SunnyDhaliwal7ਵੀਰੇ ਦਾਕੱਪ ਵਾਲਾ ਹੱਥ ਕੰਬਣ ਲੱਗਿਆ ... ਚਾਹ ਡੁੱਲ੍ਹਣ ਲੱਗੀ ... ਵੀਰੇ ਨੇ ਨੀਵੀਂ ਪਾ ਲਈ ...
(4 ਮਈ 2024)
ਇਸ ਸਮੇਂ ਪਾਠਕ: 300.


(1)       ਚੂੰਢੀ

ਮੈਂ ‘ਲੋਪੋ’ ਕਾਲਜ ਵਿੱਚ ਪੜ੍ਹਦੀ ਸੀ
ਰਣਸੀਂਹ’ ਪਿੰਡ ਤੋਂ ਰੋਜ਼ ਆਇਆ ਜਾਇਆ ਕਰਦੀ ਸੀ
ਮੱਠੀ ਮੱਠੀ ਧੁੱਪ ਸੀ
ਕਾਲਜ ਤੋਂ ਆ ਕੇ,
ਮੈਂ ਵਿਹੜੇ ਵਿੱਚ ਲੱਗੀ ਧਰੇਕ ਦੀ ਛਾਵੇਂ ਬੈਠ ਗਈ
ਸਾਡੀ ਕੰਮ ਕਰਨ ਵਾਲੀ ‘ਚਾਚੀ ਜੀਤੋ’ ਨੇ,
ਗਰਮ ਗਰਮ ਚਾਹ ਦਾ ਕੱਪ ਹੱਥ ਫੜਾਇਆ,
ਤੇ ਕਹਿੰਦੀ!
ਜੇ ਬਹੁਤੀ ਥੱਕੀ ਹੋਈ ਹੈਂ ਤਾਂ
ਤੇਰੀਆਂ ਲੱਤਾਂ ਘੁੱਟ ਦਿਆਂ?

ਮੈਂ ਕਿਹਾ, ਨਹੀਂ ਚਾਚੀਂ

ਚਾਹ ਦੀ ਘੁੱਟ ਭਰੀ ਹੀ ਸੀ
ਵੀਰੇ ਦਾ ਠੁੱਕ ਠੁੱਕ ਕਰਦਾ
ਮੋਟਰਸਾਈਕਲ ਆ ਗਿਆ

ਚਾਚੀ ਜੀਤੋ ਨੇ ਉਸ ਨੂੰ ਵੀ ਚਾਹ ਫੜਾਈ
ਉਸ ਨੇ ਚਾਹ ਦਾ ਘੁੱਟ ਭਰਕੇ, ਗਲ਼ਾ ਸਾਫ਼ ਕੀਤਾ
ਖਾਲ਼ੀ ਹੱਥ ਨਾਲ ਮੁੱਛ ਨੂੰ ਵੱਟ ਚਾੜ੍ਹਿਆ
ਪੁੱਛਦਾ!
ਬੜੀ ਟੇਢੀ ਜਿਹੀ ਬੈਠੀ ਹੈਂ
,
ਆਰਾਮ ਨਾਲ ਬੈਠ
ਨਾਲੇ ਅੱਜ ਬੜੀ ਚੁੱਪ-ਚਾਪ ਹੈਂ,
ਕੀ ਗੱਲ ਹੈ?

ਕੁਝ ਨਹੀਂ!

ਕੁਝ ਤਾਂ ਹੈ!
ਤੇਰੀ ਜ਼ਬਾਨ ਡਾਂਨਸ ਕਰਨ ਤੋਂ ਬਿਨਾਂ
ਤਾਂ ਰਹਿ ਨਹੀਂ ਸਕਦੀ

ਕੀ ਅੱਜ ਬਹੁਤ ਥੱਕ ਗਈ ਹੈਂ?
ਜਾਂ ਫਿਰ ਪੇਪਰਾਂ ਦੇ ਫ਼ਿਕਰ ਵਿੱਚ
ਗੁਆਚੀ ਬੈਠੀ ਹੈਂ?

ਪਤਾ ਨਹੀਂ, ਬੜਾ ਰੋਕਣ ’ਤੇ ਵੀ
ਮੇਰੇ ਹੰਝੂ ਪਰਲ ਪਰਲ ਡਿਗਣ ਲੱਗੇ
ਸਰੀਰ ਵਿੱਚ ਥੋੜ੍ਹੀ ਝਰਨਾਹਟ ਜਿਹੀ ਹੋਈ
ਉਸਨੇ ਆਪਣੀ ਕੁਰਸੀ ਥੋੜ੍ਹੀ ਮੇਰੇ ਵੱਲ ਨੂੰ ਸਰਕਾਈ
ਮੇਰੇ ਹੱਥ ’ਤੇ ਹੱਥ ਰੱਖਿਆ
ਪੁੱਛਿਆ!
ਕਿਸੇ ਨੇ ਕੁਝ ਕਿਹਾ ਹੈ
?
ਜਲਦੀ ਦੱਸ

ਸਾਲ਼ੇ ਦੇ ਡੱਕਰੇ ਕਰ ਦਿਆਂਗੇ
ਚੱਲ ਹੁਣ ਦੱਸ ਕੀ ਹੋਇਆ
?
ਤੈਨੂੰ ਮੇਰੀ ਸਹੁੰ

ਮੈਂ ਉਹਦੇ ਵੱਲ ਦੇਖਿਆ
ਮੈਂ ਕਿਹਾ, ਮੈਂ ਅੱਜ ਕੁਝ ਨਹੀਂ ਦੱਸਣਾ
ਸਿਰਫ਼ ਤੇ ਸਿਰਫ਼ ਪੁੱਛਣਾ ਹੈ
?

ਜ਼ਰੂਰ ਪੁੱਛ!
ਬੇਝਿਜਕ ਹੋ ਕੇ ਪੁੱਛ

ਕੀ ਤੂੰ ਸੱਚੋ ਸੱਚ ਦੱਸੇਂਗਾ?

ਹਾਂ, ਬਿਲਕੁਲ!

ਤੈਨੂੰ ਮੇਰੀ ਸਹੁੰ!

ਚੱਲ ਹੁਣ ਤੂੰ ਪੁੱਛ ਵੀ ਸਹੀ
ਕਿ ਬੁਝਾਰਤਾਂ ਹੀ ਪਾਈ ਜਾਵੇਂਗੀ

ਮੈਂ ਫਿਰ ਉਸਦੀਆਂ ਅੱਖਾਂ ਵੱਲ ਦੇਖਿਆ
ਮੈਂ ਕੁਝ ਨਹੀਂ ਬੋਲੀ
ਮੇਰੀ ਬਾਂਹ ਹਿਲਾ ਕੇ ਕਹਿੰਦਾ, ਚੱਲ ਪੁੱਛ ਹੁਣ!ਙ

ਵੀਰੇ! ਤੂੰ ਕਦੀ ਬੱਸ ਵਿੱਚ
ਕਿਸੇ ਕੁੜੀ ਦੇ ਚੂੰਢੀ ਵੱਢੀ ਹੈ?

ਵੀਰੇ ਦਾ, ਕੱਪ ਵਾਲਾ ਹੱਥ ਕੰਬਣ ਲੱਗਿਆ
ਚਾਹ ਡੁੱਲ੍ਹਣ ਲੱਗੀ
ਵੀਰੇ ਨੇ ਨੀਵੀਂ ਪਾ ਲਈ
ਆਪਣੇ ਬੂਟਾਂ ਨਾਲ ਮਿੱਟੀ ਖੁਰਚਣ ਲੱਗਿਆ

ਉਸਨੇ ਹੌਲ਼ੀ ਹੌਲ਼ੀ ਮੂੰਹ ਉਤਾਂਹ ਚੁੱਕਿਆ
ਫਿਰ ਉਸਨੇ ਮੇਰੇ ਵੱਲ ਤੱਕਿਆ
ਫਿਰ ਨੀਵੀਂ ਪਾ ਲਈ
ਫਿਰ ਕਹਿੰਦਾ!
ਹਾਂ!

ਵੀਰੇ ਅੱਜ ਤੋਂ ਬਾਅਦ!
ਕਿਸੇ ਵਿਚਾਰੀ ਕੁੜੀ ਦੇ ਚੂੰਢੀ ਨਾ ਵੱਢੀਂ
ਤਾਂ ਹੀ ਮੈਂ ਟੇਢੀ ਜਿਹੀ ਬੈਠੀ ਹਾਂ
ਮੇਰੇ ਬਹੁਤ ਦਰਦ ਹੁੰਦੀ ਹੈ!

ਮੇਰੇ ਬਹੁਤ ਦਰਦ ਹੁੰਦੀ ਹੈ!!

        *   *   *

(2)  ਤੱਤੀ ਤਵੀ

ਮੈਂ ਸੋਚਦਾਂ
ਮੈਂ ਬਹੁਤ ਸੋਚਦਾਂ

ਭਾਵੇਂ ‘ਸੰਨੀ ਡੇਅ’ ਹੋਵੇ
ਜਾਂ ਨਾ ਹੋਵੇ
ਮੈਂ ਇਸ ਬਾਰੇ ਸੋਚਦਾ ਹਾਂ

ਆਲੇ ਦੁਆਲੇ ਦੇਖਦਾ ਹਾਂ
ਕਾਫ਼ੀ ਘੋਖਦਾ ਹਾਂ
ਗੰਜੇ ਸਿਰ ਨੂੰ ਖੁਰਕਦਾ ਹਾਂ

ਜਦੋਂ ਗੁਰੂ ਸਾਹਿਬ ਤੱਤੀ ਤਵੀ ’ਤੇ
ਬੈਠਣ ਲਈ ਤੁਰ ਪਏ

ਉਦੋਂ ਉਨ੍ਹਾਂ ਦੇ ਮਨ ਵਿੱਚ
ਕੀ ਵਾਪਰਦਾ ਹੋਵੇਗਾ?

ਮੇਰੀ ਇੰਨੀ ਸਮਰੱਥਾ ਨਹੀਂ
ਕਿ ਮੈਂ ਉਹਨਾਂ ਦੇ ਮਨ ਦੀ ਅਵਸਥਾ ਬਾਰੇ
ਕੋਈ ਅਨੁਮਾਨ ਲਾ ਸਕਾਂ
ਹਾਂ

ਉਹਨਾਂ ਨੇ ਅਵੱਸ਼ ਹੀ
ਮਨ ਜਿੱਤਿਆ ਹੋਵੇਗਾ’
ਉਨ੍ਹਾਂ ਨੂੰ ਸੈਂਟੀਗ੍ਰੇਡ ਤੇ ਫੈਰਨਹਾਈਟ
ਬਾਰੇ ਭਾਵੇਂ ਨਾ ਪਤਾ ਹੋਵੇ
ਪਰ ਤਵੀ ਦੀ ਤਪਸ਼ ਬਾਰੇ
ਜਰੂਰ ਪਤਾ ਹੋਵੇਗਾ

ਲਾਲ ਲਾਲ ਤਵੀ ਜ਼ਰੂਰ ਦਿਸੀ ਹੋਵੇਗੀ
ਪੀੜ ਦਾ ਅਹਿਸਾਸ
ਤਾਂ ਪਹਿਲਾਂ ਹੋਇਆ ਹੀ ਹੋਵੇਗਾ
ਫਿਰ ਵੀ
ਕਿਹੜੇ ਸਿਦਕ ਸਦਕਾ
ਤੱਤੀ ਤਵੀ ’ਤੇ ਜਾ ਬੈਠੇ ਹੋਣਗੇ
?
ਮੈਂ ਬਹੁਤ ਸੋਚਦਾਂ
ਆਪਣੇ ਦਿਮਾਗ਼ ਨੂੰ ਖੁਰਚਦਾ ਹਾਂ

ਕੋਈ ਗ੍ਰਾਫ਼ ਬਣਾਉਣ ਦੀ ਕੋਸ਼ਿਸ਼ ਕਰਦਾ ਹਾਂ
ਐਕਸਟਰਾਪੋਲੇਟ ਕਰਕੇ

ਸਮਝਣ ਲਈ ਹੱਥ ਪੈਰ ਮਾਰਦਾ ਹਾਂ
ਪਰ ਮੇਰੀ ਸੋਚ ਬੌਣੀ ਹੈ

ਜਿਨ੍ਹਾਂ ਨੇ ਗੁਰੂ ਸਾਹਿਬ ਨੂੰ
ਤੱਤੀ ਤਵੀ ’ਤੇ ਬਿਠਾਇਆ
ਉਹ ਉਦੋਂ ਕੀ ਸੋਚਦੇ ਹੋਣਗੇ?
ਕੀ ਉਹ ਅਸਹਿਣਸ਼ੀਲ ਸਨ?
ਕੀ ਉਹ ਅੱਤ ਦੇ ਮਨੋਰੋਗੀ ਸਨ?
ਜਾਂ ਤਸ਼ੱਦਦ ਕਰਨਾ
ਉਹਨਾਂ ਦਾ ਵਿਵਹਾਰ ਸੀ
ਕੀ ਉਨ੍ਹਾਂ ਦੇ ਧਰਮ ਵਿੱਚ

ਇਸ ਤਰ੍ਹਾਂ ਦੇ ਅੱਤਿਆਚਾਰ ਦੀ ਖੁੱਲ੍ਹ ਸੀ/ਹੈ?
ਕੀ ਉਨ੍ਹਾਂ ਦਾ ਰੱਬ ਇਸ ਜ਼ੁਲਮ ਦੇ ਹੱਕ ਵਿੱਚ ਸੀ/ਹੈ?
ਜੇ ਉਹ ਪਰਿਵਾਰਾਂ ਵਾਲ਼ੇ ਸਨ
?
ਤਾਂ ਉਨ੍ਹਾਂ ਦੇ ਪਰਿਵਾਰਾਂ ਨੇ
ਲਾਹਅਨਤਾਂ ਨਹੀਂ ਪਾਈਆਂ ਹੋਣੀਆਂ
?
ਉਹ ਬਿਸਤਰਿਆਂ ਵਿੱਚ ਕਿਵੇਂ ਸੁੱਤੇ ਹੋਣਗੇ?
ਮੈਂ ਸੋਚਦਾਂ
ਪਰ ਮੇਰੀ ਸੋਚ ਬੌਣੀ ਹੈ

ਹੁਣ ਵੀ
ਲੋਕਾਂ ਦੇ ਹੱਕਾਂ ਦਾ ਘਾਣ
ਕੀਤਾ ਜਾ ਰਿਹਾ ਹੈ

ਮੈਂ ਅੰਮ੍ਰਿਤ ਛਕਿਆ ਹੈ
ਸਿੰਘ ਸਜਿਆ ਹਾਂ
ਕੀ ਮੈਂ ਸੱਚਮੁੱਚ ਗੁਰਮੁਖ ਹਾਂ?
ਕੀ ਮੈਂ ਮਨ ਜਿੱਤ ਲਿਆ ਹੈ?
ਕੀ ਮੈਂ ਸ਼ੇਰ ਬਣ ਗਿਆ ਹਾਂ?
ਕੀ ਮੈਂ ‘ਤੱਤੀ ਤਵੀ ’ਤੇ ਬੈਠਣ ਲਈ
ਤਿਆਰ ਹਾਂ ਜਾਂ ਡਰਦਾ ਹਾਂ
?
ਜੇ ਮੈਂ ਤਿਆਰ ਹੋ ਜਾਵਾਂ
ਕੀ ‘ਜੂਨ-ਚੁਰਾਸੀ’ ਕੱਟੀ ਜਾਵੇਗੀ
?

ਮੈਨੂੰ ਖੁਦ ਸਮਝ ਨਹੀਂ ਆਉਂਦੀ?
ਮੈਂ ਸਿਰ ਖੁਰਕਦਾ ਹਾਂ
ਸਮਝਣ ਦੀ ਕੋਸ਼ਿਸ਼ ਕਰਦਾ ਹਾਂ
ਪਰ ਮੇਰੀ ਸਮਝ ਬੌਣੀ ਹੈ

ਘਰ ਵਾਲੀ ਕਹਿੰਦੀ ਹੈ
ਤੂੰ ਪਾਗਲ ਹੈਂ!
ਮਹਾਂ ਬੇਵਕੂਫ਼ ਹੈ!
ਬੁੱਧੂ ਹੈ!
ਇਸ ਤਰ੍ਹਾਂ ਕੌਣ ਸੋਚਦਾ ਹੈ
?
ਇਸ ਸ਼ਹੀਦੀ ਦਿਨ ਬਾਰੇ
ਦੋ ਕੁ ਸਤਰਾਂ ਲਿਖ
ਫੇਸਬੁਕ ’ਤੇ ਚਾੜ
ਕਿਸੇ ਪੇਪਰ ਨੂੰ ਮੇਲ ਕਰ
ਖੰਡ ਵਾਲਾ ਪਾਣੀ ਪੀ
ਅਵਾਰਡ ਸਨਮਾਨ ਮਿਲਣ ਲਈ ਅਰਦਾਸ ਕਰ
ਏ ਸੀ ਚਲਾ
ਤੇ ਬਿਸਤਰੇ ਵਿੱਚ ਜਾ ਕੇ ਸੌਂ ਜਾ

ਮੈ ਸੋਚਦਾਂ ਕਿ ਹੁਣ
ਹੋਰ ਕਿਸ ਕਿਸ ਦੀ ਸੋਚ ਬੌਣੀ ਹੈ
?
ਮੇਰੀ ਤਾਂ ਸੋਚ ਬੌਣੀ ਹੈ

*   *   *   *   *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4938)
(ਸਰੋਕਾਰ ਨਾਲ ਸੰਪਰਕ ਲਈ:
(This email address is being protected from spambots. You need JavaScript enabled to view it.)

About the Author

ਸਨੀ ਧਾਲੀਵਾਲ

ਸਨੀ ਧਾਲੀਵਾਲ

Edmonton, Alberta, Canada.
Phone: (204 - 979 - 6757)