DanSidhu7ਇਕ ਤਮੰਨਾ ਹੈ ਕਿ ਸਾਡੇ ਪੰਜਾਬ ਵਸਦੇ ਭਰਾ ਵੀ ਸੁਖ-ਅਰਾਮ ਦੀ ਜ਼ਿੰਦਗੀ ਜਿਉਣ ...
(ਅਗਸਤ 4, 2016)

 

ਕੁਝ ਮਹੀਨੇ ਪਹਿਲਾ ਮੈਂ ਇੱਕ ਆਰਟੀਕਲ ਲਿਖਿਆ ਸੀ - ‘ਆਮ ਆਦਮੀ ਪਾਰਟੀ ਵਿਚ ਚਾਪਲੂਸਾਂ ਦੀ ਭਾਰੀ ਮੰਗ।’ ਉਸਦਾ ਕਾਰਨ ਇਹ ਸੀ ਕਿ ਕੈਨੇਡਾ ਦੇ ਸਾਰੇ ਸ਼ਹਿਰਾਂ ਵਿਚ ਕੁਝ ਮੌਕਾਪ੍ਰਸਤ ਲੋਕਾਂ ਵੱਲੋਂ ਆਮ ਆਦਮੀ ਪਾਰਟੀ ਨਾਲ ਮੁੱਢੋਂ ਜੁੜੇ ਲੋਕਾਂ ਨੂੰ ਪਿੱਛੇ ਧੱਕ ਕੇ ਮੂਹਰੇ ਆਉਣਾ ਅਤੇ ਪਾਰਟੀ ਲੀਡਰਾਂ ਵੱਲੋਂ ਉਹਨਾਂ ਚਾਪਲੂਸਾਂ ਦੀ ਪਿੱਠ ਥਾਪੜਨਾਕਿਉਂਕਿ ਮੁੱਢੋਂ ਜੁੜੇ ਲੋਕ ਪਾਰਟੀ ਨੂੰ ਆਪਣੀ ਉਸ ਆਪਣੀ ਮੁੱਢਲੀ ਵਿਚਾਰਧਾਰਾ ’ਤੇ ਪਹਿਰਾ ਦੇਣ ਦੀ ਗੱਲ ਯਾਦ ਕਰਵਾਉਂਦੇ ਸਨ, ਜਿਹੜਾ ਕਿ ਪਾਰਟੀ ਲੀਡਰਾਂ ਨੂੰ ਚੰਗਾ ਨਹੀਂ ਸੀ ਲਗਦਾ। ਵੈਸੇ ਤਾਂ ਇਹ ਸਾਰੀਆਂ ਹੀ ਰਾਜਨੀਤਕ ਪਾਰਟੀਆਂ ਦੀ ਕਹਾਣੀ ਹੈ, ਜ਼ਿਆਦਾਤਰ ਜੀ ਹਜ਼ੂਰੀਆਂ, ਚਾਪਲੂਸਾਂ ਅਤੇ ਚਮਚਿਆਂ ਨੂੰ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ ਪਰ ਕਿਉਂਕਿ ਆਮ ਆਦਮੀ ਪਾਰਟੀ ਦੀ ਸ਼ੁਰੂਆਤ ਰਾਜਨੀਤਕ ਢਾਂਚੇ ਨੂੰ ਬਦਲਣ ਤੋਂ ਸ਼ੁਰੂ ਹੋਈ ਸੀ, ਇਸ ਕਰਕੇ ਇਹਨਾਂ ਤੋਂ ਇਹ ਆਸ ਨਹੀਂ ਸੀ ਕੀਤੀ ਜਾਂਦੀ।

ਖੈਰ, ਹੁਣ ਪੰਜਾਬ ਵਿਚ ਜਿਉਂ-ਜਿਉਂ ਪਾਰਟੀ ਦੀ ਲਹਿਰ ਜ਼ੋਰ ਫੜਦੀ ਜਾਂਦੀ ਹੈ, ਮੌਕਾਪ੍ਰਸਤਾਂ ਅਤੇ ਚਾਪਲੂਸਾਂ ਦੀ ਗਿਣਤੀ ਵਧਦੀ ਜਾ ਰਹੀ ਹੈ, ਜਿਸ ਨਾਲ ਬਹੁਤ ਸਾਰੇ ਇਮਾਨਦਾਰ, ਬੁੱਧੀਜੀਵੀ ਅਤੇ ਪੰਜਾਬ ਵਿਚ ਬਦਲਾਓ ਦੇਖਣ ਦੀ ਆਸ ਨਾਲ ਜੁੜੇ ਲੋਕਾਂ ਨੂੰ ਨਿਰਾਸਤਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਵਿਚ ਕੋਈ ਸ਼ੱਕ ਨਹੀਂ ਕਿ ਪੰਜਾਬ ਅੱਜ ਹਰ ਪੱਖੋਂ ਬਰਬਾਦੀ ਦੇ ਕਿਨਾਰੇ ਹੈ। ਕਿਸਾਨਾਂ ਦੀ ਹਾਲਤ ਬਦ ਤੋਂ ਬਦਤਰ ਹੋ ਰਹੀ ਹੈ। ਉਦਯੋਗ ਪੰਜਾਬ ਤੋਂ ਬਾਹਰ ਨੂੰ ਭੱਜ ਰਿਹਾ ਹੈ। ਪੰਜਾਬ ਦਾ ਹਰ ਪਰਿਵਾਰ ਚਾਹੇ ਉਹ ਅਮੀਰ ਹੈ ਜਾਂ ਗਰੀਬ, ਆਪਣੇ ਬੱਚਿਆਂ ਨੂੰ ਵਿਦੇਸ਼ਾਂ ਵਿਚ ਭੇਜਣ ਲਈ ਮਜਬੂਰ ਹੈ, ਕਿਉਂਕਿ ਪੰਜਾਬ ਵਿਚ ਭਵਿੱਖ ਨਜ਼ਰ ਨਹੀਂ ਆ ਰਿਹਾ। ਜਿੱਥੇ ਕਿਸਾਨ ਪੰਜਾਬ ਵਿਚ ਖੁਦਕੁਸ਼ੀਆਂ ਕਰ ਰਿਹਾ ਉੱਥੇ ਨੌਜਵਾਨ, ਜੋ ਵਿਦੇਸ਼ ਆਉਣ ਲਈ ਗਲਤ ਏਜੰਟਾਂ ਦੇ ਧੱਕੇ ਚੜ੍ਹ ਜਾਂਦੇ ਹਨ, ਉਹਨਾਂ ਵਿਚ ਬਹੁਤਿਆਂ ਦੀਆਂ ਲਾਸ਼ਾਂ ਸਮੁੰਦਰਾਂ ਦੇ ਕੰਢੇ ਪਈਆਂ ਦੇਖ ਭੁੱਬਾਂ ਨਿੱਕਲ ਜਾਂਦੀਆਂ ਹਨ। ਪੰਜਾਬ ਦੇ ਬੇਰੋਜ਼ਗਾਰ ਲੋਕਾਂ ਦੀ ਧਰਨਿਆਂ ਵਿਚ ਪੁਲਿਸ ਵੱਲੋਂ ਕੁੱਟਮਾਰ, ਪੱਗਾਂ ਅਤੇ ਚੁੰਨੀਆਂ ਲਹਿਣੀਆਂ ਆਮ ਜਿਹੀ ਗੱਲ ਹੋ ਗਈ ਹੈ। ਨਸ਼ਿਆਂ ਨਾਲ ਹਰ ਰੋਜ਼ ਹੋ ਰਹੀਆਂ ਮੌਤਾਂ ਨਾਲ ਪੰਜਾਬ ਦੇ ਬਹੁਤੇ ਪਰਿਵਾਰ ਉੱਜੜ ਗਏ ਹਨ। ਦੂਜੇ ਪਾਸੇ ਪੰਜਾਬ ਦੀ ਮੌਜੂਦਾ ਸਰਕਾਰ ਵਿਕਾਸ ਦੇ ਗੀਤ ਗਾਉਂਦੀ ਨਹੀਂ ਥੱਕਦੀ।

ਪੰਜਾਬ ਵਿਚ ਰਹਿੰਦੇ ਬਹੁਤੇ ਲੋਕਾਂ ਨੂੰ ਤਾਂ ਭਾਵੇਂ ਇਹ ਆਮ ਜਿਹੀ ਗੱਲ ਲੱਗਦੀ ਹੈ, ਕਿਉਂਕਿ ਉਹਨਾਂ ਨੂੰ ਕੋਈ ਹੋਰ ਰਸਤਾ ਨਹੀਂ ਦਿਸਦਾ ਪਰ ਇੱਕ ਬਦਲ ਹੈ, ਉਹ ਹੈ ਰਾਜਨੀਤਕ ਬਦਲ। ਪਿਛਲੇ 65 ਸਾਲ ਤੋਂ ਪੰਜਾਬ ਦੇ ਲੋਕਾਂ ਕੋਲ ਕੋਈ ਬਦਲ ਨਹੀਂ ਸੀ। ਸਿਰਫ਼ ਦੋ ਹੀ ਪਾਰਟੀਆਂ ਸਨ ਅਤੇ ਹਰ ਪੰਜ ਸਾਲ ਬਾਅਦ ਉੱਤਰ ਕਾਟੋ ਮੈਂ ਚੜ੍ਹਾਂ’ ਵਾਲੀ ਖੇਡ ਖੇਡ ਰਹੀਆਂ ਹਨ। ਪੰਜ ਸਾਲਾਂ ਦੀ ਲੁੱਟ-ਖਸੁੱਟ ਤੋਂ ਜਦੋਂ ਲੋਕ ਅੱਕ ਜਾਂਦੇ ਸਨ ਤਾਂ ਦੂਜੀ ਪਾਰਟੀ ਵੱਲ ਮੂੰਹ ਕਰ ਲੈਂਦੇ ਸਨ। ਪਾਰਟੀਆਂ ਚਾਹੇ ਅਲੱਗ ਹਨ ਪਰ ਦੋਹਾਂ ਪਾਰਟੀਆਂ ਦੀ ਇਕ ਸਾਂਝ ਹੈ, ਲੋਕਾਂ ਨੂੰ ਰੱਜ ਕੇ ਲੁੱਟਣਾ ਅਤੇ ਕੁੱਟਣਾ। ਪਰ ਹੁਣ ਲੱਗਦਾ ਹੈ ਕਿ ਪੰਜਾਬ ਦੇ ਲੋਕ ਥੱਕ ਚੁੱਕੇ ਹਨ ਅਤੇ ਦਿੱਲੀ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਪੰਜਾਬ ਦੇ ਲੋਕਾਂ ਨੂੰ ਆਸ ਦੀ ਕਿਰਨ ਨਜ਼ਰ ਆਉਣ ਲੱਗੀ ਹੈ।

ਪਰ ਇਹ ਕੰਮ ਸੌਖਾ ਨਹੀਂ ਹੋਵੇਗਾ। ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਚੜ੍ਹਤ ਨੂੰ ਦੇਖਕੇ ਮੌਜੂਦਾ ਸਰਕਾਰ ਅਤੇ ਕਾਂਗਰਸ ਪਾਰਟੀ ਫ਼ਿਕਰਮੰਦ ਹਨ ਅਤੇ ਉੱਧਰ ਕੇਂਦਰ ਵਿਚ ਬੀ ਜੇ ਪੀ ਦਿੱਲੀ ਵਿਚ ਆਮ ਆਦਮੀ ਪਾਰਟੀ ਸਰਕਾਰ ਨੂੰ ਬਦਨਾਮ ਕਰਨ ਵਿਚ ਹਰ ਹੱਥਕੰਡਾ ਵਰਤ ਰਹੀ ਹੈ। ਪੰਜਾਬ ਦੀਆਂ ਚੋਣਾਂ ਵਿਚ ਅਜੇ 5-6 ਮਹੀਨੇ ਬਾਕੀ ਹਨ। ਗੁਰੂ ਗਰੰਥ ਸਾਹਿਬ ਦੀ ਬੇ-ਅਦਬੀ, ਕੁਰਾਨ ਸ਼ਰੀਫ ਦੀ ਬੇ-ਅਦਬੀ, ਕੋਈ ਸੁਭਾਵਿਕ ਗੱਲਾਂ ਨਹੀਂ, ਅੱਜ ਤੱਕ ਕਦੇ ਅਜਿਹਾ ਸੁਣਿਆ ਵੀ ਨਹੀਂ ਸੀ। ਫਿਰ ਹੁਣ ਅਚਾਨਕ ਇਹ ਸਭ ਕਿਉਂਰਾਜਨੀਤਕ ਨੇਤਾ ਭਾਵੇਂ ਕੋਈ ਵੀ ਹੋਵੇ, ਇਹਨਾਂ ਨੂੰ ਕੁਰਸੀ ਤੋਂ ਵੱਧ ਕੁਝ ਵੀ ਨਹੀਂ ਦਿਸਦਾ। ਫਿਰ ਜਦ ਕੁਰਸੀ ਖੁੱਸਦੀ ਦਿਸੇ ਤਾਂ ਫਿਰ ਧਰਮ ਗਰੰਥ ਤਾਂ ਕੀ, ਮਨੁੱਖਤਾ ਦਾ ਘਾਣ ਕਰਾਉਣਾ ਇਹਨਾਂ ਲਈ ਆਮ ਜਿਹੀ ਗੱਲ ਹੈ। ਪਿਛੋਕੜ ਵਿਚ ਆਪਾਂ ਸਾਰਿਆਂ ਨੇ ਦੇਖਿਆ ਵੀ ਹੈ। ਸੋ ਆਉਣ ਵਾਲੇ 5-6 ਮਹੀਨਿਆਂ ਵਿਚ ਪੰਜਾਬ ਦੇ ਸੁਹਿਰਦ ਲੋਕਾਂ ਨੂੰ ਸੰਭਲ ਕੇ ਚੱਲਣ ਦੀ ਲੋੜ ਹੈ।

ਆਮ ਆਦਮੀ ਪਾਰਟੀ ਵਿਚ ਬਹੁਤ ਸਾਰੀਆਂ ਕਮੀਆਂ ਹਨ। ਨਵੀਂ ਪਾਰਟੀ ਹੈ, ਬਹੁਤ ਸਾਰੀਆਂ ਗਲਤੀਆਂ ਕਰ ਚੁੱਕੇ ਹਨ ਹੋਰ ਬਹੁਤ ਗਲਤੀਆਂ ਕਰਨਗੇ। ਮੌਜੂਦਾ ਸਰਕਾਰ ਅਤੇ ਬਾਕੀ ਵਿਰੋਧੀ ਪਾਰਟੀਆਂ ਵੱਲੋਂ ਬਹੁਤ ਸਾਰੇ ਆਪਣੇ ਬੰਦੇ ਇਸ ਪਾਰਟੀ ਵਿਚ ਭਰਤੀ ਕਰਵਾਏ ਜਾ ਸਕਦੇ ਹਨ। ਫਿਰ ਸਮਾਂ ਨੇੜੇ ਆਉਣ ’ਤੇ ਉਹਨਾਂ ਨੂੰ ਵਾਪਸ ਬੁਲਾ ਕੇ ਸਿਰੋਪੇ ਪਾਉਣਗੇ ਅਤੇ ਸਾਬਿਤ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ ਕਿ ਆਮ ਆਦਮੀ ਪਾਰਟੀ ਖਿਲਰ ਰਹੀ ਹੈ, ਲੋਕ ਨਾਖ਼ੁਸ਼ ਹਨ। ਮੌਜੂਦਾ ਸਰਕਾਰ ਕੋਲ ਮਾਲ ਬਹੁਤ ਹੈ, ਲੋਕ ਖਰੀਦੇ ਜਾਣਗੇ। ਵੋਟਾਂ ਵੇਲੇ ਵੀ ਹਰ ਵਾਰ ਦੀ ਤਰ੍ਹਾਂ ਪੈਸਾ, ਨਸ਼ਾ ਅਤੇ ਗੁੰਡਾਗਰਦੀ ਵਾਲੇ ਹਥਿਆਰ ਵਰਤੇ ਜਾਣਗੇ। ਸਰਕਾਰੀ ਮਸ਼ਨੀਰੀ ਦੀ ਦੁਰਵਰਤੋਂ ਹੋਵੇਗੀ। ਆਮ ਆਦਮੀ ਪਾਰਟੀ ਦੇ ਦੁਸ਼ਮਣ ਜ਼ਿਆਦਾ ਹਨ। ਕੇਂਦਰ ਵਿਚ ਬੀਜੇਪੀ ਅਤੇ ਪੰਜਾਬ ਵਿਚ ਸ਼੍ਰੋਮਣੀ ਅਕਾਲੀ ਦਲ, ਬੀਜੇਪੀ ਅਤੇ ਕਾਂਗਰਸ। ਇਹਨਾਂ ਸਾਰਿਆਂ ਨੂੰ ਕੁਰਸੀ ਜਾਂਦੀ ਲੱਗ ਰਹੀ ਹੈ। ਜਿਸ ਨੂੰ ਬਚਾਉਣ ਲਈ ਇਹ ਸਾਰੇ ਹੱਥਕੰਡੇ ਵਰਤਣਗੇ ਅਤੇ ਪੰਜਾਬ ਦੇ ਹਾਲਾਤ ਖ਼ਰਾਬ ਹੋ ਸਕਦੇ ਹਨ। ਕਿਉਂਕਿ ਇਹਨਾਂ ਨੂੰ ਪਤਾ ਹੈ ਕਿ ਜੇਕਰ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਗਈ ਤਾਂ ਪੰਜਾਬ ਦੇ ਹਾਲਾਤ ਸੁਧਰਨੇ ਲਾਜ਼ਮੀ ਹਨ। ਦਿੱਲੀ ਵਿਚ ਪੂਰਾ ਰਾਜ ਦਾ ਦਰਜਾ ਨਾ ਹੋਣ ਕਾਰਨ ਕੇਂਦਰ ਦੀ ਮੋਦੀ ਸਰਕਾਰ ਦੇ ਅੱਡੀ ਚੋਟੀ ਦਾ ਜ਼ੋਰ ਲਾਉਣ ਦੇ ਬਾਵਜੂਦ ਆਮ ਆਦਮੀ ਪਾਰਟੀ ਦੀ ਸਰਕਾਰ ਦਿੱਲੀ ਵਿਚ ਵਧੀਆ ਕੰਮ ਕਰ ਰਹੀ ਹੈ ਅਤੇ ਲੋਕ ਖੁਸ਼ ਹਨ।

ਪੰਜਾਬ, ਜਿਸ ਨੂੰ ਸੰਪੂਰਨ ਰਾਜ ਦਾ ਦਰਜਾ ਹੈ ਅਤੇ ਜੇ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਗਈ ਤਾਂ ਕੇਜਰੀਵਾਲ ਪੰਜਾਬ ਨੂੰ ਇੱਕ ਮਾਡਲ ਸੂਬਾ ਬਣਾਉਣ ਦੀ ਕੋਸ਼ਿਸ਼ ਕਰੇਗਾ ਅਤੇ ਪੰਜਾਬ ਨੂੰ ਮੁੜ ਰੰਗਲਾ ਪੰਜਾਬ ਬਣਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡੇਗਾ। ਕਿਉਂਕਿ ਕੇਂਜਰੀਵਾਲ ਦੀ ਅੱਖ ਪ੍ਰਧਾਨ ਮੰਤਰੀ ਪਦ ’ਤੇ ਹੈ ਇਸ ਕਰਕੇ ਪੰਜਾਬ ਲਈ ਉਹ ਜੀ ਜਾਨ ਲਗਾ ਦੇਵੇਗਾ ਤਾਂ ਕਿ ਭਾਰਤ ਦੇ ਲੋਕਾਂ ਨੂੰ ਇਹ ਸਾਬਤ ਕਰ ਸਕੇ ਕਿ ਆਮ ਆਦਮੀ ਪਾਰਟੀ ਭਾਰਤ ਲਈ ਇਕ ਵਧੀਆ ਬਦਲ ਹੈ।

ਇਸ ਕਰਕੇ ਮੇਰੀ ਨਿੱਜੀ ਰਾਇ ਹੈ ਕਿ ਪੰਜਾਬ ਦੇ ਲੋਕਾਂ ਕੋਲ ਇੱਕ ਆਖ਼ਰੀ ਮੌਕਾ ਹੈ 2017 ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਦਾ। ਬੇਸ਼ਕ ਆਮ ਆਦਮੀ ਪਾਰਟੀ ਵਿਚ ਮੌਕਾਪ੍ਰਸਤ, ਚਾਪਲੂਸ, ਦਾਗੀ ਅਤੇ ਕੁਰਪਟ ਲੋਕ ਆ ਚੁੱਕੇ ਹਨ ਅਤੇ ਹੋਰ ਵੀ ਆਉਣਗੇ ਪਰ ਦੋਂਹ ਪਾਰਟੀਆਂ ਦੀ ਜੋ ਉੱਤਰ ਕਾਟੋ ਮੈਂ ਚੜ੍ਹਾਵਾਲੀ ਵਾਰੀ ਬੰਨ੍ਹੀ ਹੋਈ ਹੈ, ਇਸ ਨੂੰ ਤੋੜਨਾ ਬਹੁਤ ਜ਼ਰੂਰੀ ਹੈ। ਇਹ ਤਾਂ ਹੀ ਹੋ ਸਕਦਾ ਹੈ ਜੇ 2017 ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੇ। ਚਾਪਲੂਸਾਂ ਅਤੇ ਮੌਕਾ ਪ੍ਰਸਤਾਂ ਤੋਂ ਘਬਰਾਉਣ ਦੀ ਲੋੜ ਨਹੀਂ। ਇਸ ਸਾਰੀਆਂ ਪਾਰਟੀਆਂ ਵਿਚ ਹਨ। ਉਹ ਵੱਖਰੀ ਗੱਲ ਹੈ ਕਿ ਆਮ ਆਦਮੀ ਪਾਰਟੀ ਤੋਂ ਸਾਨੂੰ ਇਹ ਆਸ ਨਹੀਂ ਸੀ। ਮੈਂ ਵੀ ਇਹਨਾਂ ਗੱਲਾਂ ਤੋਂ ਬਹੁਤ ਦੁਖੀ ਹਾਂ। ਪਰ ਇਹ ਯਾਦ ਰੱਖਣ ਵਾਲੀ ਗੱਲ ਹੈ ਕਿ ਕੇਜਰੀਵਾਲ ਕੋਲ ਵੀ ਇਹ ਆਖ਼ਰੀ ਮੌਕਾ ਹੈ, ਕਿਉਂਕਿ ਦਿੱਲੀ ਵਿਚ ਤਾਂ ਇਹ ਸੱਚ ਹੈ ਕਿ ਮੋਦੀ ਸਰਕਾਰ ਉਹਨਾਂ ਨੂੰ ਕੰਮ ਕਰਨ ਨਹੀਂ ਦੇ ਰਹੀ ਪਰ ਪੰਜਾਬ ਵਿਚ ਉਹਨਾਂ ਕੋਲ ਅਜਿਹਾ ਕੋਈ ਬਹਾਨਾ ਨਹੀਂ ਹੋਵੇਗਾ। ਇਸ ਲਈ ਇਹ ਜ਼ਰੂਰੀ ਹੈ ਕਿ ਪੰਜਾਬ ਵਿਚ ਲੋਕ ਇੱਕ ਵਾਰ 2017 ਵਿਚ ਆਮ ਆਦਮੀ ਪਾਰਟੀ ਨੂੰ ਸਰਕਾਰ ਬਣਾਉਣ ਦਾ ਮੌਕਾ ਜ਼ਰੂਰ ਦੇਣ। ਵੈਸੇ ਵੀ ਬਾਕੀ ਸਾਰੀਆਂ ਪਾਰਟੀਆਂ ਨੂੰ ਪੰਜਾਬ ਅਤੇ ਭਾਰਤ ਦੇ ਲੋਕ ਦੇਖ ਚੁੱਕੇ ਹਨਜੇ ਬਹੁਤ ਕੁਝ ਬਦਲੇਗਾ ਨਹੀਂ, ਘੱਟ ਤੋਂ ਘੱਟ ਪੁਰਾਣੀਆਂ ਪਾਰਟੀਆਂ ਦੀ ਵਾਰੀ ਬੰਨ੍ਹਣ ਦੀ ਰਵਾਇਤ ਤਾਂ ਖ਼ਤਮ ਹੋਊ। ਇੰਝ ਸ਼ਾਇਦ ਦੂਸਰੀਆਂ ਪਾਰਟੀਆਂ ਨੂੰ ਵੀ ਥੋੜ੍ਹੀ-ਬਹੁਤੀ ਅਕਲ ਆ ਜਾਵੇ ਕਿ ਲੋਕਾਂ ਨੂੰ ਹਮੇਸ਼ਾ ਮੂਰਖ਼ ਨਹੀਂ ਬਣਾਇਆ ਜਾ ਸਕਦਾ।

ਵਿਦੇਸ਼ਾਂ ਵਿਚ ਵਸਦੇ ਪੰਜਾਬੀਆਂ ਨੂੰ ਵੀ ਚੌਕੰਨੇ ਹੋਣ ਦੀ ਜ਼ਰੂਰਤ ਹੈ। ਹਰ ਸ਼ਹਿਰ ਵਿਚ ਕੁਝ ਅਜਿਹੇ ਚੌਧਰੀ ਹਨ ਜੋ ਆਮ ਆਦਮੀ ਪਾਰਟੀ ਦੀਆਂ ਟਿਕਟਾਂ ਵੰਡਣਗੇ। ਕੈਲਗਰੀ ਦਸ਼ਮੇਸ਼ ਕਲਚਰਲ ਬਜ਼ੁਰਗਾਂ ਦੀ ਸੰਸਥਾਂ ਦੇ ਇਕ ਮੈਂਬਰ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਦੁਪਹਿਰ ਤੋਂ ਬਾਅਦ ਤਿੰਨ ਕੁ ਵਜੇ ਇੱਕ ਬੰਦਾ ਆਇਆ, ਜਿਸਨੂੰ ਕਦੇ ਆਮ ਆਦਮੀ ਪਾਰਟੀ ਦੀਆਂ ਮੀਟਿੰਗਾਂ ਵਿਚ ਤਾਂ ਦੇਖਿਆ ਨਹੀਂ ਸੀ, ਉਹ 20 ਬੰਦਿਆਂ ਦੇ ਨਾਵਾਂ ਦੀ ਲਿਸਟ ਦੇ ਗਿਆ ਤੇ ਕਹਿ ਗਿਆ ਕਿ ਇਹਨਾਂ 20 ਬੰਦਿਆਂ ਦੀ ਟਿਕਟ ਦਾ ਫੈਸਲਾ ਹੋ ਚੁੱਕਾ ਹੈ। (ਵੈਸੇ ਇਸ ਲਿਸਟ ਵਿਚ 20 ਬੰਦੇ ਉਹੀ ਸਨ, ਜਿਹਨਾਂ ਦੇ ਨਾਂ 24 ਬੰਦਿਆਂ ਦੀ ਉਸ ਲਿਸਟ ਵਿਚ ਸਨ, ਜਿਹੜੀ ਪਿਛਲੇ ਤਿੰਨ ਮਹੀਨਿਆਂ ਤੋਂ ਫੇਸਬੁੱਕ ’ਤੇ ਤੁਰੀ ਫਿਰਦੀ ਹੈ)। ਉੱਥੇ ਹਾਜ਼ਰ ਬੰਦਿਆਂ ਨੇ ਦੱਸਿਆ ਕਿ ਉਹ ਬੰਦਾ ਕਹਿੰਦਾ ਸੀ ਕਿ ਮੈਨੂੰ ਹੁਣੇ ਇੰਡੀਆ ਤੋਂ ਫੋਨ ਆਇਆ ਹੈ, ਇਹ 20 ਨਾਮ ਤਕਰੀਬਨ ਪੱਕੇ ਹੀ ਹਨ। ਸਵੇਰ ਢਾਈ-ਤਿੰਨ ਵਜੇ ਕੇਜਰੀਵਾਲ ਸ਼ਾਇਦ ਯੋਗਾ ਕਰਨ ਉੱਠਿਆ ਹੋਣਾ ਹੈ, ਜਿਸਨੇ ਇਸ ਬੰਦੇ ਨੂੰ ਕੈਲਗਰੀ ਦੁਪਹਿਰੇ ਤਿੰਨ ਵਜੇ ਫੋਨ ਕਰ ਲਿਆ। ਕਿਉਂਕਿ ਸੁੱਚਾ ਸਿੰਘ ਛੋਟੇਪੁਰ ਨੂੰ ਤਾਂ ਆਪ ਨਹੀਂ ਪਤਾ ਕਿ ਕਿਹਨੂੰ ਟਿਕਟਾਂ ਮਿਲਣੀਆਂ ਹਨ।

ਮੈਂਨੂੰ ਕੈਨੇਡਾ ਰਹਿੰਦਿਆਂ 31 ਸਾਲ ਹੋ ਗਏ ਹਨ ਅਤੇ ਬਹੁਤਾ ਪੰਜਾਬ ਨਹੀਂ ਜਾਂਦਾਸਿਰਫ ਤਿੰਨ ਵਾਰ ਚੱਕਰ ਮਾਰਿਆ ਪੰਜਾਬ ਦਾ 31 ਸਾਲਾਂ ਵਿਚ। ਇਸ ਕਰਕੇ ਪੰਜਾਬ ਵਿਚ ਜਾਂ ਭਾਰਤ ਵਿਚ ਕਿਹੜੀ ਸਰਕਾਰ ਹੈ ਮੈਨੂੰ ਨਿੱਜੀ ਤੌਰ ’ਤੇ ਕੋਈ ਫ਼ਰਕ ਨਹੀਂ ਪੈਂਦਾ ਪਰ ਕਿਉਂਕਿ ਪੰਜਾਬ ਸਾਡੀ ਜਨਮ ਭੂਮੀ ਹੈ, ਜਿਹੜਾ ਪੰਜਾਬ 31 ਸਾਲ ਪਹਿਲਾਂ ਛੱਡਕੇ ਆਏ ਸੀ, ਅੱਜ ਸਾਡਾ ਪੰਜਾਬ ਉਹ ਪੰਜਾਬ ਨਹੀਂ ਹੈ। ਫਾਹੇ ਲੈਂਦੇ ਮਿਹਨਤਕਸ਼ ਲੋਕ, ਪੰਥਕ ਸਰਕਾਰ ਦੇ ਰਾਜ ਵਿਚ ਹਰ ਰੋਜ਼ ਪੱਗਾਂ ਅਤੇ ਚੁੰਨੀਆਂ ਲਹਿੰਦੀਆਂ ਅਤੇ ਨਸ਼ਿਆਂ ਨਾਲ ਮਰਦੇ ਨੌਜਵਾਨ ਦੇਖਕੇ ਰੋਣ ਆਉਂਦਾ ਹੈ। ਬੱਸ ਇਹੀ ਕਾਰਨ ਹੈ ਕਿ ਮੇਰਾ ਅਪੀਲ ਕਰਨ ਲਈ ਦਿਲ ਕੀਤਾ ਕਿ ਗੈਰਤਮੰਦ ਪੰਜਾਬੀਓ! ਇਕ ਵਾਰ ਸਰਕਾਰ ਬਦਲ ਕੇ ਹੀ ਦੇਖ ਲਵੋ। ਇਹ ਕਿਹੜਾ ਕੁੰਭ ਦਾ ਮੇਲਾ, 5 ਸਾਲ ਹੀ ਨੇ, ਨਾਲੇ ਹੁਣ ਤਾਂ ਪੰਜਾਬ ਵਿਚ ਲੁੱਟਣ ਨੂੰ ਬਚਿਆ ਵੀ ਕੱਖ ਨਹੀਂ। ਮਨ ਵਿਚ ਭੁਲੇਖਾ ਨਾ ਰਹੂ, ਸਾਡੀ ਤਾਂ ਬਾਹਰ ਵਸਦਿਆਂ ਦੀ ਇਕ ਤਮੰਨਾ ਹੈ ਕਿ ਸਾਡੇ ਪੰਜਾਬ ਵਸਦੇ ਭਰਾ ਵੀ ਸੁਖ-ਅਰਾਮ ਦੀ ਜ਼ਿੰਦਗੀ ਜਿਉਣ। ਮਰਜ਼ੀ ਤੁਹਾਡੀ ਹੈ ਪਰ ਮੌਕਾ ਆਖ਼ਰੀ ਹੈ, ਹੱਥੋਂ ਜਾਣ ਨਾ ਦਿਓੁ।

*****

(376)

ਤੁਸੀਂ ਵੀ ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਡੈਨ ਸਿੱਧੂ

ਡੈਨ ਸਿੱਧੂ

Calgary, Alberta, Canada.
Phone: (403 - 560 6300)

Email: (dansidhu@gmail.com)