RajnishBSingh7“ ... ਇਸ ਚੁਣੌਤੀ ਨੂੰ ਗੁਰਦਿਆਲ ਸਿੰਘ ਹੀ ਸਵੀਕਾਰ ਕਰ ਸਕਦਾ ਸੀ ...”
(27 ਅਗਸਤ 2016)

 

16 ਅਗਸਤ 2016 ਨੂੰ ਗੁਰਦਿਆਲ ਸਿੰਘ ਇਸ ਦੁਨੀਆ ਨੂੰ ਅਲਵਿਦਾ ਕਹਿ ਗਿਆ। ਸੋਸ਼ਲ ਮੀਡੀਆ ਰਾਹੀਂ ਇਹ ਖ਼ਬਰ ਸਾਹਿਤ ਸਿਰਜਣਾ ਨਾਲ ਸਿੱਧੇ ਜਾਂ ਅਸਿੱਧੇ ਤੌਰ ’ਤੇ ਜੁੜੇ ਲੋਕਾਂ ਤੱਕ ਦੁਨੀਆ ਦੇ ਕੋਨੇ-ਕੋਨੇ ਵਿਚ ਪਹੁੰਚ ਗਈ। ਮੈਨੂੰ ਸਭ ਤੋਂ ਪਹਿਲਾਂ ਇਹ ਖ਼ਬਰ ਪ੍ਰੋ. ਤਰਸੇਮ ਰਾਹੀਂ ਮਿਲੀ। ਗੁਰਦਿਆਲ ਸਿੰਘ 85 ਸਾਲ ਭੋਗ ਕੇ ਗਿਆ। ਇਹ ਉਮਰ ਕੋਈ ਥੋੜ੍ਹੀ ਨਹੀਂ। ਅਸਲ ਵਿੱਚ ਇਹ ਉਮਰ ਕੰਮ ਦੀ ਨਹੀਂ, ਸਗੋਂ ਆਪਣੇ ਹੋਏ ਕੰਮ ਦੇ ਮੁਲੰਕਣ ਅਤੇ ਪ੍ਰਾਪਤੀਆਂ ਉੱਤੇ ਮਾਣ ਕਰਨ ਦੀ ਹੁੰਦੀ ਹੈ। ਪਰ ਬੰਦਾ ਇਸ ਉਮਰ ਵਿੱਚ ਬਹੁਤ ਵਾਰ ਪੁਨਰ ਮੁਲੰਕਣ ਤੋਂ ਡਰਨ ਲੱਗ ਜਾਂਦਾ ਹੈ। ਗੁਰਦਿਆਲ ਸਿੰਘ ਬਾਰੇ ਬਹੁਤ ਕੁਝ ਲਿਖਿਆ ਗਿਆ। ਡਾ. ਨਾਮਵਰ ਸਿੰਘ, ਡਾ. ਸ਼ਿਵਦਾਨ ਸਿੰਘ ਚੌਹਾਨ ਤੋਂ ਲੈ ਕੇ ਪੰਜਾਬੀ ਦੇ ਗਲਪ ਚਿੰਤਕਾਂ ਦੀ ਡਾ. ਜੋਗਿੰਦਰ ਸਿੰਘ ਰਾਹੀ, ਡਾ. ਟੀ ਆਰ ਵਿਨੋਦ ਦੀ ਪੀੜ੍ਹੀ ਸਮੇਤ ਨਵੀਂ ਪੀੜ੍ਹੀ ਦੇ ਸਾਰੇ ਚਿੰਤਕਾਂ ਨੇ ਗੁਰਦਿਆਲ ਸਿੰਘ ਬਾਰੇ ਜ਼ਰੂਰ ਲਿਖਿਆ ਹੈ। ਇਹ ਹੀ ਨਹੀਂ ਸਿਰਜਣਾਤਮਕ ਖੇਤਰ ਨਾਲ ਜੁੜੇ ਲੋਕਾਂ ਦੇ ਆਪਣੀ ਕਿਸਮ ਦੇ ਪ੍ਰਤੀਕਰਮ ਆਉਂਦੇ ਰਹੇ ਹਨ, ਜਿਸ ਵਿੱਚ ਸਮਕਾਲੀਆਂ ਦੀ ਕੁੜੱਤਣ ਵੀ ਸ਼ਾਮਲ ਸੀ।

ਹਰ ਸਾਲ ਅਤੇ ਹਰ ਵਿਸ਼ੇ ’ਤੇ ਲਿਖਣ ਵਾਲਿਆਂ ਨੂੰ ‘ਕਹਾਣੀ ਤੁਰਦੀ ਨਹੀਂ’ ਦੀ ਸ਼ਿਕਾਇਤ ਰਹਿੰਦੀ ਅਤੇ ਕਈਆਂ ਨੂੰ ਉਹਦੇ ਵਿੱਚੋਂ ਰਸ ਨਾ ਆਉਂਦਾ। ਅਸਲ ਵਿੱਚ ਉਹ ਪਾਠਕ ਨੂੰ ਘਟਨਾਵਾਂ ਦੀ ਸੰਘਣਤਾ, ਚੁਸਤ ਬੋਲੀ ਅਤੇ ਰੰਗ-ਬਰੰਗੇ ਦ੍ਰਿਸ਼ਾਂ ਵਿੱਚ ਉਲਝਾਉਣ ਦੀ ਮੁਹਾਰਤ ਰੱਖਦੇ ਹਨ। ਗੁਰਦਿਆਲ ਸਿੰਘ ਦਾ ਗਲਪ ਇਸ ਵਰਤਾਰੇ ਤੋਂ ਬਹੁਤ ਵੱਖਰਾ ਸੀ। ਉਸ ਨੂੰ ਪੰਜਾਬੀ ਦੇ ਪਾਠਕਾਂ, ਚਿੰਤਕਾਂ ਦਾ ਭਰਪੂਰ ਹੁੰਗਾਰਾ ਮਿਲਿਆ। ਸਰਕਾਰੀ, ਗੈਰ-ਸਰਕਾਰੀ ਸੰਸਥਾਵਾਂ ਨੇ ਉਸ ਦੇ ਕੰਮ ਦੀ ਬਹੁਤ ਕਦਰ ਪਾਈ। ਨਿਰਮਲ ਵਰਮਾ ਨਾਲ ਸਾਂਝੇ ਰੂਪ ਵਿੱਚ ‘ਗਿਆਨਪੀਠ’ ਵਰਗਾ ਸਨਮਾਨ ਮਿਲਿਆ। ਜਵਾਹਰ ਲਾਲ ਨਹਿਰੂ ਐਵਾਰਡ, ਭਾਰਤੀ ਸਾਹਿਤਯ ਅਕਾਦਮੀ ਨਵੀਂ ਦਿੱਲੀ, ਭਾਸ਼ਾ ਵਿਭਾਗ ਦਾ ਸ਼੍ਰੋਮਣੀ ਸਾਹਿਤਕਾਰ, ਭਾਰਤ ਸਰਕਾਰ ਵੱਲੋਂ ਪਦਮਸ੍ਰੀ ਅਰਥਾਤ ਇਨ੍ਹਾਂ ਸਨਮਾਨਾਂ ਦੀ ਲੰਬੀ ਸੂਚੀ ਹੈ।

‘ਮੜ੍ਹੀ ਦਾ ਦੀਵਾ’ ਅਤੇ ‘ਅੰਨ੍ਹੇ ਘੋੜੇ ਦਾ ਦਾਨ’ ’ਤੇ ਫਿਲਮਾਂ ਬਣੀਆਂ। ‘ਮੜ੍ਹੀ ਦਾ ਦੀਵਾ’ ’ਤੇ ਅਧਾਰਤ ਫਿਲਮ ਵਿੱਚ ਭੂਮਿਕਾਵਾਂ ਹਿੰਦੀ ਸਿਨੇਮਾ ਜਗਤ ਦੇ ਪ੍ਰਮੁੱਖ ਕਲਾਕਾਰਾਂ ਰਾਜ ਬੱਬਰ, ਦੀਪਤੀ ਨਵਲ ਅਤੇ ਪੰਕਜ ਕਪੂਰ ਨੇ ਨਿਭਾਈਆਂ। ਭਾਰਤ ਦੀਆਂ ਸਾਰੀਆਂ ਭਾਸ਼ਾਵਾਂ ਵਿੱਚ ਉਨ੍ਹਾਂ ਦੀਆਂ ਕਿਰਤਾਂ ਦਾ ਅਨੁਵਾਦ ਹੋਇਆ। ‘ਮੜ੍ਹੀ ਦਾ ਦੀਵਾ’ ਰੂਸੀ ਵਿੱਚ ਅਨੁਵਾਦ ਹੋਇਆ ਅਤੇ ਉਸ ਦੀਆਂ ਪੰਜ ਲੱਖ ਕਾਪੀਆਂ ਪਾਠਕਾਂ ਤੱਕ ਪਹੁੰਚੀਆਂ। ਪੰਜਾਬੀ ਸਾਹਿਤ ਦੇ ਆਧੁਨਿਕ ਸਾਹਿਤ ਸਿਰਜਣਾ ਖੇਤਰ ਵਿੱਚ ਦੂਜੀਆਂ ਭਾਸ਼ਾਵਾਂ ਵਿੱਚ ਅੰਮ੍ਰਿਤਾ ਪ੍ਰੀਤਮ ਤੋਂ ਬਾਅਦ ਗੁਰਦਿਆਲ ਸਿੰਘ ਜਾਣਿਆ ਜਾਂਦਾ ਸੀ। ਅੰਮ੍ਰਿਤਾ ਨੂੰ ਦਿੱਲੀ ਵਾਸੀ ਅਤੇ ਕਵਿੱਤਰੀ ਹੋਣ ਦਾ ਵੀ ਲਾਭ ਸੀ। ਹੁਣ ਇਸ ਲੜੀ ਵਿੱਚ ਸੁਰਜੀਤ ਪਾਤਰ ਵੀ ਗਿਣਿਆ ਜਾਂਦਾ ਹੈ।

ਗੁਰਦਿਆਲ ਸਿੰਘ ਦੀ ਪ੍ਰਤਿਭਾ ਅਤੇ ਸਿਰਜਣਾਕਾਰੀ ਵਿਚ ਅਜਿਹਾ ਕੁਝ ਸੀ, ਜਿਹੜਾ ਉਸ ਨੂੰ ਸਮਕਾਲੀਆਂ ਤੋਂ ਵਖਰਿਆਉਂਦਾ ਸੀ।

ਸ਼ਾਇਦ ਪੰਜਾਬ ਦੀ ਕੋਈ ਯੂਨੀਵਰਸਿਟੀ ਹੋਵੇ, ਜਿਸਦਾ ਉਹ ਅਜੀਵਨ ਫੈਲੋ ਨਹੀਂ ਸੀ, ਸਿਰਫ ਗੈਰ ਸਰਕਾਰੀ ਅਕਾਦਮੀਆਂ ਵਰਗੀਆਂ ਯੂਨੀਵਰਸਿਟੀਆਂ ਨੂੰ ਛੱਡ ਕੇ। ਭਾਰਤ ਵਿੱਚ ਜਿਹੜੀ ਯੂਨੀਵਰਸਿਟੀ ਵਿੱਚ ਪੰਜਾਬੀ ਪੜ੍ਹਾਈ ਜਾਂਦੀ ਹੈ, ਉਹ ਸਿਲੇਬਸ ਦਾ ਹਿੱਸਾ ਹੈ, ਪੀਐੱਚ.ਡੀ. ਅਤੇ ਐੱਮ ਫਿਲ ਦੇ ਕੰਮ ਤਾਂ ਵੱਡੀ ਗਿਣਤੀ ਵਿੱਚ ਹੋਏ ਸਨ। ਉਸਦੀ ਅਜਿਹੀ ਪ੍ਰਵਾਨਗੀ ਪਿੱਛੇ ਉਸ ਦੀ ਸਿਰਜਣਾ ਅਤੇ ਚਿੰਤਨ ਦੀ ਵੱਡੀ ਭੂਮਿਕਾ ਹੈ।

ਕਿਸਾਨੀ ਜੀਵਨ ’ਤੇ ਆਧਾਰਿਤ ਸੱਭਿਆਚਾਰ ਚੇਤਨਾ ਵਿੱਚ ਜਦੋਂ ਅਸੀਂ ਕਿਸੇ ਵਿਅਕਤੀ ਨੂੰ ਵਡਿਆਉਂਦੇ ਹਾਂ ਤਾਂ ਅਸੀਂ ਕਹਿੰਦੇ ਹਾਂ ਕਿ ਉਸ ਵਿਅਕਤੀ ਵਰਗਾ ਜੰਮਣਾ ਮੁਸ਼ਕਿਲ ਹੈ। ਸਾਡੇ ਇੱਕ ਲੋਕ ਬੋਲੀ ਪ੍ਰਚੱਲਤ ਹੈ ‘ਜੱਗਾ ਜੱਟ ਨ੍ਹੀਂ ਕਿਸੇ ਨੇ ਬਣ ਜਾਣਾ’, ਅਰਥਾਤ ਜੱਗੇ ਦੀ ਬਰਾਬਰੀ ਮੁਸ਼ਕਿਲ ਹੈ। ਜੱਗਾ ਸਰਕਾਰ ਦਾ ਬਾਗੀ ਸੀ। ਕਾਨੂੰਨ ਤੋੜਨ ਵਾਲਾ, ਉਹ ਸ਼ਾਹੂਕਾਰਾਂ ਨੂੰ ਲੁੱਟ ਕੇ ਕੁਝ ਹਿੱਸਾ ਲੋੜਵੰਦਾਂ ਵਿੱਚ ਵੰਡ ਦਿੰਦਾ ਸੀ। ਸ਼ਾਹੂਕਾਰ, ਚਲਾਕੀ ਨਾਲ ਕਿਸਾਨ ਨੂੰ ਲੁੱਟਦਾ ਸੀ। ਲੋਕਾਂ ਦੀਆਂ ਨਜ਼ਰਾਂ ਵਿੱਚ ਧਨ ਵੰਡਣਾ ਵੱਡੀ ਗੱਲ ਸੀ, ਅਜਿਹਾ ਕਰਦੇ ਹੋਏ ਉਹ ਸਟੇਟ ਦਾ ਬਾਗੀ ਸੀ। ਇਹ ਵਿਰੋਧ ਆਮ ਲੋਕਾਂ ਦੀਆਂ ਨਜ਼ਰਾਂ ਵਿੱਚ ਸੂਰਮਤਾਈ ਸੀ। ਲੇਖਕ ਵੀ ਅਸਲ ਵਿੱਚ ਸੂਰਮਾ ਹੁੰਦਾ ਹੈ। ਉਹ ਲੋਕਾਂ ਦੀ ਦੁਖਦੀ ਰਗ ਨੂੰ ਸਹਿਲਾਉਂਦਾ ਹੈ। ਉਹ ਲੋਕਾਂ ਦੇ ਦੁੱਖ ਨੂੰ ਪਾਤਰਾਂ ਦੇ ਦੁੱਖਾਂ ਰਾਹੀਂ ਉਠਾਉਂਦਾ ਹੈ। ਇਸ ਲਈ ਉਹ ਕੋਮਲ ਕਲਾਵਾਂ ਦਾ ਸਹਾਰਾ ਲੈਂਦਾ ਹੈ। ਗੁਰਦਿਆਲ ਸਿੰਘ ਨੇ ਇਹੀ ਕੀਤਾ। ਉਹ ਸਮਾਜ ਦੇ ਪੱਛੜੇ ਪਰ ਹੱਥੀਂ ਕੰਮ ਕਰਨ ਵਾਲੇ ਕਾਰੀਗਰ ਵਰਗ ਵਿੱਚੋਂ ਆਉਂਦਾ ਸੀ। ਕਲਾ ਉਸ ਨੂੰ ਵਿਰਾਸਤ ਵਿੱਚ ਮਿਲੀ ਸੀ। ਇਹ ਵਰਗ ਤਾਂ ਅਨਘੜ ਲੱਕੜੀ ਨੂੰ ਤਰਾਸ਼ ਕੇ ਉਸ ਵਿੱਚੋਂ ਜੀਵਨ ਉਪਜੀਵਕਾ ਕਮਾਉਣ ਵਾਲੇ ਸੰਦਾਂ ਦੇ ਨਾਲ ਮੂਰਤੀਆਂ ਘੜਨ ਦੀ ਸਮਰੱਥਾ ਰੱਖਦਾ ਹੈ। ਰਿਦਮ ਉਸ ਦੇ ਅਵਚੇਤਨ ਵਿੱਚ ਸਮਾਇਆ ਹੁੰਦਾ ਹੈ। ਇਹ ਕੰਮ ਦੀ ਬਰੀਕਬੀਨੀ ਉਸ ਅੰਦਰ ਸਬਰ ਅਤੇ ਸਹਿਜਤਾ ਭਰ ਦਿੰਦੀ ਹੈ। ਇਹ ਸਬਰ ਅਤੇ ਸਹਿਜਤਾ ਬਾਗੀਪੁਣੇ ਸਮੇਂ ਵੀ ਕਾਇਮ ਰਹਿੰਦੀ ਹੈ। ਭਗਤੀ ਲਹਿਰ ਸਮੇਂ ਤਾਂ ਇਹੀ ਕਾਰੀਗਰ ਵਰਗ ਚਿੰਤਨ ਦਾ ਸਿਰਜਕ ਬਣਿਆ। ਗੁਰਦਿਆਲ ਸਿੰਘ ਵਿੱਚ ਸੂਖ਼ਮਤਾ, ਸਹਿਜਤਾ ਅਤੇ ਕਲਾ-ਕੌਸ਼ਲਤਾ ਕੁੱਟ-ਕੁੱਟ ਕੇ ਭਰੀ ਹੋਈ ਸੀ। ਉਹ ਇਸ ਪ੍ਰਗਟਾਵੇ ਲਈ ਕਿਸੇ ਜ਼ਰੀਏ ਦੀ ਤਲਾਸ਼ ਵਿੱਚ ਸੀ। ਪਹਿਲਾਂ ਉਹ ਚਿੱਤਰਕਾਰੀ ਕਰਦਾ ਰਿਹਾ, ਫਿਰ ਸੁਣਿਆ ਗਾਉਂਦਾ ਰਿਹਾ। ਗੁਰਦੁਆਰੇ ਵਿੱਚ ਕੀਰਤਨ ਕਰਦਾ ਸੀ, ਪਰ ਅਖੀਰ ਵਿੱਚ ਉਸਦੀਆਂ ਭਾਵਨਾਵਾਂ ਅਤੇ ਅਹਿਸਾਸ ਨੂੰ ਸਾਹਿਤ ਸਿਰਜਣਾ ਦਾ ਰਸਤਾ ਮਿਲ ਗਿਆ।

ਸਾਹਿਤ ਸਿਰਜਣਾ ਵਿੱਚ ਉਹ ਗਲਪ ਦੀ ਸਿਰਜਣਕਾਰੀ ਵੱਲ ਵਧਿਆ ਅਤੇ ਉਸ ਵਿੱਚ ਨਿਪੁੰਨ ਹੋ ਗਿਆ। ਉਸ ਵਿੱਚ ਵੀ ਉਹ ਪਹਿਲਾਂ ਕਹਾਣੀ ਵੱਲ ਅਹੁਲਿਆਉਸਦੀ ਪਹਿਲੀ ਕਹਾਣੀ ਪ੍ਰੋ. ਮੋਹਨ ਸਿੰਘ ਨੇ ‘ਪੰਜ ਦਰਿਆ’ ਵਿੱਚ ਛਾਪੀ ਅਤੇ ਫਿਰ ਪਹਿਲਾ ਕਹਾਣੀ ਸੰਗ੍ਰਹਿ ‘ਸੱਗੀ ਫੁੱਲ’ ਛਪਿਆ। ਉਸ ਨੇ ਯਾਦਗਾਰੀ ਕਹਾਣੀਆਂ, ਸਾਂਝ, ਕਰੀਰ ਦੀ ਢਿੰਗਰੀ, ਰੋਜ ਅੱਜ ਤੱਕ ਪੰਜਾਬੀ ਪਾਠਕਾਂ ਦੇ ਚੇਤਿਆਂ ਵਿਚ ਵਸੀਆਂ ਹੋਈਆਂ ਹਨ। ਗੁਰਦਿਆਲ ਸਿੰਘ ਕੋਲ ਪੇਂਡੂ ਸਾਂਸਕ੍ਰਿਤੀ ਦਾ ਅਨੁਭਵ ਸੀ। ਇਸ ਅਨੁਭਵ ਵਿੱਚ ਵੀ ਖੇਤੀ ਦੇ ਪੱਛੜੇ ਸੰਦਾਂ ਨਾਲ ਮੱਥਾ ਮਾਰਦੀ ਕਿਸਾਨੀ ਸੀ। ਅਸਲ ਵਿੱਚ ਗੁਰਦਿਆਲ ਸਿੰਘ ਜਿਸ ਸਮੇਂ ਪੰਜਾਬੀ ਸਿਰਜਣਕਾਰੀ ਦੇ ਖੇਤਰ ਵਿੱਚ ਪ੍ਰਵੇਸ਼ ਕਰਦਾ ਹੈ, ਉਹ ਸਮਾਂ ਪੰਜਾਬ ਵਿੱਚ ਆਰਥਿਕ, ਸਮਾਜਿਕ ਅਤੇ ਸਾਂਸਕ੍ਰਿਤਕ ਤਬਦੀਲੀਆਂ ਦਾ ਸਮਾਂ ਸੀ। ਪੰਜਾਬ ਦੇ ਪੇਂਡੂ ਸਮਾਜਚਾਰੇ ਵਿੱਚ ਪੂੰਜੀਵਾਦੀ ਜੀਵਨ ਮੁੱਲ ਪ੍ਰਵੇਸ਼ ਕਰ ਰਹੇ ਸਨ। ਖੇਤੀ ਦਾ ਮਸ਼ੀਨੀਕਰਨ, ਮੰਡੀਕਰਨ ਹੋ ਰਿਹਾ ਸੀ। ਉਂਝ ਵੀ ਭਾਰਤ ਦੀ ਆਰਥਿਕਤਾ ਮਿਸ਼ਰਤ ਆਰਥਿਕ ਮਾਡਲ ਦੇ ਤੌਰ ਉੱਤੇ ਵਿਕਸਿਤ ਹੋ ਰਹੀ ਸੀ। ਜੀਵਨ-ਜਾਚ ਦੇ ਨਵੇਂ ਅਤੇ ਪੁਰਾਣੇ ਮੁੱਲਾਂ ਵਿਚਕਾਰ ਸੰਘਰਸ਼ ਚੱਲ ਰਿਹਾ ਸੀ। ਨਾਹਰੇ ਭਾਰਤ ਦੀ ਫਿਜ਼ਾ ਵਿੱਚ ਗੂੰਜ ਰਹੇ ਸਨ। ਉਹ ਨਾਹਰੇ ਵਿਕਾਸ ਨੂੰ ਲੈ ਕੇ ਵੀ ਸਨ ਅਤੇ ਵਿਰੋਧਾਂ ਨੂੰ ਲੈ ਕੇ ਵੀ। ਅਜਿਹੇ ਸਮੇਂ ਵਿੱਚ ਜੀਵਨ-ਜਾਚ ਵਿਚਲੇ ਟਕਰਾ, ਪ੍ਰਗਟਾਵੇ ਦਾ ਮੁਹਾਵਰਾ, ਦਰਸ਼ਨ ਦੀਆਂ ਲੋਕਮੁਖੀ ਪ੍ਰੰਪਰਾਵਾਂ ਅਤੇ ਕਲਾਤਮਿਕ ਸੁੱਚਤਾ ਵਿੱਚ ਸੰਤੁਲਨ ਸਥਾਪਤ ਕਰਨ ਦੀ ਬਹੁਤ ਲੋੜ ਸੀ। ਇਸ ਚੁਣੌਤੀ ਨੂੰ ਗੁਰਦਿਆਲ ਸਿੰਘ ਹੀ ਸਵੀਕਾਰ ਕਰ ਸਕਦਾ ਸੀ। ਉਸ ਸਮੇਂ ਰਾਜਸੀ ਖੇਤਰ ਵਿੱਚ ਧਨੀ ਕਿਸਾਨੀ ਦੀ ਸਰਦਾਰੀ ਸਥਾਪਤ ਹੋ ਰਹੀ ਸੀ। ਇਹ ਸਰਦਾਰੀ ਜਾਤੀਗਤ ਅਵਚੇਤਨਾ ਨਾਲ ਲਬਰੇਜ਼ ਸੀ। ਜਗੀਰਦਾਰੀ ਨਾਲ ਜੁੜੇ ਤੱਤ ਵੀ ਰਾਜਸੀ ਖੇਤਰ ਵਿੱਚ ਸਥਾਪਤ ਹੋ ਕੇ ਕੌਮੀ ਸਰਮਾਏਦਾਰੀ ਵਿੱਚ ਸਪੇਸ ਦੀ ਤਲਾਸ਼ ਵਿੱਚ ਸਨ। ਸਮਾਜਿਕ ਤੌਰ ਉੱਤੇ ਹਾਸ਼ੀਆਗਤ ਧਿਰਾਂ ਅਸੰਜਮ ਦੀ ਸਥਿਤੀ ਵਿਚ ਸਨ। ਪੰਜਾਬ ਵਿੱਚ ਉਨ੍ਹਾਂ ਦਾ ਸਿੱਧਾ ਟਕਰਾ ਜਗੀਰੂ ਮਾਨਸਿਕਤਾ ਅਤੇ ਸਾਂਸਕ੍ਰਿਤੀ ਵਾਲੀ ਕਿਸਾਨੀ ਨਾਲ ਸੀ ਅਤੇ ਪਰੰਪਰਾ ਵਿੱਚ ਭਾਰੂ ਸਾਂਸਕ੍ਰਿਤੀ ਦਾ ਬ੍ਰਹਮਣਵਾਦੀ ਤ੍ਰਿਸਕਾਰ ਨਾਲ ਭਰਿਆ ਜੀਵਨ। ਪੰਜਾਬ ਦੇ ਜਿਸ ਵਰਗ ਨਾਲ ਇਹ ਵਿਰੋਧ ਸੀ, ਉਹ ਆਪਣੀ ਸੀਮਤ ਸੋਚ ਕਰਕੇ ਮੱਧਕਾਲ ਤੋਂ ਅੱਗੇ ਵਧ ਜਾਣ ਲਈ ਤਿਆਰ ਨਹੀਂ ਸੀ, ਕਿਉਂਕਿ ਉਸਦੀ ਸਰਦਾਰੀ ਅਤੇ ਜਾਤੀਗਤ ਸਥਾਪਤੀ ਇਸੇ ਵਿੱਚ ਸੀ। ਇਹ ਵਰਗ ਰਾਜਸੀ ਖੇਤਰ ਦੇ ਪ੍ਰਭਾਵ ਕਾਰਨ ਪ੍ਰਬੰਧਕੀ ਅਮਲੇ ਵਿੱਚ ਵੀ ਤੇਜ਼ੀ ਨਾਲ ਪੈਰ ਪਸਾਰ ਰਿਹਾ ਸੀ। ਅਜਿਹੀ ਸਥਿਤੀ ਵਿੱਚ ਪੇਂਡੂ ਸਮਾਜਚਾਰੇ ਵਿੱਚ ਹੱਥੀਂ ਕੰਮ ਕਰਨ ਵਾਲੇ ਵਰਗ ਕੋਲ ਸਮਕਾਲੀ ਵਿਰੋਧ ਅਤੇ ਪ੍ਰੰਪਰਾਵਾਂ ਦੀ ਮਾਨਸਿਕਤਾ ਦੇ ਸਹਾਰੇ ਤੋਂ ਬਿਨਾਂ ਰਸਤਾ ਹੀ ਨਹੀਂ ਸੀ। ਉਸਦਾ ਅਵਚੇਤਨ ਭਾਰਤੀ ਸਾਂਸਕ੍ਰਿਤੀ ਵਿੱਚੋਂ ਉੱਭਰ ਰਿਹਾ ਸੀ ਅਤੇ ਵਿਰੋਧ ਜਗੀਰਦਾਰੀ ਮੁੱਲਾਂ ਨਾਲ ਜੁੜੀ ਰਾਜਸੀ ਤੌਰ ’ਤੇ ਸ਼ਕਤੀਸ਼ਾਲੀ ਧਨੀ ਕਿਸਾਨੀ ਨਾਲ ਸੀ। ਖੱਬੇ ਪੱਖੀ ਚਿੰਤਨ ਦੇ ਵੱਡੇ ਹਿੱਸੇ ਦੀ ਵਿਚਾਰਧਾਰਕ ਹਮਾਇਤ ਇਸੇ ਵਿਚਾਰਧਾਰਕ ਅਭੀਵਿਅਕਤੀ ਨਾਲ ਸੀ। ਅਜਿਹੇ ਸਮੇਂ ਵਿੱਚ ਗੁਰਦਿਆਲ ਸਿੰਘ ਪੰਜਾਬੀ ਨਾਵਲ ਦੇ ਖੇਤਰ ਵਿੱਚ, 1964 ਵਿੱਚ ‘ਮੜ੍ਹੀ ਦਾ ਦੀਵਾ’ ਨਾਲ ਪ੍ਰਵੇਸ਼ ਕਰਦਾ ਹੈ।

ਇਸ ਨਾਵਲ ਦੇ ਚਿਤਰਨ ਵਿੱਚ ਸ਼ੀਰੀ ਮਾਲਕ ਦੇ ਸੰਬੰਧਾਂ ਦੇ ਅੰਤਰ ਵਿਰੋਧ ਮੌਜੂਦ ਹਨ, ਪ੍ਰੰਤੂ ਅਸਲ ਵਿੱਚ ਭਾਰਤੀ ਸਾਂਸਕ੍ਰਿਤੀ ਦੇ ਜੜ੍ਹ ਅਵਚੇਤਨ ਉੱਤੇ ਅਧਾਰਤ ਵਿਹਾਰ ਅਤੇ ਆਰਥਿਕ ਸੰਸਥਾਵਾਂ ਵਿੱਚੋਂ ਪੈਦਾ ਹੋਏ ਟਕਰਾ ਵਿੱਚ ਉਪਜਿਆ ਸੰਵਾਦ ਅਤੇ ਹਾਸ਼ੀਆਗਤ ਲੋਕਾਂ ਦੀ ਹੋਣੀ ਇਸ ਦੇ ਕੇਂਦਰ ਵਿੱਚ ਹੈ। ਪਿਛਲੇ ਦਿਨੀਂ ‘ਮੜ੍ਹੀ ਦਾ ਦੀਵਾ’ ਉੱਤੇ ਕੰਮ ਕਰਦੇ ਕਈ ਪਹਿਲੂਆਂ ਉੱਤੇ ਸੋਚਣ ਦਾ ਮੌਕਾ ਮਿਲਿਆ। ਸੰਯੋਗਵਸ ਹੀ ਜੁਲਾਈ-ਸਤੰਬਰ 2016 ਦੇ ‘ਪ੍ਰਵਚਨ’ ਦੇ ਅੰਕ 64 ਵਿੱਚ ਇਹ ਲੇਖ ਇਕ ਮਹੀਨਾ ਪਹਿਲਾਂ ਹੀ ਛਪਿਆ ਹੈ। ਉਸ ਵਿੱਚ ਮਹਿਸੂਸ ਹੋਇਆ ਕਿ ਗੁਰਦਿਆਲ ਸਿੰਘ ਸੁਚੇਤ ਰੂਪ ਵਿੱਚ ਪਾਤਰ ਦੇ ਵਿਹਾਰ ਦੇ ਹਰ ਬਿੰਦੂ ਨੂੰ ਧਿਆਨ ਵਿੱਚ ਰੱਖਦਾ ਸੀ। ਉਦਾਹਰਣ ਦੇ ਤੌਰ ’ਤੇ ਜਗਸੀਰ ਦੀ ਮਾਂ ਨੰਦੀ ਦਾ ਸਾਰਾ ਵਿਹਾਰ ਭਾਰਤੀ ਸਾਂਸਕ੍ਰਿਤੀ ਦੇ ਦਰਸ਼ਨ ਉੱਤੇ ਅਧਾਰਿਤ ਹੈ। ਟਾਹਲੀ ਹੇਠ ਬੈਠ ਕੇ ਆਪਣੇ ਪਤੀ ਨੂੰ ਯਾਦ ਕਰਨਾ, ਬੇਔਲਾਦੇ ਮਰਨ ਨਾ ਅਹਿਸਾਸ, ਥੱਕ ਕੇ ਬੈਠਦੀ ਦਾ ‘ਹੇ ਰਾਮ’ ਦਾ ਉਚਾਰਨ ਕਰਨਾ, ਇਹ ਸਾਰੇ ਭੰਤੇ ਦੇ ਸਰਗਰਮ ਵਿਰੋਧ ਵਿਚ ਰੁਕਾਵਟ ਬਣਦੇ ਹਨ। ਇਹੀ ਸਥਿਤੀ ਸਹਿਜਤਾ ਦੀ ਹੈ, ਜਿਹੜੀ ਸਿਰਫ ਗੁਰਦਿਆਲ ਸਿੰਘ ਹੀ ਕਾਇਮ ਰੱਖ ਸਕਦਾ ਸੀ। ਨਹੀਂ ਤਾਂ ਅਸੀਂ ਕਿਤੇ ਭਾਈ ਵੀਰ ਸਿੰਘ ਦੇ ਧਰਮ-ਉਥਾਨ, ਕਿਤੇ ਨਾਨਕ ਸਿੰਘ ਦੇ ਸ਼ਹਿਰੀ ਮੱਧ ਵਰਗੀ ਰੁਮਾਂਸ ਅਤੇ ਕਿਤੇ ਕਿੱਸਾ ਕਾਵਿ ਦੇ ਸਾਹਸਪੂਰਨ ਕਾਰਨਾਮਿਆਂ ਵਿੱਚ ਫਸੇ ਹੋਏ ਸੀ। ਗੁਰਦਿਆਲ ਸਿੰਘ ਪੰਜਾਬੀ ਨਾਵਲ ਨੂੰ ਇੱਕ ਨਵੇਂ ਰਾਹ ਤੋਰਦਾ ਹੈ। ਇਸੇ ਲਈ ਡਾ. ਜੋਗਿੰਦਰ ਸਿੰਘ ਰਾਹੀ ਨੇ ਗੁਰਦਿਆਲ ਸਿੰਘ ਨੂੰ ‘ਟਰੈਂਡ ਸੈਟਰ’ ਨਾਵਲਕਾਰ ਕਿਹਾ ਸੀ। ਪਰ ਅਫਸੋਸ ਪੰਜਾਬੀ ਨਾਵਲਕਾਰਾਂ ਦੀ ਜਮਾਤ ਇਸ ਟਰੈਂਡ ਨੂੰ ਸਮੁੱਚਤਾ ਵਿੱਚ ਅਪਣਾਉਣ ਦੀ ਥਾਂ ਟੋਟਿਆਂ ਵਿੱਚ ਅਪਣਾਉਂਦੀ ਰਹੀ। ਉਹ ਬਿਰਤਾਂਤਕ ਪੈਟਰਨ ਦੇ ਪੱਖ ਤੋਂ ਨਾਨਕ ਸਿੰਘ, ਜਸਵੰਤ ਕੰਵਲ ਅਤੇ ਗੁਰਦਿਆਲ ਸਿੰਘ ਵਿਚਕਾਰ ਲਟਕਦੀ ਰਹੀ।

ਗੁਰਦਿਆਲ ਸਿੰਘ ਦਾ ‘ਮੜ੍ਹੀ ਦਾ ਦੀਵਾ’ ਤੋਂ ਸ਼ੁਰੂ ਕੀਤਾ ਨਾਵਲੀ ਸਫ਼ਰ ‘ਆਹਣ’ ਤੱਕ ਜਾਰੀ ਰਿਹਾ। ‘ਅਣਹੋਏ’ ਵਿੱਚ ਹੱਥੀਂ ਕੰਮ ਕਰਨ ਵਾਲਾ ਕਾਰੀਗਰ ਵਰਗ ਕੇਂਦਰ ਆਉਂਦਾ ਵਿੱਚ ਹੈ। ਇਸ ਨਾਵਲ ਵਿੱਚ ਬੰਦੇ ਦੀ ਹੋਂਦ ਦਾ ਮਸਲਾ ਸਮਾਜਿਕ ਸਮੱਸਿਆ ਬਣ ਕੇ ਸਾਹਮਣੇ ਆਉਂਦਾ ਹੈ। ਇੱਥੇ ਬਿਸ਼ਨਾ ਪੰਜਾਬੀ ਸਮਾਜ ਵਿਚਲੇ ਜਾਤੀਗਤ ਹਉਮੈ ਦੀ ਪ੍ਰੰਪਰਾਗਤ ਬਣਤਰ ਤੋਂ ਬਾਹਰ ਨਿਕਲਦਾ ਹੈ। ਉਹ ਪੰਜਾਬੀ ਫੋਕ ਅਤੇ ਸਮਕਾਲੀ ਗਾਇਕੀ ਵਿੱਚ ਉੱਭਰੇ ਕਿਸਾਨੀ ਦੇ ਜਾਤੀਗਤ ਬਿੰਬ ਨੂੰ ਤੋੜਦਾ ਹੈ। ਬਿਸ਼ਨਾ ਪੰਜਾਬ ਦੀ ਜਿਸ ਜਾਤੀ ਨਾਲ ਸੰਬੰਧਤ ਹੈ, ਉਹ ਤਾਂ ‘ਅਣਹੋਏ’ ਹਨ, ਪਰ ਉਨ੍ਹਾਂ ਵਿੱਚ ਆਪਣੀ ਮੜ੍ਹਕ ਹੈ। ਉਹ ਸੱਤਾ ਦੇ ਵਹਿਣ ਵਿੱਚ ਵਹਿਣ ਵਾਲੇ ਹਰ ਅੰਗ ਨੂੰ ਨਕਾਰ ਦਿੰਦਾ ਹੈ। ‘ਅੱਧ ਚਾਨਣੀ ਰਾਤ’ ਵਿੱਚ ਵੀ ਅਤੇ ‘ਪਰਸਾ’ ਵਿੱਚ ਵੀ ਉਹ ਸੱਤਾ ਦੀ ਹਰ ਸੰਸਥਾ ਅਤੇ ਉਸ ਉੱਤੇ ਉਸਰੀ ਜੀਵਨ-ਜਾਚ ਨੂੰ ਚੁਣੌਤੀ ਦਿੰਦਾ ਹੈ। ਇਸੇ ਪ੍ਰਕਾਰ ‘ਆਥਣ ਉੱਗਣ’ ਵਿੱਚ ਕਿਸਾਨੀ ਅਤੇ ਦਲਿਤ ਵਰਗ ਦੇ ਅੰਤਰ-ਵਿਰੋਧ ਦੀਆਂ ਪਰਤਾਂ ਨੂੰ ਉਭਾਰਦਾ ਹੈ। ‘ਅੰਨ੍ਹੇ ਘੋੜੇ ਦਾ ਦਾਨ’ ਵਿੱਚ ਉਹ ਮਜ਼ਦੂਰਾਂ ਦੇ ਪਿੰਡ ਤੋਂ ਸ਼ਹਿਰ ਦੇ ਪ੍ਰਵੇਸ਼ ਨਾਲ ਵਾਪਰਦੇ ਅਮਨੁੱਖੀਕਰਨ ਦੇ ਵਰਤਾਰੇ ਨੂੰ ਚਿਤਰਦਾ ਹੈ। ‘ਕੁਵੇਲਾ’ ਵਿੱਚ ਉਹ ਬਿਲਕੁੱਲ ਵੱਖਰਾ ਵਿਸ਼ਾ ਲੈ ਕੇ ਆਉਂਦਾ ਹੈ।

ਗੁਰਦਿਆਲ ਸਿੰਘ ਨੇ ਸਮਕਾਲ ਰਾਹੀਂ ਦੀਰਘਕਾਲ ਨਾਲ ਵੀ ਸੰਵਾਦ ਰਚਾਇਆ। ਉਸ ਨੇ ਬਿਰਤਾਂਤਕ ਵਿਧੀ ਦੇ ਪੱਖੋਂ ਵੀ ਪੰਜਾਬੀ ਨਾਵਲ ਨੂੰ ਨਵਾਂ ਰਸਤਾ ਦਿਖਾਇਆ। ਉਸ ਨੇ ਨਾਵਲ ਦੇ ਮੁੱਖ ਪਾਤਰ ਨੂੰ ਨਾਇਕ ਵਾਲੀ ਆਦਰਸ਼ਮੁਖੀ ਪਰੰਪਰਾ ਤੋਂ ਮੁਕਤ ਕੀਤਾ। ਇਸ ਨਾਲ ਉਹ ਇੱਕ ਪਰਤੀ ਦੀ ਥਾਂ ਬਹੁ-ਪਰਤੀ ਬਣ ਗਿਆ। ਉਹ ਆਮ ਵਿਅਕਤੀ ਦੀ ਆਵਾਜ਼ ਬਣਿਆ ਅਤੇ ਆਮ ਪਾਠਕ ਉਸ ਵਿੱਚੋਂ ਆਪਣਾ ਅਕਸ ਤਲਾਸ਼ਣ ਲੱਗ ਪਿਆ। ਇਸ ਨਾਲ ਨਾਵਲ ਯਥਾਰਥ ਦੇ ਨੇੜੇ ਅਤੇ ਗਲਪੀ ਤਰਕ ਵਿੱਚ ਉਭਰਨ ਲੱਗ ਪਿਆ। ਗੁਰਦਿਆਲ ਸਿੰਘ ਤੋਂ ਪਹਿਲਾਂ ਨਾਵਲ ਵਿੱਚ ਘਟਨਾਵਾਂ ਦਾ ਘੜਮੱਸ ਮੱਚਿਆ ਰਹਿੰਦਾ ਸੀ। ਇਨ੍ਹਾਂ ਘਟਨਾਵਾਂ ਵਿੱਚ ਦਰਸ਼ਨ ਜਾਂ ਉਲਝ ਜਾਂਦਾ ਸੀ ਜਾਂ ਫਿਰ ਸੰਵਾਦ ਤੋਂ ਕੋਰਾ ਹੋ ਜਾਂਦਾ ਸੀ। ਉੱਤੋਂ ਘਟਨਾਵਾਂ ਇੰਨੀਆਂ ਹਾਵੀ ਹੋ ਜਾਂਦੀਆਂ ਸਨ ਕਿ ਪਾਠਕ ਸੋਚਦਾ ਹੀ ਰਹਿੰਦਾ ਸੀ। ਇਹ ਸਭ ਕੁਝ ਕਿਵੇਂ ਵਾਪਰ ਰਿਹਾ ਸੀ। ਗੁਰਦਿਆਲ ਸਿੰਘ ਨੇ ਘਟਨਾਵਾਂ ਦੀ ਸੰਘਣਤਾ ਨੂੰ ਤੋੜ ਕੇ ਦਰਸ਼ਨ ਨੂੰ ਪਾਤਰਾਂ ਦੇ ਸੰਵਾਦ ਰਾਹੀਂ ਉਭਾਰਿਆ। ਇਹ ਦਰਸ਼ਨ ਬਹੁਤ ਵਾਰੀ ਪਾਤਰੀ ਸੰਵਾਦ ਵਿੱਚੋਂ ਉੱਭਰਦਾ ਸੀ। ਅਜਿਹਾ ਕਰਦੇ ਹੋਏ ਉਨ੍ਹਾਂ ਦੀ ਮੁੱਖ ਟੇਕ ਫੋਕ ਉੱਤੇ ਹੁੰਦੀ ਸੀ। ਭਾਰਤੀ ਅਤੇ ਪੰਜਾਬੀ ਲੋਕ ਮਾਨਸਿਕਤਾ ਦਾ ਗੁਰਦਿਆਲ ਸਿੰਘ ਨੂੰ ਬਹੁਤ ਗਿਆਨ ਸੀ। ਉਹ ਨਾਵਲੀ ਬਣਤਰ ਵਿੱਚ ਘਟਨਾਵਾਂ ਨੂੰ ਇਤਿਹਾਸਕ ਅੰਤਰਾਲ ਵਿੱਚ ਪਾਉਂਦੇ ਹੋਏ ਇਤਿਹਾਸ ਰਾਹੀਂ ਮਿਥਹਾਸ ਵਿੱਚ ਪ੍ਰਵੇਸ਼ ਕਰਨ ਦੀ ਸਮਰੱਥਾ ਰੱਖਦਾ ਸੀ। ਉਸ ਨੇ ਪੰਜਾਬੀ ਨਾਵਲ ਵਿੱਚ ਆਪਣੀ ਬਿਰਤਾਂਤ ਵਿਧੀ ਵਿਕਸਿਤ ਕੀਤੀ। ਉਸਦੇ ਨਾਵਲਾਂ ਦਾ ਭਾਸ਼ਾਈ ਰਜਿਸਟਰ ਪਾਤਰ ਦੀ ਸਮਾਜਿਕ ਸਥਿਤੀ ਵਿੱਚੋਂ ਆਪਣੀ ਹੋਂਦ ਗ੍ਰਹਿ ਕਰਦਾ ਸੀ। ਗੁਰਦਿਆਲ ਸਿੰਘ ਦੀ ਸਿਰਜਣਕਾਰੀ ਸਿਰਫ ਨਾਵਲ ਅਤੇ ਕਹਾਣੀ ਉੱਤੇ ਹੀ ਕੇਂਦਰਿਤ ਨਹੀਂ ਰਹੀ, ਉਸ ਨੇ ਨਾਟਕ, ਬਾਲ ਸਾਹਿਤ, ਸਫਰਨਾਮਾ, ਸਵੈ-ਜੀਵਨੀ ਅਤੇ ਵਾਰਤਕ ਵੀ ਲਿਖੀ। ਉਸ ਦੀਆਂ ਰਚਨਾਵਾਂ ਦੀ ਗਿਣਤੀ ਚਾਰ ਦਰਜਨ ਦੇ ਆਸ-ਪਾਸ ਬਣਦੀ ਹੈ। ਪੰਜਾਬੀ ਸੱਭਿਆਚਾਰ ਦੀਆਂ ਸਾਰੀਆਂ ਬਣਤਰਾਂ ਦੀ ਉਨ੍ਹਾਂ ਨੂੰ ਡੂੰਘੀ ਸਮਝ ਸੀ। ਉਹ ਇਨ੍ਹਾਂ ਬਣਤਰਾਂ ਦੇ ਵਰਤਾਰੇ ਨੂੰ ਵੈਦਿਕ ਕਾਲ ਤੋਂ ਵੀ ਪਿੱਛੇ ਤੱਕ ਖਿੱਚ ਕੇ ਲੈ ਜਾਂਦਾ ਹੈ। ਇਹੀ ਉਸ ਦੀ ਵਿਲੱਖਣਤਾ ਸੀ।

ਸੰਯੋਗਵੱਸ ਗੁਰਦਿਆਲ ਸਿੰਘ ਜਿਸ ਦੌਰ ਵਿੱਚ ਪ੍ਰਵਾਨ ਚੜ੍ਹਿਆ, ਉਸ ਸਮੇਂ ਸਾਹਿਤਕ ਸੰਸਥਾਵਾਂ ਦੇ ਸਿਖਰ ਉੱਤੇ ਬੈਠੇ ਲੋਕ ਸਾਹਿਤਕ ਕੱਦ-ਕਾਠ ਵਾਲੇ ਸਨ। ਉਨ੍ਹਾਂ ਦੀ ਸਮਰੱਥਾ ਉੱਤੇ ਸ਼ੱਕ ਨਹੀਂ ਸੀ, ਉਨ੍ਹਾਂ ਵਿਚ ਰਾਜਨੀਤੀ ਹਮੇਸ਼ਾ ਕਿਸੇ ਨਾ ਕਿਸੇ ਰੂਪ ਵਿੱਚ ਮੌਜੂਦ ਹੁੰਦੀ ਸੀ। ਇਸ ਸਮੇਂ ਵੀ ਕੁਝ ਲੇਖਕ ਅੱਖੋਂ-ਪਰੋਖੇ ਹੋਏ। ਇਸ ਲਈ ਗੁਰਦਿਆਲ ਸਿੰਘ ਸਫਲਤਾ ਨਾਲ ਉੱਨੀ-ਇੱਕੀ ਦੇ ਫਰਕ ਨਾਲ ਪੌੜੀਆਂ ਚੜ੍ਹਦਾ ਗਿਆ। ਅਜੋਕੇ ਮਾਹੌਲ ਵਿੱਚ ਇਹ ਮੁਸ਼ਕਲ ਹੋ ਸਕਦਾ ਸੀ। ਹੁਣ ਸੰਸਥਾਵਾਂ ਉੱਤੇ ਬਦਕਿਸਮਤੀ ਨਾਲ ਅਜਿਹੇ ਬੌਣੇ ਲੋਕ ਬੈਠੇ ਹਨ, ਜਿਨ੍ਹਾਂ ਦਾ ਸਿਰਜਣਾ ਅਤੇ ਸਾਹਿਤ ਦੇ ਖੇਤਰ ਵਿੱਚ ਨਾ ਕੋਈ ਯੋਗਦਾਨ ਅਤੇ ਨਾ ਹੀ ਕੋਈ ਨਾਂਅ। ਇਸ ਕਰਕੇ ਸਾਹਿਤ ਅਕਾਦਮੀ ਬਾਰੇ ਲੋਕਾਂ ਨੇ ਚਰਚਾ ਕਰਨੀ ਹੀ ਬੰਦ ਕਰ ਦਿੱਤੀ। ਇਨਾਮ ਦੀ ਘੋਸ਼ਣਾ ਤੋਂ ਕੁਝ ਸਮੇਂ ਬਾਅਦ ਹੀ ਲੋਕ ਰਚਨਾ ਅਤੇ ਲੇਖਕ ਦੋਹਾਂ ਨੂੰ ਭੁੱਲ ਜਾਂਦੇ ਹਨ। ਅਜਿਹੇ ਹੀ ਲੋਕਾਂ ਦੀ ਇੱਕ ਝਲਕ ਚਾਰ ਕੁ ਸਾਲ ਪਹਿਲਾਂ ਪੰਜਾਬੀ ਯੂਨੀਵਰਸਿਟੀ ਦੀ ਵਰਲਡ ਪੰਜਾਬੀ ਕਾਨਫਰੰਸ ਵਿੱਚ ਵੇਖਣ ਨੂੰ ਮਿਲੀ। ਗੁਰਦਿਆਲ ਸਿੰਘ, ਫਿਲਮੀ ਕਲਾਕਾਰ ਓਮ ਪੁਰੀ ਸਮੇਤ ਕਈ ਪ੍ਰਮੁੱਖ ਹਸਤੀਆਂ ਨੂੰ ਯੂਨੀਵਰਸਿਟੀ ਵੱਲੋਂ ਸਨਮਾਨਿਤ ਕੀਤਾ ਜਾਣਾ ਸੀ। ਗੁਰੂ ਤੇਗ ਬਹਾਦਰ ਹਾਲ ਵਿੱਚ ਕਾਫੀ ਗਿਣਤੀ ਵਿੱਚ ਲੋਕ ਹਾਜ਼ਰ ਸਨ। ਪੰਜਾਬੀ ਦਾ ਇੱਕ ਸੀਨੀਅਰ ਪ੍ਰੋਫੈਸਰ ਮੰਚ ਸੰਚਾਲਕ ਸੀ। ਓਮ ਪੁਰੀ ਦੀ ਵਾਰੀ ਆਈ। ਪਹਿਲਾਂ ਪ੍ਰੋ. ਸਾਹਿਬ ਨੇ ਤਰੀਫ ਦਿਲ ਖੋਲ੍ਹ ਕੇ ਕੀਤੀ। ਜਦੋਂ ਪ੍ਰਸ਼ੰਸਾ ਪੱਤਰ ਪੜ੍ਹਿਆ ਜਾ ਰਿਹਾ ਸੀ ਤਾਂ ਵੀ ਸੀ ਸਾਹਿਬ ਵੀ ਮੰਦ-ਮੰਦ ਮੁਸਕਰਾ ਰਹੇ ਸਨ। ਓਮ ਪੁਰੀ ਦੀ ਅਭਿਨੈ ਸਮਰੱਥਾ ਉੱਤੇ ਸਾਨੂੰ ਕੋਈ ਇਤਰਾਜ਼ ਨਹੀਂ। ਇਤਰਾਜ਼ ਇਸ ਗੱਲ ’ਤੇ ਹੋਇਆ ਕਿ ਉਸ ਤੋਂ ਬਾਅਦ ਗੁਰਦਿਆਲ ਸਿੰਘ ਦਾ ਸਨਮਾਨ ਸੀ। ਪ੍ਰੋ. ਸਾਹਿਬ ਨੂੰ ਸਟੇਜ ਉੱਤੇ ਸਿੱਧਾ ਬੁਲਾਇਆ। ਪ੍ਰਸੰਸਾ ਪੱਤਰ ਪੜ੍ਹਨਾ ਸ਼ੁਰੂ ਹੋਇਆ। ਵੀ ਸੀ ਸਾਹਿਬ ਆਪਣੀ ਸੀਟ ਉੱਤੇ ਜਾ ਬੈਠੇ। ਪੰਜਾਬੀ ਦਾ ਪ੍ਰੋ. ਦਰਸ਼ਕਾਂ ਵਿੱਚ ਵੀ.ਸੀ ਨਾਲ ਆਪਣੇ ਸੰਬੰਧਾਂ ਦੀ ਧਾਕ ਜਮਾਉਣ ਲਈ ਵੀ.ਸੀ ਦੇ ਕੰਨ ਵਿੱਚ ਕੁਝ ਫੁਸਫੁਸਾ ਰਿਹਾ ਸੀ। ਗੁਰਦਿਆਲ ਸਿੰਘ ਯੂਨੀਵਰਸਿਟੀ ਵੱਲੋਂ ਦਿੱਤਾ ਸ਼ਾਲ ਮੋਢੇ ਉੱਤੇ ਰੱਖੀ ਸ਼ਾਂਤ ਸੁਭਾਅ ਖੜ੍ਹਾ ਆਪਣੇ ਪਾਠਕਨੁਮਾ ਦਰਸ਼ਕਾਂ ਵੱਲ ਵੇਖ ਰਿਹਾ ਸੀ। ਮੈਂ ਪਰਵਾਨੇ ਨੂੰ ਕਿਹਾ, ‘ਯਾਰ ਤੁਹਾਡੇ ਲੇਖਕਾਂ ਨਾਲੋਂ ਤਾਂ ਐਕਟਰ ਚੰਗਾ।’ਬਲਬੀਰ ਪਰਵਾਨਾ ਬੋਲਿਆ, “ਛੱਡ ਦਫਾ ਕਰ।”

ਅਧਿਕਾਰੀਆਂ ਦੇ ਅਜਿਹੇ ਰਵੱਈਏ ਨਾਲ ਗੁਰਦਿਆਲ ਸਿੰਘ ਦਾ ਕੁਝ ਵਿਗੜਿਆ ਨਹੀਂ, ਪਰ ਕੁਝ ਲੋਕ ਛੋਟੇ ਹੋ ਗਏ। ਗੁਰਦਿਆਲ ਸਿੰਘ ਇਨ੍ਹਾਂ ਗੱਲਾਂ ਤੋਂ ਉੱਪਰ ਸੀ। ਉਹ ਸਿਰਜਕ ਸੀ। ਸਿਰਜਕ ਵੀ ਲੋਕਾਈ ਦੇ ਨੇੜੇ। ਇਸੇ ਲਈ ਇਹ ਕਹਿਣ ਨੂੰ ਜੀ ਕਰਦਾ, “ਗੁਰਦਿਆਲ ਸਿੰਘ ਨ੍ਹੀਂ ਕਿਸੇ ਨੇ ਬਣ ਜਾਣਾ ...।”

*****

(406)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਡਾ. ਰਜਨੀਸ਼ ਬਹਾਦਰ ਸਿੰਘ

ਡਾ. ਰਜਨੀਸ਼ ਬਹਾਦਰ ਸਿੰਘ

Jalandhar, Punjab, India.
Mobile: (91 - 98148 - 60778)
Email: (pravachan07@gmail.com)