“ਪਰ ਅਚਾਨਕ ਮੈਂ ਉੱਚੀ-ਉੱਚੀ ਆਵਾਜ਼ਾਂ ਮਾਰਨ ਲੱਗਿਆ- ਡਾਕਟਰ ਸਾਬ … ਡਾਕਟਰ ਸਾਬ ... ਡਾਕਟਰ ਸਾਬ ...”
(15 ਜਨਵਰੀ 2023)
ਮਹਿਮਾਨ: 35.
“ਏਕ ਯੇ ਰਹਾ ਆਤੰਕਵਾਦੀ, ਇਸ ਕੋ ਭੀ ਡਾਲੋ ਗਾੜੀ ਮੇਂ।” ਸੀ ਆਰ ਪੀ ਦੇ ਕਮਾਂਡੋ, ਜਿਸਨੇ ਏ.ਕੇ. ਸੰਤਾਲੀ ਦੀ ਨੋਕ ਮੇਰੀ ਪਿੱਠ ’ਤੇ ਲਗਾਈ ਹੋਈ ਸੀ, ਆਪਣੇ ਸਾਥੀ ਨੂੰ ਕਿਹਾ। ਇਹ ਸ਼ਬਦ ‘ਆਤੰਕਵਾਦੀ’ ਅਤੇ ‘ਡਾਲੋ ਗਾੜੀ ਮੇਂ’ ਅੱਜ ਵੀ ਜਦੋਂ ਯਾਦ ਆਉਂਦੇ ਹਨ ਤਾਂ ਰੂਹ ਕੰਬ ਜਾਂਦੀ ਹੈ, ਜਿਵੇਂ ਇਹਨਾਂ ਸ਼ਬਦਾਂ ਨਾਲ ਦਸੰਬਰ 1992 ਵਿੱਚ ਉਸ ਸਮੇਂ ਰੂਹ ਕੰਬੀ ਸੀ। 25 ਨਵੰਬਰ ਨੂੰ ਮੈਂ ਸਰਕਾਰੀ ਹਸਪਤਾਲ ਸੁਧਾਰ ਵਿਖੇ ਨਵੀਂ ਨੌਕਰੀ ਜੁਆਇਨ ਕੀਤੀ। ਉਸ ਦਿਨ ਹਸਪਤਾਲ ਵਿੱਚ ਮਰੀਜ਼ਾਂ ਦਾ ਕਾਫੀ ਤਾਂਤਾ ਲੱਗਿਆ ਹੋਇਆ ਸੀ। ਪਤਾ ਚੱਲਿਆ ਕਿ ਉਸ ਦਿਨ ਪਰਿਵਾਰ ਨਿਯੋਜਨ ਲਈ ਨਲਬੰਦੀ ਅਤੇ ਨਸਬੰਦੀ ਦੇ ਅਪ੍ਰੇਸ਼ਨ ਕੀਤੇ ਜਾਣੇ ਸਨ। ਉਸੇ ਸਮੇਂ ਹੀ ਮੋਟਰਸਾਇਕਲ ’ਤੇ ਸਵਾਰ ਲੋਈਆਂ ਦੀਆਂ ਬੁੱਕਲਾਂ ਮਾਰੀ ਦੋ ਨੌਜਵਾਨ ਹਸਪਤਾਲ ਵਿੱਚ ਦਾਖਲ ਹੋਏ। ਉਨ੍ਹਾਂ ਵਿੱਚੋਂ ਇੱਕ ਸਿੱਧਾ ਐੱਸ.ਐੱਮ.ਓ. ਦਫਤਰ ਗਿਆ ਤੇ ਤਿੰਨ ਮਿੰਟ ਬਾਅਦ ਵਾਪਸ ਚਲਾ ਗਿਆ। ਉਹਨਾਂ ਦੇ ਵਾਪਸ ਜਾਣ ਤੋਂ ਤੁਰੰਤ ਬਾਅਦ ਕੈਂਪ ਕੈਂਸਲ ਹੋਣ ਦਾ ਐਲਾਨ ਹੋ ਗਿਆ। ਗਰਮਖਿਆਲੀਆਂ ਦਾ ਵਿਚਾਰ ਸੀ ਕਿ ਪੰਜਾਬੀਆਂ ਨੂੰ ਜ਼ਿਆਦਾ ਬੱਚੇ ਪੈਦਾ ਕਰਨੇ ਚਾਹੀਦੇ ਹਨ। ਡਰ ਦੇ ਇਸ ਮਾਹੌਲ ਕਾਰਨ ਅਪ੍ਰੇਸ਼ਨ ਕਰਵਾਉਣ ਆਏ ਸਾਰੇ ਲੋਕ ਪੰਜ ਮਿੰਟ ਵਿੱਚ ਹੀ ਹਸਪਤਾਲ ਖਾਲੀ ਕਰ ਗਏ।
ਨੌਕਰੀ ਦੇ ਪਹਿਲੇ ਦਿਨ ਹੀ ਇਹ ਡਰ ਤੇ ਸਹਿਮ ਦਾ ਮਾਹੌਲ ਪੈਦਾ ਹੋ ਗਿਆ। ਉਹ ਸਮਾਂ ਹੀ ਅਜਿਹਾ ਸੀ ਕਿ ਚਾਰੇ ਪਾਸੇ ਜਿੱਧਰ ਵੇਖੋ ਪੁਲੀਸ, ਸੀ.ਆਰ.ਪੀ. ਦੇ ਜਵਾਨ ਆਧੁਨਿਕ ਹਥਿਆਰਾਂ ਨਾਲ ਲੈਸ ਥਾਂ-ਥਾਂ ਖੜ੍ਹੇ ਨਜ਼ਰ ਆਉਂਦੇ। ਸ਼ਾਮ ਨੂੰ ਸੂਰਜ ਦੇ ਛੁਪਾ ਨਾਲ ਹੀ ਲੋਕ ਆਪਣੇ ਘਰਾਂ ਅੰਦਰ ਵੜ ਜਾਂਦੇ। ਬੱਤੀਆਂ ਬੰਦ ਕਰ ਦਿੰਦੇ। ਰਾਤ ਨੂੰ ਪੁਲੀਸ ਦੀਆਂ ਬੁਲਟ ਪਰੂਫ ਗੱਡੀਆਂ ਘੂੰ-ਘੂੰ ਕਰਦੀਆਂ ਘੁੰਮਦੀਆਂ ਰਹਿੰਦੀਆਂ। ਉਹ ਦੌਰ ਇੰਨਾ ਨਿਰਲੱਜ ਬੇਲਿਹਾਜ਼ ਤੇ ਬੇਕਿਰਕ ਸੀ ਕਿ ਸਵੇਰੇ ਕੋਈ ਸੈਰ ’ਤੇ ਜਾਣ ਦਾ ਵੀ ਹੀਆ ਨਹੀਂ ਸੀ ਕਰਦਾ ਕਿਉਂਕਿ ਅਖਬਾਰਾਂ ਵਿੱਚ ਅਜਿਹੀਆਂ ਖਬਰਾਂ ਅਕਸਰ ਆਉਂਦੀਆਂ ਰਹਿੰਦੀਆਂ ਕਿ ਫਲਾਣੇ ਥਾਂ ਸੈਰ ਕਰਦੇ ਲੋਕਾਂ ਨੂੰ ਗੋਲੀਆਂ ਨਾਲ ਭੁੰਨ ਸੁੱਟਿਆ। ਕਦੇ ਕਿਸੇ ਬੱਸ ਵਿੱਚੋਂ ਉਤਾਰ ਕੇ ਲੋਕਾਂ ਨੂੰ ਗੋਲੀਆਂ ਮਾਰਨ ਦੀਆਂ ਖਬਰਾਂ, ਕਦੇ ਪੁਲੀਸ ਨਾਲ ਹੋਏ ਮੁਕਾਬਲੇ ਵਿੱਚ ਮਾਰੇ ਗਏ ਕੱਟੜ ਖਾੜਕੂ ਜਾਂ ਖਾੜਕੂਆਂ ਦੁਆਰਾ ਘਾਤ ਲਗਾਕੇ ਪੁਲੀਸ ਉੱਤੇ ਕੀਤੇ ਹਮਲੇ ਵਰਗੀਆਂ ਖਬਰਾਂ ਅਤੇ ਖੂਨ ਨਾਲ ਲੱਥ ਪਥ ਲਾਸ਼ਾਂ ਦੀਆਂ ਤਸਵੀਰਾਂ ਦੀ ਬਦੌਲਤ ਅਖਬਾਰ ਖੂਨ ਨਾਲ ਭਿੱਜਿਆ ਨਜ਼ਰ ਆਉਂਦਾ, ਜਿਸ ਨਾਲ ਦਿਲ ਵਿੱਚ ਅਜੀਬ ਜਿਹਾ ਡਰ ਹਮੇਸ਼ਾ ਬਣਿਆ ਰਹਿੰਦਾ।
ਘਰੋਂ ਬਾਹਰ ਗਿਆਂ ਨੂੰ ਪਤਾ ਵੀ ਨਹੀਂ ਹੁੰਦਾ ਸੀ ਕਿ ਜਿੰਦਾ ਘਰ ਵਾਪਸੀ ਹੋਵੇਗੀ ਜਾਂ ਨਹੀਂ। ਪਤਾ ਨਹੀਂ ਕਿੰਨੇ ਕੁ ਮਾਵਾਂ ਦੇ ਪੁੱਤ ਉਸ ਕਾਲੇ ਦੌਰ ਨੇ ਨਿਗਲ਼ ਲਏ। ਉਸ ਦਿਨ ਮੈਂ ਬੱਸ ਰਾਹੀਂ ਅਮਲੋਹ ਤੋਂ ਵਾਇਆ ਲੁਧਿਆਣਾ ਬੱਸੀਆਂ ਨੂੰ ਜਾ ਰਿਹਾ ਸੀ ਕਿਉਂਕਿ ਮੈਨੂੰ ਅਗਲਾ ਸਟੇਸ਼ਨ ਸਰਕਾਰੀ ਹਸਪਤਾਲ ਬੱਸੀਆਂ ਅਲਾਟ ਹੋਇਆ ਸੀ। ਹਲਵਾਰਾ ਏਅਰਪੋਰਟ ਨੇੜੇ ਪੁਲੀਸ ਨੇ ਬੱਸ ਰੋਕ ਲਈ। ਸੀ.ਆਰ.ਪੀ. ਦੇ ਦੋ ਕਮਾਂਡੋ ਇੱਕ ਅੱਗੇ ਵਾਲੀ ਤਾਕੀ, ਇੱਕ ਪਿੱਛੇ ਵਾਲੀ ਤਾਕੀ ਰਾਹੀਂ ਬੱਸ ਅੰਦਰ ਦਾਖਲ ਹੋਏ। ਉਹਨਾਂ ਸਾਰੀਆਂ ਸਵਾਰੀਆਂ ਨੂੰ ਬੱਸ ਤੋਂ ਬਾਹਰ ਨਿਕਲਣ ਦੀ ਹਦਾਇਤ ਕੀਤੀ। ਸਾਰੀਆਂ ਸਵਾਰੀਆਂ ਨੂੰ ਬੱਸ ਵਿੱਚੋਂ ਬਾਹਰ ਉਤਾਰ ਕੇ ਹੱਥ ਉੱਪਰ ਕਰਕੇ ਇੱਕ ਲਾਈਨ ਵਿੱਚ ਖੜ੍ਹੇ ਕਰ ਦਿੱਤਾ ਗਿਆ। ਕੁਝ ਕਮਾਂਡੋ ਨੇ ਸਵਾਰੀਆਂ ਵੱਲ ਰਾਈਫਲਾਂ ਤਾਣੀਆਂ ਹੋਈਆਂ ਸਨ। ਕੁਝ ਕਮਾਂਡੋ ਸਵਾਰੀਆਂ ਦੀ ਤਲਾਸ਼ੀ ਲੈਣ ਅਤੇ ਆਉਣ ਜਾਣ ਦਾ ਪਤਾ ਇਕਾਣਾ ਪਤਾ ਕਰਨ ਲੱਗ ਪਏ। ਇੱਕ ਪੱਗ ਵਾਲੇ ਮੁੰਡੇ ਨੂੰ ਦੂਰ ਖੜ੍ਹੀ ਗੱਡੀ ਵਿੱਚ ਬਿਠਾਉਣ ਤੋਂ ਬਾਅਦ ਜਦੋਂ ਮੇਰੀ ਵਾਰੀ ਆਈ, ਮੈਂ ਬੁਰੀ ਤਰ੍ਹਾਂ ਡਰ ਗਿਆ ਕਿਉਂਕਿ ਉਸ ਸਮੇਂ ਮੈਂ ਵੀ ਪਗੜੀਧਾਰੀ ਅਤੇ ਦਾੜ੍ਹੀ ਮੁੱਛ ਵਾਲਾ ਸੀ। ਉਸ ਸਮੇਂ ਸਿਸਟਮ ਨੇ ਇਹੀ ਦਿੱਖ ਤਾਂ ਆਤੰਕਵਾਦੀ ਵਜੋਂ ਪ੍ਰਭਾਸ਼ਿਤ ਕੀਤੀ ਹੋਈ ਸੀ। ਬਾਕੀ ਕੁਝ ਸਵਾਰੀਆਂ ਵਾਂਗ ਹੀ ਕਮਾਂਡੋ ਨੇ ਮੇਰੀ ਪਿੱਠ ’ਤੇ ਏ.ਕੇ. ਸੰਤਾਲੀ ਦੀ ਨੋਕ ਲੱਗਾ ਕੇ ਪੁੱਛਿਆ, ਕਹਾਂ ਸੇ ਆਏ ਹੋ। ਮੈਂ ਡਰਦੇ-ਡਰਦੇ ਨੇ ਜਵਾਬ ਦਿੱਤਾ, ਜੀ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਤੋਂ। ਕਮਾਂਡੋ ਦੀ ਕੜਕਵੀਂ ਅਵਾਜ਼ ਆਈ, ਅਬੇ ਸਾਲੇ ਡਿਸਟਰਿਕਟ ਤੋਂ ਤੁਮਹਾਰਾ ਫਤੇਹਗੜ੍ਹ ਹੈ, ਤੋ ਯਹਾਂ ਏਅਰਪੋਰਟ ਕੇ ਪਾਸ ਕਿਆ ਕਰ ਰਹਾ ਹੈ? … … ਜੀ ਮੈਨੂੰ ਨਵੀਂ ਨੌਕਰੀ ਮਿਲੀ ਹੈ, ਮੈਂ ਸਰਕਾਰੀ ਹਸਪਤਾਲ ਬੱਸੀਆਂ ਨੂੰ ਜਾ ਰਿਹਾ ਹਾਂ। ਮੈਂ ਕੰਬਦੀ ਅਵਾਜ਼ ਵਿੱਚ ਕਿਹਾ। ਫਿਰ ਕੜਕਵੀਂ ਅਵਾਜ਼ ਆਈ, ਆਪਣਾ ਆਈਡੀ ਕਾਰਡ ਦਿਖਾਓ ਕਹਾਂ ਹੈ। ਪਰ ਮੈਂ ਤਾਂ ਹੁਣ ਤਕ ਸਰਵਿਸ ਦਾ ਸ਼ਨਾਖਤੀ ਕਾਰਡ ਬਣਵਾਇਆ ਹੀ ਨਹੀਂ ਸੀ। ਮੈਂ ਕਿਹਾ, ਜੀ ਉਹ ਤਾਂ ਮੇਰੇ ਕੋਲ ਹੈ ਨੀ। ਏ.ਕੇ. ਸੰਤਾਲੀ ਦੀ ਨੋਕ ਹੋਰ ਬੁਰੀ ਤਰ੍ਹਾਂ ਚੁਭਣ ਲੱਗੀ। ਮੈਨੂੰ ਲੱਗਣ ਲੱਗ ਪਿਆ ਕਿ ਰਾਈਫਲ ਦਾ ਘੋੜਾ ਹੁਣ ਦੱਬਿਆ ਕਿ ਹੁਣ ਦੱਬਿਆ। ਫੇਰ ਸੋਚਿਆ ਜੇ ਗੋਲੀ ਚੱਲੀ ਖੜਕਾ ਤਾਂ ਹੋਊਗਾ ਹੀ। ਪਰ ਫੇਰ ਸੋਚਿਆ ਕਿ ਇਹਨਾਂ ਉੱਤੇ ਤਾਂ ਸਾਈਲੈਂਸਰ ਲੱਗੇ ਹੋਏ ਨੇ। ਪੂਰੇ ਗੁੱਸੇ ਵਾਲੀ ਅਵਾਜ਼ ਫਿਰ ਆਈ- ਅਬੇ ਸਾਲੇ ਗੌਰਮਿੰਟ ਸਰਵਿਸ ਕਾ ਝੂਠ ਬੋਲ ਰਹਾ ਹੈ? ਗਾਲ੍ਹ ਸੁਣ ਕੇ ਮੇਰੇ ਵਿੱਚ ਪਤਾ ਨਹੀਂ ਕਿੱਥੋਂ ਹਿੰਮਤ ਆ ਗਈ, ਮੈਂ ਕਿਹਾ, ‘ਸਰ ਗਾਲੀ ਮੱਤ ਦੋ।’ ਫਿਰ ਉਸ ਨੇ ਆਪਣੇ ਸਾਥੀ ਨੂੰ ਕਿਹਾ, ‘ਏਕ ਯੇ ਰਹਾ ਆਤੰਕਵਾਦੀ, ਇਸ ਕੋ ਭੀ ਡਾਲੋ ਗਾੜੀ ਮੇਂ।’ ਇਹ ਸੁਣ ਕੇ ਤਾਂ ਮੇਰੀ ਰੂਹ ਕੰਬ ਗਈ। ਪੈਰਾਂ ਹੇਠੋਂ ਜ਼ਮੀਨ ਖਿਸਕਦੀ ਜਾਪੀ। ਇੰਨੀ ਠੰਢ ਵਿੱਚ ਵੀ ਸਰੀਰ ਗਰਮੀ ਨਾਲ ਭਿੱਜ ਗਿਆ। ਮੈਨੂੰ ਲਾਈਨ ਵਿੱਚੋਂ ਕੱਢ ਕੇ ਹੋਰ ਕਮਾਂਡੋਜ਼ ਦੀਆਂ ਰਫਲਾਂ ਸਾਹਮਣੇ ਖੜ੍ਹਾ ਕਰ ਦਿੱਤਾ ਗਿਆ। ਮੇਰੀਆਂ ਅੱਖਾਂ ਅੱਗੇ ਕੱਲ੍ਹ ਦਾ ਪੜ੍ਹਿਆ ਅਖਬਾਰ ਆ ਗਿਆ। ਮੈਨੂੰ ਲੱਗਿਆ ਕਿ ਕੱਲ੍ਹ ਦੇ ਅਖਬਾਰ ਵਿੱਚ ਮੇਰੀ ਵੀ ਉਸ ਤਰ੍ਹਾਂ ਦੀ ਹੀ ਤਸਵੀਰ ਆਏਗੀ ਕਿ ਇੱਕ ਕੱਟੜ ਅੱਤਵਾਦੀ ਪੁਲਿਸ ਮੁਕਾਬਲੇ ਵਿੱਚ ਮਾਰਿਆ ਗਿਆ। ਮੈਂ ਆਪਣੇ ਆਪ ਨੂੰ ਕਿਹਾ, “ਲੈ ਬਈ ਸਤਪਾਲ ਸਿਆਂ, ਤੇਰਾ ਤਾਂ ਅੱਜ ਪੜ੍ਹਿਆ ਜਾਊ ਕੀਰਤਨ ਸੋਹਿਲਾ। ਘਰ ਤਕ ਖਬਰ ਤਾਂ ਅਖਬਾਰ ਤੇ ਲੱਗੀ ਫੋਟੋ ਨਾਲ ਹੀ ਪਹੁੰਚੇਗੀ। ਯਾਰ ਹਾਲੇ ਤਾਂ ਨਵੀਂ-ਨਵੀਂ ਲੱਗੀ ਸਰਕਾਰੀ ਨੌਕਰੀ ਦਾ ਚਾਅ ਵੀ ਪੂਰਾ ਨਹੀਂ ਹੋਇਆ?”
ਮੈਂ ਏ.ਕੇ. ਸੰਤਾਲੀਆਂ ਦੀ ਛਾਵੇਂ ਡੌਰ ਭੌਰ ਹੋਇਆ, ਆਲੇ ਦੁਆਲੇ ਦੇਖਣ ਲੱਗਿਆ। ਇਸ ਨਵੇਂ ਇਲਾਕੇ ਵਿੱਚ ਮੈਨੂੰ ਜਾਣਦਾ ਵੀ ਕੋਈ ਨਹੀਂ ਸੀ। ਪਰ ਅਚਾਨਕ ਮੈਂ ਉੱਚੀ-ਉੱਚੀ ਆਵਾਜ਼ਾਂ ਮਾਰਨ ਲੱਗਿਆ- ਡਾਕਟਰ ਸਾਬ … ਡਾਕਟਰ ਸਾਬ … ਡਾਕਟਰ ਸਾਬ। ਕਮਾਂਡੋਜ਼ ਦੀਆਂ ਰਾਈਫਲਾਂ ਫੇਰ ਮੇਰੇ ਵੱਲ ਤਣ ਗਈਆਂ। ਅਸਲ ਵਿੱਚ ਸਕੂਟਰ ’ਤੇ ਲੰਘੇ ਜਾ ਰਹੇ ਸਾਡੇ ਇੰਚਾਰਜ ਮੈਡੀਕਲ ਅਫਸਰ ਡਾ. ਹਰਜਿੰਦਰ ਸਿੰਘ ਮੇਰੇ ਨਜ਼ਰੀਂ ਪੈ ਗਏ। ਉਨ੍ਹਾਂ ਅਵਾਜ਼ ਸੁਣ ਕੇ ਤੁਰੰਤ ਸਕੂਟਰ ਰੋਕ ਲਿਆ। ਜਦੋਂ ਉਹ ਮੇਰੇ ਕੋਲ ਆਏ ਤਾਂ ਸਾਰੀ ਕਹਾਣੀ ਉਹਨਾਂ ਕਮਾਂਡੋਜ਼ ਨੂੰ ਸੁਣਾਈ। ਉਹਨਾਂ ਨੇ ਪੁਲਿਸ ਇੰਸਪੈਕਟਰ ਨੂੰ ਮਿਲ ਕੇ ਆਪਣਾ ਸ਼ਨਾਖਤੀ ਕਾਰਡ ਦਿਖਾ ਕੇ ਮੇਰੀ ਗਵਾਹੀ ਦਿੱਤੀ। ਉਹਨਾਂ ਦੱਸਿਆ, “ਇਹ ਮੁੰਡਾ ਸਾਡੇ ਕੋਲ ਨਵਾਂ ਆਇਆ ਏ। ਇਸਦੀ ਹਰ ਤਰ੍ਹਾਂ ਦੀ ਗਰੰਟੀ ਮੈਂ ਲੈਂਦਾ ਹਾਂ।” ਤਦ ਮੈਨੂੰ ਕਮਾਂਡੋਜ਼ ਦੀ ਕੈਦ ਤੋਂ ਅਜ਼ਾਦੀ ਮਿਲੀ। ਮੈਨੂੰ ਇਸ ਤਰ੍ਹਾਂ ਲੱਗਿਆ ਜਿਵੇਂ ਡਾਕਟਰ ਸਾਬ ਮੈਨੂੰ ਮੌਤ ਦੇ ਜਬਾੜ੍ਹੇ ਵਿੱਚੋਂ ਕੱਢ ਕੇ ਵਾਪਸ ਲੈ ਕੇ ਆਏ ਹੋਣ।
ਹੁਣ ਵੀ ਜਦੋਂ ਉਹ ਸਮਾਂ ਯਾਦ ਕਰਦੇ ਹਾਂ ਤਾਂ ਲੂੰ ਕੰਡੇ ਖੜ੍ਹੇ ਹੋ ਜਾਂਦੇ ਨੇ। ਕਈ ਵਾਰ ਸੋਚਦਾ ਹਾਂ ਕਿ ਉਹ ਮੋਟਰਸਾਇਕਲ ਸਵਾਰ ਲੋਈਆਂ ਵਾਲੇ ਨੌਜਵਾਨ ਪੁਲੀਸ ਦੇ ਨਜ਼ਰੀਂ ਕਿਉਂ ਨਾ ਪਏ? ਜੋ ਲੜਕਾ ਗੱਡੀ ਵਿੱਚ ਬਿਠਾਇਆ ਸੀ, ਉਸ ਦਾ ਕੀ ਬਣਿਆ ਹੋਵੇਗਾ? ਪਤਾ ਨਹੀਂ ਉਹ ਘਰ ਵਾਪਸ ਗਿਆ ਵੀ ਹੋਵੇਗਾ ਜਾਂ … …?
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3739)
(ਸਰੋਕਾਰ ਨਾਲ ਸੰਪਰਕ ਲਈ: