“ਸਾਰੀਆਂ ਪਾਰਟੀਆਂ ਨੇ ਆਪਣੀਆਂ ਵਿਰੋਧਤਾਈਆਂ ਭੁੱਲ ਕੇ ਆਮ ਆਦਮੀ ਪਾਰਟੀ ਉੱਪਰ ਸਾਂਝਾ ਹੱਲਾ ਬੋਲਿਆ ਹੋਇਆ ਹੈ ...”
(19 ਸਤੰਬਰ 2016)
ਪੰਜਾਬ ਦੀ ਸਿਆਸੀ ਦੇਗਚੀ ਉੱਬਲ ਰਹੀ ਹੈ ਪਰ ਅਜੇ ਆਪਣੇ ਹੀ ਕੰਢੇ ਸਾੜ ਰਹੀ ਹੈ। ਪੰਜਾਬ ਦਾ ਸਿਆਸੀ ਦ੍ਰਿਸ਼ ਹਰ ਪਲ ਤਬਦੀਲ ਹੋ ਰਿਹਾ ਹੈ ਪਰ ਅਜੇ ਕੋਈ ਨਵਾਂ ਬਦਲ ਉਸਰਨ ਤੋਂ ਅਸਫਲ ਹੈ। ਜਿਸ ਤਰ੍ਹਾਂ ਸਾਰੇ ਲੋਕ ਇਕਮੱਤ ਹਨ ਅਤੇ ਪੰਜਾਬ ਦੇ ਅਰਥਚਾਰੇ ਅਤੇ ਵਾਤਾਵਰਨ ਲਈ ਕਣਕ ਝੋਨੇ ਦਾ ਫਸਲੀ ਚੱਕਰ ਲਾਹੇਵੰਦ ਨਹੀਂ ਹੈ ਪਰ ਇਸ ਤੋਂ ਬਚਣ ਦਾ ਵੀ ਕੋਈ ਰਾਹ ਨਹੀਂ ਸੁੱਝ ਰਿਹਾ ਅਤੇ ਜੋ ਸੁਝਾਇਆ ਜਾ ਰਿਹਾ ਹੈ, ਉਹ ਸੰਭਵ ਨਹੀਂ ਹੈ। ਇਸੇ ਤਰ੍ਹਾਂ ਪੰਜਾਬੀ ਲੋਕ ਅਕਾਲੀ–ਭਾਜਪਾ ਗੱਠਜੋੜ ਅਤੇ ਕਾਂਗਰਸ, ਦੋਹਾਂ ਤੋਂ ਅੱਕੇ ਪਏ ਹਨ ਪਰ ਕੋਈ ਤੀਜਾ ਬਦਲ ਦਿਖਾਈ ਨਹੀਂ ਦੇ ਰਿਹਾ। ਕਦੇ ਕਮਿਊਨਿਸਟਾਂ ਅਤੇ ਕਦੇ ਬਸਪਾ ਤੋਂ ਸਮਾਜ ਦੇ ਦੱਬੇ ਕੁਚਲੇ, ਹਾਸ਼ੀਏ ’ਤੇ ਧੱਕੇ ਲੋਕਾਂ ਨੂੰ ਆਸ ਬੱਝੀ ਸੀ ਪਰ ਦੋਵੇਂ ਧਿਰਾਂ ਵਿਚਾਰਧਾਰਾ ਦੀ ਕਹਿਣੀ ਅਤੇ ਅਮਲ ਦੀ ਕਰਨੀ ਵਿਚ ਤਾਲਮੇਲ ਨਹੀਂ ਬਿਠਾ ਸਕੀਆਂ। ਪੰਜਾਬ ਵਿਚ ਲੋਕ ਸਭਾ ਦੀਆਂ ਚੋਣਾਂ ਅਤੇ ਦਿੱਲੀ ਵਿਧਾਨ ਸਭਾ ਦੀਆਂ ਦੂਜੀ ਵਾਰ ਚੋਣਾਂ ਜਿੱਤਣ ਤੋਂ ਬਾਅਦ ਆਮ ਆਦਮੀ ਪਾਰਟੀ ਲੋਕਾਂ ਲਈ ਆਸ ਦੀ ਕਿਰਨ ਬਣੀ ਸੀ ਪਰ ਉਸਦੀਆਂ ਆਪਹੁਦਰੀਆਂ ਗਤੀਵਿਧੀਆਂ ਨੇ ਪੰਜਾਬ ਦੇ ਲੋਕਾਂ ਨੂੰ ਨਿਰਾਸ਼ ਕਰਕੇ ਸੋਚਣ ਤੇ ਮਜਬੂਰ ਕਰ ਦਿੱਤਾ ਹੈ। ਬਿਨਾ ਸ਼ੱਕ ਭਾਜਪਾ, ਅਕਾਲੀ, ਕਾਂਗਰਸੀ ਅਤੇ ਖੱਬੀਆਂ–ਸੱਜੀਆਂ ਸਾਰੀਆਂ ਪਾਰਟੀਆਂ ਨੇ ਆਪਣੀਆਂ ਵਿਰੋਧਤਾਈਆਂ ਭੁੱਲ ਕੇ ਆਮ ਆਦਮੀ ਪਾਰਟੀ ਉੱਪਰ ਸਾਂਝਾ ਹੱਲਾ ਬੋਲਿਆ ਹੋਇਆ ਹੈ। ਵਿਰੋਧੀਆਂ ਦੇ ਵਿਚਾਰਧਾਰਕ ਹਮਲਿਆਂ ਦੇ ਨਾਲੋ ਨਾਲ ਸਰੀਰਕ ਹਮਲਿਆਂ ਅਤੇ ਆਪਣੀਆਂ ਗਲਤੀਆਂ ਕਾਰਨ ਇਸ ਸਮੇਂ ਕੇਂਦਰ ਅਤੇ ਪੰਜਾਬ ਦੀ ਆਮ ਆਦਮੀ ਪਾਰਟੀ ਲੀਡਰਸ਼ਿਪ ਉਲਝੀ ਪਈ ਹੈ ਅਤੇ ਪਾਰਟੀ ਵਰਕਰ ਭੰਬਲਭੂਸੇ ਵਿਚ ਪਿਆ ਹੋਇਆ ਹੈ।
ਇਸ ਸਮੇਂ ਅਕਾਲੀ ਭਾਜਪਾ ਗੱਠਜੋੜ ਤੀਜੀ ਵਾਰ ਸੱਤਾ ਵਿਚ ਆਉਣ ਲਈ ਸਭ ਤੋਂ ਵੱਡਾ ਦਾਅਵੇਦਾਰ ਹੈ। ਇਕ ਸਮੇਂ ਲੋਕਸਭਾ ਵਿਚ ਭਾਜਪਾ ਦੀ ਰਿਕਾਰਡ ਤੋੜ ਜਿੱਤ ਨੇ ਭਾਜਪਾ ਅੰਦਰ ਹੰਕਾਰ ਪੈਦਾ ਕਰ ਦਿੱਤਾ ਸੀ ਪਰ ਆਮ ਆਦਮੀ ਪਾਰਟੀ ਦੀ ਚੜ੍ਹਤ ਅਤੇ ਬਿਹਾਰ ਵਿਧਾਨ ਸਭਾ ਦੀ ਹਾਰ ਨੇ ਭਾਜਪਾ ਦੀ ਕੇਂਦਰੀ ਲੀਡਰਸ਼ਿਪ ਦੀ ਧਰਨ ਟਿਕਾਣੇ ਕਰ ਦਿੱਤੀ। ਸੋ ਹੁਣ ਗਿਲੇ ਸ਼ਿਕਵੇ ਭੁੱਲਕੇ ਕੇਂਦਰ ਅਤੇ ਰਾਜ ਦੇ ਤਾਲਮੇਲ, ਹਿੰਦੂ ਅਤੇ ਸਿੱਖ ਭਾਈਚਾਰਿਆਂ ਦੇ ਪ੍ਰਤੀਨਿਧ ਪਾਰਟੀਆਂ ਦੇ ਗੱਠਜੋੜ ਵਜੋਂ ਵਿਕਾਸ ਦੇ ਮੁੱਦੇ ਉੱਪਰ ਪਰਚਾਰ ਅਤੇ ਪੈਸਾ ਝੋਕ ਕੇ ਅਕਾਲੀ–ਭਾਜਪਾ ਗੱਠਜੋੜ ਹੈਟ੍ਰਿਕ ਲਗਾਉਣ ਦੀ ਕੋਸ਼ਿਸ਼ ਕਰੇਗਾ। ਸਮਾਜ ਦੀ ਪੈਸੇ ਪੱਖੋਂ ਸਭ ਤੋਂ ਸ਼ਕਤੀਸ਼ਾਲੀ ਧਿਰ ਕਾਰਪੋਰੇਟੀ ਜਗਤ ਅਕਾਲੀ–ਭਾਜਪਾ ਨਾਲ ਹੋਵੇਗੀ। ਇਹ ਚੋਣ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਿਚ ਲੜੀ ਜਾਵੇਗੀ ਪਰ ਜਿੱਤਣ ਦੀ ਸੂਰਤ ਵਿਚ ਸੁਖਬੀਰ ਸਿੰਘ ਬਾਦਲ ਹੀ ਮੁੱਖ ਮੰਤਰੀ ਬਣੇਗਾ। ਇਹ ਕਾਰਪੋਰੇਟਾਂ ਦੀ ਪਹਿਲੀ ਪਸੰਦ ਹੈ।
ਕਾਂਗਰਸ ਪਾਰਟੀ ਅਤੇ ਸ਼੍ਰੀ ਅਮਰਿੰਦਰ ਸਿੰਘ ਦੋਨੋ ਹੀ ਪੰਜਾਬ ਦੀਆਂ ਚੋਣਾਂ ਨੂੰ ਕਰੋ ਜਾਂ ਮਰੋ, ਹੁਣ ਜਾਂ ਕਦੇ ਨਹੀਂ ਦੀ ਭਾਵਨਾ ਨਾਲ ਲੜਨਗੇ ਪਰ ਇਸ ਸਮੇਂ ਕਾਂਗਰਸ ਦਾ ਕੇਂਦਰ ਵਿਚ ਕਮਜ਼ੋਰ ਹੋਣਾ ਅਤੇ ਕਾਂਗਰਸ ਦਾ ਪੰਜਾਬ ਵਿਸ਼ੇਸ਼ ਕਰਕੇ ਸਿੱਖ ਵਿਰੋਧੀ ਹੋਣ ਦੇ ਬਿੰਬ ਦਾ ਖਮਿਆਜ਼ਾ ਸ਼੍ਰੀ ਅਮਰਿੰਦਰ ਸਿੰਘ ਨੂੰ ਭੁਗਤਣਾ ਪੈ ਰਿਹਾ ਹੈ। ਸਿਆਸੀ ਪ੍ਰੋਗਰਾਮ ਦੇ ਪੱਧਰ ਤੇ ਕਾਂਗਰਸ ਕੋਲ ਕੋਈ ਬਦਲਵਾਂ ਮਾਡਲ ਨਹੀਂ ਹੈ। ਤੀਜੀ ਦਾਅਵੇਦਾਰ ਧਿਰ ਆਮ ਆਦਮੀ ਪਾਰਟੀ ਦੇ ਪਹਿਲਾਂ ਹੀ ਸ਼੍ਰੀ ਯੋਗਿੰਦਰ ਯਾਦਵ ਅਤੇ ਸ਼੍ਰੀ ਪ੍ਰਸ਼ਾਂਤ ਭੂਸ਼ਨ ਹੋਰੀ ਕੇਂਦਰ ਵਿਚ ਸਵਰਾਜ ਅਭਿਆਨ ਅਤੇ ਉਸੇ ਹੀ ਤਰਜ਼ ’ਤੇ ਪ੍ਰੋ. ਮਨਜੀਤ ਸਿੰਘ ਅਤੇ ਡਾ. ਸੁਮੇਲ ਸਿੰਘ ਸਿੱਧੂ ਸਵਰਾਜ ਪਾਰਟੀ ਬਣਾ ਕੇ ਬੈਠੇ ਹਨ। ਡਾ. ਧਰਮਵੀਰ ਗਾਂਧੀ ਅਤੇ ਸ੍ਰ. ਹਰਿੰਦਰ ਸਿੰਘ ਖਾਲਸਾ ਦੀ ਚੁੱਪ ਹਮਾਇਤ ਇਨ੍ਹਾਂ ਨਾਲ ਹੈ। ਡਾ. ਧਰਮਵੀਰ ਗਾਂਧੀ ਨੇ ਸਭ ਤੋਂ ਪਹਿਲਾਂ ਸ਼੍ਰੀ ਅਰਵਿੰਦਰ ਕੇਜਰੀਵਾਲ ’ਤੇ ਤਾਨਾਸ਼ਾਹ ਹੋਣ ਦਾ ਦੋਸ਼ ਮੜ੍ਹਦਿਆਂ ਪੰਜਾਬ ਬਨਾਮ ਬਾਹਰੀ ਦਾ ਮੁੱਦਾ ਚੁੱਕਿਆ ਸੀ। ਹੁਣ ਸ਼੍ਰੀ ਸੁੱਚਾ ਸਿੰਘ ਛੋਟੇਪੁਰ ਨੂੰ ਪੈਸੇ ਲੈਣ ਦੇ ਦੋਸ਼ ਅਧੀਨ ਕੱਢ ਕੇ ਪਾਰਟੀ ਨੇ ਆਪਣੇ ਪੈਰੀਂ ਆਪ ਕੁਹਾੜਾ ਮਾਰ ਲਿਆ ਹੈ। ਪਾਰਟੀ ਦੇ ਬਹੁਤੇ ਲੋਕਾਂ ਨੂੰ ਲਗਦਾ ਹੈ ਕਿ ਅਸਲ ਝਗੜਾ ਤਾਂ ਟਿਕਟਾਂ ਦੀ ਵੰਡ ਵੰਡਾਈ ਵਿਚ ਮਰਜ਼ੀ ਚਲਾਉਣ ਦਾ ਸੀ। ਇਸੇ ਕਰਕੇ ਕਈ ਜੋਨ ਇੰਚਾਰਜ ਅਤੇ ਪਾਰਟੀ ਵਾਲੰਟੀਅਰ ਸ਼੍ਰੀ ਛੋਟੇਪੁਰ ਨਾਲ ਤੁਰ ਪਏ ਹਨ।
ਇਸ ਸਮੇਂ ਸਥਾਪਤ ਪਾਰਟੀਆਂ ਦੇ ਇਮਾਨਦਾਰ ਪਰ ਬਾਗੀ ਤਬੀਅਤ ਦੇ ਲੋਕ ਅਤੇ ਹੋਰ ਖੇਤਰਾਂ ਵਿਚ ਪ੍ਰਸਿੱਧ ਲੋਕ ਆਪ ਪਾਰਟੀ ਵਿਚ ਜਾਣ ਦੇ ਇੱਛੁਕ ਸਨ। ਹੁਣ ਉਨ੍ਹਾਂ ਆਪਣੀਆਂ ਮੁਹਾਰਾਂ ਮੋੜ ਲਈਆਂ ਹਨ ਅਤੇ ਉਹ ਤੀਜੇ ਦੀ ਥਾਂ ਚੌਥਾ ਬਦਲ ਬਣਾਉਣ ਲੱਗੇ ਹਨ। ਲੁਧਿਆਣੇ ਦੇ ਬੈਂਸ ਭਰਾ, ਭਾਜਪਾ ਦੀ ਸਿੱਧੂ ਜੋੜੀ, ਅਕਾਲੀ ਦਲ ਦੇ ਪਰਗਟ ਸਿੰਘ ਨੇ ਅਵਾਜ਼-ਏ-ਪੰਜਾਬ ਮੁਹਾਜ਼ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। ਕਾਂਗਰਸ ਦਾ ਜਗਮੀਤ ਬਰਾੜ ਅਜੇ ਵੇਖੋ ਤੇ ਉਡੀਕ ਦੀ ਨੀਤੀ ਤੇ ਚੱਲ ਰਿਹਾ ਹੈ। ਆਪ ਪਾਰਟੀ ਨੇ ਪੰਜਾਬ ਅੰਦਰ ਡਾ. ਗਾਂਧੀ ਅਤੇ ਸ਼੍ਰੀ ਖਾਲਸਾ ਨੂੰ ਮਨਾਇਆ ਨਹੀਂ, ਪ੍ਰੋ. ਮਨਜੀਤ ਸਿੰਘ ਅਤੇ ਡਾ. ਸੁਮੇਲ ਸਿੱਧੂ ਦੀ ਪਰਵਾਹ ਨਹੀਂ ਕੀਤੀ। ਇਨ੍ਹਾਂ ਚਾਰਾਂ ਉੱਪਰ ਕੋਈ ਭ੍ਰਿਸ਼ਟਾਚਾਰ ਜਾਂ ਚਰਿੱਤਰ ਸਬੰਧੀ ਦੋਸ਼ ਨਹੀਂ ਸੀ ਸਗੋਂ ਉਲਟਾ ਇਨ੍ਹਾਂ ਨੇ ਪਾਰਟੀ ਉੱਪਰ ਮੂਲ ਵਿਚਾਰਧਾਰਾ ਤੋਂ ਭਟਕਣ ਅਤੇ ਸੰਗਠਨ ਵਿਚ ਜਮਹੂਰੀਅਤ ਨਾ ਹੋਣ ਦਾ ਦੋਸ਼ ਲਗਾਇਆ ਸੀ। ਹੁਣ ਟਿਕਟਾਂ ਦੀ ਵੰਡ ਸਮੇਂ ਭ੍ਰਿਸ਼ਟਾਚਾਰ ਦਾ ਦੋਸ਼ ਸ਼੍ਰੀ ਛੋਟੇਪੁਰ ’ਤੇ ਲੱਗਿਆ ਹੈ। ਉਸਦੀ ਕਨਵੀਨਰੀ ਖੋਹ ਲਈ ਹੈ। ਇਹ ਦੋਸ਼ ਹੀ ਵਿਰੋਧੀ ਪਾਰਟੀਆਂ ਅਕਾਲੀ, ਭਾਜਪਾ ਅਤੇ ਕਾਂਗਰਸ ਲਗਾਉਂਦੀਆਂ ਸਨ। ਇਕ ਤਰ੍ਹਾਂ ਨਾਲ ਪਾਰਟੀ ਨੇ ਵਿਰੋਧੀਆਂ ਦੇ ਦੋਸ਼ਾਂ ਨੂੰ ਆਪ ਹੀ ਸਾਬਤ ਕਰ ਦਿੱਤਾ ਹੈ।
ਇਸੇ ਸਮੇਂ ਇਕ ਹੋਰ ਸਮੱਸਿਆ ਸਾਹਮਣੇ ਆ ਗਈ ਹੈ ਕਿ ਭਗਵੰਤ ਮਾਨ ਸਟਾਰ ਕਲਾਕਾਰ ਹੋਣ ਕਰਕੇ ਆਪਣੀ ਭਾਸ਼ਨਬਾਜ਼ੀ ਨਾਲ ਭੀੜਾਂ ਤਾਂ ਇਕੱਠੀਆਂ ਕਰ ਲੈਂਦਾ ਹੈ ਪਰ ਉਸ ਦਾ ਅਕਸ ਗੰਭੀਰ ਸਿਆਸਤਦਾਨ ਦਾ ਨਹੀਂ ਬਣ ਸਕਿਆ। ਖਾੜੀ ਸੰਕਟ ਸਮੇਂ ਲੋਕਾਂ ਦੀ ਗੱਲ ਠਰ੍ਹੰਮੇ ਨਾਲ ਸੁਣਨ ਦੀ ਥਾਵੇਂ ਗੱਡੀ ਦੀ ਪਿਛਲੀ ਸੀਟ ਦੇ ਟਪੂਸੀ ਮਾਰ ਕੇ ਬੈਠਣਾ ਤੇ ਰੋਣ ਲੱਗ ਪੈਣਾ, ਸੰਸਦ ਦੀ ਵੀਡੀਓ ਬਣਾਉਣੀ, ਸ਼ਰਾਬ ਜਾਂ ਹੋਰ ਨਸ਼ੇ ਕਰਨ ਦੇ ਪ੍ਰਭਾਵ ਨੂੰ ਤੋੜਨ ਦੀ ਬਜਾਏ ਆਪਣੀਆਂ ਹਰਕਤਾਂ ਨਾਲ ਪੱਕੇ ਕਰਨਾ, ਮੀਡੀਏ ਨੂੰ ਨਰਾਜ਼ ਕਰਕੇ ਪਾਰਟੀ ਲਈ ਅਸਾਸੇ ਦੀ ਥਾਂ ਮੁਸੀਬਤ ਬਣਦਾ ਜਾ ਰਿਹਾ ਹੈ, ਜਿਸ ਉੱਪਰ ਪ੍ਰਕਾਸ਼ ਸਿੰਘ ਬਾਦਲ ਵਰਗੇ ਹੰਢੇ ਹੋਏ ਸਿਆਸਤਦਾਨ ਨੂੰ ਚੁਟਕੀ ਲੈਣ ਦਾ ਮੌਕਾ ਮਿਲਿਆ ਹੈ। ਬਿਨਾ ਸ਼ੱਕ ਉਹ ਚੰਗਾ ਭਾਸ਼ਨਕਾਰ ਹੋਣ ਕਰਕੇ ਵਿਰੋਧੀਆਂ ਦੇ ਸ਼ਬਦਾਂ ਹੇਠ ਹੀ ਨਹੀਂ ਸਗੋਂ ਸਿੱਧਾ ਹਥਿਆਰਾਂ ਹੇਠ ਵੀ ਹੈ ਪਰ ਉਸਦਾ ਵੱਡੇ ਸਿਆਸੀ ਆਗੂ ਸ. ਢੀਂਡਸੇ ਨੂੰ ਢਾਹ ਲੈਣ ਦਾ ਨਸ਼ਾ ਅਜੇ ਉੱਤਰਿਆ ਨਹੀਂ। ਉਹ ਮੁੱਖ ਮੰਤਰੀ ਤਾਂ ਦੂਰ, ਚੰਗੇ ਸਿਆਣੇ ਆਗੂ ਵਾਂਗ ਵਿਚਰਨਾ ਵੀ ਨਹੀਂ ਸਿੱਖ ਰਿਹਾ। ਇਸ ਭੰਬਲਭੂਸੇ ਵਾਲੀ ਸਥਿਤੀ ਵਿਚ ਪੰਜਾਬ ਅੰਦਰ ਬਦਲ ਦੀ ਆਸ ਲਗਾਈ ਬੈਠੀ ਆਮ ਜਨਤਾ ਬਹੁਤ ਨਿਰਾਸ਼ ਹੈ। ਇਸ ਸਮੇਂ ਅਕਾਲੀ ਦਲ ਬਾਦਲ ਵਿਰੋਧੀ ਵੋਟਾਂ ਵੰਡੇ ਜਾਣ ਉੱਤੇ ਸਭ ਤੋਂ ਵੱਧ ਖੁਸ਼ ਹੈ।
ਅਸਲ ਵਿਚ ਤਾਂ ਤੀਜਾ ਬਦਲ ਇਸ ਕਰਕੇ ਨਹੀਂ ਬਣ ਰਿਹਾ ਕਿਉਂਕਿ ਕਿਸੇ ਵੀ ਪਾਰਟੀ ਕੋਲ ਕੋਈ ਬਦਲਵਾਂ ਆਰਥਿਕ ਮਾਡਲ ਜਾਂ ਸਮਾਜਿਕ ਪ੍ਰੋਗਰਾਮ ਹੀ ਨਹੀਂ ਹੈ। ਸਾਰੇ ਹੀ ਉਮੀਦਵਾਰ ਕਾਰਪੋਰੇਟੀ ਮਾਡਲ ਦੇ ਅਨੁਯਾਈ ਹਨ। ਸਾਰੇ ਹੀ ਵੱਧ ਤੋਂ ਵੱਧ ਪਰਵੀਨਤਾ ਨਾਲ ਸ਼ਾਸਨ ਨੂੰ ਚਲਾਉਣ ਦਾ ਭਰੋਸਾ ਦਿੰਦਿਆਂ, ਆਮ ਦਿਸਦੇ ਭ੍ਰਿਸ਼ਟਾਚਾਰ ਤੋਂ ਮੁਕਤੀ ਅਤੇ ਚਰਿੱਤਰ ਦੇ ਉੱਚੇ ਸੁੱਚੇ ਹੋਣ ਦਾ ਹੀ ਦਾਅਵਾ ਕਰ ਰਹੇ ਹਨ। ਭ੍ਰਿਸ਼ਟਾਚਾਰ ਤੋਂ ਭਾਵ ਇੱਥੇ ਕਾਰਪੋਰੇਟੀ ਠੇਕਿਆਂ ਦੀਆਂ ਵੰਡਾਂ, ਅਲਾਟਮੈਂਟਾਂ ਵਿਚਲੇ ਫੰਡਾਂ, ਦਲਾਲੀਆਂ ਦੀਆਂ ਕੋਈ ਗੱਲ ਨਹੀਂ ਕਰ ਰਿਹਾ ਸਗੋਂ ਸਧਾਰਨ ਪੁਲਿਸ, ਪਟਵਾਰੀਆਂ ਅਤੇ ਕਲਰਕਾਂ ਨੂੰ ਨੱਥ ਪਾਉਣ ਦੀ ਗੱਲ ਹੀ ਕਰ ਰਿਹਾ ਹੈ। ਚਰਿੱਤਰ ਦਾ ਅਰਥ ਵੀ ਵਿਆਹ ਬਾਹਰੇ ਸਬੰਧ ਨਾ ਹੋਣ ਅਤੇ ਬਾਹਰੀ ਧਾਰਮਿਕ ਚਿੰਨ੍ਹ ਧਾਰਨ ਕਰਕੇ ਜਨਤਕ ਤੌਰ ’ਤੇ ਪੂਜਾ ਪਾਠ ਕਰਨ ਤਕ ਹੀ ਸੀਮਤ ਹੈ। ਕੁਸ਼ਲ ਸ਼ਾਸਨ ਦਾ ਸਬੰਧ ਵੀ ਕਾਨੂੰਨ ਦੇ ਰਾਜ ਅਤੇ ਇਨਸਾਫ ਦੀ ਥਾਂ ’ਤੇ ਹੋਈਆਂ ਬੀਤੀਆਂ ਗਲਤ ਗੱਲਾਂ ਉੱਤੇ ਪਰਦਾ ਪਾਉਣਾ ਹੀ ਸਮਝਿਆ ਜਾਂਦਾ ਹੈ। ਅਜਿਹੀ ਸਥਿਤੀ ਵਿਚ ਲੋਕਾਂ ਦੇ ਅਸਲ ਮੁੱਦੇ ਸਿਹਤ, ਸਿੱਖਿਆ ਅਤੇ ਵਾਤਾਵਰਨ ਵਿਚ ਸੁਧਾਰ ਕਿਵੇਂ ਹੋਵੇ, ਕਿਸੇ ਪਾਰਟੀ ਦੇ ਪ੍ਰੋਗਰਾਮ ਦਾ ਹਿੱਸਾ ਨਹੀਂ ਹੈ। ਬੇਰੁਜ਼ਗਾਰੀ ਦੂਰ ਕਰਨ ਲਈ ਰੁਜ਼ਗਾਰ ਪੈਦਾ ਕਰਨ ਵਾਲਾ ਮਾਹੌਲ ਕਿਹੜੀਆਂ ਆਰਥਿਕ ਨੀਤੀਆਂ ਨਾਲ ਬਣੇਗਾ, ਇਸ ਉੱਪਰ ਕੋਈ ਚਰਚਾ ਨਹੀਂ ਹੋ ਰਹੀ। ਸਾਰੀ ਚੁਣਾਵੀ ਬਹਿਸ ਪਰਸਪਰ ਦੂਸ਼ਨਬਾਜ਼ੀ, ਨਸ਼ੇ ਕੌਣ ਵਿਕਾਉਂਦਾ ਹੈ? ਅਸ਼ਲੀਲ ਹਰਕਤਾਂ ਕੌਣ ਕਰਦਾ ਹੈ? ਕਿਹੜਾ ਪਾਰਟੀ ਫੰਡ ਖਾ ਗਿਆ? ਕੌਣ ਸਰਕਾਰ ਵਿਚ ਰਹਿੰਦਿਆਂ ਫਾਇਦੇ ਲੈ ਗਿਆ ਤਕ ਸੀਮਤ ਹੋ ਗਈ ਹੈ। ਕੋਈ ਠੋਸ ਗੱਲ ਨਹੀਂ ਹੋ ਰਹੀ। ਅੱਜ ਕਾਰਪੋਰੇਟੀ ਆਰਥਿਕ ਵਿਕਾਸ ਮਾਡਲ ਦਾ ਬਦਲ ਉਸਾਰਨ ਦੀ ਜ਼ਰੂਰਤ ਹੈ। ਇਸ ਲਈ ਮਜ਼ਦੂਰਾਂ, ਕਿਸਾਨਾਂ, ਦਸਤਕਾਰਾਂ, ਕਰਮਚਾਰੀਆਂ ਅਤੇ ਦੁਕਾਨਦਾਰਾਂ ਨੂੰ ਇਕੱਠੇ ਹੋਣ ਦੀ ਜ਼ਰੂਰਤ ਹੈ। ਇਸ ਦੀ ਸ਼ੁਰੂਆਤ ਸਮਾਜਿਕ ਸੁਰੱਖਿਆ ਦੇ ਪ੍ਰੋਗਰਾਮਾਂ ਤੋਂ ਸ਼ੁਰੂ ਕਰਨ ਦੀ ਜ਼ਰੂਰਤ ਹੈ। ਅੱਜ ਲੋੜ ਹੈ ਕਿ ਲੋਕ ਪਾਰਟੀਆਂ ਤੋਂ ਫੋਕੇ ਵਾਅਦਿਆਂ ਦੀ ਥਾਵੇਂ ਲੋਕ ਲੁਭਾਉਣੇ ਮੈਨੀਫੈਸਟੋ ਨੂੰ ਲਾਗੂ ਕਰਨ ਲਈ ਠੋਸ ਯੋਜਨਾਵਾਂ ਦੀ ਮੰਗ ਕਰਨ।
ਅੱਜ ਹਾਲਾਤ ਇਹ ਹਨ ਕਿ ਜਿਹੜੀ ਖੁਸ਼ਫਹਿਮੀ ਪਿਛਲੀ ਵਾਰੀ ਸ. ਅਮਰਿੰਦਰ ਸਿੰਘ ਨੇ ਪਾਲੀ ਸੀ ਕਿ ਮੈਨੂੰ ਕੋਈ ਰੁੱਸੇ ਮਨਾਉਣ ਦੀ ਕੋਈ ਲੋੜ ਨਹੀਂ, ਮਿਹਨਤ ਦੀ ਜ਼ਰੂਰਤ ਨਹੀਂ, ਆਪਣੇ ਆਪ ਵੋਟਾਂ ਮਿਲ ਜਾਣਗੀਆਂ, ਉਹੀ ਗਲਤੀ ਆਪ ਪਾਰਟੀ ਕਰ ਰਹੀ ਹੈ। ਰੁੱਸੇ ਮਨਾਉਣ, ਸੰਜੀਦਗੀ ਦਿਖਾਉਣ ਅਤੇ ਮਿਹਨਤ ਕਰਨ ਦੀ ਥਾਂ ਹੰਕਾਰ ਵਿਚ ਆਪਹੁਦਰੀਆਂ ਕਰ ਰਹੀ ਹੈ। ਦੂਸਰੇ ਪਾਸੇ ਸ. ਪ੍ਰਕਾਸ਼ ਸਿੰਘ ਬਾਦਲ ਆਪ ਪਾਰਟੀ ਨੂੰ ਪਿਛਲੀ ਵਾਰ ਦੀ ਮਨਪ੍ਰੀਤ ਬਾਦਲ ਵਾਲੀ ਪੰਜਾਬ ਪੀਪਲ ਪਾਰਟੀ ਵਾਂਗ ਹੀ ਵੇਖ ਰਹੇ ਹਨ ਜੋ ਵਿਰੋਧੀਆਂ ਦੀ ਵੋਟ ਨੂੰ ਵੰਡ ਕੇ ਅਕਾਲੀ ਦਲ ਦਾ ਰਾਹ ਸੁਖਾਲਾ ਕਰੇਗੀ। ਇਸ ਸਮੇਂ ਅਕਾਲੀ–ਭਾਜਪਾ ਸੰਗਠਨ ਮਜ਼ਬੂਤ ਹੈ, ਕਾਂਗਰਸ ‘ਜੈਸੇ ਥੇ’ ਵਾਲੀ ਸਥਿਤੀ ਵਿਚ ਹੈ ਪਰ ਆਪ ਪਾਰਟੀ ਦੇ ਝਾੜੂ ਦੇ ਤੀਲੇ ਖਿਲਰ ਰਹੇ ਹਨ। ਹੁਣ ਵੇਖਣਾ ਇਹ ਹੈ ਕਿ ਕੀ ਸ਼੍ਰੀ ਅਰਵਿੰਦਰ ਕੇਜਰੀਵਾਲ ਖਿੰਡੇ ਝਾੜੂ ਨੂੰ ਮੁੜ ਬੰਨ੍ਹਣ ਵਿਚ ਸਮਰੱਥ ਹੋ ਸਕਣਗੇ, ਜਿਵੇਂ ਉਨ੍ਹਾਂ ਇਟਲੀ ਵਿਚ ਦਾਅਵਾ ਕੀਤਾ ਹੈ।
ਸਿਆਸੀ ਪੰਡਤਾਂ ਅਨੁਸਾਰ ਮੁੱਖ ਪਾਰਟੀਆਂ ਨੂੰ ਬੰਦੇ ਟੁੱਟਣ ਛੱਡਣ ਨਾਲ ਬਹੁਤਾ ਫਰਕ ਨਹੀਂ ਪੈਂਦਾ। ਪਾਰਟੀ ਦੋਫਾੜ ਹੋਣ ਤੇ ਵੀ ਅਕਸਰ ਲੋਕ ਇਕ ਧੜੇ ਨੂੰ ਚੁਣ ਲੈਂਦੇ ਹਨ। ਪੰਜਾਬ ਵਿਚ ਚੁਣਾਵੀ ਕ੍ਰਿਸ਼ਮੇ ਅਕਸਰ ਵਾਪਰਦੇ ਰਹਿੰਦੇ ਹਨ। ਸ਼੍ਰੀ ਸਿਮਰਨਜੀਤ ਸਿੰਘ ਮਾਨ ਦੇ ਧੜੇ ਦੀ ਲੋਕ ਸਭਾ ਵਿਚ ਇਕ ਵਾਰ ਜਿੱਤ ਅਣਕਿਆਸੀ ਸੀ। ਪਿਛਲੀ ਵਾਰ ਲੋਕ ਸਭਾ ਚੋਣਾਂ ਵਿਚ ਆਪ ਪਾਰਟੀ ਦੇ ਚਾਰ ਉਮੀਦਵਾਰ ਜਿੱਤਣੇ ਵੀ ਕਰਾਮਾਤ ਹੀ ਸੀ। ਅਜੇ ਕੁਝ ਨਹੀਂ ਕਿਹਾ ਜਾ ਸਕਦਾ ਕਿ ਇਸ ਵਾਰ ਕੀ ਵਾਪਰੇਗਾ।
*****
(433)
ਤੁਸੀਂ ਵੀ ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)







































































































