“ਬੱਸ ਫਿਰ ਕੀ ਸੀ, ਮੇਰੀ ਸ਼ਾਮਤ ਆ ਗਈ। ਜੋ ਮੇਰੇ ਨਾਲ ਵਾਪਰਿਆ ...”
(17 ਜਨਵਰੀ 2025)
ਬੇਫਿਕਰੀ, ਮਾਸੂਮੀਅਤ, ਪਿਆਰ ਆਦਿ ਬਚਪਨ ਦੇ ਗਹਿਣੇ ਮੰਨੇ ਜਾਂਦੇ ਹਨ। ਹਰ ਪਲ ਛੜੱਪੇ ਮਾਰਦਾ ਚਾਬੜਾਂ ਪਾਉਂਦਾ ਬਚਪਨ ਦਾ ਸਮਾਂ ਇੰਝ ਲਗਦਾ ਹੈ ਔਹ ਗਿਆ ਕਿ ਔਹ ਗਿਆ। ਮਾਪਿਆਂ ਦਾ ਲਾਡ ਪਿਆਰ ਤੇ ਯਾਰਾਂ ਦੋਸਤਾਂ ਦਾ ਸਾਥ ਬਚਪਨ ਦੀ ਖੂਬਸੂਰਤੀ ਦੇ ਰੰਗਾਂ ਨੂੰ ਹੋਰ ਗੂੜ੍ਹਾ ਕਰਦਾ ਜਾਂਦਾ ਹੈ। ਬਚਪਨ ਦੀਆਂ ਕੁਝ ਕੌੜੀਆਂ ਮਿੱਠੀਆਂ ਯਾਦਾਂ ਪੂਰੀ ਜ਼ਿੰਦਗੀ ’ਤੇ ਪ੍ਰਭਾਵ ਪਾਉਂਦੀਆਂ ਹਨ।
ਮੈਂ ਬਚਪਨ ਤੋਂ ਕਾਫੀ ਡਰੂ ਪ੍ਰਵਿਰਤੀ ਦਾ ਸਾਂ। ਨਿੱਕੀ ਨਿੱਕੀ ਗੱਲ ਨੂੰ ਗੰਭੀਰਤਾ ਨਾਲ ਸੋਚਣਾ ਮੇਰੇ ਸੁਭਾਅ ਦਾ ਹਿੱਸਾ ਬਣ ਚੁੱਕਿਆ ਸੀ। ਹਰ ਕਦਮ ਸੋਚ ਕੇ ਚੁੱਕਣਾ ਮੈਨੂੰ ਸਕੂਨ ਦਿੰਦਾ। ਅੰਦਰਲਾ ਡਰ ਵੀ ਥਾਂ ਸਿਰ ਰਹਿੰਦਾ। ਕਿਸੇ ਦਾ ਮੌਜੂ ਬਣਾਉਣਾ ਜਾਂ ਚੌੜ ਕਰਦਿਆਂ ਦੂਜਿਆਂ ਨੂੰ ਤੰਗ ਕਰਨਾ ਮੈਨੂੰ ਕਦਾਚਿੱਤ ਪਸੰਦ ਨਹੀਂ ਸੀ ਹੁੰਦਾ। ਪੀੜਤ ਵਿਅਕਤੀਆਂ ਨਾਲ ਮੈਨੂੰ ਖਾਸ ਹਮਦਰਦੀ ਹੁੰਦੀ। ਕਈ ਵਾਰ ਤਾਂ ਉਨ੍ਹਾਂ ਦਾ ਦੁੱਖ ਮੈਨੂੰ ਆਪਣਾ ਦੁੱਖ ਹੀ ਲਗਦਾ। ਇਕੱਲੇ ਬੈਠਿਆਂ ਅਜਿਹੀਆਂ ਤਕਲੀਫਾਂ ਨੂੰ ਯਾਦ ਕਰਕੇ ਮੇਰੀਆਂ ਅੱਖਾਂ ਵੀ ਨਮ ਹੋ ਜਾਂਦੀਆਂ। ਨਿੱਕੀਆਂ ਨਿੱਕੀਆਂ ਗਲਤ ਗੱਲਾਂ ਮੈਨੂੰ ਤੰਗ ਕਰਦੀਆਂ ਰਹਿੰਦੀਆਂ। ਗਲਤੀ ਹੋਣ ’ਤੇ ਝੱਟ ਗਲਤੀ ਮੰਨ ਲੈਣਾ ਅਤੇ ਖਿਮਾਂ ਜਾਚਨਾ ਕਰਨਾ ਮੇਰੇ ਸੁਭਾਅ ਦਾ ਹਿੱਸਾ ਬਣ ਚੁੱਕਿਆ ਸੀ। ਇਸ ਤੋਂ ਮੈਨੂੰ ਸਕੂਨ ਮਹਿਸੂਸ ਹੁੰਦਾ। ਇਸੇ ਕਾਰਕੇ ਮੇਰੇ ਮਿੱਤਰ ਮੇਰੀ ਪ੍ਰਸ਼ੰਸਾ ਵੀ ਕਰਦੇ। ਮੇਰੀ ਮਿੱਤਰ ਮੰਡਲੀ ਵਿੱਚ ਵੀ ਲਗਾਤਾਰ ਵਾਧਾ ਹੁੰਦਾ ਗਿਆ।
ਅੱਠਵੀਂ ਜਮਾਤ ਵੇਲੇ ਵਾਪਰੀ ਇੱਕ ਘਟਨਾ ਨੇ ਮੇਰੀ ਜ਼ਿੰਦਗੀ ਨੂੰ ਤਾਂ ਗੇੜਾ ਹੀ ਖਵਾ ਦਿੱਤਾ। ਅੰਗਰੇਜ਼ੀ ਵਾਲੇ ਮੈਡਮ ਜੀ ਨੇ ਕਿਸੇ ਕਾਰਨ ਛੇ ਦਿਨਾਂ ਤੋਂ ਪੀਰੀਅਡ ਨਾ ਲਗਾਇਆ। ਪੜ੍ਹਾਈ ਦਾ ਨੁਕਸਾਨ ਮੈਨੂੰ ਰੜਕਣ ਲੱਗ ਪਿਆ। ਭਾਵਨਾ ਦੇ ਵਹਿਣ ਵਿੱਚ ਮੈਂ ਬੇਬਾਕੀ ਕਰ ਬੈਠਿਆ, “ਮੈਡਮ ਜੀ ਅੱਜ ਤਾਂ ਪੜ੍ਹਾ ਦੋ ਜੀ! ਛੇ ਦਿਨ ਹੋ ਗਏ ਪੀਰੀਅਡ ਲੱਗੇ ਨੂੰ।”
ਬੱਸ ਫਿਰ ਕੀ ਸੀ, ਮੇਰੀ ਸ਼ਾਮਤ ਆ ਗਈ। ਜੋ ਮੇਰੇ ਨਾਲ ਵਾਪਰਿਆ, ਉਹ ਮੈਂ ਹੀ ਜਾਣਦਾ ਹਾਂ। ਅੱਜ ਤਕ ਨਹੀਂ ਭੁੱਲਿਆ। ਪੂਰੀ ਜਮਾਤ ਸਾਹਮਣੇ ਖੜ੍ਹਾ ਕੇ ਮੈਡਮ ਜੀ ਨੇ ਮੇਰੀ ਉਹ ਰੇਲ ਬਣਾਈ, ਜਿਸਦੀ ਕਦੇ ਮੈਂ ਕਲਪਨਾ ਵੀ ਨਹੀਂ ਸੀ ਕੀਤੀ। ਕੁੱਟਿਆ ਤਾਂ ਨਹੀਂ, ਪਰ ਘੜੀਸਿਆ ਰੱਜ ਕੇ। ਮੈਨੂੰ ਲੱਗ ਰਿਹਾ ਸੀ ਕਿ ਏਦੂੰ ਤਾਂ ਮੈਡਮ ਜੀ ਮੇਰੇ ਦਸ ਵੀਹ ਡੰਡੇ ਹੀ ਮਾਰ ਲੈਣ ਜਾਂ ਥੱਪੜ ਲਾ ਲੈਣ। ਉਸ ਵਕਤ ਮੈਂ ਆਪਣੇ ਆਪ ਨੂੰ ਦੁਨੀਆਂ ਦਾ ਵੱਡਾ ਗੁਨਾਹਗਾਰ ਮੰਨ ਰਿਹਾ ਸਾਂ। ਇੱਕ ਖਿਆਲ ਆਇਆ ਕਿ ਪੜਨੋ ਹਟ ਜਾਵਾਂ, ਜਾਂ ਸਕੂਲ ਛੱਡ ਜਾਵਾਂ। ਪਰ ਨਹੀਂ। ਹੋਰ ਕੀ ਕਰਾਂਗਾ? ਗਲਤੀ ਹੋ ਗਈ, ਫਿਰ ਕੀ ਆ। ਪਹਿਲਾਂ ਵੀ ਤਾਂ ਮੰਗੀਆਂ ਨੇ ਮਾਫੀਆਂ, ਕੋਈ ਗੱਲ ਨਹੀਂ, ਹੋਰ ਸੁਧਾਰ ਕਰਾਂਗਾ।
ਮੈਡਮ ਜੀ ਮੇਰੇ ਨਾਲ ਦੁਸ਼ਮਣੀ ਕੱਢਣ ਲੱਗ ਪਏ। ‘ਵੱਡਾ ਪੜ੍ਹਾਕੂ’ ਕਹਿ ਕੇ ਮੈਡਮ ਜੀ ਹਰ ਰੋਜ਼ ਗੱਲ ਮੇਰੇ ਤੋਂ ਹੀ ਸ਼ੁਰੂ ਕਰਦੇ ਤੇ ਮੇਰੇ ’ਤੇ ਹੀ ਖਤਮ। ਹੋਰ ਕਿਸੇ ਕੋਲੋਂ ਸਬਕ ਸੁਣਦੇ ਭਾਵੇਂ ਨਾ ਸੁਣਦੇ, ਪਰ ਮੇਰੇ ਕੋਲੋਂ ਵਾਰ ਵਾਰ ਸੁਣਦੇ। ਮੇਰਾ ਲਿਖਤੀ ਟੈਸਟ ਵੀ ਜ਼ਰੂਰ ਹੁੰਦਾ। ਨਿੱਕੀ ਮੋਟੀ ਗਲਤੀ ਵੇਲੇ ਵੀ ਮੇਰੀ ਤਹਿ ਲਾਈ ਜਾਂਦੀ।
ਮੇਰੀ ਸੰਵੇਦਨਸ਼ੀਲਤਾ ਮੈਨੂੰ ਵਾਰ ਵਾਰ ਅਹਿਸਾਸ ਕਰਵਾਉਂਦੀ ਕਿ ਮੈਂ ਗਲਤੀ ਕਰ ਬੈਠਾ ਹਾਂ, ਗਲਤੀ ਦਾ ਨਤੀਜਾ ਤਾਂ ਹੁਣ ਭੁਗਤਣਾ ਹੀ ਪੈਣਾ ਹੈ। ਬਹੁਤ ਮਾਫੀਆਂ ਮੰਗੀਆਂ, ਕਈ ਵਾਰ ਹੱਥ ਵੀ ਜੋੜੇ ਪਰ ਮੈਡਮ ਜੀ ਦਾ ਪਾਰਾ ਮੇਰੇ ਪ੍ਰਤੀ ਅਕਸਰ ਚੜ੍ਹਿਆ ਹੀ ਰਹਿੰਦਾ। ਮੈਂ ਹੋਰ ਵਿਸ਼ਿਆਂ ਦਾ ਕੰਮ ਭਾਵੇਂ ਘੱਟ ਕਰਦਾ ਪਰ ਅੰਗਰੇਜ਼ੀ ਦੇ ਕੰਮ ਦਾ ਸਿਰਾ ਕਰਾਈ ਰੱਖਦਾ। ਮੇਰੀ ਅੰਗਰੇਜ਼ੀ ਸੁਧਰਨੀ ਸ਼ੁਰੂ ਹੋ ਗਈ। ਬਾਕੀ ਵਿਸ਼ਿਆਂ ਵਿੱਚ ਵੀ ਫਰਕ ਪੈਣ ਲੱਗ ਪਿਆ ਭਾਵੇਂ ਦਬਾਅ ਕਾਰਨ ਹੀ ਸਹੀ। ਮੈਂ ਠਾਣ ਲਿਆ ਕਿ ਮੈਡਮ ਜੀ ਦੇ ਦਿਲ ਵਿੱਚੋਂ ਨਫਰਤੀ ਆਲਮ ਖਤਮ ਕਰਨਾ ਹੀ ਕਰਨਾ ਹੈ। ਪਾਣੀ ਪਿਲਾਉਣਾ, ਲੱਸੀ ਲਿਆਉਣਾ, ਟਿਫਨ ਫੜਨਾ, ਵਾਰ ਵਾਰ ਸੱਤ ਸ੍ਰੀ ਅਕਾਲ ਬੁਲਾਉਣਾ ਆਦਿ ਜਿਵੇਂ ਮੇਰਾ ਨਿੱਤ ਦਾ ਮੰਤਰ ਬਣ ਚੁੱਕਿਆ ਸੀ। ਕਈ ਵਾਰ ਤਾਂ ਮੈਂ ਮੈਡਮ ਜੀ ਦੇ ਪੈਰੀਂ ਹੱਥ ਵੀ ਲਾ ਦੇਣਾ। ਅਨੇਕਾਂ ਵਾਰ ਮੈਂਡਮ ਜੀ ਨੇ ਝਿੜਕਣਾ ਪਰ ਮੈਂ ਗੁੱਸਾ ਕਰਨ ਦੀ ਬਜਾਏ ਉਨ੍ਹਾਂ ਦੇ ਹੋਰ ਨੇੜੇ ਜਾਣਾ। ਸਤਿਕਾਰ ਕਰਨ ਵਿੱਚ ਕੋਈ ਕਸਰ ਨਾ ਛੱਡਣੀ। ਮੈਨੂੰ ਯਕੀਨ ਸੀ ਕਿ ਦਿਲੋਂ ਕੀਤੀ ਇਬਾਦਤ ਜ਼ਰੂਰ ਰੰਗ ਲਿਆਵੇਗੀ। ਪਿਆਰ ਕਰਾਂਗੇ ਤਾਂ ਹੀ ਪਿਆਰ ਮਿਲਣਾ ਹੈ।
ਅੰਗਰੇਜ਼ੀ ਵਿਸ਼ੇ ਵਿੱਚ ਮੇਰੀ ਦਿਲਚਸਪੀ ਵੀ ਵਧਦੀ ਗਈ। ਲਿਖਾਈ ਸੁਧਰਦੀ ਗਈ। ਕਾਪੀਆਂ ਵੀ ਪੂਰੀਆਂ। ਟੈਸਟਾਂ ਵਿੱਚੋਂ ਨੰਬਰ ਵੀ ਵਧਦੇ ਗਏ। ਗੱਲ ਕੀ, ਮੈਂ ਹਰ ਪਲੜਾ ਕਾਇਮ ਕਰਦਾ ਗਿਆ। ਰੱਜ ਕੇ ਸਤਿਕਾਰ ਵੀ ਕਰਦਾ। ਇਹ ਸਿਲਸਿਲਾ ਕਈ ਮਹੀਨੇ ਚਲਦਾ ਗਿਆ। ਮੈਂਨੂੰ ਆਪਣੇ ਆਪ ਵਿੱਚ ਵੀ ਵੱਡਾ ਸੁਧਾਰ ਹੁੰਦਾ ਮਹਿਸੂਸ ਹੁੰਦਾ। ਯਕੀਨ ਵੀ ਪੱਕਾ ਸੀ ਕਿ ਮੈਡਮ ਜੀ ਦਾ ਦਿਲ ਇੱਕ ਦਿਨ ਜ਼ਰੂਰ ਪਸੀਜੇਗਾ।
ਉਦੋਂ ਸੈਸ਼ਨ ਦਾ ਅਖੀਰਲਾ ਮਹੀਨਾ ਚੱਲ ਰਿਹਾ ਸੀ। ਮੈਡਮ ਜੀ ਨੇ ਮੈਨੂੰ ਸਟੇਜ ’ਤੇ ਬੁਲਾਇਆ। ਮੈਨੂੰ ਆਪਣੀ ਬੁੱਕਲ ਵਿੱਚ ਲੈ ਮਣਾਂ ਮੂੰਹੀਂ ਪਿਆਰ ਦਿੱਤਾ। ਮੇਰੀ ਪ੍ਰਸ਼ੰਸਾ ਕਰਨੀ ਸ਼ੁਰੂ ਕਰ ਦਿੱਤੀ। ਪਹਿਲਾਂ ਤਾਂ ਮੈਨੂੰ ਯਕੀਨ ਹੀ ਨਹੀਂ ਸੀ ਹੋ ਰਿਹਾ। ਮੈਡਮ ਜੀ ਬੋਲ ਰਹੇ ਸਨ, “ਮੈਂ ਇਸ ਨੂੰ ਜਾਣ ਬੁੱਝ ਕੇ ਬਹੁਤ ਤੰਗ ਕੀਤਾ। ਬੇਮਤਲਬਾ ਕਈ ਵਾਰ ਝਿੜਕਿਆ। ਬੇਇੱਜ਼ਤੀ ਵੀ ਕੀਤੀ। ਦੂਰ ਵੀ ਰੱਖਿਆ। ਪਰ ਇਸ ਸਭ ਦੇ ਬਾਵਜੂਦ ਇਸਨੇ ਮੈਨੂੰ ਖੁਸ਼ ਕਰਨ ਵਾਲੀ ਕੋਈ ਕਸਰ ਬਾਕੀ ਨਹੀਂ ਛੱਡੀ। ਸਤਿਕਾਰ ਕਰਨਾ, ਦੱਬ ਕੇ ਪੜ੍ਹਨਾ, ਵੱਧ ਅੰਕ ਪ੍ਰਾਪਤ ਕਰਨਾ ਵਿੱਚ ਵੀ ਕੋਈ ਕਮੀ ਨਹੀਂ ਰਹੀ। ਅੱਜ ਮੈਨੂੰ ਲਗਦਾ ਹੈ, ਪਿਆਰ ਸਤਿਕਾਰ ਅੱਗੇ ਨਫ਼ਰਤ ਹਾਰ ਗਈ ਹੈ। ਮੈਂ ਉਸ ਵਕਤ ਗਲਤ ਸੀ, ਇਹ ਆਪਣੀ ਥਾਂ ਠੀਕ। ਇਹਨੇ ਹਰ ਕਦਮ ’ਤੇ ਨਿਮਰਤਾ ਦਾ ਖਹਿੜਾ ਨਹੀਂ ਛੱਡਿਆ। ਮੇਰਾ ਦਿਲ ਜਿੱਤ ਲਿਆ।”
ਮੇਰਾ ਸਕੂਨ ਉਮੜ ਰਿਹਾ ਸੀ। ਮੈਡਮ ਜੀ ਕਹਿ ਰਹੇ ਸਨ, “ਇਸ ਵਰਗੇ ਵਿਦਿਆਰਥੀ ਬਣ ਕੇ ਦਿਖਾਓ, ਜ਼ਿੰਦਗੀ ਦੀਆਂ ਸਭ ਖੁਸ਼ੀਆਂ ਤੁਹਾਡੀ ਝੋਲੀ ਭਰਨਗੀਆਂ।
ਮੈਨੂੰ ਬੁੱਕਲ ਵਿੱਚ ਘੁੱਟਦਿਆਂ ਮੈਡਮ ਜੀ ਫਿਰ ਕਹਿਣ ਲੱਗੇ, “ਬੇਟਾ, ਤੈਂ ਮੈਨੂੰ ਪਿਆਰ ਕਰਨਾ ਸਿਖਾ ’ਤਾ। ਸੌਰੀ ਬੇਟਾ, ਮੈਂ ਤੈਨੂੰ ਤੰਗ ਕੀਤਾ। ... ਸੌਰੀ।”
ਮੈਡਮ ਜੀ ਦੀ ਭਾਵੁਕਤਾ ਰੁਕਣ ਦਾ ਨਾਂ ਨਹੀਂ ਸੀ ਲੈ ਰਹੀ, “ਮੈਂਨੂੰ ਯਕੀਨ ਹੈ ਕਿ ਚੜ੍ਹਦੀ ਕਲਾ ਵਾਲੀ ਨਿਆਰੀ ਸੋਚ ਤੈਨੂੰ ਹੋਰ ਮਹਾਨ ਬਣਾਵੇਗੀ। ਮੈਂ ਤੇਰੇ ਉੱਜਲ ਭਵਿੱਖ ਦੀ ਕਾਮਨਾ ਕਰਦੀ ਹਾਂ।”
ਮੈਂਡਮ ਜੀ ਦੇ ਕਹੇ ਇਹ ਸ਼ਬਦ ਮੈਨੂੰ ਦੁਨੀਆਂ ਦਾ ਸਭ ਤੋਂ ਉੱਤਮ ਤੋਹਫਾ ਮਹਿਸੂਸ ਹੋ ਰਹੇ ਸਨ। ਉਸ ਵਕਤ ਮੈਂ ਕਿੰਨਾ ਸਕੂਨ ਮਹਿਸੂਸ ਕਰ ਰਿਹਾ ਸਾਂ, ਬੱਸ ਮੈਂ ਹੀ ਜਾਣਦਾ ਹਾਂ। ਮੈਡਮ ਜੀ ਦੀ ਗਲਵੱਕੜੀ ਦਾ ਉਹ ਨਿੱਘ ਮੈਨੂੰ ਦੁਨੀਆਂ ਦਾ ਮਹਾਨ ਵਿਅਕਤੀ ਹੋਣ ਦਾ ਅਹਿਸਾਸ ਕਰਵਾ ਰਿਹਾ ਸੀ। ਮੈਂ ਪਿਆਰ ਅਤੇ ਸਤਿਕਾਰ ਜਿੱਤ ਚੁੱਕਿਆ ਸੀ। ਤਾੜੀਆਂ ਦੀ ਗੜਗੜਾਹਟ ਮੇਰੀ ਦ੍ਰਿੜ੍ਹਤਾ ਨੂੰ ਚਾਰ ਚੰਨ ਲਾ ਰਹੀ ਸੀ।
* * * * *
ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।
(5624)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)