KuldipSinghDr7ਮੈਂ ਜਿੰਨਾ ਮਰਜ਼ੀ ਆਪਣੇ ਆਪ ਨੂੰ ਸੰਤੁਲਨ ਵਿੱਚ ਰੱਖਣ ਦੀ ਕੋਸ਼ਿਸ਼ ਕਰਾਂ ਪਰ ਮੈਨੂੰ ...
(10 ਜਨਵਰੀ 2023)
ਮਹਿਮਾਨ: 168.


ਜਦੋਂ ਵੀ
26 ਦਸੰਬਰ 1991 ਦੀ ਭਿਆਨਕ ਰਾਤ ਮੁੜ ਮੇਰੇ ਚੇਤੇ ਵਿੱਚ ਆਉਂਦੀ ਹੈ ਤਾਂ ਅਕਸਰ ਮੈਂ ਤ੍ਰਭਕ ਕੇ ਉੱਠ ਬਹਿੰਦਾ ਹਾਂ ਅਤੇ ਅਤੀਤ, ਵਰਤਮਾਨ ਅਤੇ ਭਵਿੱਖ ਬਾਰੇ ਸੋਚਣ ਲੱਗ ਜਾਂਦਾ ਹਾਂ ਕਿਉਂਕਿ ਇਸ ਰਾਤ 7 ਵਜੇ ਦੇ ਕਰੀਬ ਮੇਰੇ ਪਿੰਡ ਸੋਹੀਆਂ ਕੋਲ ਦੀ ਲੰਘ ਰਹੀ ਲੁਧਿਆਣੇ ਤੋਂ ਫਿਰੋਜ਼ਪੁਰ ਜਾਣ ਵਾਲੀ ਟਰੇਨ ਨੂੰ ਰੋਕ ਕੇ ਰੇਲ ਦੇ ਵੱਖ-ਵੱਖ ਡੱਬਿਆਂ ਵਿੱਚ ਬੇਤਹਾਸ਼ਾ ਗੋਲੀਆਂ ਨਾਲ 50 ਤੋਂ ਵੱਧ ਯਾਤਰੀਆਂ ਦੀ ਹੱਤਿਆ ਕਰ ਦਿੱਤੀ ਗਈ ਸੀਇਸ ਰਾਤ ਪੰਜਾਬ ਦੇ ਸ਼ਾਹ ਕਾਲੇ ਦਿਨਾਂ ਦੇ ਦੌਰ ਦਾ ਸਭ ਤੋਂ ਵੱਡਾ ਇਹ ‘ਸੋਹੀਆਂ ਰੇਲਵੇ ਕਾਂਡ’ ਵਾਪਰਿਆ ਸੀ

ਵੱਖ-ਵੱਖ ਕਾਮਿਆਂ ਲਈ ਲੁਧਿਆਣਾ ਆਪਣੀ ਜੀਵਿਕਾ ਦਾ ਕੇਂਦਰ ਸੀਰੋਜ਼ਮੱਰਾ ਦੀ ਜ਼ਿੰਦਗੀ ਨੂੰ ਬਸਰ ਕਰਨ ਲਈ ਮੁੱਲਾਂਪੁਰ, ਜਗਰਾਓਂ ਅਤੇ ਮੋਗਾ ਤੋਂ ਦਿਹਾੜੀਦਾਰ ਅਤੇ ਮੁਲਾਜ਼ਮ ਆਪਣੀ ਜੀਵਿਕਾ ਲਈ ਜਾਇਆ ਕਰਦੇ ਸੀ, ਜਿਨ੍ਹਾਂ ਵਿੱਚ ਹੌਜ਼ਰੀ ਦੇ ਨਾਲ ਜੁੜੇ ਕਾਰੀਗਰ, ਸਾਈਕਲ ਬਣਾਉਣ ਵਾਲੇ ਕਾਮੇ, ਬਿਜਲੀ ਬੋਰਡ ਦੇ ਮੁਲਾਜ਼ਮ ਅਤੇ ਵੱਖ-ਵੱਖ ਛੋਟੇ ਛੋਟੇ ਕਿੱਤਿਆਂ ਵਿੱਚ ਕੰਮ ਕਰਨ ਵਾਲੇ ਦੁਕਾਨਦਾਰ ਹੁੰਦੇ ਸਨਇਹ ਰੋਜ਼ਾਨਾ ਹੀ ਕੰਮ ਧੰਦੇ ਤੋਂ ਬਾਅਦ ਆਪਣੇ ਘਰਾਂ ਨੂੰ ਵਾਪਸ ਪਰਤਿਆ ਕਰਦੇ ਸਨ

ਜਿਉਂ ਹੀ ਚੌਂਕੀਮਾਨ ਦੇ ਸਟੇਸ਼ਨ ਤੋਂ ਟਰੇਨ ਚੱਲੀ, ਕਿਸੇ ਅਗਿਆਤ ਹਮਲਾਵਰ ਗੱਡੀ ਨੂੰ ਰੋਕਣ ਵਾਲੀ ਤਾਰ ਖਿੱਚ ਦਿੱਤੀ। ਮੇਰੇ ਪਿੰਡ ਦੇ ਨੇੜੇ ਆ ਕੇ ਗੱਡੀ ਰੁਕ ਗਈ। ਬੱਸ ਫਿਰ ਭਾਣਾ ਸਮਝੋ ਜਾਂ ਤਰਾਸਦੀ ਚੰਦ ਪਲਾਂ ਵਿੱਚ ਹੀ ਏ.ਕੇ.-47 ਨਾਲ ਵੱਖ-ਵੱਖ ਟਰੇਨ ਦੇ ਡੱਬਿਆਂ ਵਿੱਚ ਕਿੰਨੇ ਹੀ ਮਾਵਾਂ ਦੇ ਪੁੱਤ, ਪਤਨੀਆਂ ਦੇ ਪਤੀ ਅਤੇ ਬੱਚਿਆਂ ਦੇ ਪਿਤਾ ਸਦਾ ਦੀ ਨੀਂਦ ਸੁਲਾ ਦਿੱਤੇ ਗਏ ਅਤੇ ਦਰਜਨਾਂ ਹੀ ਜ਼ਖ਼ਮੀ ਕਰ ਦਿੱਤੇ ਗਏ। ਦੂਰ ਤਕ ਲੋਕਾਂ ਦੇ ਰੋਣ ਅਤੇ ਭੱਜਣ ਦੀਆਂ ਆਵਾਜ਼ਾਂ ‘ਸਾਨੂੰ ਬਚਾਓ, ਸਾਨੂੰ ਬਚਾਓ’ ਦੇ ਰੂਪ ਵਿੱਚ ਮੇਰੇ ਕੰਨਾਂ ਨੂੰ ਸੁਣਾਈ ਦਿੱਤੀਆਂ ਅਤੇ ਲੋਕ ਆਪ ਮੁਹਾਰੇ ਭਲਾ ਹੀ ਉਹ ਡਰੇ ਹੋਏ ਸਨ, ਆਪਣੇ ਦਰਵਾਜ਼ੇ ਖੋਲ੍ਹੇ ਅਤੇ ਮੌਤ ਦੇ ਡਰ ਤੋਂ ਬਚਕੇ ਆਇਆਂ ਨੂੰ ਪਨਾਹ ਦਿੱਤੀ।

ਇਸ ਰਾਤ ਵੱਡੀ ਗਿਣਤੀ ਵਿੱਚ ਜਿਨ੍ਹਾਂ ਦੇ ਪੁੱਤ ਕੰਮ ਤੋਂ ਘਰੇ ਨਹੀਂ ਸੀ ਪਰਤੇ, ਉਹ ਆਪਣੇ ਪੁੱਤਰਾਂ ਨੂੰ ਲੱਭਣ ਲਈ ਦੋਪਹੀਆ ਸਕੂਟਰਾਂ ਉੱਪਰ ਜਗਰਾਓਂ ਤੋਂ ਪਹੁੰਚ ਰਹੇ ਸਨ ਅਤੇ ਰੋਣ ਕਰਲਾਉਣ ਦੀਆਂ ਆਵਾਜ਼ਾਂ ਅਸਮਾਨ ਨੂੰ ਬੇਜਾਨ ਕਰ ਰਹੀਆਂ ਸਨਹਰ ਕੋਈ ਆਪਣੇ ਜੀਅ ਨੂੰ ਤਲਾਸ਼ ਰਿਹਾ ਸੀ ਅਤੇ ਜ਼ਖ਼ਮੀਆਂ ਨੂੰ ਜਗਰਾਓਂ ਤੇ ਮੁੱਲਾਂਪੁਰ ਦੇ ਹਸਪਤਾਲਾਂ ਵਿੱਚ ਪਹੁੰਚਾਇਆ ਜਾ ਰਿਹਾ ਸੀਜਿਨ੍ਹਾਂ ਦੀ ਹਾਲਤ ਬਹੁਤ ਗੰਭੀਰ ਸੀ, ਉਨ੍ਹਾਂ ਨੂੰ ਦਿਆਨੰਦ ਹਸਪਤਾਲ ਲਿਜਾਇਆ ਗਿਆ27 ਦਸੰਬਰ 1991 ਨੂੰ ਵੱਖ-ਵੱਖ ਥਾਂਵਾਂ ਤੋਂ ਲੋਕ ਆਪਣੇ ਧੀਆਂ ਪੁੱਤਾਂ ਦੀਆਂ ਲਾਸ਼ਾਂ ਨੂੰ ਲੱਭ ਰਹੇ ਸਨ ਅਤੇ ਸ਼ਾਮ ਦੇ 5 ਵਜੇ ਤਕ ਜਗਰਾਓਂ ਦੀ ਸ਼ਮਸ਼ਾਨਘਾਟ ਵਿੱਚ ਇੱਕੋ ਸਥਾਨ ’ਤੇ 24 ਲਾਸ਼ਾਂ ਪਹੁੰਚ ਚੁੱਕੀਆਂ ਸਨ ਅਤੇ ਸਮੁੱਚਾ ਸ਼ਹਿਰ ਅਤੇ ਇਲਾਕਾ ਗ਼ਮਗੀਨ ਹੋਇਆ ਸ਼ਮਸ਼ਾਨਘਾਟ ਵਿੱਚ ਸਿਰ ਨੁਮਾਈ ਖੜ੍ਹਾ ਸੀਕੋਈ ਵੀ ਜਗਰਾਓਂ ਦਾ ਅਜਿਹਾ ਮਹੱਲਾ ਨਹੀਂ ਸੀ ਬਚਿਆ, ਜਿਨ੍ਹਾਂ ਦਾ ਧੀ ਪੁੱਤ ਇਸ ਵਾਰਦਾਤ ਵਿੱਚ ਆਪਣੀ ਜਾਨ ਨਾ ਗਵਾ ਚੁੱਕਾ ਹੋਵੇ

ਅੱਜ ਵੀ ਮੇਰੇ ਚੇਤੇ ਵਿੱਚ ਦੋ ਵਿਅਕਤੀ ਰਾਕੇਸ਼ ਕੁਮਾਰ ਅਤੇ ਜੋਗਿੰਦਰ ਸਿੰਘ ਯਾਦ ਆਉਂਦੇ ਹਨ ਜਿਨ੍ਹਾਂ ਨੇ ਮੂਹਰੇ ਹੋ ਕੇ ਮਾਰਨ ਵਾਲਿਆਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਅਤੇ ਕਿਹਾ ਕਿ ਕਿਉਂ ਕਹਿਰ ਕਰ ਰਹੇ ਹੋ ਅਤੇ ਆਪਣੀ ਜਾਨ ਦੀ ਅਹੂਤੀ ਦੇ ਦਿੱਤੀ26 ਦਸੰਬਰ ਦੀ ਇਸ ਵਾਰਦਾਤ ਨੇ ਮੇਰੇ ਪਿੰਡ ਅਤੇ ਇਲਾਕੇ ਨੂੰ ਇਕਦਮ ਮਿਲਟਰੀ ਦੀ ਕਮਾਂਡ ਹੇਠ ਲੈ ਆਂਦਾਮਾਰਨ ਵਾਲੇ ਤਾਂ ਆਪਣਾ ਕਾਰਾ ਕਰਕੇ ਚਲੇ ਗਏ ਪਰ ਦੂਸਰੇ ਦਿਨ ਸਮੁੱਚੇ ਪਿੰਡ ਦੇ ਲੋਕਾਂ ਤੋਂ ਬਹੁਤ ਸਖਤੀ ਨਾਲ ਪੁੱਛਗਿੱਛ ਕੀਤੀ ਗਈ ਕਿ ਇਸ ਵਾਕਿਆ ਨੂੰ ਕਰਨ ਵਾਲਿਆਂ ਨੇ ਲੋਕਾਂ ਨੂੰ ਮਾਰਨ ਉਪਰੰਤ ਤੁਹਾਡੇ ਹੀ ਘਰਾਂ ਵਿੱਚ ਪਨਾਹ ਲਈ ਹੋਈ ਹੈ ਇੱਕ ਪਾਸੇ ਸਾਰੇ ਲੋਕ ਅਜੇ ਰਾਤ ਨੂੰ ਵਾਪਰੀ ਦਿਲ ਕੰਬਾਊ ਤਰਾਸਦੀ ਵਿੱਚੋਂ ਨਹੀਂ ਸਨ ਉੱਭਰੇ ਅਤੇ ਦੂਸਰੇ ਪਾਸੇ ਮਿਲਟਰੀ ਦੇ ਬੂਟਾਂ ਨੇ ਲੋਕਾਂ ਅੰਦਰ ਹੋਰ ਸਹਿਮ ਪੈਦਾ ਕਰ ਦਿੱਤਾ

ਜਦੋਂ ਵੀ ਮੈਂ ਹੁਣ ਇਸ ਰੇਲਵੇ ਟਰੈਕ ਤੋਂ ਲੰਘਦਾ ਹਾਂ ਤਾਂ ਮੈਨੂੰ ਉਨ੍ਹਾਂ ਵਿੱਚ ਉੱਥੇ ਹੀ ਘੁੰਮ ਰਿਹਾ ਕੋਈ ਰਾਕੇਸ਼ ਨਰੂਲਾ, ਮਾਸਟਰ ਰਾਮਨਾਥ, ਗੁਰਦੇਵ ਚੰਦ ਅਤੇ ਜੋਗਿੰਦਰ ਸਿੰਘ ਆਦਿ ਯਾਦ ਆ ਜਾਂਦਾ ਹੈਪੰਜਾਬ ਦੀ ਸਭ ਤੋਂ ਵੱਡੀ ਇਹ ਭਿਆਨਕ ਤਰਾਸਦੀ ਮੇਰੀ ਜ਼ਿੰਦਗੀ ਦਾ ਤਰਾਸਦਿਕ ਪਲ ਬਣ ਚੁੱਕੀ ਹੈਹੁਣ ਜਦੋਂ ਮੈਂ ਪੰਜਾਬ ਵਿੱਚ ਉੱਠਦੀਆਂ ਗਰਮ ਹਵਾਵਾਂ ਨੂੰ ਤੱਕਦਾ ਹਾਂ ਤਾਂ ਮੈਨੂੰ ਇੰਝ ਜਾਪਣ ਲੱਗ ਜਾਂਦਾ ਹੈ ਕਿ ਇੰਨੇ ਵੱਡੇ ਖੂਨ ਖਰਾਬੇ ਤੋਂ ਬਾਅਦ ਅਸੀਂ ਸ਼ਾਇਦ ਕੁਝ ਵੀ ਨਹੀਂ ਸਿੱਖਿਆ

ਇਸ ਕਿਸਮ ਦੀਆਂ ਤਰਾਸਦੀਆਂ ਸਮੁੱਚੇ ਪੰਜਾਬ ਦੇ ਹਰੇਕ ਕੋਨੇ ਵਿੱਚ ਵਾਪਰੀਆਂ ਹਨ, ਜਿਹੜੀਆਂ ਪਤਾ ਨਹੀਂ ਮੇਰੇ ਵਰਗੇ ਹੋਰ ਕਿੰਨਿਆਂ ਨੂੰ ਤੜਫਾ ਰਹੀਆਂ ਹੋਣਗੀਆਂਇਹ ਸਵਾਲ ਹਮੇਸ਼ਾ ਹੀ ਮੇਰੇ ਮਨ ਉੱਪਰ ਭਾਰੂ ਰਹਿੰਦਾ ਹੈ ਕਿ ਉਨ੍ਹਾਂ ਪਰਿਵਾਰਾਂ ਦਾ ਕੀ ਬਣਿਆ, ਜਿਨ੍ਹਾਂ ਦੇ ਜਵਾਨ ਧੀਆਂ ਪੁੱਤ ਉਸ ਅੱਗ ਵਿੱਚ ਭਸਮ ਹੋ ਗਏਤਰਾਸਦੀਆਂ ਕਿਸੇ ਵੀ ਸਮਾਜ ਉੱਪਰ ਇੱਕ ਵੱਡਾ ਕਲੰਕ ਹੁੰਦੀਆਂ ਹਨ, ਜਿਹੜੀਆਂ ਲਗਾਤਾਰ ਸਮਾਜ ਨੂੰ ਤਾਂ ਬੇਚੈਨ ਕਰਦੀਆਂ ਹੀ ਹਨ ਬਲਕਿ ਜਦੋਂ ਵੀ ਕਿਸੇ ਨਵੀਂ ਤਰਾਸਦੀ ਲਈ ਜ਼ਮੀਨ ਤਿਆਰ ਕੀਤੀ ਜਾ ਰਹੀ ਹੋਵੇ ਉਸ ਵੇਲੇ ਸੋਚਣ ਲਈ ਮਜਬੂਰ ਕਰਦੀਆਂ ਹਨਮੈਂ ਜਿੰਨਾ ਮਰਜ਼ੀ ਆਪਣੇ ਆਪ ਨੂੰ ਸੰਤੁਲਨ ਵਿੱਚ ਰੱਖਣ ਦੀ ਕੋਸ਼ਿਸ਼ ਕਰਾਂ ਪਰ ਮੈਨੂੰ ਮੇਰੇ ਪਿੰਡ ਦਾ ਰੇਲਵੇ ਦਾ ਟਰੈਕ ਇੱਕ ਥਾਂ ਰੋਕ ਦਿੰਦਾ ਹੈ ਅਤੇ ਸਵਾਲ ਕਰਦਾ ਹੈ ਕਿ ਤੁਹਾਡੇ ਇੱਧਰ ਉੱਧਰ ਅਜਿਹੇ ਸਵਾਲ ਖੜ੍ਹੇ ਹਨ, ਜਿਹੜੇ ਮੁੜ ਕੇ ਜਵਾਬ ਮੰਗਦੇ ਹਨ ਕਿ ਕਿਤੇ ਅਸੀਂ ਵੱਖ-ਵੱਖ ਧਰਮਾਂ, ਜਾਤਾਂ ਅਤੇ ਜਮਾਤਾਂ ਦੇ ਆਪਸੀ ਰਿਸ਼ਤਿਆਂ ਨੂੰ ਤੋੜਨ ਦਾ ਕਾਰਜ ਤਾਂ ਨਹੀਂ ਕਰ ਰਹੇ? ਸਭਿਅਕ ਸਮਾਜ ਕਿਰਤ ਕਰਨ ਵਾਲੇ ਲੋਕਾਂ ਦੀ ਮਿਹਨਤ ਉੱਪਰ ਹੀ ਉੱਸਰਿਆ ਹੁੰਦਾ ਹੈਮਿਹਨਤ ਕਰਨ ਵਾਲਿਆਂ ਨੂੰ ਹੀ ਕੀਮਤ ਉਤਾਰਨੀ ਪੈਂਦੀ ਹੈ ਪ੍ਰੰਤੂ ਜਿਸ ਕਿਸਮ ਦੀ ਕੀਮਤ ‘ਸੋਹੀਆਂ ਰੇਲਵੇ ਕਾਂਡ’ ਵਿੱਚ ਉਤਾਰੀ ਗਈ, ਉਸ ਦਾ ਜਵਾਬ ਮੇਰੇ ਕੋਲ ਤਾਂ ਹੈ ਨਹੀਂ ਜੇ ਕਿਸੇ ਕੋਲ ਇਸਦਾ ਜਵਾਬ ਹੋਵੇ ਜਾਂ ਇਹ ਹੀ ਮਸਲਿਆਂ ਦੇ ਹੱਲ ਹੋਣ, ਇਸਦੇ ਅਧਾਰ ’ਤੇ ਹੀ ਕੋਈ ਸਮਾਜ ਉੱਸਰਦਾ ਹੋਵੇ ਉਸ ਦਾ ਜਵਾਬ ਲੱਭਣਾ ਜ਼ਰੂਰੀ ਹੈਪਰ ਮੈਨੂੰ ਅੱਜ ਵੀ ਰੇਲਵੇ ਟਰੈਕ ਤੋਂ ਡਰ ਲੱਗਦਾ ਹੈ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3729)

(ਸਰੋਕਾਰ ਨਾਲ ਸੰਪਰਕ ਲਈThis email address is being protected from spambots. You need JavaScript enabled to view it.)

About the Author

ਡਾ. ਕੁਲਦੀਪ ਸਿੰਘ

ਡਾ. ਕੁਲਦੀਪ ਸਿੰਘ

Phone: (91 98151 - 15429)
Email: (kuldip_1961@yahoo.com)