“ਇੱਕ ਮੁਲਾਕਾਤ ਕਰਨ ਵਾਲੇ ਦੀ ਸਫ਼ਲਤਾ, ਸਮਰੱਥਾ ਅਤੇ ਕਾਬਲੀਅਤ ਬਾਰੇ ਇਸ ਤੋਂ ਵੱਡੀ ਜਾਂ ਵਧੀਆ ਟਿੱਪਣੀ ...”
(11 ਮਾਰਚ 2023)
ਇਸ ਸਮੇਂ ਪਾਠਕ: 354.
ਸਾਹਿਤ ਦੇ ਮੁੱਖ ਰੂਪ ਕਵਿਤਾ, ਕਹਾਣੀ, ਨਾਵਲ, ਨਿਬੰਧ, ਵਾਰਤਕ ਹਨ। ਇਸ ਤੋਂ ਬਿਨਾ ਕੁਛ ਹੋਰ ਵੰਨਗੀਆਂ ਜੋ ਭਾਵੇਂ ਸਾਹਿਤ ਦੀ ਮੁਖਧਾਰ ਵਿੱਚ ਨਾ ਆਉਣ, ਪਰ ਪਾਠਕਾਂ ਦੀ ਦਿਲਚਸਪੀ ਅਤੇ ਜਗਿਆਸਾ ਦੀ ਪੂਰਤੀ ਕਰਦੀਆਂ ਹਨ ਜਿਵੇਂ ਸਫ਼ਰਨਾਮੇ, ਜੰਗਨਾਮੇ, ਸੜਕਨਾਮੇ, ਸਿਮ੍ਰਤੀਆਂ, ਰੇਖਾ ਚਿੱਤਰ, ਹਾਸ-ਵਿਅੰਗ, ਮੁਲਾਕਾਤਾਂ ਵਗੈਰਾ। ਇੱਕ ਹੋਰ ਵੰਨਗੀ ਹੈ, ਜੰਗ ਬਹਾਦਰ ਗੋਇਲ ਦੁਆਰਾ ਲਿਖੇ ਹੋਏ ਵਿਸ਼ਵ ਦੇ ਸ਼ਾਹਕਾਰ ਨਾਵਲ। ਇਨ੍ਹਾਂ ਸਾਰੀਆਂ ਲਿਖਤਾਂ ਦਾ ਆਪਣਾ ਮਹੱਤਵ ਤੇ ਪ੍ਰਯੋਜਨ ਹੈ। ਅਜਿਹੀਆਂ ਲਿਖਤਾਂ ਸਾਹਿਤਕਾਰਾਂ ਅਤੇ ਸਾਹਿਤ ਬਾਰੇ ਮਹੱਤਵਪੂਰਨ ਜਾਣਕਾਰੀ ਦਾ ਸਰੋਤ ਹੁੰਦੀਆਂ ਹਨ।
ਮੁਲਾਕਾਤਾਂ ਕਰਨਾ ਵੀ ਇੱਕ ਹੁਨਰ ਹੈ, ਜਿਸ ਵਿੱਚ ਸਤਨਾਮ ਸਿੰਘ ਢਾਹ ਨਿਪੁੰਨ ਹੋ ਚੁੱਕਿਆ ਹੈ। ਮੁਲਾਕਾਤੀ ਵਿਅਕਤੀ ਦੀ ਚੋਣ ਕਰਨੀ, ਉਨ੍ਹਾਂ ਦੇ ਜੀਵਨ, ਰਚਨਾਵਾਂ ਅਤੇ ਪ੍ਰਾਪਤੀਆਂ ਬਾਰੇ ਪੂਰਾ ਗਿਆਨ ਹਾਸਲ ਕਰਨਾ, ਉਸ ਨਾਲ ਸੰਬਧਿਤ ਸਾਹਿਤਕ ਜਾਂ ਸਮਾਜਿਕ ਹਲਕਿਆਂ ਅੰਦਰ ਹੋਈਆਂ ਚਰਚਾਵਾਂ ਜਾਂ ਆਲੋਚਨਾਵਾਂ ਤੋਂ ਜਾਣੂ ਹੋਣਾ, ਪੁੱਛਣ ਲਈ ਸਵਾਲ ਤਿਆਰ ਕਰਨੇ, ਮੁਲਾਕਾਤੀਆਂ ਨਾਲ ਰਾਬਤਾ ਬਣਾਉਣਾ, ਮੁਲਾਕਾਤ ਕਰਨੀ, ਮੁਲਾਕਾਤ ਕਰਨ ਸਮੇਂ ਗੱਲਬਾਤ ਨੂੰ ਲੀਹੋਂ ਨਾ ਲਹਿਣ ਦੇਣਾ, ਪ੍ਰਾਪਤ ਸਮਗਰੀ ਨੂੰ ਸਮੇਟਣਾ ਅਤੇ ਕਿਤਾਬ ਛਪਾਉਣ ਦਾ ਉਪਰਾਲਾ ਕਰਨਾ ਬੜੀ ਲਗਨ, ਦਿਆਨਤਦਾਰੀ, ਮਿਹਨਤ ਅਤੇ ਸਿਰੜ ਦੀ ਮੰਗ ਕਰਦਾ ਹੈ। ਸਤਨਾਮ ਢਾਹ ਦੀਆਂ ਪਹਿਲੀਆਂ ਦੋ ਕਿਤਾਬਾਂ ਅਤੇ ਇਹ ਤੀਜੀ ਪੁਸਤਕ ਪੜ੍ਹਨ ਤੋਂ ਤਾਂ ਇਹ ਸਾਫ਼ ਹੋ ਜਾਂਦਾ ਹੈ ਕਿ ਉਹ ਇਨ੍ਹਾਂ ਸਾਰੇ ਕਾਰਜਾਂ ਪ੍ਰਤੀ ਸੁਚੇਤ, ਸੂਝਵਾਨ ਅਤੇ ਸਿਰੇ ਦੀ ਮੁਹਾਰਤ ਰੱਖਣ ਵਾਲਾ ਮੁਲਾਕਾਤਕਾਰ ਹੈ। ਉਹ ਮੁਲਾਕਾਤੀ ਦੇ ਜੀਵਨ ਦੇ ਕਈ ਗੁੱਝੇ ਰਾਜ ਸਹਿਜ ਨਾਲ ਹੀ ਬੇਪਰਦ ਕਰਵਾ ਲੈਂਦਾ ਹੈ। ਉਨ੍ਹਾਂ ਦੀਆਂ ਲਿਖਤਾਂ ਅੰਦਰਲੀਆਂ ਘੁੰਡੀਆਂ ਅਤੇ ਘੁਣਤਰਾਂ ਨੂੰ ਗੱਲਾਂ ਗੱਲਾਂ ਨਾਲ ਪਰਤ ਦਰ ਪਰਤ ਖੁੱਲ੍ਹਵਾ ਲੈਂਦਾ ਹੈ। ਉਸ ਦੇ ਮਨ ਅੰਦਰਲੀਆਂ ਤਹਿਆਂ ਨੂੰ ਲੀਰਾਂ ਦੀ ਖੁਦੋ ਵਾਂਗ ਉਧੇੜ ਕੇ ਰੱਖ ਦਿੰਦਾ ਹੈ। ਹਰੇਕ ਪਾਠਕ ਲੇਖਕ ਅਤੇ ਰਚਨਾਵਾਂ ਦੇ ਅਜਿਹੇ ਪਹਿਲੂ ਜਾਣਨ ਦੀ ਇੱਛਾ ਪਾਲਦਾ ਹੈ ਤੇ ਇਸ ਇੱਛਾ ਦੀ ਪੂਰਤੀ ਲਈ ਅਜਿਹੀਆਂ ਮੁਲਾਕਾਤਾਂ ਅਹਿਮ ਸਥਾਨ ਰੱਖਦੀਆਂ ਹਨ।
ਮਨੋਵਿਗਿਆਨੀ ਮਹਿਰ ਡਾ. ਮਹਿੰਦਰ ਸਿੰਘ ਹੱਲਣ ਦੀ ਰਾਇ ਮੁਤਾਬਕ ਸਤਨਾਮ ਢਾਹ ਦੀਆਂ ਲਿਖਤਾਂ ਵਿੱਚ ਰਵਾਨੀ, ਸਰਲਤਾ ਤੇ ਰੌਚਿਕਤਾ ਬਰਕਰਾਰ ਰਹਿੰਦੀ ਹੈ। ਹਥਲੀ ਕਿਤਾਬ ਦੇ ਸ਼ੁਰੂ ਵਿੱਚ ਵਿਦਵਾਨ ਆਲੋਚਕ ਸੁਖਦੇਵ ਸਿੰਘ ਸਿਰਸਾ ਦੇ ਵਿਚਾਰਾਂ ਵਿੱਚੋਂ ਕੁਝ ਸਤਰਾਂ ਦਾ ਹਵਾਲਾ ਦੇਣਾ ਬਣਦਾ ਹੈ। ਉਹ ਲਿਖਦਾ ਹੈ ਕਿ ਢਾਹ ਦੀਆਂ ਮੁਲਾਕਾਤਾਂ ਵਿੱਚ ਮੌਲਿਕ ਸਿਰਜਣਾ ਵਾਲਾ ਰਸ ਹੁੰਦਾ ਹੈ। ਉਸ ਨੇ ਮੁਲਾਕਾਤ ਨੂੰ ਪੰਜਾਬੀ ਵਾਰਤਕ ਦੀ ਇੱਕ ਨਵੇਕਲੀ ਵਿਧਾ ਵਜੋਂ ਸਥਾਪਿਤ ਕੀਤਾ ਹੈ। ਉਹ ਸਾਨੂੰ ਲੇਖਕਾਂ ਅੰਦਰਲੇ ਅਸਲੀ ਬੰਦੇ ਦੇ ਸਾਹਮਣੇ ਖਿਲਾਰ ਕੇ ਆਪ ਪਾਸੇ ਹੋ ਜਾਂਦਾ ਹੈ। ਕਿਸੇ ਵੀ ਲੇਖਕ ਨਾਲ ਸੰਵਾਦ ਰਚਾਉਣ ਤੋਂ ਪਹਿਲਾਂ ਉਸ ਦੇ ਪਰਿਵਾਰਕ ਪਿਛੋਕੜ, ਉਸ ਦੀ ਸਮਾਜਕ ਸਥਿਤੀ, ਉਸ ਦੀ ਚੇਤ ਅਚੇਤ ਵਿਚਾਰਧਾਰਾ, ਉਸ ਉੱਤੇ ਪਏ ਵੱਖ ਵੱਖ ਤਰ੍ਹਾਂ ਦੇ ਪ੍ਰਭਾਵਾਂ, ਉਸ ਦੇ ਕਰਮ ਖੇਤਰ ਅਤੇ ਉਸ ਦੀਆਂ ਲਿਖਤਾਂ ਦਾ ਬਾਰੀਕੀ ਨਾਲ ਮੁਤਾਲਿਆ ਕਰਦਾ ਹੈ। ਉਸ ਦੀ ਖੂਬੀ ਇਹ ਹੈ ਕਿ ਉਹ ਕਿਸੇ ਲੇਖਕ, ਚਿੰਤਕ ਜਾਂ ਸੱਭਿਆਚਾਰ ਕਾਮੇਂ ਨੂੰ ਉਸ ਦੇ ਵਿਸ਼ੇਸ਼ ਇਤਿਹਾਸਕ, ਸਮਾਜਿਕ ਪਰਿਵੇਸ਼ ਵਿੱਚ ਰੱਖ ਕੇ ਸਮਝਣ ਸਮੇਂ ਉਸ ਦੇ ਸੁਚੇਤ ਵਿਚਾਰਾਂ, ਉਸ ਦੀਆਂ ਅਵਚੇਤਨੀ ਮਾਨਸਿਕ ਗੰਢਾਂ ਅਤੇ ਉਸ ਦੇ ਸਮਾਜਿਕ ਅਮਲਾਂ ਨੂੰ ਇੱਕੋ ਸਮੇਂ ਧਿਆਨ ਵਿੱਚ ਰੱਖਦਾ ਹੈ। ਉਹ ਹਰ ਤਰ੍ਹਾਂ ਦੇ ਭਾਵੁਕ ਉਲਾਰਾਂ, ਨਿੱਜੀ ਪਸੰਦ ਨਾ-ਪੰਸਦ, ਜਾਤੀ ਰੰਜਸ਼ਾਂ ਜਾਂ ਤਰਫ਼ਦਾਰੀਆਂ ਤੋਂ ਨਿਰਲੇਪ ਰਹਿੰਦਾ ਹੈ, ਉਨ੍ਹਾਂ ਦੇ ਸਾਹਮਣੇ ਬੁਹ-ਕੋਨਿਆਂ ਵਾਲਾ ਦਰਪਨ ਸਹਿਜੇ ਹੀ ਟਿਕਾ ਦਿੰਦਾ ਹੈ।
ਸਤਨਾਮ ਸਿੰਘ ਢਾਹ ਦੀਆਂ ਪਹਿਲੀਆਂ ਦੋ ਕਿਤਾਬਾਂ ਤੋਂ ਬਾਅਦ ਮੁਲਾਕਾਤਾਂ ਦੀ ਤੀਜੀ ਕਿਤਾਬ ‘ਰੰਗ ਆਪੋ ਆਪਣੇ’ ਵਿਚਾਰ ਅਧੀਨ ਹੈ, ਜੋ ਹੁਣੇ ਛਪ ਕੇ ਆਈ ਹੈ। ਇਸਦੇ 394 ਸਫ਼ੇ ਹਨ। ਇਸ ਵਿੱਚ ਦਸ ਮੁਲਾਕਾਤਾਂ, ਜਿਨ੍ਹਾਂ ਵਿੱਚੋਂ ਛੇ ਮੁਲਾਕਾਤੀ ਸਾਹਿਤਕਾਰ, ਇੱਕ ਉੱਘੇ ਖਿਡਾਰੀ, ਇੱਕ ਸਮਾਜ ਸੇਵੀ, ਇੱਕ ਜੀਵ ਵਿਗਿਆਨੀ ਲੇਖਕਾ, ਅਤੇ ਇੱਕ ਪੱਤਰਕਾਰ ਹਨ। ਇਨ੍ਹਾਂ ਵਿੱਚੋਂ ਚਾਰ ਅਹਿਮ ਸ਼ਖ਼ਸੀਅਤਾਂ ਕਿਤਾਬ ਛਪਣ ਤੋਂ ਪਹਿਲਾਂ ਸਦੀਵੀ ਵਿਛੋੜਾ ਦੇ ਚੁੱਕੀਆਂ ਹਨ - ਓਲੰਪੀਅਨ ਬਲਬੀਰ ਸਿੰਘ, ਸੰਤੋਖ ਸਿੰਘ ਸੰਤੋਖ, ਡਾ. ਇਕਬਾਲ ਸਿੰਘ ਪੰਨੂੰ ਅਤੇ ਡਾ. ਪੁਸ਼ਪਿੰਦਰ ਜੈਰੂਪ। ਸਤਨਾਮ ਸਿੰਘ ਢਾਹ ਦਾ ਮੁਲਾਕਾਤ ਕਰਨ ਦਾ ਤਰੀਕਾ ਆਪਣਾ ਹੀ ਹੈ। ਉਹ ਸੰਵਾਦ ਨੂੰ ਜਿਉਂ ਦਾ ਤਿਉਂ ਰੱਖਣ ਤੋਂ ਪਹਿਲਾਂ ਮੁਲਾਕਾਤੀ ਦੇ ਜੀਵਨ, ਲਿਖਤਾਂ, ਪ੍ਰਾਪਤੀਆਂ ਅਤੇ ਯੋਗਦਾਨ ਬਾਰੇ ਸੰਖੇਪ ਵੇਰਵਾ ਦਿੰਦਾ ਹੈ ਜੋ ਪਾਠਕ ਨੂੰ ਪੂਰੀ ਜਾਣਕਾਰੀ ਲੈਣ ਲਈ ਉਤਸੁਕ ਅਤੇ ਉਤੇਜਿਤ ਕਰਦਾ ਹੈ। ਹਾਕੀ ਓਲੰਪੀਅਨ ਬਲਬੀਰ ਸਿੰਘ ਨਾਲ ਮੁਲਾਕਾਤ ਕੀ ਕੀਤੀ, ਹਾਕੀ ਦਾ ਸਾਰਾ ਇਤਿਹਾਸ ਕਲਮਬੰਦ ਕਰਵਾ ਲਿਆ। ਬਲਬੀਰ ਸਿੰਘ ਦਾ ਕਹਿਣਾ ਹੈ ਕਿ ਉਸ ਦੀ ਪੰਜਾਬ ਵਿੱਚ ਹਾਕੀ ਸਟੇਡੀਅਮ ਬਣਾਉਣ ਦੀ ਤਮੰਨਾ ਅਧੂਰੀ ਰਹਿ ਗਈ, ਪਾਠਕ ਨੂੰ ਝੰਜੋੜ ਕੇ ਰੱਖ ਦਿੰਦਾ ਹੈ।
ਸਤਨਾਮ ਢਾਹ ਦੀ ਸਾਹਿਤ ਦੇ ਰੂਪਾਂ ਦੀਆਂ ਪੇਚੀਦਗੀਆਂ ਬਾਰੇ ਬਾਰੀਕੀਆਂ ਬਾਰੇ ਜਾਣਕਾਰੀ ਦਾ ਇੱਕ ਨਮੂਨਾ ਜੋਗਿੰਦਰ ਅਮਰ ਨਾਲ ਕੀਤੀ ਮੁਲਾਕਾਤ ਵਿਚਲੇ ਇੱਕ ਸਵਾਲ ਤੋਂ ਮਿਲਦਾ ਹੈ: ‘ਕਈ ਵਾਰ ਗ਼ਜ਼ਲ ਲਿਖਣ ਵਾਲਿਆਂ ਦਾ ਕਹਿਣਾ ਹੈ ਕਿ ਕਾਫ਼ੀਏ ਦੇ ਸ਼ਬਦ ਲੱਭਦਿਆਂ, ਛੰਦ ਅਤੇ ਅਰੂਜ਼ ਦੀਆਂ ਮਾਤਰਾਂ ਗਿਣਦਿਆਂ ਖ਼ਿਆਲ ਭੁੱਲ ਜਾਂਦਾ ਹੈ। ਕਈ ਵਾਰੀ ਕਾਫ਼ੀਏ ਦੀ ਤੰਗੀ ਕਰਕੇ ਖਿਆਲ ਦੀ ਪੇਸ਼ਕਾਰੀ ਵਿੱਚ ਮੁਸ਼ਕਲ ਆਉਂਦੀ ਹੈ, ਕੀ ਤੁਸੀਂ ਸਹਿਮਤ ਹੋ?’ ਇੱਥੇ ਜੁਗਿੰਦਰ ਅਮਰ ਦਾ ਵਿਚਾਰ ਗੌਲਣਯੋਗ ਹੈ ਕਿ ਕਵਿਤਾ ਕਾਵਿ-ਸ਼ਾਸਤਰ ਰਾਹੀਂ ਮਾਪੀ ਜਾ ਸਕਦੀ ਹੈ, ਜੋ ਇੱਕ ਕਸਵੱਟੀ ਹੈ ਤੇ ਦੱਸ ਸਕਦੀ ਹੈ ਕਿ ਕੋਈ ਕਵਿਤਾ ਹੈ ਜਾਂ ਨਹੀਂ। ਉਸ ਦੇ ਇਸ ਵਿਚਾਰ ਨਾਲ ਸਾਰਿਆਂ ਦਾ ਸਹਿਮਤ ਹੋਣਾ ਸੰਦੇਹਪੂਰਨ ਹੈ। ਇਸੇ ਤਰ੍ਹਾਂ ਇਸ ਕਵੀ ਦੇ ਛੋਟੀ ਜਾਂ ਲੰਬੀ ਕਵਿਤਾ ਬਾਰੇ ਕਵੀ ਦੇ ਵਿਚਾਰਾਂ ਨੂੰ ਮੰਨਣਾ ਔਖ ਲੱਗਦਾ। ਜਿਵੇਂ ਜਸਵੰਤ ਵਿਰਦੀ ਦੀ ਕਹਾਣੀ: ਤਾਰੇ ਤੋੜਨਾ ਬਾਰੇ ਕਵੀ ਦਾ ਨਿਰਣਾ ਅਤਿ-ਕਥਨੀ ਲਗਦਾ ਹੈ। ਸੰਤੋਖ ਸਿੰਘ ਸੰਤੋਖ ਦੀ ਧਾਰਨਾ ਸਹੀ ਜਾਪਦੀ ਹੈ ਕਿ ਕਵਿਤਾ ਆਪਣਾ ਵਰਤਾਰਾ ਆਪ ਲੈ ਕੇ ਆਉਂਦੀ ਹੈ ਅਤੇ ਲਿਖੀ ਜਾਂਦੀ ਹੈ। ਇਸ ਮੁਲਾਕਾਤ ਵਿੱਚ ਕੀਤੇ ਕਈ ਸਵਾਲ ਜਵਾਬਾਂ ਨਾਲੋਂ ਵੱਡ ਅਕਾਰੀ ਹਨ ਜੋ ਇਸ ਗੱਲ ਦਾ ਲਖਾਇਕ ਹਨ ਕਿ ਸਤਨਾਮ ਸਿੰਘ ਢਾਹ ਕਿੰਨੀ ਜਾਣਕਾਰੀ ਅਤੇ ਦਿਲਚਸਪੀ ਦੇ ਅਧਾਰ ’ਤੇ ਕਵੀ ਨੂੰ ਉਧੇੜ ਅਤੇ ਫਰੋਲ਼ ਰਿਹਾ ਹੈ।
ਪ੍ਰੀਤਮ ਸਿੰਘ ਕੈਬੋਂ ਨਾਲ ਕੀਤੀ ਮੁਲਾਕਾਤ ਦੀ ਮੁਹਾਰਨੀ ਪੜ੍ਹਨ ਤੋਂ ਪਤਾ ਲੱਗਦਾ ਹੈ ਕਿ ਢਾਹ ਵਿੱਚ ਚੰਗੇ ਆਲੋਚਕ ਦੀਆਂ ਕਣੀਆਂ ਵੀ ਹਨ। ਉਸ ਨੇ ਲਿਖਿਆ ਹੈ ਕਿ ਕੈਂਬੋ ਦੀ ਪਾਤਰ ਉਸਾਰੀ ਵਿੱਚ ਇੱਕ ਮਾਨਵੀ ਸੰਵੇਦਨਾ ਦੀ ਪਕੜ ਹੈ ਅਤੇ ਉਸ ਨੂੰ ਮਨੁੱਖੀ ਮਨ ਨੂੰ ਪੜ੍ਹਨ ਦੀ ਚੰਗੀ ਜਾਚ ਹੈ। ਅਜਿਹੇ ਆਲੋਚਨਾਤਮਕ ਸ਼ਬਦ ਸਤਨਾਮ ਸਿੰਘ ਢਾਹ ਨੂੰ ਸਧਾਰਨ ਮੁਲਾਕਾਤਕਾਰ ਤੋਂ ਉੱਪਰ ਲੈ ਜਾਂਦੇ ਹਨ। ਮੁਲਾਕਾਤਾਂ ਵਿੱਚ ਕੀਤੇ ਸਵਾਲ ਇਉਂ ਹਨ ਜਿਵੇਂ ਕਹਾਣੀ ਨੂੰ ਅੱਗੇ ਤੋਰਿਆ ਜਾ ਰਿਹਾ ਹੋਵੇ। ਇਹ ਗੁਣ ਇਸ ਖੁਸ਼ਕ ਵਿਸ਼ੇ ਨੂੰ ਰੌਚਿਕ ਬਣਾਉਣ ਵਿੱਚ ਸਹਾਈ ਹੁੰਦਾ ਹੈ ਤੇ ਪਾਠਕ ਅੱਕਦਾ ਨਹੀਂ। ਇਹ ਸਵਾਲ ਇੱਕ ਕੜੀ ਦਾ ਕੰਮ ਵੀ ਕਰਦੇ ਹਨ ਅਤੇ ਲਿਖਤ ਨੂੰ ਗਤੀ ਅਤੇ ਰਵਾਨਗੀ ਵੀ ਪ੍ਰਦਾਨਗੀ ਕਰਦੇ ਹਨ। ਅਸਲ ਵਿੱਚ ਇਸ ਮੁਲਾਕਾਤ ਦੇ ਜ਼ਰੀਏ ਇੰਗਲੈਂਡ ਵਿੱਚ ਪੰਜਾਬੀ ਸਾਹਿਤ ਅਤੇ ਉੱਥੋਂ ਦੇ ਪੰਜਾਬੀ ਲੇਖਕਾਂ ਦਾ ਲੇਖਾ ਜੋਖਾ ਮਿਲਦਾ ਹੈ। ਇਹ ਵੀ ਪਤਾ ਲੱਗਦਾ ਹੈ ਕਿ ਡਾ. ਕੈਂਬੋ ਇੱਕ ਵਧੀਆ ਕਹਾਣੀਕਾਰ, ਨਿਰਪੱਖ ਆਲੋਚਕ, ਸੰਪਾਦਕ, ਖੋਜੀ ਵਿਦਵਾਨ ਅਤੇ ਸਫਲ ਅਨੁਵਾਦਕ ਵੀ ਹੈ। ਕੁਝ ਸਵਾਲਾਂ ਵਿੱਚ ਦੁਹਰਾਉ ਦਾ ਦੋਸ਼ ਵੀ ਨਜ਼ਰ ਆਉਂਦਾ ਹੈ। ਕੁਝ ਸਵਾਲ ਅਜਿਹੇ ਵੀ ਪੁੱਛੇ ਗਏ ਜੋ ਵਿਸ਼ੇ ਨੂੰ ਬਹੁਤ ਪਰੇ ਲੈ ਜਾਂਦੇ ਹਨ ਪਰ ਸ਼ਾਇਦ ਇੱਕ ਖੋਜੀ ਵਿਦਾਵਾਨ ਤੋਂ ਦੁਨੀਆ ਭਰ ਦੇ ਕਿਸੇ ਵੀ ਵਿਸ਼ੇ ਬਾਰੇ ਪੁੱਛਣੇ ਪਾਠਕਾਂ ਲਈ ਲਾਹੇਵੰਦ ਹੋਣ ਦੀ ਮਨਸ਼ਾ ਨਾਲ ਪੁੱਛੇ ਗਏ ਹਨ। ਮਿਸਾਲ ਵਜੋਂ ਭਾਰਤੀ ਅਤੇ ਬਰਤਾਨਵੀ ਵਿੱਦਿਅਕ ਸਿਸਟਮ ਵਿੱਚ ਕੀ ਅੰਤਰ ਹੈ? ਕਿਤੇ ਕਿਤੇ ਅੰਗਰੇਜ਼ੀ ਸ਼ਬਦਾਂ ਦੀ ਬੇਲੋੜੀ ਵਰਤੋਂ ਵੀ ਰੜਕਦੀ ਹੈ ਜਿਵੇਂ ਗੁਰਨਾਮ ਢਿੱਲੋਂ ਨੂੰ ਪੁੱਛਣਾ ਕਿ ਬਰਤਾਨਵੀ ਐਜੂਕੇਸ਼ਨ ਸਿਸਟਮ ਵਿੱਚ ਆਪਣਾ ਐਜੂਕੇਸ਼ਨ ਲੈਵਲ ਅਪਗ੍ਰੇਡ ਕੀਤਾ। ਇਹਦੇ ਵਿੱਚ ਛੇ ਅੰਗਰੇਜ਼ੀ ਤੇ ਤਿੰਨ ਪੰਜਾਬੀ ਦੇ ਸ਼ਬਦ ਹਨ। ਗ਼ਜ਼ਲ ਬਾਰੇ ਪੁੱਛੇ ਸਵਾਲ ਦੇ ਜਵਾਬ ਵਿੱਚ ਢਿੱਲੋਂ ਕਹਿੰਦਾ ਕਿ ਜਦੋਂ ਗ਼ਜ਼ਲ ਦੀ ਆਮਦ ਹੋਵੇ, ਮਨ ਇਕਾਗਰ ਹੋਵੇ, ਦਿਲ ਤੇ ਦਿਮਾਗ ਵਿੱਚ ਜਜ਼ਬਾਤ ਦਾ ਵੇਗ ਗ਼ਜ਼ਲ ਦੇ ਰੂਪ ਵਿੱਚ ਪ੍ਰਗਟ ਹੋਣ ਲਈ ਉੱਛਲ ਰਿਹਾ ਹੋਵੇ ਤਾਂ ਸ਼ਬਦ ਵੀ ਆਪਣੇ ਆਪ ਛਾਲਾਂ ਮਾਰਦੇ ਆਉਂਦੇ ਹਨ ਅਤੇ ਗ਼ਜ਼ਲ ਦੀ ਲਹਿਰ ਵਿੱਚ ਰੂਪਾਂਤ੍ਰਿਤ ਹੋ ਜਾਂਦੇ ਹਨ। ਇਸ ਮੁਲਾਕਾਤ ਵਿੱਚ ਇੰਗਲੈਂਡ ਅੰਦਰ ਚੱਲਦੀਆਂ ਸਾਹਿਤਕ ਸਰਗਰਮੀਆਂ ਬਾਰੇ ਵੀ ਭਰਪੂਰ ਚਰਚਾ ਹੈ। ਕੁਝ ਬਾਕੀ ਸਾਹਿਤਕਾਰਾਂ ਦੇ ਨਾਲ ਮਿਲਦੇ ਜੁਲਦੇ ਸਵਾਲ ਸੂਫ਼ੀ ਅਮਰਜੀਤ ਨੂੰ ਵੀ ਕੀਤੇ ਗਏ ਹਨ ਪਰ ਇਸ ਵਿੱਚ ਪਰਵਾਸ ਅਤੇ ਲਹਿੰਦੇ ਪੰਜਾਬ ਵਿੱਚ ਪੰਜਾਬੀ ਜ਼ੁਬਾਨ ਅਤੇ ਸਾਹਿਤਕ ਸਰਗਰਮੀਆਂ ਦਾ ਲੇਖਾ ਜੋਖਾ ਵੀ ਹੈ। ਇੱਕ ਸਵਾਲ ਦੇ ਜਵਾਬ ਵਿੱਚ ਸੂਫ਼ੀ ਬੜੀ ਸਾਰਥਕ ਸਲਾਹ ਦਿੰਦਾ ਹੈ ਕਿ ਲਿਖਣ ਵਾਲੇ ਨੂੰ ਵੱਧ ਤੋਂ ਵੱਧ ਪੜ੍ਹਨਾ ਚਾਹੀਦਾ ਹੈ।
ਡਾ. ਇਕਬਾਲ ਪੰਨੂੰ ਨਾਲ ਮੁਲਾਕਾਤ ਕਰਕੇ ਉਸ ਦੇ ਸਮਾਜਿਕ ਤੇ ਵਿੱਦਿਅਕ ਖੇਤਰ ਵਿੱਚ ਪਾਏ ਯੋਗਦਾਨ ਦਾ ਪਿਛੋਕੜ ਨੂੰ ਕਲਮਬੰਦ ਕੀਤਾ ਹੈ, ਜੋ ਪ੍ਰੇਰਣਾਦਾਇਕ ਵੀ ਹੈ। ਜਰਨੈਲ ਸਿੰਘ ਕਹਾਣੀਕਾਰ ਦੀਆਂ ਕਹਾਣੀਆਂ ਬਾਰੇ, ਉਸ ਦੀ ਸਿਰਜਣ ਪ੍ਰਕਿਆ ਬਾਰੇ, ਕਹਾਣੀ ਦੀ ਉਸਾਰੀ, ਵਿਸ਼ਾ-ਵਸਤੂ ਅਤੇ ਆਲੋਚਨਾ ਬਾਰੇ ਬਹੁਤ ਵਧੀਆ ਸਮੱਗਰੀ ਬਟੋਰ ਲਈ ਗਈ ਹੈ। ਨੇਟਿਵ ਲੋਕਾਂ ਬਾਰੇ ਕਹਾਣੀ ਪ੍ਰਤੀ ਲੋੜੀਂਦਾ ਸਵਾਲ ਤੇ ਜਵਾਬ ਦੋਵੇਂ ਅਧੂਰੇ ਲਗਦੇ ਹਨ। ਇੱਕ ਹੋਰ ਸਵਾਲ ਦਾ ਜਵਾਬ ਨਵੇਂ ਕਹਾਣੀਕਾਰਾਂ ਲਈ ਰਾਹ-ਦਿਸੇਰਾ ਹੋ ਨਿੱਬੜਿਆ ਹੈ, ਜਿਸ ਵਿੱਚ ਉਨ੍ਹਾਂ ਨੂੰ ਵੱਧ ਤੋਂ ਵੱਧ ਕਹਾਣੀਆਂ ਪੜ੍ਹਨੀਆਂ, ਦੂਜੀਆਂ ਭਾਸ਼ਾਵਾਂ ਦੀਆਂ ਕਹਾਣੀਆਂ ਨਾਲ ਸਾਂਝ ਪਾਉਣੀ, ਮਿਹਨਤ ਨਾਲ ਕਹਾਣੀ ਦਾ ਰੰਗ-ਰੂਪ ਨਿਖਾਰਨ ਅਤੇ ਸਿਰਜਕ ਨੂੰ ਪਾਸੇ ਰੱਖ ਕੇ ਆਲੋਚਕ ਬਣ ਕੇ ਕਹਾਣੀ ਨੂੰ ਸੰਪਾਦਤ ਕਰਨ ਦੀ ਸਲਾਹ ਦਿੱਤੀ ਗਈ ਹੈ।
ਸਤਨਾਮ ਢਾਹ ਨੇ ਪੁਸ਼ਪਿੰਦਰ ਜੈਰੂਪ ਨਾਲ ਮੁਲਾਕਾਤ ਕਰਕੇ ਵੱਡੀ ਮੱਲ ਮਾਰੀ ਹੈ। ਇੱਕ ਵਿਗਿਆਨੀ ਨਾਲ ਮੁਲਾਕਾਤ ਕਰਨੀ ਆਮ ਵਰਗੀ ਸੌਖੀ ਨਹੀਂ ਹੁੰਦੀ, ਇਸ ਵਾਸਤੇ ਵਿਗਿਆਨਕ ਸਮਝ ਅਤੇ ਵੱਖਰੀ ਪਹੁੰਚ ਦੀ ਜ਼ਰੂਰਤ ਪੈਂਦੀ ਹੈ। ਇਸ ਮੁਲਾਕਾਤ ਦੇ ਵੇਰਵਿਆਂ ਤੋਂ, ਜਿੱਥੋਂ ਡਾ. ਪੁਸ਼ਪਿੰਦਰ ਜੈਰੂਪ ਦੀ ਸ਼ਖ਼ਸੀਅਤ ਉਜਾਗਰ ਹੁੰਦੀ ਹੈ, ਉੱਥੇ ਕੀਟ-ਵਿਗਿਆਨ ਅਤੇ ਵਿਗਿਆਨ ਨਿਬੰਧਾਂ ਦੀ ਸਿਰਜਣ ਪ੍ਰਕ੍ਰਿਆ ਬਾਰੇ ਵੀ ਪਤਾ ਲੱਗਦਾ ਹੈ। ਇਸ ਔਖੇ ਵਿਸ਼ੇ ਨੂੰ ਪੰਜਾਬੀ ਵਿੱਚ ਲਿਖਕੇ ਪੂਰਾ ਇਨਸਾਫ ਕਰਨਾ ਅਤੇ ਇੰਨਾ ਸਰਲ ਅਤੇ ਦਿਲਚਸਪ ਬਣਾ ਦੇਣਾ ਕਿ ਹਰੇਕ ਦੀ ਸਮਝ ਵਿੱਚ ਆ ਜਾਵੇ, ਡਾ. ਪੁਸ਼ਪਿੰਦਰ ਜੈਰੂਪ ਨੂੰ ਸਮਰੱਥ ਪੰਜਾਬੀ ਲੇਖਕਾ ਦਾ ਦਰਜਾ ਦਿੰਦਾ ਹੈ। ਵਿਗਿਆਨ ਦੀ ਇਸ ਸ਼ਾਖ਼ਾ ਦੇ ਪੰਜਾਬੀ ਵਿੱਚ ਸੌਖੇ ਸ਼ਬਦ ਲੱਭਣੇ ਜਾਂ ਘੜਨੇ ਕੋਈ ਹਾਰੀ ਸਾਰੀ ਦਾ ਕੰਮ ਨਹੀਂ। ਇੱਥੇ ਇਹ ਸੁਝਾ ਵੀ ਕਿੰਨਾ ਸਲਾਹੁਣ ਯੋਗ ਹੈ ਕਿ ਬੱਚਿਆਂ ਦੇ ਜਨਮ ਦਿਨ ’ਤੇ ਇਹੋ ਜਿਹੀਆਂ ਵਿਗਿਆਨਕ ਜਾਣਕਾਰੀਆਂ ਵਾਲ਼ੀਆਂ ਪੁਸਤਕਾਂ ਤੋਹਫ਼ੇ ਵਜੋਂ ਦੇਣੀਆਂ ਚਾਹੀਦੀਆਂ ਹਨ। ਜਤਿੰਦਰ ਪਨੂੰ ਦੀ ਮੁਲਾਕਾਤ ਦੌਰਾਨ ਪੱਤਰਕਾਰੀ ਦੇ ਕਈ ਪਹਿਲੂਆਂ ’ਤੇ ਰੋਸ਼ਨੀ ਪੁਆਈ ਗਈ ਹੈ। ਪਨੂੰ ਨੇ ਪੱਤਰਕਾਰੀ ਵਿੱਚ ਆਈ ਸਿਆਸੀ ਦਖ਼ਲ ਅੰਦਾਜ਼ੀ, ਕਾਰਪੋਰੇਟ ਦਾ ਗਲਬਾ, ਇਸ਼ਤਿਹਾਰਬਾਜ਼ੀ ਦੀ ਦੌੜ, ਪੱਤਰਕਾਰਾਂ ਦੀਆਂ ਮੁਸ਼ਕਲਾਂ, ਚੁਣੌਤੀਆਂ ਅਤੇ ਨਿੱਤ ਬਦਲਦੇ ਰੁਝਾਨਾਂ, ਅਤੇ ਰੂਪਾਂ ਬਾਰੇ ਬੇਬਾਕੀ ਨਾਲ ਵਿਚਾਰ ਪੇਸ਼ ਕੀਤੇ ਹਨ।
ਇਨ੍ਹਾਂ ਮੁਲਾਕਾਤਾਂ ਦੇ ਅਖ਼ੀਰ ਵਿੱਚ ਜੋ ਸਵਾਲ ਪੁੱਛਿਆ ਜਾਂਦਾ ਰਿਹਾ ਹੈ ਕਿ ਕੋਈ ਗੱਲ ਜੋ ਪੁੱਛਣ ਤੋਂ ਰਹਿ ਗਈ ਹੋਵੇ ਜਾਂ ਮੁਲਾਕਾਤੀ ਕੁਝ ਕਹਿਣਾ ਜਾਂ ਕੋਈ ਸੁਨੇਹਾ ਦੇਣਾ ਚਾਹੁੰਦਾ ਹੋਵੇ ਤਾਂ ਜ਼ਰੂਰ ਪ੍ਰਗਟ ਕਰੇ। ਪਰ ਜਤਿੰਦਰ ਪਨੂੰ ਤੋਂ ਇਲਾਵਾ ਹੋਰ ਕਿਸੇ ਨੇ ਵੀ ਕੁਝ ਨਹੀਂ ਕਿਹਾ। ਪਨੂੰ ਨੇ ਇਸ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਨਵੀਂ ਪੀੜ੍ਹੀ ਨੂੰ ਉਂਗਲ ਫੜ ਕੇ ਤੋਰਨ ਦਾ ਯਤਨ ਨਾ ਕਰੋ ਜਦੋਂ ਉਨ੍ਹਾਂ ਦੇ ਸਿਰ ਖੁਦ ਸੋਚਣ ਯੋਗੇ ਹੋਣ। ਪਰ ਬਾਕੀਆਂ ਨੇ ਇਹੋ ਕਿਹਾ ਕਿ ਸਤਨਾਮ ਜੀ ਤੁਸੀਂ ਸਾਡੇ ਕੋਲੋਂ ਪੁੱਛ ਹੀ ਇੰਨਾ ਕੁਝ ਲਿਆ ਕਿ ਸਾਡੇ ਕੋਲ ਦੱਸਣ ਲਈ ਬਾਕੀ ਕੁਝ ਨਹੀਂ ਬਚਿਆ। ਇੱਕ ਲੇਖਕ ਨੇ ਤਾਂ ਇੱਥੇ ਤਕ ਵੀ ਕਹਿ ਦਿੱਤਾ ਕਿ ਤੁਸੀਂ ਤਾਂ ਸਵਾਲ ਪੁੱਛ ਕੇ ਮੇਰੀ ਸਵੈ-ਜੀਵਨੀ ਦਾ ਖਰੜਾ ਹੀ ਤਿਆਰ ਕਰ ਦਿੱਤਾ ਹੈ। ਇੱਕ ਮੁਲਾਕਾਤ ਕਰਨ ਵਾਲੇ ਦੀ ਸਫ਼ਲਤਾ, ਸਮਰੱਥਾ ਅਤੇ ਕਾਬਲੀਅਤ ਬਾਰੇ ਇਸ ਤੋਂ ਵੱਡੀ ਜਾਂ ਵਧੀਆ ਟਿੱਪਣੀ ਨਹੀਂ ਹੋ ਸਕਦੀ। ਸੋ, ਸਤਨਾਮ ਢਾਹ ਨੂੰ ਇੱਕ ਅਜਿਹੇ ਹੰਢੇ ਹੋਏ ਪ੍ਰੌੜ੍ਹ ਮੁਲਾਕਾਤਕਾਰ ਦਾ ਦਰਜਾ ਮਿਲਣ ’ਤੇ ਉਹ ਵਧਾਈ ਦਾ ਹੱਕਦਾਰ ਹੈ।
ਇਸ ਕਿਤਾਬ ਦੀ ਛਪਾਈ ਸੁੰਦਰ ਹੈ। ਸ਼ਬਦ-ਜੋੜਾਂ ਅਤੇ ਵਾਕ ਅੰਸ਼ਾਂ ਦੀਆਂ ਗ਼ਲਤੀਆਂ ਨਹੀਂ ਹਨ। ਰੰਗਦਾਰ ਟਾਇਟਲ, ਕਵਰ, ਮੁਲਾਕਾਤੀਆਂ ਦੀਆਂ ਫੋਟੋਆਂ ਅਤੇ ਉਨ੍ਹਾਂ ਦੀਆਂ ਹੱਥ ਲਿਖਤਾਂ ਦੇ ਨਮੂਨਿਆਂ ਦਾ ਉਤਾਰਾ ਇਸ ਪੁਸਤਕ ਦੀ ਦਿੱਖ ਨੂੰ ਚਾਰ ਚੰਨ ਲਾਉਂਦੇ ਹਨ। ਤਿੰਨ ਉੱਘੇ ਵਿਦਵਾਨਾਂ ਦੇ ਦੁਆਰਾ ਪੁਸਤਕ ਦੇ ਸ਼ੁਰੂ ਵਿੱਚ ਦਿੱਤੇ ਗਏ ਵਿਚਾਰ ਪੁਸਤਕ ਵਿਚਲੀ ਸਮਗਰੀ ਨੂੰ ਮਿਆਰ ਬਖ਼ਸ਼ਦੇ ਹਨ। ਇਸ ਵਿੱਚ ਕੋਈ ਸੰਦੇਹ ਨਹੀਂ ਕਿ ਸਤਨਾਮ ਢਾਹ ਦੀਆਂ ਪਹਿਲੀਆਂ ਪੁਸਤਕਾਂ ਵਾਂਗ ਇਹ ਪੁਸਤਕ ਵੀ ਪਾਠਕਾਂ, ਸਿਖਿਆਰਥੀਆਂ, ਖੋਜੀਆਂ ਤੇ ਸਾਹਿਤ ਪ੍ਰੇਮੀਆਂ ਦੀ ਜਗਿਆਸਾ, ਤ੍ਰਿਪਤੀ ਅਤੇ ਲੋੜੀਂਦੀ ਪੂਰਤੀ ਕਰਨ ਵਿੱਚ ਸਹਾਈ ਹੋਵੇਗੀ। ਅਜਿਹੀਆਂ ਲਿਖਤਾਂ ਮੰਨੇ ਪ੍ਰਮੰਨੇਲੇਖਕਾਂ ਅਤੇ ਗੌਲਣਯੋਗ ਸ਼ਖਸੀਅਤਾਂ ਨੂੰ ਪਾਠਕਾਂ ਦੇ ਐਨ ਰੂ-ਬ-ਰੂ ਕਰਦੀਆਂ ਹਨ। ਸਤਨਾਮ ਢਾਹ ਤੋਂ ਅਜਿਹੀਆਂ ਹੋਰ ਪੁਸਤਕਾਂ ਦੀ ਉਮੀਦ ਕਰਨੀ ਬਣਦੀ ਹੈ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3844)
(ਸਰੋਕਾਰ ਨਾਲ ਸੰਪਰਕ ਲਈ: sarokar2015@gmail.com)