ParamjitSBagria7ਭਾਵੇਂ ਪ੍ਰਧਾਨ ਮੰਤਰੀ ਅਤੇ ਹੋਰ ਮੰਤਰੀਆਂ ਨੇ ਲੋਕਾਂ ਦੇ ਮੁੱਦਿਆਂ ’ਤੇ ਚੁੱਪ ਧਾਰੀ ਰੱਖੀ ਹੈ ਪਰ ਦੇਸ਼ ਦੇ ਲੋਕ ...
(28 ਜੁਲਾਈ 2023)

 

ਲੱਛੇਦਾਰ ਭਾਸ਼ਣਾਂ ਲਈ ਮਾਹਰ ਅਤੇ ਰਾਸ਼ਟਰੀ ਰੇਡੀਓ ’ਤੇ ‘ਮਨ ਕੀ ਬਾਤ’ ਰਾਹੀਂ ਹਰ ਛੋਟੇ ਤੋਂ ਛੋਟੇ ਮੁੱਦੇ ਨੂੰ ਛੂਹਣ ਦਾ ਦਮ ਭਰਨ ਵਾਲੇ ਐੱਨ.ਡੀ.ਏ. ਸਰਕਾਰ ਦੇ ਮੁਖੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਦੂਜਾ ਕਾਰਜ ਕਾਲ ਸੰਵੇਦਨਸ਼ੀਲ ਮੁੱਦਿਆਂ ’ਤੇ ਲੰਮੀ ਚੁੱਪ ਤਾਣ ਲੈਣ ਦਾ ਨਵਾਂ ਰਿਕਾਰਡ ਬਣਾ ਰਿਹਾ ਹੈਦੇਸ਼ ਦੇ ਕਈ ਹਿੱਸਿਆਂ ਵਿੱਚ, ਖਾਸ ਕਰ ਭਾਜਪਾ ਸ਼ਾਸਤ ਸੂਬਿਆਂ ਵਿੱਚ ਹੋਈਆਂ ਅਣਸੁਖਾਵੀਆਂ ਘਟਨਾਵਾਂ ਉੱਤੇ ਪ੍ਰਧਾਨ ਮੰਤਰੀ ਵੱਲੋਂ ਲੰਮਾ ਸਮਾਂ ਚੁੱਪ ਰਹਿ ਕੇ ਡੰਗ ਟਪਾਈ ਕਰਨ ਦਾ ਸਿਲਸਿਲਾ ਜਾਰੀ ਹੈ

ਉੱਤਰ ਪੂਰਬੀ ਸੂਬੇ ਮਨੀਪੁਰ ਵਿੱਚ 4 ਮਈ ਨੂੰ ਸਥਾਨਕ ਮੈਤੇਈ ਅਤੇ ਕੁਕੀ ਕਬੀਲਿਆਂ ਵਿੱਚ ਹੋਈ ਹਿੰਸਾ ਵਿੱਚ 142 ਵਿਆਕਤੀਆਂ ਦੇ ਮਰਨ ਬਾਅਦ ਵੀ ਹਿੰਸਕ ਘਟਨਾਵਾਂ ਜਾਰੀ ਰਹੀਆਂਹਜ਼ਾਰਾਂ ਪਰਿਵਾਰਾਂ ਨੂੰ ਘਰਬਾਰ ਛੱਡ ਕੇ ਸੁਰੱਖਿਅਤ ਥਾਂਵਾਂ ’ਤੇ ਜਾਣਾ ਪਿਆਘਰਾਂ ਦੀ ਸਾੜ-ਫੂਕ ਕੀਤੀ ਗਈ ਅਤੇ ਪੁਲੀਸ ਅਤੇ ਫੌਜ ਤੋਂ ਹਥਿਆਰ ਲੁੱਟੇ ਗਏ ਪਰ ਪ੍ਰਧਾਨ ਮੰਤਰੀ ਕੋਲ ਕਰਨਾਟਕ ਵਿਧਾਨ ਸਭਾ ਚੋਣਾਂ ਲਈ ਪਾਰਟੀ ਹਿਤ ਵਿੱਚ ਧੂਆਂਧਾਰ ਪ੍ਰਚਾਰ ਕਰਨ ਦਾ ਤਾਂ ਸਮਾਂ ਸੀ ਪਰ ਮਨੀਪੁਰ ਹਿੰਸਾ ’ਤੇ ਉਹ ਇੱਕ ਸ਼ਬਦ ਵੀ ਨਹੀਂ ਬੋਲੇਉਹ ਅਮਰੀਕਾ ਅਤੇ ਮਿਸਰ ਦੇ 5 ਦਿਨਾਂ ਦੌਰੇ ਤੋਂ ਬਾਅਦ ਭੋਪਾਲ ਤਾਂ ਗਏ ਪਰ ਘਰੇਲੂ ਹਿੰਸਾ ਵਿੱਚ ਸੜ ਰਹੇ ਮਨੀਪੁਰ ਵੱਲ ਮੂੰਹ ਨਹੀਂ ਕੀਤਾ ਨਾ ਹੀ ਮਨੀਪੁਰ ਵਿੱਚ ਅਮਨ ਬਹਾਲੀ ਦੇ ਯਤਨਾਂ ਬਾਰੇ ਦੇਸ਼ ਵਾਸੀਆਂ ਨਾਲ ਕੋਈ ਗੱਲ ਸਾਂਝੀ ਕੀਤੀ। ਭਾਵ ਜਾਣ ਬੁੱਝ ਕੇ ਚੁੱਪ ਵੱਟੀ ਰੱਖੀਹੁਣ ਪ੍ਰਧਾਨ ਮੰਤਰੀ ਮਨੀਪੁਰ ਵਿੱਚ 4 ਮਈ ਦੀ ਹਿੰਸਾ ਦੌਰਾਨ ਦੋ ਔਰਤਾਂ ਨੂੰ ਨਗਨ ਘੁਮਾਉਣ ਅਤੇ ਉਨ੍ਹਾਂ ਦੀ ਆਬਰੂ ਤਾਰ ਤਾਰ ਕਰਨ ਦੀ ਵੀਡੀਓ ਵਾਇਰਲ ਹੋਣ ਉਪਰੰਤ ਪਾਰਲੀਮੈਂਟ ਵਿੱਚ ਮੌਨਸੂਨ ਸੈਸ਼ਨ ਦੇ ਪਹਿਲੇ ਦਿਨ ਮਨੀਪੁਰ ਹਿੰਸਾ ਮਾਮਲੇ ’ਤੇ ਮੂੰਹ ਖੋਲ੍ਹਣ ਲਈ ਮਜਬੂਰ ਹੋਏ ਜਾਂ ਕਹਿ ਲਓ ਦੇਸ਼ ਦੀ ਸਰਵਉੱਚ ਅਦਾਲਤ ਵੱਲੋਂ ਇਸ ਘਟਨਾ ਦਾ ਨੋਟਿਸ ਲੈਂਦਿਆਂ ਦਿੱਤੀ ਚਤਾਵਨੀ ਤੋਂ ਬਆਦ ਮੂੰਹ ਖੋਲ੍ਹਣਾ ਪਿਆ

ਮੋਦੀ ਦੇ ਦੂਜੇ ਕਾਰਜਕਲ ਵਿੱਚ ਸੰਵੇਦਨਸ਼ੀਲ ਅਤੇ ਘੱਟ ਗਿਣਤੀਆਂ, ਔਰਤਾਂ, ਕਿਸਾਨਾਂ ਅਤੇ ਦਲਿਤਾਂ ਉੱਤੇ ਜੁ਼ਲਮਾਂ ਦੇ ਮੁੱਦੇ ’ਤੇ ਚੁੱਪ ਰਹਿਣ ਦੀ ਲੜੀ ਲੰਬੀ ਹੈ2014 ਦੀਆਂ ਲੋਕ ਸਭਾਂ ਚੋਣਾਂ ਤੋਂ ਪਹਿਲਾਂ ਸੱਤਾ ਤਬਦੀਲੀ ਦੀ ਲੜਾਈ ਦੇ ਮੋਹਰੀ ਇਸੇ ਨਰਿੰਦਰ ਮੋਦੀ ਨੇ ਤਤਕਾਲੀਨ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੂੰ ਦੇਸ਼ ਦੇ ਅਹਿਮ ਮੁੱਦਿਆਂ ’ਤੇ ਚੁੱਪ ਰਹਿਣ ਕਰਕੇ ਆਪਣੇ ਸਿਆਸੀ ਹਮਲਿਆਂ ਵਿੱਚ ਉਨ੍ਹਾਂ ਨੂੰ ਮੌਨ ਸਿੰਘ ਤਕ ਕਹਿ ਦਿੱਤਾ ਸੀ ਪਰ ਅੱਜ 9 ਸਾਲ ਦੇ ਰਾਜ ਭਾਗ ਬਾਅਦ ਦੇਸ਼ ਦਾ ਧਿਆਨ ਮੰਗਦੇ ਵੱਖ ਵੱਖ ਮੁੱਦਿਆਂ ’ਤੇ ਧਾਰੀ ਉਸਦੀ ਚੁੱਪ ਨੇ ਦੇਸ਼ ਦੇ ਲੋਕਾਂ ਨੂੰ ਹੈਰਾਨ ਕਰ ਰੱਖਿਆ ਹੈਦੇਸ਼ ਵਿੱਚ ਵਾਪਰੇ ਘਿਨਾਉਣੇ ਅਪਰਾਧ ਕਾਂਡ ਹਥਰਸ ਵਿਖੇ 14 ਸਤੰਬਰ 2020 ਨੂੰ 19 ਸਾਲਾ ਦਲਿਤ ਲੜਕੀ ਦਾ ਅਖੌਤੀ ਉੱਚ ਜਾਤੀ ਦੇ ਠਾਕੁਰ ਨੌਜਵਾਨਾਂ ਵੱਲੋਂ ਸਮੂਹਿਕ ਬਲਾਤਕਾਰ ਉਪਰੰਤ ਕਤਲ ਕੀਤਾ ਗਿਆ ਅਤੇ 3 ਸਾਲ ਦੇ ਅੰਦਰ ਹੀ ਅਦਾਲਤ ਵੱਲੋਂ ਚਾਰੋਂ ਦੋਸ਼ੀਆਂ ਨੂੰ ਹੱਤਿਆ, ਬਲਾਤਕਾਰ ਅਤੇ ਸਮੂਹਿਕ ਬਲਾਤਕਾਰ ਦੇ ਸੰਗੀਨ ਦੋਸ਼ਾਂ ਵਿੱਚੋਂ ਬਰੀ ਕਰ ਦਿੱਤਾ ਗਿਆ2021 ਨੂੰ ਖੇਤੀ ਕਾਨੂੰਨਾਂ ਸਬੰਧੀ ਪਾਰਲੀਮੈਂਟ ਵਿੱਚ ਪੇਸ਼ ਕੀਤੇ 3 ਖੇਤੀ ਆਰਡੀਨੈਂਸਾਂ ਵਿਰੁੱਧ ਉੱਠੇ ਦੇਸ਼ ਵਿਆਪੀ ਕਿਸਾਨ ਅੰਦੋਲਨ ’ਤੇ ਵੀ ਪ੍ਰਧਾਨ ਮੰਤਰੀ ਨੇ ਲੰਬੀ ਚੁੱਪ ਧਾਰੀ ਰੱਖੀਪਾਰਲੀਮੈਂਟ ਦੀਆਂ ਬਰੂਹਾਂ ’ਤੇ ਸਾਲ ਭਰ ਤੋਂ ਵੱਧ ਸਮਾਂ ਤਕ ਮਘਦੇ ਰਹੇ ਇਸ ਲੋਕ ਅੰਦੋਲਨ ਵਿੱਚ 700 ਤੋਂ ਵੱਧ ਲੋਕਾਂ ਦੀ ਜਾਨ ਜਾਣ ’ਤੇ ਵੀ ਪ੍ਰਧਾਨ ਮੰਤਰੀ ਮੋਦੀ ਦਾ ਦਿਲ ਨਹੀਂ ਪਸੀਜਿਆ, ਸਗੋਂ ਅੰਦੋਲਨ ਦੇ ਲੰਬੇ ਹੁੰਦੇ ਜਾਣ ਦੇ ਨਾਲ ਨਾਲ ਮੋਦੀ ਦੀ ਸੰਵੇਦਨਹੀਨਤਾ ਹੋਰ ਵੀ ਬਲਵਾਨ ਹੁੰਦੀ ਗਈ3 ਅਕਤੂਬਰ 2021 ਨੂੰ ਉੱਤਰ ਪ੍ਰਦੇਸ਼ ਦੇ ਲਖੀਮਪੁਰ ਜ਼ਿਲ੍ਹੇ ਦੇ ਤਿਕੁਨੀਆ ਵਿਖੇ ਖੇਤੀ ਕਾਨੂੰਨਾਂ ਵਿਰੁੱਧ ਇੱਕ ਸ਼ਾਂਤਮਈ ਪ੍ਰਦਰਸ਼ਨ ਵਿੱਚ ਭਾਗ ਲੈਣ ਉਪਰੰਤ ਪਰਤ ਰਹੇ ਕਿਸਾਨਾਂ ’ਤੇ ਮੋਦੀ ਵਜ਼ਾਰਤ ਦੇ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਦੇ ਪੁੱਤਰ ਆਸ਼ਿਸ਼ ਮਿਸ਼ਰਾ ਵੱਲੋਂ ਗੱਡੀਆਂ ਚੜ੍ਹਾ ਦੇਣ ਨਾਲ ਮਾਰੇ ਗਏ 4 ਕਿਸਾਨ ਅਤੇ ਇੱਕ ਪੱਤਰਕਾਰ ਦੀ ਮੌਤ ’ਤੇ ਵੀ ਪ੍ਰਧਾਨ ਮੰਤਰੀ ਨੇ ਮੂੰਹ ਨਹੀਂ ਖੋਲ੍ਹਿਆ ਸੀ ਅਤੇ ਉਲਟਾ ਉਨ੍ਹਾਂ ਦਾ ਵਜ਼ੀਰ ਸਥਾਨਕ ਪ੍ਰਸ਼ਾਸਨ ਵਿੱਚ ਆਪਣਾ ਪ੍ਰਭਾਵ ਵਰਤ ਕੇ ਦੋਸ਼ੀ ਪੁੱਤਰ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਦੀ ਪੈਰਵੀ ਕਰਦਾ ਰਿਹਾ ਪਰ ਪ੍ਰਧਾਨ ਮੰਤਰੀ ਨੇ ਦੇਸ਼ ਵਿਆਪੀ ਵਿਰੋਧ ਦੇ ਬਾਵਜੂਦ ਵੀ ਆਪਣੇ ਵਜ਼ਾਰਤ ਦੇ ਮੰਤਰੀ ਅਜੈ ਮਿਸ਼ਰਾ ਨੂੰ ਕੋਈ ਆਂਚ ਨਹੀਂ ਆਉਣ ਦਿੱਤੀ

ਭਾਜਪਾ ਦੇ ਹੀ ਇੱਕ ਐੱਮ.ਪੀ. ਬ੍ਰਿਜ ਭੂਸ਼ਨ ਸ਼ਰਨ ਸਿੰਘ, ਜੋ ਭਾਰਤੀ ਕੁਸ਼ਤੀ ਫੈਡਰੇਸ਼ਨ ਦਾ ਪ੍ਰਧਾਨ ਵੀ ਰਿਹਾ ਹੈ, ਵੱਲੋਂ ਹੁਣ ਦੇਸ਼ ਦੀਆਂ ਅੰਤਰਰਾਸ਼ਟਰੀ ਮੈਡਲ ਜੇਤੂ ਪਹਿਲਵਾਨ ਲੜਕੀਆਂ ਨਾਲ ਜੌਨ ਸ਼ੋਸ਼ਣ ਦੇ ਗੰਭੀਰ ਦੋਸ਼ ਲੱਗਣ ਅਤੇ ਇਸ ਮਾਮਲੇ ਵਿੱਚ ਪਹਿਲਵਾਨਾਂ ਵੱਲੋਂ ਇਨਸਾਫ ਲਈ ਕੀਤੀ ਲੰਮੀ ਜੱਦੋਜਹਿਦ ਅਤੇ ਦੇਸ਼ ਵਿਆਪੀ ਲੋਕ ਵਿਰੋਧ ਉਪਰੰਤ ਦਰਜ ਹੋਏ ਮਾਮਲੇ ਤੋਂ ਬਾਅਦ ਵੀ ਦੇਸ਼ ਦਾ ਨਾਂ ਅੰਤਰਰਾਸ਼ਟਰੀ ਪੱਧਰ ’ਤੇ ਚਮਕਾਉਣ ਵਾਲੀਆਂ ਪਹਿਲਵਾਨ ਲੜਕੀਆਂ ਲਈ ਇਨਸਾਫ ਦੇ ਨਾਂ ’ਤੇ ਪ੍ਰਧਾਨ ਮੰਤਰੀ ਦੇ ਮੂੰਹੋਂ ਇੱਕ ਸ਼ਬਦ ਨਹੀਂ ਨਿਕਲਿਆਚੋਟੀ ਦੀਆਂ ਖਿਡਾਰਨਾਂ ਨੂੰ ਮੋਦੀ ਸਰਕਾਰ ਤੋਂ ਇਨਸਾਫ ਪ੍ਰਤੀ ਬੇਆਸ ਹੋਣ ਉਪਰੰਤ ਮਾਣਯੋਗ ਅਦਾਲਤ ਦਾ ਦਰ ਖੜਕਾਉਣਾ ਪਿਆ ਅਤੇ ਗੰਭੀਰ ਦੋਸ਼ਾਂ ਦਾ ਸਾਹਮਣਾ ਕਰ ਰਿਹਾ ਭਾਜਪਾ ਦਾ ਇਹ ਬਾਹੂਬਲੀ ਸੰਸਦ ਮੈਂਬਰ ਹੁਣ ਪੱਕੀ ਜ਼ਮਾਨਤ ਵੀ ਕਰਵਾ ਚੁੱਕਾ ਹੈ

ਕਾਂਗਰਸੀ ਐੱਮ.ਪੀ. ਰਾਹੁਲ ਗਾਂਧੀ ਵੱਲੋਂ ਪਾਰਲੀਮੈਂਟ ਦੇ ਅੰਦਰ ਅਤੇ ਬਾਹਰ ਦੇਸ਼ ਦੇ ਚੋਟੀ ਦੇ ਕਾਰੋਬਾਰੀ ਘਰਾਣਿਆਂ, ਖਾਸ ਕਰ ਗੌਤਮ ਅਡਾਨੀ ਵੱਲੋਂ ਖੜ੍ਹੇ ਕੀਤੇ ਕਾਰੋਬਾਰੀ ਸਾਮਰਾਜ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਭੂਮਿਕਾ ਬਾਰੇ ਸਪਸ਼ਟੀਕਰਨ ਮੰਗਿਆ ਗਿਆ ਪਰ ਪ੍ਰਧਾਨ ਮੰਤਰੀ ਚੁੱਪ ਰਹੇਉਲਟਾ 2019 ਦੀਆਂ ਲੋਕ ਸਭਾ ਚੋਣਾਂ ਮੌਕੇ ਕਰਨਾਟਕ ਵਿੱਚ ਕਾਂਗਰਸ ਪਾਰਟੀ ਦੀ ਇੱਕ ਚੋਣ ਰੈਲੀ ਵਿੱਚ ਸਿਆਸੀ ਤਕਰੀਰ ਰਾਹੀਂ ਪੁੱਛੇ ਸਵਾਲ ਨੂੰ ਅਧਾਰ ਬਣਾ ਕੇ ਕੀਤੇ ਮਾਣਹਾਨੀ ਦੇ ਇੱਕ ਕੇਸ ਦਾ ਅਦਲਤਾਂ ਤੋਂ ਫਟਾਫਟ ਨਿਪਟਾਰਾ ਕਰਵਾ ਕੇ 2 ਸਾਲ ਦੀ ਸਜ਼ਾ ਦਿਵਾਈ ਅਤੇ 24 ਘੰਟਿਆਂ ਵਿੱਚ ਹੀ ਮੋਦੀ ਤੋਂ ਪਾਰਲੀਮੈਂਟ ਵਿੱਚ ਅਡਾਨੀ ਸਮੂਹ ਨਾਲ ਪ੍ਰਧਾਨ ਮੰਤਰੀ ਸਬੰਧਾਂ ਬਾਰੇ ਸਵਾਲ ਪੁੱਛਣ ਵਾਲੇ ਰਾਹੁਲ ਗਾਂਧੀ ਦੀ ਸੰਸਦੀ ਮੈਂਬਰਸ਼ਿੱਪ ਖਾਰਿਜ ਕਰਕੇ ਉਸ ਨੂੰ ਘਰ ਤੋਰ ਦਿੱਤਾ ਗਿਆ

ਪ੍ਰਧਾਨ ਮੰਤਰੀ ਦੇ ਨਾਲ ਇਸਦੀ ਕੈਬਨਿਟ ਦੇ ਮੰਤਰੀਆਂ ਨੇ ਵੀ ਸੰਵੇਦਨਸ਼ੀਲ ਅਤੇ ਲੋਕ ਮੁੱਦਿਆਂ ’ਤੇ ਲਗਾਤਾਰ ਚੁੱਪ ਰਹਿਣ ਦਾ ਰਿਕਾਰਡ ਬਣਾਇਆ ਹੈ। ਸਭ ਕੁਝ ਦੇਖਦੇ ਹੋਏ ਮੋਦੀ ਦੀ ਤਾਨਾਸ਼ਹੀ ਅੱਗੇ ਇਹ ਮੰਤਰੀ ਗੂੰਗੇ ਬਣੇ ਬੈਠੇ ਰਹੇਕਿਸਾਨ ਅੰਦੋਲਨ ਮਾਮਲੇ ’ਤੇ ਖੇਤੀ ਮੰਤਰੀ ਨਰਿੰਦਰ ਤੋਮਰ ਅਤੇ ਰੱਖਿਆ ਮੰਤਰੀ ਰਾਜਨਾਥ ਸਿੰਘ, ਪੈਟਰੋਲ, ਡੀਜ਼ਲ ਅਤੇ ਘਰੇਲੂ ਗੈਸ ਦੀਆਂ ਕੀਮਤਾਂ ਅਤੇ ਔਰਤਾਂ ’ਤੇ ਅੱਤਿਆਚਾਰ ਮਾਮਲੇ ਵਿੱਚ ਸਿਮ੍ਰਤੀ ਈਰਾਨੀ ਅਤੇ ਮਨੀਪੁਰ ਹਿੰਸਾ ਮਾਮਲੇ ’ਤੇ ਅਰੁਨਾਚਲ ਪ੍ਰਦੇਸ਼ ਤੋਂ ਭਾਜਪਾ ਐੱਮ.ਪੀ ਅਤੇ ਉੱਤਰ-ਪੂਰਬ ਮਾਮਲਿਆਂ ਬਾਰੇ ਮੰਤਰੀ ਰਹੇ ਕਿਰਨ ਰਿਜਜੂ ਮਸਲਿਆਂ ਦਾ ਹੱਲ ਕਰਵਾਉਣ ਦੀ ਥਾਂ ਚੁੱਪ ਰਹਿ ਕੇ ਵਕਤ ਲੰਘਾਉਂਦੇ ਰਹੇਭਾਵੇਂ ਪ੍ਰਧਾਨ ਮੰਤਰੀ ਅਤੇ ਹੋਰ ਮੰਤਰੀਆਂ ਨੇ ਲੋਕਾਂ ਦੇ ਮੁੱਦਿਆਂ ’ਤੇ ਚੁੱਪ ਧਾਰੀ ਰੱਖੀ ਹੈ ਪਰ ਦੇਸ਼ ਦੇ ਲੋਕ ਸਾਲ ਦੇ ਅੰਤ ਵਿੱਚ ਹੋਣ ਵਾਲੀਆਂ 4 ਸੂਬਿਆਂ ਦੀਆਂ ਚੋਣਾਂ ਅਤੇ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਆਪਣੀ ਪ੍ਰਤੀਕਿਰਿਆ ਜ਼ਰੂਰ ਦੇਣਗੇ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4116)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਪਰਮਜੀਤ ਸਿੰਘ ਬਾਗੜੀਆ

ਪਰਮਜੀਤ ਸਿੰਘ ਬਾਗੜੀਆ

Phone: (91 - 98147 - 65705)
Email: (paramjit.bagrria@gmail.com)