀਆਂ ਲਾ ਕੇ ਉਹਨਾਂ ਦੁਆਲੇ ਬੈਠ ਕੇ ਅੱਗ ਸੇਕਦੇ ਹਨ। ਇੱਕ ਦੂਜੇ ਨੂੰ ਗੁੜ, ਰਿਉੜੀਆਂ ਤੇ ਮੂੰਗਫਲੀ ਵੰਡਦੇ ਹਨ। ਜਿਸ ਨਾਲ ਭਾਈਚਾਰਕ ਸਾਂਝ ਵਧਦੀ ਹੈ।

ਲੋਹੜੀ ਦੀ ਰੌਣਕ ਕਈ ਦਿਨ ਰਹਿੰਦੀ ਹੈ। ਕਈ ਦਿਨ ਪਹਿਲਾਂ ਹੀ ਬੱਚੇ ਲੋਹੜੀ ਮੰਗਣ ਲੱਗ ਜਾਂਦੇ ਹਨ। ਗੀਤ ਸਾਡੇ ਸਭਿਆਚਾਰ ਦਾ ਅੰਗ ਹਨ। ਲੋਹੜੀ ਮੌਕੇ ਵੀ ਬੱਚੇ ਗੀਤ ਗਾ ਕੇ ਹੀ ਲੋਹੜੀ ਮੰਗਦੇ ਹਨ। ਬੱਚੇ ਇਕੱਠੇ ਹੋਕੇ ਹੇਕਾਂ ਲਾ ਲਾ ਕੇ ਕਹਿੰਦੇ ਹਨ, ਉੱਖਲੀ ’ਚ ਦਾਣਾ - ਲੋਹੜੀ ਲੈ ਕੇ ਜਾਣਾ।’ ‘ਤੇਰੇ ਕੋਠੇ ਉੱਤੇ ਮੋਰ - ਸਾਨੂੰ ਛੇਤੀ ਛੇਤੀ ਤੋਰ।” ਇਸੇ ਤਰ੍ਹਾਂ, “ਚਾਰ ਕੁ ਦਾਣੇ ਖਿੱਲਾਂ ਦੇਅਸੀਂ ਲੋਹੜੀ ਲੈ ਕੇ ਹਿੱਲਾਂਗੇ।’ ‘ਅਸੀਂ ਕਿਹੜੇ ਵੇਲੇ ਦੇ ਆਏ,ਸਾਨੂੰ ਤੋਰ ਸਾਡੀਏ ਮਾਏ।” ਇਸੇ ਤਰ੍ਹਾਂ ਹੀ ਧੁਣੀ ਲਈ ਪਾਥੀਆਂ ਇਕੱਠੀਆਂ ਕੀਤੀਆਂ ਜਾਦੀਆਂ ਸਨ, ਦੇ ਨੀ ਮਾਈ ਪਾਥੀ,ਤੇਰਾ ਪੁੱਤ ਚੜ੍ਹੇਗਾ ਹਾਥੀ।“ ਜੇ ਕੋਈ ਪਾਥੀਆਂ ਨਾ ਦਿੰਦਾ ਤਾਂ ਉਹ ਉੱਚੀ ਉਚੀ ਇਹ ਕਹਿੰਦੇ ਤੁਰ ਜਾਂਦੇ,ਕਹੋ ਮੁੰਡਿਓ ਹੁੱਕਾ, ਇਹ ਘਰ ਭੁੱਖਾ।” ਇਸੇ ਤਰ੍ਹਾਂ ਹੋਰ ਨਿੱਕੇ ਨਿੱਕੇ ਗੀਤ ਗਾ ਕੇ ਲੋਹੜੀ ਮੰਗੀ ਜਾਂਦੀ ਹੈ।

ਸਾਡੇ ਲੋਕ ਸੂਰਮਿਆਂ ਨੂੰ ਕਦੇ ਨਹੀਂ ਭੁੱਲਦੇ। ਲੱਧੀ ਮਾਂ ਦਾ ਦਲੇਰ ਪੁੱਤਰ ਦੁੱਲਾ ਭੱਟੀ ਪਿੰਡ ਭੱਟੀਆਂ ਦਾ ਇੱਕ ਅਜਿਹਾ ਸੂਰਮਾ ਹੋਇਆ ਜਿਸ ਨੂੰ ਹੁਕਮਰਾਨ ਅਤੇ ਵੱਡੇ ਜਿਮੀਂਦਾਰ ਬਾਗੀ ਅਤੇ ਡਾਕੂ ਕਹਿੰਦੇ ਸਨ ਪਰ ਉਹ ਆਮ ਗਰੀਬ ਲੋਕਾਂ ਲਈ ਇੱਕ ਮਸੀਹਾ ਸੀ। ਲੋਹੜੀ ਦਾ ਸਬੰਧ ਉਸ ਦੁੱਲੇ ਸੂਰਮੇ ਨਾਲ ਵੀ ਜੁੜਦਾ ਹੈ। ਕਹਿੰਦੇ ਹਨ ਕਿ ਇੱਕ ਗਰੀਬ ਬ੍ਰਾਹਮਣ ਦੀਆਂ ਦੋ ਧੀਆਂ ਸੁੰਦਰੀ ਤੇ ਮੁੰਦਰੀ ਉੱਤੇ ਉਸ ਇਲਾਕੇ ਦਾ ਹਾਕਮ ਉਹਨਾਂ ਦੀ ਸੁੰਦਰਤਾ ਤੇ ਮੋਹਿਤ ਹੋ ਗਿਆ ਤੇ ਉਹਨਾਂ ਨੂੰ ਉਸ ਨਾਲ ਤੋਰਨ ਲਈ ਕਿਹਾ। ਪਰ ਉਹ ਮੰਗੀਆਂ ਹੋਣ ਦਾ ਦੱਸ ਕੇ ਬ੍ਰਾਹਮਣ ਨੇ ਨਾਂਹ ਕਰ ਦਿੱਤੀ। ਪਰ ਉਸ ਜ਼ੁਲਮੀ ਹਾਕਮ ਨੇ ਉਹਨਾਂ ਦੇ ਹੋਣ ਵਾਲੇ ਸਹੁਰਿਆਂ ਨੂੰ ਡਰਾ ਧਮਕਾ ਕੇ ਰਿਸ਼ਤਾ ਤੁੜਵਾ ਦਿੱਤਾ ਤੇ ਉਹਨਾਂ ਨੂੰ ਜ਼ਬਰੀ ਚੁੱਕਣਾ ਚਾਹਿਆ। ਗਰੀਬ ਪੁਰੋਹਿਤ ਨੇ ਗਰੀਬਾਂ ਦੇ ਹਾਮੀ ਦੁੱਲੇ ਕੋਲ ਪਹੁੰਚ ਕੀਤੀ ਤੇ ਦੁੱਲੇ ਨੇ ਉਹਨਾਂ ਦਾ ਵਿਆਹ ਰਾਤ ਨੂੰ ਜੰਗਲ ਵਿਚ ਲਿਜਾ ਕੇ ਉਹਨਾਂ ਦੇ ਹਾਣੀ ਗੱਭਰੂਆਂ ਨਾਲ ਕੀਤਾ ਅਤੇ ਚਾਨਣ ਕਰਨ ਲਈ ਅੱਗ ਬਾਲੀ ਤੇ ਉਸ ਦੁਆਲੇ ਫੇਰੇ ਕਰਾ ਕੇ ਤੋਰ ਦਿੱਤਾ। ਦੁੱਲੇ ਕੋਲ ਦੇਣ ਲਈ ਸ਼ੱਕਰ ਹੀ ਸੀ ਤੇ ਸ਼ੱਕਰ ਦੀ ਲੱਪ ਪਾਕੇ ਅਸ਼ੀਰਵਾਦ ਦਿੱਤੀ। ਉਸ ਬਾਰੇ ਲੋਹੜੀ ਦੇ ਗੀਤ ਨੇ ਲੋਕ ਗੀਤ ਦਾ ਰੂਪ ਧਾਰ ਲਿਆ ਹੈ। ਇਹ ਗੀਤ ਲੋਹੜੀ ਸਮੇਂ ਖਾਸ ਤੌਰ ’ਤੇ ਹਰ ਬੱਚੇ ਦੀ ਜ਼ੁਬਾਨ ਤੇ ਹੁੰਦਾ ਹੈ।

ਸੁੰਦਰ ਮੁੰਦਰੀਏ ... ਹੋ!

ਤੇਰਾ ਕੌਣ ਵਿਚਾਰਾ ... ਹੋ!

ਦੁੱਲਾ ਭੱਟੀ ਵਾਲਾ ... ਹੋ!

ਦੁੱਲੇ ਨੇ ਧੀ ਵਿਆਹੀ ... ਹੋ!

ਸੇਰ ਸ਼ੱਕਰ ਪਾਈ ... ਹੋ!

ਅਜਿਹੇ ਸੂਰਮੇ ਲੋਕਾਂ ਦੇ ਮਨਾਂ ’ਤੇ ਰਾਜ ਕਰਦੇ ਹਨ ਤੇ ਲੋਕਾਂ ਦੀ ਯਾਦਾਂ ਵਿੱਚ ਹਮੇਸ਼ਾ ਵਸੇ ਰਹਿੰਦੇ ਹਨ। ਲੋਹੜੀ ਦੇ ਤਿਉਹਾਰ ਸਮੇਂ ਲੋਕ-ਪੱਖੀ ਨਾਇਕ ਅਤੇ ਜਮਾਤੀ ਸੰਘਰਸ਼ ਦੇ ਸੂਚਕ ਦੁੱਲੇ ਭੱਟੀ ਨੂੰ ਯਾਦ ਕਰਨਾ ਉਸ ਪ੍ਰਤੀ ਲੋਕਾਂ ਦੇ ਸਤਿਕਾਰ ਦੀ ਪ੍ਰੋੜ੍ਹਤਾ ਕਰਦਾ ਹੈ।

*****

(563)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)