“ਅਸਲ ਵਿੱਚ ਉਦਾਸੀ ਜੀ ਦੀ ਕਵਿਤਾ ਲੋਕ ਪੱਖੀ ਵਿਚਾਰਾਂ ਨਾਲ ਡਟ ਕੇ ਖੜ੍ਹਦੀ ਹੈ, ਲੋਕ ਵਿਰੋਧੀ ...”
(12 ਨਵੰਬਰ 2024)
ਮੈਂ ਨਹੀਂ ਹੋਵਾਂਗਾ, ਇਸਦਾ ਗ਼ਮ ਨਹੀਂ,
ਗੀਤ ਤਾਂ ਲੋਕਾਂ ਵਿੱਚ ਵਸਦੇ ਰਹਿਣਗੇ।
ਪੰਜਾਬ ਦੀ ਇਨਕਲਾਬੀ ਲਹਿਰ ਦੇ ਉੱਘੇ ਕਵੀ ਅਤੇ ਮੇਰੇ ਪਿਆਰੇ ਪਾਪਾ ਸੰਤ ਰਾਮ ਉਦਾਸੀ (20 ਅਪਰੈਲ 1939 - 6 ਨਵੰਬਰ 1986) ਦੇ ਗੀਤਾਂ ਦੀ ਹਰਮਨ ਪਿਆਰਤਾ ਅੱਧੀ ਸਦੀ ਬੀਤ ਜਾਣ ਦੇ ਬਾਵਜੂਦ ਜਿਉਂ ਦੀ ਤਿਉਂ ਬਰਕਰਾਰ ਹੈ। ਮੌਜੂਦਾ ਸਮਿਆਂ ਦੇ ਸਿਆਸੀ, ਆਰਥਿਕ, ਸਮਾਜਿਕ ਅਤੇ ਸੱਭਿਆਚਾਰਕ ਸਮੀਕਰਨਾਂ ਵਿੱਚ ਵੀ ਉਨ੍ਹਾਂ ਦਾ ਰਚਿਆ ਸਾਹਿਤ ਪ੍ਰਸੰਗਕ ਹੈ। ਇਸੇ ਕਰਕੇ ਉਨ੍ਹਾਂ ਦੀ ਕਵਿਤਾ ਦੀ ਖਿੱਚ ਅਜੇ ਵੀ ਮੱਠੀ ਨਹੀਂ ਪਈ। ਮਿਹਨਤੀ, ਲੜਾਕੂ, ਜੁਝਾਰੂ ਲੋਕਾਂ ਤੋਂ ਲੈ ਕੇ ਸੰਘਰਸ਼ਾਂ ਦੇ ਪਿੜਾਂ ਤਕ ਉਨ੍ਹਾਂ ਦੀ ਕਵਿਤਾ ਲੋਕਾਂ ਦੇ ਰੂਬਰੂ ਹੋ ਚੁੱਕੀ ਹੈ। ਕਾਰਨ ਬੜਾ ਸਾਫ ਹੈ ਕਿ ਉਨ੍ਹਾਂ ਜਿਸ ਜਮਾਤ ਨੂੰ ਸੰਬੋਧਿਤ ਹੋ ਕੇ ਲਿਖਿਆ ਤੇ ਜੀਵਿਆ, ਉਸ ਜਮਾਤ ਨੇ ਅੱਜ ਵੀ ਉਨ੍ਹਾਂ ਨੂੰ ਆਪਣੀਆਂ ਅੱਖਾਂ ’ਤੇ ਬਿਠਾਇਆ ਹੋਇਆ ਹੈ।
ਉਨ੍ਹਾਂ ਦੇ ਗੀਤਾਂ ਦੇ ਪਾਤਰ ਮਜ਼ਦੂਰ, ਕਿਸਾਨ ਜਿਨ੍ਹਾਂ ਹਾਲਾਤ ਵਿੱਚੋਂ ਲੰਘੇ ਅਤੇ ਹੁਣ ਵੀ ਲੰਘ ਰਹੇ ਹਨ, ਉਦਾਸੀ ਨੇ ਉਨ੍ਹਾਂ ਦੇ ਦੁੱਖਾਂ-ਤਕਲੀਫ਼ਾਂ ਦੀ ਨਬਜ਼ ਫੜ ਕੇ ਕਾਵਿ-ਰਚਨਾ ਕੀਤੀ ਸੀ। ਬਿਹਤਰ ਜਿਊਣ ਹਾਲਾਤ ਦੀ ਮੰਗ ਕਰਦਿਆਂ ਮਜ਼ਦੂਰ ਜਮਾਤ ਨੂੰ ਅੱਜ ਵੀ ਧਨਾਢ ਸ਼੍ਰੇਣੀ ਦੇ ਸਮਾਜਿਕ ਬਾਈਕਾਟ ਵਰਗੇ ਫ਼ਤਵੇ ਬਰਦਾਸ਼ਤ ਕਰਨੇ ਪੈ ਰਹੇ ਹਨ। ਅਜਿਹੇ ਸਮਾਜਿਕ ਬਾਈਕਾਟਾਂ ਨਾਲ ਸਮਾਜ ਵਿੱਚ ਕਤਾਰਬੰਦੀ ਹੋ ਰਹੀ ਹੈ। ਇੱਕ ਪਾਸੇ ਲੁੱਟਣ ਵਾਲੇ ਹਨ ਅਤੇ ਦੂਜੇ ਪਾਸੇ ਲੁੱਟੇ ਜਾਣ ਵਾਲੇ ਹਨ। ਲੁੱਟੇ ਜਾਣ ਵਾਲਿਆਂ ਦੀ ਬਾਂਹ ਫੜਨ ਲਈ ਘੱਟ ਸਰਗਰਮੀ ਹੋ ਰਹੀ ਹੈ। ਉੱਚੇ ਹੋਰ ਉੱਚੇ ਅਤੇ ਨੀਵੇਂ ਹੋਰ ਨੀਵੇਂ ਹੋ ਗਏ ਹਨ। ਅਜਿਹੇ ਹਾਲਾਤ ਵਿੱਚ ਮਜ਼ਦੂਰ ਜਮਾਤ ਕੋਲ ਸੰਘਰਸ਼ ਤੋਂ ਬਿਨਾਂ ਹੋਰ ਕੋਈ ਚਾਰਾ ਨਹੀਂ। ਇਨਕਲਾਬੀ ਕਵੀ ਪਾਸ਼ ਨੇ ਠੀਕ ਹੀ ਲਿਖਿਆ ਹੈ, “ਹੱਥ ਸਿਰਫ ਜੋੜਨ ਲਈ ਹੀ ਨਹੀਂ ਹੁੰਦੇ, ਗਿੱਚੀ ਮਰੋੜਨ ਲਈ ਵੀ ਹੁੰਦੇ ਹਨ।” ਇਸੇ ਤਰ੍ਹਾਂ ਉਦਾਸੀ ਜੀ ਨੇ ‘15 ਅਗਸਤ ਦੇ ਨਾਂ’ ਗੀਤ ਵਿੱਚ ਕਿਹਾ ਹੈ ਕਿ ਅਖੌਤੀ ਆਜ਼ਾਦੀ ਦੇ ਅਰਥ ਮਿਹਨਤਕਸ਼ ਜਮਾਤ ਲਈ ਬੇਮਾਇਨੇ ਹਨ। ਹੁਕਮਰਾਨਾਂ ਨੇ ਮਿਹਨਤਕਸ਼ ਲੋਕਾਈ ਨੂੰ ਸਦਾ ਅੱਖੋਂ ਪਰੋਖੇ ਕੀਤਾ ਹੈ:
ਉੱਚੀ ਕਰ ਕੇ ਆਵਾਜ਼ ਮਜ਼ਦੂਰ ਨੇ ਹੈ ਕਹਿਣਾ,
ਹਿੱਸਾ ਦੇਸ਼ ਦੀ ਆਜ਼ਾਦੀ ਵਿੱਚੋਂ ਅਸੀਂ ਵੀ ਹੈ ਲੈਣਾ।
ਉਦਾਸੀ ਦੇ ਗੀਤਾਂ ਵਿੱਚ ਆਰ-ਪਾਰ ਦੀ ਲੜਾਈ ਦਾ ਹੋਕਾ ਹੈ। ਉਨ੍ਹਾਂ ਆਪਣੇ ਗੀਤਾਂ ਵਿੱਚ ਮਜ਼ਦੂਰ ਜਮਾਤ ਨੂੰ ਚੇਤਨ ਕਰਨ ਲਈ ਬੌਧਿਕ ਅਤੇ ਕਲਾਤਮਿਕ ਢੰਗ ਨਾਲ ਆਰਾਂ ਮਾਰੀਆਂ। ਮੈਨੂੰ ਬਹੁਤ ਸਾਰੇ ਸਾਹਿਤਕ, ਇਨਕਲਾਬੀ ਸਮਾਗਮਾਂ ਵਿੱਚ ਜਾਣ ਦਾ ਮੌਕਾ ਮਿਲਦਾ ਹੈ। ਉੱਥੇ ਅਕਸਰ ਹੀ ਸਾਹਿਤਕਾਰ, ਆਲੋਚਕ ਇਹ ਮੁੱਦਾ ਉਠਾਉਂਦੇ ਹਨ ਕਿ ਪੰਜਾਬੀ ਪਾਠਕਾਂ ਦੀ ਗਿਣਤੀ ਬਹੁਤ ਘੱਟ ਹੈ ਜਾਂ ਫਿਰ ਪਾਠਕ ਸਾਹਿਤ ਪੜ੍ਹਦੇ ਨਹੀਂ। ਕੋਈ ਕਹਿੰਦਾ ਹੈ ਕਿ ਲੋਕਾਂ ਦੇ ਪੱਧਰ ਦਾ ਸਾਹਿਤ ਨਹੀਂ ਰਚਿਆ ਜਾ ਰਿਹਾ। ਹਕੀਕਤ ਇਹ ਹੈ ਕਿ ਲੋਕਾਂ ਦੇ ਨੇੜੇ ਰਹਿ ਕੇ ਰਚਿਆ ਸਾਹਿਤ ਹੀ ਲੋਕਾਂ ਵਿੱਚ ਪ੍ਰਵਾਨਿਤ ਹੁੰਦਾ ਹੈ। ਉਦਾਸੀ ਜੀ ਦੇ ਗੀਤਾਂ ਦੀ ਹਰਮਨ ਪਿਆਰਤਾ ਇਸਦਾ ਮੂੰਹ ਬੋਲਦਾ ਸਬੂਤ ਹੈ।
ਜਬਰ ਜ਼ੁਲਮ ਨਾਲ ਟੱਕਰ ਲੈਣ ਲਈ ਗੁਰੂ ਗੋਬਿੰਦ ਸਿੰਘ ਜੀ ਨੇ ਹਥਿਆਰਬੰਦ ਫੌਜ ਤਿਆਰ ਕੀਤੀ ਤੇ ਉਸ ਨੂੰ ਖਾਲਸਾ ਪੰਥ ਦਾ ਨਾਮ ਦਿੱਤਾ। ਉਦਾਸੀ ਜੀ ਦੀ ਕਵਿਤਾ ‘ਗੁਰੂ ਗੋਬਿੰਦ ਸਿੰਘ ਜੀ ਦਾ ਲੋਕਾਂ ਦੇ ਨਾਂ ਅੰਤਿਮ ਸੁਨੇਹਾ’ ਬਹੁਤ ਕੁਝ ਬਿਆਨ ਕਰਦੀ ਹੈ ਅਤੇ ਲੋਕ ਪੱਖੀ ਸੋਚ ਦੀ ਤਰਜਮਾਨੀ ਕਰਦੀ ਹੈ:
ਮੈਂ ਇਸੇ ਲਈ ਮੰਨਿਆ ਸੀ ਆਪਣੇ ਆਪ ਨੂੰ ਗੁਰੂ ਚੇਲਾ,
ਕਿ ਰਿਸ਼ਤਾ ਜੱਗ ਤੋਂ ਮਾਲਕ ਤੇ ਸੇਵਾਦਾਰ ਦਾ ਮੁੱਕ ਜਾਵੇ।
ਮੈਂ ਇਸੇ ਲਈ ਗੜ੍ਹੀ ਚਮਕੌਰ ਦੀ ਵਿੱਚ ਜੰਗ ਲੜਿਆ ਸੀ,
ਕਿ ਕੱਚੇ ਕੋਠੜੇ ਮੋਹਰੇ ਮਹਿਲ ਮਿਨਾਰ ਝੁਕ ਜਾਵੇ।
ਹਕੂਮਤੀ ਅਤੇ ਫਿਰਕੂ ਦਹਿਸ਼ਤਗਰਦੀ ਦੌਰਾਨ ਜਦੋਂ ਧੜਾਧੜ ਨਿਰਦੋਸ਼ ਲੋਕਾਂ ਦੇ ਕਤਲ ਹੋ ਰਹੇ ਸਨ ਤਾਂ ਅਜਿਹੇ ਦਰਦ ਨੂੰ ਉਦਾਸੀ ਨੇ ਇਉਂ ਪੇਸ਼ ਕੀਤਾ:
ਆਹ ਜਿਸਮ ਤਾਂ ਮੇਰੀ ਧੀ ਵਰਗਾ ਹੈ,
ਆਹ ਕੋਈ ਮੇਰੀ ਭੈਣ ਜਿਹਾ ਹੈ।
ਕਿਸ ਕਿਸ ਦਾ ਮੈਂ ਨਗਨ ਕੱਜੂੰਗਾ,
ਮੈਂ ਹੁਣ ਕਿਸ ਨੂੰ ਵਤਨ ਕਹੂੰਗਾ।
ਕੌਣ ਸਿਆਣ ਕਰੇ ਮਾਂ ਪਿਉ ਦੀ,
ਹਰ ਇੱਕ ਦੀ ਹੈ ਲਾਸ਼ ਇੱਕੋ ਜਿਹੀ।
ਕਿਸ ਕਿਸ ਲਈ ਮੈਂ ਕਫਨ ਲਊਂਗਾ,
ਮੈਂ ਹੁਣ ਕਿਸ ਨੂੰ ਵਤਨ ਕਹੂੰਗਾ।
ਅਸਲ ਵਿੱਚ ਉਦਾਸੀ ਜੀ ਦੀ ਕਵਿਤਾ ਲੋਕ ਪੱਖੀ ਵਿਚਾਰਾਂ ਨਾਲ ਡਟ ਕੇ ਖੜ੍ਹਦੀ ਹੈ, ਲੋਕ ਵਿਰੋਧੀ ਨੀਤੀਆਂ ਅਤੇ ਇਨ੍ਹਾਂ ਨੂੰ ਘੜਨ, ਲਾਗੂ ਕਰਨ ਵਾਲਿਆਂ ਨਾਲ ਸਿਰ ਵੱਢਵਾਂ ਵੈਰ ਰੱਖਣ ਦਾ ਸੱਦਾ ਵੀ ਦਿੰਦੀ ਹੈ। ਇਸੇ ਲਈ ਉਨ੍ਹਾਂ ਦੇ ਗੀਤ ਹਰ ਲੋਕ ਪੱਖੀ ਸੰਘਰਸ਼ ਦਾ ਸਿਖਰ ਹੋ ਨਿੱਬੜਦੇ ਹਨ। ਉਨ੍ਹਾਂ ਦੇ ਗੀਤਾਂ ਤੇ ਕਵਿਤਾਵਾਂ ਵਿੱਚ ਇੰਨੀ ਸਰਲਤਾ ਅਤੇ ਸੁਹਜ ਹੈ ਕਿ ਹਰ ਸਰੋਤੇ ਨੂੰ ਇਹ ਆਪਣੀ ਕਹਾਣੀ ਜਾਪਦੇ ਹਨ।
ਅੱਜ ਲੁੱਟੀ ਜਾ ਰਹੀ ਜਮਾਤ ਅੱਗੇ ਵੱਡੀਆਂ ਚੁਣੌਤੀਆਂ ਹਨ। ਸਮਾਜਿਕ ਨਾ-ਬਰਾਬਰੀ, ਆਰਥਿਕ ਕਾਣੀ ਵੰਡ, ਰੋਜ਼ੀ ਰੋਟੀ ਤੇ ਮਾਣ-ਸਨਮਾਨ ਵਰਗੇ ਅਨੇਕ ਗੰਭੀਰ ਸਵਾਲ ਮੂੰਹ ਅੱਡੀ ਖੜ੍ਹੇ ਹਨ। ਇਹ ਸਵਾਲ ਸਥਾਪਤ ਨਿਜ਼ਾਮ ਨੂੰ ਢਹਿ ਢੇਰੀ ਕਰਨ ਲਈ ਮਜ਼ਦੂਰ ਜਮਾਤ ਤੋਂ ਧੜੱਲੇ ਨਾਲ ਦੂਜੀ ਜੰਗੇ-ਆਜ਼ਾਦੀ ਵਿੱਚ ਕੁੱਦਣ ਦੀ ਮੰਗ ਕਰਦੇ ਹਨ। ਮਕਬੂਲ ਸ਼ਾਇਰ ਸੰਤ ਰਾਮ ਉਦਾਸੀ ਦੀ ਜੁਝਾਰੂ ਕਵਿਤਾ ਅੱਜ ਵੀ ਮਿਹਨਤਕਸ਼ ਜਮਾਤ ਨੂੰ ਆਪਣੇ ਮਸਲੇ ਖ਼ੁਦ ਹੱਲ ਕਰਨ ਲਈ ਸਥਾਪਤੀ ਨੂੰ ਵੰਗਾਰਨ ਦਾ ਸੱਦਾ ਦੇ ਰਹੇ ਹਨ।
* * * * *
ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।
(5437)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)