“ਅੱਜ ਜਦੋਂ ਸਾਰਾ ਸੰਸਾਰ ਕੌਮਾਂਤਰੀ ਮਾਂ-ਬੋਲੀ ਦਿਹਾੜੇ ਦੇ ਪੱਚੀ ਸਾਲ ...”
(21 ਫਰਵਰੀ 2025)
ਪੰਜਾਬੀ ਦੇ ਮਹਾਨ ਕਵੀ ਬਾਬੂ ਫਿਰੋਜ਼ਦੀਨ ਸ਼ਰਫ ਆਪਣੀ ਮਾਂ-ਬੋਲੀ ਪ੍ਰਤੀ ਗਹਿਰੇ ਲਗਾਅ ਤੇ ਪਿਆਰ ਨੂੰ ਪ੍ਰਗਟਾਉਂਦੇ ਹੋਏ ਲਿਖਦੇ ਹਨ ਕਿ “ਬੋਲੀ ਆਪਣੀ ਨਾਲ ਪਿਆਰ ਰੱਖਾਂ, ਇਹ ਗੱਲ ਆਖਣੋਂ ਕਦੀ ਨਾ ਸੰਗਦਾ ਹਾਂ ...” ਫਿਰ ਮਾਂ-ਬੋਲੀ ਲਈ ਵਿਸ਼ੇਸ਼ਣ ਵਰਤਦੇ ਹੋਏ ਉਹ ਲਿਖਦੇ ਹਨ ਕਿ ਮੇਰੀ ਮਾਂ-ਬੋਲੀ ਕਿਸੇ ਸੁਹਾਗਣ ਦੇ ਨੱਥ ਦਾ ਮੋਤੀ ਅਤੇ ਕਿਸੇ ਪੰਜਾਬਣ ਦੇ ਵੰਗ ਦੇ ਟੁਕੜੇ ਦੀ ਨਿਆਈਂ ਹੈ। ਫਿਰ ਉਹ ਕਹਿੰਦੇ ਹਨ ਕਿ ਪੰਜਾਬ ਵਿੱਚ ਰਹਿ ਕਿ ਕਿਸੇ ਪਰਾਈ ਬੋਲੀ ਵਿੱਚ ਗੱਲ ਕਰਨਾ ਮੈਨੂੰ ਚੰਗਾ ਨਹੀਂ ਲਗਦਾ, ਇਹੋ ਜਿਹੀ ਅਕਲ ਨੂੰ ਮੈਂ “ਛਿੱਕੇ ’ਤੇ ਟੰਗਦਾ” ਹਾਂ। ਇਹ ਤਾਂ ਹੈ ਇੱਕ ਪੰਜਾਬ ਦੇ ਸਪੂਤ ਦੀ ਆਪਣੀ ਮਾਂ-ਬੋਲੀ ਲਈ ਪਿਆਰ ਸਤਿਕਾਰ ਤੇ ਮਾਣ, ਆਉ ਅੱਜ ਆਪਾਂ ਵਿਸ਼ਵ ਮਾਤ ਭਾਸ਼ਾ ਦਿਵਸ ਉੱਤੇ ਕਿਸੇ ਵੀ ਮਨੁੱਖ ਦੇ ਜੀਵਨ ਵਿੱਚ ਉਸਦੀ ਮਾਂ-ਬੋਲੀ ਦੇ ਸਥਾਨ ਅਤੇ ਅਹਿਮੀਅਤ ਉੱਪਰ ਵਿਚਾਰ ਕਰਦੇ ਹਾਂ।
21 ਫਰਵਰੀ ਸੰਨ 1952 ਵਿੱਚ ਪੂਰਬੀ ਪਾਕਿਸਤਾਨ, ਜਿਸ ਨੂੰ ਅੱਜਕਲ੍ਹ ਬੰਗਲਾਦੇਸ਼ ਕਿਹਾ ਜਾਂਦਾ ਹੈ, ਦੇ ਢਾਕਾ ਸ਼ਹਿਰ ਵਿੱਚ ਵਿਦਿਆਰਥੀਆਂ ਅਤੇ ਸਥਾਨਕ ਲੋਕਾਂ ਵੱਲੋਂ ਇੱਕ ਪ੍ਰਦਰਸ਼ਨ ਕੀਤਾ ਗਿਆ। ਇਸਦੀ ਪ੍ਰਦਰਸ਼ਨ ਦੀ ਵਜਾਹ ਇਹ ਸੀ ਕਿ ਉਸ ਸਮੇਂ ਦੀ ਪਾਕਿਸਤਾਨੀ ਸਰਕਾਰ ਨੇ ਪੂਰਬੀ ਪਾਕਿਸਤਾਨ ਦੇ ਲੋਕਾਂ ਉੱਪਰ ਜ਼ਬਰਦਸਤੀ ਉਰਦੂ ਥੋਪਣ ਦਾ ਫੈਸਲਾ ਕੀਤਾ। ਇਸ ਫੈਸਲੇ ਦਾ ਬੰਗਾਲੀ ਮੁਸਲਮਾਨਾਂ ਨੇ ਵਿਰੋਧ ਕੀਤਾ। ਸਿੱਟੇ ਵਜੋਂ ਪ੍ਰਦਰਸ਼ਨਕਾਰੀਆਂ ਉੱਪਰ ਗੋਲੀ ਚਲਾਈ ਗਈ, ਜਿਸ ਵਿੱਚ ਬੰਗਾਲੀ ਭਾਸ਼ਾ ਮਤਲਬ ਆਪਣੀ ਮਾਂ-ਬੋਲੀ ਨੂੰ ਪਿਆਰ ਕਰਨ ਵਾਲੇ ਬਹੁਤ ਸਾਰੇ ਨੌਜਵਾਨ ਸ਼ਹੀਦ ਹੋ ਗਏ। ਇਸ ਕਤਲੇਆਮ ਨਾਲ ਹੀ ਸੰਸਾਰ ਪੱਧਰ ’ਤੇ ਕਿਸੇ ਮਨੁੱਖ ਦੇ ਜੀਵਨ ਵਿੱਚ ਉਸਦੀ ਮਾਂ-ਬੋਲੀ ਜਾਂ ਮਾਤ ਭਾਸ਼ਾ ਦੀ ਮਹੱਤਤਾ ਨੂੰ ਦਰਸਾਉਣ ਹਿਤ ਵਿਸ਼ਵ ਮਾਤ ਭਾਸ਼ਾ ਦਿਹਾੜੇ ਨੂੰ ਮਨਾਉਣ ਦਾ ਮੁੱਢ ਬੱਝਾ। ਮਨੋਵਿਗਿਆਨੀਆਂ ਅਤੇ ਭਾਸ਼ਾ ਵਿਗਿਆਨੀਆਂ ਨੇ ਇਹ ਸਿਧਾਂਤ ਸਥਾਪਤ ਕੀਤਾ ਕਿ ਜਿਵੇਂ ਬੱਚੇ ਦੇ ਜਨਮ ਦੇ ਮੁਢਲੇ ਸਾਲਾਂ ਵਿੱਚ ਸਰੀਰਕ ਵਿਕਾਸ ਤੇ ਰੋਗਾਂ ਨਾਲ ਲੜਨ ਲਈ ਮਾਂ ਦੇ ਦੁੱਧ ਦਾ ਮਹੱਤਵ ਹੁੰਦਾ ਹੈ ਉਵੇਂ ਹੀ ਰਚਨਾਤਮਕਤਾ, ਬੌਧਿਕਤਾ, ਭਾਵਨਾਤਮਕਤਾ ਅਤੇ ਭਾਸ਼ਾਈ ਵਿਕਾਸ ਲਈ ਮਾਤ ਭਾਸ਼ਾ ਦਾ ਮਹੱਤਵ ਹੁੰਦਾ ਹੈ।
ਕੌਮਾਂਤਰੀ ਮਾਨਤਾ: ਯੂਨੈਸਕੋ ਵੱਲੋਂ ਸਾਲ 1999 ਦੀ ਜਨਰਲ ਕਾਨਫਰੰਸ ਵਿੱਚ ਹਰ ਸਾਲ 21 ਫਰਵਰੀ ਨੂੰ ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ ਵਜੋਂ ਮਨਾਉਣ ਲਈ ਦਿਨ ਨਿਸ਼ਚਿਤ ਕੀਤਾ ਗਿਆ ਤੇ ਪਹਿਲੀ ਵੇਰਾਂ 21 ਫਰਵਰੀ ਸੰਨ 2000 ਨੂੰ ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ ਮਨਾਇਆ ਗਿਆ। ਸਯੁੰਕਤ ਰਾਸ਼ਟਰ ਸੰਘ ਵੱਲੋਂ ਮਤਾ ਨੂੰ 61/262 ਰਾਹੀਂ ਇਹ ਮੰਨਿਆ ਗਿਆ ਕਿ ਸੰਸਾਰ ਵਿੱਚਲੀਆਂ ਕੁੱਲ 8324 ਭਾਸ਼ਾਵਾਂ ਵਿੱਚੋਂ 7000 ਭਸ਼ਾਵਾਂ ਲੋਕਾਂ ਦੁਆਰਾ ਵਰਤੀਆਂ ਜਾਂਦੀਆਂ ਹਨ। ਇਨ੍ਹਾਂ ਭਸ਼ਾਵਾਂ ਦੀ ਸੰਭਾਲ ਅਤੇ ਸੁਰੱਖਿਆ ਨੂੰ ਉਤਸ਼ਾਹਿਤ ਕਰਨ ਲਈ ਇਸ ਦਿਨ ਨੂੰ ਮਾਨਤਾ ਦਿੱਤੀ ਗਈ।
ਉਦੇਸ਼: ਕੌਮਾਂਤਰੀ ਮਾਤ ਭਾਸ਼ਾ ਦਿਹਾੜੇ ਦੇ ਕੁਝ ਉਦੇਸ਼ ਨਿਰਧਾਰਿਤ ਕੀਤੇ ਗਏ ਹਨ, ਜਿਨ੍ਹਾਂ ਵਿੱਚ ਭਾਸ਼ਾਈ ਵਿਭਿੰਨਤਾ ਨੂੰ ਉਤਸ਼ਾਹਿਤ ਕਰਨਾ, ਮਾਤ ਭਾਸ਼ਾਵਾਂ ਦੀ ਰੱਖਿਆ ਕਰਨੀ ਅਤੇ ਮਾਤ ਭਾਸ਼ਾਵਾਂ ਦੀ ਮਹੱਤਤਾ ਬਾਰੇ ਜਾਗਰੂਕਤਾ ਫੈਲਾਉਣੀ। ਇਨ੍ਹਾਂ ਉਦੇਸ਼ਾਂ ਦੀ ਪੂਰਤੀ ਲਈ ਸਾਲ 2008 ਨੂੰ ਭਾਸ਼ਾਵਾਂ ਦੇ ਅੰਤਰਰਾਸ਼ਟਰੀ ਸਾਲ ਵਜੋਂ ਮਨਾਇਆ ਗਿਆ।
ਪੰਜਾਬੀ ਭਾਸ਼ਾ: ਸਾਡੀ ਮਾਤ ਭਾਸ਼ਾ ਪੰਜਾਬੀ ਬਹੁਤ ਮਹਾਨ ਅਤੇ ਪੁਰਾਣੀ ਭਾਸ਼ਾ ਹੈ, ਜਿਸਦੀ ਲਿਪੀ ਚੜ੍ਹਦੇ ਪੰਜਾਬ ਵਿੱਚ ਗੁਰਮੁਖੀ ਅਤੇ ਲਹਿੰਦੇ ਪੰਜਾਬ ਵਿੱਚ ਸ਼ਾਹਮੁਖੀ ਹੈ। ਲੇਕਿਨ ਪੰਜਾਬੀ ਭਾਸ਼ਾ ਦਾ ਮੂਲ ਅਧਾਰ ਗੁਰਮੁਖੀ ਲਿਪੀ ਹੈ, ਜਿਸਦੀ ਬਣਤਰ ਵਿੱਚ ਸਿੱਖ ਗੁਰੂ ਸਾਹਿਬਾਨ ਖਾਸ ਤੌਰ ਤੇ ਦੂਜੇ ਨਾਨਕ ਗੁਰੂ ਅੰਗਦ ਸਾਹਿਬ ਜੀ ਦਾ ਗੁਰਮੁਖੀ ਲਿਪੀ ਦੀ ਰਚਨਾ, ਬਣਤਰ ਤੇ ਮਿਆਰਬੰਦੀ ਕਰਨ ਵਿੱਚ ਵਡਮੁੱਲਾ ਯੋਗਦਾਨ ਹੈ। ਇਸੇ ਹੀ ਲਿਪੀ ਵਿੱਚ ਸਿਰੀ ਗੁਰੂ ਗ੍ਰੰਥ ਸਾਹਿਬ ਸਿਰਜਿਆ ਗਿਆ ਹੈ। ਬਹੁਤ ਸਾਰਾ ਉੱਚ ਕੋਟੀ ਦਾ ਸਾਹਿਤ ਇਸੇ ਲਿਪੀ ਵਿੱਚ ਹੈ। ਪੰਜਾਬੀ ਦੀਆਂ ਕਈ ਉਪ ਬੋਲੀਆਂ ਹਨ ਜਿਵੇਂ ਮਾਝੀ, ਪੋਠੋਹਾਰੀ, ਮਲਵਈ, ਦੁਆਬੀ, ਪੁਆਧੀ, ਮੁਲਤਾਨੀ ਤੇ ਡੋਗਰੀ। ਮੌਜੂਦਾ ਸਮੇਂ ਅੰਦਰ ਸੰਸਾਰ ਦੇ ਵੱਖ ਵੱਖ ਖਿੱਤਿਆਂ ਵਿੱਚ ਲਗਭਗ ਚੌਦਾਂ ਕਰੋੜ ਲੋਕ ਪੰਜਾਬੀ ਬੋਲੀ ਬੋਲਦੇ ਹਨ। ਇਸ ਪ੍ਰਕਾਰ ਪੰਜਾਬੀ ਨੂੰ ਅੰਤਰਰਾਸ਼ਟਰੀ ਭਾਸ਼ਾ ਵਜੋਂ ਮਾਨਤਾ ਪ੍ਰਾਪਤ ਹੈ ਜੋ ਕਿ ਹਰ ਇੱਕ ਪੰਜਾਬੀ ਲਈ ਮਾਣ ਵਾਲੀ ਗੱਲ ਹੈ। ਬੇਸ਼ਕ ਪੰਜਾਬ ਵਿੱਚ ਬਹੁਤੇ ਪ੍ਰਾਈਵੇਟ ਸਕੂਲਾਂ, ਜਿਨ੍ਹਾਂ ਨੂੰ ਅੰਗਰੇਜ਼ੀ ਜਾਂ ਹਿੰਦੀ ਮਾਧਿਅਮ ਵਾਲੇ ਸਕੂਲ ਵੀ ਕਿਹਾ ਜਾਂਦਾ ਹੈ, ਵਿੱਚ ਪੰਜਾਬੀ ਬੋਲਣ ਜਾਂ ਆਪਸ ਵਿੱਚ ਪੰਜਾਬੀ ਰਾਹੀਂ ਗੱਲਬਾਤ ਕਰਨ ਉੱਪਰ ਪਾਬੰਦੀਆਂ ਅਤੇ ਜੁਰਮਾਨੇ ਲਗਾਉਣ ਤੇ ਵਸੂਲਣ ਦੀ ਖ਼ਬਰ ਆਉਂਦੀ ਰਹਿੰਦੀ ਹੈ ਪਰ ਉਨ੍ਹਾਂ ਸਕੂਲਾਂ ਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਪੰਜਾਬ ਸੂਬੇ ਦੀ ਹੋਂਦ ਭਾਸ਼ਾ ਅਧਾਰਿਤ ਹੈ, ਜਿਸਦੀ ਕਾਇਮੀ ਹਿਤ ਪੰਜਾਬ ਦੇ ਸਪੂਤਾਂ ਨੇ ਬੇਅੰਤ ਕੁਰਬਾਨੀਆਂ ਦਿੱਤੀਆਂ ਹਨ। ਸਾਡੀ ਮਾਤ ਭਾਸ਼ਾ ਬੋਲੀ ਤੇ ਲਿਪੀ ਵਜੋਂ ਬੇਅੰਤ ਅਮੀਰ ਹੈ, ਜਿਸਦਾ ਸੰਸਾਰ ਦੀ ਕਿਸੇ ਵੀ ਬੋਲੀ ਜਾਂ ਲਿਪੀ ਕੋਲ ਤੋੜ ਨਹੀਂ ਹੈ। ਅੱਜ ਜਦੋਂ ਸਾਰਾ ਸੰਸਾਰ ਕੌਮਾਂਤਰੀ ਮਾਂ-ਬੋਲੀ ਦਿਹਾੜੇ ਦੇ ਪੱਚੀ ਸਾਲ ਪੂਰੇ ਹੋਣ ਦੇ ਦਿਨ ਮਨਾ ਰਿਹਾ ਹੈ ਤਾਂ ਸਾਨੂੰ ਵੀ ਬਤੌਰ ਪੰਜਾਬੀ ਹੋਣ ਨਾਤੇ ਆਪਣੀ ਮਾਤ ਭਾਸ਼ਾ ਦੀ ਪ੍ਰਫੁੱਲਤਾ, ਇਸਦੇ ਫੈਲਾਅ, ਇਸਦੀ ਵੱਧ ਤੋਂ ਵੱਧ ਵਰਤੋਂ ਕਰਨ ਤੇ ਆਪਣੇ ਬੱਚਿਆਂ ਨੂੰ ਆਪਣੀ ਮਾਂ-ਬੋਲੀ ’ਤੇ ਮਾਣ ਕਰਨ ਹਿਤ ਠੋਸ ਤੇ ਟਿਕਾਊ ਉਪਰਾਲੇ ਸੰਸਥਾਗਤ ਤੇ ਵਿਅਕਤੀਗਤ ਤੌਰ ’ਤੇ ਕਰਨੇ ਚਾਹੀਦੇ ਹਨ।
* * * * *
ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)







































































































