RajwantKPanjabi7ਰਾਜਸਥਾਨ ਸਰਕਾਰ ਦੇ ਸੱਦੇ ’ਤੇ 2003 ਵਿਚ ਜਦੋਂ ਰੇਸ਼ਮਾ ਪਹਿਲੀ ਵਾਰੀ ਜੈਪੁਰ ਮੇਲੇ ਵਿਚ ਆਈ ਸੀ ਤਾਂ ...
(ਜੁਲਾਈ 21, 2016)


Reshma1ਪੰਜਾਬੀ ਲੋਕ ਸੰਗੀਤ ਦੀ ਗੱਲ ਕਰੀਏ ਤਾਂ ਸਾਡੇ ਦਿਲ-ਓ-ਦਿਮਾਗ ਵਿਚ ਜਿਉਂਦੇ ਜੀਅ ਦੰਦ ਕਥਾ ਬਣ ਜਾਣ ਵਾਲੀ ਦੱਖਣੀ ਏਸ਼ੀਆ ਦੀ ਲੋਕ ਗਾਇਕਾ ਰੇਸ਼ਮਾ ਦਾ ਨਾਂ ਵੀ ਆਉਂਦਾ ਹੈ, ਜਿਸਦੀ ਆਵਾਜ਼ ਨੂੰ ਪੂਰੇ ਵਿਸ਼ਵ ਨੇ ਮਾਨਤਾ ਦਿੱਤੀ ਹੈ। ਉਹ ਥਾਰ ਦੇ ਰੇਗਿਸਤਾਨ ਦਾ ਮਹਿਕਦਾ ਗੁਲਾਬ ਸੀ। ਉੱਤਰੀ ਭਾਰਤ ਦੇ ਰਾਜ ਰਾਜਸਥਾਨ ਦੀ ਰਾਜਧਾਨੀ ਜੈਪੁਰ ਦੇ ਉੱਤਰ ਪੱਛਮ ਵਿਚ ਇਕ ਸ਼ਹਿਰ ਹੈ ਬੀਕਾਨੇਰ। ਉੱਥੋਂ ਇਕ ਸੌ ਚੌਂਤੀ ਕਿਲੋਮੀਟਰ ਦੂਰ ਹੈ ਟਿੱਬਿਆਂ ਵਾਲਾ ਰਤਨਗੜ੍ਹ, ਜੋ ਜ਼ਿਲ੍ਹਾ ਚੁਰੂ ਦੀ ਤਹਿਸੀਲ ਹੈ। ਰਤਨਗੜ੍ਹ ਤੋਂ ਤਿੰਨ ਮੀਲ ਦੂਰ ਪਿੰਡ ਲੋਹਾ ਦੇ ਵਣਜਾਰਾ ਪਰਿਵਾਰ ਵਿਚ
1947 ਵਿਚ ਰੇਸ਼ਮਾ ਨੇ ਜਨਮ ਲਿਆ ਸੀ। ਪਿਤਾ ਹਾਜੀ ਮੁਹੰਮਦ ਮੁਸ਼ਤਾਕ ਵਣਜਾਰਾ ਸੀ, ਜੋ ਊਠਾਂ ਦੇ ਕਾਫਲੇ ਨਾਲ ਜਾਂਦਾ ਸੀ ਅਤੇ ਪੱਛਮ ਦੇ ਇਲਾਕੇ ਵਲੋਂ ਊਠ, ਘੋੜੇ, ਗਾਵਾਂ, ਮੱਝਾਂ ਲੈ ਕੇ ਵਾਪਸ ਰਾਜਸਥਾਨ ਪਰਤ ਆਉਂਦਾ ਸੀ। ਉਹ ਅਜੇ ਇਕ ਮਹੀਨੇ ਦੀ ਹੀ ਹੋਈ ਸੀ ਕਿ ਦੇਸ਼ ਨੂੰ ਵੰਡ ਦਾ ਸੰਤਾਪ ਹੰਢਾਉਣਾ ਪੈ ਗਿਆ। ਵਣਜਾਰਿਆਂ ਦੇ ਉਸ ਕਾਫ਼ਲੇ ਨੇ ਇਸਲਾਮ ਧਰਮ ਕਬੂਲ ਕਰਕੇ ਸਿੰਧ ਦੀ ਰਾਜਧਾਨੀ ਕਰਾਚੀ (ਪਾਕਿਸਤਾਨ) ਨੂੰ ਆਪਣੇ ਰਹਿਣ ਬਸੇਰੇ ਵਜੋਂ ਚੁਣ ਲਿਆ।

ਰੇਸ਼ਮਾ ਨੇ ਕਿਸੇ ਉਸਤਾਦ ਕੋਲੋਂ ਮੌਸੀਕੀ ਦੀ ਤਾਲੀਮ ਹਾਸਿਲ ਨਹੀਂ ਸੀ ਕੀਤੀ ਅਤੇ ਨਾ ਹੀ ਕਿਸੇ ਗਾਇਕਾਂ ਦੇ ਘਰਾਣੇ ਵਿਚ ਜਨਮ ਲਿਆ ਸੀ। ਉਸਦਾ ਬਚਪਨ ਹੱਸਦੇ ਖੇਡਦੇ ਅਤੇ ਦਰਗਾਹਾਂ ਨਾਲ ਅੰਤਾਂ ਦੀ ਅਕੀਦਤ ਹੋਣ ਕਾਰਨ ਸਿੰਧ ਦੀਆਂ ਵਿਭਿੰਨ ਮਜ਼ਾਰਾਂ ’ਤੇ ਸੂਫ਼ੀਆਨਾ ਕਲਾਮ ਗਾਉਂਦਿਆਂ ਗੁਜ਼ਰਿਆ। ਉਹ ਖ਼ਵਾਜਾ ਅਜਮੇਰ ਸ਼ਰੀਫ਼ ਗਈ, ਨਿਜਾਮੁਦੀਨ ਔਲੀਆ ਗਈ, ਦਾਤਾ ਗਰੀਬ ਨਵਾਜ ਦੇ ਦਰਬਾਰ ਗਈ। ਦਸ ਸਾਲ ਦੀ ਸੀ ਜਦੋਂ ਰੇਡੀਓ ਅਤੇ ਟੈਲੀਵਿਜ਼ਨ ਪ੍ਰੋਡਿਊਸਰ ਸਲੀਮ ਗਿਲਾਨੀ ਨੇ ਇਕ ਸ਼ਰਧਾਲੂ ਵਜੋਂ ਉਸਨੂੰ ਪਿੰਡ ਸੇਵਨ ਵਿਚ ਸ਼ਹਿਬਾਜ਼ ਕਲੰਦਰ ਦੀ ਦਰਗਾਹ ’ਤੇ ਲੱਗੇ ਮੇਲੇ ਵਿਚ ‘ਦਮਾ ਦਮ ਮਸਤ ਕਲੰਦਰ’ ਕੱਵਾਲੀ ਗਾਉਂਦਿਆਂ ਸੁਣਿਆ। ਗਿਲਾਨੀ ਨੇ ਬਾਲੜੀ ਦੀ ਕਲਾ ਪਛਾਣੀ, ਪ੍ਰਸ਼ੰਸਾ ਕੀਤੀ ਅਤੇ ਉਸਨੂੰ ਆਪਣਾ ਪਤਾ ਲਿਖ ਕੇ ਦਿੰਦਿਆਂ ਕਰਾਚੀ ਰੇਡੀਓ ਸਟੇਸ਼ਨ ਆਉਣ ਦਾ ਸੱਦਾ ਦੇ ਦਿੱਤਾ।

ਦੋ ਵਰ੍ਹਿਆਂ ਬਾਅਦ ਕਾਫ਼ਲਾ ਜਦੋਂ ਕਰਾਚੀ ਪੁੱਜਿਆ ਤਾਂ ਰੇਸ਼ਮਾ, ਪਰਿਵਾਰ ਸਮੇਤ ਉਹੀ ਪਰਚੀ ਲੈ ਕੇ ਰੇਡੀਓ ਸਟੇਸ਼ਨ ਪਹੁੰਚ ਗਈ। ਜਦੋਂ ਰੇਸ਼ਮਾ ਨੂੰ ਗਾਉਣ ਲਈ ਕਿਹਾ ਗਿਆ ਤਾਂ ਉਹ ਝਕ ਗਈ, ਕਿਉਂਕਿ ਬੰਦ ਕਮਰੇ ਵਿਚ ਬੈਠ ਕੇ ਗਾਉਣ ਬਾਰੇ ਤਾਂ ਉਸਨੇ ਕਦੇ ਸੋਚਿਆ ਹੀ ਨਹੀਂ ਸੀ। ਉਸ ਨੂੰ ਸਟੂਡੀਓ ਵਿਚ ਲਿਜਾਇਆ ਗਿਆ, ਜਿੱਥੇ ਹੋਰ ਕੋਈ ਨਹੀਂ ਸੀ। ਉੱਥੇ ਉਸਨੇ ਪਹਿਲੀ ਵਾਰ ਗੀਤ ਗਾਏ, ਜੋ ਰਿਕਾਰਡ ਕਰ ਲਏ ਗਏ। ਉਨ੍ਹਾਂ ਰੇਸ਼ਮਾ ਦੀ ਆਵਾਜ਼ ਵਿਚ ਰੇਡੀਓ ਲਈ ਜਿਹੜਾ ਪਹਿਲਾ ਪਰੰਪਰਕ ਅਧਿਆਤਮਕ ਗੀਤ ਰੀਕਾਰਡ ਕੀਤਾ, ਉਹ ਸੀ ਦਮਾ ਦਮ ਮਸਤ ਕਲੰਦਰ’ (1959)ਇਹ ਉਹੀ ਕੱਵਾਲੀ ਸੀ, ਜੋ ਸਲੀਮ ਗਿਲਾਨੀ ਹੁਰਾਂ ਉਸਦੀ ਆਵਾਜ਼ ਵਿਚ ਪਹਿਲੀ ਵਾਰ ਮਜ਼ਾਰ ’ਤੇ ਸੁਣੀ ਸੀ। ਰੇਡੀਓ ਡਾਇਰੈਕਟਰ ਸਮੇਤ ਉਸਦੇ ਸਰੋਤੇ ਵੀ ਉਸ ਬਾਰੇ ਕੁਝ ਨਹੀਂ ਸਨ ਜਾਣਦੇ ਕਿ ਉਹ ਕਿੱਥੇ ਰਹਿ ਰਹੀ ਹੈ? ਗਿਲਾਨੀ ਨੇ ਵਿਭਿੰਨ ਅਖ਼ਬਾਰਾਂ/ਰਸਾਲਿਆਂ ਵਿਚ ਉਸਦੀ ਫੋਟੋ ਵਾਲਾ ਇਸ਼ਤਿਹਾਰ ਛਪਵਾਇਆ ਤਾਂ ਕਿ ਉਸ ਨੂੰ ਮੁੜ ਰੇਡੀਓ ’ਤੇ ਪੇਸ਼ ਕੀਤਾ ਜਾ ਸਕੇ। ਰੇਸ਼ਮਾ ਨੇ ਕਾਫ਼ੀ ਅਰਸੇ ਬਾਅਦ ਮੁਲਤਾਨ ਵਿਖੇ ਕਿਸੇ ਪਤ੍ਰਿਕਾ ਵਿਚ ਆਪਣੇ ਬਾਰੇ ਉਹ ਤਸਵੀਰੀ ਇਸ਼ਤਿਹਾਰ ਵੇਖਿਆ ਤਾਂ ਉਹ ਡਰ ਗਈ ਪਰ ਛਪਣ ਦਾ ਕਾਰਨ ਪਤਾ ਲੱਗਣ ’ਤੇ ਉਸ ਨੇ ਮੁੜ ਗਿਲਾਨੀ ਨਾਲ ਸੰਪਰਕ ਕੀਤਾ। ਏਦਾਂ ਉਸਦੇ ਰੇਡੀਓ ਸਿੰਗਰ ਬਣਨ ਦਾ ਰਾਹ ਖੁੱਲ੍ਹ ਗਿਆ।

ਰੇਸ਼ਮਾ ਦੀ ਆਵਾਜ਼ ਵਿਚਲੀ ਕਸ਼ਿਸ਼ ਨੂੰ ਸ਼ਹਿਬਾਜ਼ ਕਲੰਦਰ ਦੀ ਮਜ਼ਾਰ ਤੋਂ ਪਹਿਲੀ ਵਾਰ ਕਿਸੇ ਨੇ ਪਛਾਣਿਆ ਸੀ ਤੇ ਰੇਡੀਓ ਰਾਹੀਂ ਦੁਨੀਆ ਦੇ ਸਾਹਮਣੇ ਲਿਆਂਦਾ ਸੀ, ਇਸ ਲਈ ਉਹ ਸਾਰੀ ਉਮਰ ਆਪਣੇ ਫ਼ਨ ਨੂੰ ਸ਼ਹਿਬਾਜ਼ ਕਲੰਦਰ ਦੀ ਦੁਆ ਦੱਸਦੀ ਰਹੀ। ਉਸ ਨੇ ਆਪਣੇ ਦੇਸ਼ ਨੂੰ ਆਪਣੇ ਦੀਨ ਦੀ ਅਲਾਮਤ, ਇਸਲਾਮ ਤੇ ਗਾਇਕੀ ਨੂੰ ਇਬਾਦਤ ਸਵੀਕਾਰਦਿਆਂ ਜ਼ਿੰਦਗੀ ਭਰ ਨਾ ਆਪਣਾ ਦੁਪੱਟਾ ਸਿਰ ਤੋਂ ਉਤਰਨ ਦਿੱਤਾ ਤੇ ਨਾ ਕੋਈ ਲੱਚਰ ਗਾਣਾ ਗਾਇਆ:

ਮੇਰਾ ਦੀਨ ਈਮਾਨ ਵਤਨ ਮੇਰਾ,
ਮੇਰੀ ਜਿੰਦ ਤੇ ਜਾਨ, ਵਤਨ ਮੇਰਾ।

ਰੇਡੀਓ ਦੀ ਪੈਦਾਵਾਰ ਸੰਗੀਤ ਨਿਰਦੇਸ਼ਕ ਵਜ਼ੀਰ ਅਫ਼ਜ਼ਲ ਉਹ ਸ਼ਖ਼ਸੀਅਤ ਸੀ ਜਿਸਨੇ ਪਹਿਲੀ ਵਾਰ ਰੇਸ਼ਮਾ ਤੋਂ ਫ਼ਿਲਮ ਲੱਖਾ’ ਲਈ ਗਾਣੇ ਗਵਾਏ ਸਨ। ਉਹ 1948 ਵਿਚ ਕਰਾਚੀ ਰੇਡੀਓ ਸਟੇਸ਼ਨ ਹੁੰਦੇ ਸਨ ਪਰੰਤੂ 1968 ਵਿਚ ਉਨ੍ਹਾਂ ਨੇ ਸਿਨੇਮਾ ਦੀ ਦੁਨੀਆ ਨਾਲ ਨਾਤਾ ਜੋੜ ਲਿਆ ਸੀ। ਲੋਕ ਗਾਇਕਾ ਰੇਸ਼ਮਾ ਨੇ ਪਾਕਿਸਤਾਨੀ ਪੰਜਾਬੀ ਤੇ ਭਾਰਤੀ ਹਿੰਦੀ ਫ਼ਿਲਮਾਂ ਲਈ ਗਾਉਣਾ ਆਰੰਭਿਆ ਤੇ ਵੱਡੀ ਗਿਣਤੀ ਵਿਚ ਫ਼ਿਲਮੀ ਗਾਣੇ ਗਾਏ। ਮਕਬੂਲ ਪੰਜਾਬੀ ਸ਼ਾਇਰ ਤੇ ਗਾਇਕ ਮਨਜ਼ੂਰ ਹੁਸੈਨ ਝੱਲਾ ਦੇ ਲਿਖੇ ਗੀਤ ਗਾ ਕੇ ਰੇਸ਼ਮਾ ਨੇ ਬਤੌਰ ਗਾਇਕਾ ਆਪਣੀ ਪਛਾਣ ਦਰਜ ਕਰਾਈ। ਉਸਦੇ ਲਿਖੇ ਮਿਆਰੀ ਗੀਤ ‘ਵੇ ਮੈਂ ਚੋਰੀ ਚੋਰੀ ਤੇਰੇ ਨਾਲ ਲਾ ਲਈਆਂ ਅੱਖਾਂ ਵੇ’, ‘ਚੰਗਾ ਨਹੀਉਂ ਕੀਤਾ ਦਿਲਾ ਅੱਖੀਆਂ ਮਿਲਾ ਕੇਤੇ ਨਾ ਦਿਲ ਦੇਂਦੀ ਬੇਦਰਦੀ ਨੂੰ ਨਾ ਹੱਸ ਹੱਸ ਅੱਖੀਆਂ ਲਾਉਂਦੀ ਕਦੇ ਨਾ ਪਛਤਾਂਦੀ ਮੈਂਆਪਣੇ ਸੁਰਾਂ ਵਿਚ ਸਜਾ ਕੇ ਤੇ ਵੱਖਰੇ ਅੰਦਾਜ਼ ਵਿਚ ਗਾ ਕੇ ਉਹ ਸ਼ੁਹਰਤ ਦੀ ਟੀਸੀ ’ਤੇ ਅੱਪੜੀ।

ਤਨਵੀਰ ਨਕਵੀ ਦਾ ਲਿਖਿਆ ਗੀਤ ਵੇ ਸਾਡੇ ਆਸੇ ਪਾਸੇ ਪੈਂਦੀਆਂ ਪਿਆਰ ਫ਼ੁਹਾਰਾਂਉਸ ਨੇ 1978 ਵਿਚ ਬਣੀ ਫ਼ਿਲਮ ‘ਲੱਖਾ’ਲਈ ਮਹਿਦੀ ਹਸਨ ਸਾਹਿਬ ਨਾਲ ਗਾਇਆ ਸੀ ਜਿਸਦਾ ਸੰਗੀਤ ਵਜ਼ੀਰ ਅਫ਼ਜ਼ਲ ਨੇ ਦਿੱਤਾ ਸੀ। ਇਸੇ ਤਰ੍ਹਾਂ ਵਾਰਿਸ ਲੁਧਿਆਣਵੀ ਦੇ ਲਿਖੇ ਗੀਤ ਮੰਗੋ ਨੀ ਦੁਆ ਸਖੀਓ, ਨਾ ਟੁੱਟ ਜਾਏ ਯਾਰੀ ਇਹਨੂੰ ਉਸ ਨੇ 1985 ਵਿਚ ਬਣੀ ਫ਼ਿਲਮ ਵਡੇਰਾਲਈ ਐੱਮ. ਅਸ਼ਰਫ਼ ਦੇ ਸੰਗੀਤ ਨਿਰਦੇਸ਼ਨ ਹੇਠ ਅਤੇ ਢੋਲਣਾ, ਤੇਰੀਆਂ ਜੁਦਾਈਆਂ ਦਿੱਤਾ ਮਾਰ ਵੇਨੂੰ 1986 ਵਿਚ ਬਣੀ ਫ਼ਿਲਮ ਚੱਲ ਸੋ ਚੱਲਲਈ ਆਪਣੀ ਆਵਾਜ਼ ਦਿੱਤੀ ਸੀ। ਇਸ ਗੀਤ ਦਾ ਸੰਗੀਤ ਵਜਾਹਤ ਅਤਰੇ ਨੇ ਦਿੱਤਾ ਸੀ। ਇਨ੍ਹਾਂ ਗੀਤਾਂ ਤੋਂ ਇਲਾਵਾ ਉਸ ਦੀ ਆਵਾਜ਼ ਵਿਚ ਹਿੱਟ ਹੋਏ ਕੁਝ ਹੋਰ ਗੀਤ, ਜੋ ਹਮੇਸ਼ਾ ਸਾਡੇ ਦਿਲਾਂ ਦੀ ਧੜਕਣ ਬਣੇ ਰਹਿਣਗੇ, ਇਹ ਹਨ:

ਅੱਖੀਆਂ ਨੂੰ ਰਹਿਣ ਦੇ ਅੱਖੀਆਂ ਦੇ ਕੋਲ ਕੋਲ, ਚੰਨ ਪ੍ਰਦੇਸੀਆ ਬੋਲ ਭਾਵੇਂ ਨਾ ਬੋਲ

ਅੱਖੀਆਂ ਮਿਲਾ ਕੇ ਚੰਨਾ ਪਾਵੀਂ ਨਾ ਜੁਦਾਈ ਵੇ

ਤੂੰ ਮਿਲ ਜਾਵੇਂ ਦੁੱਖ ਮੁੱਕ ਜਾਂਦੇ ਨੇ

ਜਾਨੀ ਰਾਤ ਰਹਿ ਪਉ ਸਾਂਗਾ ਖ਼ੁਦਾਈ ਏ

ਮੈਨੂੰ ਇਸ਼ਕ ਹੋ ਗਿਆ ਲੋਕੋ ਮੈਂ ਦੁਨੀਆ ਨਵੀਂ ਵਸਾਈ
ਯਾਰ ਬਿਨਾ ਹੁਣ ਮੈਂ ਨਹੀਂ ਜੀਣਾ ਲੋਕੀਂ ਕਹਿਣ ਸ਼ੁਦਾਈ

ਬੂੰਦਾਂ ’ਤੇ ਬਰਸ ਰਹੀਆਂ ਸਦਕੇ ਕਰਾਂ ਜਿੰਦ ਜਾਨ ਵੇ

ਮਾਹੀ ਇਕ ਵਾਰੀ ਸ਼ਕਲ ਵਿਖਾ ਜਾ

1980ਵਿਆਂ ਵਿਚ ਰੇਸ਼ਮਾ ਨੂੰ ਇਸ ਗੱਲ ਦਾ ਪਤਾ ਲੱਗਾ ਕਿ ਉਸਨੂੰ ਗਲੇ ਦਾ ਕੈਂਸਰ ਹੈ। ਉਹ ਅਮਰੀਕਾ ਵਿਖੇ ਆਪਣੀ ਗਾਇਨ ਪੇਸ਼ਕਾਰੀ ਦੇ ਰਹੀ ਸੀ ਕਿ ਉਸ ਨੂੰ ਖੂਨ ਦੀ ਉਲਟੀ ਆ ਗਈ ਸੀ। ਵਕਤ ਹਮੇਸ਼ਾ ਇੱਕੋ ਜਿਹਾ ਨਹੀਂ ਰਹਿੰਦਾ। ਖ਼ਵਾਜਾ ਗੁਲਾਮ ਫ਼ਰੀਦ ਦਾ ਸਰਾਇਕੀ ਜ਼ੁਬਾਨ ਵਿੱਚ ਕਲਾਮ ਹੈ:

ਵਕਤ ਦਾ ਬੇਲੀ ਹਰ ਕੋਈ ਬਣਦਾ, ਸ਼ਾਲਾ ਵਕਤ ਨਾ ਖਾਵੇ ਡੋਲੇ।
ਸੱਜਣ ਬਣ ਦੁਸ਼ਮਣ ਬਹਿੰਦੇ ਜਦੋਂ ਵਕਤ ਨੂੰ ਪੈਂਦੇ ਰੋਲੇ।
ਵਕਤ ਸਲਾਮਤ ਹੋਵੇ ਮਾਹੀ, ਸੱਜਣ ਆਣ ਖਲੋਂਦੇ ਨੇ ਕੋਲੇ।
ਗੁਲਾਮ ਫ਼ਰੀਦਾ ਸਦਾ ਵਕਤ ਨਹੀਂ ਰਹਿੰਦੇ, ਕਦੇ ਮਾਸਾ ਤੇ ਕਦੇ ਤੋਲੇ।

ਇਲਾਜ ਦੌਰਾਨ ਪੰਜ ਸਾਲ ਉਹ ਗਾ ਨਾ ਸਕੀ। ਸਿਰੜੀ ਇੰਨੀ ਸੀ ਕਿ ਕੋਮਾ ਵਿਚ ਜਾਣ ਵੇਲੇ ਤਕ ਗਾਉਂਦੀ ਰਹੀ। ਰੇਡੀਓ ਪਾਕਿਸਤਾਨ ਲਈ ਮਿਸਟਰ ਸੋਲੰਗੀ ਵਲੋਂ ਜਿਉਂਦੇ ਜੀਅ ਦੰਦ ਕਥਾ ਬਣ ਜਾਣ ਵਾਲੀਆਂ ਸ਼ਖ਼ਸੀਅਤਾਂ ਨੂੰ ਸ਼ਰਧਾਂਜਲੀ ਦੇਣ ਲਈ ਲੜੀਵਾਰ ਲਾਈਵ ਪ੍ਰੋਗਰਾਮ ਕਰਵਾਏ ਗਏ। ਇਕ ਪ੍ਰੋਗਰਾਮ ਵਿਚ ਰੇਸ਼ਮਾ ਨੂੰ ਬੁਲਾਇਆ ਗਿਆ। ਤਬੀਅਤ ਕਾਫ਼ੀ ਖ਼ਰਾਬ ਹੋਣ ਦੇ ਬਾਵਜੂਦ ਉਸ ਨੇ ਗਾਉਣ ਦੀ ਇੱਛਾ ਪ੍ਰਗਟਾਈ। ਸਿੰਧ ਵਾਸੀਆਂ ਵਲੋਂ ਸੋਲੰਗੀ ਸਾਹਿਬ ਨੇ ਜਦੋਂ ਉਸਦੇ ਮੋਢਿਆਂ ’ਤੇ ਗਰਮ ਸ਼ਾਲ ਪਾਇਆ ਸੀ ਤਾਂ ਉਸ ਨੇ ਮੁਸਕਰਾਉਂਦਿਆਂ ਕਿਹਾ ਸੀ ਕਿ ਇਸ ਸ਼ਾਲ ਵਿੱਚੋਂ ਮੇਰੇ ਆਪਣੇ ਘਰ ਦੀ ਮਹਿਕ ਆ ਰਹੀ ਹੈ। ਉਸ ਪ੍ਰੋਗਰਾਮ ਵਿਚ ਉਸ ਨੇ ਹੀਰੋ’ ਫ਼ਿਲਮ ਵਾਲਾ ਆਪਣੀ ਪਸੰਦ ਦਾ ਤੇ ਲੋਕਪ੍ਰਿਯ ਉਦਾਸੀ ਗੀਤ ਲੰਬੀ ਜੁਦਾਈ’ ਹੀ ਗਾਇਆ ਸੀ। ਜਦੋਂ ਵੀ ਕੈਂਸਰ ਜਿਹੀ ਨਾਮੁਰਾਦ ਬੀਮਾਰੀ ਤੋਂ ਕੁਝ ਰਾਹਤ ਮਿਲਦੀ ਰਹੀ, ਉਹ ਬੰਸਰੀ ਦੀ ਮਿੱਠੀ ਤੇ ਦਿਲਾਂ ਵਿਚ ਉੱਤਰ ਜਾਣ ਵਾਲੀ ਹੂਕ ਨਾਲ ਅਸਪਸ਼ਟ ਆਵਾਜ਼ ਵਿਚ ਪੂਰਾ ਜ਼ੋਰ ਲਾ ਕੇ ਉਹ ਇਹ ਗੀਤ ਗਾਉਂਦੀ ਰਹੀ:

ਵਿਛੜੇ ਅਭੀ ਤੋ ਹਮ ਕਲ ਪਰਸੋਂ, ਜੀਊਂਗੀ ਮੈਂ ਕੈਸੇ ਇਸ ਹਾਲ ਮੇਂ ਬਰਸੋਂ
ਮੌਤ ਨਾ ਆਈ ਤੇਰੀ ਯਾਦ ਕਿਉਂ ਆਈ? ਹਾਏ ਲੰਬੀ ਜੁਦਾਈ ...

ਅਜਿਹੇ ਹੀ ਕੁਝ ਹੋਰ ਗੀਤਾਂ ਰਾਹੀਂ ਜਦੋਂ ਵਿਛੋੜੇ ਦੀ ਕਸਕ ਇਕ ਬਿਰਹਣ ਦੀ ਸੋਜ਼ਭਰੀ ਆਵਾਜ਼ ਬਣਕੇ ਰੇਸ਼ਮਾ ਦੇ ਮੂੰਹੋਂ ਨਿਕਲਦੇ ਤਾਂ ਸਰੋਤੇ ਵੀ ਉਸਦੇ ਨਾਲ ਇਕਸੁਰ ਹੋ ਜਾਂਦੇ:

ਆ ਸੱਜਣਾ ਰਲ ਕੱਠਿਆਂ ਬਹੀਏ ਤੇ ਵਿਛੋੜਿਆਂ ਨੂੰ ਅੱਗ ਲਾਈਏ
ਮਨਜ਼ੂਰ ਮੀਆਂ ਗਮ ਦਿਲਾਂ ਵਿਚ ਵਸਦੇ ਕਿਤੇ ਵਿਛੜਿਆਂ ਨਾ ਮਰ ਜਾਈਏ।

ਕਿਤੇ ਨੈਣ ਨਾ ਜੋੜੀਂ ਮੇਰੇ ਜੀਂਦਿਆਂ ਤੋੜੀ
ਤੈਨੂੰ ਵਾਸਤਾ ਖ਼ੁਦਾ ਦਾ ਵਾਗਾਂ ਵਤਨਾਂ ਨੂੰ ਮੋੜੀਂ

ਬਿਨ ਤੇਰੇ ਪ੍ਰਦੇਸੀ ਢੋਲਾ, ਮੇਰਾ ਦਰਦ ਰਿਹਾ ਨਾ ਕੋਈ
ਤਾਅਨੇ ਮਾਰੇ ਰੱਜ ਸ਼ਰੀਕਾਂ ਤੇ ਮੈਂ ਕੰਧਾਂ ਲੱਗ ਲੱਗ ਰੋਈ।
ਸੁਣ ਚਰਖੇ ਦੀ ਮਿੱਠੀ ਮਿੱਠੀ ਘੂਕ ਮਾਹੀਆ ਮੈਨੂੰ ਯਾਦ ਆਂਵਦਾ

ਤੱਕ ਪੱਤਰੀ ਵਾਲਿਆ ਲੇਖ ਮੇਰੇ, ਮੇਰੇ ਹੱਥ ਵਿਚ ਡਿੰਗੀਆਂ ਲੀਕਾਂ ਨੇ
ਮੇਰੇ ਦਿਲ ਦਾ ਮਹਿਰਮ ਆਵੇਗਾ ਯਾ ਹਾਲੇ ਹੋਰ ਉਡੀਕਾਂ ਨੇ।

ਹਾਏ ਓ ਰੱਬਾ ਨਹੀਓਂ ਲਗਦਾ ਦਿਲ ਮੇਰਾ,
ਸੱਜਣਾ ਬਾਝ ਹੋਇਆ ਹਨ੍ਹੇਰਾ

ਸਾਡੇ ਵਲ ਮੁੱਖੜਾ ਮੋੜ ਵੇ ਪਿਆਰਿਆ
ਸਾਡੇ ਵਲ ਮੁੱਖੜਾ ਮੋੜ

ਇਕ ਤੈਨੂੰ ਮੰਗਿਆ ਈ ਰੱਬ ਕੋਲੋਂ
ਕੋਈ ਹੋਰ ਦੁਆਵਾਂ ਮੰਗੀਆਂ ਨਈਂ

ਰੱਬਾ ਵੇ ਵਿਛੋੜਿਆਂ ਦੇ ਗ਼ਮ ਨਹੀਉਂ ਮੁੱਕਦੇ
ਲੇਖਾਂ ਦਿਆਂ ਹਾਰਿਆਂ ਦੇ ਅੱਥਰੂ ਨਹੀਂਉਂ ਸੁਕਦੇ

ਰੱਬਾ ਤੇਰਾ ਕੀ ਨਿਆਂ
ਮੈਂ ਤੇਰੇ ਜੱਗ ਵਿਚ ਰੁਲ ਗਈ ਆਂ ...

ਸਾਨੂੰ ਤੂੰ ਭੁਲਾ ਕੇ ਮਾਹੀ
ਕਿੱਥੇ ਦਿਲ ਲਾ ਲਿਆ

ਰੇਸ਼ਮਾ ਰਿਆਜ਼ ਨਾਲੋਂ ਵਧੇਰੇ ਅੰਦਰ ਦੇ ਸੁਰ ਨੂੰ ਮਹੱਤਵ ਦਿੰਦੀ ਸੀ। ਉਸ ਵਲੋਂ ਪ੍ਰਵੇਜ਼ ਮਹਿਦੀ ਨਾਲ ਰੇਡੀਓ ਲਈ ਗਾਏ ਯਾਦਗਾਰੀ ਦੋਗਾਣੇ ਅਜਿਹੀ ਵੰਨਗੀ ਦੇ ਹੀ ਸਨ:

ਗੋਰੀਏ ਮੈਂ ਜਾਣਾ ਪ੍ਰਦੇਸ।

ਮੈਂ ਜਾਣਾ ਤੇਰੇ ਨਾਲ,

ਮਾਹੀ ਵੇ ਨਾ ਜਾਵੀਂ ਪ੍ਰਦੇਸ। (ਰਾਗ ਮਾਲਤੀ)

ਜਾ ਵੇ ਪ੍ਰਦੇਸੀਆ, ਵੇ ਦੇਰਾਂ ਕਾਹਨੂੰ ਲਾਈਆਂ
ਮੈਂ ਭੁੱਲ ਗਈ ਆਂ, ਮੈਂ ਰੁਲ ਗਈ ਆਂ।

ਮੈਂ ਹੋਇਆਂ ਮਜਬੂਰ ਨੀ, ਜਦੋਂ ਦਾ ਤੈਥੋਂ ਦੂਰ ਨੀ
ਵੱਸ ਨਾ ਚਲੇ, ਯਾਦਾਂ ਆਉਣ ਤੇਰੀਆਂ।

ਰੇਸ਼ਮਾ ਨੇ ਆਪਣੇ ਦਿਲ ਦੀ ਆਵਾਜ਼ ਪੰਜਾਬੀ, ਉਰਦੂ, ਹਿੰਦੀ, ਸਿੰਧੀ, ਡੋਗਰੀ, ਪਹਾੜੀ, ਰਾਜਸਥਾਨੀ ਅਤੇ ਪਸ਼ਤੋ ਗੀਤਾਂ ਰਾਹੀਂ ਉਨ੍ਹਾਂ ਤਕ ਪੁਚਾਈ। ਮਿੱਟੀ ਨਾਲ ਜੁੜੀ ਉਸਦੀ ਆਵਾਜ਼ ਵਿੱਚੋਂ ਮਿੱਟੀ ਦੀ ਖ਼ੁਸ਼ਬੂ ਆਉਂਦੀ। ਉਹ ਉਰਦੂ ਗੀਤ/ਗ਼ਜ਼ਲਾਂ ਦਾ ਗਾਇਨ ਕਰਦੀ ਤਾਂ ਅਹਿਸਾਸ ਦੀ ਗਰਮੀ ਨਾਲ ਭਰਪੂਰ ਉਸਦੀ ਬੁਲੰਦ ਆਵਾਜ਼ ਕੰਨਾਂ ਵਿਚ ਮਿਸ਼ਰੀ ਘੋਲਦੀ:

ਦਰਦ ਕਾਫ਼ੀ ਹੈ ਬੇਖ਼ੁਦੀ ਕੇ ਲੀਏ,
ਮੌਤ ਲਾਜ਼ਿਮ ਹੈ ਜ਼ਿੰਦਗੀ ਕੇ ਲੀਏ।

ਆਸ਼ਿਆਨੇ ਕੀ ਬਾਤ ਕਰਤੇ ਹੋ,
ਦਿਲ ਜਲਾਨੇ ਕੀ ਬਾਤ ਕਰਤੇ ਹੋ

ਰੇਸ਼ਮਾ, ਬਲਵੰਤ ਗਾਰਗੀ ਨੂੰ ਦਿੱਲੀ ਵਿਖੇ ਮਿਲੀ ਸੀ। ਉਸਦੇ ਲਿਖੇ ਤੇ ਦੇਸ਼ ਭਰ ਵਿਚ ਸਲਾਹੇ ਗਏ ਦੂਰਦਰਸ਼ਨ ਦੇ ਚਰਚਿਤ ਨਾਟਕ ਸਾਂਝਾ ਚੁੱਲ੍ਹਾ’ਦਾ ਟਾਈਟਲ ਗੀਤ ‘ਸ਼ੁਕਰ ਰੱਬਾ ਸਾਂਝਾ ਚੁੱਲ੍ਹਾ ਬਲਿਆ’ ਰੇਸ਼ਮਾ ਨੇ ਹੀ ਗਾਇਆ ਸੀ। ‘ਵੇ ਮੈਂ ਚੋਰੀ ਚੋਰੀ ਤੇਰੇ ਨਾਲ ਲਾ ਲਈਆਂ ਅੱਖਾਂ ਵੇ’ ਨਜ਼ੀਰ ਅਲੀ ਵਲੋਂ ਕੰਪੋਜ਼ ਕੀਤਾ ਰੇਸ਼ਮਾ ਦਾ ਰੇਡੀਓ ਗੀਤ ਸੀ। 1990 ਵਿਚ ਬਣੀ ਭਾਰਤੀ ਹਿੰਦੀ ਫ਼ਿਲਮ ਲੇਕਿਨ’ ਲਈ ਲਤਾ ਮੰਗੇਸ਼ਕਰ ਨੇ ਗੁਲਜ਼ਾਰ ਦਾ ਲਿਖਿਆ ਗੀਤ ਯਾਰਾ ਸਿੱਲੀ ਸਿੱਲੀ ਬਿਰਹਾ ਕੀ ਰਾਤ ਕਾ ਜਲਨਾ’ ਗਾਇਆ, ਜੋ ਰੇਸ਼ਮਾ ਵਲੋਂ ਗਾਏ ਇਸ ਗੀਤ ਦੀ ਧੁਨ ਤੋਂ ਪ੍ਰਭਾਵਿਤ ਸੀ। ਇਸੇ ਪ੍ਰਕਾਰ ਰੇਸ਼ਮਾ ਦੇ ਗਾਏ ਅੱਖੀਆਂ ਨੂੰ ਰਹਿਣ ਦੇ ...’ ਗੀਤ ਤੋਂ ਪ੍ਰਭਾਵਿਤ ਹੋ ਕੇ ਰਾਜ ਕਪੂਰ ਨੇ ਹਿੰਦੀ ਫ਼ਿਲਮ ਬੌਬੀ ਲਈ ਲਤਾ ਮੰਗੇਸ਼ਕਰ ਦੀ ਆਵਾਜ਼ ਵਿਚ ਗੀਤ ਗਵਾਇਆ ਸੀ ਅੱਖੀਓਂ ਕੋ ਰਹਿਨੇ ਦੇ ਅੱਖੀਓਂ ਕੇ ਆਸ ਪਾਸ’ ਜੋ ਬਹੁਤ ਹੀ ਮਕਬੂਲ ਹੋਇਆ ਸੀ। 2004 ਵਿਚ ਕੁੱਕੂ ਕੋਹਲੀ ਵਲੋਂ ਡਾਇਰੈਕਟ ਕੀਤੀ ਬਾਲੀਵੁੱਡ ਫ਼ਿਲਮ ਵੋ ਤੇਰਾ ਨਾਮ ਥਾਲਈ ਰੇਸ਼ਮਾ ਨੇ ‘ਆਸ਼ਕਾਂ ਦੀ ਗਲੀ ਵਿੱਚ ਮੁਕਾਮ ਦੇ ਗਿਆ, ਜਾਨ ਜਾਨ ਕਹਿਕੇ ਮੇਰੀ ਜਾਨ ਲੈ ਗਿਆ’ ਗੀਤ ਗਾਇਆ।

ਇਕ ਲਾਈਵ ਪ੍ਰੋਗਰਾਮ ਵਿਚ ਉਸਤਾਦ ਗੁਲਾਮ ਹੈਦਰ ਨੇ ਪੰਜ-ਸੱਤ ਹਜ਼ਾਰ ਲੋਕਾਂ ਦੇ ਇਕੱਠ ਵਾਲੇ ਇਕ ਪ੍ਰੋਗਰਾਮ ਦਾ ਵਾਕਿਆ ਸੁਣਾਉਂਦਿਆਂ ਦੱਸਿਆ ਸੀ ਕਿ ਓਪਨ ਏਅਰ ਥੀਏਟਰ ਵਿਚਲੀ ਸਟੇਜ ’ਤੇ ਰੇਸ਼ਮਾ ਨੇ ਇਕ ਵਾਰ ਗਾਣਾ ਗਾਇਆ ਸੀ, ‘ਕਾਹਨੂੰ ਕੀਤਾ ਪਿਆਰ ਕਾਹਨੂੰ ਦਿਲ ਹਾਰਿਆ’ਉਸ ਇਹ ਗੀਤ ਏਦਾਂ ਗਾਇਆ ਸੀ ਜਿਵੇਂ ਲੋਕ ਨੀਂਦ ਤੋਂ ਬੇਜ਼ਾਰ ਹੁੰਦੇ ਹਨ। ਉਸਦੇ ਗੀਤ ਖਤਮ ਕਰਨ ’ਤੇ ਲੋਕਾਂ ਉਸਨੂੰ ਇਸ ਕਦਰ ਪਿਆਰ ਦਿੱਤਾ ਕਿ ਤਾੜੀਆਂ ਨਾਲ ਪੰਡਾਲ ਗੂੰਜ ਉੱਠਿਆ ਸੀ। ਇਕ ਵਾਰ ਰੇਸ਼ਮਾ ਟੀ.ਵੀ. ਦੇ ਲਾਈਵ ਪ੍ਰੋਗਰਾਮ ਮੇਰੀ ਪਸੰਦ’ ਲਈ ਰੀਕਾਰਡਿੰਗ ਕਰਾਉਣ ਗਈ ਤਾਂ ਸੰਚਾਲਕ ਮਕਸੂਦ ਤੌਸੀਫ਼ ਨੇ ਰੇਸ਼ਮਾ ਨੂੰ ਆਪਣੀ ਪਸੰਦੀਦਾ ਗੁਲੂਕਾਰਾ ਦੱਸਦਿਆਂ ਕਿਹਾ ਕਿ ਉਸ ਦੀ ਆਵਾਜ਼ ਲਈ ਜਿਨ੍ਹਾਂ ਜੰਗਲਾਂ, ਵੀਰਾਨਿਆਂ, ਚੱਟਾਨਾਂ, ਦਰਿਆਵਾਂ ਅਤੇ ਪਹਾੜਾਂ ਦੀ ਜ਼ਰੂਰਤ ਹੈ, ਉਹ ਤਮਾਮ ਚੀਜ਼ਾਂ ਉਸਦੇ ਵਤਨ ਵਿਚ ਮੌਜੂਦ ਹਨ। ਰਾਜਸਥਾਨ ਦੇ ਰੂਪ ਵਿਚ ਭਾਰਤ ਹਮੇਸ਼ਾ ਰੇਸ਼ਮਾ ਦੇ ਅੰਦਰ ਰਿਹਾ। ਉਸ ਦੀ ਹਮੇਸ਼ਾ ਇਹ ਪ੍ਰਬਲ ਇੱਛਾ ਰਹੀ ਕਿ ਦੋਵਾਂ ਦੇਸ਼ਾਂ ਵਿਚ ਰਾਬਤਾ ਬਣਿਆ ਰਹਿਣਾ ਚਾਹੀਦਾ ਹੈ, ਮੁਹੱਬਤ ਪਲਦੀ ਰਹਿਣੀ ਚਾਹੀਦੀ ਹੈ ਕਿਉਂਕਿ ਜਿਹੜੀ ਘੜੀ ਪਿਆਰ ਨਾਲ ਲੰਘਦੀ ਹੈ, ਉਹੋ ਚੰਗੀ ਹੁੰਦੀ ਹੈ:

ਉਹ ਘੜੀ ਚੰਗੀ ਜਿਹੜੀ ਲੰਘ ਜਾਵੇ ਪਿਆਰ ਦੀ
ਪਿਆਰ ਬਾਝੋਂ ਸੁੰਞੀ ਲੱਗੇ ਰੁੱਤ ਬਹਾਰ ਦੀ

ਬਕੌਲਏਸ਼ਾਇਰ ਮੁਖ਼ਤਸਰ ਸੀ ਜ਼ਿੰਦਗੀ ਪਿਆਰ ਕਰਨੇ ਕੇ ਲੀਏ। ਵਕਤ ਲਾਤੇ ਹੈਂ ਕਹਾਂ ਸੇ ਲੋਗ ਨਫ਼ਰਤ ਕੇ ਲੀਏ।’ ਭਾਰਤੀਆਂ ਉਸ ਨੂੰ ਖੂਬ ਪਿਆਰ ਦਿੱਤਾ ਤੇ ਕਦੇ ਇਹ ਨਾ ਸਮਝਿਆ ਕਿ ਉਹ ਪਾਕਿਸਤਾਨੀ ਹੈ। ਇਕ ਵਾਰ ਉਹ ਬੰਬਈ ਆਈ ਤਾਂ ਦਲੀਪ ਕੁਮਾਰ ਜੀ ਦੇ ਘਰ ਵੀ ਗਈ। ਉਨ੍ਹਾਂ ਉਸ ਨੂੰ ਸੁਭਾਸ਼ ਘਈ ਜੀ ਨਾਲ ਮਿਲਾਇਆ। ਉਸ ਫੇਰੀ ਦੌਰਾਨ ਉਸ ਦੀ ਆਵਾਜ਼ ਵਿਚ ਸੁਭਾਸ਼ ਘਈ ਦੀ ਫ਼ਿਲਮ ਹੀਰੋ' (1983) ਲਈ ਮਹਿਬੂਬ ਸਟੂਡੀਓ ਵਿਚ ਗੀਤ ਰਿਕਾਰਡ ਕੀਤਾ ਗਿਆ ਲੰਬੀ ਜੁਦਾਈ’, ਜੋ ਉਸਦਾ ਯਾਦਗਾਰੀ ਗੀਤ ਬਣਿਆ। ਪਹਿਲਾਂ ਉਸਨੇ ਸਟੂਡੀਓ ਜਾਣ ਤੋਂ ਅਸਮਰੱਥਾ ਪ੍ਰਗਟਾਉਂਦਿਆਂ ਦਲੀਪ ਸਾਹਿਬ ਦੇ ਘਰ ਰਿਕਾਰਡਿੰਗ ਕਰਨ ਦਾ ਇੰਤਜ਼ਾਮ ਕਰਨ ਲਈ ਬੇਨਤੀ ਕੀਤੀ ਸੀ ਪਰੰਤੂ ਫਿਰ ਬੜੇ ਗੁਪਤ ਤਰੀਕੇ ਨਾਲ ਇਹ ਕਾਰਜ ਸੰਪੰਨ ਹੋਇਆ ਸੀ।

ਇਕ ਵਾਰ ਉਹ ਆਪਣਾ ਪ੍ਰੋਗਰਾਮ ਦੇਣ ਪਾਕਿਸਤਾਨ ਤੋਂ ਰੂਸ ਗਈ ਸੀ। ਇਕ ਦਿਨ ਸਵੇਰੇ ਉੱਠ ਕੇ ਰੂਸ ਦੇ ਗਲੀਆਂ-ਬਾਜ਼ਾਰ ਵੇਖਣ ਤੁਰ ਪਈ ਤੇ ਉਹ ਰਾਹ ਭੁੱਲ ਗਈ। ਉਸ ਨੂੰ ਸਮਝ ਨਾ ਆਵੇ, ਕੀ ਕਰੇ। ਅੰਗਰੇਜ਼ੀ ਵੀ ਨਹੀਂ ਸੀ ਆਉਂਦੀ। ਸਾਰੇ ਪਾਸੇ ਗੋਰੇ ਹੀ ਗੋਰੇ ਲੋਕ ਦਿਸ ਰਹੇ ਸਨ। ਅਚਾਨਕ ਸਾਹਮਣੇ ਘੜੀਆਂ ਦੀ ਦੁਕਾਨ ਵਿਚ ਬੈਠੇ ਇਕ ਸਰਦਾਰ ਜੀ ਦਿਸ ਗਏ। ਉਹ ਉਨ੍ਹਾਂ ਨੂੰ ਏਦਾਂ ਮਿਲੀ ਜਿਵੇਂ ਆਪਣੇ ਪਿਤਾ ਮਿਲ ਗਏ ਹੋਣ ਕਿਉਂਕਿ ਉਸਦੇ ਪਿਤਾ ਜੀ ਵੀ ਪੱਗ ਬੰਨ੍ਹਦੇ ਸਨ। ਉਹ ਭੱਜੀ ਭੱਜੀ ਉਨ੍ਹਾਂ ਕੋਲ ਗਈ। ਸਰਦਾਰ ਜੀ ਨੇ ਪੁੱਛਿਆ, “ਪੁੱਤਰ ਕੀ ਗੱਲ ਐ?” ਉਸ ਦੱਸਿਆ ਕਿ ਉਹ ਸੜਕਾਂ ਵੇਖਦੀ ਵੇਖਦੀ ਆਪਣਾ ਰਸਤਾ ਭੁੱਲ ਗਈ ਹੈ। ਉਸ ਕੋਲ ਬਸ ਆਪਣੇ ਕਮਰੇ ਦੀ ਚਾਬੀ ਹੈ। ਸਰਦਾਰ ਜੀ ਨੇ ਆਪੇ ਸਭ ਕੁਝ ਪਤਾ ਕੀਤਾ ਤੇ ਉਸ ਨੂੰ ਉਸਦੇ ਟਿਕਾਣੇ ’ਤੇ ਛੱਡ ਕੇ ਆਏ। ਰਾਹ ਜਾਂਦਿਆਂ ਗੱਲਾਂ ਗੱਲਾਂ ਵਿਚ ਜਦੋਂ ਉਸ ਨੇ ਸਰਦਾਰ ਜੀ ਨੂੰ ਆਪਣਾ ਨਾਂ ਦੱਸਿਆ ਤਾਂ ਉਨ੍ਹਾਂ ਕਿਹਾ ਉਹੋ ਜਿਹੜੀ ਪੰਜਾਬੀ ਗੀਤ ਗਾਉਂਦੀ ਹੈ ਲੰਬੀ ਜੁਦਾਈ’।ਸਰਦਾਰ ਜੀ ਦੇ ਬਚਨ ਸੁਣ ਕੇ ਰੇਸ਼ਮਾ ਨੇ ਕਿਹਾ, “ਮੈਥੋਂ ਤੁਹਾਡੀ ਜੁਦਾਈ ਝੱਲੀ ਨਹੀਂ ਗਈ ਤੇ ਮੈਂ ਤੁਹਾਨੂੰ ਮਿਲਣ ਰੂਸ ਆ ਗਈ।”

ਆਪਣੇ ਪ੍ਰੋਗਰਾਮਾਂ ਵਿਚ ਉਹ ਅਕਸਰ ਕਹਿੰਦੀ ਕਿ ਜਿੱਥੇ ਸਰਦਾਰ ਜੀ ਨਾ ਹੋਣ ਉਸਨੂੰ ਉਹ ਮਹਿਫ਼ਿਲ ਅਧੂਰੀ ਲਗਦੀ ਹੈ। ਉਸ ਨੂੰ ਸਾਰੇ ਸਰਦਾਰ ਆਪਣੇ ਭਰਾ ਜਾਪਦੇ ਕਿਉਂਕਿ ਦੇਸ਼-ਵਿਦੇਸ਼ ਘੁੰਮਦਿਆਂ ਨਾ ਉਸਦਾ ਆਪਣਾ ਲਿਬਾਸ ਬਦਲਿਆ ਤੇ ਨਾ ਸਰਦਾਰਾਂ ਦਾ। ਉਹ ਸਭ ਵਲੀਆਂ ਦੇ ਦਰਬਾਰਾਂ ਵਿਚ ਜਾਂਦੀ ਰਹੀ। ਗੁਰੂ ਘਰਾਂ ਵਿਚ ਜਾਂਦੀ ਰਹੀ। ਅੰਮ੍ਰਿਤਸਰ ਫੇਰੀ ਦੌਰਾਨ ਉਸਨੇ ਸ਼ਬਦ ਗਾਇਆ, ‘ਮਿੱਤਰ ਪਿਆਰੇ ਨੂੰ ਹਾਲ ਮੁਰੀਦਾ ਦਾ ਕਹਿਣਾ..।ਈ.ਟੀ.ਸੀ. ਪੰਜਾਬੀ ਚੈਨਲ ਵਾਲਿਆਂ ਉਸਦੀ ਆਵਾਜ਼ ਵਿਚ ਇਹ ਸ਼ਬਦ ਰਿਕਾਰਡ ਕੀਤਾ।

27 ਨਵੰਬਰ 1996 ਨੂੰ ਤਤਕਾਲੀਨ ਮੰਤਰੀ ਪੰਜਾਬ ਹਰਨੇਕ ਸਿੰਘ ਘੜੂੰਆਂ ਵਲੋਂ ਇੰਡੋ-ਪਾਕਿ ਸੰਗੀਤ ਸੰਮੇਲਨ ਕਰਵਾਇਆ ਗਿਆ ਸੀ ਜਿਸ ਵਿਚ ਰੇਸ਼ਮਾ ਸਮੇਤ ਚੜ੍ਹਦੇ ਅਤੇ ਲਹਿੰਦੇ ਪੰਜਾਬ ਦੇ ਅਨੇਕ ਗਾਇਕ-ਗਾਇਕਾਵਾਂ ਨੇ ਭਾਗ ਲਿਆ ਸੀ। ਉਹ ਸੁਰਿੰਦਰ ਕੌਰ ਅਤੇ ਹੋਰ ਮਕਬੂਲ ਗਾਇਕਾਂ ਨੂੰ ਮਿਲ ਕੇ ਬੜੀ ਖੁਸ਼ ਹੋਈ ਸੀ।

ਰਾਜਸਥਾਨ ਸਰਕਾਰ ਦੇ ਸੱਦੇ ’ਤੇ 2003 ਵਿਚ ਜਦੋਂ ਰੇਸ਼ਮਾ ਪਹਿਲੀ ਵਾਰੀ ਜੈਪੁਰ ਮੇਲੇ ਵਿਚ ਆਈ ਸੀ ਤਾਂ ਵਣਜਾਰਿਆਂ ਦੀ ਯਾਤਰਾ ਦੀ ਪੀੜ ਨੂੰ ਪ੍ਰਗਟਾਉਂਦਾ ਇਕ ਰਾਜਸਥਾਨੀ ਲੋਕ-ਗੀਤ ਕੇਸਰੀਆ ਬਾਲਮ ਪਧਾਰੋ ਮਹਾਰੇ ਦੇਸਗਾ ਕੇ ਆਪਣੀ ਜਨਮ ਭੂਮੀ ਦੇ ਵਾਸੀਆਂ ਦੇ ਦਿਲਾਂ ਵਿਚ ਉੱਤਰ ਗਈ ਸੀ। ਭਾਰਤ ਦੇ ਸਾਬਕਾ ਮੈਂਬਰ ਪਾਰਲੀਮੈਂਟ, ਹਾਈ ਕਮਿਸ਼ਨਰ ਅਤੇ ਜੋਧਪੁਰ ਦੇ ਮਹਾਰਾਜਾ ਗਜ ਸਿੰਘ ਉਮੇਦ ਸਿੰਘ ਮਹਿਲ ਵਿਚਲੀ ਆਪਣੀ ਰਿਹਾਇਸ਼ ਵਿਖੇ ਰੇਸ਼ਮਾ ਨੂੰ ਆਪਣੇ ਜਨਮ ਦਿਨ ’ਤੇ 13 ਜਨਵਰੀ ਨੂੰ ਬੁਲਾਉਂਦੇ ਸਨ। 1947 ਤੋਂ ਬਾਅਦ ਜਨਵਰੀ 2006 ਵਿਚ ਸਦਾ-ਏ-ਸਰਹੱਦ ਨਾਂ ਵਾਲੀ ਲਾਹੌਰ-ਅੰਮ੍ਰਿਤਸਰ ਬੱਸ ਜਦੋਂ ਪਹਿਲੀ ਵਾਰ ਭਾਰਤ ਆਈ ਸੀ ਤਾਂ ਪਾਕਿਸਤਾਨੀ ਨਾਗਰਿਕ ਵਜੋਂ ਰੇਸ਼ਮਾ ਆਪਣੇ ਪਰਿਵਾਰ ਦੇ ਛੇ ਮੈਂਬਰਾਂ ਸਮੇਤ ਉਸ ਬੱਸ ਦੀ ਮੁਸਾਫ਼ਰ ਸੀ।

ਰੇਸ਼ਮਾ ਨੇ ਭਾਰਤ ਸਮੇਤ ਆਪਣੇ ਫ਼ਨ ਦਾ ਮੁਜ਼ਾਹਰਾ ਅਮਰੀਕਾ, ਕਨੇਡਾ, ਇੰਗਲੈਂਡ, ਰੂਸ, ਤੁਰਕੀ, ਨਾਰਵੇ, ਡੈਨਮਾਰਕ, ਰੁਮਾਨੀਆ ਅਤੇ ਉਜ਼ਬੇਕਿਸਤਾਨ ਅਤੇ ਕਈ ਹੋਰ ਦੇਸ਼ਾਂ ਵਿਚ ਵੀ ਕੀਤਾ। ਅਕਤੂਬਰ 2002 ਵਿਚ ਲੰਡਨ ਵਿਚ ਹੋਏ ਇਕ ਪ੍ਰੋਗਰਾਮ ਵਿਚ ਉਸਦੀ ਬੇਟੀ ਖਦੀਜਾ ਤੇ ਪੁੱਤਰ ਉਮੇਰ ਨੇ ਵੀ ਆਪਣੀ ਗਾਇਨ ਪ੍ਰਸਤੁਤੀ ਦਿੱਤੀ ਸੀ। ਪੁੱਤਰ ਉਮੇਰ ਤੇ ਬੇਟੀ ਸ਼ਾਜ਼ੀਆ ਨੇ ਤਾਂ ਮਾਂ ਨਾਲ ਰਲ ਕੇ ਵੀ ਕਈ ਪ੍ਰੋਗਰਾਮਾਂ ਵਿਚ ਗਾਇਆ ਸੀ। ਉਸਦੀ ਛੋਟੀ ਭੈਣ ਕਨੀਜ਼ ਰੇਸ਼ਮਾ ਵੀ ਕਿੱਤਈ ਗਾਇਕਾ ਸੀ। ਸ਼ਾਂਤ ਸੁਭਾਅ ਵਾਲੀ ਰੇਸ਼ਮਾ ਖੁੱਲ੍ਹੇ ਪਹੁੰਚਿਆਂ ਵਾਲਾ ਸਲਵਾਰ ਸੂਟ ਪਹਿਨਣ ਦੀ ਆਦੀ ਸੀ। ਉਹ ਜੀਵ ਹੱਤਿਆ ਦੀ ਵਿਰੋਧੀ ਸੀ, ਇਸ ਲਈ ਸਾਰੀ ਉਮਰ ਸ਼ਾਕਾਹਾਰੀ ਰਹੀ। ਪੰਜਾਬੀ, ਸਿੰਧੀ ਅਤੇ ਰਾਜਸਥਾਨੀ ਲੋਕਾਂ ਦਾ ਪਸੰਦੀਦਾ ਭੋਜਨ ਸਾਗ, ਮੱਕੀ ਦੀ ਰੋਟੀ ਤੇ ਮਿੱਸੀ ਰੋਟੀ ਹੀ ਉਸ ਦੀ ਪਸੰਦ ਰਹੇ।

ਭਾਰਤ ਵਿਚ ਸ੍ਰੀਮਤੀ ਇੰਦਰਾ ਗਾਂਧੀ ਅਤੇ ਸ੍ਰੀ ਇੰਦਰ ਕੁਮਾਰ ਗੁਜਰਾਲ ਸਾਹਿਬ ਨੇ ਸੱਦਾ ਦੇ ਕੇ ਉਸ ਨੂੰ ਸਨਮਾਨਿਤ ਕੀਤਾ ਤਾਂ ਉੱਧਰ ਜਨਰਲ ਜ਼ਿਆ ਉਲ ਹੱਕ ਤੋਂ ਲੈ ਕੇ ਪ੍ਰਵੇਜ਼ ਮੁਸ਼ੱਰਫ ਤਕ ਦੀਆਂ ਸਰਕਾਰਾਂ ਵਲੋਂ ਉਸ ਨੂੰ ਮਾਣਸਨਮਾਨ ਅਤੇ ਸਹਾਇਤਾ ਮਿਲਦੀ ਰਹੀ। 2005 ਵਿਚ ਉਸ ਨੂੰ ਪਾਕਿਸਤਾਨ ਦਾ ਤੀਜਾ ਸਰਵਉੱਚ ਨਾਗਰਿਕ ਸਨਮਾਨ ਸਿਤਾਰਾ-ਏ-ਇਮਤਿਆਜ਼’ ਜਿਸ ਵਿਚ ਪੰਜਾਹ ਹਜ਼ਾਰ ਦੀ ਨਕਦ ਰਾਸ਼ੀ ਸੀ, ਪ੍ਰਾਪਤ ਕਰਨ ਦਾ ਮਾਣ ਹਾਸਲ ਹੋਇਆ॥. ਉਸ ਨੂੰ ਰਾਸ਼ਟਰਪਤੀ ਵਲੋਂ ਫ਼ਖ਼ਰ-ਏ-ਪਾਕਿਸਤਾਨ’ ਅਤੇ ‘ਲੈਜੈਂਡ ਆਫ਼ ਪਾਕਿਸਤਾਨਪੁਰਸਕਾਰ ਨਾਲ ਵੀ ਨਿਵਾਜਿਆ ਗਿਆ।

ਕੈਂਸਰ ਦੀ ਬਿਮਾਰੀ ਨੇ ਇਕ ਵਾਰ ਫੇਰ ਸਿਰ ਚੁੱਕਿਆ। ਇਲਾਜ ਦੌਰਾਨ ਉਹ ਬਹੁਤ ਕਮਜ਼ੋਰ ਹੋ ਗਈ। ਲਾਹੌਰ ਦੇ ਇੱਛਰਾਂ ਮੁਹੱਲੇ ਦੀ ਵਸਨੀਕ ਰੇਸ਼ਮਾ ਨੂੰ 6 ਅਪ੍ਰੈਲ, 2013 ਨੂੰ ਡਾਕਟਰ’ਜ਼ ਹਸਪਤਾਲ ਦਾਖ਼ਲ ਕਰਵਾਇਆ ਗਿਆ। ਮੈਂ ਉਹਨੀਂ ਦਿਨੀਂ ਆਪਣੀ ਪਾਕਿਸਤਾਨ ਫੇਰੀ ਦੌਰਾਨ ਉਹਦੇ ਘਰ ਦੇ ਐਨ ਕੋਲੋਂ ਲੰਘੀ ਪਰੰਤੂ ਨਾ ਟਾਲੇ ਜਾ ਸਕਣ ਵਾਲੇ ਰੁਝੇਵੇਂ ਕਾਰਨ ਮੈਂ ਉਸ ਕੋਲ ਨਾ ਜਾ ਸਕੀ। ਇਸ ਗੱਲ ਦਾ ਮੈਨੂੰ ਹਮੇਸ਼ਾ ਮਲਾਲ ਰਹੇਗਾ। 3 ਅਕਤੂਬਰ ਨੂੰ ਉਹ ਅਜਿਹੀ ਬੇਹੋਸ਼ੀ ਦੀ ਅਵਸਥਾ ਵਿਚ ਚਲੀ ਗਈ ਕਿ ਮੁੜ ਹੋਸ਼ ਨਾ ਆਈ। ਪੂਰੇ ਮਹੀਨੇ ਬਾਅਦ ਦੀਵਾਲੀ ਵਾਲੇ ਦਿਨ 3 ਨਵੰਬਰ, 2013 ਦੀ ਸਵੇਰ ਨੂੰ ਲਾਹੌਰ ਦੇ ਇਕ ਹਸਪਤਾਲ ਵਿਚ 67 ਸਾਲਾ ਰੇਸ਼ਮਾ ਫੌਤ ਹੋ ਗਈ।

ਲੋਕ ਧੁਨਾਂ ਰਾਹੀਂ ਜਜ਼ਬਿਆਂ ਦੀ ਤਰਜ਼ਮਾਨੀ ਕਰਕੇ ਰੂਹ ਵਿਚ ਉੱਤਰ ਜਾਣ ਵਾਲੀ ਰੇਗਿਸਤਾਨ ਦੀ ਕੋਇਲ ਰੇਸ਼ਮਾ ਭਾਵੇਂ ਅੱਜ ਸਾਡੇ ਦਰਮਿਆਨ ਨਹੀਂ ਹੈ ਪਰੰਤੂ ਫਿਰ ਵੀ ਲੋਕ ਗਾਇਕੀ ਦੇ ਖੇਤਰ ਵਿਚ ਉਸਦੇ ਆਡੀਓ-ਵੀਡੀਓ ਗੀਤ ਉਸਨੂੰ ਸਦੀਵੀ ਅਮਰਤਾ ਬਖ਼ਸ਼ਦੇ ਰਹਿਣਗੇ।

*****

(361)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਡਾ. ਰਾਜਵੰਤ ਕੌਰ ‘ਪੰਜਾਬੀ’

ਡਾ. ਰਾਜਵੰਤ ਕੌਰ ‘ਪੰਜਾਬੀ’

Assistant Professor, Punjabi dept. Punjabi University, Patiala.
Mobile: 91 - 85678 - 86223
Email: (rajwant68@yahoo.co.in)