KamalBathinda7ਮੇਰੀ ਤਾਂ ਖਾਨਿਓ ਗਈ, ਹੁਣ ਕੀ ਬਣੂੰਉਦੋਂ ਕਿਹੜਾ ਫੋਨ ਹੁੰਦੇ ਸੀ ਬਈ ਕਿਸੇ ਨੂੰ ...
(4 ਜਨਵਰੀ 2023)
ਮਹਿਮਾਨ: 40.


ਹੁਣ ਫੇਰ ਜਦੋਂ ਪੰਜਾਬ ਦੇ ਮਾਹੌਲ ਨੂੰ
80ਵਿਆਂ ਦੇ ਕਾਲੇ ਦੌਰ ਵੱਲ ਧੱਕਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ ਤਾਂ ਉਨ੍ਹਾਂ ਵੇਲਿਆਂ ਦੀ ਇੱਕ ਘਟਨਾ ਮੇਰੀਆਂ ਅੱਖਾਂ ਅੱਗੇ ਘੁੰਮਣ ਲੱਗ ਜਾਂਦੀ ਹੈਹੋਇਆ ਇਸ ਤਰ੍ਹਾਂ ਕੇ ਮੈਂ ਦਸਵੀਂ ਕਰਨ ਤੋਂ ਬਾਅਦ ਮੋਗਾ ਵਿਖੇ ਕਾਲਜ ਵਿੱਚ ਦਾਖਲਾ ਲਿਆ ਦੋ ਤਿੰਨ ਛੁੱਟੀਆਂ ਇਕੱਠੀਆਂ ਹੋਣ ਕਰਕੇ ਮੈਂ ਪਿੰਡ ਜਾਣ ਦਾ ਪ੍ਰੋਗਰਾਮ ਬਣਾ ਲਿਆਕਾਲਜ ਵਿੱਚੋਂ ਛੁੱਟੀ ਹੋਣ ਉਪਰੰਤ ਮੈਂ ਸਿੱਧੀ ਬੱਸ ਸਟੈਂਡ ਚਲੀ ਗਈ ਅਤੇ ਪਿੰਡ ਦੇ ਨੇੜੇ ਦੇ ਸ਼ਹਿਰ ਜਾਣ ਵਾਲੀ ਬੱਸ ਫੜ ਲਈ ਉਸ ਵਿੱਚ ਪਿੰਡ ਦੀਆਂ ਕਈ ਮਰਦ ਸਵਾਰੀਆਂ ਸਨ ਮੈਨੂੰ ਹੌਸਲਾ ਜਿਹਾ ਹੋ ਗਿਆ, ਕਿਉਂਕਿ ਮੇਰਾ ਬੱਸ ਵਿੱਚ ਇਕੱਲਿਆਂ ਪਿੰਡ ਜਾਣ ਦਾ ਇਹ ਪਹਿਲਾ ਸਫ਼ਰ ਸੀਜਦੋਂ ਮੈਂ ਪਿੰਡ ਦੇ ਨੇੜਲੇ ਸ਼ਹਿਰ ਜਾ ਕੇ ਉੱਤਰੀ ਤਾਂ ਸ਼ੁਕਰ ਕੀਤਾ ਕਿ ਪਿੰਡ ਜਾਣ ਵਾਲੀ ਬੱਸ ਦਾ ਸਮਾਂ ਅਜੇ ਹੋਇਆ ਨਹੀਂ ਸੀਮੈਂ ਬੱਸ ਨੂੰ ਉਡੀਕਣ ਲੱਗ ਪਈਪਰ ਕਾਫ਼ੀ ਸਮਾਂ ਲੰਘ ਜਾਣ ਤੋਂ ਬਾਅਦ ਵੀ ਬੱਸ ਨਾ ਆਈ ਅਤੇ ਪਿੰਡ ਵਾਲੀਆਂ ਸਵਾਰੀਆਂ ਵੀ ਮੈਨੂੰ ਦਿਸਣੋਂ ਹਟ ਗਈਆਂ ਹੋ ਸਕਦਾ ਹੈ ਕਿ ਉਹ ਰੋਜ਼ ਹੀ ਆਉਣ ਜਾਣ ਕਰਦੇ ਹੋਣ ਅਤੇ ਉਨ੍ਹਾਂ ਨੇ ਆਪਣੇ ਪੱਧਰ ’ਤੇ ਪਿੰਡ ਜਾਣ ਦੇ ਪ੍ਰਬੰਧ ਕਰਤੇ ਲਏ ਹੋਣ

ਉਡੀਕਦਿਆਂ ਉਡੀਕਦਿਆਂ ਕਾਫ਼ੀ ਹਨੇਰਾ ਹੋ ਗਿਆਪਤਾ ਨਹੀਂ ਕਿੱਧਰੋਂ ਆ ਕੇ ਅਚਾਨਕ ਹੀ ਮੈਨੂੰ ਸਾਡੇ ਪਿੰਡ ਦੇ ਇੱਕ ਮੁੰਡੇ ਨੇ ਕਿਹਾ, “ਗੁੱਡੀ ਪਿੰਡ ਜਾਣੈਂ?

ਮੈਂ ਕਿਹਾ, “ਹਾਂ ਜੀ ਬਾਈ, ਮੈਂ ਤਾਂ ਪਿੰਡ ਵਾਲੀ ਬੱਸ ਉਡੀਕਦੀ ਸੀ, ਉਹ ਅਜੇ ਆਈ ਹੀ ਨਹੀਂ, ਸਮਾਂ ਤਾਂ ਬਹੁਤ ਹੋ ਗਿਆ।”

ਉਹ ਕਹਿੰਦਾ, “ਗੁੱਡੀ ਉਹ ਤਾਂ ਅੱਜ ਕੱਲ੍ਹ ਆਉਂਦੀ ਹੀ ਨਹੀਂ, ਰੌਲੇ ਗੌਲੇ ਜਿਹੇ ਕਰਕੇ ਬੰਦ ਹੋ’ਗੀ

ਮੇਰੀ ਤਾਂ ਖਾਨਿਓ ਗਈ, ਹੁਣ ਕੀ ਬਣੂੰ? ਉਦੋਂ ਕਿਹੜਾ ਫੋਨ ਹੁੰਦੇ ਸੀ ਬਈ ਕਿਸੇ ਨੂੰ ਬੁਲਾ ਲੈਂਦੀ। ਨਾ ਕੋਈ ਜਾਣ ਪਛਾਣ ਅਜੇ ਦਸਵੀਂ ਪਾਸ ਕਰਕੇ ਤਾਂ ਘਰੋਂ ਬਾਹਰ ਆਉਣ ਦਾ ਮੌਕਾ ਮਿਲਿਆ ਸੀਪਰ ਮੈਂ ਘਬਰਾਹਟ ਦਾ ਕੋਈ ਚਿੰਨ੍ਹ ਨਾ ਮੂੰਹ ’ਤੇ ਨਾ ਹੀ ਬੋਲਾਂ ਵਿੱਚ ਆਉਣ ਦਿੱਤਾ ਤੇ ਕਿਹਾ, “ਬਾਈ ਜੀ, ਹੁਣ ਕੀ ਜਾਊਗਾ ਪਿੰਡ?

ਉਹਨੇ ਕਿਹਾ, “ਟੈਂਪੂ ਵਾਲੇ ਨੂੰ ਪੁੱਛਦੇ ਆਂ, ਜੇ ਸਵਾਰੀਆਂ ਬਣ ਜਾਣ ਤਾਂ ਇਹ ਚਲੇ ਜਾਂਦੇ ਹੁੰਦੇ ਐ

ਅਸੀਂ ਟੈਂਪੂ ਵੱਲ ਤੁਰ ਪਏ ਸਾਡੇ ਪਿੰਡ ਦੀਆਂ ਤਾਂ ਅਸੀਂ ਦੋ ਸਵਾਰੀਆਂ ਸੀ, ਪਰ ਪਿੰਡ ਤੋਂ 4-5 ਕਿਲੋਮੀਟਰ ਉਰਲੇ ਪਿੰਡ ਦੀਆਂ ਕਈ ਸਵਾਰੀਆਂ ਹੋਣ ਕਰਕੇ ਟੈਂਪੂ ਵਾਲਾ ਉੱਥੋਂ ਤਕ ਜਾਣ ਲਈ ਤਿਆਰ ਹੋ ਗਿਆਬਾਈ ਨੇ ਕਿਹਾ, “ਗੁੱਡੀ ਆਪਾਂ ਉੱਥੇ ਤਕ ਚੱਲਦੇ ਆਂ, ਉੱਥੋਂ ਮੈਂ ਸਾਈਕਲ ਪੁੱਛ ਲਊਂਗਾ

ਉਦੋਂ ਤਾਂ ਸਾਈਕਲ ਹੀ ਮਸਾਂ ਹੁੰਦੇ ਸੀ, ਸਕੂਟਰ ਤਾਂ ਕਿਸੇ ਕਿਸੇ ਕੋਲ ਹੁੰਦਾ ਸੀ ਉਹ ਵੀ ਹਰ ਕਿਸੇ ਨੂੰ ਚਲਾਉਣਾ ਨਹੀਂ ਸੀ ਆਉਂਦਾ

ਅਸੀਂ ਟੈਂਪੂ ਵਿੱਚ ਬੈਠ ਗਏਉਸ ਪਿੰਡ ਉੱਤਰ ਕੇ ਅਸੀਂ ਇੱਕ ਘਰੇ ਗਏ ਜਿੱਥੇ ਸ਼ਾਇਦ ਉਸ ਨੇ ਉਨ੍ਹਾਂ ਦੇ ਘਰ ਮਿਸਤਰੀ ਦਾ ਕੰਮ ਕੀਤਾ ਹੋਣਾ ਹੈ ਉਹਨਾਂ ਦੀਆਂ ਗੱਲਾਂਬਾਤਾਂ ਤੋਂ ਮੈਨੂੰ ਇਹੋ ਅੰਦਾਜ਼ਾ ਹੋਇਆਬਾਈ ਨੇ ਉਨ੍ਹਾਂ ਦੇ ਘਰ ਜਾ ਕੇ ਦੁਆ ਸਲਾਮ ਤੋਂ ਬਾਅਦ ਕਿਹਾ, “ਮੈਨੂੰ ਆਪਣਾ ਸਾਇਕਲ ਦਿਓ, ਪਿੰਡ ਤਕ ਹੁਣ ਕੁਝ ਵੀ ਜਾਂਦਾ ਨਹੀਂ, ਮੇਰੀ ਭੈਣ ਵੀ ਮੇਰੇ ਨਾਲ ਹੈ।”

ਉਹਨਾਂ ਨੇ ਸਾਈਕਲ ਤਾਂ ਦੇ ਦਿੱਤਾ ਪਰ ਉਸ ਦੇ ਤਾਂ ਕੈਰੀਅਰ ਹੀ ਨਹੀਂ ਸੀਮੇਰੀ ਜਾਨ ਫਿਰ ‌ਕੁੜਿੱਕੀ ਵਿੱਚ ਫਸ ਗਈ ਪਰ ਮੇਰੇ ਕੋਲ ‌ਕੋਈ ਚਾਰਾ ਨਾ ਹੋਣ ਕਰਕੇ ਮੈਂ ਬਗੈਰ ਕਿਸੇ ਹਿਚਕਚਾਹਟ ਦੇ ਸਾਈਕਲ ਦੇ ਡੰਡੇ ’ਤੇ ਬੈਠ ਗਈਮਨ ਵਿੱਚ ਇੱਕ ਸਵਾਲ ਆਵੇ ਤੇ ਇੱਕ ਜਾਵੇ, ਪਰ ਮੈਂ ਬਗੈਰ ਕਿਸੇ ਹਿਲਜੁਲ ਦੇ ਚੁੱਪਚਾਪ ਬੈਠੀ ਰਹੀਬਾਈ ਵੀ ਚੁੱਪਚਾਪ ਸਾਈਕਲ ਚਲਾਉਂਦਾ ਰਿਹਾਸੁੰਨਾ ਰਾਹ, ਘੁੱਪ ਹਨੇਰਾ ਉਦੋਂ ਤਾਂ ਸੂਰਜ ਦੇ ਹੁੰਦਿਆਂ ਵੀ ਹਨੇਰਾ ਤੇ ਸੰਨਾਟਾ ਛਾਇਆ ਰਹਿੰਦਾ ਸੀ, ਹਨੇਰੇ ਵੇਲੇ ਤਾਂ ਹਨੇਰਾ ਹੋਣਾ ਹੀ ਹੋਇਆਮੇਰੀ ਲੱਤ ਵੀ ਸੌਂ ਗਈ, ਪਰ ਮੈਂ ਅਹਿੱਲ ਬੈਠੀ ਰਹੀਬੱਸ ਇਸੇ ਤਰ੍ਹਾਂ ਮਨ ਦੇ ਉਤਰਾਵਾਂ ਚੜ੍ਹਾਵਾਂ ਵਿੱਚ ਆਖਿਰ ਪਿੰਡ ਆ ਗਿਆ

ਪਿੰਡ ਵੜਦਿਆਂ ਸਾਰ ਮੈਂ ਛੱਪੜ ਕੋਲ ਹੀ ਕਿਹਾ, “ਬਾਈ ਮੈਨੂੰ ਇੱਥੇ ਹੀ ਉਤਾਰ ਦਿਓ

ਮੈਂ ਬੜੇ ਚਾਅ ਨਾਲ ਕੇਲੇ ਖਰੀਦੇ ਸਨ ਜਿਹੜੇ ਸਾਈਕਲ ਦੀ ਟੋਕਰੀ ਵਿੱਚ ਰੱਖੇ ਸਨਪਰ ਹਿਚਕੋਲਿਆਂ ਨਾਲ ਲਿਫਾਫੇ ਵਿੱਚੋਂ ਬਾਹਰ ਖਿਲਰ ਗਏ ਸਨ ਮੈਂ ਬੱਸ ਸਾਈਕਲ ਦੀ ਟੋਕਰੀ ਵਿੱਚ ਮਾੜਾ ਜਿਹਾ ਹੱਥ ਮਾਰ ਕੇ ਜਿਹੜੇ ਵੀ ਹੱਥ ਆਏ, ਲੈ ਕੇ ਤੁਰਦੀ ਬਣੀ ਪਤਾ ਨਹੀਂ ਸਾਰੇ ਆ ਗਏ, ਪਤਾ ਨਹੀਂ ਕੁਝ ਟੋਕਰੀ ਦੇ ਵਿੱਚੇ ਰਹਿ ਗਏਸੁੰਨੀ ਹੋਈ ਲੱਤ ਨਾਲ ਮੈਂ ਕਾਹਲੇ ਕਦਮੀਂ ਘਰੇ ਪਹੁੰਚਣ ਅਤੇ ਸਹਿਜ ਹੋਣ ਦੀ ਕੋਸ਼ਿਸ਼ ਕਰ ਰਹੀ ਸੀਪਤਾ ਸੀ ਜੇ ਘਰੇ ਜਾ ਕੇ ਦੱਸਿਆ ਤਾਂ ਝਿੜਕਾਂ ਪੈਣਗੀਆਂ, ਤੂੰ ਕੁਵੇਲੇ ਕਿਉਂ ਤੁਰੀ? ਸਵੇਰੇ ਆ ਜਾਂਦੀ?, ਵਗੈਰਾ ਵਗੈਰਾ

ਘਰ ਦੇ ਕੋਲ ਪਹੁੰਚੀ ਤਾਂ ਸਾਡੇ ਦਰਵਾਜ਼ੇ ’ਤੇ ਨਿੰਮ ਬੰਨ੍ਹਿਆ ਦਿਸਿਆ ਸਾਡੇ ਘਰ ਭਾਣਜਾ ਆਇਆ ਸੀਘਰੇ ਵੜੀ ਤਾਂ ਓਹੀ ਗੱਲ, ਨਾ ਸੁੱਖ, ਨਾ ਸਾਂਦ, ਸਾਰੇ ਇੱਕੋ ਸਾਹ ਕਹਿਣ, “ਕਾਹਦੇ ’ਤੇ ਆਈ ਹੈਂ, ਕਾਹਦੇ ’ਤੇ ਆਈ ਹੈਂ?

ਮੈਂ ਜੁਆਕ ਦੇ ਪੱਜ ਅਣਗੌਲਿਆਂ ਕਰਨ ਦਾ ਡਰਾਮਾ ਜਿਹਾ ਕਰਦਿਆਂ ਕਿਹਾ, “ਟੈਂਪੂ ’ਤੇ, ਵਾਧੂ ਸਵਾਰੀਆਂ ਸੀ ਪਿੰਡ ਦੀਆਂ” ਖਹਿੜਾ ਛਡਾਉਣ ਲਈ ਮੈਂ ਜੁਆਕ ਨਾਲ ਉੱਚੀ ਉੱਚੀ ਗੱਲਾਂ ਕਰਨ ਲੱਗ ਪਈਪਰ ਮਾਨਸਿਕ ਤਣਾਉ ਕਰਕੇ ਮੈਂ ਬੱਚੇ ਦਾ ਨਾਂ ਭੁੱਲ ਗਈ, ਜਿਹੜਾ ਮੈਂ ਪਹਿਲਾਂ ਹੀ ਕਹਿੰਦੀ ਰਹਿੰਦੀ ਸੀ ਕਿ ਇਹ ਨਾਮ ਰੱਖਾਂਗੇ, ਚਾਹੇ ਹੋਵੇ ਲੜਕੀ ਤੇ ਚਾਹੇ ਹੋਵੇ ਲੜਕਾਸਾਰੇ ਬਾਰ ਬਾਰ ਕਹੀ ਜਾਣ ਨਾਮ ਦੱਸ, ਜਿਹੜਾ ਪਹਿਲਾਂ ਕਹਿੰਦੀ ਹੁੰਨੀ ਐਂ, ਅਸੀਂ ਓਦਣ ਦੇ ਯਾਦ ਕਰੀਂ ਜਾਨੇ ਆਂਪਰ ਮੈਂ ਜੁਆਕ ਨਾਲ ਖੇਡਣ ਦਾ ਬਹਾਨਾ ਬਣਾ ਕੇ ਕੋਈ ਲੜ ਨਾ ਫੜਾਇਆ ਤੇ ਤਰ੍ਹਾਂ ਤਰ੍ਹਾਂ ਦੇ ਨਾਮ ਰੱਖਣ ਲੱਗ ਪਈ ਅਤੇ ਸਹਿਜ ਹੋਣ ਦੀ ਕੋਸ਼ਿਸ਼ ਕਰਦੀ ਰਹੀ

ਪਰ ਅੱਜ ਵੀ ਜਦੋਂ ਮੈਨੂੰ ਉਹ ਘਟਨਾ ਯਾਦ ਆਉਂਦੀ ਐ ਤਾਂ ਲੂੰ ਕੰਡੇ ਖੜ੍ਹੇ ਹੋ ਜਾਂਦੇ ਹਨ। ਪਰ ਮੈਂ ਉਸ ਭਲੇ ਆਦਮੀ ਦੀ ਬਹੁਤ ਸ਼ੁਕਰਗੁਜ਼ਾਰ ਹੁੰਦੀ ਹਾਂ ਜਿਸ ਨੇ ਭੈਣ ਕਿਹਾ ਤੇ ਭਰਾ ਦਾ ਪੂਰਾ ਫਰਜ਼ ਨਿਭਾਇਆ ਪੂਰੀ ਹਿਫ਼ਾਜ਼ਤ ਨਾਲ ਘਰ ਪਹੁੰਚਾਇਆ ਇਹ ਵੀ ਨਹੀਂ ਸੀ ਕਿ ਉਦੋਂ ਬਹੁਤ ਭਲਾ ਜ਼ਮਾਨਾ ਸੀ, ਉਦੋਂ ਵੀ ਬਥੇਰੇ ਮੁਸ਼ਟੰਡੇ ਹੁੰਦੇ ਸੀਸਕੂਲ ਸਮੇਂ ਵੀ ਬਥੇਰੇ ਹੁੰਦੇ ਸੀ ਜਿਹਨਾਂ ਦਾ ਮੁਕਾਬਲਾ ਬੜੀ ਜੁਰਅਤ ਨਾਲ ਕਰੀਦਾ ਸੀ ਜਦੋਂ ਕਿ ਐਨੀ ਫਿਰਕੂ ਹਨੇਰੀ ਚੱਲੀ ਹੋਈ ਅਤੇ ਅਸੀਂ ਦੋਨੋਂ ਵੀ ਵੱਖ ਵੱਖ ਫਿਰਕਿਆਂ ਨਾਲ ਸਬੰਧਤ ਸੀਮੈਂ ਤਾਂ ਇਹੋ ਨਤੀਜਾ ਕੱਢਿਆ ਬਈ ਸਾਡੇ ਹੁਕਮਰਾਨ ਤੇ ਫਿਰਕੂ ਤਾਕਤਾਂ ਲੋਕਾਂ ਵਿੱਚ ਵੰਡੀਆਂ ਪਾਉਣ ਲਈ ਜਿੰਨਾ ਮਰਜ਼ੀ ਜ਼ੋਰ ਲਗਾ ਲੈਣ, ਪਰ ਲੋਕ ਹਮੇਸ਼ਾ ਹੀ ਇੱਕ ਦੂਜੇ ਦਾ ਸਹਾਰਾ ਬਣਦੇ ਰਹੇ ਹਨ ਅਤੇ ਬਣਦੇ ਰਹਿਣਗੇ

ਕਾਸ਼! 80ਵਿਆਂ ਵਾਲਾ ਕਾਲਾ ਦੌਰ ਮੁੜ ਕਦੇ ਨਾ ਆਵੇ, ਨਾ ਬੱਸਾਂ ਬੰਦ ਹੋਣ, ਨਾ ਹੀ ਸੜਕਾਂ ਸੁੰਨੀਆਂ ਹੋਣ, ਨਾ ਮੇਰੇ ਵਾਂਗ ਕਿਸੇ ਇਕੱਲੇ ਕਾਰੇ ਨੂੰ ਮਾਨਸਿਕ ਤਣਾਉ ਵਿੱਚੋਂ ਗੁਜ਼ਰਨਾ ਪਵੇ ਤੇ ਨਾ ਹੀ ਝੂਠ ਬੋਲਣ ਲਈ ਮਜਬੂਰ ਹੋਣਾ ਪਵੇ ਲੋਕ ਆਰਾਮ ਨਾਲ ਬੇਖੌਫ਼ ਆਪਣੇ ਕੰਮੀਂ ਧੰਦੀਂ ਆਉਣ ਜਾਣ, ਮੰਜ਼ਿਲਾਂ ਹਾਸਿਲ ਕਰਨ ਅਤੇ ਆਪਸੀ ਭਾਈਚਾਰਕ ਸਾਂਝ ਨੂੰ ਕਦੇ ਵੀ ਆਂਚ ਨਾ ਆਉਣ ਦੇਣ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3720)

(ਸਰੋਕਾਰ ਨਾਲ ਸੰਪਰਕ ਲਈThis email address is being protected from spambots. You need JavaScript enabled to view it.)

About the Author

ਕਮਲ ਬਠਿੰਡਾ

ਕਮਲ ਬਠਿੰਡਾ

Bathinda, Punjab, India.
Phone: (91 - 94630 - 23100)
Email: (kamalphnt@gmail.com)