GurinderKaler7ਇਸ ਰਿਸ਼ਵਤਖੋਰੀ ਦੀ ਸ਼ੁਰੂਆਤ ਉਸ ਸਮੇਂ ਹੋ ਜਾਂਦੀ ਹੈ ਜਦੋਂ ਕੋਈ ਵਿਧਾਇਕ ਆਪਣੇ ਹਲਕੇ ਵਿੱਚ ਆਪਣੀ ਮਰਜ਼ੀ ਦੇ ...
(31 ਮਾਰਚ 2023)
ਇਸ ਸਮੇਂ ਪਾਠਕ: 200.


ਜੇਕਰ ਰਿਸ਼ਵਤ ਦੇ ਸੰਬੰਧ ਵਿੱਚ ਗੱਲ ਕੀਤੀ ਜਾਵੇ ਤਾਂ ਸਾਡੇ ਦੇਸ਼ ਦੇ ਹਾਲਾਤ ਬਹੁਤ ਨਾਜ਼ੁਕ ਬਣੇ ਹੋਏ ਹਨ। ਹਰ ਪੰਜ ਸਾਲ ਪਿੱਛੋਂ ਹਰੇਕ ਰਾਜਨੀਤਿਕ ਪਾਰਟੀ ਇਹ ਵਾਅਦਾ ਕਰਦੀ ਦਿਖਾਈ ਦੇਂਦੀ ਹੈ ਕਿ ਦਿਨੋ-ਦਿਨ ਵਧ ਰਹੀ ਰਿਸ਼ਵਤਖੋਰੀ ਨੂੰ ਸਾਡੀ ਸਰਕਾਰ ਬਣਨ ’ਤੇ ਅਸੀਂ ਨੱਥ ਪਾਵਾਂਗੇ। ਪਰ ਇਹ ਵਾਅਦਾ ਬਿਲਕੁਲ ਝੂਠਾ ਸਾਬਤ ਹੁੰਦਾ ਹੈ। ਆਮ ਲੋਕ ਸਿਆਸੀ ਲੋਕਾਂ ’ਤੇ ਯਕੀਨ ਕਰ ਲੈਂਦੇ ਹਨ। ਪਰ ਬਹੁਤ ਵਾਰ ਇਹਨਾਂ ਸਿਆਸੀ ਲੋਕਾਂ ਦੇ ਹੀ ਕਰੋੜਾਂ-ਅਰਬਾਂ ਰੁਪਇਆਂ ਦੇ ਘੋਟਾਲੇ ਨਿਕਲ ਆਉਂਦੇ ਹਨ। ਇਹਨਾਂ ਦੇ ਬਹੁਤੇ ਘੁਟਾਲੇ ਜੱਗ ਜ਼ਾਹਰ ਨਹੀਂ ਹੁੰਦੇ ਕਿਉਂਕਿ ਇਹਨਾਂ ਸਿਆਸੀ ਲੋਕਾਂ ਵਿੱਚ ਵੀ ਇਹ ਡਰ ਬਣਿਆ ਰਹਿੰਦਾ ਹੈ ਕਿ ਜੇਕਰ ਸਰਕਾਰ ਹਾਰੀ ਹੋਈ ਪਾਰਟੀ ਦੇ ਲੀਡਰਾਂ ਦਾ ਪਰਦਾਫਾਸ਼ ਕਰੇਗੀ ਤਾਂ ਜਦੋਂ ਸਰਕਾਰ ਬਦਲ ਜਾਵੇਗੀ ਤਾਂ ਇਹ ਲੋਕ ਸਾਡਾ ਵੀ ਨੁਕਸਾਨ ਕਰਨਗੇ।

ਇਸ ਰਿਸ਼ਵਤਖੋਰੀ ਦੀ ਸ਼ੁਰੂਆਤ ਉਸ ਸਮੇਂ ਹੋ ਜਾਂਦੀ ਹੈ ਜਦੋਂ ਕੋਈ ਵਿਧਾਇਕ ਆਪਣੇ ਹਲਕੇ ਵਿੱਚ ਆਪਣੀ ਮਰਜ਼ੀ ਦੇ ਰਿਸ਼ਵਤਖੋਰ ਅਫਸਰ ਲਗਵਾ ਲੈਂਦਾ ਹੈ। ਇਹ ਅਫਸਰ ਆਪ ਵੀ ਖਾਂਦੇ ਹਨ ਅਤੇ ਆਪਣੀ ਜ਼ਿੰਮੇਵਾਰੀ ਸਮਝਦੇ ਹੋਇਆ ਬੜੀ ਹੀ ਇਮਾਨਦਾਰੀ ਨਾਲ ਵਿਧਾਇਕ ਸਾਬ੍ਹ ਦਾ ਹਿੱਸਾ ਉਹਨਾਂ ਨੂੰ ਪਹੁੰਚਾਉਂਦੇ ਰਹਿੰਦੇ ਹਨ ਅਤੇ ਲੋੜ ਪੈਣ ’ਤੇ ਵੱਡੇ ਅਫਸਰਾਂ ਦੀਆਂ ਵਗਾਰਾਂ ਵੀ ਪੂਰੀਆਂ ਕਰ ਦੇਂਦੇ ਹਨ। ਇਹਨਾਂ ਹਿੱਸਿਆਂ ਅਤੇ ਵਗਾਰਾਂ ਦਾ ਬੋਝ ਆਮ ਲੋਕਾਂ ’ਤੇ ਹੀ ਪੈਂਦਾ ਹੈ ਕਿਉਂਕਿ ਅਸਰ-ਰਸੂਖ ਵਾਲੇ ਲੋਕ ਤਾਂ ਫੋਨ ਕਰਵਾ ਕੇ ਵੀ ਆਪਣਾ ਕੰਮ ਕਰਵਾ ਲੈਂਦੇ ਹਨ। ਜ਼ਿਆਦਾਤਰ ਰਿਸ਼ਵਤ ਦੀ ਮੰਗ ਗਲਤ ਕੰਮਾਂ ਲਈ ਨਹੀਂ, ਸਗੋਂ ਜਾਇਜ਼ ਕੰਮਾਂ ਲਈ ਕੀਤੀ ਜਾਂਦੀ ਹੈ। ਕਿਸੇ ਵੀ ਮਹਿਕਮੇ ਵਿੱਚ ਕੋਈ ਜਾਇਜ਼ ਕੰਮ ਕਰਵਾਉਣਾ ਹੋਵੇ ਤਾਂ ਸੰਬੰਧਿਤ ਅਧਿਕਾਰੀ ਰਿਸ਼ਵਤ ਲੈਣਾ ਆਪਣਾ ਹੱਕ ਸਮਝਦੇ ਹੋਏ ਫਰਿਆਦੀ ਨੂੰ ਇੰਨਾ ਖੱਜਲ-ਖੁਆਰ ਤੇ ਮਜਬੂਰ ਕਰ ਦੇਂਦੇ ਹਨ ਕਿ ਫਰਿਆਦੀ ਆਪਣੇ ਮੂੰਹੋਂ ਇਹ ਕਹਿਣ ਲਈ ਮਜਬੂਰ ਹੋ ਜਾਂਦਾ ਹੈ ਕਿ ਜਨਾਬ ਸੇਵਾ ਦੱਸੋ, ਥੱਕ ਚੁੱਕਾ ਹਾਂ ਮੈਂ ਤੁਹਾਡੇ ਦਫਤਰ ਦੇ ਗੇੜੇ ਮਾਰ-ਮਾਰ ਕੇ।

ਇਹ ਰਿਸ਼ਵਤਖੋਰੀ ਦਫਤਰਾਂ ਦੇ ਸੇਵਾਦਾਰਾਂ ਤੋਂ ਸ਼ੁਰੂ ਹੋ ਕੇ ਬਹੁਤ ਸਾਰੇ ਸੰਬੰਧਤ ਅਧਿਕਾਰੀਆਂ ਤਕ ਪਹੁੰਚਦੀ ਹੈ, ਜਿਨ੍ਹਾਂ ਦੇ ਮੇਜ਼ ’ਤੇ ਬਿਨੈਕਾਰ ਦੀ ਫਾਈਲ ਜਾਂਦੀ ਹੈ। ਦਫਤਰਾਂ ਵਿੱਚ ਕਈ ਸੇਵਾਦਾਰ ਬਿਨੈਕਾਰ ਨੂੰ ਅਫਸਰ ਨਾਲ ਮਿਲਾਉਣ, ਕੰਮ ਕਰਵਾਉਣ ਜਾਂ ਕੰਮ ਹੋਣ ’ਤੇ ਵਧਾਈ ਦੇ ਰੂਪ ਵਿੱਚ ਰਿਸ਼ਵਤ ਦੀ ਮੰਗ ਕਰਦੇ ਹਨ।

ਸਾਡੇ ਦੇਸ਼ ਵਿੱਚ ਥਾਣੇ, ਤਹਿਸੀਲਾਂ, ਬਿਜਲੀ ਬੋਰਡ, ਖਜ਼ਾਨਾ ਦਫਤਰ, ਹਸਪਤਾਲ ਅਤੇ ਪ੍ਰਾਈਵੇਟ ਸਕੂਲ ਆਦਿ ਲੋਕਾਂ ਦੀ ਲੁੱਟ ਦੇ ਵੱਡੇ ਅਦਾਰੇ ਬਣੇ ਹੋਏ ਹਨ। ਕਈ ਵਾਰ ਇਹ ਸੁਣਨ ਨੂੰ ਵੀ ਮਿਲ ਜਾਂਦਾ ਹੈ ਕਿ ਕਈ ਔਡਿਟ ਟੀਮਾਂ ਦੇ ਅਧਿਕਾਰੀ ਰਿਸ਼ਵਤ ਨਾ ਦੇਣ ’ਤੇ ਕੀਤੇ ਗਏ ਕੰਮ ਦੀਆਂ ਛੋਟੀਆਂ ਮੋਟੀਆਂ ਗਲਤੀਆਂ ਨੂੰ ਉਜਾਗਰ ਕਰਨ ’ਤੇ ਮੁੱਖ ਦਫਤਰ ਆਦਿ ਬਲਾਉਣ ਦਾ ਡਰਾਵਾ ਦਿੰਦੇ ਹਨ। ਆਮ ਦਫਤਰੀ ਕੰਮਾਂ ਵਿੱਚ ਬਿਨੈਕਾਰ ਦੀ ਫਾਈਲ ’ਤੇ ਬਹੁਤ ਸਾਰੇ ਇਤਰਾਜ਼ ਮੂੰਹ ਜੁਬਾਨੀ ਲਾ ਕੇ ਫਾਈਲ ਵਾਪਸ ਕਰ ਦਿੱਤੀ ਜਾਂਦੀ ਹੈ। ਮੈਰਿਟ (ਯੋਗਤਾ) ਦੇ ਅਧਾਰ ’ਤੇ ਕੰਮ ਕਰਨ ਨਾਲੋਂ ਪੈਸੇ ਲੈ ਕੇ ਜਾਂ ਫਿਰ ਸਿਫਾਰਿਸ਼ ਨੂੰ ਤਰਜੀਹ ਦਿੱਤੀ ਜਾਂਦੀ ਹੈ। ਇਸ ਸਮੇਂ ਰਿਸ਼ਵਤ ਦੀ ਮੰਗ ਗਲਤ ਕੰਮ ਕਰਨ ’ਤੇ ਨਹੀਂ, ਸਗੋਂ ਜ਼ਿਆਦਾਤਰ ਸਹੀ ਤੇ ਜਾਇਜ਼ ਕੰਮਾਂ ਲਈ ਕੀਤੀ ਜਾਂਦੀ ਹੈ।

ਦਫਤਰਾਂ ਵਿੱਚ ਇਮਾਨਦਾਰ ਅਫਸਰ ਅਤੇ ਕਰਮਚਾਰੀ ਅੱਜ ਵੀ ਮੌਜੂਦ ਹਨ ਪਰ ਇਹਨਾਂ ਦੀ ਮਾਤਰਾ ਆਟੇ ਵਿੱਚ ਲੂਣ ਬਰਾਬਰ ਹੈ। ਇਹਨਾਂ ਇਮਾਨਦਾਰ ਅਧਿਕਾਰੀਆਂ ਲਈ ਕੰਮ ਕਰਨਾ ਹੋਰ ਵੀ ਔਖਾ ਹੋ ਜਾਂਦਾ ਹੈ ਕਿਉਂਕਿ ਰਿਸ਼ਵਤਖੋਰ ਮੁਲਾਜ਼ਮਾਂ ਨੂੰ ਇਹਨਾਂ ਦੇ ਕੰਮ ਕਰਨ ਦਾ ਢੰਗ ਚੰਗਾ ਨਹੀਂ ਲੱਗਦਾ। ਜੇਕਰ ਕੋਈ ਬਿਨੈਕਾਰ ਰਿਸ਼ਵਤ ਨਹੀਂ ਦਿੰਦਾ ਅਤੇ ਆਪਣੇ ਜਾਇਜ਼ ਕੰਮ ਨੂੰ ਰੁਟੀਨ ਵਿੱਚ ਹੀ ਕਰਵਾਉਣਾ ਚਾਹੁੰਦਾ ਹੈ, ਉਹ ਵਿਅਕਤੀ ਇਹਨਾਂ ਰਿਸ਼ਵਤਖੋਰ ਮੁਲਾਜ਼ਮਾਂ ਦੀਆਂ ਅੱਖਾਂ ਵਿੱਚ ਰੜਕਦਾ ਹੈ ਅਤੇ ਇਹ ਲੋਕ ਉਸਦਾ ਆਨੇ ਬਹਾਨੇ ਨੁਕਸਾਨ ਕਰਨ ਦੀ ਕੋਸ਼ਿਸ਼ ਕਰਦੇ ਹਨ। ਲੋਕ ਰੋਜ਼ ਦਫਤਰਾਂ ਦੇ ਗੇੜੇ ਮਾਰਨ, ਕਰਾਏ ਭਾੜੇ ਤੋਂ ਬਚਣ ਲਈ ਮਜਬੂਰੀ ਵੱਸ ਰਿਸ਼ਵਤ ਦੇਣੀ ਮੰਨ ਲੈਂਦੇ ਹਨ।

ਇਸ ਰਿਸ਼ਵਤਖੋਰੀ ਨੂੰ ਰੋਕਣ ਲਈ ਇੱਕ ਸਰਲ ਤਰੀਕਾ ਇਹ ਹੈ ਕਿ ਕੰਮ ਔਨ ਲਾਈਨ ਕੀਤੇ ਜਾਣ ਅਤੇ ਹਰੇਕ ਕੰਮ ਦੀ ਸਮਾਂ-ਸੀਮਾ ਨਿਰਧਾਰਿਤ ਕੀਤੀ ਜਾਵੇ। ਜੇਕਰ ਉਸ ਸਮੇਂ ਦੌਰਾਨ ਕੰਮ ਨਹੀਂ ਕੀਤਾ ਜਾਂਦਾ ਤਾਂ ਸੰਬੰਧਿਤ ਅਧਿਕਾਰੀ ਨੂੰ ਹਰਜਾਨਾ ਲਗਾਇਆ ਜਾਵੇ। ਇਹ ਪੈਸੇ ਪੀੜਤ ਵਿਅਕਤੀ ਨੂੰ ਦਿੱਤੇ ਜਾਣ। ਹਰਜਾਨੇ ਦੀ ਰਕਮ ਦਿਨਾਂ ਦੇ ਹਿਸਾਬ ਨਾਲ ਲਈ ਜਾਵੇ। ਇਸ ਰਿਸ਼ਵਤਖੋਰੀ ਦਾ ਇੱਕ ਵੱਡਾ ਕਾਰਨ ਇਹ ਵੀ ਹੈ ਕਿ ਦਫਤਰਾਂ ਵਿੱਚ ਕਰਮਚਾਰੀਆਂ ਦੀ ਘਾਟ ’ਤੇ ਕੰਮ ਦਾ ਵੱਧ ਹੋਣਾ। ਸਮੇਂ-ਸਮੇਂ ਅਤੇ ਜ਼ਰੂਰਤ ਅਨੁਸਾਰ ਸਰਕਾਰਾਂ ਨੂੰ ਕਰਮਚਾਰੀਆਂ ਦੀਆਂ ਭਰਤੀਆਂ ਕਰਦੇ ਰਹਿਣਾ ਚਾਹੀਦਾ ਹੈ ਨਾ ਕਿ ਇਲੈਕਸ਼ਨ ਦੇ ਨੇੜੇ ਲੋਕਾਂ ਦੀ ਹਮਦਰਦੀ ਅਤੇ ਵੋਟਾਂ ਲੈਣ ਲਈ ਭਰਤੀ ਕੀਤੀ ਜਾਵੇ।

ਲੋਕ ਕਈ ਦਹਾਕਿਆਂ ਤੋਂ ਉਸ ਸਰਕਾਰ ਦੀ ਉਡੀਕ ਕਰ ਰਹੇ ਹਨ ਜਿਹੜੀ ਇਸ ਰਿਸ਼ਵਤਖੋਰੀ ਦੀ ਇਸ ਬਿਮਾਰੀ ਨੂੰ ਉਨ੍ਹਾਂ ਦੇ ਗਲੇ ਤੋਂ ਲਾਹੇ, ਜਿਹੜੀ ਛੂਤ ਦੀ ਬਿਮਾਰੀ ਵਾਂਗ ਚੰਬੜੀ ਹੋਈ ਹੈ। ਬਹੁਤੀਆਂ ਸਰਕਾਰਾਂ ਤਾਂ ਦੇਸ਼ ਦੇ ਲੋਕਾਂ ਪ੍ਰਤੀ ਚਿੰਤਤ ਪ੍ਰਤੀਤ ਨਹੀਂ ਹੁੰਦੀਆਂ। ਨਹੀਂ ਤਾਂ ਇਸ ਰਿਸ਼ਵਤਖੋਰੀ ਦਾ ਇਹ ਭਿਆਨਕ ਰੂਪ ਦੇਖਣ ਨੂੰ ਨਾ ਮਿਲਦਾ। ਇਹ ਹਾਲਤ ਦੇਸ਼ ਦੇ ਕਿਸੇ ਇੱਕ ਰਾਜ ਦੀ ਨਹੀਂ ਸਮੁੱਚੇ ਦੇਸ਼ ਦੀ ਹੈ। ਹੋ ਸਕਦਾ ਕਿਸੇ ਰਾਜ ਦੀ ਸਥਿਤੀ ਵਿੱਚ ਉੰਨੀ-ਇੱਕੀ ਦਾ ਫਰਕ ਹੋਵੇ। ਦੁੱਖ ਦੀ ਗੱਲ ਇਹ ਹੈ ਕਿ ਜਿਨ੍ਹਾਂ ’ਤੇ ਦੇਸ਼ ਦੇ ਲੋਕਾਂ ਨੇ ਯਕੀਨ ਕਰ ਕੇ ਕੁਰਸੀ ’ਤੇ ਬਿਠਾਇਆ, ਉਹ ਆਪਣੇ ਨਿੱਜੀ ਹਿਤਾਂ ਲਈ ਦੇਸ਼ ਨੂੰ ਬਰਬਾਦ ਕਰ ਰਹੇ ਹਨ। ਲੋਕਾਂ ਦਾ ਪੈਸਾ ਲੋਕ ਸਹੂਲਤਾਂ ’ਤੇ ਘੱਟ ਖਰਚਿਆ ਜਾ ਰਿਹਾ ਹੈ ਤੇ ਚੰਦ ਕੁ ਚਹੇਤਿਆਂ ਨੂੰ ਵੱਧ ਲੁਟਾਇਆ ਜਾ ਰਿਹਾ ਹੈ। ਆਮ ਲੋਕ ਬੁਨਿਆਦੀ ਸਹੂਲਤਾਂ ਤੋਂ ਵਾਂਝੇ ਹਨ। ਬਿਮਾਰੀਆਂ ਨਾਲ ਬਿਨਾਂ ਇਲਾਜ ਮਰ ਰਹੇ ਹਨ। ਲੋਕ ਕਿੱਥੇ ਜਾਣ, ਕਿਸ ਨੂੰ ਕਹਿਣ? ਲੋੜ ਹੈ ਦੇਸ਼ ਦੇ ਜ਼ਿੰਮੇਵਾਰ ਲੋਕ ਆਪਣੀ ਜ਼ਿੰਮੇਵਾਰੀ ਸਮਝਣ ਤੇ ਤਨਦੇਹੀ ਨਾਲ ਨਿਭਾਉਣ ਤਾਂ ਜੋ ਲੋਕਾਂ ਦੇ ਪੈਸੇ ਨਾਲ ਲੋਕਾਂ ਦਾ ਭਲਾ ਹੋ ਸਕੇ।

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3883)
(ਸਰੋਕਾਰ ਨਾਲ ਸੰਪਰਕ ਲਈ: sarokar2015@gmail.com)

About the Author

ਗੁਰਿੰਦਰ ਕਲੇਰ

ਗੁਰਿੰਦਰ ਕਲੇਰ

Phone: (91 - 99145 - 38888)
Email: (gurinderkaler8888@gmail.com)