PunjabiJagran7ਪੰਜਾਬੀ ਕਲਾ ਜਗਤ ਵਿੱਚ ਉਨ੍ਹਾਂ ਦਾ ਨਾਂ ਇਕ ਚਿੱਤਰਕਾਰ ਅਤੇ ਸ਼ਾਇਰ ਵਜੋਂ ਸਤਿਕਾਰ ਨਾਲ ਲਿਆ ਜਾਂਦਾ ਹੈ ...
(7 ਜਨਵਰੀ 2017)

 

SukhwantChittarkaar2ਪੰਜਾਬੀ ਕਲਾ ਜਗਤ ਦੀ ਪ੍ਰਸਿੱਧ ਸ਼ਖ਼ਸੀਅਤ ਸੁਖਵੰਤ ਚਿੱਤਰਕਾਰ ਸਦੀਵੀ ਵਿਛੋੜਾ ਦੇ ਗਏ। ਸ਼ੁੱਕਰਵਾਰ ਸਵੇਰੇ ਕਰੀਬ ਸੱਤ ਵਜੇ ਬਸਦੀ ਗੁਜ਼ਾ ਦੇ ਮਨਜੀਤ ਨਗਰ ਸਥਿਤ ਆਪਣੀ ਰਿਹਾਇਸ਼ ਤੇ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ। ਇਲਾਜ ਲਈ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਸ਼ਾਮ ਚਾਰ ਵਜੇ ਬਸਤੀ ਗੁਜ਼ਾਂ ਸ਼ਮਸ਼ਾਨ ਘਾਟ ਵਿਖੇ ਉਨ੍ਹਾਂ ਦਾ ਅੰਤਮ ਸਸਕਾਰ ਕਰ ਦਿੱਤਾ ਗਿਆ।

ਉਨ੍ਹਾਂ ਦੇ ਪਰਿਵਾਰ ਵਿਚ ਦੋ ਧੀਆਂ ਅਤੇ ਇਕ ਪੁੱਤਰ ਹੈ। 60 ਸਾਲਾ ਸੁਖਵੰਤ ਅੱਜ ਕੱਲ੍ਹ ਇਕ ਹਿੰਦੀ ਅਖਬਾਰ ਵਿਚ ਸੇਵਾਵਾਂ ਦੇ ਰਹੇ ਸਨ।

ਇਹ ਉਨ੍ਹਾਂ ਦੀ ਕਲਾ ਤੇ ਸ਼ਖਸੀਅਤ ਦਾ ਹੀ ਅਸਰ ਸੀ ਕਿ ਫਾਨੀ ਸੰਸਾਰ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਗਏ ਸੁਖਵੰਤ ਚਿੱਤਰਕਾਰ ਦੀ ਅੰਤਮ ਯਾਤਰਾ ਵਿਚ ਪੰਜਾਬ ਦੇ ਕਲਾ ਤੇ ਸਾਹਿਤ ਜਗਤ ਤੋਂ ਇਲਾਵਾ ਪੱਤਰਕਾਰੀ ਹਲਕੇ ਵਿੱਚੋਂ ਸ਼ਖਸੀਅਤਾਂ ਸ਼ਾਮਲ ਹੋਈਆਂ। ਪਰਿਵਾਰਕ ਮੈਂਬਰਾਂ ਦੇ ਨਾਲ-ਨਾਲ ਹਰ ਉਹ ਅੱਖ ਰੋਈ ਜਿਸ ਨੇ ਉਨ੍ਹਾਂ ਨਾਲ ਥੋੜ੍ਹਾ ਜਿਹਾ ਸਮਾਂ ਵੀ ਬਿਤਾਇਆ ਸੀ। ਪੰਜਾਬੀ ਕਲਾ ਜਗਤ ਵਿੱਚ ਉਨ੍ਹਾਂ ਦਾ ਨਾਂ ਇਕ ਚਿੱਤਰਕਾਰ ਅਤੇ ਸ਼ਾਇਰ ਵਜੋਂ ਸਤਿਕਾਰ ਨਾਲ ਲਿਆ ਜਾਂਦਾ ਹੈ। ਪੰਜਾਬੀ ਦਾ ਸ਼ਾਇਦ ਕੋਈ ਅਜਿਹਾ ਲੇਖਕ ਹੋਵੇਗਾ ਜਿਸ ਦੀ ਕਿਤਾਬ ਦਾ ਸਰਵਰਕ ਉਨ੍ਹਾਂ ਨਾ ਬਣਾਇਆ ਹੋਵੇ।

ਸਿੱਖ ਗੁਰੂਆਂ ਦੇ ਜੀਵਨ, ਵਿਚਾਰਧਾਰਾ ਤੇ ਸਿੱਖ ਇਤਿਹਾਸ ਨਾਲ ਸੰਬੰਧਤ ਉਨ੍ਹਾਂ ਦੀ ਚਿੱਤਰਕਾਰੀ ਵੱਖਰੀ ਪਛਾਣ ਰੱਖਦੀ ਹੈ। ਉਨ੍ਹਾਂ ਇਸ ਵਿਸ਼ੇ ’ਤੇ ਲੜੀਆਂ ਦੇ ਰੂਪ ਵਿਚ ਚਿੱਤਰ ਬਣਾਏ ਜਿਹੜੇ ਧਾਰਮਿਕ, ਸਮਾਜਿਕ ਸੰਸਥਾਵਾਂ ਸਮੇਤ ਕਈ ਅਦਾਰਿਆਂ ਦੀ ਸ਼ੋਭਾ ਵਧਾ ਰਹੇ ਹਨਜਿਸ ਵੇਲੇ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ, ਉਸ ਵੇਲੇ ਵੀ ਸ਼ੇਖ ਫ਼ਰੀਦ ਜੀ ਦੇ ਸ਼ਲੋਕਾਂ ਨੂੰ ਚਿੱਤਰ ਰੂਪ ਦੇ ਰਹੇ ਸਨ।

ਚਿੱਤਰਕਾਰੀ ਦੇ ਨਾਲ-ਨਾਲ ਉਨ੍ਹਾਂ ਦਾ ਸ਼ਾਇਰੀ ਵਿਚ ਵੀ ਇਕ ਵੱਖਰਾ ਮੁਕਾਮ ਸੀ। ਕਿਤਾਬ ਛਪਵਾਉਣ ਤੋਂ ਉਹ ਹਮੇਸ਼ਾ ਟਾਲਾ ਵੱਟਦੇ ਰਹੇ । ਸੁਖਵੰਤ ਚਿੱਤਰਕਾ ਦੀ ਕੋਈ ਕਿਤਾਬ ਪ੍ਰਕਾਸ਼ਿਤ ਨਹੀਂ ਹੋਈ ਪਰ ਉਹ ਪੰਜਾਬੀ ਦੇ ਮਕਬੂਲ ਸ਼ਾਇਰਾਂ ਵਿਚ ਗਿਣੇ ਜਾਂਦੇ ਹਨ। ਉਨ੍ਹਾਂ ਤੋਂ ਬਗੈਰ ਪੰਜਾਬੀ ਦੇ ਮੁਸ਼ਾਇਰੇ ਜਾਂ ਕਵੀ ਦਰਬਾਰ ਅਧੂਰੇ ਮੰਨੇ ਜਾਂਦੇ ਸਨ। ਉਹ ਨਿਵੇਕਲੇ ਵਿਚਾਰ ਤੇ ਖਿਆਲ ਵਾਲੀ ਸੂਖਮ ਗ਼ਜ਼ਲ ਕਹਿਣ ਲਈ ਜਾਣੇ ਜਾਂਦੇ ਸਨ। ਸ਼ਾਇਰੀ ਦੇ ਨਾਲ-ਨਾਲ ਸੁਖਵੰਤ ਆਰਟਿਸਟ ਦੀ ਸੰਗੀਤ ਵਿਚ ਵੀ ਡੂੰਘੀ ਦਿਲਚਸਪੀ ਸੀ। ਸੰਗੀਤ ਦੀਆਂ ਬਾਰੀਕੀਆਂ ਨੂੰ ਧਿਆਨ ਵਿਚ ਰੱਖ ਕੇ ਗੀਤ ਰਚਣ ਵਾਲੇ ਸੁਖਵੰਤ ਨੇ ਗਾਇਕ ਦੋਸਤਾਂ ਦੇ ਕਹਿਣ ’ਤੇ ਸੈਂਕੜੇ ਗੀਤ ਅਤੇ ਭਜਨ ਲਿਖੇ, ਜਿਹੜੇ ਰਿਕਾਰਡ ਹੋਏ ਪਰ ਇਨ੍ਹਾਂ ਉੱਤੇ ਉਨ੍ਹਾਂ ਆਪਣਾ ਨਾਂ ਨਹੀਂ ਦਿੱਤਾ।

ਉਨ੍ਹਾਂ ਨੂੰ ਅੰਤਿਮ ਵਿਦਾਈ ਦੇਣ ਵਾਲਿਆਂ ਵਿੱਚ ਲੇਖਕ, ਪੱਤਰਕਾਰ ਬਖ਼ਸ਼ਿਦਰ, ਹਰਜੀਤ ਅਟਵਾਲ, ਜਿੰਦਰ, ਦੇਸ ਰਾਜ ਕਾਲੀ, ਭਗਵੰਤ ਰਸੂਲਪੁਰੀ, ਮੱਖਣ ਮਾਨ, ਤਸਕੀਨ, ਮੋਹਨ ਸਪਰਾ, ਤਰਸੇਮ ਗੁਜਰਾਲ, ਰਜਿੰਦਰ ਪ੍ਰਦੇਸੀ, ਰਜਿੰਦਰ ਬਿਮਲ, ਬਲਵੀਰ ਪਰਵਾਨਾ, ਰਜਨੀਸ਼ ਬਹਾਦਰ ਸਿੰਘ, ਰਮਨ ਸੰਧੂ, ਮਦਨ ਜਲੰਧਰੀ, ਗਾਇਕ ਪਿੰਕੀ, ਜੇਕੇ ਆਨੰਦ, ਗੁਰਪ੍ਰੀਤ ਸਿੰਘ ਲਾਡੀ, ਰਮਨ ਮੀਰ, ਵਿਜੇ ਮੋਦਗਿਲ, ਵੰਦਨਾ ਖੰਨਾ, ਗੀਤਾ ਵਰਮਾ, ਚਿੱਤਰਕਾਰ ਅਮਿਤ, ਰੋਹਿਤ ਸਿੱਧੂ, ਇਮਰਾਨ ਖ਼ਾਨ, ਬਲਬੀਰ ਬਾਲੀ, ਤੇ ਅਸ਼ੋਕ ਅਜਨਬੀ ਦੇ ਨਾਮ ਵਰਣਨਯੋਗ ਹਨ।

**

ਚਿੱਤਰਕਾਰ ਸੁਖਵੰਤ ਅਲਵਿਦਾ ਕਹਿ ਗਏ --- ਸਰੋਕਾਰ

ਪੰਜਾਬੀ ਲਿਖਾਰੀਆਂ ਲਈ ਵੀ ਇਹ ਖ਼ਬਰ ਦੁੱਖ ਭਰੀ ਹੈ ਕਿ ਕਲਾਕਾਰ ਸੁਖਵੰਤ ਜਿਸਦਾ ਨਾਂ ਬਹੁਤ ਕਿਤਾਬਾਂ ਨਾਲ ਜੁੜਿਆ ਹੋਇਆ ਹੈ, ਇਸ ਸੰਸਾਰ ਨੂੰ ਅਲਵਿਦਾ ਕਹਿ ਗਏ। ਉਨ੍ਹਾਂ ਲਾਹੌਰ ਬੁੱਕ ਛਾਪ ਦੇ 400 ਦੇ ਕਰੀਬ ਸਰਵਰਕ ਬਣਾਏ। ਇਸ ਤੋਂ ਇਲਾਵਾ ਉਹ ਰਵੀ ਸਾਹਿਤ ਪ੍ਰਕਾਸ਼ਨ ਅਤੇ ਨਾਨਕ ਸਿੰਘ ਪੁਸਤਕ ਮਾਲਾ ਨਾਲ ਵੀ ਉਹ ਬਹੁਤ ਦੇਰ ਜੁੜੇ ਰਹੇ।

‘ਸਰੋਕਾਰ’ ਸੁਖਵੰਤ ਚਿੱਤਰਕਾਰ ਦੇ ਅਕਾਲ ਚਲਾਣੇ ’ਤੇ ਉਨ੍ਹਾਂ ਦੇ ਪਰਿਵਾਰ ਦੇ ਗ਼ਮ ਵਿਚ ਸ਼ਰੀਕ ਹੈ।

**

ਰੋਜ਼ਵਿਲ (ਕੈਲੇਫੋਰਨੀਆ) ਤੋਂ ਪੰਜਾਬੀ ਲੇਖਕ ਡਾ. ਗੁਰਦੇਵ ਸਿੰਘ ਘਣਗਸ ਲਿਖਦੇ ਹਨ:

GSGhangas7ਭਾਵੇਂ ਮੇਰੀ ਲਿਖਤ ਰਫਤਾਰ ਮੱਠੀ ਹੋ ਗਈ ਹੈ ਮੈਂ ਆਪਣੀ ਨਵੀਂ ਲਿਖਤ ਲਈ ਕਿਤਾਬ ਦੀ ਬਿਉਂਤ ਘੜ ਰਿਹਾ ਸੀ।

ਕਿਤਾਬ ਦਾ ਸਰਵਰਕ ਬਣਵਾਉਣ ਲਈ ਮੈਂ  ਸੁਖਵੰਤ ਸਿੰਘ ਨਾਲ ਗੱਲ ਕੀਤੀ, ਤੇ ਚੈੱਕ ਵੀ ਭੇਜ ਦਿੱਤਾ। (ਮੇਰੀਆਂ ਦੋ ਕਿਤਾਬਾਂ ‘ਸੱਠਾਂ ਤੋਂ ਬਾਅਦ’ ਅਤੇ ‘ਤੁਰਦੇ ਭੁਰਦੇ ਜੁੜਦੇ ਰਿਸ਼ਤੇ’ ਦੇ ਸਰਵਰਕ ਵੀ ਸੁਖਵੰਤ ਸਿੰਘ ਦੇ ਹੀ ਬਣਾਏ ਹੋਏ ਹਨ।) ਸਰਵਰਕ ਬਣਾਕੇ ਉਹਨੇ ਮੈਂਨੂੰ ਭੇਜ ਦਿੱਤਾ।

ਮੇਰਾ ਭੇਜਿਆ ਚੈੱਕ ਉਹਨੂੰ ਮਿਲ ਗਿਆ, ਪਰ ਉਹਨੇ ਕੈਸ਼ ਨਹੀਂ ਕਰਵਾਇਆ। ਮੋਦੀ ਦੇ ਹੁਕਮਾਂ ਦਰਮਿਆਨ ਧਰਵਾਸ ਦੇਣ ਲਈ ਮੈਂ ਫੋਨ ਵੀ ਕੀਤਾ, ਬਾਅਦ ਵਿਚ ਮੇਰੀ ਈ-ਮੇਲ ਦਾ ਜਵਾਬ ਵੀ ਨਾ ਮਿਲਿਆ। ਫਿਰ ਫੋਨ ਕਰਨ ’ਤੇ ਪਤਾ ਲੱਗਾ ਕਿ ਸੁਖਵੰਤ ਜੀ 23 ਦਸੰਬਰ 2016 ਨੂੰ ਦੁਨੀਆਂ ਨੂੰ ਅਲਵਿਦਾ ਕਹਿ ਗਏ ਹਨ।

ਉਨ੍ਹਾਂ ਹੋਰ ਵੀ ਬਹੁਤ ਕਿਤਾਬਾਂ ਦੇ ਸਰਵਰਕ ਬਣਾਏ ਹਨ।

ਮੇਰੇ ਲਈ ਇਹ ਖਬਰ ਦੁਖਦਾਈ ਹੈ।

*****

(555)