MandipKAntall7ਇਸ ਸਮੇਂ ਉਹ ਲੜਕਾ ਅਮਰੀਕਾ ਵਿਖੇ ਉੱਚ ਕੋਟੀ ਦਾ ਦਿਲ ਦੀਆਂ ਬਿਮਾਰੀਆਂ ਦਾ ਸਰਜਨ ਹੈ ਅਤੇ ...
(1 ਅਕਤੂਬਰ 2023)


ਪਟਿਆਲਾ ਦੇ ਦੋ ਨਾਮੀ ਡਾਕਟਰਾਂ ਦੀ ਜੋੜੀ ਦੀ ਹੋਣਹਾਰ ਹੁਸ਼ਿਆਰ,ਆਗਿਆਕਾਰੀ, ਵਫ਼ਾਦਾਰ ਅਤੇ ਮਿਹਨਤੀ ਬੇਟੀ ਸਰਕਾਰੀ ਮੈਡੀਕਲ ਕਾਲਜ ਪਟਿਆਲਾ ਤੋਂ ਐੱਮ ਬੀ ਬੀ ਐੱਸ ਕਰਨ ਮਗਰੋਂ ਅਮਰੀਕਾ ਵਿਖੇ ਹਾਇਰ ਐਜੂਕੇਸ਼ਨ ਲਈ ਇੱਕ ਮੈਡੀਕਲ ਕਾਲਜ ਵਿਖੇ ਪੜ੍ਹਾਈ ਕਰਨ ਲੱਗੀ। ਡਾਕਟਰ ਮਾਤਾ ਪਿਤਾ ਦੀ ਇੱਛਾ ਸੀ ਕਿ ਬੇਟੀ ਅਮਰੀਕਾ ਤੋਂ ਵਧੀਆ ਸ਼ਾਨਦਾਰ ਪੜ੍ਹਾਈ ਅਤੇ ਡਿਗਰੀ ਪ੍ਰਾਪਤ ਕਰਕੇ ਪਟਿਆਲਾ ਵਿਖੇ ਵਾਪਸ ਆ ਕੇ ਬਚਿਆਂ ਅਤੇ ਨੌਜਵਾਨਾਂ ਨੂੰ ਦਿਲ ਦਿਮਾਗ ਦੀਆਂ ਬਿਮਾਰੀਆਂ, ਤਣਾਅ, ਆਕੜ, ਨਫ਼ਰਤਾਂ, ਪ੍ਰੇਸ਼ਾਨੀਆਂ ਅਤੇ ਨਸ਼ਿਆਂ ਤੋਂ ਬਚਾਉਣ ਲਈ ਮਦਦਗਾਰ ਦੋਸਤ ਵਜੋਂ ਕਾਰਜ ਕਰੇ।

ਫਿਰ ਇੱਕ ਦਿਨ ਪਟਿਆਲਾ ਵਿਖੇ ਡਾਕਟਰ ਸਾਹਿਬ ਨੂੰ ਅਮਰੀਕਾ ਦੇ ਹਸਪਤਾਲ ਦੇ ਡਾਕਟਰਾਂ ਦਾ ਫੋਨ ਆਇਆ ਕਿ ਉਨ੍ਹਾਂ ਦੀ ਬੇਟੀ ਅਚਾਨਕ ਖੜ੍ਹੇ ਖੜ੍ਹੇ ਡਿਗ ਪਈ ਹੈ ਅਤੇ ਕੌਮਾ ਵਿਚ ਚਲੀ ਗਈ ਹੈ। ਜਾਂਚ ਕਰਨ ’ਤੇ ਪਤਾ ਲੱਗਾ ਕਿ ਲੜਕੀ ਦੇ ਦਿਮਾਗ ਵਿਚ ਟਿਯੂਮਰ ਹੈ। ਦੋਵੇਂ ਪਤੀ ਪਤਨੀ ਡਾਕਟਰ ਤੁਰੰਤ ਅਮਰੀਕਾ ਲਈ ਰਵਾਨਾ ਹੋ ਗਏ। ਉੱਥੇ ਪਹੁੰਚਕੇ ਉਨ੍ਹਾਂ ਨੂੰ ਪਤਾ ਲੱਗਾ ਕਿ ਲੜਕੀ ਦੀਆਂ ਦਿਮਾਗੀ ਕਿਰਿਆਵਾਂ ਆਕਸੀਜ਼ਨ, ਗੁਲੂਕੋਜ਼ ਆਦਿ ਦੀ ਸਪਲਾਈ ਬੰਦ ਹੋਣ ਕਾਰਨ ਬੰਦ ਹੋ ਗਈਆ ਹਨ ਪਰ ਅੱਖਾਂ, ਦਿਲ, ਫੇਫੜੇ ਅਤੇ ਲਿਵਰ ਕੰਮ ਕਰ ਰਹੇ ਹਨ। ਅਕਸਰ ਸਿਰ ਦੀਆਂ ਅੰਦਰੂਨੀ ਸੱਟਾਂ, ਦਿਮਾਗ਼ੀ ਟਿਯੂਮਰ, ਦਿਮਾਗ ਵਿਚ ਖ਼ੂਨ ਦੇ ਜੰਮ ਜਾਣ ਜਾਂ ਦਿਮਾਗ ਨੂੰ ਕੁਝ ਮਿੰਟ ਆਕਸੀਜ਼ਨ, ਗੁਲੂਕੋਜ਼ ਪਾਣੀ ਨਾ ਮਿਲਣ ਤਾਂ ਦਿਮਾਗ ਮਰ ਸਕਦਾ ਹੈ।

ਅਮਰੀਕਾ ਦੇ ਡਾਕਟਰਾਂ ਵਲੋਂ ਮਾਪਿਆਂ ਨੂੰ ਮੌਤ ਦਾ ਸਰਟੀਫਿਕੇਟ ਬਣਾ ਕੇ ਦਿੱਤਾ ਗਿਆ ਤਾਂ ਜੋ ਲੜਕੀ ਦੀ ਲਾਸ਼ ਪਟਿਆਲਾ ਲਿਆਂਦੀ ਜਾ ਸਕੇ, ਜਿਵੇਂ ਕਿ ਅਕਸਰ ਸਾਰੇ ਮਾਤਾ ਪਿਤਾ ਆਪਣੇ ਬੱਚਿਆਂ ਦੀ ਵਿਦੇਸ਼ਾਂ ਵਿੱਚ ਮੌਤ ਹੋਣ ’ਤੇ ਮਿਰਤਕਾਂ ਦੀ ਲਾਸ਼ ਭਾਰਤ ਲਿਆਕੇ ਰੀਤੀ ਰਿਵਾਜਾਂ ਨਾਲ ਸੰਸਕਾਰ ਕਰਦੇ ਹਨ। ਪਰ ਪਟਿਆਲਾ ਦੇ ਇਨ੍ਹਾਂ ਡਾਕਟਰ ਮਾਪਿਆਂ ਨੇ ਅੰਗ ਦਾਨ ਨੂੰ ਮਹੱਤਤਾ ਦਿੰਦੇ ਹੋਏ ਮਹਾਨ ਕਾਰਜ ਕਰ ਦਿੱਤੇ।

ਮਾਪਿਆਂ ਦੀ ਪ੍ਰਵਾਨਗੀ ਅਨੁਸਾਰ ਲੜਕੀ ਦੇ ਸੁਰਜੀਤ ਅੰਗਾਂ ਨੂੰ ਸਰੀਰ ਵਿੱਚੋਂ ਕੱਢ ਲਿਆ ਗਿਆ। ਅਮਰੀਕਾ ਦੇ ਹਸਪਤਾਲਾਂ ਵਿਖੇ ਇਹ ਸੁਨੇਹਾ ਦਿੱਤਾ ਗਿਆ ਕਿ ਇੱਕ ਲੜਕੀ ਦੇ ਦਿਮਾਗ ਦੇ ਬੰਦ ਹੋਣ ਕਾਰਨ ਉਸਦਾ ਦਿਲ ਅੱਖਾਂ ਲੀਵਰ ਅਤੇ ਕਈ ਹੋਰ ਅੰਗ ਠੀਕ ਕੰਮ ਕਰ ਰਹੇ ਸਨ। ਅਮਰੀਕਾ ਵਿਖੇ ਜਿੱਥੇ ਲੜਕੀ ਦੀ ਲਾਸ਼ ਪਈ ਸੀ ਪਰ ਉਸਦਾ ਸਿਹਤਮੰਦ ਤਦਰੁੰਸਤ ਦਿਲ ਅੱਖਾਂ ਲੀਵਰ ਆਦਿ ਜਿਉਂਦੇ ਸੀ, ਤੋਂ 300 ਕਿਲੋਮੀਟਰ ਦੂਰ ਕਿਸੇ ਹਸਪਤਾਲ ਵਿਖੇ ਇੱਕ ਲੜਕਾ ਦਾਖਲ ਸੀ, ਜਿਸ ਦੇ ਦਿਲ ਦਾ ਆਪ੍ਰੇਸ਼ਨ ਠੀਕ ਨਹੀਂ ਸੀ ਹੋ ਸਕਿਆ ਅਤੇ ਉਹ ਜਲਦੀ ਹੀ ਮਰਨ ਕਿਨਾਰੇ ਸੀ। ਹੈਲੀਕਾਪਟਰ ਐਂਬੂਲੈਂਸ ਰਾਹੀਂ ਲੜਕੀ ਦਾ ਦਿਲ ਲੜਕੇ ਨੂੰ ਦੇਣ ਹਿੱਤ ਉਸ ਹਸਪਤਾਲ ਵਿਖੇ ਭੇਜਿਆ ਗਿਆ। ਦੂਸਰੇ ਅੰਗਾਂ ਨੂੰ ਅੰਗ ਦਾਨ ਬੈਂਕ ਵਿਖੇ ਰੱਖਿਆ ਗਿਆ। ਡਾਕਟਰਾਂ ਨੇ ਅਪ੍ਰੇਸ਼ਨ ਕਰਕੇ, ਪੰਜਾਬ ਦੀ ਬੇਟੀ ਦਾ ਦਿਲ, ਉਸ ਲੜਕੇ ਦੇ ਸ਼ਰੀਰ ਵਿੱਚ ਲਗਾ ਦਿੱਤਾ ਅਤੇ ਉਹ ਲੜਕਾ ਮਰਨ ਤੋਂ ਬਚ ਗਿਆ।

ਕੁਦਰਤ ਦਾ ਚਮਤਕਾਰ ਕਿ ਇੱਕ ਪਾਸੇ ਲੜਕੀ ਦਾ ਸੰਸਕਾਰ ਹੋ ਰਿਹਾ ਸੀ ਅਤੇ ਦੂਸਰੇ ਪਾਸੇ ਉਹ ਲੜਕਾ ਠੀਕ ਹੋ ਕੇ ਆਪਣੇ ਘਰ ਜਾ ਰਿਹਾ ਸੀ। ਫਿਰ ਉਸ ਲੜਕੇ ਨੂੰ ਸਾਰੀ ਘਟਨਾ ਦੀ ਜਾਣਕਾਰੀ ਦਿੱਤੀ ਗਈ ਤਾਂ ਉਸ ਲੜਕੇ ਦੇ ਮਾਤਾ ਪਿਤਾ ਅਤੇ ਲੜਕੇ ਨੇ ਪਟਿਆਲਾ ਵਿਖੇ ਡਾਕਟਰ ਸਾਹਿਬ ਨੂੰ ਫੋਨ ਕਰਕੇ ਧੰਨਵਾਦ ਕੀਤਾ ਅਤੇ ਕਿਹਾ ਕਿ ਪੰਜਾਬੀ ਦਾਨ ਪੁੰਨ ਸੇਵਾ ਨਿਮਰਤਾ ਅਤੇ ਮਾਨਵਤਾ ਦੀ ਭਲਾਈ ਲਈ ਹਮੇਸ਼ਾ ਦੁਨੀਆਂ ਵਿੱਚ ਸਭ ਤੋਂ ਅਗੇ ਹਨ, ਜੋ ਭੁੱਖਿਆਂ ਨੂੰ ਲੰਗਰ, ਪਿਆਸਿਆਂ ਨੂੰ ਭਾਈ ਘਨ੍ਹਈਆ ਜੀ ਵਾਂਗ ਪਾਣੀ, ਜ਼ਖਮੀਆਂ ਨੂੰ ਫਸਟ ਏਡ, ਦਵਾਈਆਂ ਅਤੇ ਵਿਪਤਾ ਮਾਰਿਆਂ ਨੂੰ ਸਹਾਰਾ ਦਿੰਦੇ ਹਨ। ਉਹ ਵੀ ਹੁਣ ਉਨ੍ਹਾਂ ਦਾ ਪੰਜਾਬੀ ਬੇਟਾ ਹੈ ਕਿਉਂਕਿ ਉਸ ਨੂੰ ਨਵਾਂ ਜੀਵਨ ਪੰਜਾਬ ਦੀ ਬੇਟੀ ਤੋਂ ਮਿਲਿਆ ਹੈ।

ਇਸ ਸਮੇਂ ਉਹ ਲੜਕਾ ਅਮਰੀਕਾ ਵਿਖੇ ਉੱਚ ਕੋਟੀ ਦਾ ਦਿਲ ਦੀਆਂ ਬਿਮਾਰੀਆਂ ਦਾ ਸਰਜਨ ਹੈ ਅਤੇ ਅੰਤਰਰਾਸ਼ਟਰੀ ਤੈਰਾਕ ਹੈ। ਉਹ ਕਈ ਵਾਰ ਉਹ ਪਟਿਆਲਾ ਵਿਖੇ ਇਸ ਡਾਕਟਰ ਪਰਿਵਾਰ ਦਾ ਧੰਨਵਾਦ ਕਰਨ ਲਈ ਆਇਆ ਹੈ। ਅਮਰੀਕਾ ਵਿਖੇ ਇਹ ਜਾਣਕਾਰੀ ਜੰਗਲ ਦੀ ਅੱਗ ਵਾਂਗ ਫੈਲੀ ਸੀ ਕਿ ਪੰਜਾਬੀ ਕੁੜੀ ਦਾ ਦਿਲ ਅਮਰੀਕਾ ਵਿਖੇ ਧੜਕ ਕੇ ਹਜ਼ਾਰਾਂ ਅਮਰੀਕੀਆਂ ਦੇ ਦਿਲਾਂ ਨੂੰ ਬਚਾ ਰਿਹਾ ਹੈ, ਇਸ ਲਈ ਹੈ ਕਿ ਆਪਣੇ, ਆਪਣਿਆਂ ਅਤੇ ਬੇਗਾਨਿਆਂ ਦੇ ਦਿਲ ਦਿਮਾਗ, ਸਰਰੀਰ, ਭਾਵਨਾਵਾਂ ਸਿਹਤ ਤੰਦਰੁਸਤੀ ਤਾਕ਼ਤ ਸੁਰੱਖਿਆ ਦਾ ਧਿਆਨ ਰੱਖਣਾ ਚਾਹੀਦਾ ਹੈ। ਅਤੇ ਹਰ ਦਿਲ ਦਿਮਾਗ ਭਾਵਨਾਵਾਂ ਵਿਚਾਰਾਂ ਅਤੇ ਇਨਸਾਨੀਅਤ ਦਾ ਸਨਮਾਨ ਕੀਤਾ ਜਾਵੇ।

ਵਿਦੇਸ਼ਾਂ ਵਿੱਚ ਜੇਕਰ ਕਿਸੇ ਦੀ ਵੀ ਮੌਤ ਹੁੰਦੀ ਹੈ ਤਾਂ ਲਾਸ਼ਾਂ ਭਾਰਤ ਲਿਆਉਣ ਦੀ ਥਾਂ, ਉਨ੍ਹਾਂ ਮਿਰਤਕਾਂ ਦੇ ਜ਼ਰੂਰੀ ਅੰਗ, ਵਿਸ਼ੇਸ਼ ਤੌਰ ’ਤੇ ਅੱਖਾਂ ਜ਼ਰੂਰ ਦਾਨ ਕਰਵਾਈਆਂ ਜਾਣ ਕਿਉਂਕਿ ਮੌਤ ਮਗਰੋਂ ਮਿਰਤਕਾਂ ਦੀਆਂ ਅੱਖਾਂ ਛੇ ਘੰਟੇ ਤੱਕ ਜਿਊਂਦੀਆਂ ਰਹਿੰਦੀਆਂ ਹਨ ਅਤੇ ਇੱਕ ਮਿਰਤਕ ਦੀਆਂ ਦੋ ਅੱਖਾਂ, ਦੋ ਅੰਨ੍ਹਿਆਂ ਨੂੰ ਰੌਸ਼ਨੀ ਦੇ ਸਕਦੀਆਂ ਹਨ, ਨਹੀਂ ਤਾਂ ਸੰਸਕਾਰ ਸਮੇਂ ਜਿਉਂਦੀਆਂ ਅੱਖਾਂ ਵੀ ਸੜ ਕੇ ਸਵਾਹ ਹੋ ਰਹੀਆਂ ਹਨ। ਭਾਰਤ ਵਿੱਚ ਇਸ ਸਮੇਂ ਦੋ ਕਰੋੜ ਤੋਂ ਵੱਧ ਬੱਚੇ, ਨੌਜਵਾਨ ਅਤੇ ਮਾਤਾ ਪਿਤਾ ਅੰਨ੍ਹੇਪਣ ਦਾ ਸ਼ਿਕਾਰ ਹਨ। ਜੇਕਰ ਭਾਰਤੀ ਆਪਣੇ ਹਰ ਰਿਸ਼ਤੇਦਾਰਾਂ ਦੀਆਂ ਅੱਖਾਂ ਉਨ੍ਹਾਂ ਦੀ ਮੌਤ ਮਗਰੋਂ ਦਾਨ ਕਰਵਾਉਣ ਤਾਂ ਭਾਰਤ ਵਿੱਚ ਕੁਝ ਸਾਲਾਂ ਵਿੱਚ ਸਾਰੇ ਅੰਨ੍ਹੇ ਲੋਕ ਦੁਨੀਆਂ ਦੇਖ ਸਕਦੇ ਹਨ ਅਤੇ ਮਾਪਿਆਂ ਦੇ ਸਹਾਰੇ ਬਣ ਸਕਦੇ ਹਨ।

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4259)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਮਨਦੀਪ ਕੌਰ ਅੰਟਾਲ

ਮਨਦੀਪ ਕੌਰ ਅੰਟਾਲ

Principal, Government Girls Senior Secondary School, old Police lines Patiala, Punjab, India.
Phone: (91 - 98552 - 20023)
Email: (gsss.patiala.opl@gmail.com)