JaswantSJassar7ਜ਼ਿੰਦਗੀ ਵਿੱਚ ਜੋ ਕੰਮ ਕਰਨਾ ਹੋਵੇ, ਉਸ ਨੂੰ ਤੜਕਾ ਲਾਉਣ ਨਾਲ ਆਪਣੀ ਮੰਜ਼ਿਲ ’ਤੇ ਸਫਲਤਾ ਪੂਰਵਕ ...
(15 ਜਨਵਰੀ 2017)

 

ਤੜਕਾ ਬਹੁ-ਅਰਥੀ ਤੇ ਬਹੁ-ਮੰਤਵੀ ਸ਼ਬਦ ਹੈ। ਤੜਕਾ ਸ਼ਬਦ ਦੇ ਅਨੇਕਾਂ ਅਰਥ ਨਿਕਲਦੇ ਹਨ ਤੇ ਅਨੇਕਾਂ ਗੁਣ ਹਨ। ਤੜਕਾ ਸਵੇਰ ਦੇ ਚਾਰ ਤੋਂ ਪੰਜ ਵਜੇ ਦੇ ਸਮੇਂ ਨੂੰ ਕਿਹਾ ਜਾਂਦਾ ਹੈ। ਇਸਦੇ ਅਨੇਕਾਂ ਰੂਪ ਹਨ। ਇਸ ਸ਼ਬਦ ਦੇ ਵੱਖ ਵੱਖ ਰੂਪਾਂ ਦੀ ਵਰਤੋਂ ਕਰਨ ਨਾਲ ਸਾਡੇ ਜੀਵਣ ਦੇ ਅੱਡ-ਅੱਡ ਪਹਿਲੂਆਂ ਨਾਲ ਬੜਾ ਨੇੜੇ ਦਾ ਸਬੰਧ ਜੁੜਿਆ ਹੋਇਆ ਹੈ। ਇਸਦੇ ਅਰਥਾਂ ਦਾ ਸਾਡੇ ਜੀਵਨ ਨਾਲ ਡੂੰਘਾ ਸਬੰਧ ਹੈ ਤੇ ਬੜੇ ਸਾਰਥਿਕ ਨਤੀਜੇ ਨਿਕਲਦੇ ਹਨ।

ਤੜਕੇ ਉੱਠ ਕੇ ਗੁਰਦੁਆਰੇ ਦਾ ਭਾਈ ਸਾਹਿਬ ਸਪੀਕਰ ਰਾਹੀਂ ਪਾਠ ਕਰਨਾ ਸ਼ੁਰੂ ਕਰ ਦਿੰਦਾ ਹੈ। ਮੰਦਰਾਂ ਵਿੱਚ ਸੰਖ ਵੱਜਣੇ ਤੇ ਟੱਲੀਆਂ ਖੜਕਣੀਆਂ ਸ਼ੁਰੂ ਹੋ ਜਾਂਦੀਆਂ ਹਨ। ਇਨ੍ਹਾਂ ਦੀ ਅਵਾਜ਼ ਸੁਣਕੇ ਆਮ ਲੋਕ ਉੱਠ ਖੜ੍ਹਦੇ ਹਨ। ਆਪਣੀ ਪਾਠ ਪੂਜਾ ਸ਼ੁਰੂ ਕਰ ਦਿੰਦੇ ਹਨ। ਪਿੰਡਾਂ ਦੀਆਂ ਸੁਆਣੀਆਂ ਤੜਕੇ ਉੱਠ ਕੇ ਆਪਣੇ ਘਰਾਂ ਦੇ ਕੰਮ ਧੰਦਿਆਂ ਨੂੰ ਲੱਗ ਜਾਂਦੀਆਂ ਹਨ। ਤੜਕੇ ਉਠ ਕੇ ਮੱਝਾਂ-ਗਾਵਾਂ ਦੀਆਂ ਧਾਰਾਂ ਕੱਢਣੀਆਂ ਤੇ ਦੁੱਧ ਰਿੜਕਣਾ ਸ਼ੁਰੂ ਕਰ ਦਿੰਦੀਆਂ ਹਨ। ਹੋਰ ਅਨੇਕਾਂ ਨਿੱਕੇ ਮੋਟੇ ਧੰਦੇ ਕਰ ਲੈਂਦੀਆਂ ਹਨ। ਆਪਣੇ ਬੱਚਿਆਂ ਨੂੰ ਤਿਆਰ ਕਰਕੇ ਸਕੂਲ ਨੂੰ ਸਮੇਂ ਨਾਲ ਭੇਜ ਦਿੰਦੀਆਂ ਹਨ। ਘਰਾਂ ਦੀ ਸਾਫ਼-ਸਫਾਈ ਵੀ ਸਮੇਂ ਸਿਰ ਕਰ ਲੈਂਦੀਆਂ ਹਨ।

ਪਿਛਲੇ ਸਮਿਆਂ ਵਿੱਚ ਕਿਸਾਨ ਤੜਕੇ ਉੱਠ ਕੇ ਹਲ ਜੋੜਦੇ ਸਨ, ਹਲਟ ਹਕਦੇ ਸਨ ਭਾਵ ਜੋ ਵੀ ਕੰਮ ਕਰਨਾ ਹੁੰਦਾ ਸੀ ਉਹ ਤੜਕੇ ਉੱਠ ਕੇ ਸ਼ੁਰੂ ਕਰ ਲੈਂਦੇ ਸਨ। ਦਿਨ ਦੇ ਦਸ-ਗਿਆਰਾਂ ਵਜੇ ਨੂੰ ਪਸ਼ੂਆਂ ਲਈ ਚਾਰਾ ਵੱਢ ਕੇ ਧੁੱਪ ਤੋਂ ਪਹਿਲਾਂ-ਪਹਿਲਾਂ ਘਰ ਆ ਜਾਂਦੇ ਸਨ। ਆਉਣ ਜਾਣ ਦੇ ਸਾਧਨ ਨਾ ਹੋਣ ਕਾਰਣ ਲੋਕੀ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਲਈ ਤੜਕੇ ਹੀ ਤੁਰ ਪੈਂਦੇ ਸਨ। ਡੰਡੀਆਂ ਅਤੇ ਕੱਚੇ ਰਸਤਿਆਂ ਦੇ ਪਾਂਧੀ ਬਣ ਜਾਂਦੇ ਸਨ। ਆਪਣਾ ਸਫ਼ਰ ਸਮੇਂ ਸਿਰ ਮੁਕਾ ਕੇ ਮੰਜ਼ਿਲ ਤੇ ਪਹੁੰਚ ਜਾਂਦੇ ਸਨ।

ਤੜਕੇ ਉੱਠਣ ਨਾਲ ਸਿਹਤ ਵੀ ਚੰਗੀ ਰਹਿੰਦੀ ਹੈ। ਸਵੇਰੇ ਸੈਰ, ਯੋਗਾ ਜਾਂ ਵੱਖ-ਵੱਖ ਕਿਸਮ ਦੀਆਂ ਕਸਰਤਾਂ ਕਰਨ ਨਾਲ ਬੀਮਾਰੀਆਂ ਤੋਂ ਰਾਹਤ ਮਿਲਦੀ ਹੈ। ਸਵੇਰੇ ਉੱਠਣ ਦੇ ਅਨੇਕਾਂ ਫਾਇਦੇ ਹੇਨ। ਤੜਕੇ ਦਾ ਸਮਾਂ ਬਹੁਤ ਸ਼ਾਂਤ ਤੇ ਵਾਤਾਵਰਣ ਬੜਾ ਸ਼ੁੱਧ ਹੁੰਦਾ ਹੈ। ਇਸ ਨਾਲ ਵਿਅਕਤੀ ਨੂੰ ਤੰਦਰੁਸਤੀ ਤੇ ਸਹਿਜਤਾ ਮਿਲਦੀ ਹੈ। ਸੇਵੇਰ ਸਵੇਰੇ ਉੱਠਣ ਨਾਲ ਸਰੀਰ ਤਰੋ-ਤਾਜ਼ਾ ਰਹਿੰਦਾ ਹੈ।

ਤੜਕੇ-ਤੜਕੇ ਪੰਛੀਆਂ ਦੀ ਆਵਾਜ਼ ਤੇ ਚਹਿਲ ਕਦਮੀ ਬੜੀ ਪਿਆਰੀ ਤੇ ਮਿੱਠੀ ਲਗਦੀ ਹੈ। ਚਿੜੀਆਂ ਦੀ ਚੂੰ-ਚੂੰ ਸੁਣਕੇ ਬੜਾ ਅਨੰਦ ਆਉਂਦਾ ਹੈ। ਤੜਕੇ ਦਾ ਸਮਾਂ ਪ੍ਰਦੂਸ਼ਣ ਰਹਿਤ ਅਤੇ ਸ਼ੋਰ ਰਹਿਤ ਹੁੰਦਾ ਹੈ। ਤੜਕੇ-ਤੜਕੇ ਸੰਗੀਤ ਸੁਣਨ ਦਾ ਆਪਣਾ ਹੀ ਅਨੰਦ ਹੈ, ਮਨ ਖੁਸ਼ ਰਹਿੰਦਾ ਹੈ ਤੇ ਜ਼ਿੰਦਗੀ ਜਿਉਣ ਨੂੰ ਜੀਅ ਕਰਦਾ ਹੈ।

ਜੋ ਵਿਦਿਆਰਥੀ ਤੜਕੇ ਉੱਠਕੇ ਆਪਣੀ ਪੜ੍ਹਾਈ ਕਰਦੇ ਹਨ ਉਹ ਹਮੇਸ਼ਾ ਹੀ ਇਮਤਿਹਾਨਾਂ ਵਿਚ ਚੰਗ ਨੰਬਰ ਲੈ ਕੇ ਪਾਸ ਹੁੰਦੇ ਹਨ। ਤੜਕੇ-ਤੜਕੇ ਦਿਮਾਗ ਵੀ ਤਰੋ-ਤਾਜ਼ਾ ਹੁੰਦਾ ਹੈ। ਯਾਦਦਾਸ਼ਤ ਬੜੀ ਤੇਜ਼ ਹੁੰਦੀ ਹੈ। ਇਸ ਤਰ੍ਹਾਂ ਜਿਹੜੇ ਖਿਡਾਰੀ ਆਪਣੀ ਮਨ-ਭਾਉਂਦੀ ਖੇਡ ਖੇਡਦੇ ਹਨ ਤੇ ਤੜਕੇ ਉੱਠ ਕੇ ਪ੍ਰੈਕਟਿਸ ਕਰਦੇ ਹਨ ਉਹ ਹਮੇਸ਼ਾ ਹੀ ਅੱਵਲ ਆਉਂਦੇ ਹਨ ਤੇ ਬੁਲੰਦੀਆਂ ਨੂੰ ਛੋਂਹਦੇ ਹਨ।

ਮੈਂ ਸਕੂਲ ਵਿੱਚ ਪੜ੍ਹਾਉਣ ਸਮੇਂ ਹਮੇਸ਼ਾ ਵਿਦਿਆਰਥੀਆਂ ਨੂੰ ਤੜਕਾ ਲਾਉਣ ਦਾ ਮੰਤਰ ਦੱਸਦਾ ਹੁੰਦਾ ਸੀ। ਦਸਵੀ ਤੇ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਵਿਦਾਇਗੀ ਸਮੇਂ ਹਮੇਸ਼ਾ ਇਹੋ ਸਿੱਖਿਆ ਦਿੰਦਾ ਸੀ ਕਿ ਜ਼ਿੰਦਗੀ ਵਿੱਚ ਜੋ ਵਿਦਿਆਰਥੀ ਕਿਸੇ ਵੀ ਕੰਮ ਨੂੰ ਤੜਕਾ ਲਾਏਗਾ ਉਹ ਹਮੇਸ਼ਾ ਹੀ ਕਾਮਯਾਬ ਰਹੇਗਾ। ਪੜ੍ਹਾਈ, ਕਸਰਤ, ਖੇਡਾਂ, ਸਿਹਤ, ਕਾਰੋਬਾਰ ਜਾਂ ਦਾਲ ਸਬਜ਼ੀ ਨੂੰ ਤੜਕਾ ਲਾ ਲਵੋ ਭਾਵ ਤੜਕਾ ਲਾਉਣ ਦੇ ਅਨੇਕਾਂ ਗੁਣ ਹਨ। ਜ਼ਿੰਦਗੀ ਵਿੱਚ ਜੋ ਕੰਮ ਕਰਨਾ ਹੋਵੇ, ਉਸ ਨੂੰ ਤੜਕਾ ਲਾਉਣ ਨਾਲ ਆਪਣੀ ਮੰਜ਼ਿਲ ’ਤੇ ਸਫਲਤਾ ਪੂਰਵਕ ਪਹੁੰਚਿਆ ਜਾ ਸਕਦਾ ਹੈ। ਤੜਕਾ ਲਾਉਣ ਨਾਲ ਹਰ ਚੀਜ਼ ਸੁਆਦ ਲਗਦੀ ਹੈ। ਤੜਕਾ ਲਾ ਕੇ ਕੋਈ ਵੀ ਕੰਮ ਕਰੋ, ਬੜਾ ਅਨੰਦ ਆਉਂਦਾ ਹੈ। ਤੜਕਾ ਲਾਉਣ ਨਾਲ ਹਮੇਸ਼ਾ ਹਰ ਕੰਮ ਵਿਚ ਸਫਲਤਾ ਮਿਲਦੀ ਹੈ। ਇਸ ਲਈ ਤੜਕਾ ਸ਼ਬਦ ਵਿੱਚ ਬੜੀ ਜਾਨ ਤੇ ਦਮ ਹੈ। ਬਸ ਤੜਕਾ ਲਾਉਣ ਦੀ ਜਾਚ ਆਉਣੀ ਚਾਹੀਦੀ ਹੈ।

*****

(564)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਜਸਵੰਤ ਸਿੰਘ ਜੱਸੜ

ਜਸਵੰਤ ਸਿੰਘ ਜੱਸੜ

Duggri, Ludhiana, Punjab, India.
Phoone: (91 - 98157 - 45057)