“ਸਮੁੱਚੇ ਸਮਾਜ ਦਾ ਭਲਾ ਸੋਚਣ ਵਾਲਾ ਮਨੁੱਖ ਹੀ ਇਨਸਾਨੀਅਤ ਲਈ ਮਸੀਹਾ ਹੁੰਦਾ ਹੈ। ਅਜਿਹੇ ਹੀ ਇੱਕ ਮਹਾਂ ਪੁਰਸ਼ ...”
(4 ਜੂਨ 2024)
ਇਸ ਸਮੇਂ ਪਾਠਕ: 345.
ਇਹ ਗੁਰੂਆਂ, ਪੀਰਾਂ, ਅਵਤਾਰਾਂ, ਫਕੀਰਾਂ, ਸਾਧਾਂ, ਸੰਤਾਂ, ਰਿਸ਼ੀਆਂ, ਮੁਨੀਆਂ. ਵਿਗਿਆਨੀਆਂ, ਸਾਹਿਤਕਾਰਾਂ, ਕਲਾਕਾਰਾਂ, ਸੂਰਮਿਆਂ, ਯੋਧਿਆਂ ਦੀ ਧਰਤੀ ਹੈ। ਇਸ ਧਰਤੀ ’ਤੇ ਹਰ ਪ੍ਰਕਾਰ ਦੇ ਇਨਸਾਨ ਨੇ ਜਨਮ ਲਿਆ ਹੈ। ਆਪਣੇ ਲਈ ਜਿਊਣ ਵਾਲੇ ਇਨਸਾਨ, ਆਪਣੇ ਘਰ-ਬਾਰ ਦੇ ਜੀਆਂ ਲਈ ਜਿਊਣ ਵਾਲੇ ਇਨਸਾਨ, ਆਪਣੇ ਪਿੰਡ, ਸ਼ਹਿਰ ਲਈ ਜਿਊਣ ਵਾਲੇ, ਆਪਣੇ ਧਰਮ ਲਈ ਜਿਊਣ ਵਾਲੇ ਇਨਸਾਨ, ਆਪਣੇ ਦੇਸ਼ ਲਈ ਜਿਊਣ ਵਾਲੇ ਇਨਸਾਨ ਪੈਦਾ ਹੁੰਦੇ ਹਨ ਪਰ ਟਾਵਾਂ ਵਿਰਲਾ ਹੀ ਉਹ ਇਨਸਾਨ ਜਨਮ ਲੈਂਦਾ ਹੈ ਜੋ ਸਮੁੱਚੀ ਮਨੁੱਖਤਾ ਲਈ ਜਿਊਣ ਦੀ ਤਾਂਘ ਰੱਖਦਾ ਹੋਵੇ, ਸਰਬੱਤ ਦਾ ਭਲਾ ਲੋਚਦਾ ਹੋਵੇ। ਸਮੁੱਚੇ ਸਮਾਜ ਦਾ ਭਲਾ ਸੋਚਣ ਵਾਲਾ ਮਨੁੱਖ ਹੀ ਇਨਸਾਨੀਅਤ ਲਈ ਮਸੀਹਾ ਹੁੰਦਾ ਹੈ। ਅਜਿਹੇ ਹੀ ਇੱਕ ਮਹਾਂ ਪੁਰਸ਼ ਨੇ ਸਾਰੀ ਦੁਨੀਆਂ ਵਿੱਚ ਮਾਨਵਤਾ ਦੀ ਸੇਵਾ ਦਾ ਬਿਗਲ ਵਜਾਇਆ ਹੈ, ਉਹ ਹਨ ਮਹਾਨ ਦੇਵਤਾ ਪੁਰਸ਼, ਪਿੰਗਲਵਾੜੇ ਨੂੰ ਸਮਰਪਤ ਅਤੇ ਪਿੰਗਲਵਾੜੇ ਦੇ ਬਾਨੀ ਭਗਤ ਪੂਰਨ ਸਿੰਘ ਜੀ।
ਭਗਤ ਪੂਰਨ ਸਿੰਘ ਜੀ ਦਾ ਜਨਮ 4 ਜੂਨ, 1904 ਈ: ਵਿੱਚ ਮਾਤਾ ਮਹਿਤਾਬ ਕੌਰ ਦੀ ਕੁੱਖੋਂ, ਪਿਤਾ ਲਾਲਾ ਸ਼ਿੱਬੂਮਲ ਦੇ ਘਰ ਖੰਨਾ ਸ਼ਹਿਰ ਨੇੜੇ ਪਿੰਡ ਰਾਜੇਵਾਲ, ਰੋਹਣੋ ਜ਼ਿਲ੍ਹਾ ਲੁਧਿਆਣਾ ਵਿੱਚ ਹੋਇਆ। ਉਨ੍ਹਾਂ ਦੀ ਮਾਤਾ ਜ਼ਿਮੀਦਾਰ ਸਿੱਖ ਪਰਿਵਾਰ ਨਾਲ ਸੰਬੰਧ ਰੱਖਦੀ ਸੀ ਤੇ ਪਿਤਾ ਵਿਉਪਾਰ ਕਰਦਾ ਸੀ, ਉਹ ਹਿੰਦੂ ਘਰਾਣੇ ਵਿੱਚੋਂ ਸੀ। ਭਗਤ ਪੂਰਨ ਸਿੰਘ ਜੀ ਦਾ ਬਚਪਨ ਦਾ ਨਾਮ ਰਾਮ ਜੀ ਦਾਸ ਸੀ। ਗੁਰਦੁਆਰਿਆਂ ਦੇ ਸੱਭਿਆਚਾਰ ਤੋਂ ਪ੍ਰਭਾਵਿਤ ਹੋ ਕੇ ਰਾਮ ਜੀ ਦਾਸ ਤੋਂ ਪੂਰਨ ਸਿੰਘ ਬਣ ਗਿਆ। ਗਿਆਨੀ ਕਰਤਾਰ ਸਿੰਘ ਜੀ ਨੇ ਪੂਰਨ ਸਿੰਘ ਦੇ ਨਾਂ ਅੱਗੇ ‘ਭਗਤ’ ਸ਼ਬਦ ਲਗਾ ਕੇ ਭਗਤ ਪੂਰਨ ਸਿੰਘ ਬਣਾ ਦਿੱਤਾ।
ਇੱਕ ਵਿਕਲਾਂਗ ਬੱਚੇ ਨੂੰ ਭਗਤ ਪੂਰਨ ਸਿੰਘ ਪਿੱਠ ’ਤੇ ਚੁੱਕ ਕੇ ਲਾਹੌਰ ਤੇ ਅੰਮ੍ਰਿਤਸਰ ਦੀਆਂ ਗਲੀਆਂ ਵਿੱਚ ਘੁੰਮਦੇ ਫਿਰਦੇ ਰਹਿੰਦੇ। ਉਹ ਘਰੋ-ਘਰੀਂ ਰੋਟੀਆਂ ਮੰਗਦੇ ਰਹੇ। ਅਨਾਥਾਂ, ਲਾਵਾਰਸਾਂ, ਬਿਮਾਰਾਂ ਦੀ ਦੇਖ-ਰੇਖ ਕਰਦੇ, ਅਬਲਾਵਾਂ, ਬੁੱਢਿਆਂ ਦਾ ਸਹਾਰਾ ਬਣਦੇ ਰਹੇ। ਹਮੇਸ਼ਾ ਰੇਲ ਗੱਡੀ ਦੇ ਤੀਸਰੇ ਦਰਜੇ ਵਿੱਚ ਸਫਰ ਕਰਨ ਵਾਲੇ ਨੇ ਟਾਂਗੇ, ਰਿਕਸ਼ੇ, ਸਾਇਕਲ ਦੀ ਹਮੇਸ਼ਾ ਸਵਾਰੀ ਕੀਤੀ। ਰਾਹ ਵਿੱਚ ਪਏ ਪੱਥਰ, ਰੋੜੇ, ਕੱਚ, ਕੂੜਾ ਆਦਿ ਨੂੰ ਹਮੇਸ਼ਾ ਚੁੱਕ ਕੇ ਕਿਸੇ ਵਿਹਲੀ ਥਾਂ ਸੁੱਟਦੇ। ਸੁੱਕੀ ਰੋਟੀ ਖਾ ਕੇ ਉੱਪਰ ਦੀ ਪਾਣੀ ਪੀਣ ਵਾਲੇ ਭਗਤ ਜੀ ਨੇ ਸਾਦਾ ਪਹਿਰਾਵਾ ਪਹਿਨਿਆਂ ਤੇ ਸਾਦਾ ਜੀਵਨ ਬਤੀਤ ਕੀਤਾ।
ਭਗਤ ਪੂਰਨ ਸਿੰਘ ਜੀ ਪਿੰਗਲਵਾੜੇ ਦੇ ਰੋਗੀਆਂ ਨੂੰ ਆਪਣੀ ਸੰਤਾਨ ਸਮਝਦੇ ਸਨ। ਆਪਣੀ ਸੰਤਾਨ ਲਈ ਉਹ ਹਮੇਸ਼ਾ ਹਰ ਪ੍ਰਕਾਰ ਦੀ ਕੁਰਬਾਨੀ ਦੇਣ ਲਈ ਤਿਆਰ ਰਹਿੰਦੇ ਸਨ। ਉਨ੍ਹਾਂ ਨੇ ਪ੍ਰਿੰਟਿੰਗ ਪ੍ਰੈੱਸ ਲਾਈ ਆਪਣੇ ਪਿੰਗਲਵਾੜੇ ਪਰਿਵਾਰ ਅਤੇ ਸਮਾਜ ਨੂੰ ਜਾਗਰਤ ਕਰਨ ਲਈ। ਉਹ ਸਾਰਾ-ਸਾਰਾ ਦਿਨ ਮੁਫ਼ਤ ਇਸ਼ਤਿਹਾਰ, ਕਿਤਾਬਚੇ ਵੰਡਦੇ ਰਹਿੰਦੇ ਸਨ। ਵਾਤਾਵਰਣ ਪ੍ਰਦੂਸ਼ਣ ਕਾਰਨ ਵੀ ਉਹ ਬਹੁਤ ਚਿੰਤਤ ਰਹਿੰਦੇ ਸਨ। ਭਗਤ ਜੀ ਨੇ ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖਤ ’ਤੇ ਆਕਰਮਣ ਹੋਣ ਕਰਕੇ ਅਤੇ ਬੇਕਸੂਰੇ ਲੋਕਾਂ ਦੇ ਮਾਰੇ ਜਾਣ ਕਰਕੇ ‘ਪਦਮ ਸ੍ਰੀ’ ਉਪਾਧੀ ਵਾਪਸ ਕਰ ਦਿੱਤੀ। ਭਗਤ ਜੀ ਸੰਗਤਾਂ ਦੇ ਪਿਆਰ ਤੇ ਸਤਿਕਾਰ ਨੂੰ ਉਪਾਧੀਆਂ ਨਾਲੋਂ ਅਨੇਕਾਂ ਗੁਣਾ ਵੱਡਾ ਸਮਝਦੇ ਸਨ।
ਭਗਤ ਪੂਰਨ ਸਿੰਘ ਜੀ ਵਾਰਡਾਂ, ਇਨਾਮਾਂ ਜਾਂ ਮਸ਼ਹੂਰੀਆਂ ਖਾਤਰ ਮਨੁੱਖਤਾ ਦੀ ਸੇਵਾ ਨਹੀਂ ਸਨ ਕਰਦੇ, ਸਗੋਂ ਮਨੁੱਖਤਾ ਦੀ ਸੇਵਾ ਨੂੰ ਉਹ ਆਪਣਾ ਧਰਮ ਸਮਝਦੇ ਸਨ। ਉਨ੍ਹਾਂ ਗੁਰਦੁਆਰਾ ਡੇਹਰਾ ਸਾਹਿਬ ਲਾਹੌਰ ਵਿੱਚ 24 ਸਾਲ ਬਿਤਾਏ। ਉਨ੍ਹਾਂ ਦੇ ਕੀਤੇ ਨਵੇਕਲੇ ਕੰਮਾਂ ਦੀ ਸੁਗੰਧ ਵਿਸ਼ਵ ਦੇ ਕੋਨੇ-ਕੋਨੇ ਤਕ ਪੁੱਜਦੀ ਹੈ। ਭਗਤ ਜੀ ਇੱਕ ਚੰਗੇ ਲੇਖਕ ਅਤੇ ਚੰਗੇ ਬੁਲਾਰੇ ਸਨ। ਉਨ੍ਹਾਂ ਨੂੰ ਅਥਾਹ ਗਿਆਨ ਸੀ। ਉਨ੍ਹਾਂ ਲਾਹੌਰ ਤੇ ਅੰਮ੍ਰਿਤਸਰ ਦੀਆਂ ਸੜਕਾਂ ਉੱਤੇ ਫਿਰਦਿਆਂ ‘ਮਾਸਟਰ ਆਫ ਪੀਪਲਜ਼ ਸਰਵਿਸ’ ਦੀ ਡਿਗਰੀ ਲਈ।
ਭਗਤ ਪੂਰਨ ਸਿੰਘ ਜੀ ਯਤੀਮਾਂ, ਵਿਧਵਾਵਾਂ, ਅਪਾਹਜਾਂ, ਰੋਗੀਆਂ, ਬੁੱਢਿਆਂ, ਬੇਆਸਰਿਆਂ ਦਾ ਆਸਰਾ, ਮਸੀਹਾ ਸੀ। ਉਨ੍ਹਾਂ ਨੇ ਮਾਨਵ ਕਲਿਆਣ ਦੇ ਪਿੰਗਲਵਾੜੇ ਵਰਗੇ ਵੱਡੇ ਕਾਰਜ ਕੀਤੇ, ਜਿਸਦੀ ਮਿਸਾਲ ਅੱਜ ਕਾਇਮ ਹੈ। ਅੰਤ 5 ਅਗਸਤ, 1992 ਈ: ਨੂੰ ਬਾਅਦ ਦੁਪਹਿਰ ਭਗਤ ਪੂਰਨ ਸਿੰਘ ਜੀ ਸਤਿਗੁਰੂ ਜੀ ਦੇ ਚਰਨਾਂ ਵਿੱਚ ਜਾ ਬਿਰਾਜੇ। ਅੱਜ ਉਨ੍ਹਾਂ ਦੀ ਧਰਮ ਪੁੱਤਰੀ ਡਾ. ਬੀਬੀ ਇੰਦਰਜੀਤ ਕੌਰ ਉਨ੍ਹਾਂ ਦੇ ਕਾਰਜਾਂ ਦੀ ਵਾਗਡੋਰ ਸੰਭਾਲ ਰਹੀ ਹੈ। ਭਗਤ ਪੂਰਨ ਸਿੰਘ ਜੀ ਦੇ ਕੀਤੇ ਕਾਰਜਾਂ ਦੀ ਮਹਿਕ ਰਹਿੰਦੀ ਦੁਨੀਆਂ ਤਕ ਫੈਲਦੀ ਰਹੇਗੀ। ਅਜਿਹੇ ਯੁਗ ਪੁਰਸ਼ ਨੂੰ ਸਲਾਮ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(5022)
ਸਰੋਕਾਰ ਨਾਲ ਸੰਪਰਕ ਲਈ:(This email address is being protected from spambots. You need JavaScript enabled to view it.)