TejinderDhami7ਕਾਮਾਗਾਟਾ ਮਾਰੂ ਜਹਾਜ਼ ਨਾਲ਼ ਜੁੜੀਆਂ ਯਾਦਾਂ ਨੂੰਪੰਜਾਬੀ ਅਤੇ ਅੰਗ੍ਰੇਜ਼ੀ ਦੋਵਾਂ ਭਾਸ਼ਾਵਾਂ ਵਿੱਚ ...
(14 ਅਗਸਤ 2016)

 

KamloopsLABC2ਪਿਛਲੇ ਸਾਲ 26 ਜੁਲਾਈ ਨੂੰ ਸਿੱਖ ਸੁਸਾਇਟੀ ਆਫ ਕੈਮਲੂਪਸ ਵੱਲੋਂ ਕੈਮਲੂਪਸ ਗੁਰੂ-ਘਰ ((700 Cambridge Crescent) ਵਿੱਚ ਕਾਮਾਗਾਟਾ ਮਾਰੂ ਲਾਇਬ੍ਰੇਰੀ ਖੋਲ੍ਹੀ ਗਈ ਸੀ। ਕਾਮਾਗਾਟਾ ਮਾਰੂ ਜਹਾਜ਼ ਦੇ 376 ਮੁਸਾਫ਼ਰ 23 ਮਈ 1914 ਤੋਂ 23 ਜੁਲਾਈ 1914 ਤੱਕ ਵੈਨਕੂਵਰ ਲਾਗੇ, ਸ਼ਾਂਤ ਮਹਾਂ-ਸਾਗਰ ਦੇ ਪਾਣੀਆਂ ਵਿੱਚੋਂ, ਕੈਨੇਡਾ ਦੀ ਉਸ ਵੇਲੇ ਦੀ ਨਸਲਵਾਦੀ ਸਰਕਾਰ ਦੇ ਬੂਹੇ ’ਤੇ ਹੱਕ, ਸੱਚ ਅਤੇ ਇਨਸਾਫ਼ ਲਈ ਦਸਤਕ ਦਿੰਦੇ ਰਹੇ ਸਨ। ਇਹ ਲਾਇਬ੍ਰੇਰੀ ਜਹਾਜ਼ ਦੇ ਮੁਸਾਫ਼ਰਾਂ ਦੀਆਂ ਅਭੁੱਲ ਕੁਰਬਾਨੀਆਂ ਅਤੇ ਇਤਿਹਾਸਕ ਯਾਦਾਂ ਨੂੰ ਸਮਰਪਿਤ ਹੈ, ਜੋ ਦੁਨੀਆਂ ਭਰ ਵਿੱਚ ਵੱਸਦੇ ਭਾਰਤੀਆਂ ਲਈ ਜ਼ੁਲਮ ਅਤੇ ਬੇਇਨਸਾਫ਼ੀ ਵਿਰੁੱਧ ਸੰਘਰਸ਼ ਦਾ ਚਿੰਨ੍ਹ ਬਣ ਗਈਆਂ ਹਨ।

23 ਜੁਲਾਈ 2016 ਨੂੰ ਕਾਮਗਾਟਾ ਮਾਰੂ ਜਹਾਜ਼ ਦੀ ਜਬਰਨ ਵਾਪਸੀ ਦੀ 102ਵੀਂ ਵਰ੍ਹੇ-ਗੰਢ ਸਮੇਂ, ਕੈਮਲੂਪਸ ਦੀ ਸਾਧ-ਸੰਗਤ ਵੱਲੋਂ ਕਾਮਾਗਾਟਾ ਮਾਰੂ ਲਾਇਬ੍ਰੇਰੀ ਕੈਮਲੂਪਸ ਦੇ ਉਦਘਾਟਨ ਦੀ ਪਹਿਲੀ ਵਰ੍ਹੇ-ਗੰਢ ਬੜੇ ਉਤਸ਼ਾਹ ਨਾਲ਼ ਨਿਵੇਕਲੇ ਅੰਦਾਜ਼ ਵਿੱਚ ਮਨਾਈ ਗਈ। ਪ੍ਰਸਿੱਧ ਇਤਿਹਾਸਕਾਰ ਅਤੇ ਦੋ ਖੋਜ-ਭਰਪੂਰ ਪੁਸਤਕਾਂ (ਕੈਨੇਡਾ ਦੇ ਗ਼ਦਰੀ ਯੋਧੇ, ਭਾਈ ਰਤਨ ਸਿੰਘ ਡੱਬਾ) ਸਾਹਿਤ-ਜਗਤ ਦੀ ਝੋਲ਼ੀ ਪਾਉਣ ਵਾਲ਼ੇ ਲੇਖਕ ਸੋਹਣ ਸਿੰਘ ਪੂੰਨੀ ਇਸ ਪ੍ਰੋਗ੍ਰਾਮ ਦੇ ਮੁੱਖ ਮਹਿਮਾਨ ਸਨ। ਸਟੇਜ ਉੱਤੇ ਪੂੰਨੀ ਜੀ ਦੇ ਨਾਲ਼ ਗੁਰੂ-ਘਰ ਦੇ ਮੁੱਖ ਸੇਵਾਦਾਰ ਕੁਲਵਿੰਦਰ ਸਿੰਘ ਕੁਲਾਰ ਅਤੇ ਦੋਵੇਂ ਸਕੱਤਰ ਸਾਹਿਬਾਨ ਈਸ਼ਰ ਸਿੰਘ ਭੱਟੀ ਅਤੇ ਤੇਜਿੰਦਰ ਸਿੰਘ ਧਾਮੀ ਹਾਜ਼ਰ ਸਨ।

ਇਤਿਹਾਸਕਾਰ ਸੋਹਣ ਸਿੰਘ ਪੂੰਨੀ ਨੇ ਆਪਣੇ ਦੋ ਜੋਸ਼ੀਲੇ ਲੈਕਚਰਾਂ ਵਿੱਚ ਹਿੰਦੁਸਤਾਨ ਗ਼ਦਰ ਪਾਰਟੀ ਦੇ ਆਰੰਭ ਤੋਂ ਲੈ ਕੇ ਕਾਮਾਗਾਟਾ ਮਾਰੂ ਜਹਾਜ਼, ਸ਼ਹੀਦ ਮੇਵਾ ਸਿੰਘ ਅਤੇ ਹੋਰਨਾਂ ਮਰਜੀਵੜੇ ਗ਼ਦਰੀ ਦੇਸ਼-ਭਗਤਾਂ, ਬਾਬਾ ਗੁਰਦਿੱਤ ਸਿੰਘ ਕਾਮਾਗਾਟਾ ਮਾਰੂ, ਅਤੇ ਬਜਬਜ ਘਾਟ ਦੇ ਖ਼ੂਨੀ ਸਾਕੇ ਤੱਕ ਦੇ ਰੌਂਗਟੇ ਖੜ੍ਹੇ ਕਰਨ ਵਾਲ਼ੇ ਇਤਿਹਾਸ ਨੂੰ ਇੰਨੇ ਦਿਲਚਸਪ ਅਤੇ ਪ੍ਰਭਾਵਸ਼ਾਲੀ ਅੰਦਾਜ਼ ਨਾਲ਼ ਪੇਸ਼ ਕੀਤਾ ਕਿ ਲੈਕਚਰ-ਸਮਾਂ ਅਤੇ ਸਵਾਲ-ਜਵਾਬ ਸਮਾਂ ਅੱਖ ਦੇ ਫੋਰ ਵਿੱਚ ਬੀਤ ਗਿਆ। ਪ੍ਰੋਗਰਾਮ ਦਾ ਆਰੰਭ ਈਸ਼ਰ ਸਿੰਘ ਭੱਟੀ ਨੇ ਕੀਤਾ, ਪੂੰਨੀ ਜੀ ਦੀ ਜਾਣ-ਪਛਾਣ ਡਾ. ਸੁਰਿੰਦਰ ਧੰਜਲ ਨੇ ਕਰਵਾਈਸਵਾਲ-ਜਵਾਬ ਸਮੇਂ ਦੀ ਦੇਖ-ਰੇਖ ਕੁਲਵਿੰਦਰ ਸਿੰਘ ਕੁਲਾਰ ਨੇ ਕੀਤੀ ਅਤੇ ਸਰੋਤਿਆਂ ਦਾ ਧੰਨਵਾਦ ਤੇਜਿੰਦਰ ਸਿੰਘ ਧਾਮੀ ਨੇ ਕੀਤਾ।

24 ਜੁਲਾਈ 2016 ਨੂੰ ਸੋਹਲ ਪਰਵਾਰ ਦੇ ਸਹਿਜ-ਪਾਠ ਭੋਗ ਸਮਾਗਮ ਦੀ ਸਮਾਪਤੀ ਸਮੇਂ ਇਤਿਹਾਸਕਾਰ ਸੋਹਣ ਸਿੰਘ ਪੂੰਨੀ ਨੂੰ ਗੁਰੁ-ਘਰ ਦੇ ਮੁੱਖ ਸੇਵਾਦਾਰ ਕੁਲਵਿੰਦਰ ਸਿੰਘ ਕੁਲਾਰ ਵੱਲੋਂ ਯਾਦਗਾਰੀ ਤੁਹਫ਼ੇ ਅਤੇ ਲਾਇਬ੍ਰੇਰੀ ਦੀਆਂ ਕੁਝ ਪੁਸਤਕਾਂ ਨਾਲ਼ ਸਨਮਾਨਿਤ ਕੀਤਾ ਗਿਆ ਅਤੇ ਲਾਇਬ੍ਰੇਰੀ ਦੇ ਮੁੱਖ ਪ੍ਰਬੰਧਕ ਡਾ. ਸੁਰਿੰਦਰ ਧੰਜਲ ਨੂੰ Certificate of Appreciation ਨਾਲ਼ ਸਨਮਾਨਿਤ ਕੀਤਾ ਗਿਆ।

ਕਾਮਾਗਾਟਾ ਮਾਰੂ ਲਾਇਬ੍ਰੇਰੀ ਦਾ ਇਹ ਪ੍ਰਾਜੈਕਟ ਕਈ ਵਰ੍ਹਿਆਂ ਦੀ ਮਿਹਨਤ ਨਾਲ਼ ਨੇਪਰੇ ਚੜ੍ਹਿਆ ਹੈ। ਇੱਕ ਪਾਸੇ 2012 ਤੋਂ ਬੈਂਸ ਪਰਵਾਰ, ਬੁਆਲ ਪਰਵਾਰ, ਰੰਧਾਵਾ ਪਰਵਾਰ, ਖਹਿਰਾ ਪਰਵਾਰ, ਅਤੇ ਧੰਜਲ ਪਰਵਾਰ ਨਿਰੋਲ ਸੇਵਾ-ਭਾਵਨਾ ਨਾਲ਼ ਦੇਸ਼-ਪ੍ਰਦੇਸ ਤੋਂ ਚੋਣਵੀਆਂ ਪੁਸਤਕਾਂ ਇਕੱਠੀਆਂ ਕਰਨ ਵਿੱਚ ਜੁਟੇ ਰਹੇ, ਦੂਜੇ ਪਾਸੇ ਗੁਰੁ-ਘਰ ਦੀਆਂ 2012 ਤੋਂ ਲੈ ਕੇ ਹੁਣ ਤੱਕ ਦੀਆਂ ਕਮੇਟੀਆਂ ਦੇ ਸੇਵਾਦਾਰ, ਐਗਜ਼ੈਕਟਿਵ ਮੀਟਿੰਗਾਂ ਅਤੇ ਸਾਲਾਨਾ ਜਨਰਲ ਮੀਟਿੰਗਾਂ ਦੌਰਾਨ ਲਾਇਬ੍ਰੇਰੀ ਖੋਲ੍ਹਣ ਲਈ ਪ੍ਰਬੰਧਕੀ ਅਤੇ ਸੰਵਿਧਾਨਕ ਰਾਹ ਪੱਧਰਾ ਕਰਨ ਵਿੱਚ ਯਤਨਸ਼ੀਲ ਰਹੇ। ਲਾਇਬ੍ਰੇਰੀ ਦੇ ਪ੍ਰਮੁੱਖ ਭਾਗਾਂ ਵਿੱਚ ਸਿੱਖ ਧਰਮ ਦੇ ਪ੍ਰਮੁੱਖ ਗ੍ਰੰਥ ਅਤੇ ਟੀਕੇ, ਸਿੱਖ ਇਤਿਹਾਸ ਸੈਕਸ਼ਨ, ਕਾਮਗਾਟਾ ਮਾਰੂ ਸੈਕਸ਼ਨ, ਹਿੰਦੁਸਤਾਨ ਗ਼ਦਰ ਪਾਰਟੀ ਅਤੇ ਆਜ਼ਾਦੀ-ਸੰਗਰਾਮ ਸੈਕਸ਼ਨ, ਬੱਚਿਆਂ ਲਈ ਪੁਸਤਕਾਂ, ਸਾਹਿਤ ਅਕਾਦਮੀ ਪੁਰਸਕਾਰ ਨਾਲ਼ ਸਨਮਾਨਿਤ ਪੁਸਤਕਾਂ, ਅਤੇ ਕੈਨੇਡੀਅਨ ਲੇਖਕਾਂ ਅਤੇ ਚਿੰਤਕਾਂ ਦੀਆਂ ਤਕਰੀਬਨ 300 ਚੋਣਵੀਆਂ ਪੰਜਾਬੀ-ਅੰਗਰੇਜ਼ੀ ਪੁਸਤਕਾਂ ਸ਼ਾਮਲ ਹਨ। ਹੋਰ ਪੁਸਤਕਾਂ ਇਕੱਠੀਆਂ ਕਰਨ ਦਾ ਅਮਲ ਲਗਾਤਾਰ ਜਾਰੀ ਹੈ। ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ ਵਿੱਚ ਪੜ੍ਹ ਰਹੇ ਵਿਦਿਆਰਥੀ ਅਤੇ ਹੋਰ ਖੋਜੀ Modern Languages, Political Science, History, Philosophy, Psychology, aqy ਨਾਲ਼ ਸਬੰਧਿਤ ਆਪਣੇ ਪ੍ਰਾਜੈਕਟ ਸੰਪੂਰਨ ਕਰਨ ਲਈ, ਇਸ ਲਾਇਬ੍ਰੇਰੀ ਵਿੱਚੋਂ ਇੱਕੋ ਥਾਂ ਇਕੱਤਰ ਕੀਤੀ ਗਈ ਇਸ ਪੰਜਾਬੀ-ਅੰਗਰੇਜ਼ੀ ਸਮੱਗਰੀ ਦਾ ਪੂਰਾ ਪੂਰਾ ਲਾਭ ਉਠਾ ਸਕਦੇ ਹਨ। ਲਾਇਬ੍ਰੇਰੀ ਦੇ ਦੂਰ-ਅੰਦੇਸ਼ ਪ੍ਰਭਾਵ ਅਗਲੀਆਂ ਪੀੜ੍ਹੀਆਂ ਤੱਕ ਜਾਰੀ ਰਹਿਣ ਦੀਆਂ ਸੰਭਾਵਨਾਵਾਂ ਉਜਾਗਰ ਹੋ ਰਹੀਆਂ ਹਨ।

ਲਾਇਬ੍ਰੇਰੀ ਦੇ ਇਸ ਸੁਪਨੇ ਨੂੰ ਸੰਪੂਰਨ ਕਰਨ ਵਿੱਚ ਅਤੇ ਉਦਘਾਟਨੀ ਵਰ੍ਹੇ-ਗੰਢ ਦੇ ਸਮੁੱਚੇ ਪ੍ਰਾਜੈਕਟ ਦੀ ਤਿਆਰੀ ਵਿੱਚ ਕੈਮਲੂਪਸ ਦੇ ਪ੍ਰਸਿੱਧ ਲੇਖਕ ਅਤੇ ਕੰਪਿਊਟਰ-ਵਿਗਿਆਨੀ ਡਾਕਟਰ ਸੁਰਿੰਦਰ ਧੰਜਲ ਦੀ ਮਿਹਨਤ, ਲਗਨ, ਅਤੇ ਘਾਲਣਾ ਪ੍ਰਤੱਖ ਸੀ।

ਦੋਵੇਂ ਦਿਨ ਗੁਰ ਕਾ ਲੰਗਰ ਅਤੁੱਟ ਵਰਤਦਾ ਰਿਹਾ। ਲਾਇਬ੍ਰੇਰੀ ਦੀਆਂ ਚੋਣਵੀਆਂ ਪੁਸਤਕਾਂ ਦੀ ਪ੍ਰਦਰਸ਼ਨੀ ਲਗਾਈ ਗਈ ਅਤੇ ਲਾਇਬ੍ਰੇਰੀ ਦੀਆਂ ਸੈਂਕੜੇ ਪੁਸਤਕਾਂ ਦੀ Power Point Presentation ਦਿਖਾਈ ਜਾਂਦੀ ਰਹੀ। ਦੋਵੇਂ ਦਿਨ ਲੰਗਰ ਤਿਆਰ ਕਰਨ ਵਾਲ਼ੀਆਂ ਬੀਬੀਆਂ ਦਾ, ਲਾਇਬ੍ਰੇਰੀ ਦੀਆਂ ਵਾਲੰਟੀਅਰ ਬੀਬੀਆਂ ਦਾ, ਗਿਆਨੀ ਹਰਨੇਕ ਸਿੰਘ ਅਤੇ ਕੀਰਤਨੀ ਜੱਥੇ ਦਾ, ਸੋਹਣ ਸਿੰਘ ਪੂੰਨੀ ਦੀ ਜੀਵਨ-ਸਾਥਣ ਵਿੰਨੀ ਪੂੰਨੀ ਦਾ, Power Point Presentation ਲਈ ਸੁੱਖੀ ਚੌਹਾਨ ਦਾ, sound system ਲਈ ਪੂਰਨ ਸਿੰਘ ਪਲਾਨ ਦਾ, ਅਤੇ ਇਸ ਪ੍ਰੋਗਰਾਮ ਲਈ ਉਚੇਚੇ ਤੌਰ ਤੇ ਦਰਜਨਾਂ ਨਵੀਆਂ ਪੁਸਤਕਾਂ ਭਾਰਤ ਤੋਂ ਤੁਰਤ ਕੈਨੇਡਾ ਅਪੜਾਉਣ ਲਈ ਚੰਚਲ ਸਿੰਘ ਬੈਂਸ ਦਾ ਧੰਨਵਾਦ ਕੀਤਾ ਗਿਆ।

ਦੋ ਦਿਨ ਲੰਬੇ ਇਸ ਪ੍ਰੋਗਰਾਮ ਦੀ ਸਫ਼ਲਤਾ ਲਈ ਗੁਰੂ-ਘਰ ਦੇ ਮੁੱਖ ਸੇਵਾਦਾਰ ਕੁਲਵਿੰਦਰ ਸਿੰਘ ਕੁਲਾਰ ਦੀ ਸੁਚੱਜੀ ਅਗਵਾਈ ਵਿੱਚ ਸੇਵਾ ਕਰ ਰਹੀ ਗਿਆਰਾਂ-ਮੈਂਬਰੀ ਕਮੇਟੀ ਅਤੇ ਕੈਮਲੂਪਸ ਦਾ ਭਾਰਤੀ ਭਾਈਚਾਰਾ ਹਾਰਦਿਕ ਧੰਨਵਾਦ ਦਾ ਹੱਕਦਾਰ ਹੈ ਜਿਨ੍ਹਾਂ ਨੇ ਕਾਮਾਗਾਟਾ ਮਾਰੂ ਜਹਾਜ਼ ਨਾਲ਼ ਜੁੜੀਆਂ ਯਾਦਾਂ ਨੂੰ, ਪੰਜਾਬੀ ਅਤੇ ਅੰਗ੍ਰੇਜ਼ੀ ਦੋਵੇਂ ਭਾਸ਼ਾਵਾਂ ਵਿੱਚ ਨਵੀਂ ਪੀੜ੍ਹੀ ਤੱਕ ਅਪੜਾਉਣ ਦਾ ਉਪਰਾਲਾ ਕਰਕੇ ਹੱਕ, ਸੱਚ, ਇਨਸਾਫ਼, ਅਤੇ ਆਜ਼ਾਦੀ ਦਾ ਪਰਚਮ ਬੁਲੰਦ ਕੀਤਾ ਹੈ

**

ਤੇਜਿੰਦਰ ਸਿੰਘ ਧਾਮੀ, ਐੱਮ.ਏ. (ਸਹਾਇਕ ਸਕੱਤਰ, ਸਿੱਖ ਕਲਚਰਲ ਸੋਸਾਇਟੀ, ਕੈਮਲੂਪਸ)

 *****

(388)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਤੇਜਿੰਦਰ ਸਿੰਘ ਧਾਮੀ

ਤੇਜਿੰਦਰ ਸਿੰਘ ਧਾਮੀ

Kamloops, British Columbia, Canada.