JaswinderSinghDr7ਕਿਸੇ ਵੀ ਪੁਸਤਕ ਮੇਲੇ ਵਿਚ ਇੰਨੀ ਰੌਣਕਇੰਨੇ ਉਤਸ਼ਾਹ ਅਤੇ ਜਸ਼ਨਾਂ ਵਾਲਾ ਮਾਹੌਲ ਨਹੀਂ ਵੇਖਿਆ ...
(23 ਅਕਤੂਬਰ 2016)

 

ਇਸ ਵਰ੍ਹੇ ਦੇ ਮੌਸਮੀ ਉਤਸਵਾਂ ਅਤੇ ਜਸ਼ਨਾਂ ਦਾ ਮੁੱਢ ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੇ ਸਾਹਿਤ ਅਤੇ ਸਭਿਆਚਾਰ ਉਤਸਵ ਨਾਲ ਬੰਨ੍ਹ ਦਿੱਤਾ ਹੈ। ਸਮਾਜ ਅਤੇ ਜ਼ਿੰਦਗੀ ਨੂੰ ਬਿਹਤਰ, ਖੂਬਸੂਰਤ ਅਤੇ ਚਾਵਾਂ-ਸੁਖਾਵਾਂ ਭਰਿਆ ਬਣਾਉਣ ਵਾਲੇ ਹਰ ਸ਼ਖ਼ਸ ਦੀ ਇਹੀ ਚਾਹਤ ਹੈ ਕਿ ਇਹ ਸਦਾ ਬਹਾਰ ਮੌਸਮ ਵੱਡੀਆਂ ਬੁਲੰਦੀਆਂ ਛੂਹਵੇ। ਪੁਸਤਕ ਮੇਲੇ ਦੇ ਹਰ ਦਿਨ ਤੀਹ ਹਜ਼ਾਰ ਦੇ ਕਰੀਬ ਆਏ ਪੁਸਤਕ ਪ੍ਰੇਮੀ ਇਸਦਾ ਉਜਵਲ ਪ੍ਰਮਾਣ ਬਣੇ। 83 ਦੇ ਕਰੀਬ ਆਏ ਪ੍ਰਕਾਸ਼ਕ ਇਹੀ ਸਲਾਹ ਦੇਂਦੇ ਸੁਣੇ ਗਏ ਕਿ ਐਸਾ ਉਤਸਵ ਹਰ ਸਾਲ ਮਨਾਇਆ ਜਾਵੇ, ਐਸਾ ਪੁਸਤਕ ਮੇਲਾ ਵਾਰ-ਵਾਰ ਲੱਗੇ। ਪ੍ਰਕਾਸ਼ਕ ਪ੍ਰਬੰਧਕਾਂ ਤੋਂ ਵਾਰ-ਵਾਰ, ‘ਫਿਰ ਕਦ ਬੁਲਾਓਗੇ’ ਪੁੱਛਦੇ ਸੁਣੇ ਗਏ। ਉਨ੍ਹਾਂ ਦੀਆਂ ਆਸਾਂ-ਉਮੀਦਾਂ ਤੋਂ ਕਿਤੇ ਵੱਧ ਪੁਸਤਕਾਂ ਦੀ ਵਿਕਰੀ ਹੋਈ। ਕਈਆਂ ਪ੍ਰਕਾਸ਼ਕਾਂ ਦੀਆਂ ਕਈ-ਕਈ ਪੁਸਤਕਾਂ ਦੇ ਲਿਆਂਦੇ ਸਟਾਕ ਖਤਮ ਹੋ ਗਏ। ਆਰਸੀ ਪ੍ਰਕਾਸ਼ਨ ਦਾ ਮਾਲਕ ਰਣਜੀਤ ਸਿੰਘ ਕਹਿ ਰਿਹਾ ਸੀ, ‘ਹੋਰ ਪੁਸਤਕ ਮੇਲਿਆਂ ਵਿਚ ਜੇ 10 ਜਣੇ ਪੁਸਤਕਾਂ ਵੇਖਣ ਆਉਂਦੇ ਹਨ ਤਾਂ ਦੋ ਜਣੇ ਹੀ ਖਰੀਦ ਕਰਦੇ ਹਨ, ਪਰ ਇਸ ਮੇਲੇ ਵਿਚ 10 ਵਿੱਚੋਂ 8 ਪੁਸਤਕਾਂ ਖਰੀਦਦੇ ਹਨ। ਮੇਰੇ ਕਈ ਟਾਈਟਲ ਤਾਂ ਦੂਸਰੇ ਦਿਨ ਹੀ ਮੁੱਕ ਗਏ, ਹੁਣ ਮੈਂ ਕੀ ਕਰਾਂ।’ ਨੌਜਵਾਨ ਪੀੜ੍ਹੀ ਵਾਰ-ਵਾਰ ਚਾਵਾਂ ਅਤੇ ਖੁਸ਼ੀਆਂ ਨਾਲ ਡਾ. ਧਨਵੰਤ ਕੌਰ ਨੂੰ ਪੁੱਛਦੀ ਰਹੀ ਕਿ ਫਿਰ ਕਦ ਇਹ ਉੱਦਮ ਕਰੋਗੇ?

ਇਹ ਸੁਨਹਿਰੀ ਮੌਕਾ ਬਣਿਆ, ਪਬਲੀਕੇਸ਼ਨ ਬਿਊਰੋ ਦੀ ਗੋਲਡਨ ਜੁਬਲੀ ਬਦੌਲਤ। ਅਮੁੱਕ ਪ੍ਰੇਰਨਾ ਬਣੀ ਡਾ. ਜਸਪਾਲ ਸਿੰਘ, ਵਾਈਸ-ਚਾਂਸਲਰ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੀ ਵਿਜ਼ਨਰੀ ਸੋਝੀ ਅਤੇ ਪੰਜਾਬੀਅਤ ਨੂੰ ਨਵੀਆਂ ਬੁਲੰਦੀਆਂ ਤੇ ਪਹੁੰਚਾਣ ਦੀ ਅਥਾਹ ਤਾਂਘ! ਇਸਦੀ ਪਰਿਕਲਪਨਾ ਅਤੇ ਰੂਹੇ-ਰਵਾਂ ਬਣੇ ਪਬਲੀਕੇਸ਼ਨ ਬਿਊਰੋ ਦੇ ਪ੍ਰੋਫ਼ੈਸਰ ਇੰਚਾਰਜ ਡਾ. ਧਨਵੰਤ ਕੌਰ। ਪੰਜਾਬੀ ਯੂਨੀਵਰਸਿਟੀ, ਪਟਿਆਲ ਦੇ ਵਿਹੜੇ ਸਜਿਆ ਇਹ ਸੁਗੰਧੀਆਂ ਵੰਡਦਾ ਪਟਿਆਲਾ ਪੁਸਤਕ ਮੇਲਾ ਨੈਸ਼ਨਲ ਬੁੱਕ ਟਰੱਸਟ ਦਿੱਲੀ ਦੀ ਮਿਹਰਬਾਨੀ ਸਦਕਾ ਸੰਭਵ ਹੋਇਆ। ਇਹ ਪੁਸਤਕ ਮੇਲਾ 3 ਤੋਂ 9 ਅਕਤੂਬਰ ਤੀਕ ਅਥਾਹ ਗਿਆਨ ਭੰਡਾਰ ਵੰਡਦਾ ਰਿਹਾ। ਇਸੇ ਸਮੇਂ ਦੌਰਾਨ 4 ਤੋਂ 6 ਅਕਤੂਬਰ ਨੂੰ ਪੰਜਾਬੀ ਯੂਨੀਵਰਸਿਟੀ ਸਾਹਿਤ ਅਤੇ ਸਭਿਆਚਾਰ ਉਤਸਵ ਨੇ ਵੱਡੀਆਂ ਸਾਹਿਤਕ ਸ਼ਖ਼ਸੀਅਤਾਂ ਨੂੰ ਨੌਜਵਾਨ ਪੀੜ੍ਹੀ ਦੇ ਸਨਮੁੱਖ ਸਿੱਧੇ ਸੰਵਾਦਾਂ ਦੀ ਸ਼ਕਲ ਵਿਚ ਪੇਸ਼ ਕੀਤਾ। ਇਹ ਉਤਸਵ ਸੱਚੀਓਂ ਹਰਫ਼ਾਂ, ਰੰਗਾਂ ਅਤੇ ਸੁਰਾਂ ਦੀਆਂ ਅਜ਼ੀਮ ਤਰਬਾਂ-ਬੁਲੰਦੀਆਂ ਦਾ, ਪਰ ਤੋਲਦੀਆਂ ਜਵਾਨੀਆਂ ਨਾਲ ਇੰਨਾ ਮਨਮੋਹਕ ਅਤੇ ਉਸਾਰੂ ਹੋ ਨਿੱਬੜਿਆ ਕਿ ਹਰ ਦੇਖਦੇ ਸੁਣਦੇ ਨੇ ਇਸ ਵਿਚ ਚਾਈਂ-ਚਾਈਂ ਸ਼ਮੂਲੀਅਤ ਕੀਤੀ। ਵੱਡੀ ਗਿਣਤੀ ਨੌਜਵਾਨਾਂ ਨੇ ਲੰਚ ਜਾਂ ਚਾਹ ਲਈ ਵੀ ਆਰਟਸ ਆਡੀਟੋਰੀਅਮ ਤੋਂ ਬਾਹਰ ਜਾਣੋ ਗੁਰੇਜ਼ ਕੀਤਾ।

ਡਾ. ਧਨਵੰਤ ਕੌਰ ਦੀ ਅਗਵਾਈ ਹੇਠ ਸਭਿਆਚਾਰ ਅਤੇ ਸਾਹਿਤ ਉਤਸਵ ਲਈ ਉਦਘਾਟਨੀ ਅਤੇ ਵਿਦਾਇਗੀ ਸਮਾਰੋਹਾਂ ਤੋਂ ਵੱਖਰੀਆਂ 13 ਬੈਠਕਾਂ ਉਲੀਕੀਆਂ ਗਈਆਂ। 460 ਦੇ ਕਰੀਬ ਕੁਰਸੀਆਂ ਵਾਲੇ ਸੰਨੀ ਓਬਰਾਏ ਆਰਟਸ ਆਡੀਟੋਰੀਅਮ ਵਿਚ ਹਰ ਸੈਸ਼ਨ ਦੌਰਾਨ ਬੈਠਣ ਨੂੰ ਤਾਂ ਕੀ, ਕੁਝ ਸੈਸ਼ਨਾਂ ਵਿਚ ਖੜ੍ਹਨ ਨੂੰ ਵੀ ਜਗ੍ਹਾ ਨਹੀਂ ਸੀ ਮਿਲ ਰਹੀ। ਜਦਕਿ ਨਾਲੋ ਨਾਲ ਕਲਾ ਭਵਨ ਅਤੇ ਵੀ ਸੀ ਦਫ਼ਤਰ ਮੁਹਰੇ ਸੁਰਾਂ ਦੀਆਂ ਸੁਗੰਧੀਆਂ ਬਿਖਰਦੀਆਂ ਰਹੀਆਂ। ਮੂਲੋਂ ਨਵੇਂ ਪਰ ਵਧੀਆ ਲਿਖਣ ਵਾਲੇ ਤੋਂ ਲੈ ਕੇ ਪ੍ਰੋੜ੍ਹ ਉਮਰ ਤੱਕ ਦੇ ਬਜ਼ੁਰਗ ਲੇਖਕਾਂ ਨੇ ਬਿਨਾਂ ਕਿਸੇ ਓਡਣ ਦੇ ਆਪਣੀ ਗੱਲ ਕਹੀ ਅਤੇ ਨੌਜਵਾਨ ਪੀੜ੍ਹੀ ਦੇ ਤਿਖੇ, ਤੁਰਸ਼ ਅਤੇ ਟੇਡੇ ਸਵਾਲਾਂ ਦੇ ਰੂ-ਬ-ਰੂ ਹੁੰਦੇ ਰਹੇ। ਨੰਗੇ ਪੈਰਾਂ ਦੇ ਸਫ਼ਰ ਨੂੰ ਸੁਣਨ ਵਾਲਿਆਂ ਨੂੰ ਜਗ੍ਹਾ ਨਹੀਂ ਸੀ ਮਿਲ ਰਹੀ। ਪ੍ਰਸਿੱਧ ਹਿੰਦੀ ਲੇਖਕਾ ਕਮਲ ਕੁਮਾਰ ਨੇ ਇਕ ਨੌਜਵਾਨ ਦੇ ਤਿੱਖੇ ਸਵਾਲਾਂ ਦੇ ਜਵਾਬ ਵਿਚ ਇਹ ਮੰਨਿਆ ਕਿ ਕੁਝ ਕਹਾਣੀਆਂ ਉਸਨੇ ਔਰਤਾਂ ਦੇ ਬਾਰੇ ਰੀਸੋ-ਰੀਸੀ ਹੀ ਲਿਖੀਆਂ। ਨੌਜਵਾਨ ਪ੍ਰਸ਼ਨਕਰਤਾ ਨੇ ਔਰਤਾਂ ਲੇਖਕਾ ਵਲੋਂ ਅਪਣਾਏ ਦੋਹਰੇ ਮਾਪਦੰਡਾਂ ’ਤੇ ਸਵਾਲ ਕਰਦਿਆਂ ਇਹ ਵੀ ਦੱਸਿਆ ਕਿ ਉਸਨੇ ਆਪਣੇ ਬੇਟੇ ਨੂੰ ਜਨਮਦਿਨ ਤੇ ਚਕਲਾ-ਵੇਲਣਾ ਤੋਹਫੇ ਵਜੋਂ ਦਿੱਤਾਡਾ. ਅੰਮ੍ਰਿਤਪਾਲ ਕੌਰ ਨੇ ਔਰਤ ਲੇਖਣੀ ਸਬੰਧੀ ਸੰਜੀਦਾ ਸੰਵਾਦ ਨੂੰ ਇਉਂ ਮਘਾ ਦਿੱਤਾ ਕਿ ਪੁੱਛਾਂ ਪੁੱਛਣ ਵਾਲਿਆਂ ਦਾ ਤਾਂਤਾ ਲੱਗ ਗਿਆ। ਡਾ. ਦਲੀਪ ਕੌਰ ਟਿਵਾਣਾ ਸਾਡੇ ਸਮਿਆਂ ਦੇ ਸਾਹਿਤ ਵਿੱਚੋਂ ਮਨੁੱਖੀ ਜ਼ਿੰਦਗੀ ਦੇ ਮੂਲ ਪ੍ਰਸ਼ਨਾਂ ਦੀ ਖੋਜ ਪ੍ਰਤੀ ਅਵੇਸਲੇਪਨ ਤੋਂ ਫਿਕਰਮੰਦ ਸਨ। ਪ੍ਰੋਫ਼ੈਸਰ ਰਾਣਾ ਨਈਅਰ ਨੇ ਦੋ ਤਰ੍ਹਾਂ ਦੇ ਪਾਠਕਾਂ ਦੀ ਗੱਲ ਤੋਰੀਪਹਿਲੇ ਉਹ ਜੋ ਸਿਰਫ਼ ਸ਼ੌਕੀਆ ਸਾਹਿਤ ਪੜ੍ਹਦੇ ਹਨ। ਦੂਸਰੇ ਉਹ ਜੋ ਪੜ੍ਹੇ ਹੋਏ ਸਾਹਿਤ ਨੂੰ ਜੀਵਨ ਵਿਚ ਉਤਾਰ ਕੇ ਜਜ਼ਬ ਕਰਕੇ ਜਿਉਂਦੇ ਹਨ।

ਡਾ. ਰੀਟਾ ਚੌਧਰੀ ਡਾਇਰੈਕਟਰ ਨੈਸ਼ਨਲ ਬੁੱਕ ਟਰੱਸਟ, ਇੰਡੀਆ ਇੰਨੇ ਖੁਸ਼ ਹੋਏ ਕਿ ਉਹਨਾਂ ਸਟੇਜ ਤੋਂ ਵੀ ਕਿਹਾ ਕਿ ਕਿਸੇ ਵੀ ਪੁਸਤਕ ਮੇਲੇ ਵਿਚ ਇੰਨੀ ਰੌਣਕ, ਇੰਨੇ ਉਤਸ਼ਾਹ ਅਤੇ ਜਸ਼ਨਾਂ ਵਾਲਾ ਮਾਹੌਲ ਨਹੀਂ ਵੇਖਿਆ। ਜਦੋਂ ਹੀ ਕਲਾਕਾਰਾਂ, ਲੇਖਕਾਂ ਦਾ ਕਾਫ਼ਲਾ ਯੁਵਕ ਭਲਾਈ ਮਹਿਕਮੇ ਦੀ ਸਜੀ ਸੰਵਰੀ ਭੰਗੜਾ ਟੀਮ ਦੇ ਪਿੱਛੇ-ਪਿੱਛੇ ਫੁੱਲਕਾਰੀਆਂ ਦੀ ਛਾਵੇਂ ਵੀ. ਸੀ. ਦਫ਼ਤਰ ਤੋਂ ਆਰਟਸ ਆਡੀਟੋਰੀਅਮ ਵੱਲ ਤੁਰਿਆ ਤਾਂ ਚਾਅ ਵਿਚ ਕੁੱਝ ਪ੍ਰਸਿੱਧ ਲੇਖਕ ਖੁਦ ਭੰਗੜਾ ਪਾਉਣ ਲੱਗੇ। ਯੂਨੀਵਰਸਿਟੀ ਮਾਡਲ ਸਕੂਲ ਦੇ ਕਾਫਲੇ ’ਤੇ ਫੁੱਲਾਂ ਦੀ ਵਰਖਾ ਵੇਖਣ ਅਤੇ ਮਾਣਨ ਵਾਲਾ ਦ੍ਰਿਸ਼ ਸੀ। ਜਲੌ ਤਾਂ ਉਹ ਵੀ ਮਾਨਣ ਵਾਲਾ ਸੀ ਜਦੋਂ ਭਖਦੀ ਤਿੱਖੜ ਦੁਪਹਿਰ ਵਿਚ ਡਾ. ਗੁਰਨਾਮ ਸਿੰਘ ਤੇ ਡਾ. ਨਿਵੇਦਿਤਾ ਉੱਪਲ ਦੀਆਂ ਲੋਕ ਸੁਰਾਂ ਨੂੰ ਸੁਣਦੇ ਮਾਣਦੇ ਸੈਂਕੜੇ ਦਰਸ਼ਕ ਲਾਏ ਹੋਏ ਸ਼ਮਿਆਨੇ ਤੋਂ ਬਾਹਰ ਮੰਤਰ-ਮੁਗਧ ਹੋਏ ਖੜ੍ਹੇ ਸੰਗੀਤ ਦਾ ਰਸ ਮਾਣਦੇ ਰਹੇ।

ਕਿਉਂ ਪੜ੍ਹੀਏ ਕਥਾਵਾਂ? ਸੈਸ਼ਨ ਦੇ ਸੰਯੋਜਕ ਡਾ. ਗੁਰਮੁਖ ਸਿੰਘ ਨੇ ਸਮਿਆਂ ਦੀ ਪੈੜ ਨੱਪਦਿਆਂ ਕਥਾਵਾਂ ਲਿਖਣ-ਪੜ੍ਹਨ ਦੀ ਯੋਗਤਾ ਨੂੰ ਇਉਂ ਪੇਸ਼ ਕੀਤਾ ਕਿ ਪਲਾਂ ਵਿਚ ਹੀ ਬਲਦੇਵ ਸਿੰਘ (ਸੜਕਨਾਮਾ) ਦੀ ਇਸ ਟਿੱਪਣੀ ਕਿ ਕਥਾਕਾਰ ਨੂੰ ਪਾਠਕ ਰੁਚੀਆਂ ਮੁਤਾਬਕ ਰੌਚਕ ਲਿਖਣਾ ਚਾਹੀਦਾ ਹੈ, ਉੱਪਰ ਸ੍ਰੀ ਜੰਗ ਬਹਾਦਰ ਗੋਇਲ ਨੇ ਭਰਵੀਂ ਟਿੱਪਣੀ ਕਰਦਿਆਂ ਇਹਨਾਂ ਰੁਚੀਆਂ ਨੂੰ ਬਿਹਤਰ ਜਾਂ ਉੱਚਾ ਬਣਾਉਣ ਦੀ ਜ਼ਰੂਰਤ ਤੇ ਬਲ ਦਿੱਤਾਡਾ. ਮਨਮੋਹਨ ਨੇ ਆਪਣੇ ਦਾਰਸ਼ਨਿਕ ਅੰਦਾਜ਼ ਵਿਚ ਪਾਠਕ ਰੁਚੀਆਂ ਬਾਰੇ ਭਰਮ ਉਤਪੰਨ ਦੀ ਸਥਿਤੀ ਤੇ ਨਾਲ ਹੀ ਪਾਠਕ ਦੀਆਂ ਮਨੋਰੁਚੀਆਂ ਨੂੰ ਉੱਦਾਤ ਰੂਪ ਦੇਣ ਦੀ ਜ਼ਰੂਰਤ ਤੇ ਜ਼ਿੰਮੇਵਾਰੀ ਦੇ ਤਰਕ ਦਿੱਤੇਚੰਗਿਆੜੇ ਤੇ ਪ੍ਰਕਾਸ਼ ਛੱਡਦੀ ਇਸ ਬਹਿਸ ਦੌਰਾਨ ਹਾਲ ਐਨਾ ਭਰਿਆ ਹੋਇਆ ਸੀ ਤੇ ਬਾਹਰੋਂ ਏਨੀ ਤਾਦਾਦ ਵਿਚ ਵਿਦਿਆਰਥੀ ਅੰਦਰ ਆ ਰਹੇ ਸਨ ਕਿ ਜਦ ਮੇਰੀ ਕੁਰਸੀ ਦੇ ਨਾਲ ਪੈਸੇਜ ਵਿਚ ਇਕ ਨੌਜਵਾਨ ਸਕੂਲ ਅਧਿਆਪਕ ਖ਼ਾਮੋਸ਼ ਸਲੀਕੇ ਨਾਲ ਸਕੂਲੀ ਵਿਦਿਆਰਥਣਾਂ ਨੂੰ ਭੁੰਜੇ ਬਿਠਾ ਰਿਹਾ ਸੀ ਤਾਂ ਇਕ ਪਲ ਮੇਰਾ ਸਿਰ ਕਿਸੇ ਅਗੰਮੀ ਉਤਸ਼ਾਹ ਤੇ ਮਾਣ ਨਾਲ ਉੱਚਾ ਹੋਇਆ। ਮੈਂ ਭਰੇ-ਭੁਕੰਨੇ ਹਾਲ ਵਿਚ ਨਜ਼ਰ ਘੁੰਮਾਈ। ਨੌਜਵਾਨ ਮੁੰਡੇ ਕੁੜੀਆਂ ਦੇ ਨੂਰਾਨੀ ਚਿਹਰੇ ਅਤੇ ਆਸਵੰਦ ਚਮਕਦੀਆਂ ਅੱਖਾਂ ਵੇਖ ਕੇ ਖ਼ੁਸ਼ ਹੁੰਦਾ-ਹੁੰਦਾ ਵੀ ਉਦਾਸ ਹੋ ਗਿਆ। ਇਹ ਮੇਰੇ ਉਸੇ ਮੁਲਕ ਦੇ ਨੌਜਵਾਨ ਹਨ, ਜਿਨ੍ਹਾਂ ਦੇ ਸਿਆਸੀ ਰਹਿਬਰ ਕਦੇ ਪ੍ਰਸਿੱਧ ਅਕਾਲੀ ਨਿਧੜਕ ਨੇਤਾ ਮਾਸਟਰ ਤਾਰਾ ਸਿੰਘ ਹੁੰਦੇ ਸਨ, ਜਿਨ੍ਹਾਂ ਨੇ ਪ੍ਰੇਮ ਲਗਨਤੇ ਬਾਬਾ ਤੇਗਾ ਸਿੰਘਵਰਗੇ ਸ਼ਾਹਕਾਰ ਨਾਵਲ ਲਿਖੇ ਅਤੇ ਗੁਰਮੁਖ ਸਿੰਘ ਮੁਸਾਫਰ ਵਰਗੇ ਜੇਲਾਂ ਵਿਚ ਜਾਣ ਵਾਲੇ ਮੁੱਖ ਮੰਤਰੀ ਬਣਨ ਵਾਲੇ ਕਾਂਗਰਸੀ ਨੇਤਾ ਸਨ, ਜਿਨ੍ਹਾਂ ਨੇ ਆਲ੍ਹਣੇ ਦੇ ਬੋਟਤੇ ਬਾਗੀ ਦੀ ਧੀਵਰਗੀਆਂ ਸ਼ਾਹਕਾਰ ਰਚਨਾਵਾਂ ਸਾਨੂੰ ਦਿੱਤੀਆਂ। ਪਰ ਨੌਜਵਾਨੀ ਦਾ ਇਹ ਠਾਠਾਂ ਮਾਰਦਾ ਚਾਅ, ਉਤਸ਼ਾਹ ਤੇ ਸਾਹਿਤ, ਸਭਿਆਚਾਰ ਪ੍ਰਤੀ ਉਮਾਹੀ ਸੰਜੀਦਗੀ ਮੈਨੂੰ ਚੰਗੀਆਂ ਕਨਸੋਆਂ ਦਿੰਦੀ ਰਹੀ। ਭਖੇ ਸੰਵਾਦ ਵਿਚ ਕਜ਼ਾਕ ਦੇ ਇਨ੍ਹਾਂ ਬੋਲਾਂ ਨੇ ਭਰਪੂਰ ਦਾਦ ਹਾਸਲ ਕੀਤੀ। ਮੈਂ ਉਹ ਕਹਾਣੀ ਕਿਉਂ ਪੜ੍ਹਾਂ ਜੇ ਲੇਖਕ ਇਉਂ ਲਿਖਦਾ ਹੈ, ‘ਕੁੱਤਾ ਅਤੇ ਬਿੱਲੀ ਬੱਚਿਆਂ ਨਾਲ ਖੇਡ ਰਹੇ ਸਨ। ਮੈਂ ਤਾਂ ਉਹੀ ਕਹਾਣੀ ਪੜ੍ਹਾਂਗਾ ਜਿਸ ਵਿਚ ਲਿਖਿਆ ਹੋਵੇ, ‘ਕੁੱਤਾ ਆਪਣੇ ਕਤੂਰਿਆਂ ਅਤੇ ਬਿੱਲੀ ਆਪਣੇ ਬਲੂੰਗੜਿਆਂ ਨਾਲ ਖੇਡ ਰਹੀ ਸੀ।ਡਾ. ਰਜਨੀਸ਼ ਨੇ ਅਜੋਕੀ ਆਲੋਚਨਾ ਵਿਚ ਨਿਰਪੱਖਤਾ ਦੇ ਸੰਕਟ ਦੀ ਭਰਪੂਰ ਚਰਚਾ ਕੀਤੀ।

ਸਾਡੇ ਸਮਿਆਂ ਦਾ ਸਭਿਆਚਾਰ ਉੱਪਰ ਸੰਵਾਦ ਰਚਾਉਂਦਿਆਂ ਡਾ. ਨਾਹਰ ਸਿੰਘ ਨੇ ਪੂਰੇ ਵਜਦ ਤੇ ਜਲੌ ਵਿਚ ਆ ਕੇ ਪੰਜਾਬੀ ਲੋਕਧਾਰਾ ਦੀ ਵੰਨਸੁਵੰਨਤਾ ਅਤੇ ਸਮਾਨਅੰਤਰ ਕਾਟਵੇਂ ਸਰੋਕਾਰਾਂ ਨੂੰ ਦਿਲਚਸਪ ਮਿਸਾਲਾਂ ਦੇ-ਦੇ ਉਜਾਗਰ ਕੀਤਾ। ਡਾ. ਗੁਰਮੀਤ ਸਿੰਘ ਨੇ ਲੋਕਧਾਰਾ ਦੀ ਸਮਕਾਲ ਵਿਚਲੀ ਨਵੇਂ ਰੂਪਾਂ, ਰੰਗਾਂ ਅਤੇ ਢੰਗਾਂ ਦੀ ਅਤੇ ਮਾਸ ਕਲਚਰ ਦੇ ਹਵਾਲੇ ਨਾਲ ਇਸ ਨੂੰ ਲੱਗੀ ਢਾਅ ਦੀ ਗੱਲ ਤੋਰੀ। ਡਾ. ਚੰਦਰ ਪ੍ਰਕਾਸ਼ ਦੇਵਲ (ਰਾਜਸਥਾਨ) ਨੇ ਲੋਕਾਂ ਦੇ ਅੰਗ-ਸੰਗ ਰਹਿਣ ਲਈ ਉਨ੍ਹਾਂ ਵਾਂਗ ਜੀਣ, ਸਾਹ ਲੈਣ, ਲੋਕਧਾਰਾ ਅਤੇ ਲੋਕ ਸੰਸਕ੍ਰਿਤੀ ਦੇ ਮਾਰਗ ਨੂੰ ਪਛਾਨਣ ਦਾ ਸੁਨੇਹਾ ਦਿੱਤਾ। ਡਾ. ਰਜਿੰਦਰ ਪਾਲ ਬਰਾੜ ਨੇ ਭਖ਼ਵੇਂ, ਤਿੱਖੇ ਅਤੇ ਸੰਜੀਦਾ ਮਸਲਿਆਂ ਨੂੰ ਇਕ ਵੀ ਪਲ ਬੋਝਲ ਨਾ ਹੋਣ ਦਿੱਤਾ ਅਤੇ ਆਪਣੇ ਅੰਦਾਜ਼ ਵਿਚ ਦਿਲਚਸਪ ਟੋਟਕਿਆਂ ਨਾਲ ਮਾਹੌਲ ਨੂੰ ਸੁਹਾਵਣਾ ਬਣਾਈ ਰੱਖਿਆ।

ਇਸ ਉਤਸਵ ਵਿਚ ਡਾ. ਰਵੇਲ ਸਿੰਘ ਦੀ ਬਦੌਲਤ ਸਾਹਿਤਯ ਅਕਾਦੇਮੀ ਦਿੱਲੀ, ਸ੍ਰੀ ਗੁਰਭੇਜ ਸਿੰਘ ਗੁਰਾਇਆ, ਸਕੱਤਰ, ਪੰਜਾਬੀ ਅਕਾਦਮੀ ਦਿੱਲੀ ਦੀ ਸੱਜਣਤਾਈ, ਪ੍ਰੋ. ਗੁਲਜ਼ਾਰ ਸਿੰਘ ਸੰਧੂ ਤੇ ਡਾ. ਰੇਨੂਕਾ ਦੀ ਮਿਹਰਬਾਨੀ ਸਦਕਾ ਸਾਹਿਤ ਸਭਾ ਦਿੱਲੀ ਨੇ ਅਹਿਮ ਯੋਗਦਾਨ ਪਾਇਆ।

ਡਾ. ਵਿਸ਼ਵਨਾਥ ਤਿਵਾੜੀ ਪ੍ਰਧਾਨ ਸਾਹਿਤਯ ਅਕਾਦੇਮੀ ਦਿੱਲੀ ਨੇ ਭਗਤ ਕਬੀਰ ਦੇ ਹਵਾਲੇ ਨਾਲ ਸਾਰੀ ਪ੍ਰਕਿਰਤੀ ਵਿਚ ਜੀਵਨ ਦੀ ਹੋਂਦ ਨੂੰ ਉਭਾਰਦਿਆਂ ਅੱਜ ਦੇ ਸਮੇਂ ਵਿਚ ਸਾਹਿਤ ਦੀ ਵੱਡੀ ਭੂਮਿਕਾ ਦਾ ਤਰਕ ਦਿੱਤਾ।

ਮੇਲੇ ਦੌਰਾਨ ਬਾਲ ਸਾਹਿਤ ਦੀ ਰਿਕਾਰਡ ਤੋੜ ਵਿਕਰੀ ਨੇ ਨਵੀਂ ਪੀੜ੍ਹੀ ਬਾਰੇ ਉੱਠਦੇ ਤੌਖਲਿਆਂ ਤੋਂ ਥੋੜ੍ਹਾ ਸਕੂਨ ਤਾਂ ਬਖਸ਼ਿਆ ਪਰ ਪੰਜਾਬੀ ਵਿਚ ਬਾਲ ਸਾਹਿਤ ਬਾਰੇ ਟੇਡੇ ਸਵਾਲ ਵੀ ਪੈਦਾ ਕੀਤੇ। ਸਭ ਤੋਂ ਵੱਧ ਵਿਕਰੀ NBT ਸਟਾਲ ਦੇ ਪੰਜਾਬੀ ਵਿਚ ਪ੍ਰਾਪਤ ਬਾਲ ਸਾਹਿਤ ਦੀ ਹੋਈ। ਸਸਤੀਆਂ ਅਤੇ ਸੋਹਣੀਆਂ ਪੁਸਤਕਾਂ ਨੂੰ ਤੋਹਫ਼ੇ ਵਿਚ ਦੇਣ ਦੀਆਂ ਗੱਲਾਂ ਕਰਦੇ ਗਭਰੂ-ਮੁਟਿਆਰਾਂ ਬੜੇ ਸੋਹਣੇ ਲੱਗਦੇ ਪਏ ਸਨ। ਡਾ. ਆਸ਼ਟ ਅਤੇ ਡਾ. ਰਾਜਵੰਤ ਨੇ ਵੱਖਰੀ ਤਰ੍ਹਾਂ ਦੇ ਕੁਸ਼ਲ ਬੱਚਿਆਂਦਾ ਤਿੰਨ ਘੰਟਿਆਂ ਦਾ ਰੰਗਾ-ਰੰਗ ਪ੍ਰੋਗਰਾਮ ਅਤੇ ਮੁਕਾਬਲੇ ਕਰਵਾ ਕੇ ਜਿੱਥੇ ਉਹਨਾਂ ਦੀ ਲਿਆਕਤ ਅਤੇ ਕਲਾਤਮਿਤਾ ਨੂੰ ਜ਼ੁੰਬਿਸ਼ ਦਿੱਤੀ, ਉੱਥੇ ਹੀ ਰਾਣਾ ਰਣਬੀਰ ਨੇ ਹਲਕੇ-ਫੁਲਕੇ ਅੰਦਾਜ਼ ਵਿਚ ਬਾਲ ਮਨਾਂ ਵਿਚ ਜਾਗ ਲਾਉਣ ਲਈ ਕੋਈ ਕਸਰ ਨਾ ਛੱਡੀ। ਕਿਤਾਬ = ਕਿ+ਤਾ+ਬ = ਕਿਰਦਾਰ + ਤਾਕਤ + ਬਰਾਬਰੀ ਦੀ ਸਮੀਕਰਣ ਬਣਾ ਕੇ ਉਸਨੇ ਬੱਚਿਆਂ ਦੀ ਭਰਪੂਰ ਸ਼ਲਾਘਾ ਖੱਟੀ।

ਮਾਂ ਬੋਲੀ ਜੇ ਭੁੱਲ ਜਾਓਗੇਸੈਸ਼ਨ ਵਿਚ ਡਾ. ਸੁਖਦੇਵ ਸਿੰਘ ਭਾਸ਼ਾ ਦੀ ਰਾਜਨੀਤੀ ਤੇ ਬਦਨੀਤੀ ਦੀ ਗੱਲ ਕਰਦਾ ਹੋਇਆ ਲੋਕ ਇੱਛਾ ਸ਼ਕਤੀ ਨੂੰ ਮੁਖਾਤਬ ਹੋਇਆ। ਡਾ. ਕਰਮਜੀਤ ਨੇ ਪੰਜਾਬੀ ਬੋਲੀ ਦੀ ਸਿਰਜਣਸ਼ੀਲਤਾ ਦੀ ਅਥਾਹ ਸਮਰਥਾ ਲਈ ਲੋਕਧਾਰਾ ਦੇ ਖਜ਼ਾਨੇ ਨੂੰ ਸਾਂਭਣ ਅਤੇ ਜਿਉਂਦਾ ਰੱਖਣ ਦੀ ਗੱਲ ਤੋਰੀ। ਡਾ. ਪਰਮਜੀਤ ਸਿੱਧੂ, ਡਾ. ਕੇ. ਸੀ. ਸ਼ਰਮਾ ਤੇ ਡਾ. ਰਵਿੰਦਰ ਗਰੀਗੇਸ਼ ਨੇ ਮਾਤਭਾਸ਼ਾ ਦੀਆਂ ਬਲਸ਼ਾਲੀ ਰੌਆਂ ਦੇ ਖ਼ੂਬਸੂਰਤ ਤਰਕ ਦਰਸ਼ਕਾਂ ਨੂੰ ਸੁਝਾਏ ਤੇ ਸਮਝਾਏ। ਡਾ. ਸੁਮਨਪ੍ਰੀਤ ਨੇ ਭਾਸ਼ਾ ਦੇ ਭਖ਼ਵੇਂ ਮਸਲਿਆਂ ਤੇ ਮੁਲਵਾਨ ਚਰਚਾ ਕਰਵਾਉਂਦੇ-ਕਰਵਾਉਂਦੇ ਵਗਦੀ ਗੰਗਾ ਵਿਚ ਹੱਥ ਧੋਂਦਿਆਂ ਦੋ ਵਧੀਆ ਖੋਜ ਦੀਆਂ ਸੀ. ਡੀ. ਵੀ ਲੋਕ ਅਰਪਣ ਕਰਾ ਲਈਆਂ।

ਉਤਸਵ ਦਾ ਜਲੋ ਉਹਨਾਂ ਪਲਾਂ ਵਿਚ ਐਸੀਆਂ ਬੁਲੰਦੀਆਂ ਨੂੰ ਛੂਹਿਆ ਜੋ ਹਰ ਇਕ ਸੰਵੇਦਨਸ਼ੀਲ ਮਨ ਵਿਚ ਹਜ਼ਾਰਾਂ ਸੁਪਨੇ ਤੇ ਸੈਆਂ ਉਮੰਗਾਂ ਦੀ ਜਾਗ ਲਾਉਂਦੀਆਂ ਹਨ ਜਦੋਂ ਡਾ. ਮਿਸ਼ਰ ਦੇ ਸੁਰਮਈ ਸੰਸਕ੍ਰਿਤ ਗੀਤ ਤੇ ਡਾ. ਮਾਧਵ ਕੌਸ਼ਕ ਦੇ ਬਾਕਮਾਲ ਸ਼ਿਅਰਾਂ ਨੇ ਅਨੂਪਮ ਰੰਗ ਬੰਨ੍ਹਿਆ। ਪ੍ਰਸਿੱਧ ਉਰਦੂ ਸ਼ਾਇਰ ਵਸੀਮ ਬਰੇਲਵੀ ਜਿਹਨਾਂ ਨੂੰ ਇਸ ਵਰ੍ਹੇ ਦਾ ਬਾਬਾ ਫ਼ਰੀਦ ਸੂਫ਼ੀ ਸਨਮਾਨ’, ਦਿੱਤਾ ਗਿਆ, ਨੇ ਆਪਣੇ ਮਖਸੂਸ ਅੰਦਾਜ਼ ਵਿਚ ਸ਼ਾਇਰੀ ਸੁਣਾਈ ਤਾਂ ਸਰੋਤੇ ਝੂੰਮੇ, ਖਿੜ ਉੱਠੇ ਤੇ ਉਹਨਾਂ ਦੀਆਂ ਦਮਦਾਰ ਤਾੜੀਆਂ ਇਹ ਦੱਸਦੀਆਂ ਰਹੀਆਂ ਕਿ ਸ਼ਾਇਰੀ ਮਨੁੱਖੀ ਮਨ ਦੀ ਸਭ ਤੋਂ ਹੁਸੀਨ ਜ਼ੁਬਾਨ ਕਿੱਦਾਂ ਬਣਦੀ ਹੈ! ਨੱਕੋ-ਨੱਕ ਭਰੇ ਹਾਲ ਵਿਚ ਜਿਉਂ ਕੋਈ ਸਾਹ ਹੀ ਨਾ ਲੈਣ ਰਿਹਾ ਹੋਵੇ ਅਤੇ ਸ਼ਿਅਰ ਦਾ ਰਦੀਫ ਸੁਰਤਾਲ ਵਿਚ ਸੁਣਦੇ ਹੀ ਹਾਲ ਝੂਮ ਉੱਠਿਆ, ਵਾਹ-ਵਾਹ ਕਰ ਉੱਠਿਆ ਤੇ ਤਾੜੀਆਂ ਦੀ ਗੁੰਜਾਰ ਨੇ ਛਹਿਬਰ ਲਾ ਦਿੱਤੀ:

ਗਰੀਬ ਲਹਿਰੋਂ ਪੇ ਪਹਿਰੇ ਬਿਠਾਏ ਜਾਤੇ ਹੈਂ
ਸਮੁੰਦਰੋਂ ਕੀ ਤਲਾਸ਼ੀ ਕੋਈ ਨਹੀਂ ਲੇਤਾ।

ਬਸ ਖ਼ੁਦਾਜੋਈ ਕੋ ਇਸ਼ਕੋ-ਆਜਜ਼ੀ ਦਰਕਾਰ ਹੈ
ਅਰੇ ਮਜ਼ਹਬੀ ਆਕਾਓਂ ਸੇ ਕਹੀਏ ਡਰਾਨਾ ਛੋੜ ਦੇਂ।

ਸੁਰਜੀਤ ਪਾਤਰ ਦੀ ਹਾਜ਼ਰੀ, ਬੋਲਬਾਣੀ ਅਤੇ ਕਾਵਿਕ ਬੁਲੰਦੀ ਦਾ ਕੋਈ ਪਾਰਾਵਾਰ ਹੀ ਨਹੀਂ। ਇਹ ਪਾਤਰ ਹੀ ਸੀ ਜੋ ਵਸੀਮ ਬਰੇਲਵੀ ਤੋਂ ਮਗਰੋਂ ਆਪਣਾ ਕਲਾਮ ਸੁਣਾ ਕੇ ਆਪਣੀ ਅਤੇ ਸਾਡੀ ਅਜ਼ਮਤ ਨੂੰ ਨਵਾਂ ਉਛਾਲ ਦੇ ਗਿਆ। ਜਦੋਂ ਉਸ ਬਿਨਾਂ ਕਿਸੇ ਭੂਮਿਕਾ ਤੋਂ ਕਿਹਾ,

ਹੈ ਮੇਰੇ ਸੀਨੇ ਵਿਚ ਕੰਪਨ, ਮੈਂ ਇਮਤਿਹਾਨ ਵਿਚ ਹਾਂ
ਮੈਂ ਖਿੱਚਿਆ ਤੀਰ ਹਾਂ, ਐਪਰ ਅਜੇ ਕਮਾਨ ਵਿਚ ਹਾਂ।

ਬਚਾਈਂ ਅੱਜ ਤੂੰ ਕਿਸੇ ਸੀਨੇ ਲੱਗਣੋਂ ਮੈਨੂੰ
ਕਿ ਅੱਜ ਮੈਂ ਪੰਛੀ ਨਹੀਂ, ਤੀਰ ਹਾਂ, ਉਡਾਨ ਵਿਚ ਹਾਂ।

ਫਿਰ ਜਿਵੇਂ ਉਹ ਪੰਜਾਬੀਆਂ ਦੇ ਵਿਸ਼ਾਲ ਦਿਲ ਤੇ ਸੁਘੜ ਇਨਸਾਨੀ ਬੁਲੰਦੀ ਦਾ ਪਰਚਮ ਹੋ ਨਿੱਬੜਿਆ,

ਜ਼ਮੀਨ ਰੱਥ ਹੈ ਮੇਰਾ, ਬਿਰਖ਼ ਨੇ ਮੇਰੇ ਪਰਚਮ
ਤੇ ਮੇਰਾ ਮੁਕਟ ਹੈ ਸੂਰਜ, ਮੈਂ ਬਹੁਤ ਸ਼ਾਨ ਵਿਚ ਹਾਂ।

ਹਾਜ਼ਰ ਸਾਰੀ ਨੌਜਵਾਨ ਪੀੜ੍ਹੀ, ਲੇਖਕਾਂ ਅਤੇ ਅਧਿਆਪਕਾਂ ਨੇ ਉਹਨੀਂ ਪਲੀਂ ਡਾ. ਜਸਪਾਲ ਸਿੰਘ ਦੀ ਕਲਾਤਮਕ ਸ਼ਿੱਦਤ, ਹੁਸੀਨ ਜ਼ਿੰਦਾਦਿਲੀ ਤੇ ਭਾਵਨਾਤਮਕ ਉਛਾਲ ਦੀ ਭਰਪੂਰ ਗਵਾਹੀ ਭਰੀ, ਜਦੋਂ ਉਹਨਾਂ ਸੁਰਜੀਤ ਪਾਤਰ ਨੂੰ ਫਰਮਾਇਸ਼ ਕੀਤੀ ਤੇ ਪਾਤਰ ਨੇ ਇਹ ਸ਼ਿਆਰ ਸੁਣਾਇਆ:

ਅੰਮੜੀ ਮੈਨੂੰ ਆਖਣ ਲੱਗੀ, ਤੂੰ ਧਰਤੀ ਦਾ ਗੀਤ ਰਹੇਂਗਾ।
ਪਦਮਸ੍ਰੀ ਹੋ ਕੇ ਵੀ ਪਾਤਰ
, ਤੂੰ ਮੇਰਾ ਸੁਰਜੀਤ ਰਹੇਂਗਾ।

ਸਾਹਿਤ ਅਤੇ ਸਭਿਆਚਾਰ ਦੇ ਐਸੇ ਉਤਸਵ ਪੰਜਾਬ ਲਈ ਰਾਹ-ਦਸੇਰਾ ਬਣਨ। ਪੰਜਾਬ ਦੇ ਹਰ ਸ਼ਹਿਰ ਕਸਬੇ ਪਿੰਡ ਅਜਿਹੇ ਉਤਸਵ ਤੇ ਪੁਸਤਕ ਮੇਲੇ ਹੋਣ, ਹਰ ਸ਼ਖ਼ਸ ਇਹੀ ਸੁਨੇਹਾ ਦੇ ਰਿਹਾ ਸੀ, ਏਹੀ ਦੁਆ ਕਰ ਰਿਹਾ ਸੀ।

*****

(472)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਡਾ. ਜਸਵਿੰਦਰ ਸਿੰਘ

ਡਾ. ਜਸਵਿੰਦਰ ਸਿੰਘ

Patiala, Punjab, India.
Phone: (91 - 98728 - 60245)
Email: (jaswinder245@gmail.com)